ਅਕਾਲੀਆਂ ਲਈ ਕੰਡਿਆਂ ਦਾ ਤਾਜ ਸਾਬਤ ਹੋਈ ਦੂਜੀ ਪਾਰੀ

ਚੰਡੀਗੜ੍ਹ: ਲਗਾਤਾਰ ਦੂਜੀ ਵਾਰ ਸੱਤਾ ਵਿਚ ਆਈ ਅਕਾਲੀ ਭਾਜਪਾ ਸਰਕਾਰ ਨੇ ਆਪਣੀ ਦੂਜੀ ਪਾਰੀ ਦਾ ਇਕ ਸਾਲ ਮੁਕੰਮਲ ਕਰ ਲਿਆ ਪਰ ਇਹ ਵਰ੍ਹਾ ਅਮਨ-ਕਾਨੂੰਨ ਦੀ ਹਾਲਤ ਪੱਖੋਂ ਸਰਕਾਰ ਲਈ ਪ੍ਰੇਸ਼ਾਨੀਆਂ ਭਰਿਆ ਰਿਹਾ ਜਿਸ ਕਾਰਨ ਸਰਕਾਰ ਨੂੰ ਕਈ ਵਾਰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ।
ਇਨ੍ਹਾਂ ਮਾਮਲਿਆਂ ਵਿਚ ਸਰਕਾਰ ਨੂੰ ਪੁਲਿਸ ਦੇ ਡੀਆਈਜੀ, ਐਸਐਸਪੀ ਤੇ ਹੋਰ ਅਧਿਕਾਰੀਆਂ ਨੂੰ ਮਜਬੂਰਨ ਮੁਅੱਤਲ ਕਰਨਾ ਪਿਆ ਜਦੋਂਕਿ ਪ੍ਰਸ਼ਾਸਨਿਕ ਪੱਧਰ ‘ਤੇ ਡਿਪਟੀ ਕਮਿਸ਼ਨਰ ਤੇ ਹੋਰਾਂ ਦੇ ਤਬਾਦਲੇ ਵੀ ਕਰਨੇ ਪਏ ਹਨ। ਸਰਕਾਰ ਦੀ ਸਥਾਪਤੀ ‘ਤੇ ਪ੍ਰੇਸ਼ਾਨੀਆਂ ਦਾ ਇਹ ਦੌਰ ਉਸ ਵੇਲੇ ਆਰੰਭ ਹੋਇਆ ਜਦੋਂ ਪਿਛਲੇ ਵਰ੍ਹੇ ਮਾਰਚ ਮਹੀਨੇ ਵਿਚ ਹੀ ਅਦਾਲਤ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਹੇ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ। ਉਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦੇ ਦਿੱਤਾ ਗਿਆ ਤੇ ਸਰਕਾਰ ਨੂੰ ਫਾਂਸੀ ਦੀ ਸਜ਼ਾ ਮੁਆਫ਼ ਕਰਾਉਣ ਲਈ ਚਾਰਾਜੋਈ ਕਰਨ ਵਾਸਤੇ ਆਦੇਸ਼ ਦਿੱਤੇ। ਸਿੱਟੇ ਵਜੋਂ ਖੁਦ ਮੁੱਖ ਮੰਤਰੀ ਨੂੰ ਰਾਸ਼ਟਰਪਤੀ ਕੋਲ ਜਾ ਕੇ ਉਸ ਵਾਸਤੇ ਫਾਂਸੀ ਮੁਆਫੀ ਲਈ ਰਹਿਮ ਦੀ ਅਪੀਲ ਕਰਨੀ ਪਈ। ਇਹ ਮਾਮਲਾ ਉਸ ਵੇਲੇ ਹੋਰ ਵੀ ਵਿਗੜ ਗਿਆ ਜਦੋਂ ਗੁਰਦਾਸਪੁਰ ਵਿਚ ਸ਼ਿਵ ਸੈਨਾ ਦੇ ਵਿਰੋਧ ਕਾਰਨ 29 ਮਾਰਚ ਨੂੰ ਪੁਲਿਸ ਦੀ ਗੋਲੀ ਨਾਲ ਸਿੱਖ ਨੌਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ। ਹਾਲਤ ਨੂੰ ਸੰਭਾਲਣ ਲਈ ਗੁਰਦਾਸਪੁਰ ਵਿਚ ਕਰਫਿਊ ਲਾਉਣਾ ਪਿਆ ਤੇ ਮਗਰੋਂ ਉਥੋਂ ਦੇ ਐਸਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਡਿਪਟੀ ਕਮਿਸ਼ਨਰ ਦਾ ਵੀ ਤਬਾਦਲਾ ਕੀਤਾ ਗਿਆ।
ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਪੰਜ ਦਸੰਬਰ ਨੂੰ ਦਿਨ ਦਿਹਾੜੇ ਇਕ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਕੁੜੀ ਨਾਲ ਛੇੜ-ਛਾੜ ਦੇ ਮਾਮਲੇ ਵਿਚ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ। ਉਸ ਵੇਲੇ ਇਕ ਡੀਆਈਜੀ ਪੱਧਰ ਦੇ ਅਧਿਕਾਰੀ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ। ਇਹ ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਮਾਰਚ ਮਹੀਨੇ ਵਿਚ ਤਰਨ ਤਾਰਨ ਜ਼ਿਲ੍ਹੇ ਵਿਚ ਇਕ ਕੁੜੀ ਨੂੰ ਦਿਨ-ਦਿਹਾੜੇ ਭਰੇ ਬਾਜ਼ਾਰ ਪੁਲਿਸ ਦੇ ਕਰਮਚਾਰੀਆਂ ਨੇ ਮਾਰ ਕੁੱਟ ਕਰਦਿਆਂ ਬੇਇੱਜ਼ਤ ਕੀਤਾ। ਇਸ ਮਾਮਲੇ ਵਿਚ ਉੱਚ ਅਦਾਲਤ ਨੇ ਨੋਟਿਸ ਲਿਆ ਤੇ ਸਰਕਾਰ ਕੋਲੋਂ ਜੁਆਬਤਲਬੀ ਕੀਤੀ ਹੈ। ਇਸ ਤੋਂ ਇਲਾਵਾ ਮਾਝੇ ਦੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ‘ਤੇ ਸਰਕਾਰੀ ਫੰਡਾਂ ਦੇ ਘਪਲੇ ਦਾ ਮਾਮਲਾ ਵੀ ਚਰਚਾ ਵਿਚ ਰਿਹਾ। ਇਸ ਮਾਮਲੇ ਵਿਚ ਰਣੀਕੇ ਦੇ ਨਿੱਜੀ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਕੈਬਨਿਟ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਉਂਜ ਪਿਛਲੇ ਦਿਨੀਂ ਗੁਲਜ਼ਾਰ ਸਿੰਘ ਰਣੀਕੇ ਨੂੰ ਮੁੜ ਕੈਬਨਿਟ ਮੰਤਰੀ ਬਣਾ ਲਿਆ ਗਿਆ। ਸਰਕਾਰ ਦਾ ਇਹ ਪਹਿਲਾ ਵਰ੍ਹਾ ਵਿਕਾਸ ਪੱਖੋਂ ਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਪੱਖੋਂ ਅਜਾਈਂ ਗਿਆ ਹੈ। ਇਸ ਵਰ੍ਹੇ ਦੌਰਾਨ ਇਸ ਖੇਤਰ ਵਿਚ ਕੋਈ ਵੀ ਵੱਡਾ ਕੰਮ ਪੂਰਾ ਨਹੀਂ ਹੋਇਆ। ਅੰਮ੍ਰਿਤਸਰ ਸ਼ਹਿਰ ਵਿਚ ਪੌਡ ਪ੍ਰਣਾਲੀ ਸ਼ੁਰੂ ਕਰਨ ਲਈ 2010 ਵਿਚ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਹੁਣ ਤਕ ਇਹ ਕੰਮ ਸ਼ੁਰੂ ਨਹੀਂ ਹੋ ਸਕਿਆ। ਸ਼ਹਿਰ ਵਿਚ ਬਣਾਈ ਗਈ ਐਲੀਵੇਟਿਡ ਰੋਡ ਦਾ ਕੰਮ ਵੀ ਇਸ ਵਰ੍ਹੇ ਮੁਸ਼ਕਲ ਨਾਲ ਹੀ ਪੂਰਾ ਹੋਇਆ ਹੈ। ਤਰਨ ਤਾਰਨ ਜ਼ਿਲ੍ਹੇ ਵਿਚ ਗੋਇੰਦਵਾਲ ਵਿਖੇ ਬਣ ਰਿਹਾ ਥਰਮਲ ਪਲਾਂਟ ਦਾ ਪਹਿਲਾ ਯੂਨਿਟ ਵੀ ਇਸ ਵਰ੍ਹੇ ਆਰੰਭ ਹੋਣ ਦੀ ਉਮੀਦ ਹੈ।

Be the first to comment

Leave a Reply

Your email address will not be published.