ਅੱਥਰੂ-ਅਰਦਾਸ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਬੰਦੇ ਸਿਰ ਮਾਪਿਆਂ ਦੇ ਓਟ ਆਸਰੇ ਦੀ ਗੱਲ ਕਰਦਿਆਂ ਕਿਹਾ ਸੀ, “ਮਾਪਿਆਂ ਦੀ ਛਾਂ ਹੇਠ ਤੁਰਨ ਵਾਲੇ ਅਤੇ

ਇਸ ਛਾਂ ਨੂੰ ਆਪਣੇ ਅੰਤਰੀਵ ਵਿਚ ਸਮਾਉਣ ਵਾਲੇ ਲੋਕ ਹੀ ਛਾਂ ਦੀ ਅਹਿਮੀਅਤ ਨੂੰ ਸਮਝ ਸਕਦੇ।” ਹਥਲੇ ਲੇਖ ਵਿਚ ਡਾæ ਭੰਡਾਲ ਨੇ ਅੱਥਰੂਆਂ ਯਾਨਿ ਹੰਝੂਆਂ ਦੀ ਤਾਸੀਰ ਬਿਆਨੀ ਹੈ। ਉਹ ਕਹਿੰਦੇ ਹਨ, “ਅੱਥਰੂ, ਖਾਰਾ ਪਾਣੀ, ਅੱਖਾਂ ਨੂੰ ਧੋਂਦਾ, ਨੈਣ-ਜੂਹ ਵਿਚ ਤਰਲਤਾ ਧਰਦਾ ਅਤੇ ਇਸ ਵਿਚੋਂ ਮੂਕ ਨਕਸ਼ਾਂ ਦੀ ਨਿਸ਼ਾਨਦੇਹੀ ਕਰਦਾ।æææਅੱਥਰੂ, ਕਦੇ ਖੁਸ਼ੀ ਦਾ ਰੰਗ ਲੈ ਕੇ ਆਵੇ ਅਤੇ ਕਦੇ ਮਾਯੂਸੀ ਦਾ ਆਲਮ ਉਪਜਾਵੇ। ਕਦੇ ਮਨ-ਤਹਿਆਂ ਵਿਚ ਤਰੰਗਤਾ ਭਰ ਜਾਵੇ ਅਤੇ ਕਦੇ ਮਾਨਸਿਕ ਸੰਵੇਦਨਾ ਵਿਚ ਚੁੱਪ ਦੀ ਡਫਲੀ ਵਜਾਵੇ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਅੱਥਰੂ, ਮੂਕ ਭਾਵਨਾਵਾਂ ਦਾ ਦੀਦਿਆਂ ਥੀਂ ਵਹਿਣਾ, ਅਬੋਲ ਰਹਿ ਕੇ ਬਹੁਤ ਕੁਝ ਕਹਿਣਾ, ਦਰਦ ਨੂੰ ਅੰਤਰੀਵ ‘ਚ ਸਹਿਣਾ ਅਤੇ ਦਰਦ-ਗੰਗਾ ਦੇ ਵਹਿਣਾਂ ਵਿਚ ਵਹਿਣਾ।
ਅੱਥਰੂ, ਬਿਨ-ਅਵਾਜ਼, ਬਿਨ-ਆਹਟ, ਬਿਨ-ਸ਼ੋਰ, ਬਿਨ-ਪੈੜਚਾਲ ਅਤੇ ਬਿਨ-ਦਸਤਕ ਨੈਣਾਂ ਦਾ ਦਰ ਖੋਲ੍ਹਦੇ ਅਤੇ ਦਰਦ-ਕਹਾਣੀ ਦੇ ਚੀਥੜੇ ਫਰੋਲਦੇ।
ਅੱਥਰੂ, ਖਾਰਾ ਪਾਣੀ, ਅੱਖਾਂ ਨੂੰ ਧੋਂਦਾ, ਨੈਣ-ਜੂਹ ਵਿਚ ਤਰਲਤਾ ਧਰਦਾ ਅਤੇ ਇਸ ਵਿਚੋਂ ਮੂਕ ਨਕਸ਼ਾਂ ਦੀ ਨਿਸ਼ਾਨਦੇਹੀ ਕਰਦਾ।
ਅੱਥਰੂ, ਸੂਖਮ ਭਾਵਨਾਵਾਂ ‘ਤੇ ਵੱਜੀ ਸੱਟ ਦਾ ਨਿਸ਼ਾਨ, ਸੰਵੇਦਨਾ ਨੂੰ ਝੰਜੋੜਦਾ ਫੁਰਮਾਨ। ਮੂਕ ਸੋਚ-ਸਾਹ ਨੂੰ ਮਿਲੀ ਪਰਵਾਜ਼ ਅਤੇ ਸਵੈ-ਪ੍ਰਗਟਾਵੇ ਦਾ ਨਿਵੇਕਲਾ ਅੰਦਾਜ਼।
ਅੱਥਰੂ, ਕਈ ਪਰਤਾਂ ਵਿਚ ਮਨੁੱਖੀ ਸੰਵੇਦਨਾ ਨੂੰ ਹੰਗਾਲਦੇ। ਮਨ-ਮੰਦਿਰ ਦੀ ਜੂਹ ‘ਤੇ ਸਤਰੰਗੀ ਦਾ ਨਾਮਕਰਨ ਬਣ, ਮਨੁੱਖ ਨੂੰ ਪ੍ਰਭਾਸ਼ਿਤ ਕਰਦੇ।
