ਬਰਕਤ, ਬਰਕਤ ਸਿੰਘ ਉਰਫ ਬਾਬਾ ਬਰਕਤ

ਬਾਬੇ ਬਰਕਤ ਦੀ ਇਹ ਕਹਾਣੀ ਬਹੁਤ ਜਜ਼ਬਾਤੀ ਹੈ। ਸੰਤਾਲੀ ਦੀ ਵੰਡ ਨੇ ਪਤਾ ਨਹੀਂ ਕਿੰਨੇ ਦਿਲਾਂ ਅੰਦਰ ਜਗਦੇ ਸਾਂਝਾਂ ਦੇ ਦੀਵੇ ਅਚਾਨਕ ਬੁਝਾ ਦਿੱਤੇ ਅਤੇ ਇਨ੍ਹਾਂ ਜਿਉੜਿਆਂ ਨਾਲ ਦੁੱਖਾਂ ਤੇ ਗਮਾਂ ਦੀਆਂ ਲੜੀਆਂ ਸਦਾ-ਸਦਾ ਲਈ ਜੁੜ ਗਈਆਂ। ਦੋਹਾਂ ਪਾਸਿਆਂ ਦੀਆਂ ਸਰਕਾਰਾਂ ਦੀਆਂ ਦੁਸ਼ਮਣੀਆਂ ਨੇ ਇਨ੍ਹਾਂ ਆਪਣੇ ਲੋਕਾਂ ਨੂੰ ਮਿਲਣ ਦੇ ਮੌਕੇ ਵੀ ਨਸੀਬ ਨਾ ਹੋਣ ਦਿੱਤੇ। ਜਸਵੰਤ ਸਿੰਘ ਸੰਧੂ ਨੇ ਇਸ ਲੇਖ ਵਿਚ ਇਨ੍ਹਾਂ ਤੜਫਦੇ ਜਿਉੜਿਆਂ ਦੀ ਬਾਤ ਸੁਣਾਈ ਹੈ।

-ਸੰਪਾਦਕ

ਜਸਵੰਤ ਸਿੰਘ ਸੰਧੂ, ਘਰਿੰਡਾ
ਫੋਨ: 510-516-5971

ਸਾਲ 1947 ਵਿਚ ਪੰਜਾਬ ਦੀ ਵੰਡ ਹੋਈ। ਸਦੀਆਂ ਤੋਂ ਇਕੱਠੇ ਰਹਿੰਦੇ ਪੰਜਾਬੀਆਂ ਨੂੰ ਆਪਣੀ ਜੰਮਣ ਭੋਂ ਅਤੇ ਆਂਢ-ਗੁਆਂਢ ਵਸਦੇ ਜਿਗਰੀ ਦੋਸਤਾਂ ਤੋਂ ਵਿਛੜਨਾ ਪਿਆ। ਉਸ ਵਕਤ 10 ਲੱਖ ਬੇਗੁਨਾਹ ਮਾਰੇ ਗਏ। ਆਪਣੀ ਜਨਮ ਭੋਂ ‘ਤੇ ਮੁੜ ਆਪਣੇ ਗੁਆਂਢੀਆਂ ਨੂੰ ਮਿਲਣ ਲਈ ਤਰਸਦੇ ਪਤਾ ਨਹੀਂ ਕਿੰਨੇ ਲੋਕ ਮੜ੍ਹੀਆਂ ਵਿਚ ਸੜ ਗਏ ਅਤੇ ਕਬਰਾਂ ਵਿਚ ਸੌਂ ਗਏ।
ਬਚਪਨ ਦੀਆਂ ਯਾਦਾਂ ਮਨੁੱਖ ਦਾ ਅਖੀਰ ਉਮਰ ਤਕ ਖਹਿੜਾ ਨਹੀਂ ਛੱਡਦੀਆਂ। ਬਚਪਨ ਦੇ ਸਾਥੀ ਯਾਦ ਆਉਂਦੇ ਰਹਿੰਦੇ ਨੇ (ਖਾਸ ਕਰਕੇ ਉਸ ਜਗ੍ਹਾ ਦੇ ਜਿਥੇ ਅਸੀਂ ਵੰਡ ਕਾਰਨ ਜਾ ਨਹੀਂ ਸਕਦੇ) ਜਿਨ੍ਹਾਂ ਨਾਲ ਲੁਕਣ-ਮੀਟੀਆਂ ਖੇਡੀਆਂ। ਜਿਨ੍ਹਾਂ ਨਾਲੋਂ ਅਸੀਂ ਵਿਛੜ ਜਾਂਦੇ ਹਾਂ, ਸਾਡੀ ਯਾਦਦਾਸ਼ਤ ਵਿਚ ਉਨ੍ਹਾਂ ਦੀਆਂ ਕਹਾਣੀਆਂ ਬਾਕੀ ਰਹਿ ਜਾਂਦੀਆਂ ਨੇ। ਉਨ੍ਹਾਂ ਦੀਆਂ ਬਾਤਾਂ ਪਾ-ਪਾ ਕੇ ਅਸੀਂ ਬੀਤੇ ਸੁਪਨੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ।
