ਇਮਰਾਨ ਖਾਨ ਲਈ ਵੱਡੀ ਚੁਣੌਤੀ ਵਾਲਾ ਹੋਵੇਗਾ ਪ੍ਰਧਾਨ ਮੰਤਰੀ ਵਜੋਂ ਸਫਰ

ਇਸਲਾਮਾਬਾਦ: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਬੀਤੇ ਦਿਨੀਂ ਕੌਮੀ ਅਸੈਂਬਲੀ ਵਿਚ ਉਨ੍ਹਾਂ ਨੂੰ ਬਹੁਮਤ ਹਾਸਲ ਹੋ ਗਿਆ ਸੀ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੂੰ 176 ਵੋਟ ਪ੍ਰਾਪਤ ਹੋਏ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਅਤੇ ਮੁਸਲਿਮ ਲੀਗ (ਨਵਾਜ਼) ਦੇ ਆਗੂ ਸ਼ਾਹਬਾਜ਼ ਸ਼ਰੀਫ ਨੂੰ 96 ਵੋਟਾਂ ਪ੍ਰਾਪਤ ਹੋਈਆਂ।

ਦਿਲਚਸਪ ਗੱਲ ਇਹ ਹੈ ਕਿ ਵੋਟਾਂ ਪੈਣ ਸਮੇਂ ਪਾਕਿਸਤਾਨ ਪੀਪਲਜ਼ ਪਾਰਟੀ, ਜਿਸ ਕੋਲ 54 ਸੰਸਦ ਮੈਂਬਰ ਹਨ, ਗੈਰ ਹਾਜ਼ਰ ਰਹੇ। ਭਾਵੇਂ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼), ਪੀਪਲਜ਼ ਪਾਰਟੀ ਅਤੇ ਮੁਤਾਹਿਦਾ-ਮਜਲਿਸ-ਏ-ਅਮਲ ਆਦਿ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਸੰਸਦ ਵਿਚ ਹਰ ਅਹੁਦੇ ਲਈ ਇਮਰਾਨ ਖਾਨ ਅਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਹੋਰ ਉਮੀਦਵਾਰਾਂ ਦਾ ਮਿਲ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਸੀ। ਪਰ ਕੌਮੀ ਅਸੈਂਬਲੀ ਵਿਚ ਵਿਰੋਧੀ ਪਾਰਟੀਆਂ ਦਾ ਏਕਾ ਨਜ਼ਰ ਨਹੀਂ ਆਇਆ। ਇਥੇ ਇਹ ਵੀ ਵਰਨਣਯੋਗ ਹੈ ਕਿ ਕੌਮੀ ਅਸੈਂਬਲੀ ਦੀਆਂ ਚੋਣਾਂ ਵਿਚ 116 ਸੀਟਾਂ ਦੇ ਬਹੁਮਤ ਨਾਲ ਵੱਡੀ ਪਾਰਟੀ ਦੇ ਆਗੂ ਵਜੋਂ ਉਭਰ ਕੇ ਆਏ ਇਮਰਾਨ ਖਾਨ ਨੇ ਜਿਹੜਾ ਜੇਤੂ ਭਾਸ਼ਣ ਕੀਤਾ ਸੀ, ਉਸ ਵਿਚ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਪ੍ਰਤੀ ਬੜਾ ਉਦਾਰ ਰੁਫ ਅਖਤਿਆਰ ਕੀਤਾ ਸੀ। ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਇਹ ਕਿਹਾ ਸੀ ਕਿ ਉਹ ਬਦਲਾ ਲਊ ਸਿਆਸਤ ਨਹੀਂ ਚਲਾਉਣਗੇ। ਆਪਣੇ ਇਸ ਭਾਸ਼ਣ ਵਿਚ ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਬਿਹਤਰ ਰਿਸ਼ਤੇ ਬਣਾਉਣ ਅਤੇ ਪਾਕਿਸਤਾਨ ਨੂੰ ਆਰਥਿਕ ਮੁਸ਼ਕਲਾਂ ਤੋਂ ਉਭਾਰਨ ‘ਤੇ ਜ਼ੋਰ ਦਿੱਤਾ ਸੀ।
ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਚੋਣਾਂ ਵਿਚ ਗੜਬੜੀਆਂ ਹੋਣ ਦੇ ਗੰਭੀਰ ਦੋਸ਼ ਲਾਏ ਹਨ ਅਤੇ ਮੁਸਲਿਮ ਲੀਗ (ਨਵਾਜ਼) ਅਤੇ ਪੀਪਲਜ਼ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਫੌਜੀ ਸਥਾਪਤੀ ਅਤੇ ਨਿਆਂਪਾਲਿਕਾ ਵੱਲੋਂ ਚੋਣਾਂ ਵਿਚ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੀ ਅਸਿੱਧੇ ਢੰਗ ਨਾਲ ਮਦਦ ਕੀਤੀ ਗਈ ਹੈ। ਪ੍ਰਧਾਨ ਮੰਤਰੀ ਵਜੋਂ ਇਸ ਸਮੇਂ ਇਮਰਾਨ ਖਾਨ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਸਭ ਤੋਂ ਵੱਡੀ ਚੁਣੌਤੀ ਆਰਥਿਕ ਪੱਧਰ ਉਤੇ ਹੈ। ਇਸ ਸਮੇਂ ਪਾਕਿਸਤਾਨ ਸਿਰ 70æ2 ਬਿਲੀਅਨ ਡਾਲਰ ਦਾ ਕਰਜ਼ਾ ਹੈ, ਜੋ ਕਿ ਕੁੱਲ ਘਰੇਲੂ ਉਤਪਾਦਨ ਦਾ 26æ6 ਫੀਸਦੀ ਬਣਦਾ ਹੈ। ਦੇਸ਼ ਦੇ ਵਿਦੇਸ਼ੀ ਕਰੰਸੀ ਦੇ ਭੰਡਾਰ 10æ1 ਬਿਲੀਅਨ ਡਾਲਰ ਤੱਕ ਹੇਠਾਂ ਜਾ ਚੁੱਕੇ ਹਨ। ਇਕ ਅੰਦਾਜ਼ੇ ਅਨੁਸਾਰ ਇਸ ਨਾਲ ਪਾਕਿਸਤਾਨ ਆਪਣੀਆਂ ਦੇਣਦਾਰੀਆਂ ਦੀ ਸਿਰਫ ਇਕ ਮਹੀਨੇ ਤੱਕ ਹੀ ਪੂਰਤੀ ਕਰ ਸਕਦਾ ਹੈ। ਇਸ ਸਮੇਂ ਪਾਕਿਸਤਾਨ ਨੂੰ 12 ਬਿਲੀਅਨ ਡਾਲਰ ਦੇ ਤੁਰਤ ਕਰਜ਼ੇ ਦੀ ਜ਼ਰੂਰਤ ਹੈ। ਸਮਝਿਆ ਜਾ ਰਿਹਾ ਹੈ ਕਿ ਸਰਕਾਰ ਇਸ ਮਕਸਦ ਲਈ ਕੌਮਾਂਤਰੀ ਮੁਦਰਾ ਫੰਡ ਤੱਕ ਪਹੁੰਚ ਕਰੇਗੀ ਪਰ ਇਸ ਦੇ ਰਾਹ ਵਿਚ ਅਮਰੀਕਾ ਵੱਲੋਂ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ।
ਅਮਰੀਕਾ ਦਾ ਇਹ ਦੋਸ਼ ਹੈ ਕਿ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ ਤੋਂ ਕਰਜ਼ਾ ਲੈ ਕੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੀਆਂ ਅਦਾਇਗੀਆਂ ਕਰਨਾ ਚਾਹੁੰਦਾ ਹੈ, ਜੋ ਕਿ ਮਨਜ਼ੂਰ ਨਹੀਂ ਹੈ। ਜੇਕਰ ਪਾਕਿਸਤਾਨ ਨੂੰ ਇਹ ਕਰਜ਼ਾ ਮਿਲ ਵੀ ਜਾਂਦਾ ਹੈ ਤਾਂ ਵੀ ਇਸ ਦੀਆਂ ਸ਼ਰਤਾਂ ਏਨੀਆਂ ਸਖਤ ਹੋਣਗੀਆਂ ਕਿ ਉਸ ਨਾਲ ਇਮਰਾਨ ਖਾਨ ਵਲੋਂ ਲੋਕਾਂ ਨਾਲ ਜੋ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ, ਉਨ੍ਹਾਂ ਦੀ ਪੂਰਤੀ ਕਰਨੀ ਮੁਸ਼ਕਲ ਹੋ ਜਾਏਗੀ ਤੇ ਲੋਕਾਂ ਵਿਚ ਉਨ੍ਹਾਂ ਦੇ ਵਿਰੁੱਧ ਬੇਚੈਨੀ ਵਧਣ ਲੱਗ ਪਵੇਗੀ। ਆਰਥਿਕ ਪੱਧਰ ਤੋਂ ਇਲਾਵਾ ਉਨ੍ਹਾਂ ਦੇ ਸਾਹਮਣੇ ਦੂਜੀ ਵੱਡੀ ਸਮੱਸਿਆ ਅਤਿਵਾਦ ਦੀ ਹੈ। ਫੌਜ ਅਤੇ ਪਾਕਿਸਤਾਨ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਭੰਬਲਭੂਸੇ ਵਾਲੀਆਂ ਨੀਤੀਆਂ ਕਾਰਨ ਤਾਲਿਬਾਨ ਅਤੇ ਹੋਰ ਅਤਿਵਾਦੀ ਜਥੇਬੰਦੀਆਂ ਪਾਕਿਸਤਾਨ ਵਿਚ ਬਹੁਤ ਮਜ਼ਬੂਤ ਹੋ ਚੁੱਕੀਆਂ ਹਨ। ਤਾਜ਼ਾ ਚੋਣਾਂ ਦੌਰਾਨ ਹੀ ਵੱਖ-ਵੱਖ ਪਾਰਟੀਆਂ ਦੇ ਕਈ ਮਹੱਤਵਪੂਰਨ ਉਮੀਦਵਾਰ ਅਤੇ ਸੈਂਕੜੇ ਹੋਰ ਲੋਕ ਅਤਿਵਾਦੀਆਂ ਦੇ ਹਮਲਿਆਂ ਦਾ ਸ਼ਿਕਾਰ ਹੋਏ ਹਨ।
ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਵਜੋਂ ਅਜੋਕੇ ਸਮੇਂ ਵਿਚ ਪਾਕਿਸਤਾਨ ਨੂੰ ਉਪਰੋਕਤ ਚੁਣੌਤੀਆਂ ਤੋਂ ਉਭਾਰਨਾ ਪਵੇਗਾ ਅਤੇ ਨਾਲ ਹੀ ਪਾਕਿਸਤਾਨ ਦੇ ਲੋਕਾਂ ਤੇ ਖਾਸ ਕਰ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਜੋ ਉਨ੍ਹਾਂ ਨੇ ਵੱਡੇ-ਵੱਡੇ ਵਾਅਦੇ ਕੀਤੇ ਹਨ, ਉਨ੍ਹਾਂ ਦੀ ਪੂਰਤੀ ਵੀ ਕਰਨੀ ਪਵੇਗੀ। ਇਕ ਤਰ੍ਹਾਂ ਨਾਲ 22 ਸਾਲਾਂ ਤੱਕ ਲੰਮਾ ਸਿਆਸੀ ਸੰਘਰਸ਼ ਕਰਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਇਮਰਾਨ ਖਾਨ ਲਈ ਇਹ ਇਮਤਿਹਾਨ ਦੀ ਘੜੀ ਹੈ।
ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਵਿਧਾਇਕ ਤੋਂ ਵੱਡੀਆਂ ਉਮੀਦਾਂ
ਲਾਹੌਰ: ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀæਟੀæਆਈæ) ਦੇ ਲਹਿੰਦੇ ਪੰਜਾਬ ਦੀ ਅਸੈਂਬਲੀ ਵਿਚ ਮੁਲਤਾਨ ਹਲਕੇ ਤੋਂ ਪਹਿਲਾ ਸਿੱਖ ਮੈਂਬਰ ਵੀ ਪਹੁੰਚ ਚੁੱਕਾ ਹੈ। ਨਵੇਂ ਬਣੇ ਐਮæਪੀæਏæ ਮਹਿੰਦਰ ਪਾਲ ਸਿੰਘ ਨੇ ਸਹੁੰ ਵੀ ਚੁੱਕ ਲਈ ਹੈ। ਆਪਣੇ ਸਹੁੰ ਚੁੱਕ ਸਮਾਗਮ ਮੌਕੇ ਹਰੇ ਰੰਗ ਦੀ ਦਸਤਾਰ ਸਜਾਈ ਮਹਿੰਦਰ ਪਾਲ ਨੇ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਜਾ ਮੱਥਾ ਟੇਕਿਆ ਤੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ।
ਪਾਕਿਸਤਾਨੀ ਅਖਬਾਰ ਦ ਐਕਸਪ੍ਰੈਸ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਮਹਿੰਦਰ ਪਾਲ ਨੇ ਦੱਸਿਆ ਕਿ ਉਹ ਆਪਣੇ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਕੰਮ ਕਰੇਗਾ। ਉਸ ਨੇ ਕਿਹਾ ਕਿ ਗੁਆਂਢੀ ਮੁਲਕ (ਭਾਰਤ) ਵਿਚ ਕਾਫੀ ਧਾਰਮਿਕ ਸਥਾਨ ਹਨ, ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਹਿੰਦਰ ਪਾਲ ਨੇ ਕਿਹਾ ਕਿ ਉਹ ਜਲਦ ਹੀ ਆਪਣੇ ਪਰਿਵਾਰ ਨਾਲ ਹਰਿਮੰਦਰ ਸਾਹਿਬ ਨਤਮਸਤਕ ਹੋਣ ਜਾਵੇਗਾ। ਮਹਿੰਦਰ ਪਾਲ ਸਿੰਘ ਮੁਲਤਾਨ ਸ਼ਹਿਰ ਵਿਚ ਰਹਿੰਦਾ ਹੈ ਤੇ ਕੱਪੜੇ ਦਾ ਕਾਰੋਬਾਰ ਕਰਦਾ ਹੈ।