ਅੱਥਰੂ, ਮਨ ਦਾ ਹਲਕਾ ਹੋਣ, ਮਾਨਸਿਕ ਬੋਝ ਤੋਂ ਛੁਟਕਾਰਾ। ਅੱਥਰੂ ਨਾ ਆਉਣ ਤਾਂ ਗਮ ਦਾ ਗੋਲਾ ਮਨੁੱਖੀ ਮੌਤ ਦਾ ਪੈਗਾਮ ਬਣਦਾ।
ਅੱਥਰੂਆਂ ਦੀਆਂ ਤਿੰਨ ਕਿਸਮਾਂ ਅਤੇ ਵੱਖੋ ਵੱਖ ਰਸਾਇਣਕ ਬਣਤਰ। ਇਕ ਅੱਥਰੂ ਖੁਸ਼ੀ ਜਾਂ ਗਮ ਦੇ, ਦੂਸਰੇ ਅੱਥਰੂ ਧੂੰਆਂ, ਗੈਸ, ਪਿਆਜ਼ ਆਦਿ ਦੀ ਗੰਧ ਕਾਰਨ ਪੈਦਾ ਹੋਣ ਵਾਲੇ ਅਤੇ ਤੀਸਰੇ ਅੱਖ ਵਿਚ ਕੁਝ ਪੈਣ ਕਾਰਨ, ਅੱਖ ‘ਤੇ ਮਾਰੇ ਘਸੁੰਨ/ਮੁੱਕੇ ਜਾਂ ਸੱਟ ਲੱਗਣ ਕਾਰਨ ਰਿੱਸਦੇ।
ਅੱਥਰੂ, ਮਾਨਸਿਕ ਸਿਹਤ ਅਤੇ ਅੱਖਾਂ ਦੀ ਸਿਹਤਯਾਬੀ ਲਈ ਜਰੂਰੀ। ਇਸੇ ਲਈ ਖੁਸ਼ਕ ਅੱਖਾਂ ਲਈ ਡਾਕਟਰਾਂ ਵਲੋਂ ਨਕਲੀ ਅੱਥਰੂਆਂ ਦਾ ਦਾਰੂ ਦਿੱਤਾ ਜਾਂਦਾ ਤਾਂ ਜੋ ਅੱਖਾਂ ਤਰ ਰਹਿਣ। ਜ਼ਿਆਦਾ ਭਾਵੁਕ ਹੋਣ ਕਾਰਨ ਔਰਤਾਂ, ਮਰਦਾਂ ਨਾਲੋਂ ਜਲਦੀ ਅਤੇ ਜ਼ਿਆਦਾ ਅੱਥਰੂਆਂ ਦਾ ਸਾਥ ਮਾਣਦੀਆਂ।
ਅੱਥਰੂ, ਆਹਾਂ ਦੇ ਅੰਗੀਕਾਰ, ਟੁੱਟਦੇ ਸਾਹਾਂ ਵਿਚਲੀ ਤਿੜਕਣ, ਸਾਹਾਂ ਵਿਚ ਉਗਿਆ ਸੇਕ, ਸਰੋਕਾਰਾਂ ‘ਤੇ ਹੋਈ ਗੜ੍ਹੇਮਾਰੀ ਅਤੇ ਖੁਦ ਵਿਚੋਂ ਮਨਫੀ ਹੋਈ ਖੁਦਦਾਰੀ।
ਅੱਥਰੂ, ਚਿੱਟੀ ਚੁੰਨੀ ਦਾ ਰੁਦਨ, ਵਿਯੋਗੀ ਰੂਹ ਦਾ ਰਾਗ, ਚੌਂਕੇ ਬੈਠੀ ਪਤਨੀ ਵਲੋਂ ਮਾਹੀ ਦੇ ਉਡੀਕ ‘ਚ ਸੁੱਕ ਰਹੇ ਸਾਹਾਂ ਦਾ ਸੰਤਾਪ, ਦਰਾਂ ‘ਤੇ ਬੈਠੀ ਮਾਂ ਦੀ ਸਿਮਟ ਰਹੀ ਉਡੀਕ ਦਾ ਵਾਸਤਾ ਅਤੇ ਬਾਪ ਦੀਆਂ ਜਟੂਰੀਆਂ ਵਿਚੋਂ ਝਾਕਦੀ ਬੇਵਸੀ ਦੀ ਤਵਾਰੀਖ।
ਅੱਥਰੂ ਜਦ ਖੇਤਾਂ ਦੀ ਫਸਲ ਬਣ ਜਾਵੇ, ਬਸਤੀ ਵਿਚ ਉਗ ਰਹੀ ਬੇਰੁਜਗਾਰੀ ਦਾ ਨਾਮਕਰਨ ਹੋਵੇ ਜਾਂ ਵਿਹੜੇ ਵਿਚ ਧਮੱਚੜ ਪਾਉਂਦੀ ਗਰੀਬੀ ਹੋਵੇ ਤਾਂ ਅੱਥਰੂ ਦੀ ਇਬਾਦਤ ਪੜ੍ਹਨਾ ਸਭ ਤੋਂ ਅਸਾਨ ਵੀ ਤੇ ਕਠਿਨ ਵੀ।
ਅੱਥਰੂ ਜਦ ਕਾਨਿਆਂ ਦੀ ਕੁੱਲੀ, ਕੱਖਾਂ ਦੇ ਢਾਰੇ ਜਾਂ ਖੇਤ ਵਿਚ ਉਜੜੀ ਛੰਨ ਦਾ ਸਾਥ ਬਣ ਜਾਵੇ ਤਾਂ ਅੱਥਰੂ ਦਾ ਰੰਗ ਪਿਲੱਤਣਾਂ ਦੀ ਜੂਨ ਹੰਢਾਵੇ।
ਅੱਥਰੂ ਵੱਖ-ਵੱਖ ਸਮਿਆਂ, ਸਥਾਨਾਂ ਅਤੇ ਸਰੋਕਾਰਾਂ ਵਿਚ ਵਿਭਿੰਨ ਸੰਵੇਦਨਾ ਦਾ ਰੂਹ-ਰਾਗ ਪੈਦਾ ਕਰਦੇ ਜਿਨ੍ਹਾਂ ਦੀ ਅਰਥੀਂ ਸੰਵੇਦਨਾ ਨੂੰ ਅੰਤਰੀਵ ਵਿਚ ਉਤਾਰਨਾ, ਹਰੇਕ ਦੇ ਵੱਸ ਨਹੀਂ ਹੁੰਦਾ।
