ਸਾਕਾ ਨੀਲਾ ਤਾਰਾ ਉਪਰੇਸ਼ਨ ‘ਚ ਹਿੱਸ ਲੈਣ ਵਾਲਾ ਅਫਸਰ 33 ਸਾਲਾਂ ਬਾਅਦ ਬਰੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਫੌਜੀ ਅਪਰੇਸ਼ਨ ਵਿਚ ਹਿੱਸਾ ਲੈਣ ਵਾਲੇ ਫੌਜ ਦੇ ਇਕ ਸੇਵਾ ਮੁਕਤ ਅਫਸਰ ਨੂੰ ਦੁਰਵਿਹਾਰ ਦੇ ਦੋਸ਼ਾਂ ਤੋਂ ਬਰੀ ਕਰਦਿਆਂ ਉਸ ਦਾ ਸਨਮਾਨ ਬਹਾਲ ਕਰ ਦਿੱਤਾ ਹੈ ਤੇ ਉਸ ਨੂੰ ਸੇਵਾ ਮੁਕਤੀ ਮਗਰੋਂ ਲੈਫਟੀਨੈਂਟ ਕਰਨਲ ਦੇ ਰੈਂਕ ਨਾਲ ਨਿਵਾਜਿਆ ਹੈ।

ਸਰਬ-ਉਚ ਅਦਾਲਤ ਨੇ ਦਰਬਾਰ ਸਾਹਿਬ ਵਿਚ ਫੌਜੀ ਅਪਰੇਸ਼ਨ ਦੌਰਾਨ ਮੇਜਰ (ਹੁਣ ਸੇਵਾ ਮੁਕਤ) ਕੰਵਰ ਅੰਬਰੇਸ਼ਵਰ ਸਿੰਘ ਕੋਲੋਂ ਇਲੈਕਟ੍ਰਾਨਿਕਸ ਦਾ ਕੁਝ ਸਾਜ਼ੋ-ਸਾਮਾਨ ਬਰਾਮਦ ਹੋਣ ਦੇ ਦੋਸ਼ਾਂ ਤੋਂ ਬਰੀ ਕਰਨ ਬਾਰੇ ਆਰਮਡ ਫੋਰਸਿਜ਼ ਟ੍ਰਿਬਿਊਨਲ ਏæਐਫ਼ਟੀæ ਦੇ ਫੈਸਲੇ ‘ਤੇ ਮੋਹਰ ਲਾ ਦਿੱਤੀ ਹੈ। ਬੈਂਚ ਨੇ ਏæਐਫ਼ਟੀæ ਦੇ ਫੈਸਲੇ ਖਿਲਾਫ਼ ਕੇਂਦਰ ਦੀ ਅਪੀਲ ਖਾਰਜ ਕਰ ਦਿੱਤੀ ਪਰ ਸਰਕਾਰ ‘ਤੇ ਪਾਏ ਖਰਚੇ ਦੀ ਰਕਮ 10 ਲੱਖ ਰੁਪਏ ਤੋਂ ਘਟਾ ਕੇ ਇਕ ਲੱਖ ਕਰ ਦਿੱਤੀ।
ਏæਐਫ਼ਟੀæ ਲਖਨਊ ਨੇ ਪਿਛਲੇ ਸਾਲ 11 ਅਗਸਤ ਨੂੰ ਆਪਣੇ ਫੈਸਲੇ ਵਿਚ ਕੰਵਰ ਅੰਬਰੇਸ਼ਵਰ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਦਿਆਂ ਥਲ ਸੈਨਾ ਦੇ ਮੁਖੀ ਦਾ ਉਹ ਫੈਸਲਾ ਉਲੱਦ ਦਿੱਤਾ ਸੀ ਜਿਸ ਵਿਚ ਉਨ੍ਹਾਂ ਨੂੰ ਲੈਫਟੀਨੈਂਟ ਕਰਨਲ ਦਾ ਰੈਂਕ ਦੇਣ ਅਤੇ ਤਰੱਕੀ ਦੇ ਲਾਭ ਦੇਣ ਤੋਂ ਨਾਂਹ ਕੀਤੀ ਗਈ ਸੀ। ਏæਐਫ਼ਟੀæ ਨੇ ਆਖਿਆ ਸੀ ਕਿ ਸਰਕਾਰ ਤਨਖਾਹ ਦੇ ਬਕਾਏ ਤੇ ਸੇਵਾ ਮੁਕਤੀ ਮਗਰੋਂ ਮਿਲਣ ਵਾਲੇ ਲਾਭ ਦੇ ਬਕਾਏ, ਪੈਨਸ਼ਨ ਤੇ ਹੋਰ ਲਾਭ ਦੇਣ ਦੇ ਮੰਤਵ ਲਈ ਕੰਵਰ ਅੰਬਰੇਸ਼ਵਰ ਸਿੰਘ ਨੂੰ ਉਨ੍ਹਾਂ ਦੇ ਬੈਚਮੇਟਾਂ ਸਹਿਤ ਲੈਫਟੀਨੈਂਟ ਕਰਨਲ ਦਾ ਨਾਮਨਿਹਾਦ ਰੈਂਕ ਦੇਵੇ। ਕੰਵਰ ਅੰਬਰੇਸ਼ਵਰ ਸਿੰਘ 1967 ਵਿਚ ਫੌਜ ਵਿਚ ਭਰਤੀ ਹੋਏ ਸਨ। ਜੂਨ 1984 ਵਿਚ 26 ਮਦਰਾਸ ਰੈਜੀਮੈਂਟ ਦੇ ਇਕ ਮੇਜਰ ਦੇ ਤੌਰ ਉਤੇ ਉਨ੍ਹਾਂ ਨੂੰ 