ਸਾਧੇ ਮਨਾਂ ਵਾਲੇ ਸਾਧਾਂ ਦੀ ਸੋਭਾ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅੰਰਗੇਜ਼ਾਂ ਦੇ ਰਾਜ ਵੇਲੇ ਫੌਜ ਵਿਚੋਂ ਸੇਵਾ ਮੁਕਤ ਹੋਣ ਮਗਰੋਂ ਦਰਬਾਰ ਸਾਹਿਬ ਅੰਮ੍ਰਿਤਸਰ ਹੈਡ ਗ੍ਰੰਥੀ ਰਹੇ ਗਿਆਨੀ ਕਰਤਾਰ ਸਿੰਘ ‘ਕਲਾਸਵਾਲੀਆ’ ਨੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਪ੍ਰਸਿੱਧ ਗ੍ਰੰਥ ਲਿਖਿਆ ਹੋਇਆ ਹੈ। ਉਨ੍ਹਾਂ ਸਮਿਆਂ ਦੀ ਪ੍ਰਚਲਿਤ ਸ਼ੈਲੀ ਅਨੁਸਾਰ ‘ਬੈਂਤ’ ਛੰਦ ਵਿਚ ਲਿਖੇ ‘ਸ੍ਰੀ ਗੁਰੂ ਦਸਮੇਸ਼ ਪ੍ਰਕਾਸ਼’ ਨਾਂ ਦੇ ਇਸ ਇਤਿਹਾਸਕ ਗ੍ਰੰਥ ਵਿਚ ਗਿਆਨੀ ਜੀ ਨੇ ਲਿਖਿਆ ਹੈ ਕਿ ਜੰਗਾਂ-ਯੁੱਧਾਂ ਤੋਂ ਪਹਿਲੇ ਅਮਨ-ਅਮਾਨ ਵਾਲੇ ਦਿਨਾਂ ‘ਚ ਅਨੰਦਪੁਰ ਸਾਹਿਬ ਵਿਖੇ ਇਕ ਗ੍ਰਹਿਸਥੀ ਪਰਿਵਾਰ ਗੁਰੂ ਦਰਬਾਰ ਵਿਚ ਹਾਜ਼ਰ ਹੋਇਆ। ਨੰਦ ਸਿੰਘ ਨਾਂ ਦੇ ਆਪਣੇ ਜਵਾਨ ਪੁੱਤਰ ਵੱਲ ਇਸ਼ਾਰਾ ਕਰਦਿਆਂ ਮਾਂ-ਬਾਪ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ, ਸਾਡਾ ਇਕੋ-ਇਕ ਪੁੱਤਰ ਹੈ ਜੋ ਵਿਆਹ ਕਰਵਾਉਣ ਤੋਂ ਇਨਕਾਰੀ ਹੋ ਕੇ ਸਾਧੂ ਬਣਨਾ ਚਾਹੁੰਦਾ ਹੈ। ਸਾਡੀ ਚਾਹਤ ਹੈ ਕਿ ਇਹ ਘਰ-ਬਾਰੀ ਹੋ ਕੇ ਸਾਡੀ ਅੰਸ-ਬੰਸ ਚਲਦਾ ਰੱਖੇ।
ਗ੍ਰੰਥ-ਕਾਰ ਅਨੁਸਾਰ ਗੁਰੂ ਸਾਹਿਬ ਨੇ ਲੜਕੇ ਸਾਹਮਣੇ ਦੋ ਮਿਸਾਲਾਂ ਰੱਖੀਆਂ। ਇਕ ਗ੍ਰਹਿਸਥੀ ਪਰਿਵਾਰ ਦੀ ਅਤੇ ਇਕ ਸਾਧ ਦੀ। ਗ੍ਰਹਿਸਥੀ ਦੇ ਫਰਜ਼ਾਂ ਦਾ ਵਰਣਨ ਕਰਦਿਆਂ ਦਸਮੇਸ਼ ਪਿਤਾ ਨੇ ਜੰਗਲ ਵਿਚ ਰਹਿੰਦੇ ਕਬੂਤਰ-ਕਬੂਤਰੀ ਦਾ ਦਿਲਚਸਪ ਕਿੱਸਾ ਸੁਣਾਇਆ। ਜਿਸ ਦਰਖ਼ਤ ਉਤੇ ਇਸ ਕਬੂਤਰ ਜੋੜੀ ਦਾ ਆਲ੍ਹਣਾ ਸੀ, ਉਸ ਥੱਲੇ ਸਾਰੇ ਦਿਨ ਦਾ ਭੁੱਖਾ-ਭਾਣਾ ਕੋਈ ਸ਼ਿਕਾਰੀ ਆ ਬੈਠਾ। ਕਹਿਰਾਂ ਦੀ ਠੰਢ, ਉਤੋਂ ਪੈਂਦੇ ਮੀਂਹ ਕਾਰਨ ਉਹ ਦਰਖ਼ਤ ਥੱਲੇ ਬੈਠਾ ਠੁਰ-ਠੁਰ ਕਰ ਰਿਹਾ ਸੀ। ਪਲ-ਪਲ ਵਧਦੇ ਜਾਂਦੇ ਹਨ੍ਹੇਰੇ ਕਾਰਨ ਉਹ ਕਿਤੇ ਅਗਾਂਹ-ਪਿਛਾਂਹ ਵੀ ਨਾ ਜਾ ਸਕਿਆ। ਉਹਦਾ ਦੰਦੋ-ੜਿੱਕਾ ਵੱਜਦਾ ਦੇਖ ਕੇ ਕਬੂਤਰ-ਕਬੂਤਰੀ ਨੂੰ ਤਰਸ ਆਉਣ ਲੱਗਾ। ਉਨ੍ਹਾਂ ਦੋਹਾਂ ਸੋਚਿਆ ਕਿ ਇਹ ਕੋਈ ਰਾਹੀ ਮੁਸਾਫਿਰ ਅੱਜ ਸਾਡੇ ਘਰ ਠਹਿਰਿਆ ਹੈ। ਲੱਖ ਲਾਹਣਤ ਸਾਡੇ ਗ੍ਰਹਿਸਥੀ ਹੋਣ ‘ਤੇ, ਜੇ ਅਸੀਂ ਦਰ ਆਏ ਪ੍ਰਾਹੁਣੇ ਦੀ ਕੋਈ ਟਹਿਲ ਸੇਵਾ ਵੀ ਨਾ ਕਰ ਸਕੇ! ਆਪਸ ਵਿਚੀਂ ਉਹ ਵਿਉਂਤਾਂ ਬਣਾਉਣ ਲੱਗੇ।
ਸਭ ਤੋਂ ਪਹਿਲਾਂ ਸ਼ਿਕਾਰੀ ਦਾ ਕਾਂਬਾ ਦੂਰ ਕਰਨ ਦੀ ਸਕੀਮ ਬਣਾਈ। ਕਬੂਤਰ ਉਡਦਾ-ਉਡਦਾ ਜਾ ਕੇ ਕਿਸੇ ਪਿੰਡ ‘ਚੋਂ ਧੁਖਦੀ ਹੋਈ ਲੱਕੜੀ ਚੁੰਜ ‘ਚ ਫਸਾ ਲਿਆਇਆ। ਧੁਖ ਰਹੀ ਲੱਕੜੀ ਤਾਂ ਸ਼ਿਕਾਰੀ ਮੁਹਰੇ ਸੁੱਟ ਦਿੱਤੀ ਗਈ, ਪਰ ਅੱਗ ਬਾਲਣ ਲਈ ਕੀ ਕੀਤਾ ਜਾਏ? ਦੋਹਾਂ ਨੇ ਆਪਣਾ ਆਲ੍ਹਣਾ ਹੀ ਥੱਲੇ ਸੁੱਟ ਦਿੱਤਾ। ਰੱਬ ਦਾ ਲੱਖ-ਲੱਖ ਸ਼ੁਕਰ ਕਰਦਿਆਂ ਸ਼ਿਕਾਰੀ ਨੇ ਕੰਬਦੇ ਹੱਥਾਂ ਨਾਲ ਅੱਗ ਬਾਲ ਲਈ। ਹੁਣ ਕਬੂਤਰ-ਕਬੂਤਰੀ ਇਹ ਵਿਚਾਰ ਕਰਨ ਲੱਗੇ ਕਿ ਮੁਸਾਫਿਰ ਦੀ ਭੁੱਖ ਦਾ ਕੋਈ ਬੰਦੋਬਸਤ ਕੀਤਾ ਜਾਏ। ਦੋਹਾਂ ਨੇ ਸਲਾਹ ਕੀਤੀ ਕਿ ਸਾਡੇ ਵਿਚੋਂ ਇਕ ਨੂੰ ਬਲਦੀ ਅੱਗ ਵਿਚ ਛਾਲ ਮਾਰ ਦੇਣੀ ਚਾਹੀਦੀ ਹੈ ਤਾਂ ਕਿ ਭੁੱਜਿਆ ਮਾਸ ਖਾ ਕੇ ਅਤਿਥੀ ਤ੍ਰਿਪਤ ਹੋ ਸਕੇ। ਕਬੂਤਰ ਆਖਦਾ ਹੈ ਕਿ ਪਤੀ ਹੋਣ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਇਹ ਸੇਵਾ ਮੈਂ ਕਰਾਂ, ਪਰ ਕਬੂਤਰੀ ਅਰਧਾਂਗਣੀ ਹੋਣ ਨਾਤੇ ਆਪਣੇ ਸਿਰ ਦੇ ਸਾਈਂ ਦੀ ਸਲਾਮਤੀ ਮੰਗਦੀ ਹੋਈ ਖੁਦ ਅੱਗ ਵਿਚ ਮੱਚਣਾ ਚਾਹੁੰਦੀ ਹੈ।
