‘ਆਪ’ ਦੀਆਂ ਦੋਵਾਂ ਧਿਰਾਂ ‘ਚ ਟਕਰਾਅ ਵਧਣ ਦੇ ਆਸਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚ ਪਾੜਾ ਵਧਦਾ ਜਾ ਰਿਹਾ ਹੈ। ਇਕ ਪਾਸੇ ਬਾਗੀ ਧਿਰ ਨੇ ਸਾਫ ਕਰ ਦਿੱਤਾ ਹੈ ਕਿ ਬਠਿੰਡਾ ਕਨਵੈਨਸ਼ਨ ਦੇ ਮਤਿਆਂ ਨੂੰ ਸਿਰੇ ਚੜ੍ਹਾਏ ਬਿਨਾਂ ਉਹ ਹਾਈਕਮਾਂਡ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ।

ਦੂਜੇ ਪਾਸੇ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਮੀਟਿੰਗ ਵਿਚ ਮਤਾ ਪਾਸ ਕਰਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿਰੁੱਧ ਤੁਰਤ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਅਨੁਸਾਰ ਹਾਈਕਮਾਂਡ ਇਸ ਮਤੇ ਉਪਰ ਗੰਭੀਰਤਾ ਨਾਲ ਗੌਰ ਕਰ ਰਹੀ ਹੈ। ਹਾਲਾਂਕਿ ਬਾਅਦ ਵਿਚ ਦਿੱਲੀ ਵਿਚ ਹੋਈ ਮੀਟਿੰਗ ਵਿਚ ਬਾਗੀਆਂ ਨਾਲ ਨਰਮੀ ਵਿਖਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਪਰ ਅੰਦਰੋਂ ਅੰਦਰੀਂ ਸਭ ਠੀਕ ਹੋਣ ਦੇ ਲੱਛਣ ਨਹੀਂ ਲੱਗ ਰਹੇ।
ਇਸੇ ਦੌਰਾਨ ਬਾਗੀ ਧੜੇ ਵੱਲੋਂ ਬਣਾਈ 16 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀæਏæਸੀæ) ਦੀ ਪਲੇਠੀ ਮੀਟਿੰਗ ਦੌਰਾਨ ਪਾਰਟੀ ਦੇ ਬਰਾਬਰ ਆਪਣਾ ਢਾਂਚਾ ਬਣਾਉਣਾ ਦਾ ਫੈਸਲਾ ਲੈਣ ਕਾਰਨ ਕਿਸੇ ਤਰ੍ਹਾਂ ਦੀ ਸਹਿਮਤੀ ਲਈ ਗੱਲਬਾਤ ਦੀਆਂ ਸੰਭਾਵਨਾਵਾਂ ਘਟਦੀਆਂ ਜਾ ਰਹੀਆਂ ਹਨ। ਮੀਟਿੰਗ ਤੋਂ ਬਾਅਦ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨਾਲ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਹਾਲੇ ਤੱਕ ਸਮਝੌਤੇ ਬਾਰੇ ਕੋਈ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਸਾਫ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਦਾ ਤੀਸਰੀ ਧਿਰ ਉਸਾਰਨ ਦਾ ਸੁਪਨਾ ਸਾਕਾਰ ਕਰਨ ਦੇ ਯਤਨਾਂ ਵਿਚ ਹਨ ਕਿਉਂਕਿ ਭੰਗ ਕੀਤੀ ਬਾਡੀ 1900 ਵੋਟਾਂ ਤੱਕ ਸਿਮਟ ਗਈ ਸੀ। ਸੂਤਰਾਂ ਅਨੁਸਾਰ ਪਾਰਟੀ ਦੀ ਲੀਡਰਸ਼ਿਪ ਨੇ ਬਾਗੀ ਧੜੇ ਨਾਲ ਗਏ ਕੁਝ ਆਗੂਆਂ ਦੀ ਥਾਂ ਨਵੀਆਂ ਨਿਯੁਕਤੀਆਂ ਕਰਨ ਦੀ ਪ੍ਰਕਿਰਿਆ ਵੀ ਆਰੰਭ ਦਿੱਤੀ ਹੈ, ਜਿਸ ਕਾਰਨ ‘ਆਪ’ ਵਿਚਲਾ ਕਲੇਸ਼ ਹੋਰ ਵਧਣ ਦੇ ਸੰਕੇਤ ਹਨ।
