ਸ਼੍ਰੋਮਣੀ ਕਮੇਟੀ ਵੱਲੋਂ ਇਮਾਰਤਾਂ ਬਣਾਉਣ ‘ਤੇ ਹੀ ਜ਼ੋਰ

ਅੰਮ੍ਰਿਤਸਰ: ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2013-14 ਲਈ ਤਕਰੀਬਨ 806 ਕਰੋੜ, 8 ਲੱਖ, 62 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਅੰਤ੍ਰਿੰਗ ਕਮੇਟੀ ਵਲੋਂ ਪ੍ਰਵਾਨ ਕੀਤਾ ਗਿਆ ਜੋ ਪਿਛਲੇ ਵਰ੍ਹੇ ਨਾਲੋਂ ਲਗਪਗ 21 ਫੀਸਦੀ ਵੱਧ ਹੈ।ਪਿਛਲੇ ਵਰ੍ਹੇ 665 ਕਰੋੜ, 46 ਲੱਖ ਰੁਪਏ ਦਾ ਬਜਟ ਸੀ। ਇਸ ਵਾਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਵਧੇਰੇ ਧਿਆਨ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਮੁਰੰਮਤ ਤੇ ਉਸਾਰੀ ‘ਤੇ ਦਿੱਤਾ ਗਿਆ ਹੈ ਪਰ ਵਿਦਿਆ ਦੇ ਪਾਸਾਰ ਤੇ ਧਰਮ ਪ੍ਰਚਾਰ ਲਈ ਨਗੂਣੀ ਰਾਸ਼ੀ ਰੱਖੀ ਗਈ ਹੈ। ਧਰਮ ਪ੍ਰਚਾਰ ‘ਤੇ ਸਿਰਫ ਨੌਂ ਕਰੋੜ ਰੁਪਏ ਤੇ ਇਮਾਰਤਾਂ ਬਣਾਉਣ ‘ਤੇ 510 ਕਰੋੜ ਰੁਪਏ ਰੱਖੇ ਗਏ ਹਨ।
ਸ਼੍ਰੋਮਣੀ ਕਮੇਟੀ ਦਾ ਬਜਟ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਪੇਸ਼ ਕੀਤਾ ਜਿਸ ਨੂੰ ਅੰਤ੍ਰਿੰਗ ਕਮੇਟੀ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਸ਼੍ਰੋਮਣੀ ਕਮੇਟੀ ਦੇ ਨਵੇਂ ਸਦਨ ਦੀ ਹੋਂਦ ਦਾ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੋਣ ਕਾਰਨ ਇਹ ਦੂਜੀ ਵਾਰ ਹੈ ਜਦੋਂ ਸਿੱਖ ਸੰਸਥਾ ਦਾ ਸਾਲਾਨਾ ਬਜਟ ਜਨਰਲ ਹਾਊਸ ਵਿਚ ਪੇਸ਼ ਕੀਤੇ ਬਿਨਾਂ ਤੇ ਇਸ ਦੀ ਪ੍ਰਵਾਨਗੀ ਬਿਨਾਂ ਪਾਸ ਕੀਤਾ ਗਿਆ ਹੈ। ਪਿਛਲੇ ਵਰ੍ਹੇ ਵੀ ਅੰਤ੍ਰਿੰਗ ਕਮੇਟੀ ਵਲੋਂ ਹੀ ਸਾਲਾਨਾ ਬਜਟ ਪਾਸ ਕੀਤਾ ਗਿਆ ਸੀ।
ਸ਼੍ਰੋਮਣੀ ਕਮੇਟੀ ਦੀ ਸਾਲਾਨਾ ਆਮਦਨ ਵਿਚ ਹੋਏ ਭਾਰੀ ਵਾਧੇ ਤੋਂ ਬਾਅਦ ਇਸ ਵਾਰ ਬਜਟ ਵਿਚ ਵੀ 21æ13 ਫੀਸਦੀ ਵਾਧਾ ਕੀਤਾ ਗਿਆ ਹੈ। ਬਜਟ ਨੂੰ ਸੱਤ ਹਿੱਸਿਆਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ਵਿਚ ਜਨਰਲ ਬੋਰਡ ਫੰਡ ਦਾ ਬਜਟ 48 ਕਰੋੜ 40 ਲੱਖ ਰੁਪਏ, ਟਰਸੱਟ ਫੰਡ 31 ਕਰੋੜ 23 ਲੱਖ 92 ਹਜ਼ਾਰ, ਵਿਦਿਆ ਫੰਡ 23 ਕਰੋੜ, 90 ਲੱਖ, ਪ੍ਰਿੰਟਿੰਗ ਪ੍ਰੈਸਾਂ ਦਾ ਛੇ ਕਰੋੜ ਨੌਂ ਲੱਖ, ਧਰਮ ਪ੍ਰਚਾਰ ਕਮੇਟੀ ਦਾ 52 ਕਰੋੜ ਰੁਪਏ, ਸੈਕਸ਼ਨ 85 ਦੇ ਗੁਰਦੁਆਰਿਆਂ ਦਾ 510 ਕਰੋੜ 78 ਲੱਖ ਤੇ ਵਿਦਿਅਕ ਅਦਾਰਿਆਂ ਦਾ ਬਜਟ 133 ਕਰੋੜ 64 ਲੱਖ ਰੁਪਏ ਰੱਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਬਜਟ ਦਾ ਵੱਡਾ ਹਿੱਸਾ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਮੁਰੰਮਤ ਤੇ ਨਵ ਉਸਾਰੀ ਲਈ ਰੱਖਿਆ ਗਿਆ ਹੈ ਜੋ ਤਕਰੀਬਨ 510 ਕਰੋੜ 78 ਲੱਖ ਰੁਪਏ ਹੈ। ਪਿਛਲੇ ਵਰ੍ਹੇ ਇਹ ਰਕਮ 421 ਕਰੋੜ 26 ਲੱਖ ਰੁਪਏ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਦਿਆ ਦੇ ਵਧੇਰੇ ਪ੍ਰਚਾਰ ਤੇ ਪ੍ਰਸਾਰ ਦੇ ਬਜਟ ਵਿਚ ਵਾਧਾ ਕੀਤਾ ਗਿਆ ਹੈ। ਸਿੱਖ ਧਰਮ ਦੇ ਪ੍ਰਚਾਰ ਲਈ ਵੀ ਇਸ ਵਾਰ ਨੌਂ ਕਰੋੜ ਰੁਪਏ ਵਧੇਰੇ ਰੱਖੇ ਗਏ ਹਨ। ਜਨਰਲ ਬੋਰਡ ਫੰਡ 43 ਕਰੋੜ 40 ਲੱਖ ਰੁਪਏ ਤੋਂ ਵਧਾ ਕੇ 48 ਕਰੋੜ 40 ਲੱਖ, ਟਰੱਸਟ ਫੰਡ 23 ਕਰੋੜ 61 ਲੱਖ ਤੋਂ ਵਧਾ ਕੇ 31 ਕਰੋੜ 23 ਲੱਖ ਰੁਪਏ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਕਬੱਡੀ ਵਾਂਗ ਹਾਕੀ ਦੀ ਟੀਮ ਬਣਾਉਣ ਤੇ ਇਸ ਖੇਡ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ। ਕੈਂਸਰ ਰਲੀਫ ਫੰਡ ਵਿਚ ਵੀ ਵੱਡਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਨਵੀਆਂ ਸਰਾਵਾਂ ਬਣਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਵੇਲੇ ਸਾਰਾਗੜ੍ਹੀ ਵਿਖੇ ਨਵੀਂ ਸਰਾਂ ਉਸਾਰੀ ਅਧੀਨ ਹੈ। ਚੌਕ ਬਾਬਾ ਸਾਹਿਬ ਵਿਖੇ ਤੇ ਆਟਾ ਮੰਡੀ ਵਿਖੇ ਵੀ ਨਵੀਆਂ ਸਰਾਵਾਂ ਉਸਾਰੀਆਂ ਜਾਣਗੀਆਂ। ਇਕ ਸਰਾਂ ਗੁਰੂ ਨਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਤਬਦੀਲ ਹੋਣ ਤੋਂ ਬਾਅਦ ਉਥੇ ਉਸਾਰੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਨਿਵਾਸ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਨਿਵਾਸ ਬਣ ਕੇ ਤਿਆਰ ਹੋ ਚੁੱਕੇ ਹਨ। ਆਉਂਦੇ ਵਰ੍ਹੇ ਵਿਚ ਇਤਿਹਾਸਕ ਯਾਦਗਾਰਾਂ ਦੀ ਉਸਾਰੀ ਵਲ ਵੀ ਉਚੇਚਾ ਧਿਆਨ ਦਿੱਤਾ ਜਾਵੇਗਾ। ਮੁਹਾਲੀ ਵਿਖੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਿਖਲਾਈ ਕੇਂਦਰ ਜਲਦ ਬਣਾਇਆ ਜਾਵੇਗਾ। ਇਸ ਦੌਰਾਨ ਅੰਤ੍ਰਿੰਗ ਕਮੇਟੀ ਵੱਲੋਂ ਦੋ ਮਤੇ ਪਾਸ ਕੀਤੇ ਗਏ। ਮਤੇ ਰਾਹੀਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਫਿਲਮ ਸੈਂਸਰ ਬੋਰਡ, ਐਨਸੀਈਆਰਟੀ ਤੇ ਟੈਕਸ ਬੁੱਕ ਬੋਰਡਾਂ ਵਿਚ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਉਤੇ ਸਿੱਖ ਨੁਮਾਇੰਦੇ ਸ਼ਾਮਲ ਕੀਤੇ ਜਾਣ ਤਾਂ ਜੋ ਭਵਿੱਖ ਵਿਚ ਵੱਖ-ਵੱਖ ਟੀਵੀ ਲੜੀਵਾਰਾਂ, ਫਿਲਮਾਂ, ਕਿਤਾਬਾਂ ਆਦਿ ਵਿਚ ਸਿੱਖ ਧਰਮ ਵਿਰੋਧੀ ਪ੍ਰਚਾਰ ਨੂੰ ਰੋਕਿਆ ਜਾ ਸਕੇ।

Be the first to comment

Leave a Reply

Your email address will not be published.