ਸਾਬਤ ਸਬੂਤਾ ਪੰਜਾਬ

‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ ਵਿਚ ‘ਰਿਫਰੈਂਡਮ 2020’ ਮੁਹਿੰਮ ਬਾਰੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੇ ਲੇਖ ਪਿਛੋਂ ਹਜ਼ਾਰਾ ਸਿੰਘ, ਅਤਿੰਦਰਪਾਲ ਸਿੰਘ, ਸਰਦਾਰਾ ਸਿੰਘ ਮਾਹਿਲ, ਡਾæ ਬਲਕਾਰ ਸਿੰਘ ਪਟਿਆਲਾ ਅਤੇ ਕਸ਼ਮੀਰ ਸਿੰਘ ਜਵੰਧਾ ਦੇ ਵਿਚਾਰ ਪਾਠਕ ਪੜ੍ਹ ਚੁਕੇ ਹਨ। ਇਸ ਵਾਰ ਇਸੇ ਸਿਲਸਿਲੇ ਵਿਚ ਪ੍ਰੋæ ਅਵਤਾਰ ਸਿੰਘ ਦਾ ਲੇਖ ਛਾਪ ਰਹੇ ਹਾਂ। ਉਨ੍ਹਾਂ ਭਾਵੇਂ Ḕਰਿਫਰੈਂਡਮ 2020Ḕ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਪਰ ਅਸਿੱਧੇ ਤੌਰ ‘ਤੇ ਉਨ੍ਹਾਂ ਦਾ ਇਸ਼ਾਰਾ ਇਸੇ ਪਾਸੇ ਹੈ, ਜਦੋਂ ਉਹ ਕਹਿੰਦੇ ਹਨ ਕਿ ਪੰਜਾਬ ਦੀਆਂ ਧਰਮ ਤੇ ਸਿਆਸਤ ਦੇ ਨਾਂ ‘ਤੇ ਹੋਰ ਵੰਡੀਆਂ ਨਾ ਪਾਈਆਂ ਜਾਣ।

-ਸੰਪਾਦਕ

ਅਵਤਾਰ ਸਿੰਘ (ਪ੍ਰੋæ)
ਫੋਨ: 91-94175-18384

ਪੰਜਾਬ ਸੱਭਿਅਤਾ ਜਾਂ ਜੀਵਨ ਤਰਜ਼ ਦਾ ਨਾਂ ਹੈ। ਈਸਾ ਤੋਂ ਪਹਿਲਾਂ ਮੈਗਸਥਨੀਜ ਨੇ ਇਸ ਨੂੰ ‘ਪੈਂਟੋਪੋਟੇਮੀਆਂ’ ਦਾ ਯੂਨਾਨੀ ਨਾਂ ਦਿੱਤਾ ਸੀ, ਜਿਸ ਦਾ ਅਨੁਵਾਦ ਪੰਚ ਨਦ, ਪੰਜ ਦਰਿਆ ਜਾਂ ਪੰਜ ਪਾਣੀ ਸੀ। ਫਿਰ ਇਸ ਨੂੰ ਇਰਾਨੀਆਂ ਨੇ ਪੰਜਾਬ ਵਿਚ ਅਨੁਵਾਦ ਕਰ ਲਿਆ। ਕਿਹਾ ਨਹੀਂ ਜਾ ਸਕਦਾ ਕਿ ਯੂਨਾਨੀ ਨਾਂ ਪੈਂਟੋਪੋਟੇਮੀਆਂ ਅਤੇ ਇਰਾਨੀ ਨਾਂ ਪੰਜਾਬ, ਸੰਸਕ੍ਰਿਤ ਦੇ ਪੰਚ ਅਪ ਦਾ ਅਨੁਵਾਦ ਹੈ ਜਾਂ ਪੰਚ ਅਪ ਉਨ੍ਹਾਂ ਨਾਂਵਾਂ ਦਾ ਅਨੁਵਾਦ ਹੈ। ਪੰਜਾਬ ਦੇ ਸੰਸਕ੍ਰਿਤ ਨਾਂ ਪੰਚ-ਅਪ ਦਾ ਅਰਥ ਵੀ ਪੰਜ ਪਾਣੀ ਹੈ।
