ਕੁਰਸੀ ਦੇ ਲਾਲਚ ਦੀ ਥਾਂ ‘ਪੰਜਾਬ ਵਿਜ਼ਨ’ ਨੂੰ ਆਪਣਾ ਏਜੰਡਾ ਬਣਾਈਏ

ਸੁਕੰਨਿਆ ਭਾਰਦਵਾਜ
ਸਿੱਖਿਆ ਢਾਂਚੇ ਦਾ ਖਾਤਮਾ ਹੀ ਕੌਮਾਂ ਦੀ ਬਰਬਾਦੀ ਲਈ ਕਾਫੀ ਹੈ। ਦੱਖਣੀ ਅਫਰੀਕਾ ਦੀ ਇੱਕ ਯੂਨੀਵਰਸਟੀ ਦੇ ਗੇਟ ‘ਤੇ ਕੌਮਾਂ ਨੂੰ ਸੇਧ ਦੇਣ ਵਾਲੀ ਇੱਕ ਇਬਾਰਤ ਲਿਖੀ ਹੈ, “ਕਿਸੇ ਕੌਮ ਨੂੰ ਨੇਸਤੋ-ਨਬੂਦ ਕਰਨ ਲਈ ਬੰਬ ਬਰੂਦ ਜਾਂ ਦੂਰ ਤਕ ਮਾਰ ਕਰਨ ਵਾਲੀਆਂ ਡਰੋਨ, ਮਿਜ਼ਾਇਲਾਂ ਕੁਝ ਨਹੀਂ ਕਰ ਸਕਦੀਆਂ। ਬਸ ਉਨ੍ਹਾਂ ਲਈ ਇੰਨਾ ਹੀ ਕਾਫੀ ਹੈ ਕਿ ਸਿੱਖਿਆ ਨੂੰ ਖਤਮ ਕਰ ਦਿਓ। ਨਕਲਾਂ, ਹੇਰਾਫੇਰੀਆਂ, ਸਿਫਾਰਸ਼ਾਂ ਨਾਲ ਪਾਸ ਕੀਤੀ ਸਿੱਖਿਆ ਨੂੰ ਹੀ ਗਿਆਨ ਦਾ ਮਾਧਿਅਮ ਬਣਾ ਦਿਓ।”

ਫਿਰ ਡਾਕਟਰਾਂ ਹੱਥੋਂ ਮਰੀਜ ਮਰਨਗੇ, ਅਰਥਸ਼ਾਸਤਰੀਆਂ-ਮੁਨੀਮਾਂ ਹੱਥੋਂ ਅਰਥ ਦਾ ਸਤਿਆਨਾਸ, ਧਰਮੀ ਰਹਿਨੁਮਾ ਵਲੋਂ ਮਨੁਖਤਾ ਦਾ ਘਾਣ, ਜੱਜ ਇਨਸਾਫ ਕਰਨ ਤੋਂ ਅਸਮਰਥ ਹੋਣਗੇ। ਸੋ ਸਬੰਧਤ ਕੌਮ ਦਾ ਨਾਸ਼ ਬਸ ਇਸੇ ਇੱਕੋ ਇੱਕ ਚੀਜ ਸਿੱਖਿਆ ਢਾਂਚੇ ਦੀ ਤਬਾਹੀ ਹੋ ਨਿਬੜਦੀ ਹੈ। ਕਿਸੇ ਵੀ ਦੁਸ਼ਮਣ ਦੇਸ਼ ਜਾਂ ਜਮਾਤ ਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ।
ਅੱਜ ਇਹੋ ਤਾਂ ਵਾਪਰ ਰਿਹਾ ਹੈ, ਸਾਡੇ ਦੇਸ਼ ਖਾਸ ਕਰਕੇ ਪੰਜਾਬ ਵਿਚ। ਸਭ ਤੋਂ ਵੱਧ ਨੁਕਸਾਨ ਅੰਗਰੇਜ਼ੀ ਰਾਜ ਦੇ ਲਾਰਡ ਮੈਕਾਲੇ ਵਲੋਂ ਲਾਗੂ ਕੀਤੀ ਮੌਜੂਦਾ ਸਿੱਖਿਆ ਪ੍ਰਣਾਲੀ ਨੇ ਕੀਤਾ ਹੈ, ਜਿਸ ਨੇ ਮੈਕਾਲੇ ਸਿੱਖਿਆ ਸੁਧਾਰਾਂ ਦੇ ਨਾਂ ਹੇਠ ‘ਗੁਰੂਕੁਲ’ ਦੀ ਪ੍ਰਚਲਿਤ ਪ੍ਰਾਚੀਨ ਸਿੱਖਿਆ ਪੱਧਤੀ ਨੂੰ ਖਤਮ ਕਰਕੇ ਸਿੱਖਿਆ ਨੂੰ ਮਹਿੰਗੀ ਸਰਕਾਰੀ ਤੇ ਗੈਰਸਰਕਾਰੀ ਨੀਤੀ ਅਧੀਨ ਲਿਆਂਦਾ। ਇਨ੍ਹਾਂ ਸਿੱਖਿਆ ਸੁਧਾਰਾਂ ਨੂੰ ਅੱਜ ਵੀ ਸਾਡੇ ਵਿਦਿਆਰਥੀਆਂ ਨੂੰ ‘ਮੈਕਾਲੇ ਸਿੱਖਿਆ ਸੁਧਾਰḔ ਦੇ ਨਾਂ ਹੇਠ ਹਿਸਟਰੀ ਦੇ ਸਿਲੇਬਸ ਵਿਚ ਪੜ੍ਹਾਇਆ ਜਾ ਰਿਹਾ ਹੈ। ਜਦੋਂ ਕਿ ਮੈਕਾਲੇ ਦੀ ਇਸ ਅਖੌਤੀ ਆਧੁਨਿਕ ਸਿੱਖਿਆ ਪ੍ਰਣਾਲੀ ਨੇ ਦੇਸ਼ ਵਿਚ ਸਫੈਦਪੋਸ਼ ਤੇ ਵਿਹਲੜਾਂ ਦੀ ਫੌਜ ਨੂੰ ਪੈਦਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਵਿਗਿਆਨ, ਗਣਿਤ, ਇੰਜੀਨੀਅਰਿੰਗ, ਅਰਥਸ਼ਾਸਤਰ, ਭੂਗੋਲ, ਸਮਾਜ ਸ਼ਾਸਤਰ ਜਿਹੇ ਜ਼ਿੰਦਗੀ ਜਿਉਣ ਤੇ ਦੇਸ਼ ਸਮਾਜ ਨੂੰ ਉਨਤੀ ਵੱਲ ਲੈ ਜਾਣ ਵਾਲੇ ਵਿਸ਼ਿਆਂ ਨੂੰ ਖਤਮ ਕਰਕੇ ਆਪਣਾ ਸਿਲੇਬਸ ਇੰਗਲਿਸ਼ ਨੂੰ ਸਿਰਮੌਰ ਰੱਖ ਕੇ ਪੜ੍ਹਾਇਆ ਜਾ ਰਿਹਾ ਹੈ। ਆਜ਼ਾਦੀ ਪਿਛੋਂ ਵੀ ਦੇਸ਼ ਦੇ ਹੁਕਮਰਾਨਾਂ ਨੇ ਇਸ ਸਿੱਖਿਆ ਪ੍ਰਣਾਲੀ ਦੀ ਮੁੜ ਪੜਚੋਲ ਕਰਨ ਦੀ ਖੇਚਲ ਨਹੀਂ ਕੀਤੀ।
ਪਿੰਡਾਂ ਦੇ ਨਿੱਜੀ ਮਹਿੰਗੇ ਸਕੂਲਾਂ ਵਿਚੋਂ ਤਾਂ ਇਹ ਉਕਤ ਵਿਸ਼ੇ ਗਾਇਬ ਹੀ ਹੋ ਚੁੱਕੇ ਹਨ। ਗਣਿਤ ਦਾ ਜਨਮਦਾਤਾ ਭਾਰਤ ਜਿਸ ਦੇ ਇੱਕ ‘ਗੁਰੂਕੁਲ ਪਰੰਪਰਾ’ ਤੋਂ ਪੜ੍ਹੇ ਪਿੰਗਲਾਚਾਰਿਆ, ਪਾਣਨੀ, ਆਰਿਆਭੱਟ, ਬ੍ਰਹਮਗੁਪਤ ਵਲੋਂ 2 ਸੌ ਈਸਾ ਪੂਰਬ ਵਿਚ ਜੀਰੋ ਦਾ ਅਵਿਸ਼ਕਾਰ ਕੀਤਾ ਸੀ। ਜਿਸ ਨੂੰ ਆਕਸਫੋਰਡ ਯੂਨੀਵਰਸਟੀ ਲੰਡਨ ਨੇ ਪਿਛੋਂ ਖੋਜ ਕਰਕੇ ਆਪਣੀ ਮਾਨਤਾ ਦਿੱਤੀ ਹੈ ਕਿ ਇਹ ਭਾਰਤ ਦੀ ਖੋਜ ਹੈ। ਇਥੇ ‘ਬਖਸ਼ਾਲੀ ਪਾਂਡੂੰਲਿਪੀ’ ਵਿਚ 70 ਸਫਿਆਂ ਵਾਲੀ ਭੋਜਪੱਤਰਾਂ ‘ਤੇ ਲਿਖੀ ਗਣਿਤ ਦੀ ਪੁਸਤਕ ਸਾਂਭੀ ਪਈ ਹੈ। ਮਹਾਂਭਾਰਤ, ਰਮਾਇਣ ਵਿਚ ਵਰਤੀ ਗਈ ‘ਯੁੱਧ-ਵਿਗਿਆਨ ਤੇ ਸਮਾਜ-ਕਲਿਆਣḔ ਦੀ ਵਿਧਾ ਨੇ ਸਮਾਜ ਨੂੰ ਚਕ੍ਰਿਤ ਕਰਕੇ ਰੱਖ ਦਿੱਤਾ। ਸਾਇੰਸਦਾਨਾਂ ਮੁਤਾਬਕ ਜੋ ਰਸਾਇਣਕ ਹਥਿਆਰ, ਉਡਣ ਖਟੋਲੇ, 16-16 ਘੋੜਿਆਂ ਦੇ ਹਵਾ ਨਾਲ ਗੱਲਾਂ ਕਰਦੇ ਰੱਥ ਤੇ ਹੋਰ ਬਹੁਤ ਕੁਝ ਜੋ 18 ਦਿਨ ਦੇ ਮਹਾਂਭਾਰਤ ਦੇ ਯੁੱਧ ਵਿਚ ਵਰਤੇ ਗਏ, ਉਹ ਵਿਗਿਆਨ-ਇੰਜੀਨੀਅਰਿੰਗ ਤੇ ਗਣਿਤ ਦਾ ਸਿਖਰ ਸੀ। ਅਸੀਂ ਤਾਂ ਇਹ ਕੀਮਤੀ ਪ੍ਰਾਚੀਨ ਸਰਮਾਇਆ ਸੰਭਾਲ ਨਹੀਂ ਸਕੇ, ਇਹ ਪੱਛਮ ਦੀਆਂ ਯੂਨੀਵਰਸਟੀਆਂ ਵਿਚ ਪਏ ਨੇ ਤੇ ਉਥੋਂ ਦੇ ਖੋਜ-ਕਰਤਾ ਇਨ੍ਹਾਂ ਵੇਦਾਂ ਗ੍ਰੰਥਾਂ ਤੋਂ ਲੋੜੀਂਦੀ ਸੇਧ ਲੈ ਰਹੇ ਹਨ। ਸੋ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਸਾਡੀ ਅਮੀਰ ‘ਗੁਰੂਕੁਲ ਸਿੱਖਿਆ ਪ੍ਰਣਾਲੀ’ ਨੂੰ ਖਤਮ ਕਰਕੇ ਇਹ ਬੋਗਸ ਸਿੱਖਿਆ ਸਾਡੇ ਉਤੇ ਥੋਪ ਦਿੱਤੀ ਗਈ ਜਿਸ ਦੇ ਨਤੀਜੇ ਸਾਡੇ ਸਾਹਮਣੇ ਹਨ। ਯੂਨੀਵਰਸਿਟੀ ਦੇ ਗੇਟ ‘ਤੇ ਲਿਖੀ ਉਕਤ ਇਬਾਰਤ ਅੱਜ ਸਾਡੇ ਦੇਸ਼, ਸੂਬੇ ਦੇ ਨਿਜ਼ਾਮ ਉਤੇ ਹੂ-ਬ-ਹੂ ਢੁਕਦੀ ਹੈ।
ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਨਾਲ ਲਗਦੇ ਛੋਟੇ ਜਿਹੇ ਦੇਸ਼ ਭੁਟਾਨ ਜੋ ਗਰੀਬ ਤੇ ਅਧਿਆਤਮਵਾਦੀ ਦੇਸ਼ ਹੈ, ਨੇ ਵੀ ਆਪਣੀ ਜਨਤਾ ਨੂੰ ਕਿਵੇਂ ਖੁਸ਼ਹਾਲ ਤੇ ਸੰਤੁਸ਼ਟ ਕੀਤਾ ਹੈ। ਉਸ ਦੀ ਸਿਰਫ ਦੋ ਮਿਲੀਅਨ ਡਾਲਰ ਦੀ ਜੀæ ਡੀæ ਪੀæ ਹੈ। ਉਹ ਆਪਣੀ ਜਨਤਾ ਨੂੰ ਸਿਹਤ ਸਿਖਿਆ ਮੁਫਤ ਦੇ ਰਿਹਾ ਹੈ। ਬਾਦਸ਼ਾਹ ਨੇ ਆਪਣੇ ਆਪ ਗੱਦੀ ਛੱਡ ਕੇ ਦੇਸ਼ ਵਿਚ ਡੈਮੋਕਰੇਸੀ ਬਹਾਲ ਕਰ ਦਿੱਤੀ। ਇਸੇ ਤਰ੍ਹਾਂ ਮੁਸਲਿਮ ਦੇਸ਼ ਡੁਬਈ ਦੀ ਮਿਸਾਲ ਸਾਡੇ ਸਾਹਮਣੇ ਹੈ। ਜੋ ਕਮਰਸ਼ੀਅਲ, ਰਜਵਾੜਾਸ਼ਾਹੀ ਤੇ ਧਾਰਮਕ ਦੇਸ਼ ਹੈ ਪਰ ਇਥੋਂ ਦੀਆਂ ਨੈਤਿਕ ਕਦਰਾਂ ਕੀਮਤਾਂ ਪੱਛਮੀ ਤੇ ਯੂਰਪੀ ਦੇਸ਼ਾਂ ਨੂੰ ਵੀ ਪਿਛੇ ਛੱਡ ਗਈਆਂ ਹਨ। ਦੁਨੀਆਂ ਭਰ ਦੇ ਲੋਕ ਇਥੇ ਆਪਣਾ ਸਰਮਾਇਆ ਲਾਉਣਾ ਸੁਰੱਖਿਅਤ ਸਮਝਦੇ ਹਨ। ਸੋਨੇ, ਹੀਰੇ-ਮੋਤੀਆਂ ਦੀਆਂ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰਹਿੰਦੀਆਂ ਨੇ। ਸੈਲਾਨੀ ਔਰਤਾਂ ਬੱਚੇ ਸਾਰੀ ਸਾਰੀ ਰਾਤ ਸੜਕਾਂ ਤੇ ਬੇਖੌਫ ਘੁੰਮਦੇ ਨੇ। ਕੀ ਸਾਡੇ ਕਾਗਜੀ ਸ਼ੇਰ ਨੇਤਾ ਅਜਿਹੀ ਕੁਰਬਾਨੀ ਕਰ ਸਕਦੇ ਹਨ ਤੇ ਇਨ੍ਹਾਂ ਛੋਟੇ ਜਿਹੇ ਦੇਸ਼ਾਂ ਤੋਂ ਕੋਈ ਸਬਕ ਸਿੱਖ ਸਕਦੇ ਹਨ?
ਹੁਣ ਆਉਂਦੇ ਹਾਂ ਅਤਿ ਵਿਕਸਤ ਦੇਸ਼ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਯੂਰਪੀ ਦੇਸ਼ਾਂ ਵੱਲ। ਕੋਈ ਕਹਿ ਸਕਦਾ ਹੈ, ਅਸੀਂ ਇਨ੍ਹਾਂ ਅਮੀਰ ਦੇਸ਼ਾਂ ਦੀ ਕਿਥੇ ਰੀਸ ਕਰ ਸਕਦੇ ਹਾਂ? ਪਰ ਜਿਹੜਾ ਨੁਕਤਾ ਵਿਚਾਰਨਯੋਗ ਹੈ, ਉਸ ਨਾਲ ਅਮੀਰੀ ਦਾ ਕੋਈ ਸਬੰਧ ਨਹੀਂ। ਉਹ ਮਰਿਆਦਾ, ਉਹ ਨੈਤਿਕ ਕਦਰਾਂ ਕੀਮਤਾਂ ਜਿਨ੍ਹਾਂ ‘ਤੇ ਕਦੇ ਹਿੰਦੁਸਤਾਨ ਦਾ ਏਕਾ-ਅਧਿਕਾਰ ਹੋਇਆ ਕਰਦਾ ਸੀ, ਇਨ੍ਹਾਂ ਦੇਸ਼ਾਂ ਨੇ ਅਪਨਾਈਆਂ ਨੇ। ਜਿਨ੍ਹਾਂ ਨੂੰ ਸਹੀ ਸ਼ਬਦਾਂ ਵਿਚ ਲੋਕਤੰਤਰ ਆਖ ਸਕਦੇ ਹਾਂ।
ਦੋ ਘਟਨਾਵਾਂ ਦਾ ਜ਼ਿਕਰ ਕਰਨ ਲੱਗੀ ਹਾਂ, ਇਸ ਦੇਸ਼ ਦੇ ਜਮਹੂਰੀ ਢਾਂਚੇ ਦੀ। ਮਿਸ਼ੀਗਨ ਸਟੇਟ ਦੇ ਕਿਸੇ ਪਿੰਡ ਵਿਚ ਪਾਣੀ ਦੀ ਸਮੱਸਿਆ ਆ ਗਈ ਤੇ ਜਿਸ ਦਾ ਰੌਲਾ ਜ਼ਿਲਾ ਸਟੇਟ ਪ੍ਰਸ਼ਾਸਨ ਤੋਂ ਹੁੰਦਾ, ਉਸ ਵੇਲੇ ਦੇ ਰਾਸ਼ਟਰਪਤੀ ਜਨਾਬ ਬਰਾਕ ਓਬਾਮਾ ਤਕ ਪਹੁੰਚ ਗਿਆ। ਓਬਾਮਾ ਪੀਣ ਵਾਲੇ ਪਾਣੀ ਦੇ ਟੈਕਰਾਂ ਸਮੇਤ ਲੋਕਾਂ ਦੀ ਮਦਦ ਲਈ ਆਪ ਪਹੁੰਚਿਆ ਜਦੋਂ ਕਿ ਸਟੇਟ ਤੇ ਜ਼ਿਲਾ ਮਸ਼ੀਨਰੀ ਪਹਿਲਾਂ ਹੀ ਹਰਕਤ ਵਿਚ ਸੀ। ਤੇ ਉਨੀ ਦੇਰ ਉਸ ਪਿੰਡ ਵਿਚ ਰਿਹਾ ਜਦੋਂ ਤਕ ਉਨ੍ਹਾਂ ਨੂੰ ਸਾਫ ਸੁਥਰਾ ਪੀਣ ਯੋਗ ਪਾਣੀ ਨਹੀਂ ਮਿਲ ਗਿਆ।
ਦੂਸਰੀ ਘਟਨਾ ਵਿਚ ਸ਼ਹਿਰ ਦੇ ਪਬਲਿਕ ਪਾਰਕ ਵਿਚੋਂ ਕਿਤੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਿਕਿਉਰਿਟੀ ਕਾਫਲਾ ਲੰਘ ਗਿਆ, ਜਿਸ ਨੂੰ ਇਕ ਸੈਲਾਨੀ ਔਰਤ ਨੇ ਚੈਲੰਜ ਕਰ ਦਿੱਤਾ ਕਿ ਪਬਲਿਕ ਪ੍ਰਾਪਰਟੀ ਵਿਚੋਂ ਰਾਸ਼ਟਰਪਤੀ ਦਾ ਕਾਫਲਾ ਨਹੀ ਲੰਘ ਸਕਦਾ। ਰੌਲਾ ਪੈ ਗਿਆ। ਟਰੰਪ ਪ੍ਰਸ਼ਾਸਨ ਨੇ ਉਸ ਔਰਤ ਦੀ ਅਵਾਜ਼ ਬੰਦ ਕਰਨ ਲਈ ਉਸ ਨੂੰ ਉਸ ਫੈਕਟਰੀ ਵਿਚੋਂ ਕਢਵਾ ਦਿੱਤਾ ਜਿਥੇ ਉਹ ਜੌਬ ਕਰਦੀ ਸੀ। ਉਸ ਬੀਬੀ ਨੇ ਫੈਕਟਰੀ ਮੈਨੇਜਮੈਂਟ ਨੂੰ ਵੀ ਵਿਚੇ ਘੜੀਸ ਲਿਆ ਕਿ ਉਸ ਨੂੰ ਫਾਇਰ ਕਰਨ ਦਾ ਤਰੀਕਾ ਗਲਤ ਹੈ। ਫਿਰ ਕੀ ਸੀ, ਮੈਨੇਜਮੈਂਟ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਨ੍ਹਾਂ ਉਸ ਨੂੰ ਸਾਰੇ ਨੌਕਰੀ-ਲਾਭ ਤੇ ਪੈਨਸ਼ਨ ਸਮੇਤ ਦੇ ਕੇ ਖਹਿੜਾ ਛੁਡਾਇਆ।
ਨੈਤਿਕਤਾ ਦਾ ਪੱਧਰ ਇੰਨਾ ਉਚਾ ਹੈ ਕਿ ਟਰੰਪ ਦੀ ਚੋਣ ਕੰਪੇਨ ਦਾ ਚੇਅਰਮੈਨ ਪੌਲ ਮੈਨਾਫੋਰਟ ਨੂੰ ਵੀ ਨਹੀਂ ਬਖਸ਼ਿਆ ਗਿਆ। ਉਸ ‘ਤੇ ਚੋਣ ਬੇਨਿਯਮੀਆਂ ਦੇ 32 ਦੋਸ਼ ਆਇਦ ਕਰਕੇ ਉਸ ਨੂੰ ਵਰਜੀਨੀਆ ਦੀ ਜੇਲ੍ਹ ਵਿਚ ਇਕੱਲਿਆਂ ਬੰਦ ਕਰ ਦਿੱਤਾ ਹੈ। ਜੇਲ੍ਹ ਮੈਨੂਅਲ ਦੀ ਸਭ ਤੋਂ ਸਖਤ ਸਜ਼ਾ ਤਹਿਤ ਉਸ ਨੂੰ 24 ਘੰਟੇ ਵਿਚੋਂ ਸਿਰਫ 1 ਘੰਟੇ ਲਈ ਹੀ ਬਾਹਰ ਕੱਢਿਆ ਜਾਂਦਾ ਹੈ। ਉਸ ਦਾ ਨਿੱਜੀ ਵਕੀਲ ਮਾਇਕਲ ਕੋਹਨ ਵੀ ਅਜਿਹੀਆਂ ਬੇਨਿਯਮੀਆਂ ਕਰਕੇ ਜੇਲ੍ਹ ਦੀ ਹਵਾ ਖਾ ਰਿਹਾ ਹੈ। ਇੱਕ ਆਜ਼ਾਦ ਜਾਂਚ ਕੰਪਨੀ, ਜਿਸ ਦਾ ਚੇਅਰਮੈਨ ਦੇਸ਼ ਦਾ ਸਭ ਤੋਂ ਤਾਕਤਵਰ ਤੇ ਇਮਾਨਦਾਰ ਸਾਬਕਾ ਡਾਇਰੈਕਟਰ ਆਰæ ਬੀæ ਆਈæ ਰਾਬਰਟ ਮਿਊਲਰ ਦੀ ਅਗਵਾਈ ਵਿਚ ਟਰੰਪ ਪ੍ਰਸ਼ਾਸਨ ਤੇ ਚੋਣ ਦੀਆਂ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ।
ਦੂਜੇ ਪਾਸੇ ਸਾਡੇ ਦੇਸ਼ ਵਿਚੋਂ ਇਹ ਕਦਰਾਂ ਕੀਮਤਾਂ ਖੰਭ ਲਾ ਕੇ ਉਡ ਗਈਆਂ ਹਨ। ਵਿਜੈ ਮਾਲਿਆ, ਚੌਕਸੀ, ਨੀਰਵ ਮੋਦੀ ਜਿਹੇ ਬੈਕਾਂ ਦਾ ਕਰੋੜਾਂ ਰੁਪਏ ਲੁੱਟ ਕੇ ਸਰਕਾਰਾਂ ਨੂੰ ਅੰਗੂਠਾ ਦਿਖਾ ਰਹੇ ਹਨ। ਸਾਰਾ ਪੈਸਾ ਕਾਰਪੋਰੇਟ ਘਰਾਣਿਆਂ ਕੋਲ ਇਕੱਠਾ ਹੋ ਰਿਹਾ ਹੈ। ਦੇਸ਼ ਹਿਤ ਦੀ ਗੱਲ ਕਰਨ ਵਾਲੀਆਂ ਜਮਹੂਰੀ ਸੰਸਥਾਵਾਂ ਦੀ ਸੰਘੀ ਨੱਪੀ ਜਾ ਰਹੀ ਹੈ। ਜਾਤ-ਧਰਮ ਦੇ ਨਾਂ ਉਤੇ ਦੇਸ਼-ਧਰੋਹੀ ਤੇ ਦੇਸ਼-ਪ੍ਰੇਮੀ ਦੇ ਫਤਵੇ ਦਿੱਤੇ ਜਾ ਰਹੇ ਹਨ। ਹੁਕਮਰਾਨ ਪਾਰਟੀਆਂ ਕੋਲ ਦੇਸ਼ ਦੀ ਦਸ਼ਾ ਸੁਧਾਰਨ ਦਾ ਕੋਈ ਏਜੰਡਾ ਹੀ ਹੈ ਨਹੀਂ। ਉਨ੍ਹਾਂ ਦਾ ਮੁਖ ਏਜੰਡਾ ਕੁਰਸੀ ਮੋਹ ਹੀ ਹੈ, ਜਨਤਾ ਜਾਵੇ ਢੱਠੇ ਖੂਹ ਵਿਚ।
