ਮੈਦਾਨ-ਏ-ਜੰਗ ਵੱਲ ਕੂਚ

ਪ੍ਰੋæ ਲਖਬੀਰ ਸਿੰਘ
ਫੋਨ: 91-98148-66230
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਡਾæ ਚਰਨਜੀਤ ਪਰੂਥੀ, ਮੈਨੇਜਿੰਗ ਡਾਇਰੈਕਟਰ ਬੀæ ਬੀæ ਸੀæ ਹਾਰਟ ਕੇਅਰ ਪਰੂਥੀ ਹਸਪਤਾਲ ਕੋਲ ਵੱਡੀ ਐਂਬੂਲੈਂਸ ਸੀ। ਡਾæ ਪਰੂਥੀ ਦਾ ਫੋਨ ਮਿਲਾਇਆ ਤੇ ਐਂਬੂਲੈਂਸ ਬਾਰੇ ਪੁੱਛਿਆ। ਕਹਿੰਦੇ, “ਕਿਸ ਲਈ ਚਾਹੀਦੀ ਹੈ?” ਮੈਂ ਕਿਹਾ, “ਮੇਰੇ ਲਈ।” ਕਹਿੰਦੇ, “ਹਾਂ! ਪਰ ਕਿਸ ਨੂੰ ਲੈ ਕੇ ਜਾਣਾ?” ਮੈਂ ਕਿਹਾ, “ਮੈਨੂੰ।” ਹੈਰਾਨ ਪ੍ਰੇਸ਼ਾਨ ਹੋਏ ਪੁਛਦੇ, “ਕੀ ਹੋਇਆ?” ਮੈਂ ਜੁਆਬ ਦਿੱਤਾ, “ਕੈਂਸਰ।” ਬਸ ਜ਼ੁਬਾਨ ਬੰਦ ਹੋ ਗਈ ਤੇ ਚੰਦ ਮਿੰਟਾਂ ਬਾਅਦ ਬੋਲੇ, “ਮੇਰੇ ਵੀਰ ਪੁੱਛਣ ਦੀ ਕੀ ਲੋੜ ਹੈ, ਐਂਬੂਲੈਂਸ ਲੈ ਜਾਓ।” ਐਂਬੂਲੈਂਸ ਦਾ ਪ੍ਰਬੰਧ ਹੋ ਗਿਆ। ਫਿਰ ਸੁਆਲ ਸੀ, ਨਾਲ ਕੌਣ ਜਾਊ?

ਸੋਚਿਆ, ਡਾਕਟਰਾਂ ਨਾਲ ਗੱਲ ਕਰਨ ਵਾਲਾ ਪੜ੍ਹਿਆ ਲਿਖਿਆ, ਸੂਝਵਾਨ ਬੰਦਾ ਹੋਣਾ ਚਾਹੀਦਾ ਹੈ।
ਸਮਾਂ ਮਿਥ ਕੇ, ਰਾਹ ਦੇ ਇੰਤਜ਼ਾਮ ਤੇ ਹੋਰ ਤਿਆਰੀਆਂ ਸ਼ੁਰੂ ਹੋ ਗਈਆਂ। ਚਾਚੀ ਸੁਰਿੰਦਰ ਕੌਰ, ਜਿਗਰੀ ਦੋਸਤ ਡਾæ ਅਸ਼ਵਨੀ ਕੁਮਾਰ ਤੇ ਹਰਵਿੰਦਰ ਕੌਰ ਦਾ ਨਾਲ ਜਾਣਾ ਤੈਅ ਹੋਇਆ। ਚੋਰਾਂ ਵਾਂਗ ਦਿਨ ਦੇ ਪਹਿਲੇ ਪਹਿਰ ਦਿੱਲੀ ਨੂੰ ਕੂਚ ਕਰਨ ਦਾ ਪ੍ਰੋਗਰਾਮ ਬਣਿਆ। ਸ਼ਾਮੀਂ 4 ਕੁ ਵਜੇ ਕਈ ਨਜ਼ਦੀਕੀਆਂ ਤੇ ਦੋਸਤਾਂ ਨੂੰ ਖਬਰ ਪਹੁੰਚ ਗਈ। 29 ਨਵੰਬਰ ਸ਼ਾਮ 4 ਵਜੇ ਤੋਂ ਢੀਂਗਰਾ ਹਸਪਤਾਲ ‘ਚ ਮਿਲਣ ਵਾਲਿਆਂ ਦਾ ਤਾਂਤਾ ਬੱਝ ਗਿਆ। ਉਠ ਕੇ ਮਿਲ ਨਹੀਂ ਸਾਂ ਸਕਦਾ। ਸਭ ਹੰਝੂਆਂ ਦੇ ਫੁੱਲ ਮੇਰੇ ‘ਤੇ ਕੇਰਦੇ ਰਹੇ। ਜਿਵੇਂ ਸਾਰੇ ਮੇਰੇ ਗਿਰੇਬਾਨ ਅੰਦਰ ਛੁਪੀ ਮੌਤ ਵੱਲ ਝਾਕ ਕੇ ਖੌਫਨਾਕ ਮਰਹਲਾ ਦੇਖ ਕੇ ਕੁਰਲਾ ਰਹੇ ਹੋਣ। ਅਹਿਸਾਸ ਹੋ ਰਿਹਾ ਸੀ ਕਿ ਇਹ ਸਾਰੇ ਅੰਦਰੋਂ ਬੇਹੱਦ ਡਰੇ ਹੋਏ, ਮੈਨੂੰ ਆਖਰੀ ਵਿਦਾਇਗੀ ਦੇ ਰਹੇ ਹਨ। ਇਹ ਮੈਨੂੰ ਠੀਕ ਕਰਨ ਵਾਲੀ ਕੋਈ ਜਾਦੂ ਦੀ ਜੱਫੀ ਨਹੀਂ, ਮੋਹ ਤੋੜਨ ਦੀ ਜੱਫੀ ਹੈ। ਮੇਰੇ ਮਨੋਜਗਤ ਵਿਚ ਬੜੀ ਅਜੀਬ ਕਸ਼ਮਕਸ਼ ਚੱਲ ਰਹੀ ਸੀ। ਇਕ ਪਾਸੇ ਬੜੇ ਹਿੰਮਤ ਹੌਂਸਲੇ ਨਾਲ ਇਲਾਜ ਵਾਸਤੇ ਚੱਲਣ ਦੀ ਤਿਆਰੀ ਤੇ ਦੂਜੇ ਪਾਸੇ ਸੱਜਣਾਂ ਵਲੋਂ ਮੋਹ ਭੰਗ ਕਰ ਆਖਰੀ ਵਿਦਾਇਗੀ ਦਾ ਅਹਿਸਾਸ। ਬਥੇਰਾ ਕਹਾਂ ਕਿ ਮੈਂ ਖੜ੍ਹਾ ਹੋ ਕੇ ਆਵਾਂਗਾ ਤੇ ਘੁੱਟ-ਘੁੱਟ ਜੱਫੀਆਂ ਪਾਊਂ, ਪਰ ਕਿੱਥੇ! ਸਭ ਨੂੰ ਮੇਰੇ ਬੋਲਾਂ ਤੋਂ ਵੱਧ ਮੇਰੇ ਅੰਦਰ ਹਾਜ਼ਰ ਚੁੱਪ-ਚਪੀਤੇ ਡਾਕਾ ਮਾਰੀ ਬੈਠੇ ਅਜਿਹੇ ਡਾਕੂ ਕੈਂਸਰ ਦਾ ਡਰ ਸੀ, ਜੋ ਕਿਸੇ ਨੂੰ ਬਖਸ਼ਦਾ ਹੀ ਨਹੀਂ। ਇਕੋ ਇਕ ਸ਼ਖਸ ਹਰਵਿੰਦਰ ਹੀ ਇੰਨੀ ਆਸਵੰਦ ਸੀ, ਜਿਸ ਨੇ ਕੈਂਸਰ ਨਾਲੋਂ ਵੱਧ ਮੇਰੇ ‘ਤੇ ਭਰੋਸਾ ਕਰਨ ‘ਚ ਭਲਾ ਸਮਝਿਆ।
30 ਨਵੰਬਰ ਪਹਿਲੇ ਪਹਿਰ ਦੇ ਤੜਕੇ ਦੋ ਵਜੇ ਡੀæ ਐਮæ ਸੀæ ਹਸਪਤਾਲ ਵਿਚੋਂ ਸਟਰੈਚਰ ਉਠਿਆ ਤੇ ਮੈਨੂੰ ਹੂਟਰ ਮਾਰਦੀ ਵੱਡੀ ਐਂਬੂਲੈਂਸ ਦੇ ਸਟਰੈਚਰ ‘ਤੇ ਉਲਟਾ ਦਿੱਤਾ ਗਿਆ। ਇਕ ਮਾਂ ਦਾ ਪੁੱਤਰ, ਇਕ ਨਾਰ ਦਾ ਪਤੀ, ਬਾਲਾਂ ਦਾ ਪਿਓ, ਭੈਣਾਂ ਦਾ ਭਰਾ, ਭਰਾਵਾਂ ਦੀਆਂ ਬਾਹਾਂ ਅਤੇ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਲਖਬੀਰ, ਇਕ ਅਣਕਿਆਸੀ ਜੰਗ ਲੜਨ ਤੁਰ ਪਿਆ। ਮੇਰੀ ਆਖਰੀ ਵਿਦਾਇਗੀ-ਮਿਲਣੀ ਪੁੱਤਰਾਂ ਨਾਲ ਹੋਈ, ਜਿਨ੍ਹਾਂ ਨੂੰ ਕੈਂਸਰ ਬਾਰੇ ਕੋਈ ਪਤਾ ਨਹੀਂ ਸੀ। ਆਪਣੇ ਛੋਟੇ ਬੇਟੇ ਬਾਗੇਸ਼ਵਰ ਨਾਲੋਂ ਜੁਦਾ ਹੋਣਾ ਔਖਾ ਕੰਮ ਸੀ, ਜੋ ਬੜਾ ਅਸੁਰੱਖਿਅਤ, ਮਾਂ ਦੀ ਉਂਗਲ ਕਦੀ ਛੱਡਦਾ ਹੀ ਨਹੀਂ ਸੀ। ਅਕਸਰ ਬਾਹਰ ਗਈ ਚੰਦ ਮਿੰਟ ਲੇਟ ਹੋ ਜਾਵੇ ਤਾਂ ਸਜਾ ਦੇਣ ਤੱਕ ਜਾਂਦਾ ਸੀ। ਅੱਜ ਮਾਂ, ਉਸ ਨੂੰ ਅਣਦੱਸੇ ਸਮੇਂ ਲਈ ਛੱਡ ਕੇ ਜਾ ਰਹੀ ਸੀ ਤੇ ਪਿਓ ਅਜੀਬ ਆਲਮ ਆਪਣੇ ਅੰਦਰ ਲੈ ਕੇ ਦਿੱਲੀ ਵੱਲ ਕੈਂਸਰ ਨਾਲ ਜੰਗ ਕਰਨ ਲਈ ਪੈਂਤੜਾ ਲੈ ਕੇ ਘਰੋਂ ਤੁਰ ਪਿਆ ਸੀ। ਭਾਵੇਂ ਜਿੱਤ ਕੇ ਆਉਣ ਦੀ ਸ਼ਤਪ੍ਰਤੀਸ਼ਤ ਉਮੀਦ ਨਾਲ ਤੁਰ ਰਿਹਾ ਸੀ ਪ੍ਰੰਤੂ ਜੰਗ ਤਾਂ ਕੈਂਸਰ ਨਾਲ ਸੀ। ਐਂਬੂਲੈਂਸ ਦੀ ਖਿੜਕੀ ਵਿਚੋਂ ਮੇਰੇ ਵੱਲ ਕਿਸੇ ਨੇ ਛੋਟੇ ਬੇਟੇ ਨੂੰ ਵਧਾਇਆ। ਸ਼ਾਇਦ ਇਸ ਮੌਕੇ ਸਿਰ ਉਤੇ ਹੱਥ ਰੱਖਣਾ ਵੀ ਗਵਾਰਾ ਨਹੀਂ ਸੀ, ਲੇਕਿਨ ਉਸ ਦੇ ਰੋਣ ਦੀਆਂ ਡਾਂਡਾਂ ਨੇ ਅਸਮਾਨ ਕੰਬਾ ਦਿੱਤਾ ਅਤੇ ਨਾਲ ਜਾਣ ਦੀ ਜਿੱਦ ਨੇ ਮੈਨੂੰ ਅੰਦਰੋਂ ਹਿਲਾ ਦਿੱਤਾ, ਲੇਕਿਨ ਸਭ ਕੁਝ ਛੱਡਣਾ ਅਤੇ ਜਿਗਰ ਦੇ ਟੋਟਿਆਂ ਨੂੰ ਵਕਤੀ ਤੌਰ ‘ਤੇ ਛੱਡ ਕੇ ਨਿਕਲਣਾ ਹੀ ਪੈਣਾ ਸੀ। ਮੇਰੀ ਜੀਣ ਦੀ ਇੱਛਾ, ਸੋਚ ਦੀ ਬੁਲੰਦੀ, ਜਾਗਦੀ ਉਮੀਦ, ਸ਼ਤਪ੍ਰਤੀਸ਼ਤ ਠੀਕ ਹੋਣ ਦੀ ਸ਼ਰਤ, ਇੰਨ ਬਿੰਨ ਕਾਇਮ ਸੀ। ਕੈਂਸਰ ਦਾ ਕੋਈ ਘੱਟ ਡਰ ਨਹੀਂ ਸੀ। ਹਾਂ! ਕੈਂਸਰ ਤੋਂ ਮੁਕਤ ਹੋਣ ਦੀ ਦ੍ਰਿੜਤਾ ਉਸ ਤੋਂ ਵੱਧ ਜ਼ਰੂਰ ਸੀ। ਪਹਿਲੀ ਨਜ਼ਰ ਜਦ ਆਪਣੇ ਅੰਦਰ ਕੈਂਸਰ ਦੀ ਹੋਂਦ ਦਾ ਪਤਾ ਲੱਗਾ ਤਾਂ ਬੜਾ ਵੱਡਾ ਝਟਕਾ ਲੱਗਾ ਸੀ। ਪਿਛੋਂ ਭਾਵੇਂ ਬੜੇ ਡਰਾਉਣੇ ਤੇ ਖੌਫਨਾਕ ਇਲਾਜ ‘ਚੋਂ ਲੰਘਣਾ ਪਿਆ, ਜ਼ਰਾ ਵੀ ਨਾ ਡਰਿਆ।
ਅਸੀਂ ਜੀæ ਟੀæ ਰੋਡ ‘ਤੇ ਦਿੱਲੀ ਜਾ ਰਹੇ ਸਾਂ ਕਿ ਡਾæ ਅਸ਼ਵਨੀ ਸ਼ਰਮਾ ਨੂੰ ਫੋਨ ਆਇਆ, ਸਾਡੇ ਕਾਲਜ ਦੇ ਸਾਥੀ ਡਾæ ਰਾਮ ਅਵਤਾਰ ਦਾ। ਮੇਰੇ ਸਾਥੀ ਸਾਰੇ ਸੁਸਤਾ ਤੇ ਉਂਘਲਾ ਰਹੇ ਸਨ। ਮੈਂ ਖੁਦ ਹੱਥ ਪਿੱਛੇ ਕੀਤਾ ਅਤੇ ਫੋਨ ਚੁੱਕ ਲਿਆ। ਅਵਾਜ਼ ਆਈ, “ਹੈਲੋ ਸ਼ਰਮਾ ਜੀ ਕੀ ਹਾਲ ਹੈ, ਪ੍ਰੋæ ਲਖਬੀਰ ਸਿੰਘ ਦਾ?” ਮੈਂ ਕਿਹਾ, “ਸ਼ਰਮਾ ਜੀ ਨਹੀਂ! ਮੈਂ ਲਖਬੀਰ ਸਿੰਘ ਹੀ ਬੋਲ ਰਿਹਾ ਹਾਂ।” ਇਕ ਦਮ ਚੁੱਪ ਹੋ ਗਏ ਅਤੇ ਚੰਦ ਸਕਿੰਟਾਂ ਬਾਅਦ ਬੋਲੇ, “ਅਰੇ ਆਪ ਤੋਂ ਅੱਛੇ ਭਲੇ ਬੋਲਤੇ ਔਰ ਖੂਬ ਲੱਗਤੇ ਹੋ।” “ਜੀ ਡਾæ ਸਾਹਿਬ ਮੈਂ ਅੱਛਾ ਹੀ ਰਹਾਂਗਾ ਤੇ ਬੇਖੌਫ ਹੋ ਕੇ ਕੈਂਸਰ ਨਾਲ ਲੜਾਂਗਾ। ਚੜ੍ਹਦੀ ਕਲ੍ਹਾ ਮੇਰਾ ਨਾਅਰਾ ਰਹੇਗਾ।” ਫੋਨ ਬੰਦ ਹੋ ਗਿਆ ਤੇ ਐਂਬੂਲੈਂਸ ਅੱਗੇ ਚਲਦੀ ਰਹੀ। ਜਾਣਕਾਰਾਂ ਨੂੰ ਇਹ ਖਦਸ਼ਾ ਸੀ ਕਿ ਕਿਤੇ ਸਪਾਈਨਲ ਕਾਰਡ ‘ਤੇ ਅਸਰ ਨਾ ਹੋ ਗਿਆ ਹੋਵੇ।