ਅੱਥਰੂ, ਕਦੇ ਖੁਸ਼ੀ ਦਾ ਰੰਗ ਲੈ ਕੇ ਆਵੇ ਅਤੇ ਕਦੇ ਮਾਯੂਸੀ ਦਾ ਆਲਮ ਉਪਜਾਵੇ। ਕਦੇ ਮਨ-ਤਹਿਆਂ ਵਿਚ ਤਰੰਗਤਾ ਭਰ ਜਾਵੇ ਅਤੇ ਕਦੇ ਮਾਨਸਿਕ ਸੰਵੇਦਨਾ ਵਿਚ ਚੁੱਪ ਦੀ ਡਫਲੀ ਵਜਾਵੇ।
ਅੱਥਰੂ, ਕੋਮਲ ਭਾਵੀ ਮਨੁੱਖਾਂ ਦੀ ਅਮਾਨਤ, ਸੁਹਜ ਸੰਗ ਲਬਰੇਜ਼ ਬਿਰਤੀ ਦਾ ਹਾਸਲ, ਸੂਖਮ ਤੇ ਸਕੂਨ ਲੋਚਦੇ ਮਨਾਂ ਦੀ ਇਬਾਦਤ ਅਤੇ ਸੁੱਚਮ-ਰੰਗਤਾ ਵਿਚ ਭਿੱਜੀਆਂ ਰੂਹਾਂ ਦੀ ਇਬਾਰਤ।
ਅੱਥਰੂ, ਕਦੇ ਮਗਰਮੱਛੀ ਹੁੰਦੇ ਜੋ ਲੋਕ ਦਿਖਾਵੇ ਤੀਕ ਸੀਮਤ ਹੋ, ਮੌਤ, ਸਦਮਾ ਜਾਂ ਪੀੜਤ ਪਲਾਂ ਵਿਚ ਮਖੌਟਾ ਬਣਦੇ ਤਾਂ ਅੱਥਰੂਆਂ ਦੀ ਅੱਖ ਵਿਚ ਇਕ ਹਉਕਾ ਧਰਿਆ ਜਾਂਦਾ। ਦੁੱਖ ਇਸ ਗੱਲ ਦਾ ਹੈ ਕਿ ਅੱਜ ਕਲ ਮਗਰਮੱਛੀ ਅੱਥਰੂਆਂ ਦੀ ਸਲਤਨਤ ਹਰ ਥਾਂ ‘ਤੇ ਹਾਵੀ ਜੋ ਵਰਤਾਉਂਦੀ ਮਾਸੂਮੀਅਤ ‘ਤੇ ਕੁਹਜ-ਭਾਵੀ।
ਅੱਥਰੂ, ਖੁਸ਼ੀ ਦਾ ਪਹਿਰਾਵਾ ਪਾਉਂਦੇ ਤਾਂ ਇਸ ਵਿਚੋਂ ਮਨ-ਬਸੰਤਰੀ ਸੁਰ ਪੈਦਾ ਹੁੰਦੀ, ਮਨ-ਵਿਹੜੇ ਵਿਚ ਬਹਾਰਾਂ ਦੀ ਆਮਦ। ਕਾਇਨਾਤ ਅਜਿਹੇ ਪਲਾਂ ਦੇ ਬਲਿਹਾਰੇ ਜਾਂਦੀ, ਮਨੁੱਖਤਾ ਦਾ ਸੁੱਚਾ ਹਾਸਲ ਬਣਦੀ।
ਅੱਥਰੂ, ਲਿਫਾਫੇ ਚੁੱਗਦੇ ਬੱਚਿਆਂ ਦੀਆਂ ਘਰਾਲਾਂ, ਟੁੱਕ ਮਘਦੇ ਲਾਚਾਰਾਂ ਦੀ ਲਾਚਾਰਗੀ ਜਾਂ ਅੱਖਰ-ਚਿਰਾਗ ਲੋਚਦੇ ਬਾਲਾਂ ਦਾ ਜੂਠੇ ਭਾਂਡੇ ਮਾਂਜਣ ਤੀਕ ਦਾ ਸਫਰ, ਵਕਤ ਦੇ ਵਰਕੇ ‘ਤੇ ਉਕਰਨਾ ਸ਼ੁਰੂ ਕਰਦੇ ਤਾਂ ਕਈ ਵਾਰ ਇਹ ਅੱਥਰੂ ਅੰਗਿਆਰ ਵੀ ਬਣ ਜਾਂਦੇ।
ਅੱਥਰੂ ਜਦ ਕਿਸੇ ਅਬਲਾ ਦੇ ਸੰਗੀ ਹੋਣ, ਕਿਸੇ ਨਿਰਦੋਸ਼ ਦੇ ਖੂਨ ਵਿਚ ਰਚ ਜਾਣ ਜਾਂ ਕਿਸੇ ਕੌਮ ਦੀਆਂ ਨਸਲਾਂ ਦੇ ਨੈਣਾਂ ਵਿਚ ਸਿੰਮਣੇ ਸ਼ੁਰੂ ਹੋ ਜਾਣ ਤਾਂ ਤਹਿਰੀਕ ਦੇ ਵਰਕਿਆਂ ਨੂੰ ਨਵੀਂ ਤਫਸੀਲ ਮਿਲਦੀ ਜੋ ਇਕ ਚਾਨਣ-ਕਾਤਰ ਬਣ ਨਵੀਂ ਤਹਿਜ਼ੀਬ ਦਾ ਸਬੱਬ ਬਣਦੇ।
ਅੱਥਰੂ ਜਦ ਹੰਗਾਲੇ ਜਾਂਦੇ ਤਾਂ ਇਸ ਦੀ ਤਾਸੀਰ ਅਤੇ ਤਾਬੀਰ ਵਿਚੋਂ ਅਜਿਹੇ ਸੋਚ-ਵਿਚਾਰਾਂ ਦੀਆਂ ਕਲਮਾਂ ਉਗਦੀਆਂ ਜੋ ਚਾਨਣ-ਕਰੂੰਬਲਾਂ ਬਣ, ਹਨੇਰਿਆਂ ਨੂੰ ਬੇਦਖਲ ਕਰ ਦਿੰਦੀਆਂ।