38 ਇਨਫੈਂਟਰੀ ਬ੍ਰਿਗੇਡ ਅਤੇ 15 ਇਨਫੈਂਟਰੀ ਡਿਵੀਜ਼ਨ ਦੇ ਤੌਰ ‘ਤੇ ਜਲੰਧਰ ਵਿਚ ਤਾਇਨਾਤ ਕੀਤਾ ਗਿਆ ਸੀ। ਉਸ ਵੇਲੇ ਉਨ੍ਹਾਂ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਖਾੜਕੂਆਂ ਨੂੰ ਖਦੇੜਨ ਦਾ ਜਿੰਮਾ ਸੌਂਪਿਆ ਗਿਆ ਸੀ।
ਟ੍ਰਿਬਿਊਨਲ ਨੇ ਆਪਣੇ ਫੈਸਲੇ ਵਿਚ ਦਰਜ ਕੀਤਾ ਕਿ ਕੰਵਰ ਅੰਬਰੇਸ਼ਵਰ ਸਿੰਘ ਆਪਣੇ ਸੁਪੀਰੀਅਰ ਲੈਫਟੀਨੈਂਟ ਕਰਨਲ ਕੇæਐਮæਜੀæ ਪਨੀਕਰ ਦੀ ਕਮਾਂਡ ਹੇਠ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਦਾਖਲ ਹੋਏ ਸਨ ਤੇ ਉਨ੍ਹਾਂ ਕਈ ਖਾੜਕੂਆਂ ਨੂੰ ਕਾਬੂ ਕੀਤਾ ਸੀ ਤੇ ਭਾਰੀ ਸੰਖਿਆ ਵਿਚ ਹਥਿਆਰ, ਅਸਲਾ ਤੇ ਦਸਤਾਵੇਜ਼ ਬਰਾਮਦ ਕੀਤੇ ਸਨ। ਅਪਰੇਸ਼ਨ ਤੋਂ ਬਾਅਦ ਇਸ ਅਫਸਰ ਨੂੰ ਬਿਨਾਂ ਕਿਸੇ ਵਿਵਾਦ ਤੋਂ ਅਸ਼ੋਕ ਚੱਕਰ ਦੇਣ ਦੀ ਸਿਫਾਰਸ਼ ਕੀਤੀ ਗਈ ਸੀ। ਟ੍ਰਿਬਿਊਨਲ ਦੇ ਰਿਕਾਰਡ ਮੁਤਾਬਕ ਮਸਲਾ 8 ਜੂਨ 1984 ਨੂੰ ਉਦੋਂ ਸ਼ੁਰੂ ਹੋਇਆ ਜਦੋਂ ਯੂਨਿਟ ਦੇ ਕੁਝ ਦਸਤਿਆਂ ਕੋਲੋਂ ਇਕ ਵੀਸੀਆਰ, ਇਕ ਮਿਊਜ਼ਿਕ ਸਿਸਟਮ, ਇਕ ਅਕਾਈ ਡੈੱਕ ਤੇ ਇਕ ਕਲਰ ਟੀਵੀ ਬਰਾਮਦ ਕੀਤਾ ਗਿਆ। ਇਹ ਸਾਜੋ ਸਾਮਾਨ ਲੈਫਟੀਨੈਂਟ ਕਰਨਲ ਪਨੀਕਰ ਦੀ ਮੌਜੂਦਗੀ ਵਿਚ ਬਟਾਲੀਅਨ ਦੇ ਹੈੱਡਕੁਆਟਰ ਲਿਆਂਦਾ ਗਿਆ ਸੀ। ਪਟੀਸ਼ਨਰ ਦੇ ਕਹਿਣ ਮੁਤਾਬਕ ਦਸਤਿਆਂ ਨੇ ਇਹ ਸਾਮਾਨ ਸੋਵੀਨਰ ਦੇ ਤੌਰ ‘ਤੇ ਰੱਖਣ ਦੀ ਬੇਨਤੀ ਕੀਤੀ ਸੀ ਜਿਸ ਨੂੰ ਲੈਫ਼ ਕਰਨਲ ਪਨੀਕਰ ਨੇ ਸਵੀਕਾਰ ਕਰ ਲਿਆ ਸੀ। ਇਹ ਲੈਫ਼ ਕਰਨਲ ਪਨੀਕਰ ਹੀ ਸਨ ਜਿਨ੍ਹਾਂ ਕੈਪਟਨ ਰਾਜੀਵ ਚੋਪੜਾ ਨੂੰ ਚਾਰੋਂ ਇਲੈਕਟ੍ਰਾਨਿਕਸ ਆਈਟਮਾਂ ਜਲੰਧਰ ਯੂਨਿਟ ਲਾਈਨਜ਼ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ ਸਨ। ਟ੍ਰਿਬਿਊਨਲ ਨੇ ਕਿਹਾ ਕਿ ਥਲ ਸੈਨਾ ਤੇ ਸਰਕਾਰ ਕੰਵਰ ਅੰਬਰੇਸ਼ਵਰ ਸਿੰਘ ਖਿਲਾਫ਼ ਭੋਰਾ ਮਾਤਰ ਵੀ ਦੋਸ਼ ਸਿੱਧ ਨਹੀਂ ਕਰ ਸਕੇ ਜਿਨ੍ਹਾਂ ਨੂੰ ਆਪਹੁਦਰੇ ਢੰਗ ਨਾਲ ਸਜ਼ਾ ਦਿੱਤੀ ਗਈ।