ਇਨ੍ਹਾਂ ਸਾਰੇ ਨਾਂਵਾਂ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਸੱਭਿਅਤਾ ਦੀ ਤਾਸੀਰ ਪੰਚਾਇਤੀ ਅਰਥਾਤ ਲੋਕਤੰਤਰੀ ਹੈ। ਅਪ, ਆਬ ਜਾਂ ਪਾਣੀ ਜੀਵਨ ਦਾ ਪ੍ਰਤੀਕ ਹੈ, ਜਿਸ ਦਾ ਮਤਲਬ ਲੋਕਤੰਤਰੀ ਕਦਰਾਂ-ਕੀਮਤਾਂ ਪੰਜਾਬ ਦਾ ਜੀਵਨ ਸਰੋਤ ਹੈ। ਜੇ ਪੰਜਾਬ ਨੇ ਜਿਉਣਾ ਅਤੇ ਮੌਲਣਾ ਹੈ ਤਾਂ ਇਸ ਦਾ ਪੰਚਾਇਤੀ ਤੇ ਲੋਕਤੰਤਰੀ ਸੁਭਾਅ ਜੀਵਤ ਰਹਿਣਾ ਜ਼ਰੂਰੀ ਹੈ।
ਜਦ ਅਸੀਂ ਪੰਚਾਇਤੀ ਜਾਂ ਲੋਕਤੰਤਰਿਕ ਸੰਬੋਧ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਡਾ ਭਾਵ ਹੁੰਦਾ ਹੈ, ਸਾਂਝੀਵਾਲਤਾ, ਜੋ ਸੱਚਮੁਚ ਪੰਜਾਬ ਦੀ ਮੁਢਲੀ ਪਛਾਣ ਹੈ। ਹਾਲੇ ਕੱਲ੍ਹ ਦੀ ਗੱਲ ਹੈ ਕਿ ਲਾਲਾ ਧਨੀਰਾਮ ਚਾਤ੍ਰਿਕ ਨੇ ਆਪਣੀ ਕਵਿਤਾ ‘ਐ ਪੰਜਾਬ ਕਰਾਂ ਕੀ ਸਿਫਤ ਤੇਰੀ’ ਵਿਚ ਦਿੱਲੀ, ਲਾਹੌਰ, ਸ਼ਿਮਲਾ, ਡਲਹੌਜੀ ਅਤੇ ਕਸ਼ਮੀਰ ਨੂੰ ਪੰਜਾਬ ਦੇ ਹਿੱਸੇ ਮੰਨਿਆ ਹੈ:
ਸ਼ਿਮਲਾ ਡਲਹੌਜੀ ਮਰੀ ਤਿਰੇ
ਕਸ਼ਮੀਰ ਤਿਰਾ ਗੁਲਮਰਗ ਤਿਰਾ।
ਦਿੱਲੀ ਤੇਰੀ ਲਾਹੌਰ ਤਿਰਾ
ਅੰਮ੍ਰਿਤਸਰ ਸੋਹੇ ਸਵਰਗ ਤੇਰਾ।
ਇਸੇ ਕਵਿਤਾ ਵਿਚ ਉਸ ਨੇ ‘ਮਸਜਿਦ ਮੰਦਰ ਦਰਬਾਰ ਤਿਰਾ, ਮੀਆਂ ਲਾਲਾ ਸਰਦਾਰ ਤਿਰਾ’ ਵੀ ਲਿਖਿਆ ਸੀ।
