ਅੱਤਾਤੁਰਕ ਦਾ ਸੈਕੂਲਰ ਤੁਰਕੀ

ਲੰਡਨ ਵੱਸਦਾ ਰਣਜੀਤ ਧੀਰ 1966 ਵਿਚ ਇੰਗਲੈਂਡ ਪੁੱਜਣ ਤੋਂ ਪਹਿਲਾਂ ਮੁਕਤਸਰ ਦੇ ਸਰਕਾਰੀ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਪਿਛਲੇ 35 ਵਰ੍ਹਿਆਂ ਦੌਰਾਨ ਉਹ ਲੰਡਨ ਦੀ ਈਲਿੰਗ ਕੌਂਸਲ ਦੀ ਸਿਆਸਤ ਵਿਚ ਖੂਬ ਸਰਗਰਮ ਰਿਹਾ ਅਤੇ ਉਹ ਕੈਬਨਿਟ ਮੈਂਬਰ ਤੇ ਮੇਅਰ ਦੇ ਅਹੁਦੇ ਸੰਭਾਲ ਚੁਕਾ ਹੈ। ਘੁੰਮਣ-ਫਿਰਨ ਦਾ ਸ਼ੌਕੀਨ ਰਣਜੀਤ ਧੀਰ ‘ਵਤਨੋਂ ਦੂਰ’, ‘ਪਰਦੇਸਨਾਮਾ’ ਅਤੇ ‘ਸਾਊਥਾਲ ਦਾ ਸੂਰਜ’ ਕਿਤਾਬਾਂ ਛਪਵਾ ਚੁਕਾ ਹੈ। ਹੁਣੇ-ਹੁਣੇ ਉਸ ਦੀ ਚੌਥੀ ਕਿਤਾਬ ‘ਜੇਰੂਸੱਲਮ ਅਜੇ ਦੂਰ ਹੈ’ ਛਪੀ ਹੈ। ਇਸ ਸਫਰਨਾਮੇ ਦਾ ਇਕ ਕਾਂਡ ਅਸੀਂ ਦੋ ਕਿਸ਼ਤਾਂ ਵਿਚ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ

ਜਿਸ ਵਿਚ ਤੁਰਕੀ ਦੀਆਂ ਦੇਖਣਯੋਗ ਥਾਂਵਾਂ ਦੇ ਨਾਲ-ਨਾਲ ਸਿਆਸਤ ਅਤੇ ਇਤਿਹਾਸ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। -ਸੰਪਾਦਕ

ਰਣਜੀਤ ਧੀਰ
ਲੰਡਨ ਤੋਂ ਉਡ ਕੇ ਅਸੀਂ ਤੁਰਕੀ ਦੇ ਦੱਖਣੀ ਹਿੱਸੇ ਵਿਚ ਪੈਂਦੀ ਬੰਦਰਗਾਹ ਅੰਤਾਲੀਆ ਪਹੁੰਚ ਗਏ। ਵਿਸ਼ਾਲ ਸਮੁੰਦਰ ਦੇ ਐਨ ਕੰਢੇ ‘ਤੇ ਵੱਡੇ ਮਹਿਲ ਵਰਗਾ ਸਾਡਾ ਹੋਟਲ ਅੰਦਰੋਂ-ਬਾਹਰੋਂ ਇਉਂ ਲਗਦਾ ਸੀ, ਜਿਵੇਂ ਯੂਰਪ ਦਾ ਹੀ ਸ਼ਹਿਰ ਹੋਵੇ।
ਸ਼ੀਸ਼ੇ ਦੇ ਲੰਮੇ-ਉਚੇ ਦਰਵਾਜਿਆਂ ਵਿਚੋਂ ਲੰਘ, ਅਸੀਂ ਪੌੜੀਆਂ ਉਤਰਦੇ ਰੇਤਲੇ ਤੱਟ ‘ਤੇ ਛੱਤਰੀਆਂ ਹੇਠਾਂ ਜਾ ਬੈਠੇ। ਭਾਰਤ ਵਾਂਗ ਤਿੱਖੜ ਦੁਪਹਿਰ ਵਰਗੀ ਗਰਮੀ ਪਰ ਤੇਜ਼ ਸਮੁੰਦਰੀ ਹਵਾਵਾਂ ਕਰਕੇ ਚੁਭਦੀ ਨਹੀਂ ਸੀ। ਦੂਰ ਦਿਸਹੱਦੇ ‘ਤੇ ਆਉਂਦੇ-ਜਾਂਦੇ ਜਹਾਜ ਪਾਣੀ ਉਤੇ ਤਰਦੇ ਖਿਡੌਣਿਆਂ ਵਾਂਗ ਲੱਗ ਰਹੇ ਸਨ।
‘ਤੁਰਕੀ’ ਦਾ ਅਰਥ ਹੈ- ਚੜ੍ਹਦੇ ਸੂਰਜ ਦੀ ਧਰਤੀ। ਕਦੀ ਤੁਰਕੀ ਬਹੁਤ ਵੱਡਾ ਸਾਮਰਾਜ ਹੁੰਦਾ ਸੀ, ਜਿਸ ਵਿਚ ਸੀਰੀਆ, ਇਰਾਕ, ਜੌਰਡਨ, ਮਿਸਰ, ਫਲਸਤੀਨ, ਸਾਰੇ ਉਤਰੀ ਅਫਰੀਕੀ ਦੇਸ਼-ਅਲਜੀਰੀਆ, ਲਿਬੀਆ, ਟਿਊਨੀਸ਼ੀਆ ਅਤੇ ਮੋਰਾਕੋ ਸ਼ਾਮਲ ਸਨ। ਇਸੇ ਤਰ੍ਹਾਂ ਉਤਰ ਵੱਲ ਪੈਂਦੇ ਸਨ, ਕੋਹਕਾਫੀ ਦੇਸ਼ ਆਰਮੀਨੀਆ ਅਤੇ ਜੌਰਜੀਆ। ਇਸ ਤੋਂ ਬਿਨਾ ਸਾਰਾ ਪੂਰਬੀ ਯੂਰਪ, ਦੱਖਣ ਵਿਚ ਯੂਨਾਨ ਤੋਂ ਲੈ ਕੇ ਵੀਆਨਾ ਤੀਕ ਸਾਰਾ ਇਲਾਕਾ ਇਸ ਸਾਮਰਾਜ ਦਾ ਹੀ ਹਿੱਸਾ ਹੁੰਦਾ ਸੀ।
ਉਂਜ, ਜਿਸ ਤੁਰਕੀ ਵਿਚ ਅਸੀਂ ਆਏ ਹਾਂ, ਉਹ ਉਸ ਵੱਡੇ ਸਾਮਰਾਜ ਦਾ ਛੋਟਾ ਜਿਹਾ ਹਿੱਸਾ ਹੀ ਬਚਿਆ ਹੈ। ਸੱਤਵੀਂ-ਅੱਠਵੀਂ ਸਦੀ ਮਗਰੋਂ ਇਸਲਾਮ ਚਾਰੇ ਪਾਸੇ ਫੈਲਣਾ ਸ਼ੁਰੂ ਹੋ ਗਿਆ। ਇਹ ਸਾਰਾ ਇਲਾਕਾ ਉਦੋਂ ਇਸਾਈ ਵਸੋਂ ਵਾਲਾ ਸੀ। ਰੋਮ ਤੋਂ ਦੂਰ ਹੋਣ ਕਰਕੇ ਹੌਲੀ-ਹੌਲੀ ਸਥਾਨਕ ਇਸਾਈ ਕਬੀਲਿਆਂ ਨੇ ਪੋਪ ਨੂੰ ਛੱਡ ਕੇ ਆਪਣਾ ਪੂਰਬੀ ਇਸਾਈਅਤ ਦਾ ਫਿਰਕਾ ਕਾਇਮ ਕਰ ਲਿਆ। ਇਸ ਇਲਾਕੇ ਦੇ ਬਾਦਸ਼ਾਹ ਕੌਨਸਟੈਂਟਾਈਨ ਨੇ ਧਾਰਮਿਕ ਮੁਖੀ ਬਣ ਕੇ ਪੋਪ ਦੇ ਮੁਕਾਬਲੇ ਪੂਰਬੀ ਇਸਾਈਆਂ ਦਾ ਪੰਥ ਖੜ੍ਹਾ ਕਰ ਦਿੱਤਾ ਸੀ। ਇਸੇ ਕਰਕੇ ਸੁੰਨੀ ਅਤੇ ਸ਼ੀਆ ਮੁਸਲਮਾਨਾਂ ਵਾਂਗ ਇਸਾਈ ਜਗਤ ਵਿਚ ਵੀ ਪੋਪ ਦੇ ਰੋਮਨ ਕੈਥੋਲਿਕ ਅਤੇ ਪੂਰਬੀ ਰੂੜ੍ਹੀਵਾਦੀ ਇਸਾਈਆਂ ਵਿਚ ਸਦੀਆਂ ਤੋਂ ਆਪਸੀ ਵਿਰੋਧ ਤੁਰਿਆ ਆ ਰਿਹਾ ਹੈ। ਇਤਿਹਾਸ ਇਹ ਵੀ ਦੱਸਦਾ ਹੈ ਕਿ ਇਸੇ ਵਿਰੋਧ ਸਦਕਾ ਜਦ ਤੁਰਕਾਂ ਨੇ ਰਾਜਧਾਨੀ ਕੌਨਸਟੈਂਟੀਨੋਪਲ ਉਤੇ ਹੱਲੇ ਕੀਤੇ ਤਾਂ ਪੱਛਮੀ ਰੋਮਨ ਕੈਥੋਲਿਕ ਦੇਸ਼ਾਂ ਅਤੇ ਪੋਪ ਨੇ ਇਸੇ ਵਿਰੋਧ ਕਰਕੇ ਉਨ੍ਹਾਂ ਦੀ ਮਦਦ ਨਾ ਕੀਤੀ। ਜੇ ਫਰਾਂਸ, ਸਪੇਨ ਅਤੇ ਪੋਪ ਦੀਆਂ ਸ਼ਕਤੀਸ਼ਾਲੀ ਫੌਜਾਂ ਦੀ ਮਦਦ ਮਿਲ ਜਾਂਦੀ ਤਾਂ ਤੁਰਕੀ ਦੀਆਂ ਫੌਜਾਂ ਕੌਨਸਟੈਂਟੀਨੋਪਲ ਨੂੰ ਕਦੀ ਜਿੱਤ ਨਾ ਸਕਦੀਆਂ।