ਅੱਥਰੂ, ਹਵਾ ਵਿਚ ਰਲ ਕੇ ਹਵਾ ਨੂੰ ਵੀ ਸਲੂਣੀ ਬਣਾ ਦਿੰਦੇ। ਅਜਿਹੀ ਪੌਣ ਵਿਚ ਸਾਹ ਲੈਣ ਵਾਲੇ ਜਦ ਨਮਕ-ਹਰਾਮੀ ਬਣ ਜਾਣ ਤਾਂ ਸਮੇਂ ਦੀ ਹਿੱਕ ਵਿਚ ਸਦੀਵੀ ਹਉਕਾ ਧਰਿਆ ਜਾਂਦਾ।
ਅੱਥਰੂ, ਜਦ ਇਕ ਪੀੜ੍ਹੀ ਆਪਣੀ ਅਗਲੀ ਪੀੜ੍ਹੀ ਨੂੰ ਵਿਰਾਸਤ ਵਿਚ ਦੇਣ ਲਈ ਮਜਬੂਰ ਹੋ ਜਾਵੇ ਤਾਂ ਨਸਲਾਂ ਮਰਨਹਾਰੀਆਂ ਹੋ ਜਾਂਦੀਆਂ ਅਤੇ ਫਿਰ ਅਨਿਆਂ-ਦੌਰ ਵਿਚੋਂ ਕੋਈ ਸੂਰਮਾ ਪੈਦਾ ਹੋ, ਨਵੀਂ ਪੀੜ੍ਹੀ ਲਈ ਰਾਹ-ਦਸੇਰਾ ਬਣਦਾ।
ਅੱਥਰੂ, ਅਵਾਰਗੀ ਦੀ ਆਵਾਗਵਣ, ਅਲਾਹੁਣੀਆਂ ਦਾ ਆਗਮਨ, ਆਤਮਾ ਦਾ ਅੰਤਰੀਵ ‘ਚ ਉਤਰਨਾ ਅਤੇ ਅਮਾਨਵੀ ਵਰਤਾਰਿਆਂ ਦੀ ਅੱਖ-ਚੁੱਭਣਾ।
ਅੱਥਰੂ, ਅਰਦਾਸ ਦਾ ਰੁਤਬਾ ਬਣਦੇ ਜਦ ਅਸੀਂ ਕਿਸੇ ਦੇ ਦਰਦ ਨੂੰ ਮਹਿਸੂਸਦੇ, ਪੀੜਾ ਨੂੰ ਖੁਦ ਦੀ ਪੀੜਾ ਸਮਝਦੇ ਜਾਂ ਪਰਾਈ ਵੇਦਨਾ ਵਿਚੋਂ ਖੁਦ ਨੂੰ ਪ੍ਰਗਟ ਕਰਦੇ, ਦਰਦ-ਨਿਵਾਰਨ ਦੀ ਦਵਾ ਅਤੇ ਦੁਆ ਬਣਦੇ।
ਅੱਥਰੂ, ਅੰਬਰ ਦੀ ਅੱਖ ਵਿਚੋਂ ਕਿਰਦੇ ਤਾਂ ਧਰਤੀ ਸਰਸ਼ਾਰ ਹੁੰਦੀ, ਬਨਸਪਤੀ ਮੌਲਦੀ, ਬਿਰਖਾਂ ਨੂੰ ਬੂਰ ਪੈਂਦਾ ਅਤੇ ਔੜ-ਹਥੇਲੀ ‘ਤੇ ਸ਼ਗਨਾਂ ਦੀ ਮਹਿੰਦੀ ਲੱਗਦੀ।
ਅੱਥਰੂ, ਹਵਾ ਦੇ ਦੀਦਿਆਂ ਵਿਚੋਂ ਸਿੰਮਦੇ ਤਾਂ ਪੌਣ ਹਟਕੋਰਾ ਬਣਦੀ, ਰੁਮਕਣੀ ਵਿਚ ਰੋਸਿਆਂ ਦੀ ਰਾਗਣੀ ਮਚਲਦੀ ਅਤੇ ਪੌਣ-ਪਿੰਡੇ ‘ਤੇ ਹਉਕਿਆਂ ਦੀ ਕਲਾ-ਨਕਾਸ਼ੀ ਹੁੰਦੀ।
ਅੱਥਰੂ, ਰੂਹ ਵਿਚੋਂ ਰਿਸਦੇ ਤਾਂ ਇਹ ਕੋਝੀਆਂ ਕੁੱਲਾਂ ਗਾਲਦੇ, ਕੂੜ-ਕੁਸੱਤ ਨੂੰ ਸਾੜਦੇ ਅਤੇ ਕੁਰਕਮਾਂ ਦੇ ਗਰਭ ਵਿਚ ਸ਼ੁਭ-ਕਰਮਨ ਦੀ ਗਾਚੀ ਲਾਉਂਦੇ।
ਅੱਥਰੂ, ਤਾਰੇ ਦੇ ਕੋਇਆਂ ਵਿਚ ਰਿੱਸਣ ਲੱਗ ਪੈਣ ਤਾਂ ਰੋਸ਼ਨ-ਅੰਬਰ ਧੁੰਧਲਕੇ ਦਾ ਸ਼ਿਕਾਰ ਹੋ ਜਾਂਦਾ, ਚਾਨਣ ਦੇ ਪੈਰਾਂ ਵਿਚ ਜੰਜੀਰਾਂ ਪੈ ਜਾਂਦੀਆਂ ਅਤੇ ਕਿਰਨਾਂ ਨੂੰ ਕੋਹ ਕੋਹ ਕੇ ਮਾਰਨ ਦੀ ਸਜ਼ਾ ਮਿਲਦੀ। ਪਰ ਚਾਨਣ ਸਦਾ ਚਿਰੰਜੀਵ ਅਤੇ ਮਰ ਕੇ ਵੀ ਜਿਉਣ ਦਾ ਧਰਮ ਨਿਭਾਉਂਦਾ।
