ਪੰਜਾਬ ਦੇ ਲੋੜਵੰਦਾਂ ਦੀ ਮਦਦ ਕਰ ਰਹੀ ਸੰਸਥਾ-ਫਰੈਂਡਜ਼ ਆਫ ਪੰਜਾਬ ਫਾਊਂਡੇਸ਼ਨ

ਸ਼ਿਕਾਗੋ (ਬਿਊਰੋ): ਪਰਵਾਸੀ ਪੰਜਾਬੀਆਂ ਦੀ ਅਮਰੀਕਾ ਆਧਾਰਤ ਸਮਾਜ ਸੇਵੀ ਸੰਸਥਾ ਫਰੈਂਡਜ਼ ਆਫ ਪੰਜਾਬ ਫਾਊਂਡੇਸ਼ਨ ਵਲੋਂ Ḕਮੇਰਾ ਪਿੰਡḔ ਪ੍ਰਾਜੈਕਟ ਵਿੱਢਿਆ ਗਿਆ ਹੈ ਜਿਸ ਤਹਿਤ ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਲੋੜਵੰਦ ਲੋਕਾਂ ਦੀ ਮਾਲੀ ਤੇ ਇਖਲਾਕੀ ਮਦਦ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪਰਦੇਸੀਂ ਵੱਸਦੇ ਪੰਜਾਬੀਆਂ ਨੂੰ ਪਿੰਡ ਵਿਚ ਗੁਜ਼ਾਰਿਆ ਆਪਣਾ ਬਚਪਨ ਵੀ ਚੇਤੇ ਆ ਜਾਂਦਾ ਹੈ। ਸੰਸਥਾ ਦੇ ਬਾਨੀ ਤੇ ਕਰਤਾਧਰਤਾ ਸ਼ਿਕਾਗੋ ਵਾਸੀ ਬਿਜਨਸਮੈਨ ਭੁਪਿੰਦਰ (ਬਾਬ) ਸਿੰਘ ਹੁੰਦਲ ਨਾਲ ਪਿਛਲੇ ਦਿਨੀਂ ਇਕ ਮੁਲਾਕਾਤ ਵਿਚ ਇਸ ਸੰਸਥਾ ਸਬੰਧੀ ਕੁਝ ਗੱਲਾਂ ਬਾਤਾਂ ਹੋਈਆਂ, ਜੋ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ:

ਹੁੰਦਲ ਸਾਹਿਬ, ਫਰੈਂਡਜ਼ ਆਫ ਪੰਜਾਬ ਫਾਊਂਡੇਸ਼ਨ ਬਾਰੇ ਕੁਝ ਜਾਣਕਾਰੀ ਦਿਓ?
-ਇਹ ਸੰਸਥਾ ਪਰਵਾਸੀ ਭਾਰਤੀਆਂ ਅਤੇ ਪੰਜਾਬ ਵਸਦੇ ਪੰਜਾਬੀਆਂ ਦੇ ਹਿਤੈਸ਼ੀਆਂ ਦੀ ਇਕ ਗੈਰ ਮੁਨਾਫਾ ਸੰਸਥਾ ਹੈ। ਇਸ ਦਾ ਮਿਸ਼ਨ ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਗਰੀਬ ਲੋਕਾਂ ਦੀ ਇੱਜਤ ਮਾਣ ਵਾਲੀ ਜ਼ਿੰਦਗੀ ਜਿਉਣ ਵਿਚ ਮਦਦ ਕਰਨਾ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਪੂਰੀ ਕਰਨ ਦੇ ਸੁਪਨੇ ਪੂਰੇ ਕਰਨ ਲਈ ਮਦਦ ਦੇਣਾ ਹੈ।
ਇਹ ਸੰਸਥਾ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਕੀ ਕਰ ਰਹੀ ਹੈ?
