ਸ਼ਿਕਾਗੋ ਕਬੱਡੀ ਕੱਪ ਦਾ ਵਿਸ਼ੇਸ਼ ਮਹਿਮਾਨ ਮਹਿੰਦਰ ਸਿੰਘ ਗਿੱਲ

ਪ੍ਰਿੰæ ਸਰਵਣ ਸਿੰਘ
ਮਹਿੰਦਰ ਸਿੰਘ ਗਿੱਲ ਨੇ ਪਹਿਲਾਂ ਭਾਰਤ ਤੇ ਫਿਰ ਅਮਰੀਕਾ ‘ਚ ਰਹਿੰਦਿਆਂ ਛਾਲਾਂ ਲਾਉਣ ਦੇ ਮੈਡਲ ਜਿੱਤਣ ਦੀ ਝੜੀ ਲਾਈ ਰੱਖੀ। ਉਹ ਭਾਰਤ ਦਾ ਮਾਣ ਹੈ ਤੇ ਅਮਰੀਕਾ ਦੀ ਸ਼ਾਨ। ਉਸ ਨੇ 15 ਸਾਲਾਂ ਦੇ ਸਰਗਰਮ ਖੇਡ ਕੈਰੀਅਰ ਵਿਚ 100 ਤੋਂ ਵੱਧ ਮੈਡਲ ਜਿੱਤੇ ਹਨ। ਉਨ੍ਹਾਂ ‘ਚੋਂ 52 ਉੱਤਰੀ ਅਮਰੀਕਾ ਤੇ ਯੂਰਪ ਦੀਆਂ ਅਥਲੈਟਿਕਸ ਖੇਡਾਂ ਵਿਚੋਂ ਹਨ ਅਤੇ ਬਾਕੀ ਦੇ ਹੋਰਨਾਂ ਦੇਸ਼ਾਂ ਦੀਆਂ ਖੇਡਾਂ ਵਿਚੋਂ ਹਨ।

ਦੋ ਮੈਡਲ ਏਸ਼ੀਆਈ ਖੇਡਾਂ ‘ਚੋਂ ਹਨ, ਦੋ ਕਾਮਨਵੈਲਥ ਖੇਡਾਂ ‘ਚੋਂ, ਤਿੰਨ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪਾਂ ‘ਚੋਂ, ਇਕ ਮੈਡਲ ਪ੍ਰੀ ਓਲੰਪਿਕ ਖੇਡਾਂ ‘ਚੋਂ ਤੇ ਦਰਜਨ ਦੇ ਕਰੀਬ ਇੰਡੋ-ਜਰਮਨ, ਇੰਡੋ-ਸੋਵੀਅਤ ਦੇਸ਼ ਅਤੇ ਹੋਰ ਦੁਵੱਲੇ ਕੌਮਾਂਤਰੀ ਖੇਡ ਮੁਕਾਬਲਿਆਂ ‘ਚੋਂ ਹਨ। ਤੀਹਰੀਆਂ ਛਾਲਾਂ ਲਾਉਣ ਦੇ ਸਭ ਤੋਂ ਵੱਧ ਮੈਡਲ ਜਿੱਤਣ ਦਾ ਰਿਕਾਰਡ ਹਾਲੇ ਵੀ ਮਹਿੰਦਰ ਸਿੰਘ ਗਿੱਲ ਦੇ ਨਾਂ ਹੈ। ਉਹ 2 ਸਤੰਬਰ 2018 ਨੂੰ ਸ਼ਿਕਾਗੋ ਵਿਚ ਖੇਡ ਸੰਸਥਾ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਕਰਵਾਏ ਜਾ ਰਹੇ ਖੇਡ ਮੇਲੇ ਵਿਚ ਪਧਾਰੇਗਾ। ਮੇਲਾ ਵੇਖਣ ਆਏ ਮੇਲੀ ਗੇਲੀ ਉਹਨੂੰ ਮਿਲ-ਗਿਲ ਸਕਦੇ ਤੇ ਉਹਦੇ ਨਾਲ ਦਿਲ ਦੀਆਂ ਗੱਲਾਂ ਕਰ ਸਕਦੇ ਹਨ।
ਮਹਿੰਦਰ ਸਿੰਘ ਗਿੱਲ ਨਾਲ ਮੇਰਾ 52 ਸਾਲਾਂ ਦਾ ਵਾਹ ਹੈ। 1966 ਵਿਚ ਜਦੋਂ ਉਹ ਦਿੱਲੀ ਦੇ ਰੇਲਵੇ ਸਟੇਡੀਅਮ ਵਿਚ ਰਹਿੰਦਾ ਸੀ, ਮੈਂ ਵੀ ਉਥੇ ਜਾਂਦਾ ਰਹਿੰਦਾ ਸਾਂ। ਸਾਡਾ ਅਕਸਰ ਮੇਲ ਹੁੰਦਾ। ਉਦੋਂ ਉਹਦੀ ਗੁੱਡੀ ਅਸਮਾਨੀਂ ਚੜ੍ਹ ਰਹੀ ਸੀ। ਮੈਂ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਲੱਗ ਪਿਆ ਸਾਂ। ਉਹਦੇ ਬਾਰੇ ਲਿਖੇ ਲੇਖ ਦਾ ਨਾਂ ਮੈਂ ‘ਅਲਸੀ ਦਾ ਫੁੱਲ’ ਰੱਖਿਆ ਸੀ, ਜੋ ਪੰਜਾਬੀ ਸਾਹਿਤਕ ਰਸਾਲੇ ‘ਆਰਸੀ’ ਵਿਚ ਛਪਿਆ ਸੀ। Ḕਅਲਸੀ ਦਾ ਫੁੱਲḔ ਨਾਂ ਰੱਖਣ ਪਿੱਛੇ ਉਹਦੀ ਸ਼ੁਕੀਨੀ, ਸੁਹੱਪਣ ਤੇ ਖਿੜੇ ਹੋਏ ਹਸਮੁੱਖ ਮੁਖੜੇ ਦਾ ਪ੍ਰਭਾਵ ਸੀ। ਵੇਖਿਆਂ ਭੁੱਖ ਲਹਿੰਦੀ ਸੀ। ਸ਼ਾਇਦ ਇਸ ਲੋਕ ਗੀਤ ਦੇ ਬੋਲ ਵੀ ਸਿਰਲੇਖ ਪਿੱਛੇ ਹੋਣ-ਮੇਰੀ ਨਣਦ ਚੱਲੀ ਮੁਕਲਾਵੇ, ਅਲਸੀ ਦੇ ਫੁੱਲ ਵਰਗੀ। ਬਾਅਦ ਵਿਚ ਮੈਂ ਉਸ ਨੂੰ ‘ਹੀਰਾ ਹਿਰਨ’ ਕਹਿਣ ਲੱਗ ਪਿਆ ਸਾਂ ਕਿਉਂਕਿ ਤੀਹਰੀ ਛਾਲ ਲਾਉਂਦਿਆਂ ਉਹ ਹੀਰੇ ਹਿਰਨ ਵਾਂਗ ਦੌੜਦਾ ਤੇ ਚੁੰਗੀਆਂ ਭਰਦਾ ਸੀ।
ਕੁਝ ਸਾਲ ਪਹਿਲਾਂ ਸਚਿੱਤਰ ਮੈਗਜ਼ੀਨ ‘ਖੇਡ ਸੰਸਾਰ’ ਦੇ ਸਬੰਧ ਵਿਚ ਅਸੀਂ ਕੈਲੀਫੋਰਨੀਆ ਦੇ ਟੂਰ ‘ਤੇ ਗਏ ਤਾਂ ਪਤਾ ਲੱਗਾ ਕਿ ਉਹ ਫਰਿਜ਼ਨੋ ਨੇੜੇ ਟਰਲਕ ਨਾਂ ਦੇ ਸ਼ਹਿਰ ਵਿਚ ਰਹਿੰਦਾ ਹੈ। ਅਸੀਂ ਫਰਿਜ਼ਨੋ ਦੇ ਇਕ ਰੈਸਟੋਰੈਂਟ ਵਿਚ ਬੈਠੇ ਖਾ-ਪੀ ਰਹੇ ਸਾਂ। ਗੱਲਾਂ-ਗੱਲਾਂ ਵਿਚ ਮਹਿੰਦਰ ਗਿੱਲ ਦਾ ਜ਼ਿਕਰ ਛਿੜ ਪਿਆ। ਸਾਡਾ ਮੇਜ਼ਬਾਨ ਪਾਲ ਮਾਹਲ ਕਹਿਣ ਲੱਗਾ, “ਉਹ ਏਥੇ ਨੇੜੇ ਈ ਰਹਿੰਦੈ, ਆਖੋ ਤਾਂ ਗੱਲ ਕਰਾਵਾਂ?” ਮੈਂ ਕਿਹਾ, “ਜ਼ਰੂਰ ਕਰਵਾਓ। ਸਾਡਾ ਪੁਰਾਣਾ ਬੇਲੀ ਐ।”
ਉਸ ਨੇ ਮਹਿੰਦਰ ਗਿੱਲ ਨਾਲ ਫੋਨ ਮਿਲਾ ਕੇ ਮੈਨੂੰ ਫੜਾ ਦਿੱਤਾ। ਉਹੀ ਚਾਲੀ ਵਰ੍ਹੇ ਪਹਿਲਾਂ ਵਾਲੀ ਆਵਾਜ਼ ਸੁਣਾਈ ਦਿੱਤੀ। ਮੈਂ ਪੁਰਾਣੀ ਨੇੜਤਾ ਦੇ ਨਾਤੇ ਪੁੱਛਿਆ, “ਕੀ ਹਾਲ ਐ ਹੁਣ Ḕਅਲਸੀ ਦੇ ਫੁੱਲḔ ਦਾ?” ਉਹ ਉਹੀ ਚਾਲੀ ਸਾਲ ਪਹਿਲਾਂ ਵਾਲਾ ਹਾਸਾ ਹੱਸਿਆ ਤੇ ਆਖਣ ਲੱਗਾ, “ਅਲਸੀ ਦਾ ਫੁੱਲ ਤਾਂ ਹੁਣ ਕੁਮਲਾਇਆ ਪਿਐ। ਬਾਕੀ ਆ ਕੇ ਦੇਖ ਲਓ।”
ਟਰਲਕ ਉਥੋਂ ਅੱਧੇ ਪੌਣੇ ਘੰਟੇ ਦਾ ਰਾਹ ਸੀ। ਮੇਰੇ ਨਾਲ ਪਹਿਲਵਾਨ ਕਰਤਾਰ ਸਿੰਘ ਦਾ ਭਰਾ ਗੁਰਚਰਨ ਸਿੰਘ ਢਿੱਲੋਂ ਤੇ ਫੋਟੋ ਕਲਾਕਾਰ ਸੰਤੋਖ ਸਿੰਘ ਮੰਡੇਰ ਸਨ। ਅਸੀਂ ਕਾਰ ਮਹਿੰਦਰ ਗਿੱਲ ਦੇ ਸ਼ਹਿਰ ਟਰਲਕ ਨੂੰ ਹੱਕ ਲਈ ਤੇ ਦਿਨ ਛਿਪਦੇ ਨਾਲ ਉਹਦੇ ਖੁੱਲ੍ਹੇ-ਡੁੱਲ੍ਹੇ ਘਰ ਜਾ ਪਹੁੰਚੇ। ਉਸ ਨੇ ਉਡੀਕ ਵਿਚ ਬਾਹਰਲਾ ਦਰ ਖੋਲ੍ਹ ਰੱਖਿਆ ਸੀ ਤੇ ਸਵਿਮਿੰਗ ਪੂਲ ਕੋਲ ਕੁਰਸੀਆਂ ਡਾਹ ਰੱਖੀਆਂ ਸਨ। ਸਾਨੂੰ ਉਹ ਉੱਡ ਕੇ ਮਿਲਿਆ। ਉਹਦੀ ਪਤਨੀ ਸਬਜ਼ੀਆਂ ਭਾਜੀਆਂ ਨੂੰ ਤੜਕੇ ਲਾ ਰਹੀ ਸੀ। ਤੜਕੇ ਦੀ ਮਹਿਕ ਫੁੱਲਾਂ ਦੀ ਵਾਸ਼ਨਾ ਦੇ ਉਤੋਂ ਦੀ ਹੋਈ ਪਈ ਸੀ। ਬੂਟਿਆਂ ਨਾਲ ਰੰਗ ਬਰੰਗੇ ਫੁੱਲ ਟਹਿਕ ਰਹੇ ਸਨ। ਪੂਲ ਦਾ ਨੀਲਾ ਨਿਰਮਲ ਪਾਣੀ ਹਵਾ ਤੇ ਚਾਨਣ ਨਾਲ ਝਿਲਮਿਲ-ਝਿਲਮਲ ਕਰ ਰਿਹਾ ਸੀ। ਅਲਸੀ ਦਾ ਫੁੱਲ ਕੁਮਲਾਇਆ ਨਹੀਂ ਸਗੋਂ ਟਹਿਕ ਰਿਹਾ ਲੱਗਾ।
ਮਹਿੰਦਰ ਨੂੰ ਮੈਂ ਨੀਝ ਨਾਲ ਵੇਖਿਆ। ਉਹ ਸ਼ਕਲੋਂ ਸੂਰਤੋਂ ਬਹੁਤਾ ਨਹੀਂ ਸੀ ਬਦਲਿਆ। ਉਹੀ ਛਾਂਗਵੀਂ ਦਾੜ੍ਹੀ, ਉਹੀ ਤਰਾਸ਼ੀਆਂ ਬਰੀਕ ਮੁੱਛਾਂ, ਸੰਗਾਊ ਚਿਹਰਾ ਤੇ ਸ਼ਰਮਾਉਂਦੀਆਂ ਅੱਖਾਂ। ਗੋਰਾ ਗੰਦਮੀ ਰੰਗ ਤੇ ਹੱਸਦੇ ਚਿੱਟੇ ਦੰਦ। ਮੁਸਕਰਾਹਟ ਵੀ ਪਹਿਲਾਂ ਵਰਗੀ ਹੀ ਲੁਭਾਉਣੀ ਸੀ। ਕੁਮਲਾ ਜਾਣ ਵਾਲੀ ਕੋਈ ਗੱਲ ਨਹੀਂ ਸੀ। ਮੇਰੇ ਸਾਥੀ ਸੰਤੋਖ ਸਿੰਘ ਮੰਡੇਰ ਤੇ ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ ਉਹਦੇ ਪਹਿਲਾਂ ਹੀ ਵਾਕਫ ਸਨ। ਅਸੀਂ ਸਾਲਾਂ ਬਾਅਦ ਮਿਲੇ ਸਾਂ, ਗੱਲਾਂ ਦੀਆਂ ਲੜੀਆਂ ਅਜਿਹੀਆਂ ਤੁਰੀਆਂ ਕਿ ਡੂੰਘੀ ਰਾਤ ਤਕ ਤੁਰੀਆਂ ਹੀ ਰਹੀਆਂ। ਉਹ ਉਥੇ ‘ਮਹਿੰਦਰ ਸਪੋਰਟਸ ਇੰਕ’ ਨਾਂ ਦਾ ਸਪੋਰਟਸ ਸਟੋਰ ਚਲਾ ਰਿਹਾ ਸੀ।
ਇਕ ਸਮਾਂ ਸੀ, ਜਦੋਂ ਮਹਿੰਦਰ ਸਿੰਘ ਗਿੱਲ ਦੇ ਅੰਤਰਰਾਸ਼ਟਰੀ ਅਥਲੈਟਿਕਸ ਮੁਕਾਬਲਿਆਂ ਵਿਚ 19 ਰਿਕਾਰਡ ਰੱਖੇ ਹੋਏ ਸਨ। ਉਸ ਨੇ ਏਸ਼ੀਆਈ ਖੇਡਾਂ ਤੇ ਏਸ਼ੀਆਈ ਅਥਲੈਟਿਕ ਮੁਕਾਬਲਿਆਂ ਵਿਚੋਂ ਚਾਰ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ ਸੀ। ਕਾਮਨਵੈਲਥ ਖੇਡਾਂ ਵਿਚੋਂ ਵੀ ਇਕ ਚਾਂਦੀ ਤੇ ਇਕ ਤਾਂਬੇ ਦਾ ਤਮਗਾ ਜਿੱਤਿਆ ਸੀ। ਉਸ ਨੇ ਟੈਕਸਸ ਦੇ ਇਕ ਖੇਡ ਮੁਕਾਬਲੇ ਵਿਚ 56 ਫੁੱਟ ਸਾਢੇ 4 ਇੰਚ ਲੰਮੀ ਤੀਹਰੀ ਛਾਲ ਲਾਈ ਸੀ ਜਿਸ ਨਾਲ ਉਹ ਵਿਸ਼ਵ ਦੇ ਚੋਟੀ ਦੇ ਅਥਲੀਟਾਂ ਵਿਚ ਗਿਣਿਆ ਗਿਆ ਸੀ। 1971 ਵਿਚ ਮਿਉਨਿਖ ਦੀਆਂ ਪ੍ਰੀ-ਓਲੰਪਿਕ ਖੇਡਾਂ ਵਿਚ ਉਹ ਕੁਲ ਏਸ਼ੀਆ ਦਾ ਇਕੋ ਇਕ ਅਥਲੀਟ ਸੀ, ਜੋ ਚਾਂਦੀ ਦਾ ਤਮਗਾ ਜਿੱਤ ਸਕਿਆ।
ਮਹਿੰਦਰ ਗਿੱਲ ਅਮਰੀਕਾ ਵਿਚ ਪੰਜ ਸਾਲ ਸਭ ਤੋਂ ਵੱਧ ਦੂਰ ਤੀਹਰੀ ਛਾਲ ਲਾਉਂਦਾ ਰਿਹਾ। ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਉਸ ਨੇ 15 ਵਾਰ ਭਾਰਤ ਦੀ ਨੁਮਾਇੰਦਗੀ ਕੀਤੀ। ਏਸ਼ੀਆ, ਅਮਰੀਕਾ ਤੇ ਯੂਰਪ ਦੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਉਹ 75 ਵਾਰ ਸ਼ਰੀਕ ਹੋਇਆ ਤੇ ਅਨੇਕਾਂ ਵਾਰ ਜਿੱਤਾਂ ਹਾਸਲ ਕੀਤੀਆਂ। 1972 ਵਿਚ ਮਿਉਨਿਖ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਅਥਲੈਟਿਕ ਟੀਮ ਦਾ ਕਪਤਾਨ ਸੀ। 1965 ਤੋਂ ਲੈ ਕੇ 75 ਤਕ ਉਹਦੀਆਂ ਛਾਲਾਂ ਦੇ ਸੁਨਹਿਰੀ ਦਿਨ ਸਨ। ਪਈ ਮਹਿੰਦਰ-ਮਹਿੰਦਰ ਹੁੰਦੀ।
ਉਸ ਦਾ ਜਨਮ ਪਾਕਿਸਤਾਨ ਬਣਨ ਵਾਲੇ ਸਾਲ 12 ਅਪਰੈਲ 1947 ਨੂੰ ਜਲੰਧਰ ਨੇੜੇ ਪਿੰਡ ਫੋਲੜੀਵਾਲ ਵਿਚ ਸ਼ ਧੰਨਾ ਸਿੰਘ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਿਛਲਾ ਪਿੰਡ ਜਮਸ਼ੇਰ ਸੀ। ਜਮਸ਼ੇਰ ਤੋਂ ਉਸ ਨੇ ਅੱਠ ਜਮਾਤਾਂ ਪਾਸ ਕੀਤੀਆਂ ਤੇ ਵਾਲੀਬਾਲ ਦੀ ਖੇਡ ਦੇ ਸਿਰ ‘ਤੇ ਨੌਵੀਂ ਜਮਾਤੇ ਸਪੋਰਟਸ ਸਕੂਲ, ਜਲੰਧਰ ਵਿਚ ਦਾਖਲ ਹੋ ਗਿਆ। ਉਨ੍ਹੀਂ ਦਿਨੀਂ ਉਹ ਤੇ ਉਹਦੇ ਸਾਥੀ ਤੜਕੇ ਤਿੰਨ ਵਜੇ ਉਠ ਖੜ੍ਹਦੇ। ਕਦੇ ਨਹਿਰ ਦੀ ਪਟੜੀ ਤੇ ਕਦੇ ਰੇਤੇ ਉਤੇ ਦੌੜਨ ਲੱਗਦੇ। ਇਕ-ਇਕ ਲੱਤ ਉਤੇ ਬੁੜ੍ਹਕਦਿਆਂ ਗਰਾਊਂਡ ਦਾ ਗੇੜਾ ਲਾਉਂਦੇ। ਉਸ ਅਭਿਆਸ ਨੇ ਮਹਿੰਦਰ ਦੀਆਂ ਲੱਤਾਂ ਵਿਚ ਲੋਹੜੇ ਦੀ ਤਾਕਤ ਭਰ ਦਿੱਤੀ ਤੇ ਉਹ ਉੱਚੀ ਤੇ ਲੰਮੀ ਛਾਲ ਲਾਉਣ ਦੇ ਨਾਲ ਹਾਪ ਸਟੈੱਪ ਐਂਡ ਜੰਪ ਵੀ ਕਰਨ ਲੱਗ ਪਿਆ।
1964 ਵਿਚ ਉਸ ਨੇ ਹਾਇਰ ਸੈਕੰਡਰੀ ਕੀਤੀ ਤੇ ਨਵੀਂ ਬਣੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਪੋਰਟਸ ਕੋਟੇ ਵਾਲੇ ਕਾਲਜ ਵਿਚ ਦਾਖਲ ਹੋ ਗਿਆ। ਮੈਂ ਉਦੋਂ ਦਿੱਲੀ ਯੂਨੀਵਰਸਿਟੀ ਤੋਂ ਐਮæ ਏæ ਦੀ ਡਿਗਰੀ ਹਾਸਲ ਕੀਤੀ ਸੀ। ਇਕ ਦਿਨ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਗਿਆ ਤਾਂ ਉਥੇ ਬੜੀ ਸੋਹਣੀ ਪੱਗ ਬੰਨ੍ਹੀ ਇਕ ਸ਼ੁਕੀਨ ਜਿਹਾ ਮੁੰਡਾ ਵੇਖਿਆ। ਮੈਂ ਉਸ ਤੋਂ ਦਿੱਲੀ ਵਾਲੇ ਪ੍ਰੋਫੈਸਰ ਮਨਮੋਹਨ ਸਿੰਘ ਦਾ ਥਾਂ ਟਿਕਾਣਾ ਪੁੱਛਣਾ ਚਾਹਿਆ ਤਾਂ ਉਹ ਕਾਹਲੀ ਨਾਲ ਮੇਰੇ ਕੋਲ ਦੀ ਲੰਘ ਗਿਆ। ਮੈਨੂੰ ਉਸ ਦੀ ਬੇਰੁਖੀ ਚੁਭੀ। ਸ਼ਾਮ ਨੂੰ ਜਦੋਂ ਮੈਂ ਟਰੈਕ ‘ਚ ਗਿਆ ਤਾਂ ਪਤਾ ਲੱਗਾ ਕਿ ਜਿਹੜੇ ਸ਼ੁਕੀਨ ਮੁੰਡੇ ਨੂੰ ਮੈਂ ਦੁਪਹਿਰੇ ਮਿਲਿਆ ਸਾਂ, ਉਹ ਟ੍ਰਿਪਲ ਜੰਪਰ ਮਹਿੰਦਰ ਸਿੰਘ ਗਿੱਲ ਹੀ ਸੀ। ਉਦੋਂ ਤਕ ਉਹਦੀਆਂ ਅਖਬਾਰਾਂ ਵਿਚ ਸੁਰਖੀਆਂ ਲੱਗਣ ਲੱਗ ਪਈਆਂ ਸਨ। ਮੈਨੂੰ ਉਸ ਦਾ ਵਿਹਾਰ ਆਮ ਖਿਡਾਰੀਆਂ ਦੇ ਉਲਟ ਲੱਗਾ। ਪਰ ਛੇਤੀ ਹੀ ਮੇਰਾ ਭਰਮ ਦੂਰ ਹੋ ਗਿਆ। ਪਹਿਲੀ ਮੁਲਾਕਾਤ ਪਿਛੋਂ ਉਹ ਜਦੋਂ ਵੀ ਮਿਲਿਆ, ਬੇਰੁਖਾ ਨਹੀਂ ਸਗੋਂ ਖਿੜਿਆ-ਖਿੜਿਆ ਲੱਗਾ।
ਟਰਲਕ ਉਹਦੇ ਘਰ ਬੈਠੇ ਅਸੀਂ ਪੁਰਾਣੀਆਂ ਯਾਦਾਂ ਫੋਲਣ ਲੱਗੇ। 1966 ਦੀ ਯਾਦ ਸੀ। ਦਿੱਲੀ ਦੇ ਰੇਲਵੇ ਸਟੇਡੀਅਮ ਵਿਚ ਉਹ ਇਕ ਰੂਸੀ ਖਿਡਾਰਨ ਨਾਲ ਗੱਲਾਂ ਕਰ ਰਿਹਾ ਸੀ। ਉਹਦਾ ਨਾਂ ਓਲਗਾ ਸੀ ਜਾਂ ਉਲੇਨਾ, ਪੱਕਾ ਯਾਦ ਨਹੀਂ। ਉਹ ਦੋਵੇਂ ਸਟੇਡੀਅਮ ਦੇ ਇਕ ਖੂੰਜੇ ਖੜ੍ਹੇ ਕਾਫੀ ਦੇਰ ਘੁਸਰ ਮੁਸਰ ਕਰਦੇ ਰਹੇ। ਪਤਾ ਨਹੀਂ ਕਿਹੜਾ ਮਾਮਲਾ ਸੀ ਜੋ ਮੁੱਕਣ ਵਿਚ ਨਹੀਂ ਸੀ ਆ ਰਿਹਾ। ਅਖੀਰ ਰੂਸੀ ਕੁੜੀ ਨੂੰ ਉਹਦੇ ਟੀਮ ਮੈਨੇਜਰ ਨੇ ਸੱਦ ਲਿਆ ਤੇ ਮਹਿੰਦਰ ਡੋਲਦਾ ਜਿਹਾ ਸਾਡੇ ਕੋਲ ਆ ਗਿਆ। ‘ਕਲਹਿਰੀ ਮੋਰ’ ਬਣੇ ਜਰਨੈਲ ਸਿੰਘ ਨੇ ਪੁੱਛਿਆ, “ਬਣੀ ਗੱਲ?”
ਮਹਿੰਦਰ ਨੇ ਕਿਹਾ, “ਕਿਹੜੀ?”
“ਓਹੀ।”
“ਓਹੀ ਕਿਹੜੀ?”