ਅੱਥਰੂ ਜਦ ਸ਼ਬਦਾਂ ਦੀ ਜੂਹ ਆਉਂਦੇ, ਅਰਥਾਂ ਨੂੰ ਬੁਸਕਣ ਲਾਉਂਦੇ ਅਤੇ ਸਫਿਆਂ ਨੂੰ ਹੰਝੂ ਭਿੱਜੇ ਹੋਣ ਦਾ ਸਰਾਪ ਦਿੰਦੇ ਤਾਂ ਹਰਫੀ-ਇਬਾਰਤ ਵਿਚੋਂ ਇਨਾਇਤਾਂ ਦੀ ਛਹਿਬਰ ਹੁੰਦੀ ਜੋ ਰੱਕੜ-ਰੂਹਾਂ ਵਿਚ ਨਿਰਮਲਤਾ ਦਾ ਨਗਮਾ ਗੁਣਗਣਾਉਂਦੀ।
ਅੱਥਰੂ, ਸਮਿਆਂ ਦੀ ਤਸ਼ਬੀਹ, ਘਰਾਂ ਦਾ ਚਿਤਰਨ, ਸਮਾਜਕ ਵਰਤਾਰਿਆਂ ਦਾ ਵਰਣਨ ਅਤੇ ਸਬੰਧਾਂ ਵਿਚ ਉਗੀਆਂ ਤਰੇੜਾਂ ਤੇ ਪੀਢੀਆਂ ਗੰਢਾਂ ਦਾ ਝਲਕਾਰਾ।
ਅੱਥਰੂ, ਹਰ ਰੰਗ ਅਤੇ ਰੂਪ ਵਿਚ ਨਿਵੇਕਲੀ, ਨਰੋਈ ਤੇ ਅਨੂਠੀ ਰੰਗਤ ਸੰਗ ਹਰ ਵਿਅਕਤੀ ਦੇ ਦਰ ‘ਤੇ ਦਸਤਕ ਦਿੰਦੇ। ਪਰ ਇਸ ਦਾ ਹੁੰਗਾਰਾ ਕੌਣ, ਕਿਸ ਰੂਪ ਅਤੇ ਕਿਸ ਲਹਿਜੇ ਵਿਚ ਭਰਦਾ, ਇਹ ਮਨੁੱਖੀ ਸ਼ਖਸੀਅਤ ‘ਤੇ ਨਿਰਭਰ।
ਅੱਥਰੂ, ਆਹਾਂ ਦਾ ਤਪਦਾ ਤੰਦੂਰ, ਧਰਵਾਸਿਆਂ ਦੀ ਧੁਖਦੀ ਧੂਣੀ, ਕੰਧਾਂ ‘ਤੇ ਮਾਰੀਆਂ ਉਡੀਕ-ਲੀਕਾਂ ਦਾ ਰੋਸਾ, ਤਿੜਕੇ ਸੁਪਨਿਆਂ ਦੀਆਂ ਛਿੱਲਤਰਾਂ ਅਤੇ ਊਂਘਦੀਆਂ ਰਾਤਾਂ ਦਾ ਵਿਰਲਾਪ।
ਅੱਥਰੂ, ਸ਼ਬਦ-ਸੁਗੰਧੀ, ਅਰਥ-ਬੁਲੰਦੀ, ਬੋਲ-ਪਾਬੰਦੀ ਅਤੇ ਸੁੱਚ-ਸਬੰਧੀ। ਅੱਥਰੂ, ਆਹ-ਅਰਦਾਸ, ਗਮ-ਪਰਵਾਸ, ਚੀਖ-ਧਰਵਾਸ ਅਤੇ ਸੁਖਨ-ਆਸ।
ਅੱਥਰੂ, ਅਦ੍ਰਿਸ਼ਟ ਗਮਖਾਰ, ਅਦਿੱਖ ਪਾਸਾਰ, ਅਰੰਗੀ ਸੰਸਾਰ ਅਤੇ ਅਸਾਧ ਖੁਮਾਰ। ਅੱਥਰੂ, ਸੰਵੇਦਨਾ ‘ਚ ਭਿੱਜੇ, ਪੀੜਾ ‘ਚ ਰਿੱਝੇ, ਲਹੂ ‘ਚ ਮਿੱਝੇ ਅਤੇ ਕਾਇਆ ਨੂੰ ਛਿੱਜੇ।
ਅੱਥਰੂ, ਮੱਲੋਜੋਰੀ ਜਦ ਕਿਸੇ ਨੂੰ ਵਰੋਸਾਏ ਜਾਣ ਤਾਂ ਅੱਥਰੂਆਂ ਦਾ ਦਰਦ ਕੋਈ ਨਾ ਜਾਣੇ। ਅਜਿਹੇ ਹੰਝੂ ਬੇ-ਗੈਰਤੀ ਅਤੇ ਬੇਗਾਨਗੀ ਨਾਲ ਹੀ ਜੀਵਨ-ਪੈਂਡਾ ਖੋਟਾ ਕਰ ਜਾਂਦੇ।
ਅੱਥਰੂ, ਚੁੱਲ੍ਹੇ ਸਾਹਵੇਂ ਬੈਠੀ ਨਾਰ ਦਾ ਨੈਣ-ਪਰਾਗਾ, ਦੱਬੇ ਦਰਦਾਂ ਦਾ ਗੁੰਗਾਪਣ, ਮੋਈਆਂ ਸੱਧਰਾਂ ਦੀ ਹੂਕ ਅਤੇ ਮਨ-ਬੇਲੇ ਵਿਚ ਖਪਾਈ ਕੂਕ।
ਅੱਥਰੂ, ਪਾਣੀ ਵਿਚ ਘੁਲੀ ਆਹਟ, ਮਾਨਸਿਕ ਧਰਾਤਲ ‘ਤੇ ਪੀੜਾ ਪੀੜਾ ਹੋਈ ਸਰਸਰਾਹਟ ਅਤੇ ਮਿੱਠਤ ‘ਚ ਲਪੇਟੀ ਜੀਵਨੀ-ਕੜਵਾਹਟ।