ਸਮੇਂ ਸਮੇਂ ਤੀਜੇ ਫਰੰਟ ਦਾ ਰੂਪ ਬਦਲ ਕੇ ਆਈਆਂ ਪਾਰਟੀਆਂ ਨੇ ਪੰਜਾਬ ਦਾ ਤਾਂ ਕੀ ਸੰਵਾਰਨਾ ਸੀ ਸਗੋਂ ਆਪ ਵੀ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਜਾਲ ਵਿਚ ਫਸਦੀਆਂ ਗਈਆਂ। ਹੁਣ ਸੁਖਪਾਲ ਸਿੰਘ ਖਹਿਰਾ ਦੇ ਕੇਸ ਹੀ ਲੈ ਲਓ, ਉਸ ਨੂੰ ਵਿਰੋਧੀ ਧਿਰ ਦੇ ਆਗੂ ਤੋਂ ਲਾਂਭੇ ਕਰਨ ਲਈ ਸਭ ਤੋਂ ਵੱਧ ਜਮਹੂਰੀਅਤ ਦਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਨੇ ਵਿਧਾਇਕਾਂ ਦੀ ਰਾਏ ਤੋਂ ਬਿਨਾ ਬਸ ਇੱਕ ਟਵੀਟ ਕਰ ਦਿੱਤਾ। ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪਾਰਟੀ ਸੰਵਿਧਾਨ ਦੇ ਰੂਪ ਵਿਚ ਛਪਾਈ ‘ਸਵਰਾਜ’ ਨਾਂ ਦੀ ਪੁਸਤਕ ਨੂੰ ਪੜ੍ਹਨ-ਪੜ੍ਹਾਉਣ ਦੀ ਖੇਚਲ ਹੀ ਨਹੀਂ ਕੀਤੀ ਗਈ। ਪੰਜਾਬ ਨੂੰ ਬਿਨਾ ਭਰੋਸੇ ਵਿਚ ਲਿਆਂ ਕੇਂਦਰੀ ਕਮਾਂਡ ਵਲੋਂ ਅਪਨਾਈ ਇਹ ਪਹੁੰਚ ਡਾæ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਘੁੱਗੀ ਤੋਂ ਹੁੰਦੀ ਹੋਈ ਸੁਖਪਾਲ ਖਹਿਰਾ ਤਕ ਪਹੁੰਚ ਗਈ। ਇਸ ਗੈਰ-ਜਮਹੂਰੀਅਤ ਅਮਲ ਨਾਲ ਵਿਧਾਇਕਾਂ ਤੇ ḔਆਪḔ ਸਮਰਥਕਾਂ ਵਿਚ ਲਗਾਤਾਰ ਰੋਸ ਫੈਲਦਾ ਗਿਆ ਜੋ ਖਹਿਰਾ ਦੀ ਮੁਅੱਤਲੀ ‘ਤੇ ਭਾਂਬੜ ਬਣ ਗਿਆ ਅਤੇ ਪੂਰੇ ਪੰਜਾਬ ਵਿਚ ਖਹਿਰਾ-ਖਹਿਰਾ ਹੋ ਗਈ।
