ਹਿੰਦ-ਪਾਕਿ ਰਿਸ਼ਤਿਆਂ ਨੂੰ ਨਿੱਘ ਦੇਵੇਗੀ ਸਿੱਧੂ ਤੇ ਇਮਰਾਨ ਦੀ ਯਾਰੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਜਾਣਾ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਆਪਣੀ ਪਾਰਟੀ ਸਮੇਤ ਭਾਜਪਾ ਨੂੰ ਵੀ ਹਜ਼ਮ ਨਹੀਂ ਹੋ ਰਿਹਾ ਪਰ ਸਿੱਧੂ ਤੇ ਇਮਰਾਨ ਦੀ ਦੋਸਤੀ ਭਾਰਤ-ਪਾਕਿ ਰਿਸ਼ਤੇ ਸੁਧਾਰਨ ‘ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।

ਸਿੱਧੂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਸਿਆਸੀ ਪਾਰਟੀਆਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਬਹਿਸ ਛਿੜੀ ਹੋਈ ਹੈ ਪਰ ਜੇਕਰ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਨੂੰ ਛੱਡ ਦਿੱਤਾ ਜਾਵੇ ਤਾਂ ਇਸ ਇਸ ਬਹਿਸ ‘ਚ ਜ਼ਿਆਦਾਤਰ ਆਮ ਲੋਕਾਂ ਨੇ ਇਹੀ ਵਿਚਾਰ ਰੱਖੇ ਹਨ ਕਿ ਜਿਸ ਤਰ੍ਹਾਂ ਸਿਆਸਤ ਤੋਂ ਉਪਰ ਉਠ ਕੇ ਸਿੱਧੂ ਨੇ ਪਾਕਿਸਤਾਨ ਦੀ ਧਰਤੀ ਤੇ Ḕਦੋਵੇਂ ਪੰਜਾਬ’ ਦੇ ਬਾਰਡਰ ਖੋਲ ਕੇ ਦੋਵੇਂ ਦੇਸ਼ਾਂ ਦੀ ਤਰੱਕੀ ਦੀ ਗੱਲ ਕੀਤੀ ਹੈ, ਉਸ ਨਾਲ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵਾਂ ਆਗੂਆਂ ਦੀ ਦੋਸਤੀ ਭਾਰਤ-ਪਾਕਿ ਰਿਸ਼ਤਿਆਂ ‘ਚ ਕੁੜੱਤਣ ਘਟਾਉਣ ‘ਚ ਚੰਗਾ ਰੋਲ ਅਦਾ ਕਰ ਸਕਦੀ ਹੈ, ਹਾਲਾਂਕਿ ਪੰਜਾਬ ਦੇ ਕਾਂਗਰਸੀ ਆਗੂ ਖੁੱਲ੍ਹ ਕੇ ਸਿੱਧੂ ਖਿਲਾਫ਼ ਕੁਝ ਨਹੀਂ ਬੋਲ ਰਹੇ ਪਰ ਕਾਂਗਰਸ ਕੇਂਦਰੀ ਬੁਲਾਰੇ ਰਾਸ਼ਿਦ ਅਲਵੀ ਨੇ ਇਕ ਚੈਨਲ ‘ਤੇ ਗੱਲਬਾਤ ਕਰਦਿਆਂ ਆਖ ਦਿੱਤਾ ਕਿ ਜੇਕਰ ਸਿੱਧੂ ਉਸ ਤੋਂ ਸਲਾਹ ਲੈਂਦੇ, ਤਾਂ ਉਹ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੰਦੇ। ਹਾਲਾਂਕਿ ਬੁਲਾਰੇ ਨੇ ਇਹ ਵੀ ਕਿਹਾ ਕਿ ਸਿੱਧੂ ਦੋਸਤੀ ਦੇ ਨਾਤੇ ਪਾਕਿਸਤਾਨ ਗਏ ਹਨ ਪਰ ਦੋਸਤੀ ਦੇਸ਼ ਤੋਂ ਵੱਡੀ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਬਾਰਡਰ ਤੇ ਸਾਡੇ ਜਵਾਨ ਮਾਰੇ ਜਾ ਰਹੇ ਹੈ ਅਤੇ ਅਜਿਹੇ ਵਿਚ ਪਾਕਿਸਤਾਨ ਫੌਜ ਦੇ ਚੀਫ ਨੂੰ ਸਿੱਧੂ ਦਾ ਗਲੇ ਲਗਾਉਣਾ ਗਲਤ ਸੁਨੇਹਾ ਦਿੰਦਾ ਹੈ। ਉਧਰ ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ਵੀ ਕਿਹਾ ਕਿ ਸਿੱਧੂ ਇਕ ਜ਼ਿੰਮੇਵਾਰ ਵਿਅਕਤੀ ਅਤੇ ਮੰਤਰੀ ਹਨ ਅਤੇ ਪਾਕਿਸਤਾਨ ਜਾਣ ਨਾਲ ਜੁੜੇ ਸਾਰੇ ਸਵਾਲਾਂ ਦਾ ਜਵਾਬ ਉਹ ਖੁਦ ਹੀ ਦੇ ਸਕਦੇ ਹਨ ਪਰ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਬਚਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਜਾਣ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦੋਵਾਂ ਹੀ ਪਾਰਟੀਆਂ ਵਲੋਂ ਸਿੱਧੂ ਨੂੰ ਨਿਸ਼ਾਨੇ ਉਤੇ ਲਿਆ ਗਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸਿੱਧੂ ਨੇ ਪਾਕਿਸਤਾਨ ਜਾ ਕੇ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਜੁਆਬ ਦੇਣਾ ਬਣਦਾ ਹੈ।
___________________
ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਆਸ
ਅੰਮ੍ਰਿਤਸਰ: ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਮਨਾਏ ਜਾ ਰਹੇ 550 ਸਾਲਾ ਗੁਰ ਪੁਰਬ ਮੌਕੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਸੰਭਾਵਨਾ ਜਤਾਈ ਹੈ। ਇਹ ਦਾਅਵਾ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ‘ਚ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ। ਸਿੱਧੂ ਨੇ ਦੱਸਿਆ ਕਿ ਸਹੁੰ ਚੁੱਕ ਸਮਾਰੋਹ ਵਿਚ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਬਾਜਵਾ ਨੇ ਉਨ੍ਹਾਂ ਨਾਲ ਗਲੇ ਮਿਲਦਿਆਂ ਦੱਸਿਆ ਕਿ ਉਹ 550 ਸਾਲਾ ਗੁਰ ਪੁਰਬ ਮੌਕੇ ਕਰਤਾਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ‘ਤੇ ਵਿਚਾਰ ਕਰ ਰਹੇ ਹਨ।
ਸਿੱਧੂ ਅਨੁਸਾਰ ਉਨ੍ਹਾਂ ਨੂੰ ਜਨਰਲ ਬਾਜਵਾ ਨੇ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਅਤੇ ਅਮਨ ਦਾ ਮਾਹੌਲ ਕਾਇਮ ਕਰਨ ਦੇ ਹੱਕ ‘ਚ ਹਨ। ਉਧਰ, ਪਾਕਿਸਤਾਨ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਨਾਲ ਨਵੇਂ ਤੇ ਨਿੱਘੇ ਰਿਸ਼ਤੇ ਕਾਇਮ ਕਰਨ ਲਈ ਇਕ ਕਦਮ ਅੱਗੇ ਵਧਾਏਗਾ ਤਾਂ ਪਾਕਿਸਤਾਨ ਇਸ ਦਾ ਸਵਾਗਤ ਕਰਦਿਆਂ ਦੋ ਕਦਮ ਅੱਗੇ ਵਧਾਉਣ ਦਾ ਵਾਅਦਾ ਕਰਦਾ ਹੈ। ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ ਭਾਰਤੀ ਰਾਜਨੀਤਕ ਦੇ ਤੌਰ ‘ਤੇ ਨਹੀਂ ਸਗੋਂ ਦੋਸਤੀ ਤੇ ਮੁਹੱਬਤ ਦਾ ਸੁਨੇਹਾ ਲੈ ਕੇ ਆਏ ਸਨ। ਜਿੰਨੀ ਮੁਹੱਬਤ ਉਹ ਲੈ ਕੇ ਆਏ ਸਨ, ਉਸ ਨਾਲੋਂ 100 ਫੀਸਦੀ ਜ਼ਿਆਦਾ ਵਾਪਸ ਲੈ ਕੇ ਵਾਪਸ ਜਾਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਜਲਦੀ ਭਾਰਤ ਪਾਕਿਸਤਾਨ ਦੇ ਸਬੰਧ ਬਿਹਤਰ ਬਣਨਗੇ ਅਤੇ ਦੋਵੇਂ ਪਾਸੇ ਵਪਾਰ ਅਤੇ ਰਿਸ਼ਤਿਆਂ ਵਿਚਲੀ ਮਿਠਾਸ ‘ਚ ਵੱਡਾ ਵਾਧਾ ਹੋਵੇਗਾ।