ਅੱਥਰੂ, ਮਨੁੱਖ ਦੇ ਸਭ ਤੋਂ ਕਰੀਬ, ਅਜੀਜ਼ ਅਤੇ ਅਦੀਬ। ਇਨ੍ਹਾਂ ਦੀ ਬੁੱਕਲ ਵਿਚ ਬਹਿ ਕੇ ਦੁਖ-ਸੁੱਖ ਸਾਂਝਾ ਕਰੋਗੇ ਤਾਂ ਕਿਸੇ ਨੂੰ ਕੋਈ ਕਨਸੋਅ ਵੀ ਨਹੀਂ ਮਿਲੇਗੀ।
ਅੱਥਰੂ, ਮਨੁੱਖੀ ਭਾਵਨਾਵਾਂ ਦਾ ਚਿੱਤਰਪਟ, ਸਾਹ-ਸੰਗੀਤ ਦੀ ਤਰੰਗ-ਕੰਬਣੀ ਅਤੇ ਸਰੀਰਕ ਕ੍ਰਿਆਵਾਂ ਵਿਚ ਪੈਦਾ ਹੋਇਆ ਅਸਾਵਾਂਪਣ।
ਅੱਥਰੂ, ਮਨੁੱਖ ਦਾ ਖੁਦ ਸੰਗ ਸੰਵਾਦ, ਖੁਦ ਵਿਚੋਂ ਖੁਦ ਦਾ ਵਿਕਾਸ ਅਤੇ ਖੁਦ ਰਾਹੀਂ ਨਵੇਂ ਰਾਹ-ਸਫਰ ਦਾ ਵਿਸਥਾਰ।
ਅੱਥਰੂ ਜਦ ਕਿਸੇ ਅਵੱਗਿਆ, ਅਲਾਮਤ, ਆਤੰਕ, ਔਕੜ, ਔਖਿਆਈ, ਅਹੰਕਾਰ ਅਤੇ ਅੰਧਕਾਰ ਦੀ ਧਰਾਤਲ ਵਿਚੋਂ ਉਗਮਦੇ ਤਾਂ ਸਰਘੀ ਦਾ ਸੁਨੇਹਾ ਅਚੇਤ ਰੂਪ ਵਿਚ ਦਿੰਦੇ।
ਅੱਥਰੂ ਜਦ ਮਿਲਾਪ, ਮੌਤ, ਮੁਹਲਤ, ਮਿਸ਼ਨ-ਪੂਰਨਤਾ ਅਤੇ ਮਮਤਾ ਵਿਚੋਂ ਪ੍ਰਗਟ ਹੁੰਦੇ ਤਾਂ ਇਸ ਦੀ ਲਿਸ਼ਕੋਰ ਵਿਚੋਂ ਸੁਖਨ-ਸਤਰੰਗੀ ਝਲਕਦੀ।
ਅੱਥਰੂ ਜਦ ਕਿਤਾਬਾਂ ਵਿਚੋਂ ਝਲਕਣ, ਕਲਾ-ਕਿਰਤੀ ਵਿਚੋਂ ਦ੍ਰਿਸ਼ਟਮਾਨ ਹੋਣ ਜਾਂ ਕਿਸੇ ਰੋਹ/ਰੋਸ ਵਿਚੋਂ ਆਪਣਾ ਆਕਾਰ ਸਿਰਜਣ ਲੱਗ ਪੈਣ ਤਾਂ ਅੱਥਰੂਆਂ ਦੀ ਆਮਦ, ਨੀਂਹਾਂ ਨੂੰ ਵੀ ਕੰਬਣ ਲਾ ਦਿੰਦੀ।
ਅੱਥਰੂ ਪੂੰਝਣਾ ਸਭ ਤੋਂ ਪਾਕ ਕਾਰਜ। ਕਿਸੇ ਬੱਚੇ ਦੀਆਂ ਗੱਲਾਂ ‘ਤੇ ਜੰਮ ਚੁਕੇ ਅੱਥਰੂਆਂ ਨੂੰ ਪੂੰਝਣਾ, ਤੁਹਾਨੂੰ ਇਲਾਹੀ ਅਹਿਸਾਸ ਹੋਵੇਗਾ। ਕਿਸੇ ਨਿਰਬਲ, ਗਰੀਬ ਜਾਂ ਰੋਟੀਓਂ ਆਤੁਰ ਸ਼ਖਸ ਲਈ ਟੁੱਕ ਬਣਨਾ, ਤੁਹਾਨੂੰ ਅੱਥਰੂਆਂ ਦੀ ਇਬਾਰਤ ਪੜ੍ਹਨ ਦੀ ਜਾਚ ਆ ਜਾਵੇਗੀ। ਪਰ ਕਿਸੇ ਦੇ ਅੱਥਰੂਆਂ ਨੂੰ ਪੜ੍ਹਨ ਵੇਲੇ ਖੁਦ ਦੇ ਨੀਂਵੇਂ ਨੈਣਾਂ ਵਿਚ ਅੱਥਰੂਆਂ ਦੀ ਝੜੀ ਜਰੂਰ ਲਾਉਣਾ ਤਾਂ ਕਿ ਤੁਹਾਡੇ ਮਨ ਵਿਚ ਦਾਨੀ ਹੋਣ ਦਾ ਅਹਿਸਾਸ ਨਾ ਉਪਜੇ।
ਅੱਥਰੂਆਂ ਦੀ ਅੱਖਰ-ਬਾਣੀ ਪੜ੍ਹਨ ਵਾਲੇ ਸਿਰਾਂ ਦੀ ਸ਼ਹਾਦਤ ਦਿੰਦੇ। ਇਹ ਭਾਵੇਂ ਕਸ਼ਮੀਰੀ ਪੰਡਿਤਾਂ ਦੇ ਨੈਣਾਂ ਵਿਚ ਹੋਣ, ਜੁਲਮਾਂ ਨਾਲ ਸਤਾਈ ਲੋਕਾਈ ਦਾ ਰੋਣਾ ਹੋਵੇ ਜਾਂ ਕੁੱਲੀ, ਗੁੱਲੀ ਅਤੇ ਜੁੱਲੀ ਦੀ ਜਦੋਜਹਿਦ ਵਿਚ ਉਲਝੇ ਮਨੁੱਖਾਂ ਦੀ ਹੋਣੀ ਹੋਵੇ।