ਪੰਜਾਬ ਦੀ ਵੰਡ ਦੇ ਦਰਦ ਨੂੰ ਮਹਿਸੂਸ ਕਰਦਿਆਂ ਕਈ ਲੇਖਕਾਂ ਨੇ ਇਸ ਦਰਦ ਨੂੰ ਘਟਾਉਣ ਵਾਸਤੇ ਕਹਾਣੀਆਂ ਅਤੇ ਨਾਵਲ ਲਿਖੇ। ਕੁਲਵੰਤ ਸਿੰਘ ਵਿਰਕ ਅਤੇ ਨਾਨਕ ਸਿੰਘ ਨਾਵਲਿਸਟ ਜਿਹੇ ਲੇਖਕਾਂ ਨੇ ਕਈ ਯਾਦਗਾਰੀ ਰਚਨਾਵਾਂ ਕੀਤੀਆਂ। ਇਨ੍ਹਾਂ ਵਿਚ ਕਲਪਨਾ ਘੱਟ ਅਤੇ ਹੋਈ-ਬੀਤੀ ਜ਼ਿਆਦਾ ਸੀ। ਇਨਸਾਨ ਦੇ ਅੰਦਰ ਕਿੰਨਾ ਉਦਰੇਵਾਂ ਹੁੰਦਾ ਹੈ, ਆਪਣਿਆਂ ਨਾਲ ਦਿਲ ਦੀਆਂ ਗੱਲਾਂ ਕਰਨ ਦਾ? ਮੁਲਕ ਆਜ਼ਾਦ ਹੋ ਗਿਆ ਪਰ ਜਿਨ੍ਹਾਂ ਨੂੰ ਇਸ ਆਜ਼ਾਦੀ ਬਦਲੇ ਅਸਹਿ ਤੇ ਅਕਹਿ ਕਸ਼ਟ ਝੱਲਣੇ ਪਏ ਅਤੇ ਕੁਰਬਾਨੀ ਦਾ ਬੱਕਰਾ ਬਣਨਾ ਪਿਆ, ਉਨ੍ਹਾਂ ਦੇ ਅੰਦਰ ਪੈਂਦੀਆਂ ਤਰਾਟਾਂ ਅਜੇ ਤਕ ਮੱਠੀਆਂ ਨਹੀਂ ਪਈਆਂ ਤੇ ਨਾ ਹੀ ਪੈਣਗੀਆਂ।
ਪਾਕਿਸਤਾਨ ਵਿਚ ਲਾਇਲਪੁਰ (ਅੱਜ ਕੱਲ੍ਹ ਫੈਸਲਾਬਾਦ) ਦੇ ਨਾਸਿਰ ਢਿੱਲੋਂ ਅਤੇ ਨਨਕਾਣਾ ਸਾਹਿਬ ਦੇ ਭੁਪਿੰਦਰ ਸਿੰਘ ਲਵਲੀ ਨੇ ‘ਪੰਜਾਬੀ ਲਹਿਰ’ ਨਾਂ ਦੀ ਸੰਸਥਾ ਬਣਾਈ ਹੈ ਜਿਸ ਵਿਚ ਉਹ 1947 ਤੋਂ ਪਹਿਲਾਂ ਦੇ ਬਜੁਰਗਾਂ ਨਾਲ ਮੁਲਾਕਾਤਾਂ ਕਰਕੇ, ਯੂਟਿਊਬ ਰਾਹੀਂ ਸਾਂਝੀਆਂ ਕਰਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਵਿਚ ਪੁਰਾਣੀ ਸਾਂਝ ਪੈਦਾ ਕਰਕੇ ਅਮਨ ਬਹਾਲ ਕਰਨ ਦੀ ਤਕੜੀ ਮੁਹਿੰਮ ਚਲਾ ਰਹੇ ਹਨ। ਮੈਂ ਇਹ ਕਾਫੀ ਮੁਲਾਕਾਤਾਂ ਸੁਣੀਆਂ ਨੇ। ਨਾਸਿਰ ਢਿੱਲੋਂ ਜਿਹੜਾ ਸਵਾਲ ਅਖੀਰ ਵਿਚ ਪੁੱਛਦੇ ਨੇ ਕਿ “ਹੁਣ ਵਾਲਾ ਵਸੇਬਾ ਸਹੀ ਹੈ ਕਿ ਵੰਡ ਤੋਂ ਪਹਿਲਾਂ ਵਾਲਾ?” ਤਾਂ ਹਰ ਬਜੁਰਗ ਦਾ ਇਕੋ ਜਵਾਬ ਹੁੰਦਾ ਹੈ, “ਵੰਡ ਤੋਂ ਪਹਿਲਾਂ ਵਾਲਾ ਠੀਕ ਸੀ, ਹੁਣ ਵਾਲਾ ਨਹੀਂ। ਉਦੋਂ ਮੁਹੱਬਤ ਪਿਆਰ ਸੀ ਪਰ ਹੁਣ ਉਹ ਗੱਲਾਂ ਨਹੀਂ ਰਹੀਆਂ।” ਉਹ ਆਪਣੇ ਪਿੰਡ ਅਤੇ ਸਾਥੀਆਂ ਨੂੰ ਦੇਖਣਾ ਅਤੇ ਮਿਲਣਾ ਚਾਹੁੰਦੇ ਨੇ ਪਰ ਦੋਹਾਂ ਮੁਲਕਾਂ ਦੇ ਹਾਲਤ ਮੁਤਾਬਕ ਉਹ ਆ-ਜਾ ਹੀ ਨਹੀਂ ਸਕਦੇ। ਅੱਜ ਵੀ ਪੁਰਾਣੇ ਪਿੰਡਾਂ ਅਤੇ ਸਾਥੀਆਂ ਨੂੰ ਯਾਦ ਕਰਕੇ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਵਹਿ ਤੁਰਦੇ ਨੇ।
ਮੈਨੂੰ ਸਾਹਿਤ ਪੜ੍ਹਨ ਦਾ ਸ਼ੌਕ ਹੈ। ਮੈਂ ਵੱਖ-ਵੱਖ ਲੇਖਕਾਂ ਦੀਆਂ ਕਹਾਣੀਆਂ, ਨਾਵਲ ਤੇ ਜੀਵਨ-ਗਾਥਾਵਾਂ ਪੜ੍ਹੀਆਂ ਨੇ। ਇਨ੍ਹਾਂ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ, ਸੋਹਣ ਸਿੰਘ ਸੀਤਲ ਆਦਿ ਲਿਖਾਰੀਆਂ ਦੀਆਂ ਕਿਤਾਬਾਂ ਸ਼ਾਮਲ ਹਨ। ਜਦ ਮੈਂ ਸੋਹਣ ਸਿੰਘ ਸੀਤਲ ਦੀ ਜੀਵਨ-ਕਹਾਣੀ ‘ਵੇਖੀ ਮਾਣੀ ਦੁਨੀਆਂ’ ਪੜ੍ਹੀ ਤਾਂ ਉਸ ਵਿਚ ਵੀ 1947 ਦੀ ਵੰਡ ਦਾ ਜ਼ਿਕਰ ਉਨ੍ਹਾਂ ਕੀਤਾ ਹੈ, “ਸਾਡੇ ਪਿੰਡ ਬਾਰੇ ਪਹਿਲਾਂ ਅਫਵਾਹ ਸੀ ਕਿ ਇਹ ਭਾਰਤ ਵਿਚ ਰਹੇਗਾ ਪਰ ਅਚਾਨਕ 17 ਅਗਸਤ ਨੂੰ ਖਬਰ ਆ ਗਈ ਕਿ ਸਾਡਾ ਪਿੰਡ (ਕਾਦੀਵਿੰਡ, ਜ਼ਿਲ੍ਹਾ ਕਸੂਰ, ਪਹਿਲਾਂ ਲਾਹੌਰ) ਪਾਕਿਸਤਾਨ ਵਿਚ ਆ ਗਿਆ ਹੈ। ਸਾਡੇ ‘ਤੇ ਬਿਨ ਬਦਲੋਂ ਬਿਜਲੀ ਡਿੱਗ ਪਈ। ਢਾਡੀ ਜਥਾ ਬਣਾਉਣ ਤੋਂ ਬਾਅਦ ਮੈਂ ਵਾਹੀ ਛੱਡੀ ਹੋਈ ਸੀ। ਮੇਰੀ ਜਮੀਨ ਵਾਹੁਣ ਵਾਲੇ ਸਾਰੇ ਮੁਸਲਮਾਨ ਸਨ। ਪਿੰਡ ਵਿਚ ਉਨ੍ਹਾਂ ਦੀ ਗਿਣਤੀ ਵੀ ਸਿੱਖਾਂ ਤੋਂ ਵੱਧ ਸੀ। ਮੇਰੇ ਪਾਸ ਅੱਲ੍ਹਾ ਦਿਤਾ, ਉਸ ਦਾ ਲੜਕਾ ਕਰਮਦੀਨ, ਰੂੜਾ ਤੇ ਮੰਗੂ ਘੁਮਿਆਰ ਆਏ ਤੇ ਕਹਿਣ ਲੱਗੇ, Ḕਸਰਦਾਰ ਜੀ! ਅਸੀ ਬਾਰਾਂ-ਤੇਰਾਂ ਸਾਲਾਂ ਤੋਂ ਆਪ ਦਾ ਨਮਕ ਖਾ ਰਹੇ ਹਾਂ। ਇਸ ਔਖ ਵੇਲੇ ਕੰਮ ਨਾ ਆਏ ਤਾਂ ਅਸੀਂ ਕੀ ਹੋਏ। ਜੋ ਹੁਕਮ ਕਰੋ, ਅਸੀਂ ਹਾਜ਼ਰ ਹਾਂ।