ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚ ਧੜੇਬੰਦੀ ਹੁਣ ਜੱਗ ਜ਼ਾਹਿਰ ਹੁੰਦੀ ਜਾ ਰਹੀ ਹੈ। ‘ਆਪ’ ਦੇ ਬਾਗੀ ਧੜੇ ਦੇ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਕਾਰਜਕਾਰੀ ਪ੍ਰਧਾਨ ਐਲਾਨ ਦਿੱਤਾ ਹੈ। ਬਾਗੀ ਧੜੇ ਨੇ ਇਹ ਫੈਸਲਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਲੈ ਕੇ ਵੱਡੇ ਸੰਕੇਤ ਦੇ ਦਿੱਤੇ ਹਨ।
ਇਹ ਫੈਸਲਾ ਉਸ ਸਮੇਂ ਕੀਤਾ ਗਿਆ ਜਦੋਂ ਕੇਜਰੀਵਾਲ ਦਾਅਵਾ ਕਰ ਰਹੇ ਸਨ ਕਿ ਇਹ ਪਰਿਵਾਰਕ ਨਰਾਜ਼ਗੀ ਹੈ ਤੇ ਇਸ ਦਾ ਛੇਤੀ ਹੀ ਹੱਲ ਕੱਢ ਲਿਆ ਜਾਵੇਗਾ। ਦੂਜੇ ਪਾਸੇ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬਾਗੀ ਧੜੇ ਨੂੰ ਝਟਕਾ ਦਿੰਦਿਆਂ ਸ੍ਰੀ ਖਹਿਰਾ ਨਾਲ ਖੜ੍ਹੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਥਾਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਚੀਫ ਵ੍ਹਿਪ ਨਿਯੁਕਤ ਕਰ ਦਿੱਤਾ ਹੈ। ਇਸੇ ਤਰ੍ਹਾਂ ਬਾਗੀ ਧਿਰ ਨਾਲ ਜੁੜੇ ਵਿਧਾਇਕ ਪਿਰਮਲ ਸਿੰਘ ਦੀ ਥਾਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਵ੍ਹਿਪ ਨਿਯੁਕਤ ਕੀਤਾ ਹੈ। ਪਾਰਟੀ ਨਾਲ ਖੜ੍ਹੀ ਵਿਧਾਇਕ ਰੁਪਿੰਦਰ ਕੌਰ ਰੂਬੀ ਕੋਲ ਪਹਿਲਾਂ ਵਾਂਗ ਵ੍ਹਿਪ ਦਾ ਅਹੁਦਾ ਬਰਕਰਾਰ ਰਹੇਗਾ। ‘ਆਪ’ ਨੇ ਵਿਧਾਇਕ ਪ੍ਰੋæ ਬਲਜਿੰਦਰ ਕੌਰ ਤੇ ਗੁਰਮੀਤ ਸਿੰਘ (ਮੀਤ ਹੇਅਰ) ਨੂੰ ਪਾਰਟੀ ਦਾ ਸੂਬਾਈ ਬੁਲਾਰੇ ਨਿਯੁਕਤ ਕਰ ਦਿੱਤਾ ਹੈ। ਪ੍ਰੋæ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਮਹਿਲਾ ਵਿੰਗ ਪੰਜਾਬ ਦੇ ਵੀ ਆਬਜ਼ਰਵਰ ਹਨ, ਜਦੋਂਕਿ ਮੀਤ ਹੇਅਰ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਇੰਚਾਰਜ ਹਨ।
ਇਹ ਫੈਸਲਾ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋæ ਸਾਧੂ ਸਿੰਘ, ਸੂਬਾ ਸਹਿ ਪ੍ਰਧਾਨ ਡਾæ ਬਲਬੀਰ ਸਿੰਘ ਤੇ ਹੋਰ ਅਹੁਦੇਦਾਰਾਂ ਨਾਲ ਸਲਾਹ ਮਗਰੋਂ ਕੀਤਾ ਗਿਆ ਹੈ। ਉਧਰ, ਖਹਿਰਾ ਦੇ ਬਾਗੀ ਧੜੇ ਨੇ ਛੇਤੀ ਹੀ ਆਪਣੀ ਸੂਬਾ ਕਾਰਜਕਾਰਨੀ ਕਮੇਟੀ ਬਣਾਉਣ ਸਮੇਤ ਜ਼ਿਲ੍ਹਿਆਂ ਦੇ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਬਾਗੀ ਧੜੇ ਦੀ ਪੀæਏæਸੀæ ਦੀ ਮੀਟਿੰਗ ਤੋਂ ਬਾਅਦ ਵਿਧਾਇਕ ਕੰਵਰ ਸੰਧੂ ਨੇ ਸੁਖਪਾਲ ਖਹਿਰਾ ਨੂੰ ਆਰਜ਼ੀ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਖਹਿਰਾ ਨੇ ਕਿਹਾ ਕਿ ਉਹ ਜ਼ਿਲ੍ਹਿਆਂ ਦੀਆਂ ਕਨਵੈਨਸ਼ਨਾਂ ਵਿਚੋਂ ਪ੍ਰਵਾਨਗੀ ਲੈ ਕੇ ਇਹ ਅਹੁਦਾ ਸਾਂਭਣਗੇ। ਦੱਸਣਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਪੰਜਾਬ ਆਏ ਅਰਵਿੰਦ ਕੇਜਰੀਵਾਲ ਨੇ ਬਾਗੀ ਧਿਰ ਨਾਲ ਗੱਲਬਾਤ ਕਰਨ ਲਈ ਕੁਝ ਵਿਧਾਇਕਾਂ ਦੀ ਜ਼ਿੰਮੇਵਾਰੀ ਲਾਈ ਸੀ ਅਤੇ ਲੋੜ ਪੈਣ ‘ਤੇ ਖੁਦ ਵੀ ਸ੍ਰੀ ਖਹਿਰਾ ਨੂੰ ਮਿਲਣ ਦੀ ਹਾਮੀ ਭਰੀ ਸੀ।
ਸ੍ਰੀ ਕੇਜਰੀਵਾਲ ਦੀ ਇਸ ਪਹਿਲਕਦਮੀ ਦਾ ਹੁੰਗਾਰਾ ਭਰਨ ਦੀ ਥਾਂ ਬਾਗੀ ਧੜੇ ਵੱਲੋਂ ਆਪਣਾ ਵੱਖਰਾ ਪ੍ਰਧਾਨ ਨਿਯੁਕਤ ਕਰਨ ਤੋਂ ਸੰਕੇਤ ਮਿਲੇ ਹਨ ਕਿ ਖਹਿਰਾ ਧੜਾ ਹੁਣ ਪਾਰਟੀ ਨਾਲ ਸਮਝੌਤਾ ਕਰਨ ਦੇ ਰੌਂਅ ਵਿਚ ਨਹੀਂ ਹੈ ਅਤੇ ਵੱਖਰੇ ਤੀਜੇ ਸਿਆਸੀ ਬਦਲ ਲਈ ਢਾਂਚਾ ਤਿਆਰ ਕਰਨ ਦੀ ਤਾਕ ਵਿਚ ਹੈ। ਖਹਿਰਾ ਦਾ ਵੀ ਕਹਿਣਾ ਹੈ ਕਿ ਪੰਜਾਬ ਦੇ ਲੋਕ ਤੀਜੇ ਬਦਲ ਦੀ ਭਾਲ ਵਿਚ ਹਨ ਅਤੇ ਉਹ ਜਲਦ ਹੀ ਤੀਸਰੀ ਧਿਰ ਉਸਾਰ ਕੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਤੋਂ ਨਿਜਾਤ ਦਿਵਾਉਣਗੇ। ਖਹਿਰਾ ਧੜਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕਰਨ ਦੇ ਫੈਸਲੇ ਨੂੰ ਰੱਦ ਕਰ ਚੁਕਾ ਹੈ।