ਗੈਂਗਸਟਰਾਂ ਦੀ ਦਹਿਸ਼ਤ ਅੱਗੇ ਜੇਲ੍ਹ ਅਫਸਰਾਂ ਦੇ ਹੱਥ ਖੜ੍ਹੇ

ਬਠਿੰਡਾ: ਗੈਂਗਸਟਰਾਂ ਨੇ ਜੇਲ੍ਹਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ। ਅਜਿਹੇ ਹਾਲਾਤ ‘ਚ ਕਈ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕਰ ਲਈ ਹੈ। ਲੰਘੇ ਦਸ ਵਰ੍ਹਿਆਂ ਦੌਰਾਨ ਤਕਰੀਬਨ ਸਵਾ ਸੌ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। ਇਨ੍ਹਾਂ ‘ਚੋਂ ਬਹੁਤੇ ਸਵੈ-ਇੱਛਾ ਨਾਲ ਸੇਵਾ ਮੁਕਤੀ ਲੈ ਗਏ ਅਤੇ ਕਈਆਂ ਨੇ ਅਸਤੀਫੇ ਦੇ ਦਿੱਤੇ ਹਨ। ਗੱਠਜੋੜ ਵਜ਼ਾਰਤ ਦੇ ਸਮੇਂ ਤੋਂ ਜੇਲ੍ਹਾਂ ‘ਚ ਦਹਿਸ਼ਤ ਦੇ ਦੌਰ ਦਾ ਮੁੱਢ ਬੱਝਿਆ ਸੀ ਜਿਸ ਤੋਂ ਹਾਲੇ ਤੱਕ ਜੇਲ੍ਹਾਂ ਮੁਕਤ ਨਹੀਂ ਹੋਈਆਂ। ਉਂਜ, ਸਵੈ ਇੱਛਕ ਸੇਵਾ ਮੁਕਤੀ (ਵੀæਆਰæਐਸ਼) ਅਤੇ ਅਸਤੀਫਾ ਦੇਣ ਪਿੱਛੇ ਅਧਿਕਾਰੀ ਤੇ ਮੁਲਾਜ਼ਮ ਘਰੇਲੂ ਹਾਲਾਤ ਅਤੇ ਸਿਹਤ ਠੀਕ ਨਾ ਹੋਣ ਦਾ ਹੀ ਤਰਕ ਦਿੰਦੇ ਹਨ।

ਆਰæਟੀæਆਈæ ਵੇਰਵਿਆਂ ਅਨੁਸਾਰ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਦੇ ਨਵੰਬਰ 2011 ਤੋਂ ਹੁਣ ਤੱਕ 21 ਅਫਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। 19 ਅਫਸਰਾਂ/ਮੁਲਾਜ਼ਮਾਂ ਨੇ ਵੀæਆਰæਐਸ਼ ਲੈ ਲਈ ਹੈ ਜਦਕਿ ਸਹਾਇਕ ਸੁਪਰਡੈਂਟ ਅਤੇ ਇਕ ਵਾਰਡਰ ਨੇ ਅਸਤੀਫਾ ਦਿੱਤਾ ਹੈ। ਬਹੁਗਿਣਤੀ ਨੇ ਘਰੇਲੂ ਕਾਰਨਾਂ ਦਾ ਵਾਸਤਾ ਪਾਇਆ ਹੈ। ਇਕ ਸਹਾਇਕ ਸੁਪਰਡੈਂਟ ਨੇ ਜੇਲ੍ਹ ਦੀ ਨੌਕਰੀ ਛੱਡ ਕੇ ਪੰਜਾਬ ਪੁਲਿਸ ‘ਚ ਸਬ ਇੰਸਪੈਕਟਰ ਦੀ ਨੌਕਰੀ ਜੁਆਇਨ ਕੀਤੀ ਹੈ। ਸੰਗਰੂਰ ਜੇਲ੍ਹ ਦੇ ਅੱਠ ਅਫਸਰਾਂ/ ਮੁਲਾਜ਼ਮਾਂ ਨੇ ਨੌਕਰੀ ਛੱਡੀ ਹੈ। ਇਸ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਘਰੇਲੂ ਹਾਲਾਤ ਠੀਕ ਨਾ ਹੋਣ ਕਰ ਕੇ ਅਸਤੀਫਾ ਦੇ ਦਿੱਤਾ। ਸੰਗਰੂਰ ਜੇਲ੍ਹ ‘ਚ ਬੰਦ ਕੈਦੀ ਰਾਜੀਵ ਕੁਮਾਰ ਨੇ 30 ਮਈ 2015 ਨੂੰ ਸਹਾਇਕ ਜੇਲ੍ਹ ਸੁਪਰਡੈਂਟ ਜਗਮੇਲ ਸਿੰਘ ਨੂੰ ਧਮਕੀ ਦਿੱਤੀ ਅਤੇ ਚਾਰ ਹਵਾਲਾਤੀਆਂ ਨੇ 13 ਅਪਰੈਲ 2017 ਨੂੰ ਸੁਪਰਡੈਂਟ ਹਰਦੀਪ ਭੱਟੀ ਅਤੇ ਸਹਾਇਕ ਸੁਪਰਡੈਂਟ ਕੈਲਾਸ਼ ਕੁਮਾਰ ਨੂੰ ਧਮਕੀ ਦਿੱਤੀ। ਬਠਿੰਡਾ ਜੇਲ੍ਹ ‘ਚ ਲੰਘੇ ਤਿੰਨ ਵਰ੍ਹਿਆਂ ਦੌਰਾਨ ਚਾਰ ਅਫਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡੀ ਹੈ ਜਿਨ੍ਹਾਂ ‘ਚ ਇਕ ਸਹਾਇਕ ਸੁਪਰਡੈਂਟ ਵੀ ਸ਼ਾਮਲ ਹੈ।
ਫਰੀਦਕੋਟ ਜੇਲ੍ਹ ਦੇ ਸੱਤ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕੀਤੀ ਹੈ ਜਿਨ੍ਹਾਂ ਵਿਚੋਂ ਦੋ ਨੇ ਅਸਤੀਫੇ ਦਿੱਤੇ ਹਨ। ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਗੈਂਗਸਟਰਾਂ ਨੇ ਧਮਕੀ ਵੀ ਦਿੱਤੀ ਜਿਸ ਦੀ ਥਾਣੇ ਵਿਚ ਰਿਪੋਰਟ ਦਰਜ ਵੀ ਕਰਾਈ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੁਝ ਜੇਲ੍ਹ ਅਫਸਰਾਂ ਦਾ ਪ੍ਰਤੀਕਰਮ ਸੀ ਕਿ ਚੰਗੇ ਅਫਸਰਾਂ ਲਈ ਹੁਣ ਜੇਲ੍ਹ ਦੀ ਨੌਕਰੀ ਦੁੱਭਰ ਹੋ ਗਈ ਹੈ। ਗੈਂਗਸਟਰ ਥੋੜ੍ਹੀ ਜਿਹੀ ਸਖਤੀ ਉਤੇ ਅੱਖਾਂ ਦਿਖਾਉਣ ਲੱਗੇ ਜਾਂਦੇ ਹਨ। ਸਿਕਿਉਰਿਟੀ ਜੇਲ੍ਹ ਨਾਭਾ ਦੇ ਸਹਾਇਕ ਸੁਪਰਡੈਂਟ ਨੇ ਪੰਜਾਬ ਪੁਲਿਸ ਦੀ ਸਬ ਇੰਸਪੈੱਕਟਰੀ ਨੂੰ ਤਰਜੀਹ ਦਿੱਤੀ ਹੈ। ਸਬ ਜੇਲ੍ਹ ਦਸੂਹਾ ਦੇ ਇਕ ਮੁਲਾਜ਼ਮ ਨੇ ਵੀæਆਰæਐਸ਼ ਲਈ ਹੈ ਅਤੇ ਇਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਇਕ ਹਵਾਲਾਤੀ ਨੇ ਫੋਨ ਉਤੇ ਧਮਕੀ ਦਿੱਤੀ ਹੈ। ਥਾਣੇ ਨੂੰ ਰਿਪੋਰਟ ਵੀ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਕੇਂਦਰੀ ਜੇਲ੍ਹ ਲੁਧਿਆਣਾ ਦੇ 10 ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਲੰਘੇ ਪੰਜ ਵਰ੍ਹਿਆਂ ਦੌਰਾਨ ਨੌਕਰੀ ਨੂੰ ਅਲਵਿਦਾ ਆਖਿਆ ਹੈ ਜਿਨ੍ਹਾਂ ਵਿਚੋਂ ਦੋ ਨੇ ਅਸਤੀਫਾ ਦਿੱਤਾ ਹੈ। ਇਸ ਜੇਲ੍ਹ ‘ਚ 67 ਅਸਾਮੀਆਂ ਖਾਲੀ ਹਨ। ਫਿਰੋਜ਼ਪੁਰ ਜੇਲ੍ਹ ਦੇ ਅੱਠ ਹੈੱਡ ਵਾਰਡਰਾਂ ਅਤੇ ਵਾਰਡਰਾਂ ਨੇ ਨੌਕਰੀ ਛੱਡੀ ਹੈ ਜਦੋਂ ਕਿ ਰੋਪੜ ਜੇਲ੍ਹ ਦੇ ਅੱਠ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵੀæਆਰæਐਸ਼ ਲੈ ਲਈ ਹੈ ਜਿਨ੍ਹਾਂ ‘ਚ ਦੋ ਸਹਾਇਕ ਸੁਪਰਡੈਂਟ ਵੀ ਸ਼ਾਮਲ ਹਨ। ਸੂਤਰ ਦੱਸਦੇ ਹਨ ਕਿ ਜੇਲ੍ਹਾਂ ਦੇ ਮਾਹੌਲ ਨੂੰ ਦੇਖਦੇ ਹੋਏ ਹੁਣ ਤਾਂ ਕੋਈ ਜੇਲ੍ਹ ਸੁਪਰਡੈਂਟ ਵੀ ਲੱਗਣ ਨੂੰ ਤਿਆਰ ਨਹੀਂ ਹੈ।
ਇਹ ਵੀ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਜੇਲ੍ਹਾਂ ‘ਚ ਨਸ਼ਿਆਂ ਤੇ ਮੋਬਾਈਲਾਂ ਦੀ ਵਰਤੋਂ ਵੀ ਰੁਕੀ ਨਹੀਂ ਅਤੇ ਇਹ ਧੰਦਾ ਜੇਲ੍ਹ ਸਟਾਫ ਦੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਨਹੀਂ ਹੈ। ਬਹੁਤੇ ਜੇਲ੍ਹ ਅਧਿਕਾਰੀ ਜੇਲ੍ਹਾਂ ‘ਚ ਦੋ ਨੰਬਰ ਦੇ ਕਾਰੋਬਾਰ ਨੂੰ ਹੱਲਾਸ਼ੇਰੀ ਦੇ ਕੇ ਹੱਥ ਵੀ ਰੰਗ ਰਹੇ ਹਨ। ਜੇਲ੍ਹਾਂ ਵਿਚ ਲੜਾਈ ਝਗੜੇ ਵੀ ਪਹਿਲਾਂ ਨਾਲੋਂ ਵਧੇ ਹਨ। ਪੰਜਾਬ ਵਿਚ ਛੋਟੀਆਂ ਵੱਡੀਆਂ 26 ਜੇਲ੍ਹਾਂ ਹਨ ਜਿਨ੍ਹਾਂ ਦੀ 23,218 ਬੰਦੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ। ਇਨ੍ਹਾਂ ਜੇਲ੍ਹਾਂ ‘ਚ ਵਾਰਡਰ ਗਾਰਦ ਦੀਆਂ 2683 ਅਸਾਮੀਆਂ ਪ੍ਰਵਾਨਿਤ ਹਨ ਜਿਨ੍ਹਾਂ ‘ਚੋਂ 789 ਖਾਲੀ ਪਈਆਂ ਹਨ। ਜੇਲ੍ਹਾਂ ਦੀ ਸੁਰੱਖਿਆ ਤੇ ਪੰਜਾਬ ਪੁਲਿਸ/ ਆਈæਆਰæਬੀæ/ ਪੀæਏæਪੀæ/ਹੋਮ ਗਾਰਡ ਅਤੇ ਪੈਸਕੋ ਦੇ ਕਰੀਬ 1867 ਜਵਾਨ ਤਾਇਨਾਤ ਕੀਤੇ ਹੋਏ ਹਨ। ਹੁਣ ਛੇ ਜੇਲ੍ਹਾਂ ਦੀ ਸੁਰੱਖਿਆ ਕੇਂਦਰੀ ਸਨਅਤੀ ਸੁਰੱਖਿਆ ਦਲ ਨੂੰ ਦਿੱਤੀ ਜਾਣੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ ਕਰੀਬ ਸਵਾ ਦੋ ਸੌ ਗੈਂਗਸਟਰ ਬੰਦ ਹਨ ਜਿਨ੍ਹਾਂ ‘ਚੋਂ 35 ਖਤਰਨਾਕ ਗੈਂਗਸਟਰ ਹਨ।