Ḕ ਭਾਰਤ ਵਿਚ 4 ਮੀਲ ਦੀ ਵਿੱਥ ‘ਤੇ ਸਨਖਤਰੇ ਪਿੰਡ ਵਿਚ ਮੇਰੀ ਪਤਨੀ ਦੀ ਭੈਣ ਵਿਆਹੀ ਹੋਈ ਸੀ। ਸਨਖਤਰੇ ਵਾਲਾ ਸਬੰਧੀ ਪੂਰਨ ਸਿੰਘ ਗੱਡਾ ਲੈ ਕੇ ਆ ਗਿਆ। ਸਾਰਾ ਸਮਾਨ ਲੱਦ ਕੇ ਅਸੀਂ ਸਨਖਤਰੇ ਆ ਗਏ। ਜਾਣ ਲੱਗੇ ਉਹ ਸਾਰੇ ਰੋ ਰਹੇ ਸਨ।…
ਮਹੀਂ ਦਾ ਵਾਗੀ ਸੀ ਮੀਆਂ ਮੰਗੂ ਦਾ ਪੁੱਤਰ ਬਰਕਤ। ਉਹ ਵੀ ਬਰਕਤ ਸਮੇਤ ਹੱਦ ‘ਤੇ ਛੱਡਣ ਵੇਲੇ ਆਪਣੇ ਪੁੱਤਰ ਦੀ ਬਾਂਹ ਮੈਨੂੰ ਫੜ੍ਹਾ ਕੇ ਭਰੀਆਂ ਅੱਖਾਂ ਨਾਲ ਕਹਿਣ ਲੱਗਾ, ‘ਸਰਦਾਰ ਜੀ! ਇਹ ਬਾਰਾਂ ਵਰ੍ਹਿਆਂ ਦਾ ਸੀ ਜਦੋਂ ਤੁਹਾਡੇ ਮਾਲ ਮਗਰ ਲੱਗਾ ਸੀ। ਤਿੰਨ ਸਾਲ ਬੀਤੇ ਗਏ ਨੇ, ਤੁਸਾਂ ਇਹਨੂੰ ਪੁੱਤਰਾਂ ਵਾਂਗ ਪਾਲਿਆ ਹੈ। ਪੁੱਤਰਾਂ ਦੇ ਬਰਾਬਰ ਦੁੱਧ ਤੇ ਉਨ੍ਹਾਂ ਵਰਗੇ ਹੀ ਕੱਪੜੇ ਦਿੱਤੇ ਨੇ, ਤੁਸਾਂ ਇਸ ਨੂੰ ਬੜਾ ਪਿਆਰ ਦਿੱਤਾ ਹੈ। ਅੱਜ ਤੋਂ ਇਹ ਤੁਹਾਡਾ ਪੁੱਤਰ ਹੋਇਆ। ਇਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਲਉ।’ ਅੱਖਾਂ ਪੂੰਝਦੀ ਮੰਗੂ ਦੀ ਘਰਵਾਲੀ ਬੋਲੀ, ‘ਸਰਦਾਰ ਜੀ! ਮੈਂ ਇਹਨੂੰ ਬੱਤੀ ਧਾਰਾਂ ਬਖਸ਼ੀਆਂ। ਇਹ ਅੱਜ ਤੋਂ ਤੁਹਾਡਾ ਹੋਇਆ (ਉਸ ਵੇਲੇ ਮੈਂ ਸੋਚ ਰਿਹਾ ਸਾਂ, ਜਿਹੜੀ ਇਨਸਾਨੀਅਤ ਆਮ ਮਨੁੱਖਾਂ ਵਿਚ ਹੈ, ਉਹ ਕਿਤੇ ਨੀਤੀਵਾਨਾਂ ਵਿਚ ਹੁੰਦੀ ਤਾਂ ਇਸ ਮੁਲਕ ਦੇ ਟੁਕੜੇ ਨਾ ਹੁੰਦੇ। ਨੀਤੀਵਾਨਾਂ ਦੀ ਤੰਗਦਿਲੀ ਨੇ ਮੁਲਕ ਦੀ ਖੂਬਸੂਰਤੀ ਮਾਰ ਦਿੱਤੀ ਹੈ)।