ਖਹਿਰਾ ਧੜੇ ਨੇ 22 ਅਗਸਤ ਨੂੰ ਫਰੀਦਕੋਟ, 25 ਅਗਸਤ ਨੂੰ ਗੁਰਦਾਸਪੁਰ ਅਤੇ 2 ਸਤੰਬਰ ਨੂੰ ਮੋਗਾ ਵਿਚ ਜ਼ਿਲ੍ਹਾ ਪੱਧਰੀ ਇਕੱਠ ਕਰਨ ਦਾ ਐਲਾਨ ਵੀ ਕੀਤਾ ਹੈ। ਇਸੇ ਤਰ੍ਹਾਂ ਬਾਗੀ ਧੜੇ ਨੇ 22 ਜ਼ਿਲ੍ਹਿਆਂ ਲਈ ਪੀæਏæਸੀæ ਦੇ 16 ਮੈਂਬਰਾਂ ਨੂੰ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸ ਧੜੇ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀæਪੀæ ਸਿੰਘ ਬਦਨੌਰ ਨੂੰ ਮਿਲ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਾਗੂ ਕਰਨ ਸਮੇਤ ਪੰਜਾਬ ਦੇ ਕਈ ਹੋਰ ਮੁੱਦੇ ਉਠਾਏ।
_____________________
ਪ੍ਰਧਾਨ ਬਣਨ ਦੀ ਥਾਂ ਵਲੰਟੀਅਰ ਵਜੋਂ ਕਰਾਂਗਾ ਕੰਮ: ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ‘ਚ ਆਪਸੀ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ ਫਿਰ ਤੋਂ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਬਤੌਰ ਵਲੰਟੀਅਰ ਦੇ ਉਹ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚ ਜਾ ਕੇ ਪਾਰਟੀ ਨੂੰ ਸੰਕਟ ਵਿਚੋਂ ਕੱਢਣ ਦੀ ਕੋਸ਼ਿਸ਼ ਕਰਨਗੇ। ਭਗਵੰਤ ਮਾਨ ਨੇ ਆਪਣੇ ਅਸਤੀਫੇ ਬਾਰੇ ਸੁਖਪਾਲ ਸਿੰਘ ਖਹਿਰਾ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਕੰਮ ਕਰਨ ਲਈ ਅਹੁਦਿਆਂ ਦੇ ਮੁਹਤਾਜ ਨਹੀਂ।
______________________
ਛੋਟੇਪੁਰ ਨੇ ਤੀਜੇ ਬਦਲ ਲਈ ਭਖਾਇਆ ਮੋਰਚਾ
ਗੁਰਦਾਸਪੁਰ: ‘ਆਪਣਾ ਪੰਜਾਬ’ ਪਾਰਟੀ ਦੇ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਦਾਅਵਾ ਕੀਤਾ ਹੈ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਸਤਾਏ ਲੋਕ ਪੰਜਾਬ ਵਿਚ ਨਵਾਂ ਬਦਲ ਲਿਆਉਣ ਲਈ ਤਿਆਰ ਹਨ ਅਤੇ ਇਮਾਨਦਾਰ ਲੀਡਰਾਂ ਦੀ ਪਾਰਟੀ ਨੂੰ ਤਲਾਸ਼ ਹੈ। ਅਪਣਾ ਪੰਜਾਬ ਪਾਰਟੀ ਲੋਕਾਂ ਨੂੰ ਬਿਹਤਰ ਬਦਲ ਦੇਣ ਦਾ ਭਰੋਸਾ ਦਿਵਾਉਂਦੀ ਹੈ ਅਤੇ ਸੂਬੇ ਵਿਚ ਤੀਜਾ ਬਦਲ ਉਸਾਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਸ੍ਰੀ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਤੀਜੇ ਬਦਲ ਵਜੋਂ ‘ਅਪਣਾ ਪੰਜਾਬ ਪਾਰਟੀ’ ਲਈ ਵਰਕਰ ਹੇਠਲੇ ਪੱਧਰ ਉਤੇ ਮਿਹਨਤ ਕਰ ਰਹੇ ਹਨ।
______________________________
ਭਗਵੰਤ ਮਾਨ ਦੀ ਦੋ ਸਾਲ ਪੁਰਾਣੀ ਆਡੀਓ ਜਾਰੀ
ਫਰੀਦਕੋਟ: ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਪ੍ਰੈੱਸ ਕਾਨਫਰੰਸ ਕਰ ਕੇ ਭਗਵੰਤ ਮਾਨ ਦੀ ਇਕ ਆਡੀਓ ਜਾਰੀ ਕੀਤੀ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਆਡੀਓ ‘ਚ ਭਗਵੰਤ ਮਾਨ ਕੁਝ ਪਾਰਟੀ ਵਰਕਰਾਂ ਨਾਲ ਬਾਘਾਪੁਰਾਣਾ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਬਾਰੇ ਗੱਲ ਕਰ ਰਹੇ ਹਨ, ਜਿਥੋਂ ਐਚæਐਸ਼ ਫੂਲਕਾ ਦੇ ਰਿਸ਼ਤੇਦਾਰ ਗੁਰਬਿੰਦਰ ਸਿੰਘ ਕੰਗ ਨੇ ਚੋਣ ਲੜੀ ਸੀ ਅਤੇ ਉਹ 4000 ਵੋਟ ਦੇ ਫਰਕ ਨਾਲ ਹਾਰ ਗਏ ਸੀ।
ਸਨਕਦੀਪ ਸਿੰਘ ਸੰਧੂ ਅਤੇ ਸਵਰਨ ਸਿੰਘ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਚੋਣਾਂ ਦੌਰਾਨ ਕੁਝ ਉਮੀਦਵਾਰਾਂ ਦਾ ਵਿਰੋਧ ਕੀਤਾ ਸੀ ਜਿਸ ਕਰ ਕੇ ਸ੍ਰੀ ਕੰਗ ਚੋਣ ਹਾਰ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਹੁਣ ਆਮ ਆਦਮੀ ਪਾਰਟੀ ਨੇ ਸੂਬੇ ਦਾ ਮੁਖੀ ਥਾਪਣ ਦਾ ਫੈਸਲਾ ਕੀਤਾ ਹੈ। ਕਰੀਬ ਦੋ ਸਾਲ ਪੁਰਾਣੀ ਆਡੀਓ ਨੂੰ ਜਾਰੀ ਕਰ ਕੇ ਸੁਖਪਾਲ ਖਹਿਰਾ ਦੇ ਧੜੇ ਨੇ ਇਸ ਆਡੀਓ ਦੀ ਜਾਂਚ ਮੰਗ ਕਰਦਿਆਂ ਭਗਵੰਤ ਮਾਨ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਕੋਈ ਆਡੀਓ ਨਹੀਂ ਸੁਣੀ ਅਤੇ ਉਸ ਨੇ ਚੋਣਾਂ ਦੌਰਾਨ ਪੰਜਾਬ ਵਿਚ ਕਰੀਬ 300 ਰੈਲੀਆਂ ਆਪਣੇ ਉਮੀਦਵਾਰਾਂ ਦੇ ਹੱਕ ‘ਚ ਕੀਤੀਆਂ। ਭਗਵੰਤ ਮਾਨ ਨੇ ਕਿਹਾ ਕਿ ਉਸ ਦਾ ਕੋਈ ਧੜਾ ਨਹੀਂ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਆਪਣਾ ਆਗੂ ਮੰਨਦੇ ਹਨ। ਉਨ੍ਹਾਂ ਸਥਾਨਕ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿਚ ਖਹਿਬੜਨ ਦੀ ਥਾਂ ਇਕਮੁੱਠ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।