ਇੱਥੇ ਗਿਆਨੀ ਜੀ ਨੇ ਦੋਹਾਂ ਦੀ ਵਾਰਤਾਲਾਪ ਨੂੰ ਇੰਨੇ ਕਰੁਣਾਮਈ ਸ਼ਬਦਾਂ ਵਿਚ ਬਿਆਨ ਕੀਤਾ ਹੈ ਕਿ ਪੜ੍ਹਦਿਆਂ ਅੱਖਾਂ ਨਮ ਹੋ ਜਾਂਦੀਆਂ ਹਨ। ਦੋਵੇਂ ਇਕ-ਦੂਜੇ ਨੂੰ ਦਲੀਲਾਂ ਦੇ-ਦੇ ਕੇ ਅੱਗ ਵਿਚ ਕੁੱਦਣ ਲਈ ਕਾਹਲੇ ਪਈ ਜਾਂਦੇ ਹਨ। ਆਖਰ ਪਤਨੀ ਦੇ ਨਾਂਹ-ਨਾਂਹ ਕਰਦਿਆਂ ਕਬੂਤਰ ਅੱਗ ਵਿਚ ਜਾ ਡਿੱਗਦਾ ਹੈ। ਉਹਦੇ ਮਗਰੇ ਹੀ ਕਬੂਤਰੀ ਵੀ ਆਪਣਾ-ਆਪ ਅਗਨ ਭੇਂਟ ਕਰ ਦਿੰਦੀ ਹੈ। ਇੰਜ ਇਹ ਗ੍ਰਹਿਸਥੀ ਜੋੜਾ ਘਰ ਆਏ ਮਹਿਮਾਨ ਦੀ ਉਦਰ-ਪੂਰਤੀ ਹਿੱਤ ਜਾਨ ਕੁਰਬਾਨ ਕਰ ਦਿੰਦਾ ਹੈ।
‘ਗ੍ਰਹਿਸਥੀ ਕੈਸਾ ਹੋਣਾ ਚਾਹੀਏ?’ ਦਾ ਦ੍ਰਿਸ਼ਟਾਂਤ ਦਿਖਾਉਣ ਬਾਅਦ ਦਸਮੇਸ਼ ਪਿਤਾ, ਸਾਧ ਦੇ ਲੱਛਣ ਦੱਸਦੀ ਕਥਾ ਬਿਆਨਦੇ ਹਨ। ਕਿਸੇ ਪਿੰਡ ਦੇ ਬਾਹਰ ਪੈਂਦੇ ਵਣ ਵਿਚ ਕੋਈ ਰਮਤਾ ਸਾਧੂ ਆ ਟਿਕਿਆ। ਹੌਲੀ-ਹੌਲੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹਦੇ ਲਈ ਪਿੰਡ ‘ਚੋਂ ਕਦੇ ਕਿਸੇ ਘਰੋਂ, ਕਦੇ ਕਿਸੇ ਘਰੋਂ ਰੋਟੀ ਜਾਣ ਲੱਗੀ। ਕੁਝ ਅਰਸੇ ਬਾਅਦ ਕਰਨੀ ਰੱਬ ਦੀ ਐਸੀ ਹੋਈ ਕਿ ਬਹੁਤੇ ਘਰਾਂ ਦੇ ਪ੍ਰਾਹੁਣੇ ਵਾਂਗੂੰ ਕਈ ਦਿਨ ਉਹਦੇ ਲਈ ਰੋਟੀ ਲੈ ਕੇ ਕੋਈ ਵੀ ਨਾ ਪਹੁੰਚਾ। ਕਈ ਦਿਨ ਬੀਤ ਗਏ, ਵਿਚਾਰਾ ਭੁੱਖਣ-ਭਾਣਾ ਬੈਠਾ ਰਿਹਾ। ਕੁਝ ਸੋਚ ਕੇ ਇਕ ਦਿਨ ਉਹ ਖੁਦ ਹੀ ਪਿੰਡ ਵੱਲ ਗੇੜਾ ਮਾਰਨ ਚਲਾ ਗਿਆ। ਕਿਸਮਤ ਦੀ ਖੇਡ ਕਿ ਉਸ ਨੂੰ ਕਿਸੇ ਨੇ ਪਾਣੀ ਵੀ ਨਾ ਪੁੱਛਿਆ। ਡਿੱਗਦਾ-ਢਹਿੰਦਾ ਮੁੜ ਵਣਾਂ ਵਿਚ ਪਰਤ ਆਇਆ। ਭੁੱਖ ਨੇ ਭਾਵੇਂ ਉਸ ਦੀ ਜਾਨ ਕੱਢੀ ਪਈ ਸੀ, ਪਰ ਉਹ ਸ਼ਾਂਤ ਚਿੱਤ ਹੋ ਕੇ ਭਜਨ ਬੰਦਗੀ ਕਰੀ ਗਿਆ।
ਇਸੇ ਮੰਦੜੇ ਹਾਲ ਵਿਚ ਕੁਝ ਦਿਨ ਹੋਰ ਬੀਤ ਗਏ ਤਾਂ ਇਕ ਸ਼ਾਮ ਪਰਮਾਤਮਾ ਦੇ ਭੇਜੇ ਹੋਏ ਕੁਝ ਦੂਤ ਸਾਧੂ ਕੋਲ ਆਏ। ਉਨ੍ਹਾਂ ਆਉਂਦਿਆਂ ਸਾਰ ਦੱਸਿਆ ਕਿ ਮਹਾਂਪੁਰਸ਼ੋ, ਭਗਵਾਨ ਨੇ ਆਪ ‘ਤੇ ਦਯਾ ਕਰਦਿਆਂ ਸਾਨੂੰ ਹੁਕਮ ਕੀਤਾ ਹੈ ਕਿ ਅਸੀਂ ਇਹੋ ਜਿਹੇ ਅ-ਸ਼ਰਧਕ ਅਤੇ ਨਾ-ਸ਼ੁਕਰੇ ਪਿੰਡ ਨੂੰ ਭਸਮਾ-ਭੂਤ ਕਰ ਆਈਏ ਜਿਥੋਂ ਦੇ ਵਾਸੀ ਆਪ ਤਾਂ ਦੋਏ ਵੇਲੇ ਅੰਨ-ਜਲ ਛਕੀ ਜਾ ਰਹੇ ਹਨ, ਪਰ ਰੱਬ ਦੇ ਭਗਤ ਨੂੰ ਭੁੱਖਿਆਂ ਰਾੜ੍ਹਨ ਲੱਗੇ ਹੋਏ ਹਨ। ਸਤਿ-ਚਿਤ-ਅਨੰਦ ਬੈਠੇ ਸਾਧੂ ਨੇ ਭਗਵਾਨ ਦੇ ਦੂਤਾਂ ਨੂੰ ਨਿਮਰਤਾ ਨਾਲ ਜਵਾਬ ਦਿੱਤਾ ਕਿ ਜਦ ਮੇਰੀ ਪ੍ਰਾਲਭਦ ਵਿਚ ਹੀ ਇਤਨੇ ਦਿਨ ਲਈ ਰਿਜ਼ਕ ਨਹੀਂ ਸੀ ਲਿਖਿਆ ਹੋਇਆ ਤਾਂ ਮੈਂ ਕਿਵੇਂ ਕੁਝ ਛਕ ਸਕਦਾ ਸਾਂ? ਇਹਦੇ ਵਿਚ ਪਿੰਡ ਵਾਸੀਆਂ ਦਾ ਕੀ ਕਸੂਰ? ਉਨ੍ਹਾਂ ਵਿਚਾਰੇ ਬੇਕਸੂਰਿਆਂ ਨੂੰ ਏਡੀ ਸਖ਼ਤ ਸਜ਼ਾ ਕਿਉਂ ਦਿੱਤੀ ਜਾਏ? ਸਾਧੂ ਦੀ ‘ਪੂਰਨਤਾ’ ਤੋਂ ਕਾਇਲ ਹੁੰਦਿਆਂ ਭਗਵਾਨ ਦੇ ਦੂਤ ਵੀ ਉਸ ਦੇ ਚਰਨੀਂ ਡਿੱਗ ਪਏ।
ਕਮਾਲ ਦੀ ਗੱਲ ਹੈ ਕਿ ਗੁਰੂ ਮਹਾਰਾਜ ਪਾਸੋਂ ਇਹ ਦੋਵੇਂ ਮਿਸਾਲਾਂ ਸੁਣ ਕੇ ਨੌਜਵਾਨ ਨੰਦ ਸਿੰਘ ਨੂੰ ਸਾਧ ਬਣਨਾ ਔਖਾ ਲੱਗਿਆ। ਉਸ ਨੇ ਗ੍ਰਹਿਸਥੀ ਬਣਨ ਨੂੰ ਤਰਜੀਹ ਦਿੱਤੀ। ਉਸ ਨੂੰ ਕਰੋਧ ‘ਤੇ ਫਤਿਹ ਪਾ ਕੇ ਭਾਣੇ ਵਿਚ ਜੀਵਨ ਬਤੀਤ ਕਰਨ ਵਾਲਾ ਸਾਧੂ-ਸੰਤ ਬਣਨ ਨਾਲੋਂ ਆਤਮ-ਬਲੀਦਾਨੀ ਗ੍ਰਹਿਸਥੀ ਹੋਣਾ ਸੌਖਾ ਲੱਗਿਆ ਹੋਵੇਗਾ। ਇਹ ਪ੍ਰਸੰਗ ਪੜ੍ਹਦਿਆਂ ਮਨ ‘ਚ ਵਾਰ-ਵਾਰ ਸਵਾਲ ਉਠਿਆ ਕਿ ਗੁਰੂ ਕਾਲ ਤੋਂ ਬਾਅਦ ਵੀ ਐਸੇ ਸਾਧੂ ਸੰਤ ਹੋਏ ਹੋਣਗੇ? ਬੜੇ-ਬੜੇ ਪ੍ਰਸਿੱਧ ਕਹੇ ਜਾਂਦੇ ਸੰਤਾਂ ਦੇ ਵੀ ਐਸੇ ਬੇਅੰਤ ਕਿੱਸੇ ਸੁਣਨ ਨੂੰ ਮਿਲਦੇ ਹਨ ਕਿ ਫਲਾਣੇ ਬਾਬਾ ਜੀ ਨੇ ਢਿਮਕੇ ਨੂੰ ‘ਸਰਾਪ’ ਦੇ ਦਿੱਤਾ। ਜਾਂ ਖੁਸ਼ ਹੋ ਕੇ ਕਿਸੇ ਨੂੰ ‘ਵਰ’ ਦੇ ਦਿੱਤਾ। ਕੀ ਇਨ੍ਹਾਂ ਵਰਾਂ-ਸਰਾਪਾਂ ਦੇ ਚੱਕਰਾਂ ਤੋਂ ਮੁਕਤ ਰੱਬੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੇ ਵੀ ਕੋਈ ਹੋਣਗੇ ਹੀ?
ਇਸੇ ਖੋਜ ਵਿਚ ਭਾਈ ਵੀਰ ਸਿੰਘ ਦੀ ਲਿਖੀ ‘ਸੰਤ ਗਾਥਾ’ ਨਾਂ ਦੀ ਕਿਤਾਬ ਮੇਰੇ ਹੱਥ ਲੱਗ ਗਈ। ਨਿੱਜ-ਪੂਜਾ ਜਾਂ ਗੁਰੂਡੰਮ ਦਾ ਡੰਕੇ ਦੀ ਚੋਟ ਨਾਲ ਵਿਰੋਧ ਕਰ ਕੇ ਸ਼ਬਦ ਗੁਰੂ ਦਾ ਪ੍ਰਚਮ ਲਹਿਰਾਉਣ ਵਾਲੇ ਗਿਆਨੀ ਦਿੱਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ‘ਜਾਗੋ-ਜਾਗੋ ਦਿੱਤ ਸਿੰਘ ਪਿਆਰੇ’ ਜਿਹੀ ਵੈਰਾਗਮਈ ਕਵਿਤਾ ਲਿਖਣ ਵਾਲੇ ਭਾਈ ਵੀਰ ਸਿੰਘ ਅਖੌਤੀ ਸੰਤਾਂ ਦੀ ਤਾਂ ਗਾਥਾ ਬਿਆਨ ਹੀ ਨਹੀਂ ਕਰ ਸਕਦੇ। ਇਹ ਵਿਚਾਰ ਕੇ ਮੈਂ ਭਾਈ ਸਾਹਿਬ ਦੀ ਪੁਸਤਕ ਨਿੱਠ ਕੇ ਪੜ੍ਹੀ। ਇਸ ਵਿਚ ਪੁਰਾਤਨ ਸੰਤਾਂ ਦੀਆਂ ਜਿਹੋ ਜਿਹੀਆਂ ਕਰਨੀਆਂ ਅਤੇ ਕਥਨੀਆਂ ਵਰਣਨ ਕੀਤੀਆਂ ਹੋਈਆਂ ਹਨ, ਮੈਨੂੰ ਨਹੀਂ ਜਾਪਦਾ ਕਿ ਉਹ ਪੜ੍ਹ ਕੇ ਕੋਈ ਸੱਜਣ ਅਜੋਕੇ ਸੰਤਾਂ ਦੇ ਡੇਰਿਆਂ ਵੱਲ ਨੂੰ ਕਦੇ ਮੂੰਹ ਵੀ ਕਰ ਜਾਵੇ। ਇਨ੍ਹਾਂ ਵਿਚੋਂ ਚੰਦ ਕੁ ਵੇਰਵੇ ਇਥੇ ਅੰਕਿਤ ਕਰ ਰਿਹਾ ਹਾਂ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਝੰਗ ਦੇ ਇਲਾਕੇ ਵਿਚ ਭਾਈ ਬੁੱਧੂ ਨਾਂ ਦਾ ਸਾਧੂ ਹੋਇਆ ਹੈ ਜਿਸ ਨੂੰ ਸਾਰੇ ਇਲਾਕੇ ਵਿਚ ‘ਭਾਈ ਬੁੱਧੂ ਸਾਹਿਬ’ ਕਰ ਕੇ ਜਾਣਿਆ ਜਾਂਦਾ ਸੀ। ਕਿਤੇ ਉਸ ਇਲਾਕੇ ਵਿਚ ਗਏ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਬੁੱਧੂ ਨੂੰ ਮਿਲਣ ਦੀ ਇੱਛਾ ਜਤਾਈ। ਲਾਮ ਲਸ਼ਕਰ ਸਮੇਤ ਮਹਾਰਾਜਾ ਉਨ੍ਹਾਂ ਦੀ ਕੁਟੀਆ ਜਾ ਪਹੁੰਚਿਆ। ਉਥੇ ਸਫਾਈ ਕਰ ਰਹੇ ਸਾਧਾਰਨ ਜਿਹੇ ਬੰਦੇ ਨੂੰ ਮਹਾਰਾਜੇ ਨੇ ਪੁੱਛਿਆ ਕਿ ਭਾਈ ਬੁੱਧੂ ਸਾਹਿਬ ਕਿਥੇ ਹੋਣਗੇ? ਉਹ ਸੱਜਣ ਨਿਮਰਤਾ ਨਾਲ ਬੋਲਿਆ, “ਬੁੱਧੂ ਤਾਂ ਇਹੀ ਖੜ੍ਹਾ ਹੈ, ‘ਸਾਹਿਬ’ ਅੰਦਰ ਹਨ!” ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਵੱਲ ਇਸ਼ਾਰਾ ਕਰਦਿਆਂ ਆਖਿਆ, “ਅੰਦਰ ਚੱਲ ਕੇ ਉਨ੍ਹਾਂ ਦੇ ਦਰਸ਼ਨ ਕਰੋ, ਮੱਥਾ ਟੇਕੋ, ਜਨਮ ਸਫ਼ਲਾ ਕਰੋ।”
ਇਸੇ ਭਾਈ ਬੁੱਧੂ ਪਾਸ ਦੋ ਸੰਨਿਆਸੀ ਸਾਧੂਆਂ ਦੇ ਡੇਰਿਆਂ ਦਾ ਕੋਈ ਝਗੜਾ ਹੱਲ ਕਰਨ ਵਾਸਤੇ ਆਇਆ। ਲੰਗਰ ਦੇ ਕਿਸੇ ਵੱਡੇ ਦੇਗਚੇ ਦਾ ਕੋਈ ਰੌਲਾ ਸੀ ਦੋਹਾਂ ਡੇਰਿਆਂ ਦਾ। ਭਾਈ ਸਾਹਿਬ ਨੇ ਦੋਹਾਂ ਡੇਰੇਦਾਰਾਂ ਨੂੰ ਕੋਲ ਬਿਠਾ ਕੇ ਪੁੱਛਿਆ, “ਭਾਈ, ਤੁਸੀਂ ਘਰ-ਬਾਰ ਛੱਡ ਕੇ ਇਹ ‘ਭੇਖ’ ਲਏ ਹਨ, ਜੇ ਤੁਸੀਂ ਛੱਡੀਆਂ ਜਾ ਚੁੱਕੀਆਂ ਵਸਤਾਂ ਨੂੰ ਹੀ ਫਿਰ ਗ੍ਰਹਿਣ ਕਰਨਾ ਸੀ, ਤਾਂ ਘਰ ਕਿਉਂ ਛੱਡੇ? ਜੇ ਮੋਹ ਤੇ ਮਾਇਆ ਦੇ ਬੰਧਨ ਅਜੇ ਵੀ ਨਹੀਂ ਟੁੱਟੇ, ਤਦ ਫਿਰ ਕਦੋਂ ਟੁੱਟਣਗੇ? ਡੇਰਿਆਂ ਵਿਚ ਰਹੋ, ਅਨਾਥਾਂ ਅਤਿਥੀਆਂ ਲਈ ਲੰਗਰ ਚਲਾਉ, ਪਰ ਨਿਰਮੋਹ ਹੋ ਕੇ। ਜੇ ਘਰ-ਬਾਰ ਛੱਡ ਕੇ ਵੀ ਝੂਠ ਦੀ ਟੇਕ ਹੈ ਤਾਂ ਕਾਹਦਾ ਵੈਰਾਗ, ਕਾਹਦਾ ਤਿਆਗ ਤੇ ਕਾਹਦੀ ਫਕੀਰੀ? ਇਸ ਨਾਲੋਂ ਤਾਂ ਗ੍ਰਹਿਸਥੀ ਚੰਗੇ।”