ਪੰਜਾਬ ਦੀ ਇਸ ਸਭਿਆਚਾਰਕ ਜਰਖੇਜ ਦੌਲਤ ਨੂੰ ਚੰਦਰੀ ਸਿਆਸਤ ਨੇ ਨਿਗਲ ਲਿਆ ਹੈ। ਪੰਜਾਬ ਦੇ ਇਲਾਕੇ ਵੰਡੇ ਅਤੇ ਗੁਆਏ ਜਾ ਚੁਕੇ ਹਨ। ਹੁਣ ਪੰਜਾਬ ਚੰਦ ਜ਼ਿਲ੍ਹਿਆਂ ਤੱਕ ਮਹਿਦੂਦ ਹੋ ਕੇ ਰਹਿ ਗਿਆ ਹੈ। ਪੰਜਾਬੀਅਤ ਦੀ ਮੌਲਿਕ ਪਛਾਣ ਵਿਚੋਂ ਲਾਲਾ ਧਨੀਰਾਮ ਚਾਤ੍ਰਿਕ ਦੀ ਕਵਿਤਾ ਵਾਲੇ ‘ਮੀਆਂ’ ਜੀ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਅੱਜ ਜਦੋਂ ਅਸੀਂ ਪੰਜਾਬ ਦਾ ਸੰਗੀਤਕ ਬਾਂਝਪਨ ਦੇਖਦੇ ਹਾਂ ਤਾਂ ਦਿਲ ਵਿਚੋਂ ਉਦਾਸ ਹੂਕ ਉਠਦੀ ਹੈ ਕਿ ਪੰਜਾਬ ਦੇ ਇਕੋ ਇਕ ਸੰਗੀਤਕ ਘਰਾਣੇ ਸ਼ਾਮਚੁਰਾਸੀ ਦੇ ਸਿਰਜਕ ਅਤੇ ਝੰਡਾਬਰਦਾਰ ਸੰਨ ਸੰਤਾਲੀ ਦੇ ਰੌਲਿਆਂ/ਹੱਲਿਆਂ ਜਾਂ ਵੰਡ ਵੇਲੇ ਪਾਕਿਸਤਾਨ ਚਲੇ ਗਏ ਸਨ।
ਪਾਕਿਸਤਾਨ ਵਿਚ ਟੀæ ਵੀæ ਦਾ ਗਾਇਨ ਦੇ ਰੂਪ ਵਿਚ ਉਦਘਾਟਨ ਕਰਨ ਵਾਲਾ ਕਲਾਕਾਰ ਤੁਫੈਲ ਨਿਆਜ਼ੀ ਸਾਂਝੇ ਪੰਜਾਬ ਵਿਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਜ਼ੂਰੀ ਰਾਗੀ ਸੀ, ਜਿਸ ਨੂੰ ਆਸਾ ਦੀ ਵਾਰ ਮਰਦੇ ਦਮ ਤੱਕ ਜ਼ੁਬਾਨੀ ਯਾਦ ਸੀ। ਉਸਤਾਦ ਅਮਾਨਤ ਅਲੀ ਤੇ ਸਲਾਮਤ ਅਲੀ ਹੋਰ ਅਜਿਹੇ ਨਾਂ ਹਨ, ਜਿਨ੍ਹਾਂ ਨੇ ਪੰਜਾਬ ਦੀਆਂ ਸੰਗੀਤਕ ਫਿਜ਼ਾਵਾਂ ਵਿਚ ਚਾਸ਼ਣੀ ਜਿਹੇ ਬੋਲ ਘੋਲਣੇ ਸਨ, ਜੇ ਸੰਤਾਲੀ ਦੀ ਵੰਡ ਨਾ ਹੋਈ ਹੁੰਦੀ।
ਇਸੇ ਤਰ੍ਹਾਂ ਜੇ 1966 ਦੀ ਪੁਨਰਵੰਡ ਨਾ ਹੋਈ ਹੁੰਦੀ ਤਾਂ ਹੌਲੀਵੁੱਡ ‘ਚ ਅਦਾਕਾਰੀ ਦਾ ਤਹਿਲਕਾ ਮਚਾਉਣ ਵਾਲੀ ਅੰਬਾਲੇ ਦੀ ਪ੍ਰਿਅੰਕਾ ਚੋਪੜਾ ‘ਤੇ ਅਸੀਂ ਮਾਣ ਕਰਨਾ ਸੀ। ‘ਆਵਾਜ਼ ਪੰਜਾਬ ਦੀ’ ਖਿਤਾਬ ਜਿੱਤਣ ਵਾਲੀ ਸਿਰਸੇ ਦੀ ਬੇਟੀ ਰੁਪਿੰਦਰ ਹਾਂਡਾ ਪੰਜਾਬ ਦੀ ਹੋਣੀ ਸੀ। ਹਿਸਾਰ ਦੀ ਜੰਮਪਲ ਬੈਡਮਿੰਟਨ ਦੀ ਖਿਡਾਰਨ ਸਾਇਨਾ ਨੇਹਵਾਲ ਦਾ ਨਾਂ ਲੈ ਲੈ ਅਸੀਂ ਫੁੱਲੇ ਨਾ ਸਮਾਉਂਦੇ। ਉਥੋਂ ਦੇ ਹੀ ਅਰਵਿੰਦ ਕੇਜਰੀਵਾਲ ਨੂੰ ‘ਬਾਹਰਲਾ ਬੰਦਾ’ ਕਹਿ ਕੇ ਅਸੀਂ ਭੰਡ ਨਾ ਸਕਦੇ। ਹੋਰ ਤਾਂ ਹੋਰ, ਮਹਿਮ ਵਿਚ ਕਰਿਆਨੇ ਦੀ ਨਿੱਕੀ ਜਿਹੀ ਦੁਕਾਨ ਕਰਦੇ ਵੱਡੇ, ਸੁਸ਼ੀਲ ਅਤੇ ਸੂਝਵਾਨ ਕਵੀ ਜਗਨ ਨਾਥ ਦਾ ਨਾਂ ਪੰਜਾਬੀ ਕਵੀਆਂ ‘ਚ ਸ਼ੁਮਾਰ ਹੋਣਾ ਸੀ।
ਇਸ ਤਕਸੀਮ ਦਰ ਤਕਸੀਮ ਨੇ ਪੰਜਾਬ ਦਾ ਸਾਹ ਸਤ ਨਿੰਬੂ ਵਾਂਗ ਨਿਚੋੜ ਦਿੱਤਾ ਹੈ। ਕਲਾਤਮਕ ਤੌਰ ‘ਤੇ ਪੰਜਾਬ ਦੀ ਹਾਲਤ ਹੁਣ ਕਿਸੇ ਜੂਸ ਦੀ ਰੇਹੜੀ ਕੋਲ ਪਏ ਮਸੰਮੀ ਦੇ ਮੁਸ਼ਕ ਮਾਰਦੇ ਫੋਕਟ ਦੇ ਢੇਰ ਜਿਹੀ ਹੋ ਗਈ ਹੈ। ਜਿਸ ਤਰ੍ਹਾਂ ਕਿਸੇ ਸਮੇਂ ਸਾਡੀ ਅੱਖ ਵਿਚ ‘ਮੀਆਂ’ ਰੜਕਦਾ ਸੀ, ਹੁਣ ‘ਲਾਲਾ’ ਰੜਕਦਾ ਹੈ:
ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ
ਹੁਣ ਸ਼ਿਵ ਕੁਮਾਰ ਦੀ ਵਾਰੀ ਹੈ।æææ
ਫਿਰ ਦਲਿਤ ਦੀ ਵਾਰੀ ਆਵੇਗੀ। ਉਸ ਤੋਂ ਬਾਅਦ ਕਦੋਂ ਕਦੋਂ ਕਿਹਦੀ ਕਿਹਦੀ ਵਾਰੀ ਆਵੇਗੀ, ਕੁਝ ਕਿਹਾ ਨਹੀਂ ਜਾ ਸਕਦਾ। ਇਹ ਸੋਚ ਕੇ ਦਿਲ ਵਿਚੋਂ ਦਰਦ ਭਰੀ ਹੂਕ ਨਿਕਲਦੀ ਹੈ। ਨੇਂ ਜਾਣੀਏ, ਕਦ ਕੋਈ ਅਜਿਹਾ ਉਪੱਦਰੀ ਪੰਜਾਬ ਦੇ ਸਿਆਸੀ ਕਟਹਿਰੇ ‘ਤੇ ਕਾਬਜ਼ ਹੋ ਜਾਵੇ ਤੇ ਸਾਡੀ ‘ਵਾਰੀ’ ਲਿਆ ਦੇਵੇ।