ਇਸ ਪਾਸੇ ਆ ਕੇ ਬਰਕਤ ਤਿੰਨ ਦਿਨ ਸਾਡੇ ਕੋਲ ਰਿਹਾ। ਉਹ ਬਹੁਤ ਖੁਸ਼ ਸੀ ਕਿ ਉਹ ਸਾਰੀ ਉਮਰ ਸਾਡੇ ਨਾਲ ਰਹੇਗਾ। ਉਸ ਵੇਲੇ ਉਹਦੇ ਸਿਰ ਦੇ ਵਾਲ ਵਾਹਵਾ ਛੇ-ਛੇ ਇੰਚ ਲੰਮੇ ਸਨ। ਉਹ ਧਾਗੇ ਨਾਲ ਇਕੱਠੇ ਕਰਕੇ ਬੰਨ੍ਹ ਲੈਂਦਾ ਤੇ ਪੱਗ ਬੜੀ ਘੋਟ ਕੇ ਬੰਨ੍ਹਦਾ।
ਤੀਸਰੇ ਦਿਨ ਅਜਿਹੀ ਘਟਨਾ ਘਟੀ ਜਿਸ ਕਾਰਨ ਮੈਂ ਬਰਕਤ ਨੂੰ ਵਾਪਸ ਭੇਜਣ ਦਾ ਫੈਸਲਾ ਕਰ ਲਿਆ। ਇਕ ਬੁਢੜਾ ਜਿਹਾ ਫਕੀਰ ਪਾਕਿਸਤਾਨ ਨੂੰ ਜਾ ਰਿਹਾ ਸੀ। ਮਾੜੀ ਜਿਹੀ ਟੈਰ ਸੀ ਉਹਦੇ ਥੱਲੇ। ਪਿੰਡ ਦੇ ਮੁੰਡਿਆਂ ਦੀ ਨਜ਼ਰ ਪੈ ਗਿਆ। ਚਾਰ-ਪੰਜ ਮੁੰਡੇ ਪੰਦਰਾਂ ਸਾਲ ਤੋਂ ਛੋਟੀ ਉਮਰ ਦੇ ਸਨ। ਐਵੇਂ ਖੇਡ (ਦੋਹੀਂ ਪਾਸੀਂ ਬੇਗੁਨਾਹ ਇਨਸਾਨ ਨੂੰ ਮਾਰਨਾ ਉਸ ਵਕਤ ਖੇਡ ਹੀ ਬਣ ਗਈ ਸੀ) ਵਜੋਂ ਹੀ ਉਨ੍ਹਾਂ ਬਰਛੀਆਂ ਮਾਰ ਕੇ ਉਸ ਫਕੀਰ ਨੂੰ ਮਾਰ ਦਿੱਤਾ ਤੇ ਮਰੀ ਜਿਹੀ ਟੈਰ ਖੋਹ ਕੇ ਲੈ ਆਏ। ਮਰਨ ਵਾਲੇ ਦੀ ਸਾਰੀ ਜਾਇਦਾਦ ਨਿਕਲੀ, ਦੋ-ਤਿੰਨ ਰੁਪਏ ਦਾ ਭਾਨ, ਦੋ ਕੁ ਸੇਰ ਆਟਾ ਗੁਥਲੀ ਵਿਚ ਤੇ ਦੋ ਮੈਲੀਆਂ ਜਿਹੀਆਂ ਜੁੱਲੀਆਂ।
ਸਾਰੀ ਰਾਤ ਮੈਂ ਸੋਚਦਾ ਰਿਹਾ, ਜੇ ਕਿਸੇ ਨੇ ਬਰਕਤ ਨੂੰ ਮਾਰ ਦਿੱਤਾ ਤਾਂ ਸਾਰੀ ਉਮਰ ਇਹ ਭਾਰ ਮੇਰੀ ਆਤਮਾ ਤੋਂ ਨਹੀਂ ਲਹੇਗਾ।
ਅਗਲੇ ਦਿਨ ਮੈਂ ਬਰਕਤ ਨੂੰ ਫੈਸਲਾ ਸੁਣਾਇਆ ਤਾਂ ਉਹ ਕਹੇ, ਮੈਂ ਨਹੀਂ ਜਾਣਾ। ਉਹਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ, ‘ਐਡੇ-ਐਡੇ ਮੇਰੇ ਵਾਲ ਨੇ। ਦਾੜ੍ਹੀ ਅਜੇ ਮੈਨੂੰ ਆਈ ਨਹੀਂ। ਪੁੱਛਣ ਵਾਲਿਆਂ ਨੂੰ ਮੈਂ ਦੱਸਦਾ ਹਾਂ, ਮੈਂ ਗਿਆਨੀ ਜੀ ਦਾ ਛੋਟਾ ਪੁੱਤਰ ਆਂ। ਮੇਰਾ ਨਾਂ ਬਰਕਤ ਸਿੰਘ ਏ।’