ਸੰਨ 1453 ਵਿਚ ਕੌਨਸਟੈਂਟੀਨੋਪਲ ਨੂੰ ਜਿੱਤਣ ਮਗਰੋਂ ਤੁਰਕਾਂ ਦੀ ਚੜ੍ਹਤ ਹੋ ਗਈ। ਉਨ੍ਹਾਂ ਨੇ ਇਸਾਈਆਂ ਦੀ ਵੱਡੀ ਨਗਰੀ ਦਾ ਨਾਂ ਬਦਲ ਕੇ ‘ਇਸਤੂੰਬਲ’ ਰੱਖ ਦਿੱਤਾ। ਉਨ੍ਹਾਂ ਦੇ ਵੱਡੇ ਗਿਰਜੇ ‘ਹੈਗੀਆ ਸੋਫੀਆ’ ਨੂੰ ਮਸਜਿਦ ਬਣਾ ਦਿੱਤਾ।
ਪਰ ਕੋਈ ਵੀ ਸਾਮਰਾਜ ਹਮੇਸ਼ਾ ਨਹੀਂ ਚਲਦਾ ਰਹਿੰਦਾ। ਤੁਰਕਾਂ ਦਾ ਸਾਮਰਾਜ ਵੀ 450 ਸਾਲਾਂ ਮਗਰੋਂ ਪਹਿਲੀ ਸੰਸਾਰ ਜੰਗ ਦੇ ਖਾਤਮੇ ਵੇਲੇ ਖਤਮ ਹੋ ਗਿਆ। ਅਗਲੇ ਦੋ ਹਫਤੇ ਅਸੀਂ ਇਸ ਵੱਡੇ ਸਾਮਰਾਜ ਦੀਆਂ ਪੈੜਾਂ ਕੱਢ ਕੇ ਦੱਖਣ ਵਿਚ ਅੰਤਾਲੀਆ ਤੋਂ ਚੱਲ ਕੇ ਉਤਰ ਪੱਛਮ ਵਿਚ ਪੈਂਦੇ ਵੱਡੇ ਨਗਰ ਇਸਤੂੰਬਲ ਪਹੁੰਚਣਾ ਸੀ।
ਹੋਟਲ ਦੀ ਲੌਬੀ ਵਿਚ ਆ ਕੇ ਅਸੀਂ ਸੂਚਨਾ ਸੈਂਟਰ ‘ਤੇ ਬੈਠੀ ਬੀਬੀ ਨੂੰ ਪੁੱਛਿਆ ਕਿ ਰਾਤ ਦੀ ਰੋਟੀ ਤੋਂ ਪਹਿਲਾਂ ਅਸੀਂ ਸ਼ਹਿਰ ਦਾ ਕਿਹੜਾ ਹਿੱਸਾ ਦੇਖਣ ਜਾਈਏ? ਉਹਨੇ ਕਿਹਾ, ਪੁਰਾਣੀ ਬੰਦਰਗਾਹ ਚਲੇ ਜਾਉ। ਸ਼ਾਮ ਨੂੰ ਉਥੇ ਰੌਣਕ ਹੁੰਦੀ ਹੈ।
ਬੰਦਰਗਾਹ ਦਾ ਸਾਰਾ ਮਾਹੌਲ ਮੱਧਯੁਗੀ ਲੱਗਾ। ਭੀੜੀਆਂ ਗਲੀਆਂ, ਟੁੱਟੀਆਂ-ਭੱਜੀਆਂ ਸੜਕਾਂ ਅਤੇ ਆਸੇ-ਪਾਸੇ ਗੁਦਾਮਾਂ ਵਰਗੀਆਂ ਇਮਾਰਤਾਂ। ਪੁਰਾਣੇ ਸ਼ਹਿਰ ਵਿਚ ਉਚੀਆਂ ਰਿਹਾਇਸ਼ੀ ਇਮਾਰਤਾਂ ਇਕ ਦੂਜੇ ਦੇ ਐਨੀਆਂ ਨੇੜੇ ਕਿ ਸਮਝੋ ਇਕ-ਦੂਜੇ ਉਤੇ ਚੜ੍ਹੀਆਂ ਹੋਈਆਂ। ਅਸੀਂ ਸੋਚਿਆ, ਇਨ੍ਹਾਂ ਵਿਚ ਧੁੱਪ ਅਤੇ ਹਵਾ ਕਿਧਰੋਂ ਆਉਂਦੀ ਹੋਵੇਗੀ? ਖੈਰ, ਦੁਨੀਆਂ ਦੇ ਸਾਰੇ ਪੁਰਾਣੇ ਸ਼ਹਿਰਾਂ ਦਾ ਇਹੋ ਹਾਲ ਹੈ ਪਰ ਯੂਰਪ ਦੀਆਂ ਡੋਵਰ, ਨੀਸ ਵਰਗੀਆਂ ਪੁਰਾਣੀਆਂ ਬੰਦਰਗਾਹਾਂ ਵਾਂਗ ਇਥੇ ਆਧੁਨਿਕ ਕਿਸਮ ਦਾ ਤਾਣਾ-ਬਾਣਾ ਨਹੀਂ ਸੀ।
ਇਸ ਪੁਰਾਣੇ ਇਲਾਕੇ ਦੇ ਮੁਕਾਬਲੇ ਸਾਡੇ ਹੋਟਲ ਵਾਲਾ ਇਲਾਕਾ ਬਹੁਤ ਮਾਡਰਨ ਸੀ। ਹੋਟਲ ਦੇ ਬਾਹਰ ਵਧੀਆ ਸਟੋਰ ਅਤੇ ਚੌੜੀਆਂ ਸੜਕਾਂ ਦੇ ਆਸੇ-ਪਾਸੇ ਰੁੱਖ ਅਤੇ ਫੁੱਲ ਸਨ। ਢਾਬਿਆਂ ਅਤੇ ਹੋਰ ਦੁਕਾਨਾਂ ਦੇ ਬਾਹਰ ਵੱਡੀਆਂ ਛਤਰੀਆਂ ਹੇਠ ਬੈਠੇ ਲੋਕ ਖਾਂਦੇ-ਪੀਂਦੇ ਵੱਡੇ ਹੁੱਕੇ ਪੀਂਦੇ ਵੀ ਦੇਖੇ।
ਇਸ ਸਫਰ ਦੀ ਸਾਡੀ ਗਾਈਡ ਮਿਰੀਅਮ ਸੀ। ਬਹੁਤ ਸੋਹਣੀ, ਲੰਮੀ, ਉਚੀ ਹਰ ਪਾਸੇ ਹਸੂੰ-ਹਸੂੰ ਕਰਦੀ। ਬਹੁਤ ਮਿਲਣਸਾਰ ਸੀ ਅਤੇ ਸਭ ਦਾ ਖਿਆਲ ਰੱਖਦੀ। ਸਾਰੇ ਮੁਸਾਫਿਰ ਉਹਨੂੰ ਆਪਣੀ ਬੇਟੀ ਵਾਂਗ ਸਮਝਦੇ। ਰਾਤ ਦੇ ਖਾਣੇ ਸਮੇਂ ਉਹਨੇ ਸਫਰ ਦਾ ਸਾਰਾ ਨਕਸ਼ਾ ਸਮਝਾ ਦਿੱਤਾ ਸੀ। ਕੋਨੀਆ, ਕੈਪਾਡੋਕੀਆ, ਆਂਕਰਾ ਆਦਿ ਸ਼ਹਿਰਾਂ ਵਿਚ ਦੀ ਕੋਚ ਦਾ ਸਫਰ ਕਰਦਿਆਂ ਅਸੀਂ ਬਾਰ੍ਹਾਂ ਦਿਨਾਂ ਬਾਅਦ ਇਸਤੂੰਬਲ ਪਹੁੰਚਣਾ ਸੀ।
ਪਹਿਲਾ ਪੜਾਅ ਸਾਡਾ ਕੋਨੀਆ ਦਾ ਸੀ। ਅੰਤਾਲੀਆ ਤੋਂ ਬਾਹਰ ਨਿਕਲਦਿਆਂ ਹੀ ਬੰਜਰ ਜਿਹਾ ਇਲਾਕਾ ਸ਼ੁਰੂ ਹੋ ਗਿਆ। ਸੜਕ ਚੌੜੀ ਜ਼ਰੂਰ ਸੀ ਪਰ ਟਰੈਫਿਕ ਬਹੁਤ ਘੱਟ। ਆਸੇ-ਪਾਸੇ ਰੋਡੇ ਜਿਹੇ ਖੇਤ ਸਨ ਜਿਨ੍ਹਾਂ ਵਿਚ ਕੋਈ ਫਸਲ ਨਹੀਂ ਸੀ। ਮਿਰੀਅਮ ਨੇ ਦੱਸਿਆ ਕਿ ਦੱਖਣੀ ਇਲਾਕੇ ਵਿਚ ਮੀਂਹ ਬਹੁਤ ਘੱਟ ਪੈਂਦਾ ਹੈ ਅਤੇ ਖੇਤੀਬਾੜੀ ਲਈ ਪਾਣੀ ਦਾ ਪ੍ਰਬੰਧ ਨਹੀਂ। ਪੇਂਡੂ ਵਸੋਂ ਬਹੁਤ ਗਰੀਬ ਹੈ। ਰਾਹ ਵਿਚ ਅਸੀਂ ‘ਲੂਣ’ ਦੀਆਂ ਝੀਲਾਂ ਦੇਖੀਆਂ ਜੋ ਕਈ ਥਾਂਈਂ ਸੁੱਕੀਆਂ ਹੋਈਆਂ ਸਨ। ਇਕ ਪੜਾਅ ਉਤੇ ਚਾਹ ਪੀਣ ਸਮੇਂ ਅਸੀਂ ਲੂਣ ਦੀ ਸੁੱਕੀ ਝੀਲ ਉਤੇ ਤੁਰ ਕੇ ਦੇਖਿਆ। ਪੈਰਾਂ ਹੇਠ ਲੂਣ ਦੀ ਕਿਰਚ-ਕਿਰਚ ਹੁੰਦੀ ਸੀ।
ਪ੍ਰਾਚੀਨ ਸਮਿਆਂ ਵਿਚ ਕੋਨੀਆ ਤੁਰਕ ਰਾਜਿਆਂ ਦੀ ਰਾਜਧਾਨੀ ਹੁੰਦਾ ਸੀ। ਰੋਮਨ ਰੰਗ-ਮੰਚ ਅਤੇ ਮਾਰਕੀਟਾਂ ਦੇ ਖੰਡਰ ਹਾਲੇ ਵੀ ਦਿਸਦੇ ਹਨ। ਇਹ ਸ਼ਹਿਰ ਤੁਰਕੀ ਦੇ ਮਸ਼ਹੂਰ ਦਰਵੇਸ਼ ਸੂਫੀ ਕਵੀ ਰੂਮੀ ਮਲਵਾਨੀ ਦਾ ਡੇਰਾ ਸੀ। ਇਥੇ ਮਲਵਾਨੀ ਸਮਾਰਕ ਬਣਿਆ ਹੋਇਆ ਹੈ ਜਿਸ ਨੂੰ ਤਿਦੇਸੀ ਕਹਿੰਦੇ ਹਨ। ਰੂਮੀ ਆਪਣੀ ਰੂਹਾਨੀ ਸ਼ਾਇਰੀ ਦੀ ਰਚਨਾ ‘ਮਥਾਨਵੀ’ ਕਰਕੇ ਮਸ਼ਹੂਰ ਹੈ।
ਰੂਮੀ ਦੇ ਸੂਫੀ ਆਪਣੇ ਰੱਬ ਨਾਲ ਇਕ ਹੋਣ ਦੀ ਤਾਂਘ ਵਿਚ ਲੀਨ ਹੋ ਕੇ ਨੱਚਦੇ ਹਨ। ਸੂਫੀ ਮੱਤ ਦੀ ਧਾਰਨਾ ਹੈ ਕਿ ਆਪਣੇ ਰੱਬ ਨਾਲ ਸਿੱਧਾ ਰੂਹਾਨੀ ਰਿਸ਼ਤਾ ਬਣਾਇਆ ਜਾ ਸਕਦਾ ਹੈ। ਰੱਬ ਨਾਲ ਇਕਮਿਕ ਹੋਣ ਲਈ ਤੁਹਾਨੂੰ ਮੁੱਲਾਂ-ਮੁਲਾਣਿਆਂ ਦੀ ਲੋੜ ਨਹੀਂ। ਇਨ੍ਹਾਂ ਦਰਵੇਸ਼ਾਂ ਨੂੰ ਚਿੱਟੇ ਚੋਲੇ ਪਾਈ ਨੱਚਦਿਆਂ ਦੇਖਿਆ। ਰੱਬ ਦੇ ਸੂਫੀ ਉਪਾਸ਼ਕ ਅੱਜ ਤੀਕ ਨੱਚ ਕੇ ਰੱਬ ਦੀ ਉਸਤਤ ਕਰਦੇ ਹਨ। ਰੂਹਾਨੀ ਨਾਚ ਅਤੇ ਸੰਗੀਤ ਦਾ ਇਹ ਨਜ਼ਾਰਾ ਕਮਾਲ ਦਾ ਸੀ।
ਸ਼ਾਮ ਨੂੰ ਰੋਟੀ ਤੋਂ ਪਹਿਲਾਂ ਸਾਨੂੰ ਇਕ ਕਿਲ੍ਹੇ ਵਿਚ ਤੁਰਕਿਸ਼ ਨਾਚ (ਬੈਲੀ ਡਾਂਸ) ਦਾ ਸ਼ੋਅ ਦਿਖਾਉਣ ਲੈ ਗਏ। ਕਿਲ੍ਹੇ ਅੰਦਰ ਗੋਲਾਕਾਰ ਪੰਡਾਲ ਦੇ ਆਲੇ-ਦੁਆਲੇ ਕਈ ਤੰਗ ਕਮਰੇ ਬਣੇ ਹੋਏ ਸਨ ਜਿਵੇਂ ਪੁਰਾਣੇ ਸਮਿਆਂ ਵਿਚ ਘੋੜੇ ਬੰਨ੍ਹਣ ਵਾਲੇ ਤਬੇਲੇ ਹੋਣ। ਕਿਲ੍ਹੇ ਦੇ ਪੰਡਾਲ ਵਿਚ ਸਾਥੋਂ ਬਿਨਾ ਸੈਂਕੜੇ ਹੋਰ ਦਰਸ਼ਕ ਵੀ ਸਨ। ਹਰ ਕਮਰੇ ਵਿਚਾਲੇ ਮੇਜ਼ ਉਤੇ ਤਰ੍ਹਾਂ-ਤਰ੍ਹਾਂ ਦੀ ਵਾਈਨ, ਵਿਸਕੀ, ਬੀਅਰ ਅਤੇ ਜੂਸ ਰੱਖੇ ਹੋਏ ਸਨ। ਨਾਲ ਛੋਟੀਆਂ-ਛੋਟੀਆਂ ਪਕਾਈਆਂ ਮੱਛੀਆਂ ਅਤੇ ਖਾਣ-ਪੀਣ ਦਾ ਹੋਰ ਨਿੱਕ-ਸੁੱਕ ਸੀ।
ਨਾਚ ਦਾ ਨਾਟਕ ਬੌਲੀਵੁੱਡ ਫਿਲਮਾਂ ਦੇ ਦ੍ਰਿਸ਼ ਵਾਂਗ ਲੱਗਾ। ਡਾਕੂਆਂ ਦੀ ਟੋਲੀ ਦੋ ਸੋਹਣੀਆਂ ਕੁੜੀਆਂ ਨੂੰ ਚੁੱਕ ਕੇ ਲੈ ਆਉਂਦੀ ਹੈ। ਬਾਅਦ ਵਿਚ ਕੁੜੀਆਂ ਖੁੱਲ੍ਹੇ ਛੋਟੇ ਪਜਾਮੇ ਪਾਈ ਚਾਕੂ ਅਤੇ ਤਲਵਾਰਾਂ ਸਮੇਤ ਨਾਚ ਕਰਦੀਆਂ ਹਨ। ਸੋਹਣੀਆਂ ਤੁਰਕ ਕੁੜੀਆਂ ਦੇ ਨਾਚ ਦੀ ਲੈਅ ਅਤੇ ਸੁਰਤਾਲ ਭਾਰਤੀ ਫਿਲਮਾਂ ਵਾਂਗ ਹੀ ਮਨਮੋਹਣੀ ਸੀ।
ਰੋਟੀ ਖਾਂਦਿਆਂ-ਪੀਂਦਿਆਂ ਅੱਧੀ ਰਾਤ ਹੋ ਗਈ। ਸਾਰੇ ਦਿਨ ਦੇ ਥੱਕੇ ਹੋਏ ਸਾਰੇ ਸੈਲਾਨੀ ਕੋਚ ਵਿਚ ਬੈਠਦਿਆਂ ਸਾਰ ਊਂਘਣ ਲੱਗੇ। ਮਿਰੀਅਮ ਨੇ ਮਾਈਕ ਉਤੇ ਕਿਹਾ ਕਿ ਆਪਣੇ ਹੋਟਲ ਤੀਕ ਘੰਟੇ-ਡੇਢ ਘੰਟੇ ਦਾ ਸਫਰ ਹੈ। ਇੰਜ ਸਭ ਦਾ ਸੌਣਾ ਡਰਾਈਵਰ ਵਾਸਤੇ ਠੀਕ ਨਹੀਂ। ਉਹਨੇ ਹਾਸੇ ਵਾਲੀਆਂ ਕਈ ਗੱਲਾਂ ਕਰਦਿਆਂ ਸੁਝਾਅ ਦਿੱਤਾ ਕਿ ਹਰ ਬੰਦਾ, ਔਰਤ ਕੁਝ ਨਾ ਕੁਝ ਗਾ ਕੇ ਸੁਣਾਵੇ। ਸਾਰੇ ਪਾਸੇ ਘੁਸਰ-ਮੁਸਰ ਸ਼ੁਰੂ ਹੋ ਗਈ। ਕਈ ਆਦਮੀ-ਔਰਤਾਂ ਕਹਿਣ, ਅਸੀਂ ਤਾਂ ਕਦੇ ਗਾ ਕੇ ਦੇਖਿਆ ਹੀ ਨਹੀਂ ਪਰ ਮਿਰੀਅਮ ਹੱਸਦੀ ਹੱਸਦੀ ਕਹਿੰਦੀ, ਮੈਂ ਨਹੀਂ ਮੰਨਦੀ।
ਖੈਰ, ਕੋਚ ਵਿਚ ਗਾਉਣ-ਵਜਾਉਣ ਦਾ ਕੰਮ ਸ਼ੁਰੂ ਹੋ ਗਿਆ। ਅੰਗਰੇਜ਼ਾਂ ਨੇ ਅੰਗਰੇਜ਼ੀ ਵਿਚ ਗੀਤ ਗਾਏ। ਮੈਂ ਗਾਇਆ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ।’ ਨਾਲ ਹੀ ਅੰਗਰੇਜ਼ੀ ਵਿਚ ਤਜਰਮਾ ਕਰਕੇ ਸਮਝਾ ਦਿੱਤਾ। ਸਾਡੇ ਸਾਥੀਆਂ ਨੂੰ ਜਦ ਸਮਝ ਆਈ ਤਾਂ ਉਨ੍ਹਾਂ ਇਕ ਵਾਰ ਫੇਰ ਤਾੜੀਆਂ ਮਾਰ ਕੇ ਮੇਰਾ ਹੌਸਲਾ ਵਧਾਇਆ।
ਜਦ ਮਿਰੀਅਮ ਦੀ ਵਾਰੀ ਆਈ ਤਾਂ ਅਸੀਂ ਹੈਰਾਨ ਹੋ ਗਏ। ਉਹਨੇ ਸੰਸਕ੍ਰਿਤ ਵਿਚ ਗਾਇਤਰੀ ਮੰਤਰ ਗਾ ਕੇ ਸੁਣਾਇਆ; ਬਹੁਤ ਪਿਆਰੀ ਆਵਾਜ਼ ਵਿਚ। ਅੰਗਰੇਜ਼ ਸਾਥੀਆਂ ਨੂੰ ਤਾਂ ਪਤਾ ਨਹੀਂ ਸੀ ਪਰ ਅਸੀਂ ਸਮਝ ਗਏ। ਉਹਨੂੰ ਪੁੱਛਿਆ ਕਿ ਇਹ ਮੰਤਰ ਉਹਨੇ ਕਿੱਥੋਂ ਸਿੱਖਿਆ ਸੀ?
ਮਿਰੀਅਮ ਨੇ ਦੱਸਿਆ ਕਿ ਤੁਰਕੀ ਵਿਚ ਯੂਨੀਵਰਸਿਟੀ ਦੀ ਡਿਗਰੀ ਪਾਸ ਕਰਨ ਮਗਰੋਂ ਉਹਨੇ ਗਾਈਡ ਬਣਨ ਦਾ ਫੈਸਲਾ ਕੀਤਾ। ਇਸ ਨੌਕਰੀ ਵਾਸਤੇ ਇਕ ਸ਼ਰਤ ਇਹ ਸੀ ਕਿ ਤਿੰਨ-ਚਾਰ ਮੁੱਖ ਸਭਿਅਤਾਵਾਂ ਵਾਲੇ ਦੇਸ਼ਾਂ ਵਿਚ ਛੇ-ਛੇ ਮਹੀਨੇ ਰਹਿ ਕੇ ਉਥੋਂ ਦੇ ਸਭਿਆਚਾਰਾਂ ਨੂੰ ਸਮਝੋ। ਉਹਨੇ ਚੀਨ, ਭਾਰਤ ਅਤੇ ਬਰਤਾਨੀਆ ਦੀਆਂ ਸਭਿਅਤਾਵਾਂ ਚੁਣੀਆਂ। ਗਾਇਤਰੀ ਮੰਤਰ ਉਹਨੇ ਬਨਾਰਸ ਵਿਚ ਇਕ ਬ੍ਰਾਹਮਣ ਕੋਲੋਂ ਸਿੱਖਿਆ ਸੀ।
ਇਸ ਤਰ੍ਹਾਂ ਤੁਰਦਿਆਂ-ਫਿਰਦਿਆਂ ਸਾਡੇ ਮਨਾਂ ਵਿਚ ਤੁਰਕੀ ਬਾਰੇ ਜ਼ਾਤੀ ਤਜਰਬਿਆਂ ਉਤੇ ਆਧਾਰਤ ਇਸ ਦੀ ਤਸਵੀਰ ਬਣਦੀ ਰਹੀ। ਪਿੰਡਾਂ, ਸ਼ਹਿਰਾਂ ਵਿਚ ਟਰੈਫਿਕ ਨਿਯਮਬੱਧ ਹੈ। ਸੜਕਾਂ, ਪੇਂਡੂ ਇਲਾਕਿਆਂ ਵਿਚ ਠੀਕ-ਠਾਕ ਹਨ। ਸ਼ਹਿਰਾਂ ਨੇੜੇ ਅਤੇ ਸ਼ਹਿਰਾਂ ਅੰਦਰ ਸੜਕਾਂ ਬਿਲਕੁਲ ਯੂਰਪ ਵਾਂਗ ਹੀ ਲੱਗਦੀਆਂ ਹਨ। ਲੋਕ ਸਿਹਤਮੰਦ ਲੱਗਦੇ ਹਨ। ਮਰਦਾਂ ਵਿਚ ਕੁਝ ਕੁ ਮੋਟਾਪਾ ਹੈ, ਔਰਤਾਂ ਵਿਚ ਨਹੀਂ। ਉਂਜ ਵੀ ਉਹ ਬਹੁਤ ਸੋਹਣੀਆਂ ਹੁੰਦੀਆਂ ਹਨ, ਜਿਵੇਂ ਤੁਰਕੀ ਦੀਆਂ ਔਰਤਾਂ ਨੂੰ ‘ਹੂਰਾਂ’ ਕਹਿੰਦੇ ਸੁਣਦੇ ਹੁੰਦੇ ਸਾਂ। ਇਨ੍ਹਾਂ ਦਾ ਰੰਗ ਬਿਲਕੁਲ ਯੂਰਪੀ ਔਰਤਾਂ ਵਰਗਾ, ਕੋਈ ਫਰਕ ਨਹੀਂ ਲੱਗਦਾ। ਮਰਦਾਂ ਵਿਚ ਦਾੜ੍ਹੀ ਰੱਖਣ ਦਾ ਰਿਵਾਜ ਹੈ। ਜੇ ਦਾੜ੍ਹੀ ਨਹੀਂ ਤਾਂ ਮੋਟੀ-ਮੋਟੀ ਮੁੱਛ ਜ਼ਰੂਰੀ ਹੈ। ਮਰਦਾਂ ਦਾ ਰੰਗ ਥੋੜ੍ਹਾ ਘਸਮੈਲਾ ਲਗਦਾ ਹੈ। ਲੋਕ ਸਿਗਰਟ ਬਹੁਤ ਪੀਂਦੇ ਹਨ। ਮਿਲਣਸਾਰ ਬਹੁਤ ਹਨ। ਯੂਰਪੀ ਔਰਤਾਂ ਵਾਂਗ ਤੁਰਕ ਔਰਤਾਂ ਹੋਟਲਾਂ, ਦਫਤਰਾਂ, ਏਅਰਪੋਰਟਾਂ ਅਤੇ ਪਬਲਿਕ ਦਫਤਰਾਂ ਵਿਚ ਬਾਕਾਇਦਾ ਕੰਮ ਕਰਦੀਆਂ ਹਨ। ਮੱਧ ਪੂਰਬੀ ਅਤੇ ਖਾੜੀ ਦੇਸ਼ਾਂ ਵਾਂਗ ਬੁਰਕੇ ਦਾ ਰਿਵਾਜ ਬਹੁਤ ਘੱਟ ਹੈ। ਪਿੰਡਾਂ ਵਿਚ ਔਰਤਾਂ ਬੁਰਕਾ ਪਹਿਨਦੀਆਂ ਦੇਖੀਆਂ ਪਰ ਸ਼ਹਿਰਾਂ ਵਿਚ ਬਹੁਤ ਘੱਟ।
ਤੁਰਕੀ ਦੀ ਵਸੋਂ ਮੁਸਲਮਾਨ ਹੈ ਪਰ ਖਾਣ-ਪੀਣ ਪੱਖੋਂ ਬੀਅਰ, ਸ਼ਰਾਬ ਪੀਣ ਦੀ ਕੋਈ ਮਨਾਹੀ ਨਹੀਂ। ਜਿਥੇ ਕਿਤੇ ਮਸਜਿਦ ਨੇੜੇ ਹੋਵੇ ਜਾਂ ਸਾਹਮਣੇ ਹੋਵੇ ਤਾਂ ਰੈਸਟੋਰੈਂਟਾਂ ਵਿਚ ਸ਼ਰਾਬਨੋਸ਼ੀ ਦੀ ਮਨਾਹੀ ਹੈ। ਖਾਣ-ਪੀਣ ਪੱਖੋਂ ਤੁਰਕੀ ਵੀ ਯੂਨਾਨ ਅਤੇ ਦੱਖਣੀ ਯੂਰਪੀ ਦੇਸ਼ਾਂ ਵਾਗ ਬਹੁਤ ਖੁਸ਼ਕਿਸਮਤ ਹੈ। ਭਾਰਤ ਵਾਂਗ ਸੰਤਰਿਆਂ, ਅੰਗੂਰਾਂ ਤੋਂ ਲੈ ਕੇ ਹਰ ਫਲ ਹਰ ਅਨਾਜ ਇਥੇ ਪੈਦਾ ਹੁੰਦਾ ਹੈ। ਦੱਖਣੀ ਯੂਰਪੀ ਦੇਸ਼ਾਂ ਦੇ ਲੋਕਾਂ ਵਾਂਗ ਤੁਰਕ ਵੀ ਔਲੇ, ਲਸਣ, ਅਦਰਕ ਬਹੁਤ ਖਾਂਦੇ ਹਨ। ਪੁਦੀਨੇ ਦੀ ਚਾਹ ਦਾ ਬਹੁਤ ਰਿਵਾਜ ਹੈ। ਦੁਕਾਨਾਂ ਫਲਾਂ ਅਤੇ ਹਰੀਆਂ ਸਬਜ਼ੀਆਂ ਨਾਲ ਲੱਦੀਆਂ ਹੋਈਆਂ ਦਿਸਦੀਆਂ ਹਨ। ਦਸ-ਦਸ ਕਿਲੋ ਦੇ ਵੱਡੇ ਤਰਬੂਜ਼ ਅਤੇ ਖਰਬੂਜ਼ੇ ਦੁਕਾਨਾਂ ਦੇ ਬਾਹਰ ਆਮ ਪਏ ਦਿਸਦੇ ਹਨ। ਤਰਬੂਜ਼ ਸਾਨੂੰ ਸਵੇਰੇ ਨਾਸ਼ਤੇ ਨਾਲ ਵੀ ਦਿੰਦੇ ਅਤੇ ਕਈ ਵਾਰ ਮਿੱਠੇ ਦੇ ਤੌਰ ‘ਤੇ ਮੇਜ਼ ਉਤੇ ਰੱਖਦੇ। ਔਲਿਆਂ ਦਾ ਸੇਵਨ ਹਰ ਖਾਣੇ ਨਾਲ ਹੁੰਦਾ ਹੈ। ਇਹ ਲੋਕ ਬਤਾਊਂ ਬਹੁਤ ਖਾਂਦੇ ਹਨ। ਆਮ ਤੌਰ ‘ਤੇ ਕੌਮਾਂਤਰੀ ਹੋਟਲਾਂ ਵਿਚ ਸਾਰੇ ਖਾਣੇ ਪਰੋਸਣ ਦਾ ਢੰਗ ‘ਸੈਲਫ ਸਰਵਿਸ’ ਹੁੰਦਾ ਹੈ। ਅਨੇਕਾਂ ਪ੍ਰਕਾਰ ਦੇ ਤਾਜ਼ੇ ਖਾਣੇ ਪਕਾ ਕੇ ਰੱਖੇ ਹੁੰਦੇ ਹਨ। ਕਈ ਥਾਂਵਾਂ ਉਤੇ ਤੁਹਾਡੇ ਸਾਹਮਣੇ ਪਕਾ ਕੇ ਪਰੋਸਣ ਦਾ ਇੰਤਜ਼ਾਮ ਵੀ ਹੁੰਦਾ ਹੈ। ਖੜ੍ਹੇ-ਖੜ੍ਹੇ ਤੁਹਾਡੇ ਮੁਤਾਬਕ ਮਿਰਚ, ਮਸਾਲੇ ਤੜਕਾ ਲਾ ਕੇ ਤੁਹਾਨੂੰ ਖਾਣਾ ਬਣਾ ਦਿੰਦੇ ਹਨ। ਮਿਰਚ ਮਸਾਲੇ ਭਾਰਤ ਦੇ ਮੁਕਾਬਲੇ ਬਹੁਤ ਘੱਟ ਖਾਂਦੇ ਹਨ।
ਮਿਰੀਅਮ ਦੀ ਕੁਮੈਂਟਰੀ ਕੋਚ ਵਿਚ ਬਹਿੰਦਿਆਂ ਦੀ ਸ਼ੁਰੂ ਹੋ ਜਾਂਦੀ, ਜੋ ਸਾਨੂੰ ਤੁਰਕੀ ਬਾਰੇ ਅਹਿਮ ਜਾਣਕਾਰੀ ਦਿੰਦੀ। ਕੋਈ ਤਿੰਨ ਹਜ਼ਾਰ ਸਾਲਾਂ ਤੋਂ ਤੁਰਕੀ ਦੀ ਧਰਤੀ, ਦੁਨੀਆਂ ਦਾ ਚੌਰਾਹਾ ਬਣੀ ਤੁਰੀ ਆਉਂਦੀ ਹੈ। ਫਾਰਸੀ, ਯੂਨਾਨੀ ਅਤੇ ਰੋਮਨ। ਇਸ ਤੋਂ ਪਹਿਲਾਂ ਸੈਲਜ਼ਕ, ਤੁਰਕ ਤੇ ਮੰਗੋਲੀ ਕਾਫਲੇ ਅਤੇ ਹਮਲੇ। ਹਰ ਨਵਾਂ ਹਮਲਾਵਰ ਆਪਣੀਆਂ ਕੁਝ ਨਿਸ਼ਾਨੀਆਂ ਇਸ ਧਰਤੀ ‘ਤੇ ਛੱਡ ਜਾਂਦਾ ਰਿਹਾ। ਯੂਨਾਨੀਆਂ ਦੇ ਕਲਾਸਕੀ ਭਵਨ ਅਤੇ ਰੰਗਮੰਚ। ਰੋਮਨਾਂ ਦੀਆਂ ਸੜਕਾਂ ਅਤੇ ਪਬਲਿਕ ਗੁਸਲਖਾਨੇ, ਜੋ ਤੁਰਕ ਸੁਲਤਾਨਾਂ ਦੇ ਸਮਿਆਂ ਵਿਚ ‘ਹਮਾਮ’ ਕਹੇ ਜਾਣ ਲੱਗੇ। ਯੂਨਾਨ ਅਤੇ ਰੋਮ ਵਾਂਗ ਤੁਰਕੀ ਦੇ ਛੋਟੇ-ਛੋਟੇ ਪਿੰਡਾਂ, ਸ਼ਹਿਰਾਂ ਵਿਚ ਸਿਕੰਦਰ ਅਤੇ ਰੋਮਨਾਂ ਦੇ ਕਿਲ੍ਹੇ। ਸੁਲਤਾਨਾਂ ਦੇ ਕਿਲ੍ਹੇ ਅਤੇ ਉਨ੍ਹਾਂ ਦੇ ਖੰਡਰ ਥਾਂ-ਥਾਂ ਦਿਸਦੇ ਹਨ। ਇਸਤੂੰਬਲ ਦੇ ਕੇਂਦਰ ਵਿਚ ਹਾਲੇ ਵੀ ਰੋਮਨਾਂ ਦੇ ਇਕ ਪੁਰਾਤਨ ਪੁਲ ਦੀ ਢੱਠੀ ਕੰਧ ਸਾਂਭ ਕੇ ਰੱਖੀ ਹੋਈ ਹੈ। ਯੂਨਾਨੀ ਅਤੇ ਰੋਮਨ ਕਲਾਸਕੀ ਦੌਰ ਦੀ ਭਵਨ ਕਲਾ ਦਾ ਅਸਰ ਹਰ ਪਾਸੇ ਹੈ।

ਕੋਪਾਡੋਕੀਆ ਇਲਾਕੇ ਵਿਚ ਬੜਾ ਅਨੋਖਾ ਨਜ਼ਾਰਾ ਦੇਖਿਆ। ਚਾਰੇ ਪਾਸੇ ਘਸਮੈਲੇ ਜਿਹੇ ਰੰਗ ਦੀਆਂ ਛੋਟੀਆਂ-ਵੱਡੀਆਂ ਪਥਰੀਲੀਆਂ ਪਹਾੜੀਆਂ। ਇਨ੍ਹਾਂ ਦੀ ਸ਼ਕਲ ਦੂਰੋਂ ਖੁੰਬਾਂ ਵਰਗੀ ਲੱਗਦੀ ਹੈ। ਤਿੱਖੜ ਦੁਪਹਿਰ ਸੀ। ਪਥਰੀਲੀ ਧਰਤੀ ਹੋਣ ਕਰਕੇ ਪੈਰ ਹੇਠਾਂ ਨਹੀਂ ਸੀ ਲੱਗਦੇ। ਅਸੀਂ ਨਿੱਕਰਾਂ ਤੇ ਚੱਪਲਾਂ ਪਾ ਕੇ ਧੁੱਪ ਤੋਂ ਬਚਣ ਲਈ ਛੱਤਰੀਆਂ ਕੱਢ ਲਈਆਂ।
ਇਸ ਧਰਤੀ ਦਾ ਭੁਗੋਲਿਕ ਇਤਿਹਾਸ ਲੱਖਾਂ ਸਾਲ ਪਹਿਲਾਂ ਫੁੱਟੇ ਲਾਵੇ ਵਾਲੇ ਜਵਾਲਾਮੁਖੀ ਪਹਾੜਾਂ ਦਾ ਸੀ। ਪਹਾੜਾਂ ਦਾ ਅੱਗ ਵਰਗਾ ਲਾਵਾ ਸ਼ਾਂਤ ਹੋ ਕੇ ਸੁਆਹ ਬਣਿਆ ਤਾਂ ਚਿੱਕੜ ਸਮੇਤ ਇਹ ਸਭ ਕੁਝ ਠਰ ਗਿਆ। ਠਰਿਆ ਲਾਵਾ ਇਸ ਤਰ੍ਹਾਂ ਦੇ ਘਸਮੈਲੇ ਚਿੱਟੇ ਟਿੱਬਿਆਂ ਵਿਚ ਬਦਲ ਗਿਆ। ਲਾਵੇ ਦੀ ਸੁਆਹ ਤੋਂ ਬਣੀਆਂ ਇਨ੍ਹਾਂ ਪਹਾੜੀਆਂ ਉਤੇ ਲੱਖਾਂ ਸਾਲਾਂ ਦੀਆਂ ਧੁੱਪਾਂ, ਮੀਂਹਾਂ ਅਤੇ ਹਵਾਵਾਂ ਨੇ ਉਤਲੀਆਂ ਪਰਤਾਂ ਖੋਰ ਖੋਰ ਕੇ ਇਸ ਨੂੰ ਹੁਣ ਵਰਗੀਆਂ ਖੁੰਬਾਂ ਵਾਲੀਆਂ ਪਹਾੜੀਆਂ ਦੀ ਸ਼ਕਲ ਦੇ ਦਿੱਤੀ। ਦੂਰ-ਦੂਰ ਤੀਕ ਉਘੜ-ਦੁਘੜ ਆਕਾਰ ਦੀਆਂ ਘਸਮੈਲੀਆਂ ਜਿਹੀਆਂ ਖੁੰਬਾਂ ਵਰਗੀਆਂ ਪਹਾੜੀਆਂ ਭੂਤ-ਪ੍ਰੇਤ ਲੱਗਦੀਆਂ ਹਨ। ਰਾਤ ਨੂੰ ਇਨ੍ਹਾਂ ਤੋਂ ਡਰ ਜ਼ਰੂਰ ਲਗਦਾ ਹੋਵੇਗਾ।
ਈਸਾ ਮਸੀਹ ਦੀ ਸ਼ਹਾਦਤ ਬਾਅਦ ਇਸ ਇਲਾਕੇ ਦੇ ਲੋਕਾਂ ਨੇ ਇਸਾਈ ਮੱਤ ਅਪਨਾ ਲਿਆ। ਮਗਰੋਂ ਇਸਲਾਮੀ ਯੁਗ ਵਿਚ ਅਰਬੀ ਕਬੀਲੇ ਇਨ੍ਹਾਂ ਉਤੇ ਹੱਲੇ ਕਰਦੇ ਰਹੇ। ਇਸ ਹਿੰਸਾ ਤੋਂ ਬਚਣ ਲਈ ਸਾਨੂੰ ਪਤਾ ਲੱਗਾ ਕਿ ਬਹੁਤ ਇਸਾਈ ਕਬੀਲੇ ਇਨ੍ਹਾਂ ਪਹਾੜੀ ਗੁਫਾਵਾਂ ਵਿਚ ਵਸ ਗਏ। ਇਨ੍ਹਾਂ ਗੁਫਾਵਾਂ ਵਿਚ ਇਸਾਈ ਮੱਤ ਦੀਆਂ ਸਾਖੀਆਂ ਦੇ ਚਿੱਤਰ ਹਾਲੇ ਤੀਕ ਸਾਫ ਸਪਸ਼ਟ ਦਿਸਦੇ ਹਨ।
ਮੁਲਕ ਦੀ ਰਾਜਧਾਨੀ ਆਂਕਰਾ ਪਹੁੰਚੇ ਤਾਂ ਸਭ ਤੋਂ ਪਹਿਲਾਂ ਸਾਨੂੰ ਸਾਰੇ ਸ਼ਹਿਰ ਦੀ ਸੈਰ ਕਰਵਾਈ। ਸ਼ਹਿਰ ਸੋਹਣਾ ਹੈ। ਵੱਡੇ-ਵੱਡੇ ਸਰਕਾਰੀ ਭਵਨ ਦਿਸਦੇ ਹਨ ਜਿਹੜੇ ਅੱਤਾਤੁਰਕ ਦੇ ਸਮਿਆਂ ਵਿਚ ਬਣੇ ਕਿਉਂਕਿ ਉਹਨੇ ਇਸਤੂੰਬਲ ਜਾਣ ਤੋਂ ਨਾਂਹ ਕਰ ਦਿੱਤੀ ਸੀ। ਇਹ ਸ਼ਹਿਰ ਉਨ੍ਹੀਂ ਦਿਨੀਂ ਸੁਲਤਾਨ ਦੀ ਨਿੱਘਰ ਰਹੀ ਕਮਜ਼ੋਰ ਸਰਕਾਰ ਅਤੇ ਮੁਲਕ ਦੇ ਪਿਛੜੇ ਹੋਏ ਅਕਸ ਦਾ ਕੇਂਦਰ ਸੀ।