ਪੁਰਾਣੇ ਸਮੇਂ ਵਿਚ ਪੰਜਾਬ ਦੀਆਂ ਵੰਡੀਆਂ ਪਾਉਣ ਵਾਲਿਆਂ ਨੂੰ ਲੱਖ ਲੱਖ ਲਾਹਣਤਾਂ ਪਾਉਣੀਆਂ ਚਾਹੀਦੀਆਂ ਹਨ ਤੇ ਨਵੀਆਂ ਵੰਡੀਆਂ ਦੀਆਂ ਗੱਲਾਂ ਕਰਨ ਵਾਲਿਆਂ ਦੇ ਮਨਸੂਬਿਆਂ ਦੀ ਖਬਰ ਰੱਖਣੀ ਚਾਹੀਦੀ ਹੈ ਕਿ ਇਹ ਲੋਕ ਕੌਣ ਹਨ ਤੇ ਕਿਨ੍ਹਾਂ ਦੇ ਇਸ਼ਾਰਿਆਂ ‘ਤੇ ਇਹ ਪੰਜਾਬ ਦੇ ਗਲ ਵਿਚ ਫਿਰ ਸੰਤਾਲੀ ਜਿਹਾ ਇਕ ਹੋਰ ਫਾਹਾ ਪਾਉਣ ਦੀਆਂ ਸਕੀਮਾਂ ਘੜ ਰਹੇ ਹਨ। ਪੰਜਾਬ ਦੀ ਸਭਿਆਚਾਰਕ ਸਾਂਝੀਵਾਲਤਾ ਨੂੰ ਫਿਰ ਵੱਡਾ ਖਤਰਾ ਦਰਪੇਸ਼ ਹੈ। ਜੇ ਇਸ ਨੂੰ ਨਾ ਟਾਲਿਆ ਗਿਆ ਤਾਂ ਪੰਜਾਬ ਦਾ ਸਭਿਆਚਾਰ ਧਰਤੀ ਤੋਂ ਮਿਟ ਵੀ ਸਕਦਾ ਹੈ।
ਕਿਸੇ ਭਲੇ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪੰਜਾਬ ਦੇ ਮਾਣਮੱਤੇ ਸਾਹਿਤਕਾਰ ਬਲਵੰਤ ਗਾਰਗੀ ਤੋਂ ‘ਪੰਜਾਬ ਦੇ ਮਹਾਨ ਕਲਾਕਾਰ’ ਪੁਸਤਕ ਲਿਖਵਾਈ ਸੀ, ਜੋ ਯੂਨੀਵਰਸਿਟੀ ਦੀ ਕਿਸੇ ਨਾ ਕਿਸੇ ਕਲਾਸ ਵਿਚ ਪੜ੍ਹਾਈ ਵੀ ਜਾਂਦੀ ਹੈ। ਪੰਜਾਬ ਦੀਆਂ ਸਭਿਆਚਾਰਕ ਕਲਾਵਾਂ ਦੀ ਹਾਲਤ ਅਤੇ ਸਿਹਤ ਦਾ ਅੰਦਾਜ਼ਾ ਗਾਰਗੀ ਦੀ ਇਸ ਪੁਸਤਕ ਦੀ ਪੁਨਰ ਛਪਾਈ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਤਨੀ ਘਟੀਆ ਫੋਟੋਸਟੈਟ ਦਾ ਜੇ ਕੰਪੀਟੀਸ਼ਨ ਕਰਵਾਇਆ ਜਾਵੇ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੋਲਡ ਮੈਡਲ ਜਿੱਤ ਸਕਦੀ ਹੈ।