ਅਖੀਰ ਮੈਂ ਉਸ ਨੂੰ ਦਿਲਾਸਾ ਦੇ ਕੇ ਕਿਹਾ, ‘ਜ਼ਰਾ ਠੰਢ-ਠੰਢੋੜਾ ਹੋ ਲੈਣ ਦੇ। ਜੇ ਦੋਹਾਂ ਸਰਕਾਰਾਂ ਨੇ ਆਗਿਆ ਦਿੱਤੀ ਤਾਂ ਅਸੀਂ ਤੈਨੂੰ ਆਪਣੇ ਕੋਲ ਸੱਦ ਲਵਾਂਗੇ।’
ਮੁੱਕਦੀ ਗੱਲ: ਦੋ ਆਦਮੀ ਨਾਲ ਦੇ ਕੇ ਮੈਂ ਉਹਨੂੰ ਵਾਪਸ ਪਿੰਡ ਭੇਜ ਦਿੱਤਾ।”

ਮੈਂ ਜਜ਼ਬਾਤੀ ਕਿਸਮ ਦਾ ਬੰਦਾ ਹਾਂ। ਸੰਤਾਲੀ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਮੇਰੇ ਮਨ ‘ਤੇ ਡੂੰਘਾ ਅਸਰ ਕਰਦੀਆਂ ਨੇ। ‘ਵੇਖੀ ਮਾਣੀ ਦੁਨੀਆਂ’ ਵਿਚ ਬਰਕਤ ਦਾ ਉਪਰੋਕਤ ਜ਼ਿਕਰ ਪੜ੍ਹ ਕੇ ਮੇਰੇ ਮਨ ਵਿਚ ਖਿਆਲ ਆਇਆ ਕਿ ਬਾਪੂ ਸੀਤਲ ਜੀ (ਜਿਨ੍ਹਾਂ ਦਾ ਮੈਂ ਵੱਡਾ ਪ੍ਰਸ਼ੰਸਕ ਹਾਂ) ਦੇ ਇਸ ‘ਵੇਖੀ ਮਾਣੀ ਦੁਨੀਆਂ’ ਦੇ ਪਾਤਰ ਬਰਕਤ ਦਾ ਪਤਾ ਕੀਤਾ ਜਾਵੇ। ਫੇਸਬੁਕ ‘ਤੇ ਸੀਤਲ ਜੀ ਦੇ ਪਿੰਡ ਲਾਗਲੇ ਪਿੰਡ ਖੁੱਡੀਆਂ ਦਾ ਸਈਅਦ ਦਿਲਦਾਰ ਹੁਸੈਨ ਸ਼ਾਹ ਮੇਰਾ ਫੇਸਬੁੱਕ ਫਰੈਂਡ ਬਣ ਗਿਆ। ਮੈਂ ਉਸ ਨੂੰ ਬਰਕਤ ਬਾਰੇ ਪਤਾ ਕਰਨ ਲਈ ਕਿਹਾ। ਉਹ ਕਾਦੀਵਿੰਡ ਗਏ ਅਤੇ ਪਤਾ ਲੱਗਾ ਕਿ ਬਾਬਾ ਬਰਕਤ ਜਿਉਂਦਾ ਹੈ। ਹੁਣ ਉਸ ਦੀ ਉਮਰ ਪੱਚਾਸੀ ਸਾਲ ਹੋ ਚੁਕੀ ਸੀ। ਮੈਨੂੰ ਉਨ੍ਹਾਂ ਖੁਸ਼ਖਬਰੀ ਦਿੱਤੀ ਕਿ ਉਹਨੇ ਅੱਜ ਹੀ ਬਾਬੇ ਬਰਕਤ ਨੂੰ ਸੱਦ ਕੇ ‘ਵੇਖੀ ਮਾਣੀ ਦੁਨੀਆਂ’ ਵਿਚ ਲਿਖੀਆਂ ਗੱਲਾਂ ਦੱਸੀਆਂ ਤਾਂ ਉਸ ਨੇ ਸੀਤਲ ਜੀ ਦੇ ਚਾਚੇ ਵਧਾਵਾ ਸਿੰਘ ਅਤੇ ਉਸ ਵਕਤ ਦੇ ਢਾਡੀ ਜਥੇ ਦੇ ਸਾਥੀਆਂ ਦੇ ਨਾਂ ਦੱਸੇ। ਉਹ ਹੀ ਉਹ ਬਾਬੇ ਬਰਕਤ ਸਮੇਤ ਸਾਰੇ ਕਾਦੀਵਿੰਡ ਪਿੰਡ ਦੀ ਡਾਕੂਮੈਂਟਰੀ ਫਿਲਮ ਬਣਾਉਣ ਵਾਸਤੇ ਟਾਈਮ ਦੇ ਕੇ ਆਇਆ ਪਰ 30 ਜੁਲਾਈ ਉਸ ਦੇ ਕਾਦੀਵਿੰਡ ਵਾਲੇ ਰਿਸ਼ਤੇਦਾਰ ਨੇ ਖਬਰ ਦਿੱਤੀ ਕਿ ਬਾਬੇ ਬਰਕਤ ਦੀ ਮੌਤ ਹੋ ਗਈ ਹੈ। ਸਾਰੇ ਪਿੰਡ ਵਿਚ ਗੱਲਾਂ ਹੋ ਰਹੀਆਂ ਨੇ ਕਿ 1947 ਵਿਚ ਸੀਤਲ ਜੀ ਦਾ ਪੁੱਤਰ ਬਣਨ ਅਤੇ ਵਾਪਸ ਕਾਦੀਵਿੰਡ ਪਿੰਡ ਆਉਣ ਦੀਆਂ ਗੱਲਾਂ ਸੁਣ ਕੇ ਬਾਬੇ ਦਾ ‘ਹਉਕਾ’ ਨਿਕਲ ਗਿਆ ਅਤੇ ਉਹ ਪੂਰਾ ਹੋ ਗਿਆ। ਮੌਤ ਦੀ ਖਬਰ ਨੇ ਸਾਰੇ ਪਿੰਡ ਨੂੰ ਹੈਰਾਨ ਕਰ ਦਿੱਤਾ। ਮੈਨੂੰ ਵੀ ਉਸ ਦੀ ਮੌਤ ਦਾ ਡੂੰਘਾ ਅਫਸੋਸ ਹੋਇਆ। ਸਰੀਰਕ ਸੱਟ ਨਾਲੋਂ ਮਾਨਸਿਕ ਸੱਟ ਮਨੁੱਖੀ ਮਨ ‘ਤੇ ਵੱਧ ਅਸਰ ਕਰਦੀ ਹੈ। ਸਦਮੇ ਨਾਲ ਹੁੰਦੀਆਂ ਮੌਤਾਂ ਆਮ ਅਖਬਾਰਾਂ ਵਿਚ ਛਪਦੀਆਂ ਹਨ। ਬਨੇਰੇ ਨੂੰ ਹੱਥ ਪੈਣ ਵਾਲਾ ਸੀ, ਕਮੰਦ ਟੁੱਟ ਗਈ।

ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਜੀਵਨ-ਕਹਾਣੀ ‘ਮੰਜ਼ਲ ਦਿਸ ਪਈ’ ਵਿਚ ਅਜਿਹੀ ਘਟਨਾ ਦਾ ਜ਼ਿਕਰ ਕੀਤਾ ਹੈ: “ਗੁਰਦੁਆਰਾ ਪੰਜਾ ਸਾਹਿਬ 1935 ਵਿਚ ਮੇਰੀ ਨਿਗਰਾਨੀ ਹੇਠ ਬਣਿਆ। ਇਸ ਦੇ ਪ੍ਰਬੰਧਕ ਸ਼ ਤਰਲੋਕ ਸਿੰਘ ਗੁਰੂਘਰ ਦੇ ਅਣਥੱਕ ਤੇ ਨਿਸ਼ਕਾਮ ਸੇਵਕ ਸਨ। ਮੈਂ ਉਨ੍ਹਾਂ ਨੂੰ ਅਣਥੱਕ ਕੰਮ ਕਰਦਿਆਂ ਦੇਖਿਆ। ਉਹ ਯਾਤਰੂਆਂ ਦਾ ਅਸਬਾਬ ਆਪਣੇ ਸਿਰ ‘ਤੇ ਚੁੱਕਣੋਂ ਵੀ ਸੰਕੋਚ ਨਾ ਕਰਦੇ। ਹਰ ਇਕ ਨਾਲ ਨਿਮਰਤਾ ਨਾਲ ਮਿੱਠਾ ਬੋਲਦੇ। ਉਨ੍ਹਾਂ ਦੇ ਉਦਮ ਨਾਲ ਸੈਂਕੜੇ ਕਮਰੇ ਉਸਰ ਗਏ। ਪੱਖਿਆਂ ਸਮੇਤ ਕਈ ਸਹੂਲਤਾਂ ਪੈਦਾ ਕਰ ਦਿੱਤੀਆਂ। ਯਾਤਰੂਆਂ ਦੀ ਗਿਣਤੀ ਵੀ ਵਧ ਗਈ ਪਰ ਇਸ ਤੋਂ ਪਹਿਲਾਂ ਕੋਠੇ ਭਾਵੇਂ ਕੱਚੇ ਸਨ, ਯਾਤਰੂ ਸਾਰੀ ਰਾਤ ਸ਼ਬਦ ਪੜ੍ਹਦੇ ਰਹਿੰਦੇ। ਉਨ੍ਹਾਂ ਦੇ ਚਿਹਰਿਆਂ ‘ਤੇ ਸ਼ਰਧਾ ਦੀ ਕੋਈ ਖਾਸ ਮਿਠਾਸ ਹੁੰਦੀ ਸੀ।
