ਗਦਰ ਦੀਆਂ ਗੱਲਾਂ: ਰਾਜਨੀਤੀ ਦੀ ਸੰਥਾ, ਕਿਸਾਨ ਦੇ ਦੁਸ਼ਮਣ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ, ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ।

ਇਸ ਵਾਰ ਅਸੀਂ ਗਦਰ ਲਹਿਰ ਦੇ ਸਰਕਰਦਾ ਆਗੂ ਲਾਲਾ ਹਰਦਿਆਲ ਦੀ ਰਚਨਾ ਛਾਪ ਰਹੇ ਹਾਂ। ਇਸ ਲਿਖਤ ਵਿਚ ਉਨ੍ਹਾਂ ਭਾਰਤ ਦੇ ਕਿਸਾਨਾਂ ਦੀ ਦੁਰਦਸ਼ਾ ਦਾ ਜ਼ਿਕਰ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਇਕ ਸਦੀ ਬਾਅਦ ਵੀ ਕਿਸਾਨਾਂ ਦਾ ਹਾਲ ਇਸ ਤੋਂ ਕੋਈ ਬਹੁਤਾ ਵੱਖਰਾ ਨਹੀਂ। ਆਉਂਦੇ ਅੰਕਾਂ ਵਿਚ ਅਸੀਂ ਗਦਰ ਨਾਲ ਜੁੜੀਆਂ ਅਜਿਹੀਆਂ ਹੋਰ ਅਹਿਮ ਲਿਖਤਾਂ ਪਾਠਕਾਂ ਨਾਲ ਸਾਂਝੀਆਂ ਕਰਾਂਗੇ। -ਸੰਪਾਦਕ

ਲਾਲਾ ਹਰਦਿਆਲ
ਵਿਚਾਰੇ ਕਿਸਾਨ ਦਾ ਹਾਲ ਕੁਝ ਨਾ ਪੁੱਛੋ, ਸਾਰੀ ਦੁਨੀਆਂ ਦਾ ਗਜ਼ਬ ਦਾ ਭਾਰ ਉਹਦੀ ਧੌਣ ‘ਤੇ ਹੈ, ਉਹ ਸਾਰੇ ਦੇਸ਼ ਦਾ ਅੰਨਦਾਤਾ ਅਤੇ ਪਾਲਣਹਾਰ ਹੈ, ਉਸ ਦਾ ਆਪਣਾ ਪੇਟ ਕਦੇ ਨਹੀਂ ਭਰਦਾ। ਇਹ ਬੜੀ ਅਚੰਭੇ ਦੀ ਗੱਲ ਹੈ।
ਜ਼ਰਾ ਸੋਚੋ ਤਾਂ ਸਹੀ ਕਿ ਕਿਸਾਨ ਜ਼ਮੀਨ ਵਾਹੁੰਦਾ ਹੈ, ਬੀਜ ਬੀਜਦਾ ਹੈ, ਗਰਮੀ ਹੋਵੇ-ਸਰਦੀ ਹੋਵੇ, ਖੇਤ ਵਿਚ ਕੰਮ ਕਰਦਾ ਹੈ ਅਤੇ ਫਸਲ ਵੱਢਦਾ ਹੈ, ਪਰ ਗਰੀਬ ਹੀ ਰਹਿੰਦਾ ਹੈ। ਕਿਸਾਨ ਨੂੰ ਅਸੀਂ ਹਮੇਸ਼ਾ ਪਾਟੇ ਕੱਪੜੇ ਪਾਏ ਹੀ ਵੇਖਦੇ ਹਾਂ। ਅਨਾਜ ਪੈਦਾ ਕਰਨ ਵਾਲੇ ਨੂੰ ਦਾਣਾ ਨਹੀਂ ਮਿਲਦਾ, ਇਹ ਭੀ ਅਜੀਬ ਗੱਲ ਹੈ।
ਕਿਸਾਨ ਸਾਰੇ ਦੇਸ਼ ਦਾ ਧਨ ਪੈਦਾ ਕਰਦਾ ਹੈ। ਧਨ ਸਿਰਫ ਸੋਨੇ-ਚਾਂਦੀ ਦਾ ਨਾਂ ਨਹੀਂ ਹੈ, ਧਨ ਦੇਸ਼ ਦੀ ਪੈਦਾਵਾਰ ਨੂੰ ਆਖਦੇ ਹਨ। ਕਣਕ, ਛੋਲੇ, ਜੌਂ, ਰੂਈ, ਕਮਾਦ, ਦਾਲਾਂ, ਚਾਹ, ਫਲ, ਲੱਕੜੀ-ਇਨ੍ਹਾਂ ਸਭ ਚੀਜ਼ਾਂ ਦਾ ਨਾਂ ਧਨ ਹੈ। ਕਿਸਾਨ ਦੇ ਹੱਥਾਂ ਵਿਚ ਸਾਰਾ ਦਿਨ ਧਨ ਇਸ ਤਰ੍ਹਾਂ ਨਿਕਲਦਾ ਹੈ ਜਿਸ ਤਰ੍ਹਾਂ ਪਹਾੜ ਵਿਚੋਂ ਨਦੀਆਂ, ਪਰ ਕਿਸਾਨ ਕੋਲ ਧਨ ਨਹੀਂ ਰਹਿੰਦਾ। ਇਹ ਬੜੀ ਅਚੰਭੇ ਦੀ ਵੀ ਗੱਲ ਹੈ। ਕਿਸਾਨ ਨੂੰ ਦੇਖ ਕੇ ਇਹ ਕਹਾਵਤ ਯਾਦ ਆਉਂਦੀ ਹੈ, ਦੱਸੋ ਦੁਨੀਆਂ ਵਿਚ ਵੱਡਾ ਮੂਰਖ ਕੌਣ ਹੈ? ਉਤਰ, ਕਿਸਾਨ। ਵਜ੍ਹਾ ਇਹ ਹੈ ਕਿ ਸਾਰਾ ਅਨਾਜ ਪੈਦਾ ਕਰਕੇ ਭੀ ਆਪ ਭੁੱਖਾ ਮਰਦਾ ਹੈ। ਇਹ ਭੀ ਅਚੰਭੇ ਦੀ ਗੱਲ ਹੈ।
ਜਦੋਂ ਕਾਲ ਪੈਂਦਾ ਹੈ ਤਾਂ ਕੌਣ ਦੁੱਖ ਸਹਿੰਦੇ ਹਨ? ਕੀ ਸ਼ਹਿਰ ਦੇ ਸੇਠ ਸ਼ਾਹੂਕਾਰ ਭੁੱਖੇ ਮਰਦੇ ਹਨ? ਕੀ ਰਾਜੇ ਮਹਾਰਾਜੇ ਸੁੱਕੀ ਰੋਟੀ ਖਾਂਦੇ ਹਨ? ਕੀ ਤਹਿਸੀਲਦਾਰ, ਜਿਮੀਂਦਾਰ, ਜਾਗੀਰਦਾਰ ਭੀਖ ਮੰਗਦੇ ਹਨ? ਨਹੀਂ ਨਹੀਂ! ਇਨ੍ਹਾਂ ਲੋਕਾਂ ਨੂੰ ਤਾਂ ਪਤਾ ਭੀ ਨਹੀਂ ਹੁੰਦਾ ਕਿ ਕਾਲ ਕਿਸ ਸ਼ੈਅ ਦਾ ਨਾਂ ਹੈ। ਕਾਲ ਵਿਚ ਤਾਂ ਪਿੰਡਾਂ ਦੇ ਲੋਕ ਮਰਦੇ ਹਨ, ਛੋਲੇ ਚੱਬਦੇ ਹਨ, ਗਾਜਰ, ਮੂਲੀ, ਪੱਤੇ, ਘਾਹ ਦੀ ਭਾਜੀ ਨਾਲ ਗੁਜ਼ਾਰਾ ਕਰਦੇ ਹਨ। ਸ਼ਹਿਰਾਂ ਵਿਚ ਫਕੀਰ ਬਣ ਕੇ ਧੱਕੇ ਖਾਂਦੇ ਹਨ। ਸਰਕਾਰੀ ਕੰਮ ‘ਤੇ ਲੱਗ ਕੇ ਚਾਰ ਪੈਸੇ ਕਮਾਉਂਦੇ ਹਨ। ਪਰ ਰਾਜਿਆਂ ਦੇ ਮਹੱਲਾਂ ਵਿਚ ਗੋਸ਼ਤ, ਸ਼ਰਾਬ, ਦੁੱਧ, ਅੰਡੇ, ਮੇਵਾ, ਮਿਸ਼ਰੀ ਦਾ ਦੇਗਚਾ ਹੱਦ ਤਕ ਚਲਦਾ ਰਹਿੰਦਾ ਹੈ। ਡਿਪਟੀ ਕਮਿਸ਼ਨਰ ਦੇ ਬੰਗਲੇ ਵਿਚ ਬ੍ਰਾਂਡੀ, ਸੋਡਾ, ਬਿਸਕੁਟ, ਅੰਗੂਰ, ਅਨਾਰ ਦੀ ਹੱਦ ਹੋਈ ਹੈ। ਤਹਿਸੀਲਦਾਰ ਸਾਹਿਬ ਦੇ ਪੁੱਤਰ ਭੀ ਸਵੇਰੇ ਜਲੇਬੀ-ਲੱਡੂ ਤੋਂ ਬਿਨਾ ਗੱਲ ਨਹੀਂ ਕਰਦੇ।