ਇਸ ਕਿਤਾਬ ਵਿਚ ਸੰਨ ਸੰਤਾਲੀ ਤੋਂ ਪਹਿਲੇ ਸਮਿਆਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਇਕ ਪਿੰਡ ‘ਚ ਰਹਿੰਦੇ ਸੰਤ ਨਿਹਾਲ ਸਿੰਘ ਦੇ ਸਮਦਰਸ਼ੀ ਸੁਭਾਅ ਦਾ ਵੇਰਵਾ ਵੀ ਹੈ। ਇਕ ਰਾਤ ਉਨ੍ਹਾਂ ਦੇ ਡੇਰੇ ਦੀ ਪਿਛਲੀ ਕੰਧ ਪਾੜ ਕੇ ਕੁਝ ਚੋਰ ਸਾਮਾਨ ਲੁੱਟ ਕੇ ਲੈ ਗਏ। ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਉਹ ਗਾਰਾ ਇੱਟਾਂ ਲੈ ਕੇ ਰਾਤ ਵਾਲਾ ਪਾੜ ਬੰਦ ਕਰਨ ਲੱਗੇ। ਇੰਨੇ ਨੂੰ ਉਨ੍ਹਾਂ ਕੋਲ ਸੰਤ ਜੀ ਆ ਗਏ। ਪੁੱਛਣ ਲੱਗੇ ਕਿ ਇਹ ਕੀ ਕਰਨ ਡਹੇ ਹੋ? ਸੇਵਾਦਾਰਾਂ ਦੱਸਿਆ ਕਿ ਰਾਤ ਨੂੰ ਚੋਰਾਂ ਦਾ ਲਾਇਆ ਪਾੜ ਬੰਦ ਕਰਨ ਲੱਗੇ ਹਾਂ। ਸੰਤ ਕਹਿਣ ਲੱਗੇ, “ਭਾਈ, ਜਿਹੜਾ ਸੱਜਣ ਰਾਤ ਵੇਲੇ ਸਾਮਾਨ ਲੈਣ ਆਇਆ ਹੋਣੈ, ਉਹ ਲੋੜਵੰਦ ਤੇ ਸ਼ਰਮ ਵਾਲਾ ਬੰਦਾ ਹੋਵੇਗਾ। ਦਿਨੇ ਮੰਗਦਿਆਂ ਉਸ ਨੂੰ ਸ਼ਰਮਿੰਦਗੀ ਆਉਂਦੀ ਹੋਣੀ ਐ। ਇਸ ਕਰ ਕੇ ਰਾਤ ਨੂੰ ਆਇਆ ਹੋਊ। ਜੇ ਤੁਸੀਂ ਪਾੜ ਇੱਟਾਂ ਨਾਲ ਬੰਦ ਕਰ ਦਿੱਤਾ, ਤਦ ਉਸ ਨੂੰ ਲੋੜ ਪਈ ਤੋਂ ਫਿਰ ਕੰਧ ਪਾੜਨ ਦੀ ਖੇਚਲ ਕਰਨੀ ਪਿਆ ਕਰੇਗੀ। ਮੇਰੀ ਮੰਨੋ ਤਾਂ ਇੱਥੇ ਇਕ ਖਾਲੀ ਘੜਾ ਮੂਧਾ ਮਾਰ ਦਿਉ। ਉਹ ਘੜਾ ਚੁੱਕ ਕੇ ਸੌਖਿਆਂ ਹੀ ਲੋੜੀਂਦਾ ਸਾਮਾਨ ਲੈ ਜਾਇਆ ਕਰੇਗਾ।” ਇਹ ਗੱਲਾਂ ਸੁਣ ਕੇ ਹੈਰਾਨ ਹੋ ਰਹੇ ਸ਼ਰਧਾਲੂਆਂ ਨੂੰ ਕਹਿਣ ਲੱਗੇ, “ਭਾਈ, ਇਥੇ ਕੋਈ ਦੇ ਜਾਂਦਾ ਹੈ, ਕੋਈ ਲੈ ਜਾਂਦਾ ਹੈ। ਕੋਈ ਲੋੜਵੰਦ ਹੀ ਹੋਊ, ਨਹੀਂ ਤਾਂ ਰਾਤਾਂ ਨੂੰ ਕੌਣ ਜਗਰਾਤੇ ਕੱਟਦਾ ਫਿਰਦਾ ਹੈ!”