ਪੰਜ ਪਾਣੀਆਂ ਦੇ ਦੇਸ ਪੰਜਾਬ ਦੀਆਂ ਨਦੀਆਂ ਅਤੇ ਨਹਿਰਾਂ ਦਾ ਪਾਣੀ ਕਾਰਖਾਨੇਦਾਰਾਂ ਨੇ ਪੀਣ ਜੋਗਾ ਨਹੀਂ ਛੱਡਿਆ। ਧਰਤੀ ਹੇਠਲਾ ਪਾਣੀ ਜਿਮੀਂਦਾਰਾਂ ਨੇ ਝੋਨੇ ਦੀ ਭੇਟ ਚਾੜ੍ਹ ਦਿੱਤਾ ਹੈ। ਫਲਸਰੂਪ, ਹੁਣ ਪਾਣੀਆਂ ਦੇ ਇਸ ਬਦਕਿਸਮਤ ਦੇਸ ਵਿਚ ਪੀਣ ਵਾਲੇ ਪਾਣੀ ਦੀ ਬੋਤਲ ਵੀਹ, ਤੀਹ, ਪੰਜਾਹ, ਸੱਠ ਰੁਪਏ ਤੋਂ ਲੈ ਕੇ ਸੌ ਰੁਪਏ ਤੱਕ ਮਿਲਦੀ ਹੈ। ਹੋ ਸਕਦਾ ਹੈ, ਆਉਣ ਵਾਲੇ ਸਮੇਂ ਅੰਦਰ ਪੰਜਾਬ ਵਿਚ ਸ਼ਰਾਬ ਦੀ ਥਾਂ ਸਿਰਫ ‘ਆਬ’ ਅਰਥਾਤ ਪਾਣੀ ਦੇ ਠੇਕੇ ਖੁੱਲ੍ਹ ਜਾਣ।
ਠੰਢੇ ਮਿੱਠੇ ਜਲ ਦੀ ‘ਟਕਸਾਲੀ’ ਛਬੀਲ ਅਤੇ ਸਤਿਕਾਰ ਕਮੇਟੀਆਂ ਦੇ ‘ਹਲੀਮੀ ਰਾਜ’ ਨੇ ਖਾਲਸੇ ਦੇ ਅਕਸ ਨੂੰ ਅਜਿਹੀ ਪੁੱਠ ਚਾੜ੍ਹ ਦਿੱਤੀ ਹੈ, ਜਿਸ ਤੋਂ ਗੈਰ ਸਿੱਖ ਤਾਂ ਕਿਤੇ ਰਹੇ, ਸਾਧਾਰਨ ਸਿੱਖਾਂ ਦੇ ਮਨ ਵੀ ਖੌਫਜ਼ਦਾ ਹਨ। ਅਸੀਂ ਖਾਲਿਸਤਾਨ ਦੇ ਨਾਂ ਵਿਚੋਂ ਔਰੰਗਜ਼ੇਬ ਤੋਂ ਬਿਹਤਰ ਨਿਜ਼ਾਮ ਦੀ ਉਮੀਦ ਨਹੀਂ ਬੰਨਾ ਸਕੇ।
ਪੰਜਾਬ ਵੰਨ-ਸੁਵੰਨਤਾ ਦੀ ਸਭਿਅਤਾ ਦਾ ਪੰਘੂੜਾ ਸੀ। ਸਿਆਸਤ ਨੇ ਉਸ ਸਭਿਅਤਾ ਨੂੰ ਦੇਸ਼ ਨਿਕਾਲਾ ਦੇ ਕੇ ਪੰਜਾਬ ਦੇ ਪੰਘੂੜੇ ਵਿਚ ਕੁਲੱਛਣੀ ਨਫਰਤ ਨੂੰ ਦੁਲਹਨ ਵਾਂਗ ਸਜਾ ਕੇ ਬਹਾਲ ਦਿੱਤਾ ਹੈ। ਹੁਣ ਗੁਰਾਂ ਦੇ ਨਾਂ ‘ਤੇ ਵੱਸਦੇ ਪੰਜਾਬ ਵਿਚੋਂ ਭਾਈਚਾਰਕ ਸਾਂਝ ਗਾਇਬ ਹੋ ਰਹੀ ਹੈ ਤੇ ਭਾਈਚਾਰਕ ਦੁਫੇੜ ਦਾ ਬੋਲਬਾਲਾ ਹੋ ਰਿਹਾ ਹੈ।