ਅੱਤਾਤੁਰਕ ਸ਼ਬਦ ਦਾ ਮਤਲਬ ਹੈ ‘ਅਤਾ’ ਯਾਨਿ ਪਿਤਾ ਅਤੇ ‘ਤੁਰਕ’ ਦਾ ਮਤਲਬ ਤਾਂ ਸਪਸ਼ਟ ਹੀ ਹੈ। ਸੋ, ਅੱਤਾਤੁਰਕ ਨੂੰ ਤੁਰਕੀ ਦਾ ਰਾਸ਼ਟਰਪਿਤਾ ਕਹਿੰਦੇ ਹਨ। ਮਿਰੀਅਮ ਨੇ ਦਸਿਆ ਕਿ ਦੇਸ਼ ਦੇ ਹਰ ਸਰਕਾਰੀ ਦਫਤਰ ਵਿਚ ਉਸ ਦੀ ਤਸਵੀਰ ਲੱਗੀ ਹੋਈ ਹੈ। ਨੋਟਾਂ ‘ਤੇ ਵੀ ਉਹਦੀ ਤਸਵੀਰ ਅਤੇ ਇਸਤੂੰਬਲ ਦੇ ਹਵਾਈ ਅੱਡੇ ਦਾ ਨਾਂ ਵੀ ‘ਅੱਤਾਤੁਰਕ ਏਅਰਪੋਰਟ’ ਹੈ।
ਅੱਤਾਤੁਰਕ ਦਾ ਜੀਵਨ ਤੁਰਕੀ ਦੀ ਵੀਹਵੀਂ ਸਦੀ ਦੀ ਕਿਸਮਤ ਨਾਲ ਬੱਝਾ ਹੋਇਆ ਹੈ। ਪਹਿਲੀ ਵੱਡੀ ਜੰਗ ਵਿਚ ਤੁਰਕੀ ਬਹੁਤ ਬੁਰੀ ਤਰ੍ਹਾਂ ਹਾਰ ਗਿਆ ਪਰ ਫੌਜੀ ਜਰਨੈਲ ਦੇ ਤੌਰ ‘ਤੇ ਅੱਤਾਤੁਰਕ ਨੇ ਬਹੁਤ ਨਾਮਣਾ ਖੱਟਿਆ। ਉਦੋਂ ਉਹਦਾ ਨਾਂ ਜਨਰਲ ਕਮਾਲ ਪਾਸ਼ਾ ਸੀ। ਬੌਸਫੋਰਸ ਦੀ ਖਾੜੀ ਨੂੰ ਕੰਟਰੋਲ ਕਰਨ ਖਾਤਰ ਬਰਤਾਨੀਆ ਅਤੇ ਫਰਾਂਸ ਨੇ ਗੈਲੀਪੋਲੀ ਦੀ ਜੰਗ ਵਿਚ ਲੱਖਾਂ ਫੌਜੀ ਝੋਕ ਦਿੱਤੇ ਤਾਂ ਜਨਰਲ ਕਮਾਲ ਪਾਸ਼ਾ ਨੇ ਵੀ ਮੂੰਹ ਤੋੜ ਜਵਾਬ ਦਿੱਤਾ। ਮਹੀਨਿਆਂ-ਬੱਧੀ ਇਹ ਜੰਗ ਚਲਦੀ ਰਹੀ। ਬਰਤਾਨੀਆ, ਫਰਾਂਸ ਦੇ ਢਾਈ ਲੱਖ ਫੌਜੀ ਮਾਰੇ ਗਏ। ਤੁਰਕੀ ਦੇ ਕੋਈ ਡੇਢ ਲੱਖ, ਪਰ ਕਮਾਲ ਪਾਸ਼ਾ ਨੇ ਜਿੱਤ ਪ੍ਰਾਪਤ ਕਰਕੇ ਤੁਰਕਾਂ ਦੇ ਮਨ ਵਿਚ ਨਾਂ ਬਣਾ ਲਿਆ। ਤੁਰਕੀ ਦੀ ਇੱਜਤ ਬਚਾਉਣ ਖਾਤਰ ਲੋਕ ਸੁਲਤਾਨ ਨੂੰ ਛੱਡ ਕੇ ਕਮਾਲ ਪਾਸ਼ਾ ਦੇ ਸ਼ਰਧਾਲੂ ਬਣ ਗਏ।
ਮੁਲਕ ਦਾ ਇਤਿਹਾਸ ਦੱਸਦਿਆਂ ਮਿਰੀਅਮ ਨੇ ਕਿਹਾ ਕਿ ਤੇਰ੍ਹਵੀਂ ਸਦੀ ਤੋਂ ਤੁਰਕ ਕਬੀਲਿਆਂ ਨੂੰ ਇਕੱਠੇ ਕਰਕੇ ‘ਔਟੋਮਨ ਸਾਮਰਾਜ’ ਦੀ ਸ਼ੁਰੂਆਤ ਹੋਈ। 1453 ਵਿਚ ਇਸਾਈ ਬਾਦਸ਼ਾਹ ਕੌਨਸਟੈਂਟਾਈਨ ਨੂੰ ਹਰਾ ਕੇ ਤੁਰਕਾਂ ਦਾ ਪਲੜਾ ਬਹੁਤ ਭਾਰੀ ਹੋ ਗਿਆ ਪਰ ਮੁਲਕ ਦੇ ਸਿਆਸੀ ਅਤੇ ਵਿਦਿਅਕ ਢਾਂਚਿਆਂ ਦੀ ਬਣਤਰ ਇਸ ਤਰ੍ਹਾਂ ਦੀ ਸੀ ਕਿ ਦੇਸ਼ ਇਨ੍ਹਾਂ ਜਿੱਤਾਂ ਦੇ ਬਾਵਜੂਦ ਤਰੱਕੀ ਦੇ ਰਾਹ ਨਾ ਪੈ ਸਕਿਆ। ਮੁਲਕ ਦਾ ਬਾਦਸ਼ਾਹ ਸੁਲਤਾਨ ਸਾਰੇ ਇਸਲਾਮੀ ਜਗਤ ਦਾ ਮੁਖੀਆ ਖਲੀਫਾ ਵੀ ਸੀ। ਇਸ ਕਰਕੇ ਦੇਸ਼ ਦੀ ਸਾਰੀ ਰਾਜਨੀਤੀ, ਸਮਾਜੀ ਪਰੰਪਰਾਵਾਂ, ਸਭਿਆਚਾਰ ਅਤੇ ਵਿਦਿਆ ਦੇ ਖੇਤਰਾਂ ਵਿਚ ਮਜ਼ਹਬ ਦਾ ਗਲਬਾ ਰਿਹਾ। ਸੈਕੂਲਰ ਸੋਚ, ਯੂਨੀਵਰਸਿਟੀਆਂ ਵਿਚ ਤਕਨੀਕੀ ਖੋਜ ਉਤੇ ਮਜ਼ਹਬੀ ਪਾਬੰਦੀਆਂ ਨੇ ਗਿਆਨ-ਵਿਗਿਆਨ ਨੂੰ ਅੱਗੇ ਨਾ ਵਧਣ ਦਿੱਤਾ।
ਪੰਦਰ੍ਹਵੀਂ-ਸੋਲ੍ਹਵੀਂ ਸਦੀ ਤੀਕ ਤੁਰਕੀ ਹਿਸਾਬ, ਨਛੱਤਰ ਵਿਦਿਆ ਅਤੇ ਹਿਕਮਤ ਦੇ ਖੇਤਰਾਂ ਵਿਚ ਯੂਰਪ ਨਾਲੋਂ ਅੱਗੇ ਸੀ। ਤੁਰਕੀ ਦੇ ਸੁਲਤਾਨਾਂ ਦੀਆਂ ਲਾਇਬ੍ਰੇਰੀਆਂ ਗਿਆਨ ਦੇ ਭੰਡਾਰ ਸਨ। ਯੂਰਪੀ ਵਿਦਵਾਨ ਇਨ੍ਹਾਂ ਲਾਇਬ੍ਰੇਰੀਆਂ ਵਿਚ ਪੜ੍ਹਨ ਆਉਂਦੇ ਪਰ ਤੁਰਕੀ ਦੇ ਆਪਣੇ ਅੰਦਰ ਵਿਦਿਅਕ ਢਾਂਚਾ ਮਦਰੱਸਿਆਂ ਦੇ ਕੰਟਰੋਲ ਵਿਚ ਹੀ ਸੀਮਤ ਹੋ ਗਿਆ।
ਸਤਾਰ੍ਹਵੀ-ਅਠਾਰ੍ਹਵੀਂ ਸਦੀ ਵਿਚ ਸੁਲਤਾਨ ਸਲੀਮ-ਤੀਜੇ ਨੇ ਮੁੱਲਾਂ-ਮੁਲਾਣਿਆਂ ਦੇ ਵਿਰੋਧ ਦੇ ਬਾਵਜੂਦ ਦੇਸ਼ ਵਿਚ ਪੱਛਮੀ ਵਿਦਿਆ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਮਜਬੂਰ ਕਰ ਦਿੱਤਾ ਗਿਆ ਅਤੇ ਉਹ ਆਪਣਾ ਤਖਤ ਛੱਡ ਗਿਆ। ਇਹੋ ਹਾਲ ਸੁਲਤਾਨ ਮਹਿਮਤ-ਦੂਜੇ ਦਾ ਹੋਇਆ।
