ਪੰਜਾਬ ਦੇ ਸੰਸਦ ਮੈਂਬਰਾਂ ਨੂੰ ਪਿਆ ਹਵਾਈ ਝੂਟਿਆਂ ਦਾ ਭੁੱਸ

ਬਠਿੰਡਾ: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਭੱਤੇ (ਟੀਏ/ਡੀਏ) ਲੈਣ ਵਿਚ ਝੰਡੀ ਲੈ ਲਈ ਹੈ ਜਦੋਂਕਿ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਭੱਤੇ ਲੈਣ ਵਿਚ ਸਭ ਤੋਂ ਪਿੱਛੇ ਹਨ। ਹਵਾਈ ਯਾਤਰਾ ਉਤੇ ਰਹਿਣ ਵਾਲੇ ਸੰਸਦ ਮੈਂਬਰਾਂ ਦੇ ਭੱਤੇ ਵੱਧ ਬਣਦੇ ਹਨ।

ਪੰਜਾਬ ਦੇ ਦੋ-ਤਿੰਨ ਸੰਸਦ ਮੈਂਬਰ ਤਾਂ ਮੁਫਤ ਹਵਾਈ ਸੇਵਾ ਦਾ ਪੂਰਾ ਲਾਭ ਲੈਂਦੇ ਹਨ। ਫਤਿਹਗੜ੍ਹ ਸਾਹਿਬ ਤੋਂ ਐਮæਪੀæ ਹਰਿੰਦਰ ਸਿੰਘ ਖਾਲਸਾ ਨੇ ਪਹਿਲੀ ਅਪਰੈਲ 2015 ਤੋਂ 30 ਜੂਨ 2018 ਤੱਕ ਕਰੀਬ 39æ73 ਲੱਖ ਰੁਪਏ ਟੀæਏ/ਡੀæਏ ਵਜੋਂ ਵਸੂਲ ਕੀਤੇ ਹਨ, ਜਿਸ ਦਾ ਮਤਲਬ ਹੈ ਕਿ ਖਾਲਸਾ ਔਸਤਨ 3400 ਰੁਪਏ ਰੋਜ਼ਾਨਾ ਟੀæਏ/ਡੀæਏ ਲੈ ਰਹੇ ਹਨ। ਪ੍ਰਤੀ ਮਹੀਨਾ ਉਹ ਔਸਤਨ 1æ01 ਲੱਖ ਰੁਪਏ ਭੱਤੇ ਲੈ ਰਹੇ ਹਨ। ਵੇਰਵਿਆਂ ਅਨੁਸਾਰ ਐਮæਪੀ ਖ਼ਾਲਸਾ ਦੀ ਸੰਸਦ ਵਿਚ ਕਾਰਗੁਜ਼ਾਰੀ ਪੰਜਾਬ ਦੇ ਬਾਕੀ ਸੰਸਦ ਮੈਂਬਰਾਂ ਦੇ ਮੁਕਾਬਲੇ ਕੋਈ ਖਾਸ ਨਹੀਂ ਹੈ। ਵੱਧ ਭੱਤੇ ਲੈਣ ਵਾਲੇ ਐਮæਪੀ ਤਰਕ ਦਿੰਦੇ ਹਨ ਕਿ ਉਹ ਲੋਕ ਮਸਲਿਆਂ ਨੂੰ ਲੈ ਕੇ ਭੱਜ-ਨੱਠ ਜ਼ਿਆਦਾ ਕਰਦੇ ਹਨ, ਜਿਸ ਕਰ ਕੇ ਭੱਤਿਆਂ ਦੀ ਰਾਸ਼ੀ ਵੱਧ ਬਣ ਜਾਂਦੀ ਹੈ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾæ ਧਰਮਵੀਰ ਗਾਂਧੀ ਪੰਜਾਬ ਵਿਚੋਂ ਏਦਾਂ ਦੇ ਐਮæਪੀæ ਹਨ, ਜਿਨ੍ਹਾਂ ਨੇ ਸਭ ਤੋਂ ਘੱਟ 6æ54 ਲੱਖ ਰੁਪਏ ਭੱਤੇ ਲਏ ਹਨ। ਐਮਪੀ ਗਾਂਧੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਿਰਫ ਦੋ ਵਾਰ ਹਵਾਈ ਸਫਰ ਸਰਕਾਰੀ ਖਰਚੇ ਉਤੇ ਕੀਤਾ ਹੈ ਅਤੇ ਬਾਕੀ ਸਫਰ ਉਨ੍ਹਾਂ ਸੜਕੀ ਰਸਤੇ ਹੀ ਕੀਤਾ ਹੈ। ਉਨ੍ਹਾਂ ਆਖਿਆ ਕਿ ਭੱਤਿਆਂ ਨੂੰ ਕਾਰਗੁਜ਼ਾਰੀ ਨਾਲ ਨਹੀਂ ਜੋੜਿਆ ਜਾ ਸਕਦਾ।
ਭੱਤੇ ਲੈਣ ‘ਚ ਦੂਜਾ ਨੰਬਰ ਫਿਰੋਜ਼ਪੁਰ ਤੋਂ ਅਕਾਲੀ ਐਮæਪੀæ ਸ਼ੇਰ ਸਿੰਘ ਘੁਬਾਇਆ ਦਾ ਆਉਂਦਾ ਹੈ, ਜਿਨ੍ਹਾਂ ਨੇ ਲੰਘੇ 39 ਮਹੀਨਿਆਂ ਵਿਚ 29 ਲੱਖ ਰੁਪਏ ਟੀæਏ/ਡੀæਏ ਵਜੋਂ ਵਸੂਲੇ ਹਨ। ਤੀਸਰੇ ਸਥਾਨ ‘ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਹਨ, ਜਿਨ੍ਹਾਂ ਨੇ 27æ90 ਲੱਖ ਰੁਪਏ ਟੀæਏ/ਡੀæਏ ਵਜੋਂ ਹਾਸਲ ਕੀਤੇ ਹਨ। ਐਮæਪੀæ ਚੰਦੂਮਾਜਰਾ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਹਨ। ਅਕਾਲੀ ਦਲ ਦੇ ਸੂਤਰ ਆਖਦੇ ਹਨ ਕਿ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਸ਼ਮੂਲੀਅਤ ਜ਼ਿਆਦਾ ਹੋਣ ਕਰ ਕੇ ਚੰਦੂਮਾਜਰਾ ਦੇ ਭੱਤੇ ਜ਼ਿਆਦਾ ਬਣੇ ਹਨ। ਦੂਸਰੀ ਤਰਫ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਸਭ ਤੋਂ ਘੱਟ ਭੱਤੇ ਲੈਣ ਵਾਲੇ ਸੰਸਦ ਮੈਂਬਰਾਂ ਵਿਚੋਂ ਦੂਜੇ ਨੰਬਰ ਉਤੇ ਹਨ, ਜਿਨ੍ਹਾਂ ਨੇ ਇਸ ਸਮੇਂ ਦੌਰਾਨ 6æ84 ਲੱਖ ਰੁਪਏ ਭੱਤਿਆਂ ਵਜੋਂ ਪ੍ਰਾਪਤ ਕੀਤੇ ਹਨ।
ਭਗਵੰਤ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਰਕਾਰੀ ਖਜ਼ਾਨੇ ਵਿਚੋਂ ਭੱਤੇ ਬਹੁਤ ਸੰਜਮ ਨਾਲ ਲਏ ਹਨ ਅਤੇ ਸੜਕੀ ਤੇ ਰੇਲ ਰਸਤੇ ਸਫਰ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਵੇਰਵਿਆਂ ਅਨੁਸਾਰ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਤਨਖਾਹ,45 ਹਜ਼ਾਰ ਰੁਪਏ ਹਲਕਾ ਭੱਤਾ ਅਤੇ 15 ਹਜ਼ਾਰ ਰੁਪਏ ਦਫਤਰੀ ਭੱਤਾ ਮਿਲਦਾ ਹੈ। ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਐਮæਪੀ ਪ੍ਰੋæ ਸਾਧੂ ਸਿੰਘ ਨੇ ਉਕਤ ਸਮੇਂ ਦੌਰਾਨ 8æ88 ਲੱਖ ਰੁਪਏ ਟੀæਏ/ਡੀæਏ ਵਜੋਂ ਵਸੂਲੇ ਹਨ ਜਦੋਂ ਕਿ ਲੁਧਿਆਣਾ ਤੋਂ ਕਾਂਗਰਸ ਦੇ ਐਮæਪੀ ਰਵਨੀਤ ਸਿੰਘ ਬਿੱਟੂ ਨੇ ਭੱਤਿਆਂ ਵਜੋਂ 11æ67 ਲੱਖ ਰੁਪਏ ਹਾਸਲ ਕੀਤੇ ਹਨ। ਜਲੰਧਰ ਤੋਂ ਕਾਂਗਰਸੀ ਐਮæਪੀ ਸੰਤੋਖ ਸਿੰਘ ਚੌਧਰੀ ਦੇ ਭੱਤਿਆਂ ਦਾ ਬਿੱਲ 11æ82 ਲੱਖ ਰੁਪਏ ਬਣਿਆ ਹੈ।
ਅਕਾਲੀ ਐਮæਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਸਮੇਂ ਦੌਰਾਨ 12æ39 ਲੱਖ ਰੁਪਏ ਦੇ ਭੱਤੇ ਪ੍ਰਾਪਤ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੋ ਵਰ੍ਹਿਆਂ ਵਿਚ ਬਤੌਰ ਐਮæਪੀ 2æ41 ਲੱਖ ਰੁਪਏ ਦੇ ਭੱਤੇ ਹਾਸਲ ਕੀਤੇ ਸਨ। ਉਨ੍ਹਾਂ ਸਿਰਫ ਚਾਰ ਦਫਾ ਇਹ ਭੱਤੇ ਲਏ ਹਨ। ਮੌਜੂਦਾ ਸੰਸਦ ਮੈਂਬਰਾਂ ਦੀ ਮਿਆਦ ਦਾ ਇਹ ਆਖਰੀ ਵਰ੍ਹਾ ਹੈ। ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸ਼ਲਾ ਦਾ ਕਹਿਣਾ ਹੈ ਕਿ ਪੰਜ ਵਰ੍ਹਿਆਂ ਮਗਰੋਂ ਹਰ ਐਮæਪੀæ ਆਪਣੀ ਕਾਰਗੁਜ਼ਾਰੀ ਅਤੇ ਸਰਕਾਰੀ ਖਜ਼ਾਨੇ ਵਿਚੋਂ ਲਈ ਤਨਖਾਹ ਅਤੇ ਸਾਰੇ ਭੱਤਿਆਂ ਦਾ ਰਿਪੋਰਟ ਕਾਰਡ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕਰੇ। ਉਨ੍ਹਾਂ ਆਖਿਆ ਕਿ ਐਮæਪੀæ ਆਪਣੇ ਕੰਮਾਂ ਦੀ ਚਰਚਾ ਤਾਂ ਚੋਣਾਂ ਸਮੇਂ ਕਰਦੇ ਹਨ ਪਰ ਖਜ਼ਾਨੇ ਵਿਚੋਂ ਲਈ ਰਕਮ ਤੇ ਸਹੂਲਤਾਂ ਦੀ ਚਰਚਾ ਕਿਧਰੇ ਵੀ ਨਹੀਂ ਕਰਦੇ।
________________________
ਔਜਲਾ ਵੱਲੋਂ ਗੌਲਫ ਕਲੱਬ ਨੂੰ ਗਰਾਂਟ ਦੇਣ ਦੀ ਛਿੜੀ ਚਰਚਾ
ਚੰਡੀਗੜ੍ਹ: ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਚੰਡੀਗੜ੍ਹ ਗੌਲਫ ਕਲੱਬ ਨੂੰ ਐਮæਪੀæ ਲੈਡ ਫੰਡ ਵਿਚੋਂ 20 ਲੱਖ ਰੁਪਏ ਦੀ ਗਰਾਂਟ ਦੇਣ ਦੇ ਮਾਮਲੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਵਿਰੋਧੀ ਧਿਰ ਅਕਾਲੀ-ਭਾਜਪਾ ਨੇ ਉਨ੍ਹਾਂ ਉਤੇ ਲੋਕ-ਪੱਖੀ ਵਿਕਾਸ ਕਾਰਜਾਂ ਲਈ ਆਈ ਗਰਾਂਟ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਦੂਜੇ ਪਾਸੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਸ੍ਰੀ ਔਜਲਾ ਨੇ ਕਿਹਾ ਕਿ ਇਕ ਸੰਸਦ ਮੈਂਬਰ ਵਜੋਂ ਉਨ੍ਹਾਂ ਨੂੰ 25 ਲੱਖ ਰੁਪਏ ਤੱਕ ਦੀ ਗਰਾਂਟ ਆਪਣੇ ਹਲਕੇ ਤੋਂ ਬਾਹਰ ਦੇਣ ਦਾ ਅਧਿਕਾਰ ਹੈ ਅਤੇ ਡਿਪਟੀ ਕਮਿਸ਼ਨਰ ਨੇ ਵੀ ਇਹ ਸਾਫ ਕੀਤਾ ਹੈ ਕਿ ਗਰਾਂਟ ਨਿਯਮਾਂ ਅਨੁਸਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਵੱਡੀ ਗਿਣਤੀ ਸੇਵਾ ਮੁਕਤ ਅਧਿਕਾਰੀ, ਜਿਨ੍ਹਾਂ ਵਿਚੋਂ ਕਈਆਂ ਨੇ ਦੇਸ਼ ਦੀ ਰੱਖਿਆ ਲਈ ਜੰਗਾਂ ਵੀ ਲੜੀਆਂ ਹਨ, ਚੰਡੀਗੜ੍ਹ ਗੌਲਫ ਕਲੱਬ ਦੇ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅੰਮ੍ਰਿਤਸਰ ਦਾ ਸੰਸਦ ਮੈਂਬਰ ਆਪਣੇ ਹਲਕੇ ਤੋਂ ਬਾਹਰ ਦੇ ਵਿਕਾਸ ਕਾਰਜਾਂ ਦੇ ਲਈ ਫੰਡ ਨਹੀਂ ਦੇ ਸਕਦਾ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਨੇ ਆਪਣੇ ਹਲਕੇ ਦੇ ਲੋਕ ਹਿੱਤਾਂ ਨੂੰ ਵਿਸਾਰ ਕੇ ਗੌਲਫ ਕਲੱਬ ਲਈ ਰਕਮ ਕਿਉਂ ਦਿੱਤੀ ਹੈ। ਸ੍ਰੀ ਔਜਲਾ ਨੇ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਹ ਸਾਬਤ ਕਰ ਕੇ ਦਿਖਾਉਣ ਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਕਲੱਬ ਤੋਂ ਕੋਈ ਲਾਭ ਹਾਸਲ ਕੀਤਾ ਹੈ। ਪੈਸੇ ਦੀ ਸਹੀ ਵਰਤੋਂ ਕਰਨੀ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਬਣਦੀ ਹੈ।