ਅੱਥਰੂ ‘ਚ ਸਮੋਈ ਹੁੰਦੀ ਏ ਕਹਾਣੀ। ਜਦ ਕੋਈ ਇਸ ਦਾ ਹੁੰਗਾਰਾ ਭਰਨ ਤੋਂ ਇਨਕਾਰੀ ਹੋ ਜਾਵੇ ਤਾਂ ਅੱਥਰੂ ਆਪਣੀ ਬੇਇਜਤੀ ਨਾ ਸਹਾਰਦੇ ਹੋਏ ਕਈ ਵਾਰ ਖੁਦਕੁਸ਼ੀ ਕਰ ਲੈਂਦੇ ਜਾਂ ਨਵੇਂ ਇਤਿਹਾਸ ਦਾ ਵਰਕਾ ਬਣਦੇ। ਇਹ ਅੱਥਰੂਆਂ ਦੇ ਵਣਜਾਰੇ ‘ਤੇ ਨਿਰਭਰ।
ਅੱਥਰੂ, ਬਰਸਾਤਾਂ ਨਾ ਬਣਨ ਅਤੇ ਨਾ ਹੀ ਅਣਹੋਣੇ ਵਰਤਾਰਿਆਂ ਨੂੰ ਅਣਗੌਲਿਆ ਕਰਨ। ਬਹੁਤਾਤ ਹਮੇਸ਼ਾ ਮਾੜੀ ਹੁੰਦੀ ਜੋ ਮਾਰੂ ਪਲਾਂ ਦਾ ਪਹਿਰ ਬਣਦੀ।
ਅੱਥਰੂ ਤੁਹਾਡੇ ਅੰਦਰ ਵੱਸਦੇ ਮਨੁੱਖ ਦਾ ਬਿੰਬ, ਸੂਖਮ ਅਤੇ ਸੁਹਜਮਈ ਅਹਿਸਾਸਾਂ ਦੀ ਤਰਤੀਬ ਅਤੇ ਇਨਸਾਨ ਹੋਣ ਦਾ ਐਲਾਨਨਾਮਾ।
ਅੱਥਰੂ, ਅਜਿਹੇ ਬੋਲ ਜਿਨ੍ਹਾਂ ਨੂੰ ਹੋਠਾਂ ਦੀ ਲੋੜ ਨਹੀਂ, ਅਜਿਹੇ ਸ਼ਬਦ ਜਿਹੜੇ ਕਿਸੇ ਕਲਮ ਦਾ ਅਹਿਸਾਨ ਨਹੀਂ ਲੈਂਦੇ, ਅਜਿਹੀ ਪਰਵਾਜ਼ ਦਾ ਉਲੇਖ ਜਿਨ੍ਹਾਂ ਨੂੰ ਪਰਾਂ ਦੀ ਲੋੜ ਨਹੀਂ ਅਤੇ ਅਜਿਹੀ ਦ੍ਰਿਸ਼ਟੀ ਜਿਨ੍ਹਾਂ ਨੂੰ ਦੀਦਿਆਂ ਦੇ ਰਹਿਮੋ-ਕਰਮ ਦੀ ਅਧੀਨਗੀ ਮਨਜੂਰ ਨਹੀਂ।
ਅੱਥਰੂਆਂ ਦੀ ਇਬਾਦਤ ਪੜ੍ਹਨਾ ਸਭ ਤੋਂ ਔਖਾ। ਇਸ ਦੇ ਅਬੋਲਾਂ ਨੂੰ ਸਮਝਣਾ ਸਭ ਤੋਂ ਵੱਡਾ ਜੋਖਮ ਅਤੇ ਇਸ ਦੀ ਤਾਸੀਰ ਨੂੰ ਪਰਖਣਾ ਸਭ ਤੋਂ ਔਖਾ।
ਅੱਥਰੂ, ਉਨ੍ਹਾਂ ਬੋਲਾਂ ਅਤੇ ਅਹਿਸਾਸਾਂ ਨੂੰ ਦਿਤੀ ਜੁæਬਾਨ ਅਤੇ ਗਮਾਂ ਦੀ ਪੰਡ ਜਿਸ ਨੂੰ ਬੋਲ ਜਾਂ ਸ਼ਬਦ ਬਿਆਨਣ ਤੋਂ ਆਕੀ।
ਅੱਥਰੂ, ਕੁਦਰਤ ਦਾ ਇਨਾਇਤੀ ਤੇ ਸਦੀਵੀ ਸਾਥ। ਦੁਨਿਆਵੀ ਸਾਂਝਾਂ-ਸਾਥਾਂ ਨਾਲੋਂ ਅਜ਼ੀਮ। ਜੀਵਨ ਭਰ ਸਾਥ ਨਿਭਾਉਂਦੇ ਅਤੇ ਸਰਬ-ਸੁਖਨਤਾ ਜਿੰਦ ਦੀ ਝੋਲੀ ਪਾਉਂਦੇ।
ਅੱਥਰੂ ਜੋ ਲਹੂ ਪੀਂਦੇ, ਆਪਣੇ ਨਹੀਂ ਦਿੰਦੇ। ਜੋ ਅੱਖੀਆਂ ਵਿਚ ਖਾਰੇ ਅੱਥਰੂ ਧਰਦੇ, ਉਹ ਆਪਣੇ ਨਹੀਂ ਹੁੰਦੇ।
ਅੱਥਰੂ, ਧੂੰਏਂ ਦਾ ਪੱਜ, ਸੱਜਣ ਦਾ ਹੱਜ, ਸੁਪਨੇ ਦੀ ਲੱਜ ਅਤੇ ਅੰਤਰੀਵੀ ਰੱਜ। ਅੱਥਰੂ, ਸਾਹ-ਟਕੋਰ, ਜ਼ਖਮ-ਲੋਰ, ਸੋਚ-ਸ਼ੋਰ ਅਤੇ ਚਾਅ-ਚਕੋਰ।