-ਆਪਣੇ ਪੰਜਾਬ ਪ੍ਰਤੀ ਸੁਹਿਰਦ ਪਰਵਾਸੀ ਪੰਜਾਬੀ ਆਪਣੇ ਪਿੰਡ (ਮੇਰਾ ਪਿੰਡ) ਨੂੰ ਅਪਨਾ ਕੇ ਪਿੰਡ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਨ। ਉਹ ਪਿੰਡ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਉਚੇਰੀ ਸਿੱਖਿਆ ਲਈ ਵਿੱਤੀ ਮਦਦ ਕਰਦੇ ਹਨ। ਗਰੀਬ ਵਿਧਵਾ ਔਰਤਾਂ, ਅੰਗਹੀਣਾਂ ਅਤੇ ਔਲਾਦਹੀਣ ਬਜੁਰਗਾਂ ਨੂੰ 500 ਰੁਪਏ ਮਹੀਨਾ ਦੇ ਕੇ ਉਨ੍ਹਾਂ ਦੀ ਵਿੱਤੀ ਮਦਦ ਕਰਦੇ ਹਨ।
ਤੁਸੀਂ ਸਹੀ ਲੋੜਵੰਦਾਂ ਦੀ ਚੋਣ ਕਿਸ ਤਰ੍ਹਾਂ ਕਰਦੇ ਹੋ ਤੇ ਉਨ੍ਹਾਂ ਨੂੰ ਵਿੱਤੀ ਮਦਦ ਕਿਸ ਆਧਾਰ ‘ਤੇ ਦਿੰਦੇ ਹੋ?
-ਸ਼ੁਰੂ ਵਿਚ ਪਿੰਡ ਦੇ ਵੱਧ ਤੋਂ ਵੱਧ ਲੋਕਾਂ ਨੂੰ ਚਾਹ-ਪਾਣੀ ‘ਤੇ ਇਕੱਠੇ ਕਰਦੇ ਹਾਂ। ਪਿੰਡ ਦੇ ਪੁਰਾਣੇ ਵੇਲਿਆਂ ਦੀਆਂ ਅਤੇ ਹੁਣ ਪਿੰਡ ਦੇ ਲੋਕਾਂ ਦੀ ਰਾਜੀ ਖੁਸ਼ੀ ਦੀਆਂ ਗੱਲਾਂ ਹੁੰਦੀਆਂ ਹਨ। ਉਸ ਪਿਛੋਂ ਆਪਣੇ ਪਿੰਡ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੇ ਦਾਨੀ/ਦਾਨੀਆਂ ਦੀ ਇੱਛਾ ਬਾਰੇ ਗੱਲਬਾਤ ਹੁੰਦੀ ਹੈ। ਇਸ ਖਾਤਰ ਸਿਰਫ ਬੇਜਮੀਨੇ ਤੇ ਘੱਟ ਜਮੀਨ (ਦੋ ਏਕੜ ਜਾਂ ਇਸ ਤੋਂ ਘੱਟ) ਵਾਲੇ ਪਰਿਵਾਰਾਂ, ਜਿਨ੍ਹਾਂ ਕੋਲ ਆਮਦਨ ਦਾ ਕੋਈ ਹੋਰ ਵਸੀਲਾ ਨਹੀਂ ਹੁੰਦਾ, ਬਾਰੇ ਮੀਟਿੰਗ ਵਿਚ ਪਹੁੰਚੇ ਸੱਜਣਾਂ ਦੀ ਮਦਦ ਨਾਲ ਫੈਸਲਾ ਲਿਆ ਜਾਂਦਾ ਹੈ। ਉਚੇਰੀ ਸਿੱਖਿਆ ਦੇ ਚਾਹਵਾਨ ਬੱਚਿਆਂ, ਵਿਧਵਾਵਾਂ, ਅੰਗਹੀਣਾਂ ਅਤੇ ਬੇਔਲਾਦ ਬਜੁਰਗਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ। ਚੁਣੇ ਗਏ ਹਰ ਲਾਭਪਾਤਰੀ ਦਾ ਪਿੰਡ ਦੇ ਬੈਂਕ ਵਿਚ ਖਾਤਾ ਹੋਣਾ ਜਰੂਰੀ ਹੈ। ਵਿੱਤੀ ਮਦਦ ਦਾਨੀ ਵਲੋਂ ਲਾਭਪਾਤਰੀ ਦੇ ਖਾਤੇ ਵਿਚ ਸਿੱਧੀ ਜਮ੍ਹਾ ਕਰਵਾਈ ਜਾਂਦੀ ਹੈ। ਇਸ ਸੂਚੀ ਵਿਚ ਅਦਲ-ਬਦਲ ਸਾਲ ਵਿਚ ਇਕ ਜਾਂ ਦੋ ਵਾਰ ਕੀਤਾ ਜਾਂਦਾ ਹੈ।
ਕੀ ਫਰੈਂਡਜ਼ ਆਫ ਪੰਜਾਬ ਫਾਊਂਡੇਸ਼ਨ ਲੋਕਾਂ ਤੋਂ ਪੈਸਾ ਇਕੱਠਾ ਕਰਦੀ ਹੈ? ਲੋੜਵੰਦਾਂ ਦੀ ਮਦਦ ਕਿਸ ਤਰ੍ਹਾਂ ਕਰਦੀ ਹੈ?