ਇਹ ਵੱਡਾ ਸਮਰਥਨ ਖਹਿਰਾ ਵਲੋਂ ਵਿਧਾਨ ਸਭਾ, ਪਾਰਟੀ ਫੋਰਮ ਤੇ ਹੋਰ ਪਲੈਟਫਾਰਮ ‘ਤੇ ਉਠਾਏ ਗਏ ਪੰਜਾਬ ਪੱਖੀ ਮਸਲਿਆਂ ਦੇ ਨਾਲ ਕਥਿਤ ਵੱਡੇ ਵੱਡੇ ਝੂਠੇ ਵਾਅਦਿਆਂ ਨਾਲ ਬਹੁਸੰਮਤੀ ਵਿਚ ਆਈ ਸਰਕਾਰ ਤੋਂ ਜਨਤਾ ਦਾ ਮੋਹ ਭੰਗ ਹੋਣਾ ਵੀ ਹੈ। ਸੁਖਪਾਲ ਖਹਿਰਾ ਤੇ ਸੂਬੇ ਦੀ ਜਨਤਾ ਅੱਜ ਫਿਰ ਜ਼ਜਬਾਤੀ ਵਹਿਣ ਵਿਚ ਹੈ ਕਿਉਂਕਿ ਪੰਜਾਬ ਪੱਖੀ ਠੋਸ ਏਜੰਡਾ ਸਮੁੱਚੀ ਪ੍ਰਕ੍ਰਿਆ ਵਿਚੋਂ ਗਾਇਬ ਹੈ। ਹੁਣ ਤਕ ਦੇ ਸਾਰੇ ਅਮਲ ਵਿਚੋਂ ਦੌੜ ਹਾਲੇ ਸਰਕਾਰ ਬਣਾਉਣ ਤਕ ਹੀ ਸੀਮਤ ਹੈ।
ਅਜੋਕੇ ਪੰਜਾਬ ਨੂੰ ਅੱਜ ਚਿਹਰਿਆਂ ਧੜਿਆਂ ਦੀ ਰਾਜਨੀਤੀ ਵਿਚੋਂ ਨਿਕਲ ਕੇ ਲੋੜ ਹੈ ਅਜਿਹੀ ਧਿਰ ਦੀ ਜੋ ਪੰਜਾਬ ਦੀਆਂ ਮੁਢਲੀਆਂ ਲੋੜਾਂ ਕੁੱਲੀ ਗੁੱਲੀ ਜੁੱਲੀ ਦੇ ਨਾਲ ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣ ਲਈ ਵਚਨਬੱਧ ਹੋਵੇ। ਫੋਕੇ ਵਾਅਦਿਆਂ ਨਾਹਰਿਆਂ ਵਾਲਿਆਂ ਨੂੰ ਮੂੰਹ ਨਾ ਲਾਇਆ ਜਾਵੇ। ਉਸੇ ਧਿਰ ਦਾ ਸਾਥ ਦਿਓ ਜਿਸ ਕੋਲ ਪੰਜਾਬ ਪੱਖੀ ਵਿਜ਼ਨ ਹੋਵੇ ਤੇ ਕੁਝ ਕਰਨ ਦੀ ਸਮਰੱਥਾ ਹੋਵੇ। ਪੰਜਾਬੀ ਪਰਵਾਸੀ ਵੀਰੋ! ਤੁਸੀਂ ਵੀ ਆਪਣਾ ਕੋਈ ਪ੍ਰੈਸ਼ਰ ਗਰੁਪ, ਟਰੱਸਟ, ਕਮੇਟੀ ਬਣਾ ਕੇ ਕੰਮ ਕਰੋ। ਇਮਾਨਦਾਰ, ਮਿਹਨਤੀ, ਪੰਜਾਬ ਹਿਤੈਸ਼ੀ ਵੀਰਾਂ ਦੀ ਕਮੇਟੀ ਬਣਾਓ ਜੋ ਦਿੱਤੇ ਜਾ ਰਹੇ ਫੰਡਾਂ-ਖਰਚਿਆਂ ਦਾ ਹਿਸਾਬ ਰੱਖੇ। ਤੁਹਾਡੀ ਕਮਾਈ ਬਹੁਤ ਕੀਮਤੀ ਹੈ, ਇਸ ਨੂੰ ਉਲਾਰ ਹੋ ਕੇ ਪੰਜਾਬ ਨੂੰ ਵੇਚਣ ਵਾਲਿਆਂ ‘ਤੇ ਨਾ ਹੜ੍ਹਾਓ। ਆਪਣੇ ਵਾਰਸਾਂ ਲਈ ਪੰਜਾਬ ਨੂੰ ਰਹਿਣਯੋਗ ਬਣਾਉਣ ਲਈ ਉਕਤ ਚੀਜਾਂ ਦਾ ਧਿਆਨ ਰੱਖਿਆ ਜਾਣਾ ਬਹੁਤ ਜਰੂਰੀ ਹੈ। ਨਹੀਂ ਤਾਂ ‘ਨਾਲੇ ਘਰੋਂ ਘਰ ਗਵਾਇਆ, ਨਾਲੇ ਭੜੂਆ ਕਹਾਇਆḔ ਵਾਲੀ ਸਥਿਤੀ ਬਣ ਜਾਵੇਗੀ ਆਪਣੀ।