ਅੱਥਰੂ ਅਕਾਰਨ ਨਹੀਂ ਨੈਣਾਂ ਦਾ ਬੂਹਾ ਮੱਲਦੇ। ਅੱਥਰੂ ਉਦੋਂ ਹੀ ਨੈਣ-ਦਹਿਲੀਜ਼ ਤੋਂ ਬਾਹਰ ਪੈਰ ਧਰਦੇ ਜਦ ਕੁਝ ਅਜਿਹਾ ਹੁੰਦਾ ਜਿਸ ਦਾ ਬੋਝ ਰੂਹ ਨਹੀਂ ਝੱਲ ਸਕਦੀ ਅਤੇ ਫਿਰ ਰੂਹ-ਰੱਤ ਬਾਹਰ ਨੂੰ ਉਛਲਦੀ।
ਅੱਥਰੂ, ਉਲਝੀ ਤਾਣੀ, ਅਕੱਥ ਕਹਾਣੀ, ਮੂਕ ਸਣੌਣੀ ਅਤੇ ਸਾਹੀਂ ਰਚਾਣੀ। ਅੱਥਰੂ ਦਾ ਨੈਣ-ਬਸੇਰਾ, ਪਲਕ ਬਨੇਰਾ, ਕੋਈ ਡੇਰਾ ਅਤੇ ਸੁੰਨ ਸਵੇਰਾ।
ਅੱਥਰੂਆਂ ਦੀ ਭਾਸ਼ਾ ਸਮਝਣ ਵਾਲੇ ਸਾਥੀ ਹੀ ਅਸਲ ਦੋਸਤ ਹੁੰਦੇ। ਤੁਹਾਡੀ ਮੁਸਕਰਾਹਟ ‘ਤੇ ਹੀ ਮਰ ਮਿੱਟਣ ਵਾਲੇ ਤਾਂ ਥੋੜ੍ਹ-ਚਿਰੇ ਸਬੰਧਾਂ ਦਾ ਬੁਲਬੁਲਾ ਹੁੰਦੇ।
ਅੱਥਰੂ ਕਿਸੇ ਲਈ ਖਾਰਾ ਪਾਣੀ ਪਰ ਕਈਆਂ ਲਈ ਸੁੱਚੇ ਮੋਤੀ। ਕਿਸੇ ਲਈ ਖੁਦ ਨੂੰ ਗਾਲਣ ਦਾ ਸਬੱਬ ਪਰ ਕਿਸੇ ਲਈ ਜੀਵਨ-ਦਾਨ।
ਅੱਥਰੂ, ਹਾਕ ਤੇ ਹੁੰਗਾਰਾ, ਮਰਹਮ ਤੇ ਦਰਦ-ਕੁੰਵਾਰਾ, ਮਿਲਣਾ ਤੇ ਮਿਲਣ-ਲਾਰਾ, ਆਸ ਤੇ ਆਸ-ਹੁਲਾਰਾ, ਹਾਂ ਤੇ ਮੁਨਕਰੀ-ਇਸ਼ਾਰਾ, ਮਿੱਠੜਾ ਤੇ ਖਾਰਾ, ਜੁਗਨੂੰ ਤੇ ਟੁੱਟਿਆ ਤਾਰਾ ਅਤੇ ਧੂੰਆਂ-ਧੁਖਧੁਖੀ ਤੇ ਚੰਨ-ਲਿਸ਼ਕਾਰਾ।
ਅੱਥਰੂ-ਅਰਦਾਸ ਜਦ ਖੁਦਾ ਦੇ ਦਰੀਂ ਨਤਮਸਤਕ ਹੁੰਦੀ ਤਾਂ ਅਬੋਲ ਹੰਝੂਆਂ ਦੀ ਹਰ ਇੱਛਾ ਕਬੂਲ ਹੁੰਦੀ ਅਤੇ ਮਨ-ਮੁਰਾਦਾਂ ਦੀ ਪੂਰਤੀ ਜੀਵਨ-ਹਾਸਲ ਬਣਦੀ।
ਅੱਥਰੂ ਦੀ ਅਰਜੋਈ ਸੁਣੋ ਜੋ ਚਾਹੁੰਦੇ ਨੇ ਕਿ ਕੋਈ ਵੀ ਅੱਖ ਖਾਰੇ ਪਾਣੀ ਦੀ ਹੋਣੀ ਨਾ ਹੰਢਾਵੇ, ਕਿਸੇ ਦੇ ਭਾਗੀਂ ਹਰ ਪਲ ਮਰਦਿਆਂ ਜਿਉਣ ਦੀ ਮਜਬੂਰੀ ਨਾ ਹੋਵੇ ਅਤੇ ਕਿਸੇ ਵੀ ਖੂੰਜੇ ਨੂੰ ਹਨੇਰੇ ਹੰਢਾਉਣ ਦੀ ਤ੍ਰਾਸਦੀ ਨਾ ਸਹਿਣੀ ਪਵੇ। ਕਿਸੇ ਬਾਪ ਨੂੰ ਆਪਣੇ ਲਾਡਲੇ ਦੀ ਅਰਥੀ ਨੂੰ ਮੋਢਾ ਨਾ ਦੇਣਾ ਪਵੇ ਅਤੇ ਨਾ ਹੀ ਕੋਈ ਮਮਤਾਈ ਲੋਰ ਹਿਚਕੀਆਂ ਦੀ ਲੋਰੀ ਸੁਣਦਿਆਂ ਸਦੀਵੀ ਸੌਂ ਜਾਵੇ। ਅੱਥਰੂ ਤਾਂ ਖੁਸ਼ੀਆਂ ਖੇੜਿਆਂ ਦੀ ਨਗਰੀ ਦੇ ਵਾਸੀ ਬਣ ਕੇ ਹੋਰ ਬਹੁਤਾ ਖਿੜਦੇ।
ਅੱਥਰੂਆਂ ਦੀ ਅਰਜੋਈ ਤੁਹਾਡੀ ਅੰਤਰੀਵ-ਆਤਮਾ ਦੀ ਦਸਤਕ ਜਰੂਰ ਬਣੇ, ਅਜਿਹੀ ਕਾਮਨਾ ਹਰਫ ਸੰਵੇਦਨਾ ਦੀ ਹੈ।