-ਫਾਊਂਡੇਸ਼ਨ ਕਿਸੇ ਤੋਂ ਪੈਸਾ ਨਹੀਂ ਉਗਰਾਹੁੰਦੀ ਅਤੇ ਨਾ ਹੀ ਵਿੱਤੀ ਦਾਨ ਵਸੂਲ ਕਰਦੀ ਹੈ। ਬਹੁਤ ਸਾਰੇ ਪਰਵਾਸੀ ਪੰਜਾਬੀਆਂ ਨੇ ਆਪਣੇ ਬਚਪਨ ਦੇ ਪਿੰਡ ਦੇ ਗਰੀਬ ਲੋਕਾਂ ਦੀ ਮਦਦ ਕੀਤੀ ਹੈ ਜਾਂ ਕਰਨੀ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਹਮੇਸ਼ਾ ਹੀ ਇਹ ਸਵਾਲ ਰਿਹਾ ਹੈ ਕਿ ਕੀ ਜੋ ਮਦਦ ਉਹ ਦੇ ਰਹੇ ਹਨ, ਸਹੀ ਲੋਕਾਂ ਤੱਕ ਪਹੁੰਚਦੀ ਹੈ? ਇਸ ਤੋਂ ਪਰਵਾਸੀਆਂ ਨੂੰ ਆਪਣੇ ਚੇਤਿਆਂ ਦੇ Ḕਮੇਰਾ ਪਿੰਡḔ ਨੂੰ ਅਪਨਾਉਣ ਲਈ ਉਤਸ਼ਾਹ ਮਿਲਦਾ ਹੈ ਅਤੇ ਉਹ ਲੋੜਵੰਦਾਂ ਨੂੰ ਸਿੱਧੀ ਮਦਦ ਭੇਜ ਸਕਦੇ ਹਨ। ਫਾਊਂਡੇਸ਼ਨ ਚਾਹਵਾਨ ਪਰਵਾਸੀਆਂ ਦੀ ਅਪਨਾਏ ਗਏ ਪਿੰਡ ਦੇ ਲੋਕਾਂ ਦੀ ਮਦਦ ਲਈ ਅਗਵਾਨੀ ਕਰਦੀ ਹੈ ਅਤੇ ਹੋਰਨਾਂ ਨੂੰ ਦੱਸਦੀ ਹੈ ਕਿ ਕਿਵੇਂ ਅਤੇ ਕੀ ਕਰਨਾ ਹੈ?
ਫਾਊਂਡੇਸ਼ਨ ਦੇ ਇਤਿਹਾਸ ਅਤੇ ਇਸ ਵਲੋਂ ਕੀਤੀ ਗਈ ਪ੍ਰਗਤੀ ਬਾਰੇ ਕੁਝ ਦੱਸੋਗੇ?
-ਪਹਿਲਾ ਪਿੰਡ 2015 ਵਿਚ ਅਪਨਾਇਆ ਗਿਆ ਸੀ। ਮਾਡਲ ਦੀ ਪ੍ਰੀਖਿਆ ਕਰਕੇ ਗਲਤੀਆਂ ਸੋਧਣ ਅਤੇ ਇਸ ਵਿਚ ਹੋਰ ਸੁਧਾਰ ਕਰਨ ਪਿਛੋਂ ਇਹ ਮਾਡਲ 2017 ਵਿਚ ਪਰਵਾਸੀ ਭਾਰਤੀਆਂ ਦੇ ਸਨਮੁਖ ਕੀਤਾ ਗਿਆ। ਇਸ ਸਮੇਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ 32 ਪਿੰਡ ਇਸ ਪ੍ਰਾਜੈਕਟ ਹੇਠ ਹਨ ਜਾਂ ਪਰਵਾਸੀ ਉਨ੍ਹਾਂ ਨੂੰ ਅਪਨਾ ਚੁਕੇ ਹਨ।
ਕੀ ਫਾਊਂਡੇਸ਼ਨ ਦਾ ਹੋਰਨਾਂ ਗੈਰਸਰਕਾਰੀ ਸੰਸਥਾਵਾਂ ਨਾਲ ਵੀ ਕੋਈ ਗਠਜੋੜ ਹੈ?
-ਹਾਂ, ਇਨ੍ਹਾਂ ਵਿਚੋਂ ਇਕ ਭਾਈ ਜੈਤਾ ਜੀ ਫਾਊਂਡੇਸ਼ਨ ਹੈ ਜੋ ਪੰਜਾਬ ਦੇ ਗਰੀਬ ਪਰਿਵਾਰਾਂ ਦੇ 10ਵੀਂ ਜਮਾਤ ਦੇ 30 ਹੁਸ਼ਿਆਰ ਬੱਚਿਆਂ ਨੂੰ ਚੁਣ ਕੇ ਚੰਡੀਗੜ੍ਹ ਲਿਆਉਂਦੀ ਹੈ, ਫੀਸ ਵਗੈਰਾ ਦਿੰਦੀ ਹੈ ਅਤੇ ਮੈਡੀਕਲ ਸਕੂਲਾਂ, ਆਈæ ਆਈæ ਟੀæ ਆਦਿ ਭਾਰਤ ਦੀਆਂ ਨਾਮੀ ਸਿੱਖਿਆ ਸੰਸਥਾਵਾਂ ਵਿਚ ਦਾਖਲੇ ਲਈ ਤਿਆਰੀ ਕਰਾਉਂਦੀ ਹੈ। ਇਹ ਸਭ ਕੁਝ ਮਾਪਿਆਂ ਉਤੇ ਕੋਈ ਭਾਰ ਪਾਏ ਬਿਨਾ ਕਰਦੀ ਹੈ।
ਦੂਜੀ ਸੰਸਥਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਹੈ, ਜੋ ਘੱਟ ਗਿਣਤੀ ਵਿਦਿਆਰਥੀਆਂ ਦੀ ਵਜੀਫੇ ਪ੍ਰਾਪਤ ਕਰਨ ਵਿਚ ਮਦਦ ਕਰਦੀ ਹੈ। ਇਨ੍ਹਾਂ ਦੋਹਾਂ ਸੰਸਥਾਵਾਂ ਦਾ ਮਕਸਦ ਫਰੈਂਡਜ਼ ਆਫ ਪੰਜਾਬ ਫਾਊਂਡੇਸ਼ਨ ਦੇ ਮਿਸ਼ਨ ਨਾਲ ਪੂਰਾ ਮੇਲ ਖਾਂਦਾ ਹੈ।
ਫਾਊਂਡੇਸ਼ਨ ਮਿਆਰੀ ਸਿੱਖਿਆ, ਖਾਸ ਕਰ ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਹਾਸਲ ਕਰਨ ਵਿਚ ਕਿਵੇਂ ਮਦਦ ਕਰਦੀ ਹੈ?
-ਫਾਊਂਡੇਸ਼ਨ ਦੇ ਸਹਿਯੋਗੀ Ḕਸਮਾਰਟ ਕਲਾਸ ਰੂਮḔ ਸੰਕਲਪ ਦੀ ਮਾਲੀ ਮਦਦ ਕਰ ਰਹੇ ਹਨ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸਿਲੇਬਸ ਦਾ ਕੁਝ ਹਿੱਸਾ ਟੱਚ ਸਕਰੀਨ ਟੈਬਲੇਟ ਵਿਚ ਲੋਡ ਕੀਤਾ ਜਾਂਦਾ ਹੈ। ਇਸ ਨਿਵੇਕਲੇ ਯਤਨ ਤੋਂ ਪ੍ਰਭਾਵਿਤ ਹੋ ਕੇ ਬੱਚੇ ਨਵੀਂ ਤਕਨਾਲੋਜੀ ਸਿੱਖਣ ਲਈ ਸਕੂਲ ਬੜੇ ਚਾਅ ਨਾਲ ਪਹੁੰਚਦੇ ਹਨ। ਇਸ ਯਤਨ ਨੂੰ ਹੁੰਗਾਰਾ ਬਹੁਤ ਹੀ ਵਧੀਆ ਮਿਲ ਰਿਹਾ ਹੈ ਅਤੇ ਖਰਚਾ (ਇਕ ਵਾਰ ਦਾ 18,000 ਰੁਪਏ ਜਾਂ 275 ਡਾਲਰ) ਵੀ ਕੋਈ ਬਹੁਤਾ ਨਹੀਂ।
ਅਸਲ ਜ਼ਿੰਦਗੀ ਵਿਚੋਂ ਕੋਈ ਖਾਸ ਵਾਰਤਾ?
-ਗਰੀਬ ਪਰਿਵਾਰ ਦੀ ਇਕ ਹੋਣਹਾਰ ਲੜਕੀ, ਜਿਸ ਨੇ ਅਜੇ ਪਲੱਸ ਟੂ ਖਤਮ ਕੀਤੀ ਸੀ, ਦੇ ਮਾਪੇ ਉਸ ਨੂੰ ਅੱਗੋਂ ਪੜ੍ਹਾਉਣ ਦੀ ਥਾਂ ਉਸ ਤੋਂ ਖੇਤ ਮਜਦੂਰੀ ਕਰਵਾਉਣੀ ਚਾਹੁੰਦੇ ਸਨ। ਫਾਊਂਡੇਸ਼ਨ ਦੇ ਇਕ ਪਰਵਾਸੀ ਸਹਿਯੋਗੀ ਦੀ ਮਦਦ ਨਾਲ ਉਹ ਲੜਕੀ ਐਮæ ਏæ ਦੀ ਪੜ੍ਹਾਈ ਬਹੁਤ ਚੰਗੇ ਨੰਬਰਾਂ ਨਾਲ ਪੂਰੀ ਕਰ ਰਹੀ ਹੈ।
ਇਸੇ ਤਰ੍ਹਾਂ ਇਕ ਅਧੇੜ ਉਮਰ ਦੀ ਬੇਜਮੀਨੀ ਵਿਧਵਾ ਦੀ ਕਹਾਣੀ ਹੈ, ਜਿਸ ਦੇ ਦੋ ਅੰਗਹੀਣ ਬੱਚੇ ਹਨ। ਫਾਊਂਡੇਸ਼ਨ ਦੇ ਇਕ ਸਹਿਯੋਗੀ ਵਲੋਂ ਇਕ ਹਜ਼ਾਰ ਰੁਪਏ ਮਹੀਨੇ ਦੀ ਮਦਦ ਨਾਲ ਉਸ ਦਾ ਸਾਹ ਕੁਝ ਸੌਖਾ ਹੋਇਆ ਹੈ।
ਇਕ ਛੋਟੇ ਕਿਸਾਨ ਦੀ ਵਿਧਵਾ ਪਤਨੀ, ਜੋ ਕਿ ਕੁਝ ਸਾਲ ਪਹਿਲਾਂ ਪੋਲੀਓ ਦਾ ਹਮਲਾ ਹੋਣ ਕਰਕੇ ਅਪਾਹਜ ਹੋ ਗਈ ਸੀ, ਆਪਣੇ ਦੋ ਬੱਚਿਆਂ ਨੂੰ ਪਾਲਣ ਅਤੇ ਉਨ੍ਹਾਂ ਨੂੰ ਪੜ੍ਹਾਉਣ ਲਈ ਜੱਦੋਜਹਿਦ ਕਰ ਰਹੀ ਸੀ। ਉਸ ਦੀ ਵੀ ਇਕ ਧੀ ਨੌਂਵੀਂ ਜਮਾਤ ਵਿਚ ਫਸਟ ਆਈ ਸੀ। ਫਾਊਂਡੇਸ਼ਨ ਦੇ ਇਕ ਸਹਿਯੋਗੀ ਦੀ ਮਦਦ ਤੋਂ ਬਿਨਾ ਉਹ ਸੋਚ ਵੀ ਨਹੀਂ ਸੀ ਸਕਦੀ ਕਿ ਉਸ ਦੀ ਧੀ ਅਗਲੇਰੀ ਪੜ੍ਹਾਈ ਕਰ ਸਕੇਗੀ। ਉਸ ਨੂੰ ਵੀ ਵਿੱਤੀ ਮਦਦ ਮਿਲ ਰਹੀ ਹੈ।
ਛੇ ਫੁੱਟਾ ਇਕ ਵਿਆਹਿਆ ਨੌਜਵਾਨ, ਜਿਸ ਪਾਸ ਕੋਈ ਜਮੀਨ ਨਹੀਂ ਅਤੇ ਉਹ ਦੋ ਬੱਚਿਆਂ ਦਾ ਬਾਪ ਹੈ, ਕੁਝ ਸਾਲ ਪਹਿਲਾਂ ਲੱਤ ਨੂੰ ਸੱਟ ਲੱਗ ਜਾਣ ਕਰਕੇ ਵੱਡੀ ਮੁਸੀਬਤ ਵਿਚ ਹੈ। ਉਸ ਦੀ ਲੱਤ ਸੁੱਜੀ ਹੋਈ ਹੈ ਤੇ ਖੂਨ ਵਹਿੰਦਾ ਰਹਿੰਦਾ ਹੈ। ਕੋਈ ਭਾਰਾ ਕੰਮ ਨਹੀਂ ਕਰ ਸਕਦਾ ਅਤੇ ਉਸ ਪਾਸ ਮਹਿੰਗੇ ਭਾਅ ਸਰਜਰੀ ਕਰਾਉਣ ਲਈ ਪੈਸਾ ਵੀ ਨਹੀਂ ਹੈ। ਇਸ ਮਾਮਲੇ ਵਿਚ ਵੀ ਫਾਊਂਡੇਸ਼ਨ ਦਾ ਇਕ ਸਹਿਯੋਗੀ ਮਦਦ ਕਰ ਰਿਹਾ ਹੈ।