“ਓਇ ਓਹੀ।” ਜਰਨੈਲ ਸਿੰਘ ਨੇ ਮਚਲਾ ਬਣਦਿਆਂ ਕਿਹਾ।
“ਓਇ ਜਾਣ ਦੇ। ਉਹ ਤਾਂ ਅਸੀਂ ਗੱਲਾਂ ਕਰਦੇ ਸੀ ਈਵੈਂਟ ਦੀਆਂ। ਐਵੇਂ ਹੱਥਾਂ ਜਿਅ੍ਹਾਂ ‘ਤੇ ਉਂਗਲਾਂ ਮਾਰੀ ਗਈ। ਆਪਾਂ ਨੂੰ ਕਿਹੜਾ ਉਨ੍ਹਾਂ ਦੀ ਬੋਲੀ ਸਮਝ ਆਉਂਦੀ ਆ? ਆਹ ਫੋਟੋ ਦੇ ਗਈ ਆ ਜਾਂਦੀ ਹੋਈ। ਪਤਾ ਨੀ ਇਹਦੇ ਪਿੱਛੇ ਕੀ ਲਿਖਿਆ ਹੋਇਐ?” ਗੱਲਾਂ ਕਰਦਿਆਂ ਉਹਦਾ ਮੂੰਹ ਸੰਗ ਨਾਲ ਸੂਹਾ ਹੋਈ ਜਾ ਰਿਹਾ ਸੀ। ਸਾਥੀ ਉਹਨੂੰ ਦੇਰ ਤਕ ਛੇੜੀ ਗਏ। ਉੱਦਣ ਦੀ ਸ਼ਾਮ ਸੁਲਫੇ ਦੀ ਲਾਟ ਵਰਗੀ ਰੂਸੀ ਕੁੜੀ ਦੇ ਲੇਖੇ ਲੱਗ ਗਈ ਸੀ।
‘ਕੇਰਾਂ ਅਸੀਂ ਰਾਤ ਦੀ ਰੋਟੀ ਖਾ ਕੇ ਪਟਿਆਲੇ ਐਨæ ਆਈæ ਐਸ਼ ਦੇ ਗੇਟ ਮੂਹਰੇ ਬੈਠੇ ਸਾਂ। ਘੁਸਮੁਸੇ ਹਨੇਰੇ ‘ਚ ਧੁੰਦਲਾ ਜਿਹਾ ਚੰਦ ਲਿਸ਼ਕ ਰਿਹਾ ਸੀ। ਗਰਮੀਆਂ ਦੀ ਰਾਤ ਹੁੰਮਸ ਨਾਲ ਪਿਘਲੀ ਹੋਈ ਸੀ। ਬਾਰਸ਼ ਨਾਲ ਧੋਤੇ ਰਾਤ ਰਾਣੀ ਦੇ ਬੂਟਿਆਂ ‘ਚੋਂ ਭਿੰਨੀ-ਭਿੰਨੀ ਮਹਿਕ ਉਠ ਰਹੀ ਸੀ। ਮਹਿੰਦਰ ਨੇ ਕਿਹਾ, “ਇਸ਼ਕ ਬੜੀ ਚੀਜ਼ ਆ। ਮਾਸ਼ੂਕ ਕੋਲ ਖੜ੍ਹੀ ਹੋਵੇ ਤਾਂ ਬੰਦਾ ਉਂਜ ਈ ਛਾਲ ਮਾਰ ਕੇ ਧਰਤੀ ਟੱਪ-ਜੇ। ਆਹ ਇੰਡੀਆ ਤੇ ਏਸ਼ੀਆ ਦੇ ਰਿਕਾਡ-ਰਕੂਡ ਤਾਂ ਗੱਲ ਈ ਕੀ ਆ?”
ਸਪੋਰਟਸ ਸਕੂਲ, ਜਲੰਧਰ ਵਿਚ ਭਾਵੇਂ ਉਹ ਵਾਲੀਬਾਲ ਦੇ ਖਿਡਾਰੀ ਵਜੋਂ ਦਾਖਲ ਹੋਇਆ ਸੀ ਪਰ ਉਹ ਛੇਤੀ ਹੀ ਅਥਲੈਟਿਕਸ ਵੱਲ ਆ ਗਿਆ। ਪਹਿਲੇ ਹੀ ਦਿਨ ਉਸ ਨੇ 41 ਫੁੱਟ ਹਾਪ ਸਟੈਪ ਐਂਡ ਜੰਪ ਕੀਤਾ। ਉਸੇ ਸਾਲ ਉਹ ਸਕੂਲਾਂ ਦਾ ਨੈਸ਼ਨਲ ਚੈਂਪੀਅਨ ਬਣ ਗਿਆ। ਸਕੂਲ ਵਿਚ ਪੜ੍ਹਦਿਆਂ ਹੀ ਉਹ 48 ਫੁੱਟ ਸਾਢੇ 4 ਇੰਚ ਤੀਹਰੀ ਛਾਲ ਲਾ ਗਿਆ ਸੀ। ਉਹਦੇ ਸਰੀਰ ਵਿਚ ਲਚਕ ਸੀ ਤੇ ਕੱਦ ਦੇ ਹਿਸਾਬ ਨਾਲ ਲੱਤਾਂ ਲੰਮੇਰੀਆਂ ਸਨ। ਉਹਦੀ ਹੋਣਹਾਰੀ ਵੇਖਦਿਆਂ ਅਖਬਾਰਾਂ ਵਿਚ ਉਸ ਦੇ ਨਾਂ ਦੀਆਂ ਸੁਰਖੀਆਂ ਲੱਗਣ ਲੱਗ ਪਈਆਂ ਸਨ।
ਕੁਰੂਕਸ਼ੇਤਰ ਯੂਨੀਵਰਸਿਟੀ ਵਾਲੇ ਉਸ ਨੂੰ ਜਲੰਧਰੋਂ ਪੱਟ ਕੇ ਕੁਰੂਕਸ਼ੇਤਰ ਲੈ ਗਏ। ਉਥੇ ਉਸ ਨੇ ਪਹਿਲੇ ਹੀ ਸਾਲ ਭਾਰਤੀ ਯੂਨੀਵਰਸਿਟੀਆਂ ਦਾ ਨਵਾਂ ਰਿਕਾਰਡ ਰੱਖ ਦਿੱਤਾ। ਉਹ ਖੇਡ ਦੇ ਨਾਲ ਪੜ੍ਹਾਈ ਵਿਚ ਵੀ ਹੁਸ਼ਿਆਰ ਰਿਹਾ। ਇਕ ਇਮਤਿਹਾਨ ਵਿਚ ਉਹ ਯੂਨੀਵਰਸਿਟੀ ‘ਚੋਂ ਦੂਜੇ ਨੰਬਰ ‘ਤੇ ਆਇਆ। ਉਦੋਂ ਉਹ ਕਿਹਾ ਕਰਦਾ ਸੀ ਕਿ ਪੜ੍ਹਾਈ ਮੁਕਾ ਕੇ ਜਾਂ ਤਾਂ ਪ੍ਰੋਫੈਸਰ ਬਣਾਂਗਾ ਜਾਂ ਕੋਈ ਹੋਰ ਵੱਡਾ ਅਫਸਰ। ਉਹਦੇ ਪਿਤਾ ਦਾ ਉੜੀਸਾ ਤੇ ਬੰਗਾਲ ਵਿਚ ਟਰਾਂਸਪੋਰਟ ਦਾ ਕਾਰੋਬਾਰ ਸੀ। ਮਹਿੰਦਰ ਦੇ ਬਚਪਨ ਦਾ ਕੁਝ ਸਮਾਂ ਕਲਕੱਤੇ ਵੀ ਗੁਜ਼ਰਿਆ ਸੀ। ਕਦੇ-ਕਦੇ ਉਹ ਕਹਿੰਦਾ, ਮੈਂ ਚਾਹ ਦੇ ਬਾਗਾਂ ਦੀ ਨੌਕਰੀ ਕਰਨੀ ਹੈ। ਕਦੇ ਸੈਰ ਸਪਾਟੇ ਦੀਆਂ ਗੱਲਾਂ ਕਰਦਾ।
ਉਹ ਬੀæ ਏæ ਕਰ ਕੇ ਇਕਨਾਮਿਕਸ ਦੀ ਐਮæ ਏæ ਕਰਨ ਲੱਗਾ ਸੀ ਕਿ ਰੇਲਵੇ ਵਾਲਿਆਂ ਨੇ ਸਪੋਰਟਸ ਕੋਟੇ ਵਿਚ ਉਸ ਨੂੰ ਨੌਕਰੀ ਦੇ ਦਿੱਤੀ। ਪਰ ਉਹ ਨੌਕਰੀ ਉਸ ਨੇ ਛੇਤੀ ਹੀ ਛੱਡ ਕੇ ਜਮਸ਼ੇਦਪੁਰ ਟਿਸਕੋ ਵਾਲਿਆਂ ਦੀ ਪੇਸ਼ਕਸ਼ ਪ੍ਰਵਾਨ ਕਰ ਲਈ। ਇਸ ‘ਤੇ ਰੇਲਵੇ ਵਾਲੇ ਉਸ ਨਾਲ ਖਫਾ ਹੋਏ। ਇੰਡੀਅਨ ਐਮੇਚਿਓਰ ਅਥਲੈਟਿਕਸ ਫੈਡਰੇਸ਼ਨ ਦੇ ਅਹੁਦੇਦਾਰ ਰੇਲਵੇ ਨਾਲ ਸਬੰਧਤ ਸਨ। ਉਹ ਉਹਦੇ ਵੈਰ ਪੈ ਗਏ ਤੇ ਉਹਦਾ ਨਾਂ ਭਾਰਤੀ ਰਿਕਾਰਡਾਂ ਵਿਚੋਂ ਮੇਟਣ ਲੱਗੇ।
1966 ਵਿਚ ਬੈਂਕਾਕ ਦੀਆਂ ਏਸ਼ੀਆਈ ਖੇਡਾਂ ਲਈ ਉਹ ਭਾਰਤੀ ਟੀਮ ਵਿਚ ਚੁਣਿਆ ਗਿਆ ਪਰ ਕੋਈ ਮੈਡਲ ਨਾ ਜਿੱਤ ਸਕਿਆ। ਫਿਰ 1970 ਤੇ 74 ਦੀਆਂ ਏਸ਼ੀਆਈ ਖੇਡਾਂ ਵਿਚੋਂ ਸੋਨੇ ਤੇ ਚਾਂਦੀ ਦੇ ਮੈਡਲ ਜਿੱਤੇ। 1970 ਤੇ 74 ਦੀਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਲਈ ਇਕ ਚਾਂਦੀ ਤੇ ਇਕ ਤਾਂਬੇ ਦਾ ਤਮਗਾ ਜਿੱਤਿਆ। ਟ੍ਰਿਪਲ ਜੰਪ ਦੇ ਭਾਰਤ ਤੇ ਏਸ਼ੀਆ ਦੇ ਰਿਕਾਰਡ ਵੀ ਕਾਫੀ ਸਮਾਂ ਉਹਦੇ ਨਾਂ ਰਹੇ।
ਇਕ ਵਾਰ ਉਹ ਮੂੰਹ ਹਨੇਰੇ ਕਰਾਸ ਕੰਟਰੀ ਲਾ ਰਿਹਾ ਸੀ। ਲਾਗਲੇ ਪਿੰਡ ਦਾ ਜੱਟ ਪੁੱਛਣ ਲੱਗਾ, “ਪਿੰਡ ਪੁਲਿਸ ਪੈ ਗਈ?” ਅਗਲੇ ਪਿੰਡ ਪਹੁੰਚਾ ਤਾਂ ਕੁੱਤੇ ਮਗਰ ਪੈ ਗਏ। ਉਸ ਨੇ ਦੱਸਿਆ, “ਹਨੇਰੇ ਸਵੇਰੇ ਦੌੜਦੇ ਸੀ ਤਾਂ ਪਿੰਡਾਂ ਵਾਲੇ ਕਹਿੰਦੇ ਸੀ ਬਈ ਇਹਨੂੰ ਕੀ ਬਣੀ? ਪਾਥੀਆਂ ਪੱਥਦੀਆਂ ਕੁੜੀਆਂ ਪਾਥੀਆਂ ਪੱਥਣੋਂ ਹਟ ਜਾਂਦੀਆਂ ਤੇ ਖੜ੍ਹ-ਖੜ੍ਹ ਕੇ ਵੇਖਦੀਆਂ। ਬੁੱਢੇ ਮੱਥਿਆਂ ‘ਤੇ ਹੱਥ ਰੱਖ ਕੇ ਦੂਰ ਤਕ ਵੇਖਦੇ ਰਹਿੰਦੇ। ਉਹ ਸਮਝਦੇ ਜਾਂ ਤਾਂ ਬੰਦਾ ਡਰ ਕੇ ਦੌੜਦਾ ਜਾਂ ਕਿਸੇ ਬਹੁਤੇ ਈ ਜ਼ਰੂਰੀ ਕੰਮ ਹੌਂਕਣੀਆਂ ਚੜ੍ਹਾਉਂਦਾ। ਪ੍ਰੈਕਟਿਸ ਕਰਨ ਲਈ ਭਲਾ ਕੌਣ ਦੌੜਦੈ?”