ਸੋ ਗੱਲਾਂ ਵਿਚ ਇਕ ਗੱਲ ਇਹ ਹੈ ਕਿ ਕਾਲ ਪੈਂਦਾ ਹੈ ਤਾਂ ਕਿਸਾਨਾਂ ਦੇ ਪੇਟ ਵਾਸਤੇ, ਕਿਸਾਨ ਦੇ ਕੋਲ ਧਨ ਅਤੇ ਦਾਣਾ ਕਿਤੇ ਨਹੀਂ ਰਹਿੰਦਾ। ਇਸ ਸਵਾਲ ਦਾ ਜਵਾਬ ਇਹ ਹੈ ਕਿ ਇਸ ਵਿਚਾਰੇ ਨੂੰ ਲੁੱਟ ਲੈਂਦੇ ਹਨ। ਕੌਣ ਲੁੱਟ ਲੈਂਦੇ ਹਨ? ਉਹਦੇ ਦੁਸ਼ਮਣ। ਉਹ ਕੌਣ ਹਨ? ਉਹ ਬਹੁਤ ਹਨ, ਉਨ੍ਹਾਂ ਦੇ ਵੱਖਰੇ ਵੱਖਰੇ ਨਾਂ ਹਨ, ਜੋ ਵੰਨ-ਸੁਵੰਨੀਆਂ ਚਾਲਾਂ ਚਲਦੇ ਹਨ, ਪਰ ਇਨ੍ਹਾਂ ਸਭ ਦਾ ਕੰਮ ਇਹੋ ਹੈ ਕਿ ਕਿਸਾਨ ਨੂੰ ਲੁੱਟਣਾ, ਜਿਸ ਤਰ੍ਹਾਂ ਲਮਢੀਂਗ ਇੱਲਾਂ ਆਦਿ ਉਡਣ ਵਾਲੇ ਸਰਕਾਰੀ ਜਾਨਵਰ ਹਨ ਅਤੇ ਸ਼ੇਰ, ਚੀਤਾ, ਬਘਿਆੜ ਆਦਿਕ ਜੰਗਲਾਂ ਦੇ ਰਹਿਣ ਵਾਲੇ ਸਰਕਾਰੀ ਜਾਨਵਰ ਹਨ। ਇਸੇ ਤਰ੍ਹਾਂ ਕਿਸਾਨ ਦੇ ਦੁਸ਼ਮਣ ਭੀ ਅਣਗਿਣਤ ਹਨ।
ਦੁਨੀਆਂ ਨੂੰ ਜੇ ਅੱਖਾਂ ਖੋਲ੍ਹ ਕੇ ਦੇਖੋ ਤਾਂ ਅਜੀਬ ਤਮਾਸ਼ਾ ਨਜ਼ਰ ਆਵੇਗਾ। ਭਾਂਤ-ਭਾਂਤ ਦੇ ਜੀਵ ਜੰਤੂ ਚੱਲਦੇ ਫਿਰਦੇ ਨਜ਼ਰ ਆਉਂਦੇ ਹਨ, ਪਰ ਕੋਈ ਇਹ ਨਹੀਂ ਪੁੱਛਦਾ ਕਿ ਭਾਈ ਤੇਰਾ ਕੀ ਕੰਮ ਹੈ, ਤੂੰ ਕਿਸ ਦੁੱਖ ਦਾ ਮਾਰੂ ਹੈ? ਸਾਰੇ ਲੋਕ ਜਿਸ ਤਰ੍ਹਾਂ ਮੁਢੋਂ ਚਲੀ ਆਈ, ਉਸ ਨੂੰ ਮੰਨ ਲੈਂਦੇ ਹਨ ਤੇ ਦੁੱਖ ਤੇ ਗਮੀ ਵਿਚ ਡੁੱਬੇ ਰਹਿੰਦੇ ਹਨ। ਕਿਸਾਨ ਦਾ ਪਹਿਲਾ ਦੁਸ਼ਮਣ ਰਾਜਾ ਹੈ, ਯਾਨਿ ਰਾਜਾ, ਰਾਣਾ, ਮਹਾਰਾਜਾ, ਮਹਾਰਾਣਾ, ਮਹਾਰਾਜ, ਅਧਿਰਾਜ, ਨਵਾਬ, ਬਾਦਸ਼ਾਹ, ਸ਼ਹਿਨਸ਼ਾਹ, ਲਫਟੈਣ, ਗਵਰਨਰ, ਗਵਰਨਰ ਲਾਟ, ਕੰਸਰ ਆਜ਼ਮ ਸਾਥੀ ਹੀ ਤਮਾਮ ਬੱਚੇ ਅਤੇ ਰਿਸ਼ਤੇਦਾਰਾਂ ਦੇ ਅਣਵਾਂ ਰਾਣੀ, ਮਹਾਰਾਣੀ, ਬੇਗਮ, ਲਾਟਣੀ, ਮਲਕਾ ਆਦਿ ਅਤੇ ਰਾਜਕੁਮਾਰ, ਸ਼ਹਿਜ਼ਾਦਾ, ਪ੍ਰਿੰਸ ਆਫ ਵੇਲਜ਼ ਆਦਿ। ਇਹ ਸਾਰੀ ਭੂੰਡਾਂ ਦੀ ਖੱਖਰ ਕਿਸਾਨ ਦਾ ਪਹਿਲਾ ਦੁਸ਼ਮਣ ਹੈ।
ਰਾਜਾ, ਬਾਦਸ਼ਾਹ, ਲਾਟ ਇਹ ਵੱਖਰੀ-ਵੱਖਰੀ ਜ਼ਬਾਨ ਦੇ ਅੱਖਰ ਹਨ, ਪਰ ਇਨ੍ਹਾਂ ਦਾ ਮਤਲਬ ਇਕ ਹੀ ਹੈ। ਅਥਵਾ ਇਹ ਚੋਰ, ਕੰਮਚੋਰ, ਡਾਕੂ, ਮਹਾਜਨ; ਕਿਉਂਕਿ ਚੋਰ ਅਤੇ ਰਾਜਾ ਵਿਚ ਇਹ ਫਰਕ ਹੈ ਕਿ ਚੋਰ ਤਾਂ ਰਾਤ ਨੂੰ ਮਾਲ ਚੁਰਾਉਂਦਾ ਹੈ ਤੇ ਰਾਜਾ ਦਿਨ ਦਿਹਾੜੇ ਦੂਜਿਆਂ ਦੇ ਮਾਲ ਉਤੇ ਕਬਜ਼ਾ ਕਰਦਾ ਹੈ। ਚੋਰ ਤਾਂ ਕੁਝ ਗਹਿਣਾ ਜਾਂ ਹਜ਼ਾਰ-ਦੋ ਹਜ਼ਾਰ ਰੁਪਏ ਚੁਰਾਂਦਾ ਹੈ, ਪਰ ਰਾਜਾ ਲੱਖਾਂ-ਕਰੋੜਾਂ ਰੁਪਿਆ ਲੈਂਦਾ ਹੈ। ਚੋਰ ਤਾਂ ਫੜ੍ਹਿਆ ਜਾਂਦਾ ਹੈ, ਮਾਰ ਸਹਿੰਦਾ ਹੈ, ਕੈਦ ਭੁਗਤਦਾ ਹੈ, ਪਰ ਰਾਜਾ ਮੂੰਹ ਚੁੱਕੀ ਫਿਰਦਾ ਹੈ, ਇੱਜਤ ਪਾਉਂਦਾ ਹੈ, ਸਾਰੇ ਉਹਦੇ ਸਾਹਮਣੇ ਸਿਰ ਨੀਵਾਂ ਕਰਦੇ ਹਨ।
“ਦੋ ਨਰ ਹਮ ਨੇ ਏਕ ਸੇ ਦੇਖੇ