ਸਵੇਰੇ ਨੌਂ ਵਜੇ ਅਸੀਂ ਦਿੱਲੀ ਸਾਕੇਤ ਪਹੁੰਚ ਗਏ। ਮੈਕਸ ਹੈਲਥ ਕੇਅਰ ਹਸਪਤਾਲ ਦੇ ਨਿਊਰੋ ਸਰਜਨ ਵਿਗਿਆਨੀ ਡਾæ ਵਾਲੀਆ ਨੂੰ ਮਿਲੇ ਤਾਂ ਕਿ ਸਪਾਈਨਲ ਕਾਰਡ ਦੀ ਜਾਂਚ ਕਰਕੇ ਤੰਤੂਆਂ ਦੀ ਜਾਂਚ ਕਰਾ ਲਈ ਜਾਵੇ। ਪੈਰਾ ਮੈਡੀਕਲ ਸਟਾਫ ਨੇ ਐਮਰਜੈਂਸੀ ਸਪਾਈਨਲ ਬੋਰਡ ਸਕਿੰਟਾਂ ਮਿੰਟਾਂ ਵਿਚ ਬੈਲਟ ਕਰਕੇ, ਪੱਲੇਦਾਰਾਂ ਦੇ ਕਣਕ ਦੀ ਬੋਰੀ ਟਰੱਕ ‘ਚੋਂ ਲਾਹੁਣ ਵਾਂਗ ਮੈਨੂੰ ਬੇਖੌਫ ਚੁੱਕ ਲਿਆ ਤੇ ਅੱਧੇ ਘੰਟੇ ‘ਚ ਪੂਰਨ ਸੁਰੱਖਿਆ ਨਾਲ ਸਪਾਈਨਲ ਕਾਰਡ ਬਚੀ ਹੋਣ ਦਾ ਦੱਸ ਕੇ ਸਾਨੂੰ ਫਾਰਗ ਕਰ ਦਿੱਤਾ। ਉਥੋਂ ਅਸੀਂ ਰੋਹਿਨੀ ਵੱਲ ਰਾਜੀਵ ਗਾਂਧੀ ਹਸਪਤਾਲ ਪਹੁੰਚ ਗਏ। ਸਟਰੈਚਰ ‘ਤੇ ਪਾ ਕੇ ਮੈਨੂੰ ਰੇੜ੍ਹ ਕੇ ਅਗਾਂਹ ਕਰ ਦਿੱਤਾ, ਜਿਥੇ ਕੈਂਸਰ ਰੋਗੀਆਂ ਦੇ ਅਨੇਕ ਸਟਰੈਚਰ ਕਤਾਰ ਵਿਚ ਲੱਗੇ ਹੋਏ ਸਨ। ਜਦੋਂ ਵਾਰੀ ਆਈ ਤਾਂ ਕਈ ਡਾਕਟਰ ਆਏ। ਪਿੱਠ ‘ਤੇ ਨਿਰਦਈ ਢੰਗ ਨਾਲ ਇੰਜ ਮੁੱਕੇ ਮਾਰਨ, ਜਿਵੇਂ ਮੈਂ ਰਬੜ ਦਾ ਬੇਜਾਨ ਬਾਵਾ ਹੋਵਾਂ। ਅਖੀਰ ਮੇਰੀ ਡਾæ ਅਸ਼ੋਕ ਵੈਦ, ਮੈਡੀਕਲ ਅੰਕੋਲੋਜਿਸਟ, ਕੋਲ ਵਾਰੀ ਆਈ। ਉਹ ਆਪਣੀ ਸੀਟ ਤੋਂ ਉਠੇ ਨਬਜ਼, ਹੱਡੀਆਂ ਟੋਂਹਦਿਆਂ, ਉਨ੍ਹਾਂ ਵੀ ਕੁਝ ਘਸੁੰਨ ਪਿੱਠ ‘ਚ ਕੱਢ ਮਾਰੇ ਤੇ ਮੇਰੇ ਦਾਖਲੇ ਲਈ ਇਕ ਲੰਬਾ ਹਦਾਇਤਨਾਮਾ ਲਿਖ ਕੇ ਪੈਰਾ ਮੈਡੀਕਲ ਸਟਾਫ ਨੂੰ ਫੜ੍ਹਾ ਦਿੱਤਾ। ਕੋਈ ਦਵਾਈ ਨਹੀਂ ਲਿਖੀ। ਮੈਨੂੰ ਪ੍ਰਾਈਵੇਟ ਕਮਰੇ ਦੀ ਥਾਂ ਇਕ ਵੱਡੇ ਕੈਂਸਰ ਵਾਰਡ ਵਿਚ ਭੇਜ ਦਿੱਤਾ ਗਿਆ।
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ: 30 ਨਵੰਬਰ 2006 ਨੂੰ ਕਰੀਬ 5 ਵਜੇ ਰਾਜੀਵ ਗਾਂਧੀ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਵਿਚ ਦਾਖਲ ਹੋ ਗਿਆ। ਜਦ ਨਿੱਜੀ ਕਮਰੇ ਦੀ ਮੰਗ ਕੀਤੀ ਤਾਂ ਪਤਾ ਲੱਗਾ ਕਿ ਕੈਂਸਰ ਮਰੀਜ਼ਾਂ ਦੀ ਭੀੜ ਕਰਕੇ ਕੋਈ ਕਮਰਾ ਖਾਲੀ ਨਹੀਂ ਸੀ। ਸ਼ਾਮ ਵੇਲੇ ਮੇਰਾ ਸਟਰੈਚਰ ਖਚਾਖੱਚ ਮਰੀਜ਼ਾਂ ਨਾਲ ਭਰੀ ਕੈਂਸਰ ਵਾਰਡ ਵੱਲ ਸਰਕਾਉਂਦਿਆਂ, ਪੂਰੇ ਬੈਡ ਦੀ ਥਾਂ ਨਾ ਹੋਣ ਕਰਕੇ ਸਾਰੇ ਬੈਡ ਇਧਰ-ਉਧਰ ਸਰਕਾ ਕੇ ਮੇਰੇ ਬੈਡ ਦੀ ਥਾਂ ਬਣਾਈ ਗਈ। ਕੈਂਸਰਗ੍ਰਸਤ ਹਰ ਬੰਦਾ ਵੱਖਰਾ ਹੀ ਹੁੰਦਾ ਹੈ। ਦਰਦਾਂ ਕਰਕੇ ਕੁਰਲਾਉਣਾ, ਗਾਲਾਂ ਕੱਢਣੀਆਂ, ਗੁੱਸਾ ਦਿਖਾਉਣਾ-ਜ਼ਿਆਦਾ ਕੈਂਸਰ ਮਰੀਜ਼ਾਂ ਦੀ ਇਹੀ ਹਾਲਤ ਹੁੰਦੀ ਹੈ।
ਕਰੀਬ 400 ਕਿਲੋਮੀਟਰ ਦਾ ਸਫਰ ਕਦੇ ਐਂਬੂਲੈਂਸ ‘ਤੇ, ਕਦੇ ਲਿਫਟਾਂ ਰਾਹੀਂ ਜਦ ਹਸਪਤਾਲ ਦੀ ਤੀਜੀ ਮੰਜ਼ਿਲ ਦੇ ਵਾਰਡ ਵਿਚ ਪਹੁੰਚ ਕੇ ਪੂਰਾ ਹੋਇਆ ਤਾਂ ਧਿਆਨ ਹਮਸਫਰ ਹਰਵਿੰਦਰ ਦੀ ਖੱਜਲ ਖੁਆਰੀ ਤੇ ਮਾਨਸਿਕ ਬੈਚੇਨੀ ਵੱਲ ਗਿਆ। ਹਰ ਥਾਂ ਕਾਗਜ਼ੀ ਕਾਰਵਾਈ ਲਈ ਦੌੜ-ਭੱਜ ਦਾ ਖਿਆਲ ਕਰਦਿਆਂ ਲੂੰ ਕੰਬਣੀ ਛਿੜ ਗਈ। ਕਿਹੜਾ ਫਾਰਮ ਭਰਨਾ, ਕਿੱਥੇ ਪੈਸੇ ਜਮ੍ਹਾਂ ਕਰਾਉਣੇ, ਸਾਰੀ ਦੌੜ-ਭੱਜ ਕਰਦਿਆਂ ਖਿਆਲ ਆਪਣੇ ਮਰੀਜ਼ ‘ਚ ਲਾਈ ਰੱਖਣਾ, ਕੋਈ ਸੌਖਾ ਕੰਮ ਨਹੀਂ ਸੀ। ਜਦੋਂ ਉਸ ਦੇ ਆਰਾਮ ਦਾ ਖਿਆਲ ਕੀਤਾ ਤਾਂ ਦੇਖਿਆ ਕਿ ਨੱਕੋ ਨੱਕ ਭਰੇ ਵਾਰਡ ਦੇ ਬੈਡਾਂ ਦੇ ਆਸ-ਪਾਸ ਇਕ ਫੁੱਟ ਦਾ ਸਟੂਲ ਰੱਖਣ ਤੋਂ ਸਿਵਾ ਕੋਈ ਥਾਂ ਨਹੀਂ ਸੀ। ਜੋ ਗੰਭੀਰ ਮਨੋਂ ਕਸ਼ਮਕਸ਼, ਸਰੀਰਕ ਦੌੜ-ਭੱਜ ਵਿਚੋਂ ਗੁਜ਼ਰਿਆ ਹੋਵੇ ਅਤੇ ਅੰਤ ਨੂੰ ਸਰੀਰ ਸਿੱਧਾ ਕਰਨ ਲਈ ਬਿਸਤਰ ਤਾਂ ਕੀ ਬੈਠਣ ਲਈ ਸਟੂਲ ਵੀ ਖੁਲ੍ਹਾ ਨਸੀਬ ਨਾ ਹੋਵੇ ਤਾਂ ਇਸ ਦਾ ਅੰਦਾਜ਼ਾ ਉਹੀ ਲਾ ਸਕਦਾ ਹੈ, ਜਿਸ ਦੇ ਤਨ-ਮਨ ‘ਤੇ ਬਣੀ ਹੋਵੇ। ਇਹ ਘਾਲਣਾ ਦੀ ਘੜੀ ਹਰਵਿੰਦਰ ਨੇ ਅੱਧੇ ਸਟੂਲ ‘ਤੇ ਬੈਠ ਕੇ ਕੱਟੀ। ਮੈਨੂੰ ਇੰਜ ਵੀ ਲੱਗਾ ਕਿ ਕਿੰਨਾ ਚੰਗਾ ਹੋਇਆ, ਖੌਫਨਾਕ ਸੁਪਨਿਆਂ ਦੇ ਆਲਮ ‘ਚ ਬੀਤਣ ਵਾਲੀ ਰਾਤ ਨੀਂਦ ਹੀ ਨਸੀਬ ਨਹੀਂ ਹੋਈ ਅਤੇ ਸੁਪਨੇ ‘ਚ ਮੌਤ ਦੀ ਥਾਂ, ਜਾਗ ਕੇ ਆਪਣੇ ਅਸਮਾਨ ਦਾ ਚੰਦ ਤੱਕਿਆ ਤੇ ਆਸ-ਪਾਸ ਪਏ ਹੋਰ ਮਰੀਜ਼ਾਂ ਦੇ ਆਸਵੰਦ ਦਿਲਾਂ ਦੀ ਸ਼ਾਹਦੀ ਭਰੀ।
ਦਿਨ ਚੜ੍ਹਿਆ, ਸਟਰੈਚਰ ਆਇਆ, ਵਾਰਡ ਬੁਆਏ, ਮੈਨੂੰ ਚੁੱਕਿਆ। ਮੈਂ ਬੇਸਮੈਂਟ ਵਿਚ ਚਲਾ ਗਿਆ, ਜਿਥੇ ਮੇਰੇ ਸਰੀਰ ਦੀਆਂ 206 ਹੱਡੀਆਂ ਦੇ ਐਕਸਰੇ ਹੋਣੇ ਸਨ। ਸਿਲਸਿਲਾ ਸ਼ੁਰੂ ਹੋਇਆ ਸਿਰ ਵਾਲੇ ਪਾਸਿਓਂ, ਤਕਨੀਸ਼ੀਅਨ ਆਪਣੀ ਮਸ਼ੀਨ ਦੀ ਲੋੜ ਮੁਤਾਬਕ ਮੇਰੇ ਅੰਗਾਂ ਨੂੰ ਦਰਦਾਂ ਦਾ ਖਿਆਲ ਕੀਤੇ ਬਗੈਰ ਖਿੱਚ-ਧੂਹ ਇਧਰ-ਉਧਰ ਕਰਦਿਆਂ ਮੇਰੀਆਂ ਹੱਡੀਆਂ ਦੀਆਂ ਅਜੀਬ ਅਕ੍ਰਿਤੀਆਂ ਬਣਾਉਂਦਿਆਂ ਚਿਤਰਕਾਰੀ ਕਰੀ ਜਾਵੇ ਤੇ ਵਿਚ ਬੋਲੀ ਜਾਵੇ, “ਸਾਹ ਅੰਦਰ ਭਰੋ, ਰੋਕੋ! ਹਾਂ ਜੀ ਸਾਹ ਲੈ ਲਓ।” ਇੰਜ ਇਕ ਐਲਬਮ ਬਣੀ 206 ਹੱਡੀਆਂ’ਤੇ ਜੋੜਾਂ ਦੇ ਕੋਲਾਜ਼ ਦੀ। ਜੋੜ ਮਰੋੜਨ ਦੇ ਸੰਘਰਸ਼ ਬਾਅਦ ਸਟਰੈਚਰ ਐਮæ ਆਰæ ਆਈæ ਮਸ਼ੀਨ ਵਾਲੇ ਹਾਲ ਵਿਚ ਪਹੁੰਚ ਗਿਆ। ਉਥੇ ਮੈਨੂੰ ਇਕ ਤਹਿਖਾਨੇ ਵਾਲੇ ਕਮਰੇ ‘ਚ ਵਾੜ ਦਿੱਤਾ, ਜਿਥੇ ਇਕ ਦਿਓ ਕੱਦ ਮਸ਼ੀਨ ਆਪਣਾ ਖੌਫਨਾਕ ਮੋਘਾ ਖੋਲ੍ਹੀ ਲਿਸ਼ਕ ਰਹੀ ਸੀ। ਸਭ ਦਰਵਾਜ਼ੇ ਬੰਦ ਕਰਨ ਪਿਛੋਂ ਮਸ਼ੀਨ ਨੇ ਪਹਿਲੀ ਕਾਰਵਾਈ ਮੈਨੂੰ ਸਬੂਤਾ ਨਿਗਲਣ ਦੀ ਸ਼ੁਰੂ ਕੀਤੀ, ਪ੍ਰੰਤੂ ਸਾਰਾ ਡਕਾਰਨ ਦੀ ਥਾਂ ਪਹਿਲਾਂ ਸਿਰ ਅੰਦਰ ਬਾਹਰ ਦਾ ਪੂਰਾ ਸਫਰ ਕੀਤਾ, ਫਿਰ ਸਰੀਰ ਦੇ ਇਕ ਪਾਸਿਓਂ ਆਪਣੀ ਕਾਰਵਾਈ ਪਾਉਣੀ ਸ਼ੁਰੂ ਕੀਤੀ। ਸਰੀਰ ਦੇ ਇਕ ਨਿਸ਼ਚਿਤ ਹਿੱਸੇ ਨੂੰ ਧਿਆਨ ‘ਚ ਕਰਕੇ ਰੁਕਦੀ ਤੇ ਅਨੇਤ ਭਾਂਤ ਦੀਆਂ ਵੰਨ ਸੁਵੰਨੀਆਂ ਅਵਾਜ਼ਾਂ ਕੱਢਦੀ ਜਿਵੇਂ ਹੜੰਭਾ ਦੇਵੀ ਹੱਥ ਵਿਚ ਖੂਨ ਨਾਲ ਲਿਬੜਿਆ ਸ਼ਸਤਰ ਚੁੱਕ ਕੇ ਨੱਚਦੀ ਹੋਵੇ। ਘੰਟੇ ਪਿਛੋਂ ਮੈਂ ਅਜੀਬੋ-ਗਰੀਬ ਅਵਾਜ਼ਾਂ ਦੇ ਸੰਘਰਸ਼ ‘ਚੋ ਵਿਦਾ ਹੋਇਆ।