ਉਨ੍ਹਾਂ ਨੇ ਮੇਰੇ ਨਾਲ ਸ਼ੰਕਾ ਪ੍ਰਗਟ ਕੀਤਾ, ‘ਏਸ ਗੁਰਦੁਆਰੇ ਦੀ ਵਧੀ ਆਮਦਨ ਤੇ ਰੌਣਕ ਮੈਨੂੰ ਤਸੱਲੀ ਤਾਂ ਬਹੁਤ ਦੇਂਦੀ ਹੈ। ਕਦੇ-ਕਦੇ ਕਮੇਟੀ ਦੇ ਮੈਂਬਰਾਂ ਵਿਚ ਵਧਦੀ ਖਿਚੋਤਾਣ, ਯਾਤਰੂਆਂ ਵਿਚ ਸ਼ਰਧਾ ਦੀ ਥਾਂ ਕਵੱਲੀਆਂ ਰੁਚੀਆਂ। ਧਾਰਮਿਕ ਆੜ ਹੇਠ ਐਸ਼ ਭਰੀ ਛੁੱਟੀ ਮਨਾਉਣ ਆਉਂਦੇ ਨੇ। ਕਈ ਘਟਨਾਵਾਂ ਮੈਨੂੰ ਉਪਰਾਮ ਕਰ ਦੇਂਦੀਆਂ ਹਨ। ਮੈਂ ਛੱਡ ਕੇ ਕਿਧਰੇ ਚਲਾ ਜਾਣਾ ਚਾਹੁੰਦਾ ਹਾਂ। ਕਤਲ ਹੋਇਆ ਹੈ, ਵਿਭਚਾਰ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ। ਕਮਰੇ, ਬਰਤਨਾਂ ਤੇ ਬਿਸਤਰਿਆਂ ਤੋਂ ਲੋਕ ਲਾਲੋ-ਲਾਲ ਹੋ ਕੇ ਅੱਖਾਂ ਕੱਢਣ ਲੱਗ ਪੈਂਦੇ ਨੇ। ਲੜਾਈ ਤਕ ਦੀ ਨੌਬਤ ਆ ਜਾਂਦੀ ਹੈ। ਮੇਰੇ ਉਦਮ ਨੇ ਨਿਜੀ ਖੁਸ਼ੀਆਂ ਦੇ ਲੋਚਕਾਂ ਦੀ ਭੀੜ ਗੁਰੂ ਨਾਨਕ ਦੇ ਘਰ ਲਿਆ ਇਕੱਠੀ ਕੀਤੀ ਹੈ ਤੇ ਇਸ ਭੀੜ-ਭੜੱਕੇ ਤੋਂ ਉਕਤਾ ਕੇ ਗੁਰੂ ਨਾਨਕ ਦੀ ਰੂਹ ਇਥੋਂ ਕਿਸੇ ਹੋਰ ਥਾਂ ਚਲੀ ਗਈ ਹੈ।”
ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਅਨੁਸਾਰ, ਉਨ੍ਹਾਂ ਦੇ ਅੰਤਹਕਰਨ ਵਿਚ ਕਿਸੇ ਬੇ-ਅਨੁਕੂਲਤਾ ਦੀ ਬੇਚੈਨੀ ਸੀ। ਮੇਰਾ ਯਕੀਨ ਇਹੋ ਹੈ ਕਿ ਇਸੇ ਆਤਮਿਕ ਵਿਪਰੀਤੀ ਕਾਰਨ ਉਨ੍ਹਾਂ ਦੀ ਮੌਤ ਛੇਤੀ ਹੀ ਹੋ ਗਈ।
ਮੇਰਾ ਵੀ ਖਿਆਲ ਹੈ ਕਿ ਸ਼ਾਇਦ ਬਾਬਾ ਬਰਕਤ ਦੀ ਮੌਤ ਉਪਰੋਕਤ ਕਾਰਨ ਨਾਲ ਹੋਈ ਹੋਵੇ। ਸੀਤਲ ਜੀ ਦੀ ‘ਵੇਖੀ ਮਾਣੀ ਦੁਨੀਆਂ’ ਵਾਲਾ ਤੇਰਾਂ ਸਾਲਾ, ਪੱਗ ਬੰਨ੍ਹਣ ਵਾਲਾ ਬਰਕਤ ਜ਼ਿੰਦਗੀ ਭਰ ਮੇਰੀ ਯਾਦਦਾਸ਼ਤ ਵਿਚ ਉਕਰਿਆ ਰਹੇਗਾ। ਆਮੀਨ!