ਸੁਨ ਅਚਰਜ ਦੀ ਬਾਤ।
ਰਾਜਾ ਕੋ ਸਭ ਸੀਸ ਨਵਾਵੇ
ਚੋਰ ਕੇ ਬਾਂਧੇ ਹਾਥ।”
ਦੱਸੋ! ਰਾਜਾ ਅਤੇ ਚੋਰ ਇਕੋ ਜਿਹੇ ਕਿਉਂ ਹਨ? ਅੱਛਾ, ਅਸੀਂ ਪੁੱਛਦੇ ਹਾਂ ਕਿ ਚੋਰ ਕਿਸ ਨੂੰ ਆਖਦੇ ਹਨ? ਚੋਰ ਨੂੰ ਤੁਸੀਂ ਕਿਉਂ ਬੁਰਾ ਸਮਝਦੇ ਹੋ? ਤੁਸੀਂ ਜਵਾਬ ਦਿਉਗੇ ਕਿ ਚੋਰ ਉਹ ਆਦਮੀ ਹੈ, ਜੋ ਦੂਜਿਆਂ ਦੀ ਕਮਾਈ ਦਾ ਫਲ ਭੋਗਦਾ ਹੋਵੇ ਅਤੇ ਆਪ ਕੰਮ ਨਾ ਕਰੇ। ਇਕ ਆਦਮੀ ਤਾਂ ਸਾਰਾ ਦਿਨ ਮੁੜ੍ਹਕੋ-ਮੁੜ੍ਹਕੀ ਹੋ ਕੇ ਰੁਪਏ ਕਮਾਉਂਦਾ ਹੈ, ਪਰ ਚੋਰ ਰਾਤ ਨੂੰ ਆ ਕੇ ਉਹਦੀ ਮਿਹਨਤ ਦਾ ਫਲ ਲੈ ਜਾਂਦਾ ਹੈ ਤੇ ਸਾਰਾ ਦਿਨ ਵਿਹਲਾ ਠਿੱਚਾ ਮਾਰਦਾ ਹੈ। ਇਸੇ ਤਰ੍ਹਾਂ ਦੂਜੇ ਪੁਰਸ਼ ਦੀ ਮਿਹਨਤ ਦੇ ਵਸੀਲੇ ਖੁਦ ਐਸ਼ ਉਡਾਉਣ ਦਾ ਨਾਂ ਚੋਰੀ ਹੈ। ਇਨਸਾਫ ਦੇ ਲਿਹਾਜ਼ ਨਾਲ ਹਰ ਇਕ ਆਦਮੀ ਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੀ ਕਮਾਈ ਨਾਲ ਰੋਟੀ ਖਾਣੀ ਚਾਹੀਦੀ ਹੈ। ਕਿਉਂਕਿ ਅਨਾਜ, ਕੱਪੜਾ, ਮਕਾਨ-ਇਹ ਚੀਜ਼ਾਂ ਕੁਦਰਤ ਮੁਫਤ ਨਹੀਂ ਦਿੰਦੀ। ਇਨ੍ਹਾਂ ਨੂੰ ਪ੍ਰਾਪਤ ਕਰਨ ਵਾਸਤੇ ਇਨਸਾਨ ਨੂੰ ਰਾਤ ਦਿਨ ਤਕਲੀਫ ਉਠਾਉਣੀ ਪੈਂਦੀ ਹੈ, ਜਿਸਮਾਨੀ ਤੇ ਦਿਮਾਗੀ ਮਿਹਨਤ ਕਰਨ ਦੀ ਆਦਮੀ ਨੂੰ ਜਾਂਚ ਸਿੱਖਣੀ ਪੈਂਦੀ ਹੈ, ਜ਼ਮੀਨ ਵਿਚ ਬੀਜ ਬੀਜਣਾ ਪੈਂਦਾ ਹੈ, ਫਲ ਅਤੇ ਫਸਲ ਵੱਢਣੀ ਪੈਂਦੀ ਹੈ। ਡੰਗਰ ਚਾਰਨੇ ਪੈਂਦੇ ਹਨ, ਭੇਡਾਂ ਉਤੋਂ ਉਨ ਲਾਹੁਣੀ ਪੈਂਦੀ ਹੈ, ਦੁੱਧ ਰਿੜਕ ਕੇ ਮੱਖਣ ਕੱਢਣਾ ਪੈਂਦਾ ਹੈ। ਮਿੱਟੀ ਨੂੰ ਸਾੜ ਕੇ ਇੱਟਾਂ ਬਣਾਉਣੀਆਂ ਪੈਂਦੀਆਂ ਹਨ, ਦਰੱਖਤ ਵੱਢ ਕੇ ਲੱਕੜੀ ਲਿਆਉਣੀ ਪੈਂਦੀ ਹੈ, ਰੂੰ ਨੂੰ ਕਤਣਾ ਪੈਂਦਾ ਹੈ, ਫੇਰ ਧਾਗਾ ਬਣਾ ਕੇ ਕਾਰਖਾਨੇ ਵਿਚ ਥਾਨ ਬਣਾਉਣੇ ਪੈਂਦੇ ਹਨ। ਬਾਗਾਂ ਵਿਚੋਂ ਫਲ ਤੋੜ ਕੇ ਘਰ ਲੈ ਆਉਣੇ ਪੈਂਦੇ ਹਨ।
ਗੱਲ ਕੀ, ਆਦਮੀ ਇਕ ਬੁਰਕੀ ਖੁਰਾਕ ਨਹੀਂ ਖਾ ਸਕਦਾ, ਜਦ ਤਕ ਪਹਿਲਾਂ ਉਹਦੇ ਦਿਮਾਗ ਅਤੇ ਹੱਥਾਂ ਨੇ ਕੰਮ ਨਾ ਕੀਤਾ ਹੋਵੇ। ਇਨਸਾਨ ਕੱਪੜੇ ਦਾ ਇਕ ਟੋਟਾ ਨਹੀਂ ਪਹਿਨ ਸਕਦਾ, ਜਦ ਤਕ ਉਸ ਨੇ ਮਿਹਨਤ ਨਾ ਕੀਤੀ ਹੋਵੇ। ਇਨਸਾਨ ਇਕ ਕੁੱਲੀ ਵਿਚ ਨਹੀਂ ਰਹਿ ਸਕਦਾ ਜਦ ਤੱਕ ਉਸ ਨੇ ਪਹਿਲਾਂ ਆਪਣੇ ਸਰੀਰ ਨੂੰ ਨਾ ਥਕਾਇਆ ਹੋਵੇ। ਆਰਾਮ ਤੋਂ ਪਹਿਲੇ ਕੰਮ, ਸੁੱਖ ਤੋਂ ਪਹਿਲੇ ਦੁੱਖ, ਗਮੀ ਤੋਂ ਪਹਿਲਾਂ ਮਿਹਨਤ-ਇਹ ਕੁਦਰਤੀ ਕਾਨੂੰਨ ਹੈ। ਇਨਸਾਨ ਨੂੰ ਕੁਦਰਤ ਨੇ ਸਭ ਤਰ੍ਹਾਂ ਦਾ ਮਸਾਲਾ ਦਿੱਤਾ ਹੈ ਅਤੇ ਉਹਨੂੰ ਸਰੀਰ ਤੇ ਦਿਮਾਗ ਦੀ ਤਾਕਤ ਬਖਸ਼ੀ ਹੈ ਅਤੇ ਆਖਿਆ ਹੈ ਕਿ ਇਸ ਮਸਾਲੇ ਨਾਲ ਆਪਣੇ ਵਾਸਤੇ ਖੁਸ਼ੀ ਦੇ ਸਾਮਾਨ ਪੈਦਾ ਕਰੇ। ਜੇ ਨਹੀਂ ਕਰਦਾ ਤੇ ਝਖ ਮਾਰ। ਆਦਮੀ ਨੇ ਹਜ਼ਾਰਾਂ ਯਤਨ ਕਰਕੇ ਭੁੱਖ, ਪਿਆਸ, ਸਰਦੀ, ਗਰਮੀ, ਬੀਮਾਰੀ ਤੋਂ ਬਚਣ ਵਾਸਤੇ ਇੰਤਜ਼ਾਮ ਕੀਤਾ ਹੈ ਅਤੇ ਉਸੇ ਇੰਤਜ਼ਾਮ ਦਾ ਨਾਂ ਆਦਮੀਅਤ ਹੈ। ਜਦ ਅਸੀਂ ਇਸ ਅਸੂਲ ਨੂੰ ਮੰਨਦੇ ਹਾਂ ਤਾਂ ਕਿ ਆਰਾਮ ਤੋਂ ਪਹਿਲਾਂ ਕੰਮ ਅਤੇ ਚੋਰ ਨੂੰ ਇਸ ਵਾਸਤੇ ਬੁਰਾ ਸਮਝਦੇ ਹਾਂ ਕਿ ਉਹ ਕੰਮ ਤੋਂ ਬਗੈਰ ਆਰਾਮ ਲੈਣਾ ਚਾਹੁੰਦਾ ਹੈ, ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਰਾਜਾ ਸਭ ਚੋਰਾਂ ਤੋਂ ਵੱਡਾ ਚੋਰ ਹੈ।