ਚੂੜਾਮਣੀ ਇਤਿਹਾਸਕਾਰ, ਕਵੀਰਾਜ ਭਾਈ ਸੰਤੋਖ ਸਿੰਘ ਨੇ ਕਿਸੇ ਵੀ ਧਾਰਮਿਕ ਏਕਾਕੇਂਦਰਤ ਸਮਾਜ ਦੀ ਬਣਤਰ ਜਾਂ ਰੂਪ-ਰੇਖਾ ਨੂੰ ‘ਕੁਚੀਲਤਾ’ ਦੀ ਸੰਗਿਆ ਦਿੱਤੀ ਹੈ ਕਿ ਜੇ ਗੁਰੂ ਸਾਹਿਬਾਨ ਹਿੰਦ ਦੀ ਧਰਤੀ ‘ਤੇ ਆਪਣੀ ਰੱਤ ਨਾ ਡੋਲ੍ਹਦੇ ਤਾਂ ਇਥੇ ਏਕਤਾ ਛਾ ਜਾਣੀ ਸੀ ਤੇ ਅਨੇਕਤਾ ਦਾ ਨਾਮੋ-ਨਿਸ਼ਾਨ ਮਿਟ ਜਾਣਾ ਸੀ। ਉਸ ਦੇ ਸ਼ਬਦਾਂ ਵਿਚ:
ਦੇਵੀ ਦੇਵ ਦੇਵਲ ਸੰਤੋਖ ਸਿੰਘਾ ਦੂਰ ਹੋਤੇ
ਫੈਲਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਇਸ ਪ੍ਰਸੰਗ ਵਿਚ ਸੋਚਣਾ ਬਣਦਾ ਹੈ ਕਿ ਇਹ ਰੌਲਾ ਪਾਉਣ ਵਾਲੇ ਲੋਕ ਅਸਲ ਵਿਚ ਸਿੱਖੀ ਦੀ ਸਹਿਜ ਅਤੇ ਸੁਹਜਮਈ ਸਾਂਝੀਵਾਲਤਾ ਨੂੰ ਆਪਣੀ ਜਾਤੀ ‘ਕੁਚੀਲਤਾ’ ਦੀ ਪੁੱਠ ਚਾੜ੍ਹ ਰਹੇ ਹਨ।
ਇਕ ਹੋਰ ਨੁਕਤਾ ਵੀ ਗੌਰਤਲਬ ਹੈ, ਕਿਸੇ ਵੇਲੇ ਕਿਹਾ ਜਾ ਸਕਦਾ ਸੀ ਕਿ ਸਿੱਖ ਸਮਾਜ ਅੰਦਰ ਮੰਗਤੇ ਦੀ ਕੋਈ ਥਾਂ ਨਹੀਂ ਸੀ। ਸਿੱਖ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਦਾਨ ਦੇਣ ਦੀ ਸੀ, ਦਾਨ ਲੈਣ ਦੀ ਨਹੀਂ ਸੀ; ਦਾਨ ਮੰਗਣ ਦੀ ਬਿਲਕੁਲ ਵੀ ਨਹੀਂ ਸੀ ਪਰ ਅਜੋਕੇ ਦੌਰ ਵਿਚ ਸਿੱਖਾਂ ਨੂੰ ਵੀ ਮੰਗਦਿਆਂ ਦੇਖਿਆ ਜਾ ਸਕਦਾ ਹੈ। ਇਤਨਾ ਕੁ ਫਰਕ ਜ਼ਰੂਰ ਹੈ ਕਿ ਸਿੱਖ ਆਪਣੇ ਲਈ ਸਿੱਧਾ ਨਹੀਂ ਮੰਗਦੇ, ਬਲਕਿ ਕੋਈ ਨਾ ਕੋਈ ਬਹਾਨਾ ਬਣਾਉਂਦੇ ਹਨ। ਮੰਗਣ ਦਾ ਇਹ ਟੇਢਾ ਤਰੀਕਾ ਕਮੀਨਗੀ ਦਾ ਸਿਰਾ ਹੈ। ਹੁਣ ਸਿਆਸਤ ਦੇ ਨਾਂ ‘ਤੇ ਵੀ ਮੰਗਣ ਦਾ ਰਿਵਾਜ ਪੈ ਗਿਆ ਹੈ। ਅੱਜ ਕੱਲ੍ਹ ਮੰਗਣ ਲਈ ਵੱਖਰੀ ਸਿੱਖ ਸਟੇਟ ਦਾ ਮੁੱਦਾ ਅਤੇ ਬਹਾਨਾ ਬਹੁਤ ਜ਼ਰਖੇਜ਼ ਹੈ। ਇਸ ਬਹਾਨੇ ਬਹੁਤ ਸਾਰਾ ਧਨ ਇਕੱਠਾ ਹੋਵੇਗਾ। ਕੁਝ ਵਿਸ਼ੇਸ਼ ਬੰਦਿਆਂ ਦੀਆਂ ਕਦੀ ਵੀ ਨਾ ਭਰਨ ਵਾਲੀਆਂ ਤਿਜੋਰੀਆਂ ਭਰਨਗੀਆਂ।
ਸਿਆਸਤ ਦੀਆਂ ਮਜਬੂਰੀਆਂ ਜਾਂ ਅੜਾਂ ਥੁੜ੍ਹਾਂ ਹੋਣਗੀਆਂ, ਜਿਸ ਕਰਕੇ ਚੌਥੇ ਕੁ ਦਿਨ ਪੰਜਾਬ ਨੂੰ ਹੋਰ ਨਿੱਕਾ ਕਰਨ ਦੀ ਜ਼ਰੂਰਤ ਪੈਂਦੀ ਹੈ ਪਰ ਸਾਹਿਤ, ਭਾਸ਼ਾ ਅਤੇ ਸਭਿਆਚਾਰ ਦੀ ਅਜਿਹੀ ਕੋਈ ਮਜਬੂਰੀ ਨਹੀਂ ਹੈ। ਆਓ, ਆਪਾਂ ਆਪਣੇ ਸਬੂਤੇ ਪੰਜਾਬ ਦੀ ਸੁੱਖ ਮੰਗੀਏ ਅਤੇ ਖੈਰ ਮਨਾਈਏ!
ਸਾਡੇ ਸਬੂਤੇ ਪੰਜਾਬ ਦਾ ਕੋਈ ਐਮæ ਐਲ਼ ਏæ ਨਹੀਂ, ਕੋਈ ਮੰਤਰੀ ਸੰਤਰੀ ਨਹੀਂ, ਕੋਈ ਮੁੱਖ ਮੰਤਰੀ ਜਾਂ ਭੁੱਖ ਮੰਤਰੀ ਨਹੀਂ ਹੈ। ਦਰਅਸਲ ਸਾਡੇ ਸਬੂਤੇ ਪੰਜਾਬ ਨੂੰ ਚੋਣਾਂ ਦਾ ਚੰਦਰਾ ਗ੍ਰਹਿਣ ਲੱਗਾ ਹੀ ਨਹੀਂ। ‘ਸਬੂਤਾ ਪੰਜਾਬ’ ਭਗਤ ਰਵਿਦਾਸ ਜੀ ਦੇ ਬੇਗਮਪੁਰੇ ਦਾ ਪਰਿਆਇ ਹੈ। ਕਿਸੇ ਨਵੇਂ/ਸਾਂਝੇ ਸਿੰਬਲ ਦੀ ਤਲਾਸ਼ ਅਤੇ ਉਡੀਕ ਵਿਚ ਇਹੀ ਸਾਡਾ ‘ਹੀਰਵੰਨਾ’ ਪੰਜਾਬ ਹੈ; ਇਹੀ ਸਾਡਾ ਹੋਮਲੈਂਡ ਹੈ; ਇਹੀ ਸਾਡਾ ਖਾਲਿਸਤਾਨ ਹੈ। ਸ਼ਾਲਾ! ਜੁੱਗ ਜੁੱਗ ਜੀਵੇ ਸਾਬਤ ਸਬੂਤਾ ਇਹ ਮੇਰਾ/ਸਾਡਾ ਪੰਜਾਬ!