ਕੇਰਲਾ ਹੜ੍ਹ: ਲੋਕਾਂ ਵੱਲੋਂ ਜ਼ਿੰਦਾ ਰਹਿਣ ਲਈ ਜੱਦੋਜਹਿਦ

ਤਿਰੂਵਨੰਤਪੁਰਮ: ਕੇਰਲਾ ਵਿਚ ਹੜ੍ਹ ਮਾਰੇ ਖੇਤਰਾਂ ਵਿਚ ਘਿਰੇ ਲੋਕ ਜ਼ਿੰਦਾ ਰਹਿਣ ਲਈ ਜੱਦੋ ਜਹਿਦ ਕਰ ਰਹੇ ਹਨ। ਰਾਜ ਵਿਚ ਮੀਹਾਂ ਤੇ ਹੜ੍ਹਾਂ ਦੀ ਤਬਾਹੀ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 410 ਹੋ ਗਈ ਹੈ। ਮਾਨਸੂਨ ਦੇ ਦੂਜੇ ਗੇੜ ਤਹਿਤ ਪਿਛਲੇ ਦਸ ਦਿਨਾਂ ਦੌਰਾਨ ਮੌਤਾਂ ਦੀ ਗਿਣਤੀ ਵਧ ਕੇ 200 ਹੋ ਗਈ ਹੈ। ਅਲਾਪੁੜਾ, ਤ੍ਰਿਸੁਰ ਅਤੇ ਅਰਨਾਕੁਲਮ ਜ਼ਿਲ੍ਹਿਆਂ ਵਿਚ ਬਹੁਤ ਸਾਰੀਆਂ ਥਾਵਾਂ ਉਤੇ ਹੜ੍ਹ ਦਾ ਪਾਣੀ ਫੈਲਿਆ ਹੋਇਆ ਹੈ ਤੇ ਲੋਕ ਆਪੋ ਆਪਣੇ ਘਰਾਂ ਵਿਚ ਘਿਰੇ ਹੋਏ ਹਨ। ਸਭ ਤੋਂ ਵੱਧ ਮੌਤਾਂ ਇਡੁਕੀ ਜ਼ਿਲ੍ਹੇ ਵਿਚ ਹੋਈਆਂ ਹਨ ਜਿਥੇ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 43 ਮੌਤਾਂ ਹੋ ਚੁੱਕੀਆਂ ਹਨ।

ਮਾਲਾਪੁਰਮ ਵਿਚ 28 ਤੇ ਤ੍ਰਿਸੁਰ ਵਿਚ 27 ਮੌਤਾਂ ਹੋਈਆਂ ਹਨ। ਮਾਲੀਆ ਅਫਸਰਾਂ ਮੁਤਾਬਕ ਅਲਾਪੁੜਾ ਜ਼ਿਲ੍ਹੇ ਦੇ ਚੇਂਗਾਨੂਰ ਵਿਚ ਕਰੀਬ ਪੰਜ ਹਜ਼ਾਰ ਲੋਕ ਪਾਣੀ ਵਿਚ ਘਿਰੇ ਹੋਏ ਹਨ। ਰਾਜ ਭਰ ਵਿਚ ਛੇ ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਪਤਨਾਮਤਿੱਟਾ ਜ਼ਿਲ੍ਹੇ ਵਿਚ ਰਾਣੀ ਵਿਚਲੇ ਰਾਹਤ ਕੈਂਪ ਵਿਚ ਰਹਿ ਰਹੀ ਇਕ ਔਰਤ ਨੇ ਦੱਸਿਆ ḔḔਇਹ ਸਾਡਾ ਦੂਜਾ ਜਨਮ ਹੋਇਆ ਹੈ। ਸਾਨੂੰ ਚਾਰ ਦਿਨ ਖਾਣ ਲਈ ਕੁਝ ਨਹੀਂ ਮਿਲਿਆ ਤੇ ਸਾਡੇ ਚਾਰੇ ਪਾਸੇ ਠੋਡੀ ਤੱਕ ਪਾਣੀ ਹੀ ਪਾਣੀ ਸੀ।” ਥਲ ਸੈਨਾ, ਨੇਵੀ, ਹਵਾਈ ਸੈਨਾ, ਕੋਸਟ ਗਾਰਡ ਅਤੇ ਐਨæਡੀæਆਰæਐਫ਼ ਦੇ ਕਰਮੀ ਤੇ ਸੈਂਕੜੇ ਮਛੇਰੇ ਤੇ ਮੁਕਾਮੀ ਲੋਕ ਬਚਾਅ ਤੇ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ।
ਦੱਸ ਦੇਈਏ ਕਿ ਬੀਤੀ 29 ਮਈ ਨੂੰ ਕੇਰਲ ‘ਚ ਹੜ੍ਹਾਂ ਦੀ ਸ਼ੁਰੂਆਤ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਕੇਰਲ ‘ਚ ਹੁਣ ਤੱਕ ਹੜ੍ਹਾਂ ਕਾਰਨ 19,500 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਅਜਿਹੇ ‘ਚ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ 500 ਕਰੋੜ ਰੁਪਏ ਦੀ ਰਕਮ ਬਹੁਤ ਘੱਟ ਦੱਸੀ ਜਾ ਰਹੀ ਹੈ। ਲੋਕਾਂ ਨੂੰ ਜ਼ਰੂਰਤਾਂ ਦਾ ਸਾਮਾਨ ਨਹੀਂ ਮਿਲ ਰਿਹਾ ਹਾਲਾਂਕਿ ਸਰਕਾਰ ਲਗਾਤਾਰ ਪਹੁੰਚਾਉਣ ਦੀ ਕੋਸ਼ਿਸ਼ ‘ਚ ਹੈ। ਰਾਸ਼ਟਰੀ ਸੰਕਟ ਪ੍ਰਬੰਧਨ ਸਮਿਤੀ ਨੇ ਆਪਣੀ ਸਮੀਖਿਆ ਬੈਠਕ ‘ਚ ਨਿਰਦੇਸ਼ ਦਿੱਤੇ ਕਿ ਹੁਣ ਹੜ੍ਹਾਂ ਦਾ ਪਾਣੀ ਘਟ ਹੋ ਰਿਹਾ ਹੈ ਤੇ ਅਜਿਹੇ ‘ਚ ਖਾਧ ਪਦਾਰਥਾਂ, ਪਾਣੀ, ਦਵਾਈਆਂ ਦੀ ਪੂਰਤੀ ‘ਤੇ ਖਾਸ ਧਿਆਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਿਜਲੀ, ਈਧਨ, ਦੂਰਸੰਚਾਰ ਤੇ ਆਵਾਜਾਈ ਦੀ ਬਹਾਲੀ ਦੇ ਯਤਨ ਕਰਨੇ ਚਾਹੀਦੇ ਹਨ।
ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਮਛੇਰੇ ਵੱਡੀ ਭੂਮਿਕਾ ਨਿਭਾਅ ਰਹੇ ਹਨ। ਲਗਭਗ 600 ਮਛੇਰੇ ਕਿਸ਼ਤੀਆਂ ਜ਼ਰੀਏ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਅਲਾਪੁੱਝਾ ‘ਚ ਬਚਾਅ ਕਾਰਜ ‘ਚ ਮਦਦ ਲਈ ਆਏ ਮਛੇਰਿਆਂ ਦੇ ਇਕ ਸਮੂਹ ਦਾ ਕਹਿਣਾ ਹੈ ਕਿ ਅਸੀਂ ਕਈ ਲੋਕਾਂ ਨੂੰ ਬਚਾਇਆ ਪਰ ਹੁਣ ਜਿੱਥੋਂ ਅਸੀਂ ਆਪਣੀ ਕਿਸ਼ਤੀ ‘ਤੇ ਆਏ ਸੀ ਉਥੇ ਪਹੁੰਚਾਉਣ ਵਿਚ ਸਾਡੀ ਮਦਦ ਕਰਨ ਵਾਲਾ ਕੋਈ ਵੀ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਬਚਾਅ ਕਾਰਜ ਲਈ ਆਪਣੀ ਜ਼ਿੰਦਗੀ ਖਤਰੇ ‘ਚ ਪਾ ਦਿੱਤੀ ਪਰ ਸਾਡੀ ਮਦਦ ਲਈ ਕੋਈ ਨਹੀਂ ਹੈ।
_______________________
7 ਲੱਖ ਤੋਂ ਵੱਧ ਲੋਕ ਹੋਏ ਬੇਘਰ
ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੇਰਲਾ ਸੂਬੇ ਵਿਚ 7 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਹੁਣ ਤੱਕ 400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਲੋਕਾਂ ਨੂੰ 5,645 ਰਾਹਤ ਕੈਂਪਾਂ ‘ਚ ਰੱਖਿਆ ਗਿਆ ਹੈ। ਰਾਹਤ ਬਲ ਵੱਲੋਂ ਹੁਣ ਤੱਕ ਕੇਰਲ ‘ਚ ਹੜ੍ਹਾਂ ਤੇ ਭਾਰੀ ਮੀਂਹ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ‘ਚੋਂ 15,000 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਐਨæਡੀæਆਰæਐਫ਼ ਦੇ ਬੁਲਾਰੇ ਨੇ ਦੱਸਿਆ ਕਿ ਸਦੀ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਸੂਬੇ ‘ਚ ਉਨ੍ਹਾਂ ਦੀਆਂ 58 ਟੀਮਾਂ ਸਰਗਰਮ ਹਨ ਤੇ 3,197 ਲੋਕਾਂ ਨੂੰ ਮੈਡੀਕਲ ਮਦਦ ਮੁਹੱਈਆ ਕਰਵਾਈ ਗਈ ਹੈ।
______________________
ਕੁਦਰਤੀ ਕਹਿਰ ਤੋਂ ਬਚ ਜਾਂਦਾ ਕੇਰਲਾæææ
ਕੇਰਲ ‘ਚ ਆਏ ਹੜ੍ਹਾਂ ਦੀ ਭਵਿੱਖਬਾਣੀ ਪਿਛਲੇ ਸਾਲ ਜਾਰੀ ਕੈਗ ਰਿਪੋਰਟ ‘ਚ ਕੀਤੀ ਗਈ ਸੀ। ਜੇਕਰ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲਿਆ ਗਿਆ ਹੁੰਦਾ ਤਾਂ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਸੀ। ਵਾਤਾਵਰਣ ਮਾਹਿਰ ਵਿਕਰਾਂਤ ਤੋਗੜ ਦਾ ਕਹਿਣਾ ਹੈ ਕਿ ਦੇਸ਼ ‘ਚ ਹੜ੍ਹ ਪ੍ਰਬੰਧਨ ਦਾ ਬੁਰਾ ਹਾਲ ਹੈ। ਹੜ੍ਹਾਂ ਨਾਲ ਜ਼ਿਆਦਾ ਨੁਕਸਾਨ ਹੋਵੇਗਾ ਤਾਂ ਸੁਭਾਵਕ ਹੈ ਰਾਹਤ ਤੇ ਪੁਨਰਵਾਸ ਲਈ ਜ਼ਿਆਦਾ ਮੁਆਵਜ਼ਾ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹਤ ਤੇ ਪੁਨਰਵਾਸ ਮੁਆਵਜ਼ੇ ਨੂੰ ਲੈ ਕੇ ਅਧਿਕਾਰੀਆਂ ਦੀਆਂ ਧਾਂਦਲੀਆਂ ਅਜਿਹੇ ਹਾਲਾਤ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ‘ਚ ਲੱਗੀਆਂ ਰਹਿੰਦੀਆਂ ਹਨ। ਹੜ੍ਹਾਂ ਲਈ ਕੋਈ ਇਕ ਕਾਰਨ ਜ਼ਿੰਮੇਵਾਰ ਨਹੀਂ। ਉਨ੍ਹਾਂ ਕਿਹਾ ਕਿ ਹੜ੍ਹਾਂ ‘ਚ ਜਲਵਾਯੂ ਪਰਿਵਰਤਨ ਵੱਡਾ ਕਾਰਨ ਹੈ। ਹੜ੍ਹਾਂ ਨੂੰ ਰੋਕਿਆ ਤਾਂ ਭਾਵੇਂ ਨਹੀਂ ਜਾ ਸਕਦਾ ਪਰ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਇਸ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
________________________
ਸਿੱਖਾਂ ਨੇ ਫੜੀ ਬਿਪਤਾ ਮਾਰਿਆਂ ਦੀ ਬਾਂਹ
ਅੰਮ੍ਰਿਤਸਰ: ਕੇਰਲਾ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਤੇ ਖਾਲਸਾ ਏਡ ਨਾਂ ਦੀ ਜਥੇਬੰਦੀ ਅੱਗੇ ਆਈ ਹੈ। ਜਥੇਬੰਦੀ ਵੱਲੋਂ ਬਿਪਤਾ ਮਾਰੇ ਲੋਕਾਂ ਦੀ ਮਦਦ ਲਈ ਲੰਗਰ ਲਾਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਸਮੇਤ ਹੋਰ ਰਾਹਤ ਸਮੱਗਰੀ ਦਾ ਟਰੱਕ ਵੀ ਭੇਜਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ਵਿਚ ਹੜ੍ਹ ਪੀੜਤਾਂ ਲਈ ਵੱਖ ਵੱਖ ਥਾਵਾਂ ‘ਤੇ ਰਾਹਤ ਕੈਂਪ ਲਾਏ ਜਾਣਗੇ ਅਤੇ ਪੀੜਤਾਂ ਲਈ ਲੰਗਰ, ਕੱਪੜੇ, ਮੁੱਢਲੀਆਂ ਸਹੂਲਤਾਂ ਅਤੇ ਦਵਾਈਆਂ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਕੇਰਲਾ ਵਿਚ ਹੜ੍ਹ ਪੀੜਤਾਂ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਉਸ ਵੇਲੇ ਤੱਕ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਇਸ ਦੀ ਲੋੜ ਹੋਵੇਗੀ।