ਬਾਹਰ ਨਿਕਲਦਿਆਂ ਹਰਵਿੰਦਰ ਨੇ ਪੁੱਛਿਆ, “ਠੀਕ ਹੋ ਨਾ?” ਮੈਂ ‘ਠੀਕ ਹਾਂ’ ਕਿਹਾ, “ਭਲੀਏ ਲੋਕੇ ਜੇ ਠੀਕ ਹੁੰਦਾ ਤਾਂ ਹਸਪਤਾਲ ਨਾ ਆਉਂਦਾ।” ਖੈਰ, ਮੈਨੂੰ ਉਸ ਨੇ ਖਬਰ ਦਿੱਤੀ ਕਿ ਆਪਾਂ ਨੂੰ ਪ੍ਰਾਈਵੇਟ ਕਮਰਾ ਮਿਲ ਗਿਆ ਹੈ। ਮੈਨੂੰ ਸੁੱਖ ਦਾ ਸਾਹ ਆਇਆ, ਜਿਵੇਂ ਰਾਖਵੇਂ ਕੋਟੇ ‘ਚ ਵੱਡੀ ਨੌਕਰੀ ਮਿਲ ਗਈ ਹੋਵੇ। ਆਖਿਰ ਪਹਿਲੀ ਦਸੰਬਰ ਤੀਜੀ ਮੰਜ਼ਿਲ ਦਾ ਇਕ ਕਮਰਾ ਵਕਤੀ ਤੌਰ ‘ਤੇ ਸਾਡੀ ਛੱਤ ਬਣ ਗਿਆ। ਘਰੋਂ ਕੋਈ 4000 ਵਰਗ ਫੁੱਟ ਦੇ ਘਰ ਵਿਚੋਂ ਸਵੇਰ ਦੀ ਸੈਰ ਲਈ ਬਾਹਰ ਨਿਕਲਿਆਂ ਚੌਦਵੇਂ ਦਿਨ ਦੀ ਇਸ ਸ਼ਾਮ ਅਸੀਂ ਦੋਵੇਂ 8 ਜਰਬ 10 ਫੁੱਟ ਦੇ ਕਮਰੇ ਬਾਰੇ ਕਹਿ ਰਹੇ ਸਾਂ, “ਬਸ ਬੰਦੇ ਦੀ ਲੋੜ ਤਾਂ ਇੰਨੀ ਕੁ ਈ ਏ।” ਮੈਨੂੰ ਸਕੂਨ ਮਿਲਿਆ ਕਿ ਪ੍ਰਾਈਵੇਟ ਕਮਰੇ ‘ਚ ਹਰਵਿੰਦਰ ਨੂੰ ਕਿਸੇ ਨਾ ਕਿਸੇ ਵਕਤ ਅਰਾਮ ਦੀ ਸਹੂਲਤ ਤਾਂ ਮਿਲ ਗਈ। ਹਸਪਤਾਲ ਦਾ ਗਾਊਨ, ਹਸਪਤਾਲ ਦਾ ਹੀ ਸ਼ਡਿਊਲ, ਗਲ ‘ਚ ਪਿਆ ਪੇਸ਼ੈਂਟ ਟੈਗ ਤੇ ਬੈਡ ਨਾਲ ਜੁੜੀ ਫਾਈਲ, ਮੇਰੇ ਆਧਾਰ ਪਛਾਣ ਚਿੰਨ੍ਹ ਬਣ ਗਏ ਸਨ।
ਸਵੇਰੇ ਉਠੇ, ਹਰਵਿੰਦਰ ਨੇ ਮੇਰੀਆਂ ਸਾਰੀਆਂ ਕ੍ਰਿਆਵਾਂ ਸੁਚਾਰੂ ਕਰਾਈਆਂ, ਕਿਉਂਕਿ ਮੈਂ ਤਾਂ ਲੱਕੜ ਦੀ ਗੇਲੀ ਵਾਂਗ ਪਿਆ ਸਿਰਫ ਵਾਰਡ ਬੁਆਏ, ਸਟਰੈਚਰਾਂ ਦਾ ਮੁਥਾਜ ਸਾਂ। ਨਾਸ਼ਤੇ ਉਪਰੰਤ ਚਿੱਟੇ ਚੋਲਿਆਂ, ਕਾਲੀਆਂ ਸਟੈਥੋਸਕੋਪਾਂ ਦੀ ਟੀਮ ਤੇ ਨਾਲ ਡਾਇਰੀਆਂ ਫੜ੍ਹੀ ਕੁਝ ਸਿਖਾਂਦਰੂਆਂ ਦੀ ਟੀਮ ਕਮਰੇ ਵਿਚ ਦਾਖਿਲ ਹੋਈ। ਮੁੱਖ ਡਾਕਟਰ ਨੇ ਕਈ ਤਰ੍ਹਾਂ ਦੀ ਪੁੱਛਗਿੱਛ ਕਰਕੇ ਕੁਝ ਹਦਾਇਤਾਂ ਤੇ ਉਸ ਵਕਤ ਹੋਣ ਵਾਲੇ ਟੈਸਟਾਂ ਲਈ ਪੈਰਾ ਮੈਡੀਕਲ ਸਟਾਫ ਨੂੰ ਸੂਚਿਤ ਕੀਤਾ।
