ਪੰਜਾਬ ‘ਚ ਨਕਲੀ ਪਨੀਰ ਤੇ ਘਿਉ ਦੇ ਗੋਰਖਧੰਦੇ ਦਾ ਪਰਦਾਫਾਸ਼

ਪਟਿਆਲਾ: ਪੰਜਾਬ ਵਿਚ ਨਕਲੀ ਦੁੱਧ, ਪਨੀਰ ਤੇ ਘਿਉ ਬਾਰੇ ਹੋਏ ਖੁਲਾਸੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਸਿਹਤ ਵਿਭਾਗ ਵੱਲੋਂ ਕੀਤੀ ਕਾਰਵਾਈ ਦੱਸਦੀ ਹੈ ਕਿ ਇਸ ਕਾਰੋਬਾਰ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ। ਦੇਵੀਗੜ੍ਹ ਸਿੰਗਲਾ ਚਿਲੰਗ ਸੈਂਟਰ ਵਿਚ ਨਕਲੀ ਪਨੀਰ ਤੇ ਘਿਉ ਤਿਆਰ ਕਰਨ ਦੇ ਮਾਮਲੇ ਨੇ ਤਾਂ ਹੈਰਾਨੀਜਨਕ ਮੋੜ ਲੈ ਲਿਆ ਹੈ।

ਨਕਲੀ ਪਨੀਰ ਤੇ ਘਿਉ ਬਣਾਉਣ ਦੇ ਮਾਮਲੇ ‘ਚ ਫੜੇ ਦੋ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਬਹੁਤ ਹੀ ਹੈਰਾਨੀਜਨਕ ਖੁਲਾਸੇ ਹੋਏ ਹਨ।
ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਨਾਲ ਗੰਢ-ਤੁਪ ਹੋਣ ਕਰਕੇ ਪਹਿਲਾਂ ਇਹ ਇਕ ਨਿੱਜੀ ਡੇਅਰੀ ਦੇ ਮਾਲਕ ਰਾਹੀਂ ਤੇ ਹੁਣ ਇਕ ਹੋਰ ਡੇਅਰੀ ਦੇ ਮਾਲਕ ਰਾਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਦਿੰਦਾ ਸੀ ਤੇ 10,000 ਰੁਪਏ ਪ੍ਰਤੀ ਸੈਂਪਲ ਸਿਹਤ ਮਹਿਕਮੇ ਦੇ ਕਰਮਚਾਰੀਆਂ ਨੂੰ ਦਿੰਦੇ ਸੀ। ਜਿਹੜਾ ਕਿ ਇਨ੍ਹਾਂ ਦੇ ਨਕਲੀ ਪਨੀਰ ਤੇ ਘਿਉ ਤੇ ਅੱਗੋਂ ਸੈਂਪਲ ਸਟੇਟਡ ਫੂਡ ਲੈਬ ਖਰੜ ਪਾਸੋਂ ਪਾਸ ਕਰਾਉਂਦੇ ਸੀ ਤੇ ਸ਼ੱਕ ਪੈਣ ਤੋਂ ਬਚਣ ਲਈ ਮੁਲਜ਼ਮ ਕਦੇ-ਕਦੇ ਇਕ ਅੱਧਾ ਸੈਂਪਲ ਫੇਲ੍ਹ ਵੀ ਕਰਵਾ ਲੈਂਦੇ ਸੀ। ਨਕਲੀ ਪਨੀਰ ਇਨ੍ਹਾਂ ਮੁਲਜ਼ਮਾਂ ਨੂੰ ਕਰੀਬ 120 ਰੁਪਏ ਪ੍ਰਤੀ ਕਿੱਲੋ ਪੈਂਦਾ ਸੀ ਤੇ ਇਹ ਅੱਗੇ ਡੇਅਰੀਆਂ ਤੇ ਵੱਡੀਆਂ ਦੁਕਾਨਾਂ ਨੂੰ 150 ਰੁਪਏ ਪ੍ਰਤੀ ਕਿੱਲੋ ਵੇਚਦਾ ਸੀ ਤੇ ਅੱਗੇ ਡੇਅਰੀਆਂ ਤੇ ਦੁਕਾਨਦਾਰ ਪਨੀਰ ਨੂੰ ਕਰੀਬ 250 ਰੁਪਏ ਪ੍ਰਤੀ ਕਿੱਲੋ ਵੇਚਦੇ ਸੀ।