ਗਰੀਬ ਪਰਿਵਾਰਾਂ ਦੇ ਨੇਤਰਹੀਣ ਬੱਚਿਆਂ ਦਾ ਇਕ ਗੈਰ ਮੁਨਾਫਾ ਸਕੂਲ ਦੋ ਅਧਿਆਪਕਾਂ ਦੀ ਤਨਖਾਹ ਦੇਣ ਵਿਚ ਬੜੀ ਔਖ ਵਿਚ ਲੰਘ ਰਿਹਾ ਸੀ। ਹੁਣ ਫਾਊਂਡੇਸ਼ਨ ਦਾ ਇਕ ਸਹਿਯੋਗੀ ਉਨ੍ਹਾਂ ਦੋਹਾਂ ਅਧਿਆਪਕਾਂ ਦੀ ਤਨਖਾਹ ਦੇ ਰਿਹਾ ਹੈ।
ਸੰਸਥਾ ਵਲੋਂ ਕੀਤੇ ਜਾ ਰਹੇ ਕੰਮ ਜਾਂ ਇਸ ਦੀਆਂ ਯੋਜਨਾਵਾਂ ਬਾਰੇ ਕੋਈ ਖਾਸ ਗੱਲਾਂ?
-ਉਚੇਰੀ ਸਿੱਖਿਆ ਹਾਸਲ ਕਰ ਰਹੇ ਜਿਹੜੇ ਬੱਚਿਆਂ ਦੀ ਪੜ੍ਹਾਈ ਪੂਰੀ ਕਰਨ ਵਿਚ ਫਾਊਂਡੇਸ਼ਨ ਮਦਦ ਕਰਦੀ ਹੈ, ਉਹ ਬਦਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਹਰ ਐਤਵਾਰ ਡੇਢ ਘੰਟਾ ਹਿਸਾਬ ਅਤੇ ਅੰਗਰੇਜ਼ੀ ਪੜ੍ਹਾਉਂਦੇ ਹਨ।
ਵਿਦਿਆਰਥੀਆਂ ਸਮੇਤ ਫਾਊਂਡੇਸ਼ਨ ਤੋਂ ਮਦਦ ਲੈ ਰਿਹਾ ਕੋਈ ਬੰਦਾ ਨਸ਼ਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਦਿੱਤੀ ਜਾ ਰਹੀ ਮਦਦ ਬੰਦ ਕਰ ਦਿੱਤੀ ਜਾਂਦੀ ਹੈ।
ਉਚੇਰੀ ਸਿੱਖਿਆ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਮ ਪੜ੍ਹਾਈ ਕਰਨ ਦੀ ਥਾਂ ਪੇਸ਼ੇਵਰ ਤਕਨੀਕੀ ਟਰੇਨਿੰਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਕੁਝ ਪਿੰਡਾਂ ਦੇ ਜੁੱਟ ਲਈ ਮੈਡੀਕਲ ਸੇਵਾਵਾਂ ਦਾ ਪ੍ਰਾਜੈਕਟ ਵਿਚਾਰ ਅਧੀਨ ਹੈ। ਇਸ ਪ੍ਰਾਜੈਕਟ ਅਧੀਨ ਰਜਿਸਟਰਡ ਮੈਡੀਕਲ ਅਮਲੇ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਕਿਸੇ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਮਹੀਨੇ ਵਿਚ ਘੱਟੋ ਘੱਟ ਦੋ ਦਿਨ ਮੈਡੀਕਲ ਸੇਵਾਵਾਂ ਦੇ ਸਕਦੇ ਹੋਣ।