ਸਟਰੈਚਰ ਆਇਆ ਤੇ ਵਾਰੀ ਆ ਗਈ ਇਕ ਵਾਰ ਫਿਰ ਤੋਂ 206 ਹੱਡੀਆਂ ਦੇ ਢਾਂਚੇ ਨੂੰ ਸੂਖਮ ਟਿਸ਼ੂ ਪੱਧਰ ‘ਤੇ ਜਾਂਚਣ ਦੀ। ਮੈਨੂੰ ਅਲੱਗ ਤਰ੍ਹਾਂ ਦੇ ਧਾਤ ਰਹਿਤ ਵਸਤਰ ਪਹਿਨਾ ਕੇ ਮੇਰੀਆਂ ਰਗਾਂ ਵਿਚ ਰੇਡੀਓ ਆਈਸੋਟੋਪ ਇਨਜੈਕਟ ਕਰ ਦਿੱਤੇ ਗਏ। ਚੰਦ ਮਿੰਟਾਂ ਪਿਛੋਂ ਇਕ ਵਾਰ ਫਿਰ ਦੈਂਤ-ਨੁਮਾ ਮਸ਼ੀਨ ਉਤੇ ਬੈਲਟ ਨਾਲ ਬੰਨ੍ਹ ਦਿਤਾ ਗਿਆ ਅਤੇ ਮਸ਼ੀਨ ਚੱਲ ਪਈ। ਮਸ਼ੀਨ ਮੈਨੂੰ ਬੜੀ ਸਬਰ ਸੰਤੋਖ ਵਾਲੀ ਜਾਪੀ, ਕੋਈ ਕਾਹਲੀ ਨਹੀਂ, ਬੜੇ ਸਹਿਜ ਨਾਲ ਆਪਣੀ ਇਕ ਘੂਕਰ ਛੱਡੇ ਤੇ ਮੈਨੂੰ ਪੰਘੂੜੇ ‘ਚ ਪਏ ਬਾਲ ਵਾਂਗ ਇਕ ਤੋਂ ਦੂਜੇ ਪਾਸੇ ਵੱਲ ਝੁਟਾਵੇ। ਮਸ਼ੀਨ ਨੇ ਲੰਬਾ ਸਮਾਂ ਲਾ ਕੇ ਮੇਰੀਆਂ ਹੱਡੀਆਂ ਦੀਆਂ ਪਾਰਦਰਸ਼ੀ ਫੋਟੋਆਂ ਦੀ ਇਕ ਹੋਰ ਐਲਬਮ ਤਿਆਰ ਕਰ ਦਿੱਤੀ। ਇਹ ਸੀ ਮੇਰੀਆਂ ਹੱਡੀਆਂ ਦੀ ਬੋਨ ਸਕੈਨ ਰਿਪੋਰਟ। ਫਿਰ ਰੰਗਦਾਰ ਈਕੋਕਾਰਡੀਓਗ੍ਰਾਫੀ ਜਾਂਚ ਕੇਂਦਰ ਜਾ ਕੇ ਦਿਲ ਦੀ ਰਿਪੋਰਟ ਤਿਆਰ ਕੀਤੀ ਗਈ। ਇਨ੍ਹਾਂ ਜਾਂਚਾਂ ਨਾਲ ਇਸ ਦਿਨ ਦੀ ਖੱਟੀ-ਕਮਾਈ ਪੂਰੀ ਹੋਈ। ਇਸ ਦਿਨ ਤੱਕ ਇਕ ਸ਼ਡਿਊਲ ਬਣ ਚੁਕਾ ਸੀ। ਅਗਲੇ ਦਿਨ ਬੋਨ ਬਾਇਓਪਸੀ ਤੇ ਬੋਨਮੈਰੋ ਬਾਇਓਪਸੀ ਲਈ ਮੈਨੂੰ ਮਾਈਨਰ ਓæ ਟੀæ ਵਿਚ ਲੈ ਗਏ ਜਿਥੇ ਹੱਡੀ ਦਾ ਸੂਖਮ ਜਿਹਾ ਟੋਟਾ ਤੇ ਲੱਕ ਦੀ ਹੱਡੀ ਦੇ ਇਕ ਕੋਨੇ ਉਤੇ ਬਿਨਾ ਸੁੰਨ ਕੀਤਿਆਂ ਡਾਕਟਰ ਨੇ ਇਹ ਕਹਿ ਕੇ ਕਿ ਥੋੜ੍ਹਾ ਜਿਹਾ ਦਰਦ ਹੋਵੇਗਾ, ਇਕ ਡਰਿਲ ਚਲਾਈ ਜੋ ਮੇਰੀ ਹੱਡੀ ਨੂੰ ਚੀਰਦੀ ਜੀਵਨ-ਸਾਗਰ ਬੋਨਮੈਰੋ ਤੱਕ ਪਹੁੰਚ ਗਈ ਅਤੇ ਅੱਖ ਝਪਕਦੇ ਹੀ ਡਾਕਟਰ ਨੇ ਦੂਸਰੀ ਸਰਿੰਜ ਉਸ ਡਰਿਲ ਦੇ ਦਰਮਿਆਨ ਅੰਦਰ ਭੇਜ ਕੇ ਬੋਨਮੈਰੋ ਦੀ ਪਿਚਕਾਰੀ ਭਰ ਲਈ ਅਤੇ ਇਕ ਪੈਚ ਲਾ ਕੇ ਸਾਰੀਆਂ ਮੋਰੀਆਂ ਬੰਦ ਕਰ ਦਿੱਤੀਆਂ। ਇਨ੍ਹਾਂ ਦਿਨਾਂ ‘ਚ ਮੇਰੀਆਂ ਹੱਡੀਆਂ ਤੋਂ ਲੈ ਕੇ ਸੂਖਮ ਸੈਲਾਂ ਤੱਕ ਦੇ ਹਰ ਤਰ੍ਹਾਂ ਦੇ ਨਮੂਨੇ ਰਾਜੀਵ ਗਾਂਧੀ ਕੈਂਸਰ ਹਸਪਤਾਲ ਦੇ ਖੋਜ-ਕੇਂਦਰ ਵਿਚ ਖੋਜ-ਮੁੱਦਾ ਬਣ ਗਏ। ਇਕ-ਦੋ ਦਿਨ ‘ਚ ਰਿਪੋਰਟ ਤਿਆਰ ਹੋਣ ਦੀ ਉਮੀਦ ਦੱਸੀ ਗਈ।
(ਚਲਦਾ)