ਸੋਚੋ! ਇਹ ਰਾਜਾ, ਬਾਦਸ਼ਾਹ, ਲਾਟ ਆਦਿਕ ਕਰਦੇ ਕੀ ਹਨ, ਰਾਤ ਦਿਨ ਵਿਹਲੇ ਬੁੱਲੇ ਲੁਟਦੇ ਹਨ, ਸੁਬਾਹ ਉਠਦਿਆਂ ਹੀ ਚੰਗੇ ਤੋਂ ਚੰਗੇ ਖਾਣੇ ਮੰਗਾ ਲਏ; ਉਹ ਮੈਂ ਭੁੱਲ ਗਿਆ; ਸਵੇਰ ਦੇ ਖਾਣ ਤੋਂ ਪਹਿਲਾਂ ਹੀ ਹਜ਼ਰਤ (ਲੁਟੇਰਾ) ਨੂੰ ਜਗਾਉਣ ਵਾਸਤੇ ਮਹੱਲਾਂ ਵਿਚ ਕਈ ਗਵੱਈਏ ਮਿੱਠੇ ਮਿੱਠੇ ਰਾਗ ਗਾਉਂਦੇ ਹਨ ਕਿ ਚੋਰ ਸਾਹਿਬ ਉਠਣ। ਇਹ ਰਾਜੇ ਨਾ ਖੁਦ ਕੰਮ ਕਰਦੇ ਹਨ, ਨਾ ਦੂਜਿਆਂ ਨੂੰ ਕੋਈ ਕੰਮ ਕਰਨ ਦਿੰਦੇ ਹਨ। ਕਈ ਭਲੇ ਮਾਨਸਾਂ ਨੂੰ ਸਵੇਰੇ ਸਵੇਰੇ ਗਾਉਣ ਵਾਸਤੇ ਜਿਦ ਕਰਨਾ ਕਿਹੜੀ ਭਲਮਾਣਸੀ ਦੀ ਗੱਲ ਹੈ? ਅੱਛਾ, ਗਾੜੀ ਲੈ ਆਓ; ਸੈਰ ਨੂੰ ਜਾਂਦੇ ਹਨ, ਉਧਰੋਂ ਰਾਣੀ ਸਾਹਿਬਾਂ ਭੀ ਆਪਣੇ ਢਟਿਆਂ (ਪੁੱਤਰਾਂ) ਨੂੰ ਨਾਲ ਲੈ ਕੇ ਆ ਗਈ। ਹੁਣ ਚਾਰ ਘੋੜੇ ਇਕ ਬੱਗੀ, ਚਾਰ ਕੋਚਵਾਨ, ਦਸ ਸਵਾਰ ਆਦਿ ਸਾਰਾ ਝੁੰਡ ਸਿਰਫ ਇਕ ਬੇਵਕੂਫ ਅਤੇ ਉਸ ਦੀ ਬੀਵੀ ਬੱਚਿਆਂ ਦੀ ਸੈਰ ਵਾਸਤੇ ਤਿਆਰ ਕੀਤਾ ਜਾਂਦਾ ਹੈ। ਅਰੇ ਭਈ; ਇਨ ਸਾਈ ਸੋ ਕੋ ਕੋਈ ਹੋਰ ਕੰਮ ਨਹੀਂ ਹੈ ਅਤੇ ਇਹ ਫੌਜੀ ਸਵਾਰ ਕਿਉਂ ਹਨ? ਅਜੀ ਸਾਹਿਬ, ਇਹ ਰਾਜਾ ਦੇ ਨੌਕਰ ਹਨ ਅਤੇ ਰਾਜੇ ਦੀ ਰਾਖੀ ਵਾਸਤੇ ਹਨ। ਓ ਹੋ, ਰਾਜੇ ਨੂੰ ਕੋਈ ਡਰ ਹੈ? ਕਿਉਂ ਨਹੀਂ, ਸ਼ਾਇਦ ਕੋਈ ਦੁਖੀ ਦਿਲ ਵਾਲਾ ਪਰਜਾ ਭਗਤ ਇਸ ਨੂੰ ਮਾਰ ਨਾ ਦੇਵੇ।
ਅੱਛਾ, ਸੈਰ ਤੋਂ ਮੁੜ ਕੇ ਆਏ ਤਾਂ ਦੁਪਹਿਰ ਦੇ ਖਾਣੇ ਦਾ ਵਕਤ ਆ ਗਿਆ। ਖਾਣਾ ਪਕਾਉਣ ਵਾਲੇ ਗਰੀਬ ਬਾਵਰਚੀ ਸਵੇਰੇ ਤੋਂ ਹੀ ਅੱਗ ਅੱਗੇ ਸੜ ਰਹੇ ਸਨ। ਇਕ ਆਦਮੀ ਵਾਸਤੇ ਇਤਨੇ ਆਦਮੀ ਕਿਉਂ ਖਾਣਾ ਬਣਾ ਰਹੇ ਹਨ? ਇਹ ਕੀ ਗੱਲ ਹੈ? ਦੁਪਹਿਰ ਦੇ ਖਾਣੇ ਦਾ ਹਾਲ ਕੀ ਪੁੱਛਦੇ ਹੋ? ਕਈ ਅਹਿਲਕਾਰ ਅਤੇ ਰਿਸ਼ਤੇਦਾਰ ਹਾਜ਼ਿਰ ਹਨ। ਨੌਕਰ ਪੱਖੇ ਝੱਲ ਰਹੇ ਹਨ, ਦੋ ਚਾਰ ਰੰਡੀਆਂ ਭੀ ਆ ਗਈਆਂ ਹਨ, ਸ਼ਰਾਬ ਦਾ ਕੋਈ ਅੰਤ ਨਹੀਂ, ਖਾਣੇ ਬੇਗਿਣਤ ਹਨ, ਦਸ ਤਰ੍ਹਾਂ ਦੇ ਗੋਸ਼ਤ ਹਨ ਤੇ ਪੰਦਰਾਂ ਤਰ੍ਹਾਂ ਦੀਆਂ ਭਾਜੀਆਂ ਹਨ-ਅੰਡੇ, ਮੁਰਗੇ, ਵਲੈਤੀ ਫਲ, ਬਦੇਸ਼ੀ ਮਠਿਆਈਆਂ, ਫਰਾਂਸ ਦੀਆਂ ਸ਼ਰਾਬਾਂ ਹਨ ਅਤੇ ਸਵਿਟਜ਼ਰਲੈਂਡ ਦੇ ਚੌਕਲੇਟ ਹਨ, ਸਲਹਟ ਨਾਮੀ ਸ਼ਹਿਰ ਦੇ ਸੰਗਤਰੇ ਹਨ ਤਾਂ ਅਲਾਹਬਾਦ ਦੇ ਅਮਰੂਦ, ਬੰਬਈ ਦੇ ਅੰਬ ਹਨ ਤਾਂ ਦਿੱਲੀ ਦਾ ਕਲਾਕੰਦ। ਬਹਿਸ਼ਤ ਦਾ ਸਮਾਂ ਬੱਝਾ ਹੋਇਆ ਹੈ ਸਗੋਂ ਬਹਿਸ਼ਤ ਤਾਂ ਕਿਸੇ ਸੁਣਿਆ ਹੀ ਹੁੰਦਾ ਹੈ, ਇਹ ਤਾਂ ਅੱਖਾਂ ਦੇ ਸਾਹਮਣੇ ਪ੍ਰਤੱਖ ਹੈ। ਇਸ ਵਾਸਤੇ ਦਿੱਲੀ ਦੇ ਬਾਦਸ਼ਾਹਾਂ ਨੇ ਆਪਣੇ ਮਹੱਲਾਂ ਦੀਆਂ ਕੰਧਾਂ ਉਤੇ ਇਹ ਅੱਖਰ ਲਿਖਵਾਏ ਹਨ:
ਅਗਰ ਫਰਦੋਸ ਬਰ ਰੂਏ ਜ਼ਮੀ ਅਸਤ,
ਹਮੀ ਅਸਤੋ ਹਮੀ ਅਸਤੋ ਹਮੀ ਅਸਤੋ।
ਅਰਥਾਤ
ਅਗਰ ਸਵਰਗ ਇਸ ਦੁਨੀਆਂ ‘ਤੇ ਹੈ