ਮਹਿੰਦਰ ਸਿੰਘ ਦੌੜਦਾ ਤਾਂ ਉਹਦੀ ਗਿੱਚੀ ਪਿੱਛੇ ਲਮਕਦੇ ਵਾਲ ਨਿੱਕੀਆਂ-ਨਿੱਕੀਆਂ ਛਾਲਾਂ ਮਾਰਦੇ। ਗੋਡੇ ਸਪਰਿੰਗਾਂ ਵਾਂਗ ਲਿਫਦੇ। ਜਦੋਂ ਛਾਲ ਲਾਉਂਦਾ ਤਾਂ ਪੈਰ ਤੋਂ ਹੀ ਜ਼ੋਰ ਨਾਲ ਭੱਜਦਾ। ਲੰਮੇ ਕਦਮ ਭਰਦਾ ਜੋ ਸਾਇੰਟੇਫਿਕ ਕੋਚਿੰਗ ਮੁਤਾਬਕ ਸਹੀ ਨਹੀਂ ਸਨ। ਜੇ ਉਸ ਨੂੰ ਕਿਸੇ ਮਾਹਿਰ ਕੋਚ ਦੀ ਸਹੀ ਕੋਚਿੰਗ ਮਿਲੀ ਹੁੰਦੀ ਤਾਂ ਉਹਦੀ ਤੀਹਰੀ ਛਾਲ 59-60 ਫੁੱਟ ਤਕ ਜਾ ਸਕਦੀ ਸੀ। ਤੀਹਰੀ ਛਾਲ ਲਾਉਂਦਿਆਂ ਉਹਦਾ ਹੌਪ ਲੰਮਾ ਹੁੰਦਾ, ਸਟੈਪ ਛੋਟਾ ਤੇ ਜੰਪ ਉਸ ਤੋਂ ਵੀ ਛੋਟਾ। ਜਦੋਂ ਉਹ 53 ਫੁੱਟ ਛਾਲ ਲਾਉਣ ਲੱਗਾ ਤਾਂ ਉਸ ਨੂੰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਨ ਲੂਈਸ ਵੱਲੋਂ ਪੜ੍ਹਾਈ ਤੇ ਖੇਡਾਂ ਦਾ ਸਕਾਲਰਸ਼ਿਪ ਮਿਲ ਗਿਆ। ਟਰਲਕ ਵਿਚਲੀ ਮੁਲਾਕਾਤ ਸਮੇਂ ਉਸ ਨੇ ਉਹ ਸਾਰੀਆਂ ਦੁਸ਼ਵਾਰੀਆਂ ਦੱਸੀਆਂ ਕਿ ਕਿਵੇਂ ਉਹ ਕੈਲੀਫੋਰਨੀਆ ਆਇਆ ਤੇ ਕਿਵੇਂ ਓਪਰਾ ਹੋਣ ਕਾਰਨ ਬੌਂਦਲਿਆ ਰਿਹਾ।
ਭਾਰਤ ਦੇ ਖੇਡ ਅਧਿਕਾਰੀਆਂ ਤੋਂ ਖਫਾ ਹੋ ਕੇ ਰੋਸ ਵਜੋਂ ਹੀ ਉਹ ਦਸੰਬਰ 1968 ਵਿਚ ਕੈਲੀਫੋਰਨੀਆ ਆਇਆ ਸੀ। ਉਸ ਵੇਲੇ ਉਸ ਨੂੰ ਓਪਰੀ ਭਾਸ਼ਾ ਤੇ ਖਾਧ ਖੁਰਾਕ ਦੀਆਂ ਵੱਡੀਆਂ ਮੁਸ਼ਕਿਲਾਂ ਆਈਆਂ। ਨਾ ਉਸ ਨੂੰ ਕਿਸੇ ਦੀ ਭਾਸ਼ਾ ਸਮਝ ਆਉਂਦੀ ਤੇ ਨਾ ਅਮਰੀਕਨ ਖਾਣਾ ਸੁਆਦ ਲੱਗਦਾ। ਕੋਚਿੰਗ ਮਸ਼ੀਨੀ ਟਾਈਪ ਦੀ ਸੀ। ਕਦੇ-ਕਦੇ ਛੱਡ ਕੇ ਭੱਜਣ ਨੂੰ ਦਿਲ ਕਰਦਾ। ਉਹ ਅਮਰੀਕਾ ‘ਚ ਟ੍ਰੇਨਿੰਗ ਲੈਂਦਾ ਰਿਹਾ ਤੇ ਭਾਰਤ ਦੀ ਨੁਮਾਇੰਦਗੀ ਕਰਦਾ ਰਿਹਾ। 1972 ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਉਹ ਤੇ 400 ਮੀਟਰ ਦੀ ਏਸ਼ੀਆ ਜੇਤੂ ਕਮਲਜੀਤ ਸੰਧੂ ਅਮਰੀਕਾ ਤੋਂ ਹੀ ਮਿਉਨਿਖ ਗਏ ਸਨ।
ਕੈਲੀਫੋਰਨੀਆ ਵਿਚਲੀ ਕੋਚਿੰਗ ਨਾਲ ਉਹਦੀ ਛਾਲ ਦੋ ਤਿੰਨ ਫੁੱਟ ਹੋਰ ਵਧ ਗਈ। ਨਾਲ ਵੱਡਾ ਫਾਇਦਾ ਇਹ ਹੋਇਆ ਕਿ ਉਥੇ 1974 ਵਿਚ ਉਸ ਦਾ ਵਿਆਹ ਬੀਬੀ ਨਰਿੰਦਰ ਕੌਰ ਨਾਲ ਹੋ ਗਿਆ, ਜਿਸ ਦਾ ਪੇਕਾ ਪਿੰਡ ਬਾਜੜਾ ਸੀ ਤੇ ਮਾਪੇ ਇੰਗਲੈਂਡ ਰਹਿੰਦੇ ਸਨ। ਉਹ ਵੀ ਪੜ੍ਹਨ ਲਈ ਅਮਰੀਕਾ ਆਈ ਸੀ। ਉਨ੍ਹਾਂ ਦੇ ਇਕ ਪੁੱਤਰ ਹਰਮਨ ਸਿੰਘ ਅਤੇ ਦੋ ਧੀਆਂ-ਗੁਰਿੰਦਰ ਕੌਰ ਤੇ ਅਮਿਤ ਕੌਰ ਹਨ।
ਵਿਆਹ ਕਰਵਾ ਕੇ ਤੇ ਸਰਗਰਮ ਅਥਲੈਟਿਕਸ ਤੋਂ ਰਿਟਾਇਰ ਹੋ ਕੇ ਉਸ ਨੇ ਟਰਲਕ ਵਿਚ ਖੇਡ ਸਮਾਨ ਦਾ ਬਿਜਨਸ ਕਰਨਾ ਸ਼ੁਰੂ ਕਰ ਲਿਆ। ਡਿਸਕਸ ਸੁੱਟਣ ਵਾਲੇ ਓਲੰਪਿਕ ਚੈਂਪੀਅਨ ਐਲ ਓਰਟਰ ਨੇ ਉਸ ਨੂੰ ਕਾਫੀ ਸਹਿਯੋਗ ਦਿੱਤਾ। ਪਹਿਲਾਂ ਉਹ ਭਾਰਤ ਤੋਂ ਖੇਡ ਸਮਾਨ ਮੰਗਾਉਂਦਾ ਸੀ, ਫਿਰ ਪੂਰੀ ਵਿਸ਼ਵ ਮੰਡੀ ਤਕ ਪਹੁੰਚ ਬਣਾ ਲਈ। ਮਹਿੰਦਰਾ ਸਪੋਰਟਸ ਦੀਆਂ ਬਾਸਕਟਬਾਲਾਂ ਕੁਲ ਦੁਨੀਆਂ ਵਿਚ ਵਿਕਦੀਆਂ ਹਨ। ਉਸ ਦਾ ਵੇਅਰਹਾਊਸ ਕਾਫੀ ਵੱਡਾ ਹੈ। ਜਲੰਧਰ ਦੀ ਬਣੀ ਹਾਕੀ ਉਹ ਅਮਰੀਕਾ ਵਿਚ ਸਵਾ ਸੌ ਡਾਲਰ ਦੀ ਵੇਚਦਾ ਰਿਹੈ। ਇਸ ਵੇਲੇ ਉਸ ਦਾ ਬਿਜਨਸ ਮਿਲੀਅਨ ਡਾਲਰਾਂ ਵਿਚ ਹੈ।