ਇਸ ਤਰ੍ਹਾਂ ਇਹ ਵਿਅਕਤੀ ਡੇਅਰੀਆਂ ਤੇ ਦੁਕਾਨਦਾਰ ਰਾਹੀਂ ਲੋਕਾਂ ਦੀ ਸਿਹਤ ਅਤੇ ਜੇਬ ਨਾਲ ਖਿਲਵਾੜ ਕਰ ਰਹੇ ਸਨ। ਮੁਲਜ਼ਮ ਅਨਿਲ ਕੁਮਾਰ ਪਹਿਲਾਂ ਕੁਰੂਕਸ਼ੇਤਰ ਹਰਿਆਣਾ ਰਹਿੰਦਾ ਸੀ ਅਤੇ ਦੁੱਧ ਪਾਉਣ ਦਾ ਕੰਮ ਕਰਦਾ ਸੀ। ਸਾਲ 2014 ਵਿਚ ਇਹ ਕਸਬਾ ਦੇਵੀਗੜ੍ਹ ਜ਼ਿਲ੍ਹਾ ਪਟਿਆਲੇ ਰਹਿਣ ਲੱਗ ਪਿਆ, ਜਿਸ ਨੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਪਿੰਡ ਮਿਹੋਣ ਵਿਚ ਖੋਲ੍ਹ ਕੇ ਸਿਹਤ ਮਹਿਕਮੇ ਨਾਲ ਗੰਢ-ਤੁਪ ਕਰਕੇ ਸੈਂਟਰ ਵਿਚ ਨਕਲੀ ਪਨੀਰ, ਦੁੱਧ, ਮੱਖਣ ਅਤੇ ਦੇਸੀ ਘਿਉ ਤਿਆਰ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ। ਨਕਲੀ ਪਨੀਰ ਇਹ ਫਰਾਈਵਿਲ ਰਿਫਾਇੰਡ ਤੇਲ ਨਾਲ ਸਪਰੇਟਾ ਦੁੱਧ ਮਿਕਸ ਕਰਕੇ ਤਿਆਰ ਕਰਦਾ ਸੀ, ਇਕ ਮਹੀਨੇ ਵਿਚ 500 ਤੋਂ 800 ਟੀਨ ਰਿਫਾਇੰਡ ਤੇਲ ਪਨੀਰ ਬਣਾਉਣ ਲਈ ਇਸਤੇਮਾਲ ਕਰਦਾ ਸੀ। ਇਹ ਰਿਫਾਇੰਡ ਤੇਲ ਤਕਰੀਬਨ 7 ਤੋਂ 8 ਲੱਖ ਵਿਚ ਪੈਂਦਾ ਸੀ। ਤੇਲ ਇਹ ਹਨੂਮਾਨ ਸ਼ੂਗਰ ਏਜੰਸੀ, ਚੀਕਾ ਪਾਸੋਂ ਖਰੀਦ ਕਰਦਾ ਸੀ, ਜੋ ਇਕ ਟੀਨ ਦੀ ਕੀਮਤ ਕਰੀਬ 1380 ਰੁਪਏ, ਮਾਰਕਾ ਫਰਾਈਵਿਲ ਇਸ ਨੂੰ ਮਿਲਦੀ ਸੀ।
ਪੁਲਿਸ ਨੇ ਦੱਸਿਆ ਕਿ ਸਿੰਗਲਾ ਚਿਲਿੰਗ ਸੈਂਟਰ ਵਿਚ ਪਨੀਰ ਬਣਾਉਣ ਤੇ ਹੋਰ ਦੁੱਧ ਨਾਲ ਸਬੰਧਤ ਪਦਾਰਥ ਬਣਾਉਂਦੇ ਸਮੇਂ ਕੈਮੀਕਲ, ਸਿਰਕਾ, ਤੇਜ਼ਾਬ, ਡਿਟਰਜੈਂਟ ਅਤੇ ਬਰਤਨਾਂ ਦੀ ਸਫਾਈ ਲਈ ਵਰਤੇ ਜਾਂਦੇ ਕੈਮੀਕਲ ਨੂੰ ਇਹ ਪਹਿਲਾਂ ਚਿਲਿੰਗ ਸੈਂਟਰ ਦੇ ਨਾਲ ਆਪਣੇ ਖਾਲੀ ਪਲਾਟ ਵਿਚ ਖੁੱਲ੍ਹਾ ਛੱਡਦਾ ਸੀ, ਜੋ ਕੰਮ ਵਧਣ ਕਾਰਨ ਇਹ ਪ੍ਰਦੂਸ਼ਿਤ ਪਦਾਰਥ ਉਸ ਪਲਾਟ ਵਿਚ ਠੀਕ ਤਰ੍ਹਾਂ ਨਾਲ ਜਜ਼ਬ ਨਹੀਂ ਹੋ ਰਿਹਾ ਸੀ। ਫਿਰ ਇਸ ਨੇ ਇਸੇ ਪਲਾਟ ਵਿਚ ਡੀਪ ਡਿਸਚਾਰਜ ਬੋਰ ਲਗਵਾਇਆ। ਜਿਸ ਰਾਹੀਂ ਇਹ ਵਰਤਿਆ ਹੋਇਆ ਸਾਰਾ ਕੈਮੀਕਲ ਅਤੇ ਹੋਰ ਜ਼ਹਿਰੀਲੇ ਪਦਾਰਥ ਧਰਤੀ ਦੇ ਪਾਣੀ ਵਿਚ ਮਿਲਾ ਰਿਹਾ ਸੀ, ਜਿਸ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਸੀ। ਇਸ ਸਬੰਧੀ ਪ੍ਰਦੂਸ਼ਣ ਬੋਰਡ ਨੂੰ ਅਨਿਲ ਕੁਮਾਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਲਈ ਅਲੱਗ ਲਿਖ ਕੇ ਭੇਜਿਆ ਜਾ ਰਿਹਾ ਹੈ।