ਮੁੱਖ ਮੰਤਰੀ ਵੱਲੋਂ 17 ਸ਼ਖਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ

ਲੁਧਿਆਣਾ: ਸਨਅਤੀ ਸ਼ਹਿਰ ਵਿਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ 17 ਸ਼ਖ਼ਸੀਅਤਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਆ। ਮੁੱਖ ਮੰਤਰੀ ਨੇ ਪਟਿਆਲਾ ਦੇ ਸਾਹਿਲ ਚੋਪੜਾ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਦਿੱਤਾ, ਜਿਸ ਨੇ ਤੈਰਾਕੀ ਵਿਚ ਕੌਮਾਂਤਰੀ ਪੱਧਰ ‘ਤੇ 8 ਅਤੇ ਕੌਮੀ ਪੱਧਰ ਉਤੇ 13 ਤਗਮੇ ਜਿੱਤੇ।

ਇਸੇ ਤਰ੍ਹਾਂ ਬਠਿੰਡੇ ਦੇ ਵਿਸ਼ੇਸ਼ ਬੱਚੇ ਯਸ਼ਵੀਰ ਗੋਇਲ ਦਾ ਸਨਮਾਨ ਕੀਤਾ, ਜਿਸ ਨੇ ਬੈਡਮਿੰਟਨ ਅਤੇ ਚੈੱਸ ਵਿਚ ਸੂਬਾਈ ਅਤੇ ਕੌਮੀ ਪੱਧਰ ਉਤੇ ਤਗਮੇ ਹਾਸਲ ਕਰ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। Ḕਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਤਰਨ ਤਾਰਨ ਦੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਦਾ ਵੀ ਸਨਮਾਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਏਮਜ਼ ਦੀ ਕੌਮੀ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੰਗਰੂਰ ਜ਼ਿਲ੍ਹੇ ਦੀ ਲਹਿਰਾਗਾਗਾ ਦੀ ਅਲੀਜ਼ਾ ਬਾਂਸਲ ਦਾ ਵੀ ਸਨਮਾਨ ਕੀਤਾ। ਉਸ ਵੱਲੋਂ ਪ੍ਰਿੰਸੀਪਲ ਪ੍ਰਵੀਨ ਕੁਮਾਰ ਨੇ ਪੁਰਸਕਾਰ ਹਾਸਲ ਕੀਤਾ। ਮੁੱਖ ਮੰਤਰੀ ਨੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਅਫਸਰ ਦਵਿੰਦਰ ਸਿੰਘ ਨੂੰ ਵੀ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਆ। ਉਦਯੋਗਿਕ ਖੇਤਰ ਵਿਚ ਉਦਯੋਗਪਤੀ ਅਨਿਲ ਭਾਰਤੀ, ਜੋ ਸਵਾਮੀ ਵਿਵੇਕਾਨੰਦ ਸਵਰਾਜ ਆਸ਼ਰਮ ਟਰੱਸਟ ਲੁਧਿਆਣਾ ਦੇ ਮੁਖੀ ਹਨ, ਨੂੰ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਪਾਇਲ ਸਬ-ਡਿਵੀਜ਼ਨ ਦੀ ਸ਼ਲਮਾ ਸੱਲ ਨੂੰ ਸਫ਼ਲਤਾ ਨਾਲ ਗਊਸ਼ਾਲਾ ਚਲਾਉਣ ਅਤੇ ਦੁੱਧ ਨਾ ਦੇਣ ਵਾਲੀਆਂ 33 ਗਾਵਾਂ ਦੀ ਸਾਂਭ-ਸੰਭਾਲ ਕਰਨ ਬਦਲੇ ਸਨਮਾਨਿਆ ਗਿਆ। ਇਸੇ ਤਰ੍ਹਾਂ ਪਾਵਰ ਹਾਊਸ ਯੂਥ ਕਲੱਬ, ਪਟਿਆਲਾ ਦੀ ਮੁਖੀ ਰੁਪਿੰਦਰ ਕੌਰ ਨੂੰ ਸਮਾਜ ਸੇਵੀ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।