ਖੇਡਾਂ, ਡੇਅਰੀ, ਮੈਡੀਕਲ ਅਤੇ ਬਦਲਵੀਂ ਖੇਤੀ ਜਿਹੇ ਵੱਖ ਵੱਖ ਖੇਤਰਾਂ ਦੇ ਰਿਟਾਇਰ ਹੋਏ ਮਾਹਰ ਸਭ ਪੇਂਡੂਆਂ ਨੂੰ ਆਪਣੀ ਮੁਹਾਰਤ ਮੁਫਤ ਮੁਹੱਈਆ ਕਰਨ ਲਈ ਫਰੈਂਡਜ਼ ਆਫ ਪੰਜਾਬ ਫਾਊਂਡੇਸ਼ਨ ਦੇ ਸਹਿਯੋਗੀ ਬਣ ਰਹੇ ਹਨ।
ਚਾਹਵਾਨ ਪਰਵਾਸੀਆਂ ਨੂੰ ਕਿਹੜੇ ਉਪਰਾਲੇ ਕਰਨੇ ਚਾਹੀਦੇ ਹਨ?
-ਸਭ ਤੋਂ ਪਹਿਲਾਂ ਤਾਂ ਉਹ ਇਹ ਨਿਰਣਾ ਲੈਣ ਕਿ ਉਹ ਸਾਲ ਵਿਚ ਕਿੰਨੀ ਵਿੱਤੀ ਮਦਦ ਸੌਖਿਆਂ ਦੇ ਸਕਦੇ ਹਨ। ਕੋਈ ਵੀ ਰਕਮ ਛੋਟੀ ਨਹੀਂ ਹੈ। ਇਸ ਸਮੇਂ ਵਿੱਤੀ ਮਦਦ ਦੇ ਵਾਅਦੇ ਇਕ ਹਜ਼ਾਰ ਡਾਲਰ ਤੋਂ ਦਸ ਹਜ਼ਾਰ ਡਾਲਰ ਤੱਕ ਦੇ ਹਨ।
ਦੂਜਾ, ਇਹ ਫੈਸਲਾ ਕਰਨ ਕਿ ਉਹ ਸਿੱਖਿਆ, ਵਿਧਵਾ, ਅੰਗਹੀਣਾਂ ਜਾਂ ਬਜੁਰਗਾਂ ਦੀ ਮਦਦ ਵਿਚੋਂ ਕਿਸ ਨੂੰ ਪਹਿਲ ਦੇਣਾ ਚਾਹੁੰਦੇ ਹਨ।
ਤੀਜਾ, ਇਸ ਉਤਮ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਾਡੇ ਨਾਲ ਸੰਪਰਕ ਕਰਨ।
ਕੀ ਫਰੈਂਡਜ਼ ਆਫ ਪੰਜਾਬ ਫਾਊਂਡੇਸ਼ਨ ਬਾਰੇ ਜਾਣਕਾਰੀ ਵੈਬਸਾਈਟ ‘ਤੇ ਵੀ ਉਪਲਬਧ ਹੈ?
-ਹਾਂ, ਵੈਬਸਾਈਟ ੱੱੱ।ਾਰਇਨਦਸਾਪੁਨਜਅਬੁਨਦਅਟਿਨ।ੋਰਗ ਅਤੇ ਫਾਊਂਡੇਸ਼ਨ ਦੇ ਫੇਸਬੁੱਕ ਤੋਂ ਹਰ ਜਾਣਕਾਰੀ ਮਿਲ ਸਕਦੀ ਹੈ।
ਹੋਰ ਕਿਸੇ ਵੀ ਜਾਣਕਾਰੀ ਲਈ ਭੁਪਿੰਦਰ ਸਿੰਘ ਹੁੰਦਲ ਨਾਲ ਫੋਨ: 630-802-2179 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।