ਭਾਈ ਵੀਰ ਸਿੰਘ ਨੇ ‘ਸੰਤ ਗਾਥਾ’ ਲਿਖਦਿਆਂ ਆਪਣੇ ਸਮਕਾਲੀ ਸੰਤ ਸਵਾਇਆ ਸਿੰਘ ਦੇ ਨਿਰਮਲ, ਨਿਰਵੈਰ ਅਤੇ ਨਿਰਛਲ ਕੌਤਕਾਂ ਦੇ ਨਾਲ-ਨਾਲ ਇਕ ਐਸੇ ਫੱਕਰ ਸੰਤ ਦਾ ਵੀ ਜ਼ਿਕਰ ਕੀਤਾ ਹੈ ਜਿਸ ਦੇ ਜਨਮ ਸਥਾਨ, ਮਾਂ-ਬਾਪ ਬਾਰੇ ਵੀ ਕਿਸੇ ਨੂੰ ਕੋਈ ਪਤਾ ਨਹੀਂ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਤਾਂ ਜ਼ਿੰਦਗੀ ‘ਚ ਆਪਣਾ ਨਾਂ ਵੀ ਕਿਸੇ ਨੂੰ ਨਹੀਂ ਦੱਸਿਆ। ਉਨ੍ਹਾਂ ਗਵਾਲੀਅਰ ਦੇ ਇਲਾਕੇ ਵਿਚ ਗੁਰਬਾਣੀ ਦਾ ਪ੍ਰਚਾਰ ਪਸਾਰ ਕੀਤਾ ਪਰ ਆਪਣਾ ਨਾਂ ਨਹੀਂ ਜਣਾਇਆ। ਸਾਡੇ ਸਮਿਆਂ ਦੇ ਸੰਤ ‘ਸਗਲੀ ਧਰਤੀ ਸਾਧ ਕੀæææ’ ਗਾਉਂਦੇ ਹੋਏ ਵੀ ਆਪਣੀ ‘ਵਿਸ਼ੇਸ ਪਛਾਣ’ ਬਣਾਈ ਰੱਖਣ ਲਈ ਆਪਣੇ ਨਾਂ ਪਿੱਛੇ ‘ਫਲਾਣੇ ਵਾਲੇ, ਢਿਮਕੇ ਵਾਲੇ’ ਨੱਥੀ ਕਰੀ ਫਿਰਦੇ ਹਨ। ਛੇ-ਛੇ ਚਿਮਟਿਆਂ ਅਤੇ ਤਿੰਨ-ਤਿੰਨ ਢੋਲਕੀਆਂ ਦੀ ਘਨਘੋਰ ਮਚਾ ਕੇ ‘ਨਾ ਕੋ ਬੈਰੀ ਨਾਹਿ ਬਿਗਾਨਾ ਜੀ’ ਦੀਆਂ ਧਾਰਨਾਂ ਗਾਉਂਦੇ ਹੋਏ ਗੰਨਮੈਨਾਂ ਦੀਆਂ ਧਾੜਾਂ ਵੀ ਨਾਲ ਲਈ ਫਿਰਦੇ ਹਨ।
ਬੇਸ਼-ਕੀਮਤੀ ਚੋਲਿਆਂ ਵਾਲੇ ਉਚੇ-ਉਚੇ ਆਲੀਸ਼ਾਨ ਡੇਰਿਆਂ ਵਾਲੇ ਕਰਨੀ ਤੋਂ ਰਹਿਤ ਨਿਰੀਆਂ ਕਥਨੀਆਂ ਵਾਲੇ ਜਾਂ ਚੇਲਿਆਂ ਬਾਲਕਿਆਂ ਦੀ ਬਹੁ-ਗਿਣਤੀ ਦੇ ਸਹਾਰੇ ਸਰਕਾਰੇ ਦਰਬਾਰੇ ਆਪਣਾ ਅਸਰ ਰਸੂਖ ਬਣਾਉਣ ਵਾਲੇ ਨਹੀਂ, ਸਗੋਂ ਸਾਧੇ ਹੋਏ ਮਨਾਂ ਵਾਲੇ ਸਾਧ ਬਾਬਿਆਂ ਦੀ ਸੋਭਾ ਜਾਇਜ਼ ਵੀ ਹੈ।

Be the first to comment

Leave a Reply

Your email address will not be published.