ਮੁੱਖ ਮੰਤਰੀ ਨੇ ਸਨਅਤਕਾਰ ਸੰਜੀਵ ਅਰੋੜਾ ਦਾ ਵੀ ਸਨਮਾਨ ਕੀਤਾ, ਜਿਨ੍ਹਾਂ ਵੱਲੋਂ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਕਰਨ ਦੇ ਨਾਲ-ਨਾਲ 2005 ਤੋਂ ਗਰੀਬ ਪਰਿਵਾਰਾਂ ਨਾਲ ਸਬੰਧਤ 100 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਮੁਫਤ ਇਲਾਜ ਕਰਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਦਾ ਵੀ ਸਨਮਾਨ ਕੀਤਾ, ਜਿਸ ਵੱਲੋਂ ਸਵੱਛ ਭਾਰਤ ਮਿਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਾਲ-ਨਾਲ 1270 ਘਰਾਂ ਵਿਚ ਪਖਾਨਿਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸੇ ਦੌਰਾਨ ਗੋਬਿੰਦਰ ਸੋਹਲ ਨੂੰ ਧਾਰਮਿਕ ਤੇ ਇਤਿਹਾਸਕ ਮਹੱਤਤਾ ਨਾਲ ਸਬੰਧਤ ਵਿਲੱਖਣ ਚਿੱਤਰ ਬਣਾਉਣ ਬਦਲੇ ਸਨਮਾਨਿਆ ਗਿਆ।
ਇਸ ਤੋਂ ਇਲਾਵਾ ਇੰਟਰਨੈਸ਼ਨਲ ਸਬ-ਜੂਨੀਅਰ ਏਸ਼ੀਅਨ ਪਾਵਰ ਲਿਫਟਿੰਗ ਚੈਂਪਿਅਨਸ਼ਿਪ-2018 ਵਿਚ ਸੋਨ ਤਗਮਾ ਜਿੱਤਣ ਵਾਲੀ ਬਠਿੰਡਾ ਦੀ ਜਸਮੀਨ ਕੌਰ ਅਤੇ ਇਸੇ ਸਾਲ ਜੁਲਾਈ ਵਿਚ ਇੰਗਲੈਂਡ ਵਿੱਚ ਹੋਏ ਤਲਵਾਰਬਾਜ਼ੀ ਮੁਕਾਬਲੇ ਵਿਚ ਚਾਂਦੀ ਅਤੇ ਸੋਨ ਤਗ਼ਮੇ ਜਿੱਤਣ ਵਾਲੀ ਫਤਿਹਗੜ੍ਹ ਸਾਹਿਬ ਵਿਚ ਪਿੰਡ ਚੜ੍ਹੀ ਦੀ ਹੁਸਨਪ੍ਰੀਤ ਕੌਰ ਦਾ ਵੀ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਇੰਗਲੈਂਡ ਵਿੱਚ ਹੋਈ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਮੁਮਤਾਜ਼ ਦਾ ਵੀ ਸਨਮਾਨ ਕੀਤਾ। ਮੁੱਖ ਮੰਤਰੀ ਨੇ ਹੁਸ਼ਿਆਰਪੁਰ ਦੇ ਪਿੰਡ ਬੁੱਲੋਵਾਲ ਦੇ ਬਹਾਦਰ ਸਿੰਘ ਦਾ ਵੀ ਸਨਮਾਨ ਕੀਤਾ, ਜਿਨ੍ਹਾਂ ਨੇ 44 ਵਾਰ ਖੂਨਦਾਨ ਕੀਤਾ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਵਿਚ ਮੈਡੀਕਲ ਖੇਤਰ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਡਾਕਟਰ ਰਜਨੀਸ਼ ਕਪੂਰ ਤੇ ਸਾਈਬਰ ਕਰਾਈਮ ਨਾਲ ਨਜਿੱਠਣ ਵਾਲੇ ਡੀæਐਸ਼ਪੀæ ਗੁਰਜੋਤ ਸਿੰਘ ਕਲੇਰ ਦਾ ਸਨਮਾਨ ਵੀ ਕੀਤਾ ਗਿਆ।