ਅਠਾਰ੍ਹਵੀਂ ਸਦੀ ਤੀਕ ਇਹ ਸਾਮਰਾਜ ਐਨਾ ਵੱਡਾ ਹੋ ਗਿਆ ਕਿ ਇਹਨੂੰ ਸਾਂਭਣਾ ਔਖਾ ਹੋ ਗਿਆ। ਇਸ ਸਾਮਰਾਜ ਵਿਚ ਮੁਸਲਮਾਨਾਂ ਤੋਂ ਬਿਨਾ ਇਸਾਈ, ਯਹੂਦੀ ਅਤੇ ਉਤਰੀ ਅਫਰੀਕਾ ਦੇ ਕਈ ਕਬੀਲੇ ਰਹਿੰਦੇ ਸਨ। ਤੁਰਕੀ ਦੇ ਸੁਲਤਾਨ ਇਸ ਨੂੰ ਕਿਸੇ ਸਾਂਝੇ ਮਿਸ਼ਨ ਵਿਚ ਇਕੱਠੇ ਨਾ ਕਰ ਸਕੇ। ਧੱਕੇ ਅਤੇ ਜ਼ੁਲਮ ਨਾਲ ਦੂਜੇ ਮਜ਼ਹਬਾਂ ‘ਤੇ ਪਾਬੰਦੀਆਂ ਲਾ ਕੇ ਕੰਮ ਚਲਾਉਂਦੇ ਰਹੇ। ਇਸ ਕਰਕੇ ਜਿਵੇਂ ਰੋਮਨ ਸਾਮਰਾਜ ਦਾ ਹਸ਼ਰ ਹੋਇਆ, ਤਿਵੇਂ ਤੁਰਕ ਸਾਮਰਾਜ ਦਾ ਹੋਇਆ। ਇਨ੍ਹਾਂ ਵਖਰੇਵਿਆਂ ਤੇ ਵਿਰੋਧਾਂ ਕਰਕੇ, ਦੂਰ ਦੇਸ਼ਾਂ ਵਿਚ ਬਗਾਵਤਾਂ ਫੈਲ ਗਈਆਂ ਜਿਸ ਨਾਲ ਉਹ ਅੰਦਰੂਨੀ ਤੌਰ ‘ਤੇ ਆਪਣੇ ਹੀ ਲੋਕਾਂ ਨਾਲ ਉਲਝ ਗਿਆ। 19ਵੀਂ ਸਦੀ ਤੀਕ ਮੁਲਕ ਦੀ ਹਾਲਤ ਬਹੁਤ ਡਾਵਾਂਡੋਲ ਹੋ ਗਈ। ਉਤਰ ਵਾਲੇ ਪਾਸਿਉਂ ਆਰਮੀਨੀਆ ਅਤੇ ਜੌਰਜੀਆ ਰੂਸ ਨੇ ਮੱਲ ਲਏ। ਹੇਠਾਂ ਦੱਖਣ ਵਿਚ ਮਿਸਰ ਨੇ ਬਗਾਵਤ ਕਰਕੇ ਆਜ਼ਾਦੀ ਦਾ ਐਲਾਨ ਕਰ ਦਿੱਤਾ। ਬਾਲਕਿਨ ਦੇਸ਼ਾਂ ਵਿਚੋਂ ਬੁਲਗਾਰੀਆ, ਬੋਸਨੀਆ ਅਤੇ ਸਰਬੀਆ ਬਾਗੀ ਹੋ ਗਏ। ਯੂਨਾਨ ਪਹਿਲਾਂ ਹੀ 1823 ਵਿਚ ਤੁਰਕੀ ਨਾਲ ਖੂਨੀ ਜੰਗ ਬਾਅਦ ਆਜ਼ਾਦ ਹੋ ਚੁਕਾ ਸੀ। ਆਰਥਕ ਤੌਰ ‘ਤੇ ਇਹ ਜੰਗਾਂ ਲੜਦਾ ਤੁਰਕੀ ਦੀਵਾਲੀਆ ਹੋ ਚੁਕਾ ਸੀ। ਸਾਰੀ ਦੁਨੀਆਂ ਵਿਚ ਤੁਰਕੀ ਨੂੰ Ḕਬਿਮਾਰ ਦੇਸ਼Ḕ (ਸਿੱਕ ਮੈਨ ਆਫ ਯੂਰਪ) ਕਹਿਣ ਲੱਗ ਪਏ ਸਨ। ਨਿਘਾਰ ਦੇ ਇਨ੍ਹਾਂ ਹਾਲਾਤ ਵਿਚ ਕਮਾਲ ਪਾਸ਼ਾ ਬਹਾਦਰੀ ਅਤੇ ਦੇਸ਼ਭਗਤੀ ਦਿਖਾ ਕੇ ਮੁਲਕ ਦਾ ਰਾਸ਼ਟਰਪਿਤਾ ਬਣ ਗਿਆ।
ਪਹਿਲੀ ਸੰਸਾਰ ਜੰਗ ਵਿਚ ਸੁਲਤਾਨ ਦਾ ਅਕਸ ਸਿਫਰ ਹੋ ਗਿਆ। ਆਪਣਾ ਤਖਤ ਜਾਂਦਾ ਦੇਖ ਕੇ ਉਹ ਮੁਲਕ ਦੇ ਸਭ ਤੋਂ ਵੱਡੇ ‘ਦੁਸ਼ਮਣ’ ਬਰਤਾਨੀਆ ਦੀ ਸ਼ਰਨ ਵਿਚ ਚਲਾ ਗਿਆ। ਇਕ ਦਿਨ ਮਹਿਲ ਦੇ ਪਿਛਲੇ ਪਾਸਿਉਂ ਐਂਬੂਲੈਂਸ ਵਿਚ ਬਹਿ ਕੇ ਬਰਤਾਨਵੀ ਜਹਾਜ ਰਾਹੀਂ ਮਾਲਟਾ ਭੱਜ ਗਿਆ। ਲੋਕਾਂ ਵਿਚ ਹਾਹਾਕਾਰ ਮੱਚ ਗਈ ਕਿ ਸੁਲਤਾਨ ਪਿੱਠ ਦਿਖਾ ਗਿਆ ਹੈ। ਲੋਕਾਂ ਦਾ ਗੁੱਸਾ ਤਾੜ ਕੇ ਕਮਾਲ ਪਾਸ਼ਾ ਨੇ ਸੁਲਤਾਨੀਅਤ ਖਤਮ ਕਰਕੇ ਦੇਸ਼ ਨੂੰ ‘ਸੈਕੂਲਰ ਰਿਪਬਲਿਕ’ ਵਿਚ ਤਬਦੀਲ ਕਰ ਦਿੱਤਾ। ਕੁਝ ਸਮੇਂ ਮਗਰੋਂ ਖਲੀਫੇ ਦਾ ਰੁਤਬਾ ਵੀ ਖਤਮ ਕਰ ਦਿੱਤਾ। ਸੁਲਤਾਨ ਦੇ ਭੱਜਣ ਮਗਰੋਂ ਲੋਕ ਸੁਲਤਾਨ ਨੂੰ ‘ਗੱਦਾਰ’ ਸਮਝਦੇ ਸਨ। ਇਨ੍ਹਾਂ ਹਾਲਾਤ ਵਿਚ ਲੋਕ ਅੱਤਾਤੁਰਕ ਦਾ ਸਭ ਕੁਝ ਕਿਹਾ-ਕੀਤਾ ਸਵੀਕਾਰ ਕਰਨ ਲੱਗ ਪਏ।
ਅੱਤਾਤੁਰਕ ਨੇ ਆਪਣਾ ਦਫਤਰ ਆਂਕਰਾ ਰੇਲਵੇ ਸਟੇਸ਼ਨ ‘ਤੇ ਖੜ੍ਹੀ ਗੱਡੀ ਦੇ ਚਾਰ ਡੱਬਿਆਂ ਵਿਚ ਹੀ ਬਣਾਈ ਰੱਖਿਆ। ਤੁਰਕੀ ਦੀ ਭੈੜੀ ਹਾਲਤ ਦਾ ਉਹਦੇ ਮਨ ‘ਤੇ ਬਹੁਤ ਗਹਿਰਾ ਸਦਮਾ ਸੀ। ਉਹਨੇ ਹਾਲੇ ਵਿਆਹ ਨਹੀਂ ਸੀ ਕਰਾਇਆ। ਇਕੱਲਾ ਰਹਿੰਦਾ ਰੇਲਗੱਡੀ ਦੇ ਡੱਬੇ ਵਿਚ ਆਪਣੇ ਦਫਤਰ, ਆਪਣੇ ਸੌਣ ਵਾਲੇ ਕਮਰੇ ਵਿਚ ਇਤਿਹਾਸ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਤਾਂ ਕਿ ਉਹਨੂੰ ਕੁਝ ਚਾਨਣ ਹੋ ਸਕੇ ਕਿ ਇਹ ਭਾਣਾ ਕਿਉਂ ਵਰਤ ਗਿਆ। ਤੁਰਕੀ ਦਾ ਐਡਾ ਵੱਡਾ ਸਾਮਰਾਜ ਕਿਉਂ ਡਿੱਗ ਪਿਆ? ਇਹਦੇ ਵਿਚ ਕੀ ਕਮੀਆਂ ਸਨ? ਅੱਗੇ ਭਵਿੱਖ ਲਈ ਉਹ ਦੇਸ਼ ਲਈ ਕਿਹੜਾ ਰਾਹ ਚੁਣੇ। ਉਹਦੇ ਨਾਲ ਦੇ ਫੌਜੀ ਅਫਸਰ ਉਹਨੂੰ ਮੌਜ-ਮੇਲੇ ਤੇ ਖਾਣ-ਪੀਣ ਲਈ ਉਤਸ਼ਾਹਿਤ ਕਰਦੇ ਪਰ ਉਹਦੇ ਲਈ ਇਕੋ ਹੀ ਚਿੰਤਾ ਸੀ: ਦੇਸ਼ ਨੂੰ ਇਸ ਜਿੱਲ੍ਹਣ ਵਿਚੋਂ ਕਿਵੇਂ ਕੱਢੇ?
