ਅਹਿਮ ਗਵਾਹ ਦੀ ਪਲਟੀ ‘ਤੇ ਉਠੇ ਸਵਾਲ
ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦਾ ਅਹਿਮ ਗਵਾਹ ਅਤੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ ਕਮਿਸ਼ਨ ਨੂੰ ਦਿੱਤੇ ਬਿਆਨਾਂ ਤੋਂ ਅਚਾਨਕ ਪਲਟ ਗਿਆ। ਹਿੰਮਤ ਸਿੰਘ ਨੇ ਇਹ ਪਲਟੀ ਬੇਅਦਬੀ ਕਾਂਡ ਨਾਲ ਸਬੰਧਤ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤੇ ਜਾਣ ਤੋਂ ਐਨ ਪਹਿਲਾਂ ਮਾਰੀ ਹੈ। ਉਸ ਨੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਅਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਜ਼ਬਰਦਸਤੀ ਦਸਤਖਤ ਕਰਵਾਉਣ ਦੇ ਦੋਸ਼ ਲਾਉਂਦਿਆਂ ਬਿਆਨ ਪਲਟ ਲਏ।
ਦੱਸ ਦਈਏ ਕਿ ਹਿੰਮਤ ਸਿੰਘ ਦੀ ਗਵਾਹੀ ਨਾਲ ਬਾਦਲ ਪਰਿਵਾਰ ਨੂੰ ਘੇਰਾ ਪੈਣਾ ਤੈਅ ਸੀ। ਹੁਣ ਹਿੰਮਤ ਸਿੰਘ ਦੀ ਪਲਟੀ ਉਤੇ ਵੱਡੇ ਸਵਾਲ ਉਠ ਰਹੇ ਹਨ। ਹਿੰਮਤ ਸਿੰਘ ਦਾ ਦਾਅਵਾ ਹੈ ਕਿ ਜਸਟਿਸ ਰਣਜੀਤ ਸਿੰਘ ਅਤੇ ਰੰਧਾਵਾ ਨੇ ਉਨ੍ਹਾਂ ਤੋਂ ਇਸ ਗੱਲ ਲਈ ਜ਼ਬਰਦਸਤੀ ਦਸਤਖਤ ਕਰਵਾਏ ਜਿਸ ‘ਚ ਲਿਖਿਆ ਹੋਇਆ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਸ ਦੇ ਭਰਾ ਗਿਆਨੀ ਗੁਰਮੁਖ ਸਿੰਘ ਅਤੇ ਹੋਰ ਜਥੇਦਾਰਾਂ ‘ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦਾ ਦਬਾਅ ਪਾਇਆ ਗਿਆ ਸੀ।
ਰਿਪੋਰਟ ‘ਚ ਆਖਿਆ ਗਿਆ ਹੈ ਕਿ ਉਹ ਸਤੰਬਰ 2015 ‘ਚ ਬਾਦਲਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਤਲਬ ਕੀਤੇ ਗਏ ਸਿੰਘ ਸਾਹਿਬਾਨ ਨਾਲ ਮੌਜੂਦ ਸੀ ਪਰ ਉਸ ਤਰੀਕ ਨੂੰ ਨਾ ਤਾਂ ਉਹ ਬਾਦਲਾਂ ਨੂੰ ਮਿਲਣ ਗਿਆ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਦਫਤਰ ‘ਚ ਗਿਆ। ਜ਼ਿਕਰਯੋਗ ਹੈ ਕਿ ਹਿੰਮਤ ਸਿੰਘ ਦੇ ਭਰਾ ਗਿਆਨੀ ਗੁਰਮੁਖ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ‘ਚ ਭੂਮਿਕਾ ਦੇ ਦੋਸ਼ ਲਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਜੀਂਦ ਦੇ ਗੁਰਦੁਆਰੇ ‘ਚ ਤਬਦੀਲ ਕਰ ਦਿੱਤਾ ਸੀ। ਹੁਣ 3 ਅਗਸਤ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕਰ ਦਿੱਤਾ ਗਿਆ। ਗਿਆਨੀ ਗੁਰਮੁਖ ਸਿੰਘ ਦੀ ਨਿਯੁਕਤੀ ਤੋਂ ਇਕ ਹਫਤਾ ਬਾਅਦ ਹਿੰਮਤ ਸਿੰਘ ਦਾ ਬਿਆਨ ਤੋਂ ਪਲਟ ਜਾਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸੋਸ਼ਲ ਮੀਡੀਆ ਉਤੇ ਇਸ ਨੂੰ ‘ਸੌਦੇਬਾਜ਼ੀ’ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਇਸ ਗੱਲ ਦੀ ਵੱਡੇ ਪੱਧਰ ਉਤੇ ਚਰਚਾ ਹੋ ਰਹੀ ਹੈ ਕਿ ਹਿੰਮਤ ਸਿੰਘ ਨੂੰ ਕੋਈ ਵੱਡਾ ਲਾਲਚ ਦੇ ਕੇ ਬਿਆਨਾਂ ਤੋਂ ਪਿਛੇ ਹਟਣ ਲਈ ਮਨਾਇਆ ਗਿਆ ਹੈ।
ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅਕਾਲ ਤਖਤ ਵੱਲੋਂ ਮੁਆਫੀ ਦੇਣ ਪਿਛੋਂ ਗਿਆਨੀ ਗੁਰਮੁਖ ਸਿੰਘ ਅਤੇ ਹਿੰਮਤ ਸਿੰਘ ਬਾਦਲਾਂ ਖਿਲਾਫ ਖੁੱਲ੍ਹ ਕੇ ਨਿੱਤਰੇ ਸਨ। ਦੋਵਾਂ ਭਰਾਵਾਂ ਨੇ ਪੂਰੇ ਤਰਕ ਨਾਲ ਦਾਅਵਾ ਕੀਤਾ ਸੀ ਕਿ ਡੇਰਾ ਮੁਖੀ ਨੂੰ ਮੁਆਫੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਉਤੇ ਹੀ ਦਿੱਤੀ ਗਈ ਹੈ। ਇਸ ਤੋਂ ਬਾਅਦ ਗੁਰਮੁਖ ਸਿੰਘ ਦੀ ਤਖਤ ਦੇ ਜਥੇਦਾਰ ਵਜੋਂ ਛੁੱਟੀ ਕਰ ਦਿੱਤੀ ਗਈ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ। ਉਨ੍ਹਾਂ ਦੇ ਭਰਾ ਹਿੰਮਤ ਸਿੰਘ ਦੀ ਗ੍ਰੰਥੀ ਵਜੋਂ ਬਦਲੀ ਕਰ ਦਿੱਤੀ ਗਈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਅਚਾਨਕ ਗੁਰਮੁਖ ਸਿੰਘ ਦੀ ਅਕਾਲ ਤਖਤ ਵਿਚ ਗ੍ਰੰਥੀ ਵਜੋਂ ਵਾਪਸੀ ਅਤੇ ਹਫਤੇ ਪਿਛੋਂ ਹਿੰਮਤ ਸਿੰਘ ਦਾ ਬਿਆਨਾਂ ਤੋਂ ਪਲਟ ਜਾਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਹਿੰਮਤ ਸਿੰਘ ਆਖ ਰਿਹਾ ਹੈ ਕਿ ਉਸ ਤੋਂ ਜਿਨ੍ਹਾਂ ਕਾਗਜਾਂ ਉਤੇ ਦਸਤਖਤ ਕਰਵਾਏ ਗਏ, ਉਹ ਅੰਗਰੇਜ਼ੀ ਵਿਚ ਲਿਖੇ ਸਨ ਤੇ ਉਹ ਇਨ੍ਹਾਂ ਨੂੰ ਪੜ੍ਹ ਨਹੀਂ ਸਕਿਆ। ਹਾਲਾਂਕਿ ਜਸਟਿਸ ਰਣਜੀਤ ਸਿੰਘ ਦਾ ਦਾਅਵਾ ਹੈ ਕਿ ਹਿੰਮਤ ਸਿੰਘ ਆਪ ਮੁਹਾਰੇ ਹੀ ਕਮਿਸ਼ਨ ਕੋਲ ਆਇਆ ਸੀ ਅਤੇ ਸੱਤ ਪੰਨਿਆਂ ਦਾ ਦਸਤਖਤਾਂ ਵਾਲਾ ਬਿਆਨ ਦਿੱਤਾ ਸੀ ਜੋ ਰਿਪੋਰਟ ਨਾਲ ਨੱਥੀ ਹੈ। ਉਸ ਦੇ ਦਸਤਖਤਾਂ ਵਾਲਾ ਰਿਕਾਰਡ ਕੀਤਾ ਬਿਆਨ ਪੰਜਾਬੀ ਵਿਚ ਵੀ ਮੌਜੂਦ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਹਿੰਮਤ ਸਿੰਘ ਦੇ ਭਰਾ ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਬਹਾਲ ਕੀਤੇ ਜਾਣ ਕਰ ਕੇ ਹੋ ਸਕਦਾ ਹੈ ਕਿ ਹਿੰਮਤ ਸਿੰਘ ਨੇ ਬਿਆਨ ਬਦਲ ਲਿਆ।
ਦੱਸ ਦਈਏ ਕਿ ਇਸੇ ਬਿਆਨ ਵਿਚ ਹਿੰਮਤ ਸਿੰਘ ਨੇ ਕਮਿਸ਼ਨ ਸਾਹਮਣੇ ਇਹ ਖੁਲਾਸੇ ਕੀਤੇ ਸਨ ਕਿ ਸਿਰਸਾ ਡੇਰੇ ਦੇ ਮੁਖੀ ਦੀ ਤਨਖਾਹ ਮੁਆਫ ਕਰਵਾਉਣ ਲਈ ਸਿਆਸੀ ਦਬਾਅ ਹੇਠ ਫੈਸਲਾ ਕੀਤਾ ਗਿਆ ਅਤੇ ਗਿਆਨੀ ਗੁਰਬਚਨ ਸਿੰਘ ਤੇ ਉਸ ਦੇ ਭਰਾ ਗੁਰਮੁਖ ਸਿੰਘ ਨੂੰ ਚੰਡੀਗੜ੍ਹ ਮੁੱਖ ਮੰਤਰੀ ਨਿਵਾਸ ‘ਤੇ ਸੱਦ ਕੇ ਦਬਾਅ ਪਾਇਆ ਗਿਆ। ਇਸੇ ਬਿਆਨ ਵਿਚ ਉਸ ਨੇ ਡੇਰਾ ਮੁਖੀ ਦੀ ਫਿਲਮ ਸਬੰਧੀ ਵੀ ਇਤਰਾਜ਼ ਖਤਮ ਕਰਾਉਣ ਲਈ ਫਿਲਮ ਅਦਾਕਾਰ ਅਕਸ਼ੈ ਕੁਮਾਰ ਦੇ ਮੁੰਬਈ ਸਥਿਤ ਨਿਵਾਸ ਅਸਥਾਨ ‘ਤੇ ਮੀਟਿੰਗ ਦਾ ਜ਼ਿਕਰ ਕੀਤਾ ਸੀ। ਹੁਣ ਹਿੰਮਤ ਸਿੰਘ ਆਖ ਰਿਹਾ ਹੈ ਕਿ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਪੰਜ ਸਿੰਘ ਸਾਹਿਬਾਨ ਤੋਂ ਇਲਾਵਾ ਅੰਦਰ ਹੋਰ ਕੋਈ ਜਾ ਹੀ ਨਹੀਂ ਸਕਦਾ, ਇਸ ਲਈ ਉਸ ਨੂੰ ਮੀਟਿੰਗ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਨੇ ਕਮਿਸ਼ਨ ਸਾਹਮਣੇ ਜੋ ਵੀ ਬਿਆਨ ਦਿੱਤਾ, ਉਹ ਦਬਾਅ ਹੇਠ ਦਿੱਤਾ ਅਤੇ ਉਸ ਨੂੰ ਉਕਤ ਬਿਆਨ ਪੜ੍ਹਨ ਦਾ ਵੀ ਮੌਕਾ ਤੱਕ ਨਹੀਂ ਦਿੱਤਾ ਗਿਆ, ਪਰ ਦਿਲਚਸਪ ਗੱਲ ਇਹ ਹੈ ਕਿ ਆਪਣੇ ਬਿਆਨ ਵਿਚ ਜੋ ਗੱਲਾਂ ਹਿੰਮਤ ਸਿੰਘ ਵੱਲੋਂ ਕੀਤੀਆਂ ਗਈਆਂ ਸਨ, ਤਕਰੀਬਨ ਉਹ ਗੱਲਾਂ ਤੇ ਦੂਸ਼ਣਬਾਜ਼ੀ ਉਸ ਦੇ ਵੱਡੇ ਭਰਾ ਗਿਆਨੀ ਗੁਰਮੁਖ ਸਿੰਘ ਵੱਲੋਂ ਵੀ ਟੀæਵੀæ ਚੈਨਲਾਂ ਕੋਲ ਕੁਝ ਸਮਾਂ ਪਹਿਲਾਂ ਕੀਤੀਆਂ ਗਈਆਂ ਸਨ ਜੋ ਰਿਕਾਰਡ ਦਾ ਹਿੱਸਾ ਹਨ। ਹਿੰਮਤ ਸਿੰਘ ਸ੍ਰੀ ਦਰਬਾਰ ਸਾਹਿਬ ਵਿਚ ਗ੍ਰੰਥੀ ਵਜੋਂ ਕੰਮ ਕਰਦੀ ਸੀ ਪਰ 2 ਅਕਤੂਬਰ 2017 ਨੂੰ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।