ਬਿਜਨਸ ਕਰਨ ਦੇ ਨਾਲ ਉਸ ਨੇ ਕਈ ਖਿਡਾਰੀਆਂ ਨੂੰ ਅਮਰੀਕਾ ਵਿਚ ਵਜੀਫੇ ਵੀ ਦੁਆਏ ਤੇ ਅਮਰੀਕਾ ਦੇ ਪੱਕੇ ਵਾਸੀ ਬਣਨ ਵਿਚ ਮਦਦ ਕੀਤੀ। ਪਿਛਲੇ ਕੁਝ ਸਮੇਂ ਤੋਂ ਉਸ ਦਾ ਝੁਕਾਅ ਅਧਿਆਤਮਵਾਦ ਵੱਲ ਹੋਇਆ ਹੈ। ਉਹ ਰਤਵਾੜੇ ਵਾਲੇ ਬਾਬਾ ਵਰਿਆਮ ਸਿੰਘ ਗਿੱਲ ਦਾ ਸ਼ਰਧਾਲੂ ਬਣਿਆ ਜੋ 2002 ਵਿਚ ਚੋਲਾ ਛੱਡ ਗਏ। ਹੁਣ ਉਹ ਰਤਵਾੜਾ ਸਾਹਿਬ ਟਰੱਸਟ ਦਾ ਮੈਂਬਰ ਹੈ ਤੇ ਅਕਸਰ ਚੰਡੀਗੜ੍ਹ ਲਾਗੇ ਰਤਵਾੜਾ ਸਾਹਿਬ ਆਉਂਦਾ ਜਾਂਦਾ ਰਹਿੰਦਾ ਹੈ। ਉਹਦੇ ਘਰ ਵਿਚ ਬਾਬਾ ਵਰਿਆਮ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਦੀਆਂ ਆਦਮ ਕੱਦ ਤਸਵੀਰਾਂ ਲੱਗੀਆਂ ਹੋਈਆਂ ਹਨ।
ਰਾਤ ਉਹਦੇ ਘਰ ਰਹਿ ਕੇ ਸਵੇਰੇ ਅਸੀਂ ਸੈਕਰਾਮੈਂਟੋ ਜਾਣ ਲਈ ਤਿਆਰ ਹੋਏ ਤਾਂ ਮਹਿੰਦਰ ਸਿੰਘ ਗਿੱਲ ਮਾਲਾ ਫੜੀ ਮੈਨੂੰ ਪੂਰਾ ਸੰਤ ਬਣਿਆ ਜਾਪਿਆ। ਚਾਹ ਪੀਂਦਿਆਂ ਉਸ ਨੇ ਏਕਮਕਾਰ ਦੀ ਐਸੀ ਕਥਾ ਕੀਤੀ ਕਿ ਅਸੀਂ ਦੰਗ ਰਹਿ ਗਏ। ਮੈਂ ਸੋਚਣ ਲੱਗਾ, ਕੀ ਉਹ ਉਹੀ ‘ਅਲਸੀ ਦਾ ਫੁੱਲ’ ਮਹਿੰਦਰ ਸੀ, ਜੋ ਚਿਣ-ਚਿਣ ਕੇ ਪੱਗ ਬੰਨ੍ਹਿਆ ਕਰਦਾ ਸੀ। ਫੈਸ਼ਨਦਾਰ ਕਪੜੇ ਪਹਿਨਦਾ ਸੀ। ਉਸ ਨੂੰ ਬਣੇ ਫੱਬੇ ਰਹਿਣ ਦਾ ਬੇਹੱਦ ਸ਼ੌਕ ਸੀ। ਕਹਿੰਦਾ ਸੀ, ਕੀ ਪਤਾ ਬਣਨਾ ਫੱਬਣਾ ਕਦੋਂ ਕੰਮ ਆ ਜਾਵੇ?
ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ-1966 ਲਈ ਪਟਿਆਲੇ ‘ਚ ਲੱਗੇ ਕੋਚਿੰਗ ਕੈਂਪ ਵਿਚ ਇਕ ਦਿਨ ਉਹ ਕਹਿ ਰਿਹਾ ਸੀ, “ਗਰਮੀ ਬੜੀ ਆ।” ਮਝੈਲ ਪਰਵੀਨ ਕੁਮਾਰ ਨੇ ਆਖਿਆ ਸੀ, “ਤੇਰੇ ਅਰਗੇ ਬਾਹਰ ਫਲ੍ਹੇ ਹੱਕਣ ਡਹੇ ਆ ਤੇ ਤੈਨੂੰ ਗਰਮੀ ਲੱਗਣ ਡਹੀ ਆ, ਵੱਡੇ ਅੰਗਰੇਜ਼ ਨੂੰ!” ਮਹਿੰਦਰ ਬੋਲਿਆ, “ਜੇ ਮੂੰਹ ਕਾਲਾ ਤਾਂ ਗੱਲ ਤਾਂ ਸਟੈਂਡਰਡ ਦੀ ਕਰਿਆ ਕਰ।”
“ਮੈਂ ਜਾਣਦਾਂ ਤੇਰੇ ਸਟੈਂਡਰਡ ਨੂੰ। ਤੂੰ ਕਿਹੜਾ ਮਹਾਰਾਜੇ ਦੀ ਕੁੜੀ ਨਾਲ ਰਲਿਆ ਹੋਇਆਂ?” ਪਰਵੀਨ ਇਹੋ ਜਿਹੇ ਹੀ ਨਹਿਲੇ ‘ਤੇ ਦਹਿਲੇ ਧਰਦਾ ਸੀ ਜਿਸ ਨਾਲ ਹਾਸੜ ਪੈ ਜਾਂਦੀ ਸੀ।
ਕਿਥੇ ਉਹ ਦਿਨ ਤੇ ਕਿਥੇ ਆਹ ਦਿਨ? ਮਹਿੰਦਰ ਸਿੰਘ ਗਿੱਲ ‘ਅਲਸੀ ਦੇ ਫੁੱਲ’ ਤੋਂ ਸਾਧ ਸੰਤ ਬਣਨ ਦੇ ਰਾਹ ਪੈ ਗਿਆ ਲੱਗਦਾ ਸੀ। ਕੋਈ ਪਤਾ ਨਹੀਂ ਜਿੱਡਾ ਵੱਡਾ ਉਹ ਅਥਲੀਟ ਸੀ, ਓਡਾ ਵੱਡਾ ਸੰਤ ਮਹਾਂਪੁਰਸ਼ ਵੀ ਬਣ ਜਾਵੇ। ਦੁਨੀਆਂ ਉਹਨੂੰ ਪੂਜਣ ਤੇ ਮੱਥੇ ਟੇਕਣ ਲੱਗ ਪਵੇ। ਤੇ ਕੀ ਪਤਾ ਮੈਨੂੰ ਉਹਦੇ ਬਾਰੇ ਲਿਖੇ ਜਾਣ ਵਾਲੇ ਕਿਸੇ ਲੇਖ ਦਾ ਸਿਰਲੇਖ ਕਿਸੇ ਵਕਤ ‘ਸੰਤ ਬਾਬਾ ਮਹਿੰਦਰ ਸਿੰਘ’ ਰੱਖਣਾ ਪਵੇ!