ਉਹਦੀ ਪੜ੍ਹਾਈ ਅਤੇ ਸੋਚ ਨਾਲ ਉਹਦਾ ਦਿਲ-ਦਿਮਾਗ ਸਪਸ਼ਟ ਹੋਣਾ ਸ਼ੁਰੂ ਹੋ ਗਿਆ। ਤੁਰਕੀ ਦੇ ਇਤਿਹਾਸ ਦੇ ਉਤਰਾ-ਚੜ੍ਹਾ ਦੇ ਵਰਣਨ ਅਤੇ ਅੱਤਾਤੁਰਕ ਦੇ ਰੋਲ ਬਾਰੇ ਸਾਡੇ ਮਨ ਵਿਚ ਉਤਸੁਕਤਾ ਪੈਦਾ ਹੋਣੀ ਲਾਜ਼ਮੀ ਸੀ। ਅੱਤਾਤੁਰਕ ਦੇ ਸਮਾਰਕ ਮੂਹਰੇ ਸਿਰ ਝੁਕਾਇਆ। ਸਮਾਰਕ ਵਾਲੀ ਥਾਂ ‘ਤੇ ਅਜਾਇਬਘਰ ਵੀ ਬਣਾਇਆ ਹੋਇਆ ਹੈ, ਜਿਥੇ ਅੱਤਾਤੁਰਕ ਦੇ ਜੀਵਨ ਅਤੇ ਕਾਰਨਾਮਿਆਂ ਬਾਰੇ ਪੱਕੀ ਨੁਮਾਇਸ਼ ਲੱਗੀ ਹੋਈ ਹੈ। ਸੈਲਾਨੀਆਂ ਨੂੰ ਉਹਦੇ ਜੀਵਨ ਅਤੇ ਫੌਜੀ ਜਿੱਤਾਂ ਬਾਰੇ ਫਿਲਮ ਵੀ ਦਿਖਾਈ ਜਾਂਦੀ ਹੈ। ਵੱਡੀ ਲਾਇਬ੍ਰੇਰੀ ਵੀ ਹੈ, ਜਿਥੇ ਉਹਦੇ ਜੀਵਨ ਬਾਰੇ ਕਈ ਪੁਸਤਕਾਂ ਅਤੇ ਰਿਸਰਚ ਪੇਪਰ ਮਿਲਦੇ ਹਨ। ਅਸੀਂ ਵੀ ਇਕ ਪੁਸਤਕ ਖਰੀਦੀ ਜਿਸ ਦਾ ਨਾਂ ‘ਅੱਤਾਤੁਰਕ’ ਸੀ ਅਤੇ ਇਹਦਾ ਲੇਖਕ ਸੀ- ਜਾਰਜ ਬਲੈਂਸੋ ਵਿਲਾਲਤਾ। ਇਹ ਪੁਸਤਕ ਮੂਲ ਰੂਪ ਵਿਚ ਸਪੇਨੀ ਭਾਸ਼ਾ ਵਿਚ ਲਿਖੀ ਗਈ ਸੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਵਿਲੀਅਮ ਕੈਂਪਵੈਲ ਨੇ ਕੀਤਾ।
ਪੁਸਤਕ ਪੜ੍ਹਨ ਨਾਲ ਅੱਤਾਤੁਰਕ ਦੇ ਜੀਵਨ ਅਤੇ ਉਹਦੇ ਮੰਤਵ ਬਾਰੇ ਖੂਬ ਜਾਣਕਾਰੀ ਮਿਲਦੀ ਹੈ। ਅੱਤਾਤੁਰਕ ਤੁਰਕਾਂ ਲਈ ਦੇਸ਼ ਦਾ ਰਾਖਾ, ਰਹਿਬਰ ਬਣ ਚੁਕਾ ਸੀ। ਇਸ ਕਰਕੇ ਦੇਸ਼ ਦੀ ਹਰ ਪਾਰਟੀ, ਹਰ ਧਾਰਮਿਕ ਸੰਸਥਾ ਨੇ ਉਹਨੂੰ ਬੇਨਤੀ ਕੀਤੀ ਕਿ ਉਹ ਤੁਰਕੀ ਦਾ ਨਵਾਂ ਸੁਲਤਾਨ ਅਤੇ ਖਲੀਫਾ ਬਣਨਾ ਪ੍ਰਵਾਨ ਕਰੇ। ਤੁਰਕੀ ਤੋਂ ਬਾਹਰਲੇ ਮੁਲਕਾਂ ਦੇ ਮੁਸਲਮਾਨਾਂ ਨੇ ਵੀ ਇਸ ਬੇਨਤੀ ਦੀ ਹਮਾਇਤ ਕੀਤੀ। ਭਾਰਤੀ ਮੁਸਲਮਾਨਾਂ ਦਾ ਵਫਦ ਵੀ ਤੁਰਕੀ ਗਿਆ ਅਤੇ ਇਹੋ ਬੇਨਤੀ ਕੀਤੀ ਪਰ ਅੱਤਾਤੁਰਕ ਨਾ ਮੰਨਿਆ।
ਅੱਤਾਤੁਰਕ ਸਿਰਫ ਫੌਜੀ ਜਰਨੈਲ ਨਹੀਂ ਸੀ, ਨਾ ਹੀ ਉਹ ਨਵੇਂ ਰਿਪਬਲਿਕ ਦਾ ਸਿਰਫ ਪ੍ਰਧਾਨ ਸੀ, ਉਹਦੇ ਜੀਵਨ ਦਾ ਮਨੋਰਥ ਹੁਣ ਇਹ ਸੀ ਕਿ ਉਹ ਤੁਰਕੀ ਦੇ ਤਨ, ਮਨ ਅਤੇ ਆਤਮਾ ਨੂੰ ਬੁਨਿਆਦੀ ਤੌਰ ‘ਤੇ ਧੋ ਦੇਵੇ। ਨਵਾਂ ਦੇਸ਼ ਸਿਰਜੇ। ਉਹ ਵੱਡਾ ਸੁਧਾਰਕ ਸੀ। ਉਹਨੇ ਆਪਣੇ ਸਾਰੇ ਸੁਧਾਰਾਂ ਦੀ ਤਿਆਰੀ ਕੀਤੀ ਹੋਈ ਸੀ। ਉਹਨੇ ਰੂਸ ਦੇ ਜ਼ਾਰ ਬਾਦਸ਼ਾਹ ਪੀਟਰ ਦਿ ਗਰੇਟ ਅਤੇ ਕੈਥਰੀਨ ਦਿ ਗਰੇਟ ਦੀਆਂ ਜੀਵਨੀਆਂ ਪੜ੍ਹੀਆਂ ਹੋਈਆਂ ਸਨ। ਉਹਨੂੰ ਉਤਸ਼ਾਹ ਮਿਲਦਾ ਸੀ ਕਿ ਇਨ੍ਹਾਂ ਦੋਹਾਂ ਬਾਦਸ਼ਾਹਾਂ ਨੇ ਰੂਸ ਦੀ ਢਹਿੰਦੀ ਰਾਜਸੀ ਅਤੇ ਆਰਥਕ ਸ਼ਕਤੀ ਨੂੰ ਕਿਵੇਂ ਸੁਰਜੀਤ ਕੀਤਾ। ਮੁਲਕ ਦੀ ਵਿਦਿਆ ਅਤੇ ਸਭਿਆਚਾਰ ਦੀ ਕਿਵੇਂ ਮੁੜ ਉਸਾਰੀ ਕੀਤੀ।
ਤੁਰਕੀ ਵਿਚ ਸੁਧਾਰਾਂ ਬਾਰੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਤਕਰੀਰਾਂ ਕਰਦਾ। ਲੋਕਾਂ ਦੇ ਸਵਾਲਾਂ ਅਤੇ ਸ਼ੰਕਿਆਂ ਦਾ ਜਵਾਬ ਦਿੰਦਾ। ਅੱਤਾਤੁਰਕ ਹੁਣ ਲੋਕਾਂ ਦਾ ਅਧਿਆਪਕ (ਗਾਜ਼ੀ) ਵੀ ਬਣ ਚੁਕਾ ਸੀ। ਤਾਹੀਉਂ ਲੋਕ ਉਹਨੂੰ ਅੱਤਾਤੁਰਕ ਵੀ ਕਹਿੰਦੇ ਤੇ ਗਾਜ਼ੀ ਵੀ। ਉਹਦੀਆਂ ਤਕਰੀਰਾਂ ਦੀ ਪੁਸਤਕ ਲੱਖਾਂ ਦੀ ਗਿਣਤੀ ਵਿਚ ਛਾਪ ਕੇ ਲੋਕਾਂ ਵਿਚ ਵੰਡੀ ਗਈ। ਇਸ ਦਾ ਨਾਂ ‘ਨੁਤੂਤ’ (ੂਂਠੂਠ) ਹੈ, ਇਸ ਦਾ ਮਤਲਬ ਹੈ, ‘ਤਕਰੀਰ’। ਇਹਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਪੁਸਤਕ ਵਿਚ ਉਹਨੇ ਤੁਰਕੀ ਦੇ ਪੁਰਾਤਨ ਇਤਿਹਾਸ ਤੋਂ ਲੈ ਕੇ ਆਧੁਨਿਕ ਸਮਿਆਂ ਦੀ ਗੱਲ ਕੀਤੀ ਹੈ। ਆਪਣੇ ਸੁਧਾਰਾਂ ਬਾਰੇ ਸਿਫਾਰਸ਼ਾਂ ਵੀ ਲੋਕਾਂ ਸਾਹਮਣੇ ਰੱਖੀਆਂ ਤਾਂ ਕਿ ਉਨ੍ਹਾਂ ਨੂੰ ਦੇਸ਼ ਦੇ ਨਵ-ਨਿਰਮਾਣ ਵਾਸਤੇ ਉਤਸ਼ਾਹਿਤ ਕਰ ਸਕੇ ਅਤੇ ਨਾਲ ਤੋਰ ਸਕੇ।
ਜਿੰਨਾ ਮੈਂ ਉਹਦੀ ਕਿਤਾਬ ਅਤੇ ਤਕਰੀਰਾਂ ਪੜ੍ਹਦਾ, ਮਹਿਸੂਸ ਹੁੰਦਾ ਕਿ ਇਹ ਸਿਰਫ ਤੁਰਕੀ ਦੇ ਲੋਕਾਂ ਲਈ ਹੀ ਨਹੀਂ। ਉਹਦੇ ਵਿਚਾਰਾਂ ਦੀ ਮਹੱਤਤਾ ਹਰ ਪਿਛੜੇ ਹੋਏ ਦੇਸ਼ ਵਾਸਤੇ ਓਨੀ ਹੀ ਹੈ, ਜਿਨ੍ਹਾਂ ਉਤੇ ਯੂਰਪੀਨਾਂ ਨੇ ਰਾਜ ਕਰਕੇ ਲੁੱਟਿਆ। ਇਹੋ ਜਿਹੇ ਲੁੱਟੇ ਹੰਭੇ ਦੇਸ਼ਾਂ ਵਿਚ ਆਜ਼ਾਦੀ ਸਿਰਫ ਯੂਰਪੀਨ ਤਾਕਤਾਂ ਨੂੰ ਬਾਹਰ ਕੱਢਣ ਨਾਲ ਨਹੀਂ ਆਉਣੀ। ਇਨ੍ਹਾਂ ਦੇਸ਼ਾਂ ਦੇ ਨਵ-ਨਿਰਮਾਣ ਵਾਸਤੇ ਜ਼ਰੂਰੀ ਹੈ ਕਿ ਸਦੀਆਂ ਪੁਰਾਣੇ ਬੋਡੇ ਹੋਏ ਸਿਆਸੀ, ਆਰਥਕ ਅਤੇ ਸਭਿਆਚਾਰਕ ਢਾਂਚੇ ਬਦਲੇ ਜਾਣ। ਰੂਸ ਦੇ ਜ਼ਾਰ ਬਾਦਸ਼ਾਹਾਂ ਦਾ ਵੀ ਇਹੀ ਫੈਸਲਾ ਸੀ। ਗਾਜ਼ੀ ਵੀ ਇਸ ਫੈਸਲੇ ‘ਤੇ ਪਹੁੰਚਿਆ।
(ਚਲਦਾ)