ਤਾਂ ਇਹੀ ਹੈ, ਇਹੀ ਹੈ, ਇਹੀ ਹੈ।
ਖਾਣੇ ਇਤਨੇ ਬਹੁਤ ਹਨ ਕਿ ਰਾਜਾ ਸਾਹਿਬ ਇਕ ਰਕਾਬੀ ਚੱਖਦੇ ਹਨ ਤੇ ਦੂਜੇ ਨੂੰ ਸੁੰਘਦੇ ਹਨ ਕਿਉਂਕਿ ਅਮੀਰ ਵਿਚ ਪੇਟ ਤਾਂ ਇਕ ਹੈ। ਇਸੇ ਤਰ੍ਹਾਂ ਜ਼ਬਾਨ ਦੇ ਹੀ ਚਟਖਾਰੇ ਲੈਂਦੇ ਹਨ, ਕਈ ਘੰਟੇ ਗੁਜ਼ਰ ਜਾਂਦੇ ਹਨ, ਛੇਤੀ ਭੀ ਕਿਉਂ ਕਰਨ, ਕੋਈ ਕੰਮ ਤਾਂ ਹੈ ਹੀ ਨਹੀਂ। ਖੈਰ, ਖਾਣੇ ਦਾ ਸਮਾਨ ਚੁੱਕਿਆ ਜਾਂਦਾ ਹੈ ਤਾਂ ਦੁਪਹਿਰ ਦੇ ਵੇਲੇ ਰਾਜਾ ਸਾਹਿਬ ਜਰਾ ਆਰਾਮ ਕਰਦੇ ਹਨ (ਕੋਈ ਪੁੱਛਣ ਵਾਲਾ ਹੋਵੇ, ਆਰਾਮ ਕਾਹਦੇ ਲਈ? ਸਵੇਰ ਦਾ ਤੂੰ ਕੋਈ ਕੰਮ ਕੀਤਾ ਹੈ?) ਬਸ, ਇਕ ਕਮਰੇ ਵਿਚ ਰਾਣੀਆਂ ਤੇ ਰੰਡੀਆਂ ਦੇ ਨਾਲ ਚਲੇ ਗਏ। ਜੇ ਗਰਮੀ ਹੈ ਤਾਂ ਕਮਰੇ ਵਿਚ ਪੱਖਾ ਹੈ। ਬਾਹਰੋਂ ਗਰੀਬ ਵਿਚਾਰੇ ਨੌਕਰ ਪੱਖਾ ਖਿੱਚ ਰਹੇ ਹਨ ਜਾਂ ਬਿਜਲੀ ਦੇ ਪੱਖੇ ਲੱਗੇ ਹੋਏ ਹਨ, ਕੋਲ ਵੰਨ-ਸੁਵੰਨੇ ਸ਼ਰਬਤ ਪਏ ਹਨ। ਜੇ ਸਰਦੀ ਦਾ ਮੌਸਮ ਹੈ ਤਾਂ ਕਿਉੜੇ ਦੀਆਂ ਬੋਤਲਾਂ ਖੁੱਲ੍ਹੀਆਂ ਹੋਈਆਂ ਹਨ, ਧੁੱਪ ਖੂਬ ਆ ਰਹੀ ਹੈ, ਕਮਰਾ ਤਸਵੀਰਾਂ ਨਾਲ ਖੂਬ ਸਜਾਇਆ ਹੋਇਆ ਹੈ। ਇਸੇ ਤਰ੍ਹਾਂ ਹਜ਼ਰਤ ਚੋਰ-ਚੋਰਨੀਆਂ ਨੂੰ ਨਾਲ ਲੈ ਕੇ ਦੁਪਹਿਰ ਨੂੰ ਉਂਘ ਰਿਹਾ ਹੈ, ਸ਼ਾਮ ਨੂੰ ਉਠੇ ਤਾਂ ਫੇਰ ਉਹਨੂੰ ਜਾਂ ਬਾਗ ਵਿਚ ਚਹਿਲ ਕਦਮੀ ਕਰੋ ਜਾਂ ਗਵੱਈਆਂ ਨੂੰ ਸ਼ਾਮਤ ਕਿ ਕੋਈ ਕਵੀਸ਼ਰ ਕਵਿਤਾ ਪੜ੍ਹੇ ਜਾਂ ਸਰਦਾਰਾਂ ਦੀਆਂ ਭੇਟਾਂ ਕਬੂਲ ਕਰੇ।
ਫੇਰ ਸ਼ਾਮ ਨੂੰ ਅਜਿਹਾ ਹੀ ਖਾਣਾ ਖਾਇਆ ਜਾਂਦਾ ਹੈ ਜਿਸ ਨੂੰ ਪਕਾਉਣ ਵਾਸਤੇ ਬਾਵਰਚੀ ਦੁਪਹਿਰ ਤੋਂ ਲੱਗੇ ਹੋਏ ਹਨ। ਮਜਲਸ ਲੱਗੀ ਹੋਈ ਹੈ, ਰੰਡੀਆਂ ਨਾਚ ਕਰ ਰਹੀਆਂ ਹਨ, ਸ਼ਰਾਬ ਕਬਾਬ ਉਡ ਰਿਹਾ ਹੈ, ਰਾਜਾ ਸਾਹਿਬ ਭੀ ਮਸਤੀਆਂ ਕਰ ਰਹੇ ਹਨ। ਕਈ ਬਹੁਤ ਪੀ ਕੇ ਉਰਲੀਆਂ ਪਰਲੀਆਂ ਗੱਲਾਂ ਕਰਨ ਲੱਗੇ ਤਾਂ ਅਹਿਲਕਾਰ ਅਤੇ ਮਸਾਹਿਬ ਆਖਣ ਲੱਗੇ ਕਿ ਇਹ ਸੰਤਾਂ ਦੀ ਬਾਣੀ ਹੈ। ਇਸੇ ਤਰ੍ਹਾਂ ਰਾਤ ਆ ਗਈ। ਰਾਜਾ ਸਾਹਿਬ ਨਰਮ ਗਦੇਲੇ ਦੇ ਬਿਸਤਰੇ ਉਤੇ ਲੇਟਦੇ ਹਨ। ਮੱਛਰ, ਗਰਦ ਉਥੋਂ ਸੈਂਕੜੇ ਮੀਲ ਦੂਰ ਹੈ।
ਅਗਰ ਇਕ ਮੱਛਰ ਕਿਤੇ ਰਾਜਾ ਸਾਹਿਬ ਦੇ ਕੰਨ ਵਿਚ ਆ ਕੇ ਅੱਖ ਉਖੇੜੇ ਤਾਂ ਸਭ ਨੌਕਰਾਂ ਦੀ ਜਾਨ ਉਤੇ ਬਣ ਜਾਂਦੀ ਹੈ। ਬਿਸਤਰਾ ਤਾਂ ਪਹਿਲਾਂ ਹੀ ਵਿਛਿਆ ਹੋਇਆ ਸੀ। ਆਪਣੇ ਹੱਥ ਨਾਲ ਤਾਂ ਨਰਮ ਗਦੇਲੇ ਭੀ ਨਹੀਂ ਵਿਛਾਏ ਜਾਂਦੇ। ਇਨ੍ਹਾਂ ਦਾ ਫਰਜ਼ ਤਾਂ ਸਿਰਫ ਲੇਟਣਾ ਅਤੇ ਸੋਣਾ ਹੀ ਹੈ (ਇਹ ਅਸੀਂ ਪਹਿਲਾਂ ਹੀ ਲਿਖ ਆਏ ਹਾਂ ਕਿ ਰਾਜਾ ਸਾਹਿਬ; ਆਪਣੇ ਹੱਥ ਨਾਲ ਕੋਈ ਕੰਮ ਨਹੀਂ ਕਰਦੇ। ਇਹ ਇਨ੍ਹਾਂ ਦੀ ਪਿਤਾ ਪੁਰਖੀ ਆਦਤ ਹੈ)। ਰਾਣੀ ਅਤੇ ਰੰਡੀਆਂ ਨਾਲ ਰਾਤ ਨੂੰ ਚੋਹਲ ਮੋਹਲ ਹੁੰਦਾ ਹੈ, ਉਹਦਾ ਹਾਲ ਕਲਮ ਨਹੀਂ ਲਿਖ ਸਕਦੀ। ਤਮਾਮ ਮੁਲਕਾਂ ਦੀਆਂ ਹੂਰਾਂ ਅਤੇ ਪਰੀਆਂ ਇਕੱਠੀਆਂ ਕਰਦੇ ਹਨ। ਮਹੱਲ ਕੀ ਹੁੰਦਾ ਹੈ, ਕੋਹ ਕਾਫ ਹੈ ਜਾਂ ਰਾਜੇ ਇੰਦਰ ਦਾ ਅਖਾੜਾ; ਫੇਰ ਕਹਿਣਾ ਹੀ ਕੀ ਹੈ, ਮਜ਼ੇ ਹੀ ਮਜ਼ੇ ਹਨ:
“ਸੁਰਗ ਦਾ ਸੁਖ ਦੇਖਾ ਨਹੀਂ,
ਸੁਨਾ ਹੈ ਕੇਵਲ ਨਾਮ।
ਸੁਰਗ ਦਾ ਸੁਖ ਹੋ ਦੇਖਨਾ,
ਚਲ ਰਾਜਾ ਕੇ ਧਾਮ।”
ਇਸ ਤਰ੍ਹਾਂ ਇਕੋ ਆਦਮੀ ਤਾਂ ਮਜ਼ੇ ਨਾਲ ਵਕਤ ਲੰਘਾਉਂਦਾ ਹੈ ਤੇ ਲੱਖਾਂ ਕਰੋੜਾਂ ਕਿਸਾਨ ਟੈਕਸ ਦਿੰਦੇ ਹਨ, ਪਰ ਹੁਣ ਅੰਗਰੇਜ਼ੀ ਇਲਮ ਕਰਕੇ ਰਾਜੇ ਨਵਾਬਾਂ ਦੇ ਖਰਚੇ ਹੋਰ ਭੀ ਵਧ ਗਏ ਹਨ। ਦੋ ਇਕ ਦਿਨ, ਸਾਲ ਮਗਰੋਂ ਇਹ ਅਮਰੀਕਾ ਦੀ ਸੈਰ ਕੀਤੇ ਬਿਨਾ ਤਾਂ ਰਾਜੇ ਨਵਾਬ ਬਚ ਨਹੀਂ ਸਕਦੇ। ਹਰ ਸਾਲ ਬੜੇ ਠਾਠ-ਬਾਠ ਨਾਲ ਯੂਰਪ ਅਮਰੀਕਾ ਦੀ ਸੈਰ ਕਰਦੇ ਹਨ। ਸ਼ਾਨਦਾਰ ਹੋਟਲਾਂ ਵਿਚ ਰਹਿ ਕੇ ਪੈਰਸ ਦੀਆਂ ਠੰਡੀਆਂ ਹਵਾਵਾਂ ਨਾਲ ਕੁਕਰਮ ਕਰਦੇ ਹਿੰਦੁਸਤਾਨੀ ਕਿਸਾਨਾਂ ਦਾ ਰੁਪਿਆ ਬਰਬਾਦ ਕਰਦੇ ਹਨ। ਅੰਗਰੇਜ਼ਾਂ ਨੂੰ ਬੜੀਆਂ ਬੜੀਆਂ ਦਾਅਵਤਾਂ (ਮਮਾਨੀਆਂ) ਦਿੰਦੇ ਹਨ ਅਤੇ ਇਸ ਤਰ੍ਹਾਂ ਰੁਪਿਆ ਉਜਾੜ ਦਿੰਦੇ ਹਨ, ਪਰ ਇਨ੍ਹਾਂ ਨੂੰ ਕੋਈ ਪੁੱਛ ਨਹੀਂ ਸਕਦਾ ਕਿ ਇਹ ਕਿਸ ਦਾ ਪੈਸਾ ਹੈ ਅਤੇ ਇਸ ਨੂੰ ਐਨਾ ਖਰਚ ਕੌਣ ਦਿੰਦਾ ਹੈ? ਹਰ ਇਕ ਚੁੱਪ ਚਾਪ ਲੁੱਟ ਦਾ ਤਮਾਸ਼ਾ ਦੇਖਦੇ ਹਨ।
ਇਸ ਤੋਂ ਬਗੈਰ ਇਨ੍ਹਾਂ ਰਾਜੇ ਨਵਾਬਾਂ ਦਾ ਚਾਲ-ਚਲਨ ਬਹੁਤ ਨੀਚ ਅਤੇ ਗੰਦਾ ਹੁੰਦਾ ਹੈ। ਕਿਉਂਕਿ ਜਦ ਇਨ੍ਹਾਂ ਦੀ ਸਾਰੀ ਉਮਰ ਬੇਈਮਾਨੀ ਉਤੇ ਹੀ ਹੈ, ਤਾਂ ਇਨ੍ਹਾਂ ਵਿਚ ਇਕ ਗੱਲ ਭੀ ਅੱਛੀ ਨਹੀਂ ਹੋ ਸਕਦੀ। ਬਸ ਇਸ ਗੱਲ ਤੋਂ ਤਵਾਰੀਖ ਸਾਬਤ ਕਰਦੀ ਹੈ ਕਿ ਸਭ ਰਾਜੇ ਨਵਾਬ ਬਾਦਸ਼ਾਹ ਹਰਾਮਖੋਰ, ਫਜ਼ੂਲ ਖਰਚ ਅਤੇ ਬਦਮਾਸ਼ ਹੁੰਦੇ ਹਨ। ਇਕ ਔਰਤ ਨਾਲ ਇਨ੍ਹਾਂ ਨੂੰ ਸਬਰ ਨਹੀਂ ਆਉਂਦਾ, ਕਈ ਔਰਤਾਂ ਨਾਲ ਸ਼ਾਦੀ ਕਰਦੇ ਹਨ। ਬੀਸੀਉਂ ਰੰਡੀਆਂ ਰੱਖਦੇ ਹਨ। ਰਾਜੇ ਨਵਾਬ ਤਾਂ ਘੋੜਿਆਂ ਦੇ ਤਬੇਲੇ ਵਾਂਗ ਔਰਤਾਂ ਨਾਲ ਘਰ ਭਰ ਲੈਂਦੇ ਹਨ। ਰਾਜੇ ਨਵਾਬ ਪਰਜਾ ਦੀਆਂ ਧੀਆਂ-ਭੈਣਾਂ ਨੂੰ ਬੁਰੀ ਨਜ਼ਰ ਨਾਲ ਵੇਖਦੇ ਹਨ ਅਤੇ ਸਿਰਫ ਮੋਟੇ ਸੰਢਿਆਂ (ਮਾਲੀ) ਵਾਂਗ ਹਮਦਰਦੀ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈ। ਇਸ ਗੱਲ ਦੀ ਬਾਬਤ ਨਵਾਬ ਵਜਦ ਅਲੀ ਸ਼ਾਹ ਦੀਆਂ ਤਾਂ ਕਹਾਣੀਆਂ ਅੱਜ ਤਕ ਮਸ਼ਹੂਰ ਹਨ ਅਤੇ ਇਨ੍ਹਾਂ ਸਾਰੀਆਂ ਔਰਤਾਂ ਦਾ ਖਰਚ ਪਰਜਾ ਦੀ ਮਿਹਨਤ ਵਿਚੋਂ ਆਉਂਦਾ ਹੈ, ਯਾਨਿ ਕਿਸਾਨ ਅਤੇ ਮਜ਼ਦੂਰ ਹੀ ਸਾਰੇ ਦੇਸ਼ ਦਾ ਧਨ ਪੈਦਾ ਕਰਦੇ ਹਨ।
ਜਦੋਂ ਇਕ ਰਾਜਾ ਜਾਂ ਬਾਦਸ਼ਾਹ ਮਰ ਜਾਂਦਾ ਹੈ ਤਾਂ ਉਸ ਦਾ ਲੜਕਾ ਗੱਦੀ ਉਤੇ ਬੈਠਦਾ ਹੈ। ਜੇ ਉਹ ਦੋ ਬਰਸ ਦਾ ਹੋਵੇ ਤਾਂ ਸੋਲ੍ਹਾਂ ਸਾਲ ਇਕ ਕੌਂਸਲ ਨੀਅਤ ਕੀਤੀ (ਜਾਂਦੀ) ਹੈ। ਇਹ ਅਜਬ ਤਮਾਸ਼ਾ ਹੈ। ਅਸੂਲ ਤਾਂ ਇਉਂ ਬਣਾਇਆ ਹੋਇਆ ਹੈ ਕਿ ਰਿਆਸਤ ਅਤੇ ਰਾਜਾ ਪਰਜਾ ਦੇ ਜ਼ਰ ਖਰੀਦ ਸਮਝੇ ਹੋਏ ਹਨ। ਜਿਸ ਤਰ੍ਹਾਂ ਕਿਸੇ ਦਾ ਮਕਾਨ ਜਾਂ ਗਹਿਣਾ; ਜਿਸ ਤਰ੍ਹਾਂ ਇਕ ਆਦਮੀ ਦੇ ਮਰਨ ਪਿੱਛੋਂ ਉਹਦਾ ਮਕਾਨ ਉਹਦੇ ਪੁੱਤਰ ਨੂੰ ਮਿਲ ਜਾਂਦਾ ਹੈ, ਇਸੇ ਤਰ੍ਹਾਂ ਰਾਜਾ ਦੇ ਮਰਨ ਪਿਛੋਂ ਗੱਦੀ ਉਹਦੇ ਪੁੱਤਰ ਨੂੰ ਮਿਲ ਜਾਂਦੀ ਹੈ, ਭਾਵੇਂ ਉਹ ਲੜਕਾ ਲੂਲਾ ਲੰਗੜਾ, ਬਦਮਾਸ਼ ਹੋਵੇ। ਛੋਟੀ ਉਮਰ ਜਾਂ ਕਾਲਾ ਚੋਰ ਹੀ ਕਿਉਂ ਨਾ ਹੋਵੇ। ਦੇਸ਼ ਦੇ ਲੋਕਾਂ ਨੂੰ ਰਾਜੇ ਦੀ ਜਗੀਰ ਸਮਝਿਆ ਜਾਂਦਾ ਹੈ। ਇਸ ਅਸੂਲ ਕਾਰਨ ਪਰਜਾ ਨੂੰ ਰਿਆਸਤ ਦਾ ਕੋਈ ਵੱਡਾ ਅਫਸਰ ਬਣਾਉਣ ਦਾ ਕੋਈ ਹੱਕ ਨਹੀਂ ਹੁੰਦਾ ਸਗੋਂ ਬਾਪ ਪਿੱਛੋਂ ਪੁੱਤਰ ਅਤੇ ਪੋਤਰਾ ਆਪਣੇ ਆਪ ਹੀ ਤਖਤ ਦੇ ਮਾਲਕ ਬਣ ਜਾਂਦੇ ਹਨ।
ਹੁਣ ਰਾਜੇ ਦੇ ਇਖਤਿਆਰਾਂ ਵੱਲ ਦੇਖੀਏ ਤਾਂ ਮਾਲੂਮ ਹੁੰਦਾ ਹੈ ਕਿ ਇਹ ਪੂਜ ਜਾਂ ਕਾਲਾ ਨਾਗ ਹੈ, ਰਾਜੇ ਨੂੰ ਇਖਤਿਆਰ ਹੈ ਕਿ ਜਿਵੇਂ ਚਾਹੇ ਕਾਨੂੰਨ ਬਣਾਵੇ। ਕਾਨੂੰਨ ਅਜਿਹਾ ਕਾਇਦਾ ਹੈ ਜੋ ਸਭ ਨੂੰ ਜ਼ਰੂਰ ਮੰਨਣਾ ਪੈਂਦਾ ਹੈ। ਜੇ ਕੋਈ ਨਾ ਮੰਨੇ ਤਾਂ ਜੁਰਮਾਨਾ ਕੈਦ ਆਦਿ ਦੀ ਸਜ਼ਾ ਮਿਲਦੀ ਹੈ। ਹੁਣ ਸੋਚੋ! ਇਕ ਆਦਮੀ ਨੂੰ ਇਤਨੀ ਤਾਕਤ ਦੇਣੀ ਕਿੱਡੀ ਬੇਵਕੂਫੀ ਦੀ ਗੱਲ ਹੈ। ਇਕ ਆਦਮੀ ਨੂੰ ਅਜਿਹੇ ਇਖਤਿਆਰ ਕਦੇ ਨਹੀਂ ਦੇਣੇ ਚਾਹੀਦੇ, ਭਾਵੇਂ ਉਹ ਵੱਡਾ ਪਰਮਾਤਮਾ ਕਿਉਂ ਨਾ ਹੋਵੇ ਕਿਉਂਕਿ ਅੱਛੇ ਤੋਂ ਅੱਛੇ ਸਾਧੂ ਨੂੰ ਭੀ ਸਾਰੀ ਦੁਨੀਆਂ ਦੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ। ਉਹ ਕਾਨੂੰਨ ਬਣਾਉਣ ਵੇਲੇ ਜ਼ਰੂਰ ਗਲਤੀ ਕਰ ਜਾਵੇਗਾ ਜਿਸ ਤੋਂ ਪਰਜਾ ਨੂੰ ਨੁਕਸਾਨ ਪਹੁੰਚੇਗਾ, ਪਰ ਰਾਜੇ ਨਵਾਬ ਤਾਂ ਕਦੀ ਕਿਸੇ ਨੇ ਪਰਮਾਤਮਾ ਨਹੀਂ ਸੁਣੇ। ਫੇਰ ਕਿਉਂ ਅਜਿਹੇ ਬਦਮਾਸ਼ ਅਤੇ ਹਰਾਮਜ਼ਦਗੀ ਕਰਨ ਵਾਲੇ ਰਾਜੇ ਨਵਾਬਾਂ ਨੂੰ ਕਰੋੜਾਂ ਆਦਮੀਆਂ ਦੇ ਵਾਸਤੇ ਕਾਨੂੰਨ ਬਣਾਉਣ ਦਾ ਹੱਕ ਹਾਸਿਲ ਹੈ। ਅਥਵਾ ਇਕ ਰਾਜਾ ਜਾਂ ਨਵਾਬ ਇਹ ਕਾਨੂੰਨ ਬਣਾ ਦੇਵੇ ਕਿ ਫਲਾਣੀ ਕਿਤਾਬ ਨਾ ਪੜ੍ਹੋ ਤਾਂ ਹਰ ਵਿਦਵਾਨ ਪੁਰਸ਼ ਨੂੰ ਇਹ ਹੁਕਮ ਮੰਨਣਾ ਪਵੇਗਾ ਭਾਵੇਂ ਉਹ ਕਿੱਡਾ ਹੀ ਵਿਦਵਾਨ ਕਿਉਂ ਨਾ ਹੋਵੇ। ਜੇ ਉਹ ਇਕ ਬੇਵਕੂਫ ਅਨਪੜ੍ਹ ਰਾਜੇ ਦੇ ਹੁਕਮ ‘ਤੇ ਨਹੀਂ ਚੱਲੇਗਾ ਤਾਂ ਪੁਲਿਸ ਉਸ ਨੂੰ ਪਕੜ ਲਵੇਗੀ। ਉਸ ਦੀ ਆਜ਼ਾਦੀ ਖੋਹ ਕੇ ਦੁੱਖ ਦਿੱਤਾ ਜਾਵੇਗਾ ਅਤੇ ਕੈਦ ਕੀਤਾ ਜਾਵੇਗਾ। ਇਹ ਕਿੱਡਾ ਅੰਧੇਰ ਹੈ ਕਿ ਇਕ ਖੋਤੇ ਨੂੰ ਇਤਨੀ ਤਾਕਤ ਹਾਸਲ ਹੋਵੇ।
ਹਿੰਦੁਸਤਾਨ ਦੀ ਤਾਰੀਖ ਵਿਚ ਲਿਖਿਆ ਹੋਇਆ ਹੈ ਕਿ ਇਕ ਬਾਦਸ਼ਾਹ ਨੇ ਆਪਣੀ ਰਾਜਧਾਨੀ ਬਦਲੀ ਤਾਂ ਹਜ਼ਾਰਾਂ ਆਦਮੀਆਂ ਨੂੰ ਉਸ ਦੇ ਹੁਕਮ ਨਾਲ ਦੂਜੀ ਨਵੀਂ ਰਾਜਧਾਨੀ ਵਿਚ ਜਾਣਾ ਪਿਆ ਅਤੇ ਬਹੁਤ ਸਾਰੇ ਪੁਰਸ਼ ਰਸਤੇ ਵਿਚ ਮਰ ਗਏ। ਅਜਿਹੇ ਕਾਰਨ ਕਰਕੇ ਕਾਨੂੰਨ ਬਣਾਉਣ ਦਾ ਇਖਤਿਆਰ ਸਾਰੀ ਪਰਜਾ ਨੂੰ ਹੋਣਾ ਚਾਹੀਦਾ ਹੈ ਅਤੇ ਜਿਨ ਪਰਜਾ ਭਗਤ ਲੋਕਾਂ ਨੂੰ ਪਰਜਾ ਮੰਨੇ, ਉਹ ਕਾਨੂੰਨ ਦੀ ਤਜਵੀਜ਼ ਬਣਾਇਆ ਕਰਨ। ਇਹ ਨਹੀਂ ਹੋਣਾ ਚਾਹੀਦਾ ਕਿ ਅੰਧੇਰ ਨਗਰ ਚੁਪਟ ਰਾਜਾ; ਰਾਜਾ ਜਾਂ ਨਵਾਬ ਨੂੰ ਇਹ ਵੀ ਇਖਤਿਆਰ ਹੈ ਕਿ ਕਿਸੇ ਆਦਮੀ ਉਤੇ ਜਿੰਨਾ ਚਾਹੇ ਟੈਕਸ ਲਾ ਦੇਵੇ ਅਤੇ ਉਸ ਨੂੰ ਜਿਥੇ ਚਾਹੇ, ਖਰਚ ਕਰ ਦੇਵੇ। ਖਜ਼ਾਨੇ ਦਾ ਸਾਰਾ ਬੰਦੋਬਸਤ ਉਹਦਾ ਹੋਣਾ ਹੁੰਦਾ ਹੈ। ਪਰਜਾ ਨੂੰ ਹਿਸਾਬ ਲੈਣ ਦਾ ਕੋਈ ਹੱਕ ਨਹੀਂ ਹੈ। ਜੇ ਰਾਜਾ ਸੌ ਵਿਚ ਪੰਜਾਹ ਰੁਪਏ ਲਗਾਨ ਲਾ ਦੇਵੇ ਤਾਂ ਗਰੀਬ ਕਿਸਾਨ ਨੂੰ ਦੇਣਾ ਪੈਂਦਾ ਹੈ। ਜੇ ਸੌ ਵਿਚੋਂ ਸੱਤਰ ਲੱਗ ਗਿਆ ਤਾਂ ਵੀ ਕਿਸਾਨ ਨੂੰ ਚੂੰ ਚਰਾਂ ਨਹੀਂ ਕਰਨੀ ਮਿਲਦੀ। ਜੋ ਅੱਗੇ ਬੋਲੇ, ਉਹ ਕੈਦ ਕੀਤਾ ਜਾਂਦਾ ਹੈ। ਇਹ ਕਿੱਡੀ ਬੇਇਨਸਾਫੀ ਦੀ ਗੱਲ ਹੈ ਕਿ ਰਿਆਸਤ ਤੇ ਪ੍ਰਬੰਧ ਵਾਸਤੇ ਰੁਪਿਆ ਇਕੱਠਾ ਕਰਕੇ ਇਕ ਆਦਮੀ ਨੂੰ ਦਿੱਤਾ ਜਾਵੇ।
ਕੀ ਇਕ ਆਦਮੀ ਅਕਲ ਤੇ ਇਲਮ ਦਾ ਪੁਤਲਾ ਹੋ ਸਕਦਾ ਹੈ? ਕੀ ਉਹ ਇਤਨਾ ਵੱਡਾ ਕੰਮ ਪੂਰਾ ਕਰ ਸਕਦਾ ਹੈ? ਕਦਾਚਿਤ ਨਹੀਂ, ਕਦਾਚਿਤ ਨਹੀਂ। ਰਿਆਸਤ ਦੀ ਜਾਂ ਲੋੜਾਂ ਵਾਸਤੇ ਸਾਰਿਆਂ ਦੀ ਮਰਜ਼ੀ ਨਾਲ ਰੁਪਿਆ ਇਕੱਠਾ ਹੋਣਾ ਚਾਹੀਦਾ ਹੈ। ਪਰਜਾ ਦੇ ਮੰਨੇ ਪ੍ਰਮੰਨੇ ਆਦਮੀ ਮਿਲ ਕੇ ਟੈਕਸ ਇਕੱਠਾ ਕਰਿਆ ਕਰਨ ਅਤੇ ਪਰਜਾ ਹਰ ਇਕ ਤਜਵੀਜ਼ ਨੂੰ ਮਨਜ਼ੂਰ ਕਰੇ। ਸਾਰਿਆਂ ਦੀ ਸਲਾਹ ਨਾਲ ਕੰਮ ਹੋਵੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਰਾਜਾ ਸਾਹਿਬ ਦਾ ਮਾਲ ਖੂਬ ਲੁਟਿਆ ਜਾਂਦਾ ਸੀ, ਗੱਲ ਕੀ ਉਹ ਸਰਦਾਰ ਦੇਸ਼, ਅਸੂਲ ‘ਤੇ ਕੰਮ ਕਰਦੇ ਸਨ ਕਿ ਜੋ ਦਿਲ ਕੀਤਾ, ਸੋ ਸਹੀ।
ਹਰ ਇਕ ਜ਼ਮਾਨੇ ਵਿਚ ਅਮੀਰਾਂ ਅਤੇ ਜਗੀਰਦਾਰਾਂ ਦਾ ਇਹੋ ਹਾਲ ਰਿਹਾ ਹੈ। ਯੂਰਪ ਦੇ ਹਰ ਇਕ ਮੁਲਕ ਵਿਚ ਇਕੋ ਜਿਹਾ ਹਾਲ ਸੀ। ਸਪੇਨ ਮੁਲਕ ਵਿਚ ਸਰਦਾਰਾਂ, ਪੁਜਾਰੀਆਂ, ਮਹੰਤਾਂ ਦੀ ਜ਼ਮੀਨ ਉਤੇ ਕੁਝ ਟੈਕਸ ਨਹੀਂ ਲਾਇਆ ਜਾਂਦਾ ਸੀ। ਹੰਗਰੀ ਵਿਚ ਵਿਚਾਰੇ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਸੜਕਾਂ ਦਾ ਮਹਿਸੂਲ ਦੇਣਾ ਪੈਂਦਾ ਸੀ, ਪਰ ਵੱਡੇ ਵੱਡੇ ਆਦਮੀ ਮੁਫਤ ਸਫਰ ਕਰਦੇ ਸਨ। ਫਰਾਂਸ ਵਿਚ ਸੰਨ 1789 ਦੇ ਗਦਰ ਤੋਂ ਪਹਿਲੇ ਟੈਕਸਾਂ ਦਾ ਭਾਰ ਕਿਸਾਨਾਂ ਦੀ ਧੌਣ ਉਤੇ ਪਾਇਆ ਜਾਂਦਾ ਸੀ। ਸਕਾਟਲੈਂਡ ਵਿਚ ਜਗੀਰਦਾਰ ਗਰੀਬ ਆਦਮੀਆਂ ਨੂੰ ਬਦੋਬਦੀ ਕੈਦ ਕਰਕੇ ਗੁਲਾਮਾਂ ਵਾਂਗ ਅਗਾਂਹ ਦਿੰਦੇ ਹਨ। ਆਇਰਲੈਂਡ ਵਿਚ ਭੀ ਜਗੀਰਦਾਰਾਂ ਨੇ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਮਾਲਕੀ ਦਾ ਹੱਕ ਮੰਗਣ ਸਦਕੇ ਪਸੂਆਂ ਵਾਂਗ ਕਤਲ ਕੀਤਾ। ਅਸਲਾ ਜ਼ਿਆਦਾ ਦੇਣ ਦੀ ਜ਼ਰੂਰਤ ਹੀ ਨਹੀਂ। ਇਹ ਸਵਾਲ ਪੁੱਛਣ ਦੀ ਲੋੜ ਹੀ ਕੀ ਹੈ ਕਿ ਰਾਜ ਬਲ ਰੱਖਣ ਵਾਲੇ ਲੋਕਾਂ ਨੇ ਕਿਉਂ ਉਸ ਬਲ ਨੂੰ ਆਪਣੇ ਫਾਇਦੇ ਵਾਸਤੇ ਵਰਤਿਆ?
ਗੱਲ ਇਹ ਹੈ ਕਿ ਆਦਮੀ ਦਾ ਸੁਭਾ ਐਸਾ ਹੀ ਬਣਿਆ ਹੈ ਕਿ ਬੇਲਗਾਮ ਹਾਕਮ ਹਮੇਸ਼ਾ ਪਰਜਾ ਦੇ ਫਾਇਦੇ ਨੂੰ ਪੈਰਾਂ ਹੇਠ ਰੋਲ ਕੇ ਆਪਣਾ ਮਤਲਬ ਪੂਰਾ ਕਰਦੇ ਹਨ ਭਾਵੇਂ ਉਹ ਕਿੰਨੇ ਹੀ ਇਕਰਾਰ ਕਰਨ, ਕਿੰਨੇ ਹੀ ਬਚਨ ਦੇਣ। ਭਾਵੇਂ ਕਿੰਨੇ ਹੀ ਪ੍ਰਬੰਧ ਉਨ੍ਹਾਂ ਦੇ ਰੋਕਣ ਵਾਸਤੇ ਕੀਤੇ ਜਾਣ। ਸਭ ਦਲੀਲਾਂ ਫਜ਼ੂਲ ਹਨ। ਉਨ੍ਹਾਂ ਦੀ ਖੁਦਗਰਜ਼ੀ ਕੋਈ ਨਾ ਕੋਈ ਰਾਹ ਕੱਢ ਹੀ ਲਵੇਗੀ।