ਹਿੰਦੂਤਵੀ ਅਤਿਵਾਦ ਦੀਆਂ ਜੱਗ ਜਾਹਰ ਹੋ ਰਹੀਆਂ ਪਰਤਾਂ

ਬੂਟਾ ਸਿੰਘ
ਫੋਨ: 91-94634-74342
ਦਸ ਅਗਸਤ ਨੂੰ ਮਹਾਂਰਾਸ਼ਟਰ ਦੇ ਏ.ਟੀ.ਐਸ਼ (ਦਹਿਸ਼ਤਵਾਦ ਵਿਰੋਧੀ ਦਸਤੇ) ਵਲੋਂ ਮੁੰਬਈ ਅਤੇ ਪੁਣੇ ਤੋਂ ਤਿੰਨ ਜਣਿਆਂ ਵੈਭਵ ਰਾਵਤ, ਸ਼ਰਦ ਕਲਾਸਕਰ ਤੇ ਸੁਧਨਵਾ ਗੌਂਡਾਲੇਕਰ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਕੋਲੋਂ 8 ਤਿਆਰਸ਼ੁਦਾ ਬੰਬ ਅਤੇ ਬੰਬ ਬਣਾਉਣ ਵਿਚ ਵਰਤੀ ਜਾਣ ਵਾਲੀ ਸਮੱਗਰੀ ਦੀ ਥੋਕ ਵਿਚ ਬਰਾਮਦਗੀ ਨੇ ਸੰਘ ਬ੍ਰਿਗੇਡ ਦਾ ਦਹਿਸ਼ਤੀ ਚਿਹਰਾ ਇਕ ਵਾਰ ਫਿਰ ਬੇਨਕਾਬ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਸ਼ਖਸ ਹਿੰਦੂ ਜਨਜਾਗਰਣ ਸਮਿਤੀ ਨਾਲ ਸਬੰਧਤ ‘ਹਿੰਦੂ ਗੌਵੰਸ਼ ਰਕਸ਼ਾ ਸਮਿਤੀ’ ਅਤੇ ‘ਸ਼੍ਰੀਸ਼ਿਵ ਪਰਿਸਠਾਨ ਹਿੰਦੂਸਤਾਨ’ ਦੇ ਕਾਰਕੁਨ ਹਨ। ਉਨ੍ਹਾਂ ਕੋਲੋਂ ਬੰਬ ਅਤੇ ਬੰਬ ਬਣਾਉਣ ਲਈ ਜੋ ਵਿਸਫੋਟਕ ਸਮਾਨ, ਡਾਇਆਗ੍ਰਾਮ ਅਤੇ ਲਿਟਰੇਚਰ ਵਗੈਰਾ ਬਰਾਮਦ ਹੋਇਆ ਹੈ, ਉਹ ਵਿਆਪਕ ਹਿੰਦੂਤਵੀ ਦਹਿਸ਼ਤਗਰਦ ਤਾਣੇ-ਬਾਣੇ ਦੀ ਮਹਿਜ਼ ਝਲਕ ਮਾਤਰ ਹੈ।

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਚ ਸੰਘ ਪਰਿਵਾਰ ਦੇ ਕਾਰਕੁਨਾਂ ਦੇ ਘਰਾਂ ਵਿਚ ਬੰਬ ਫਟਣ ਅਤੇ ਹੋਰ ਥਾਵਾਂ ਉਪਰ ਹਿੰਦੂਤਵੀ ਲਸ਼ਕਰਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦੀਆਂ ਖ਼ਬਰਾਂ ਕਈ ਵਾਰ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ। ਜੇ ਸਹੀ ਤਰੀਕੇ ਨਾਲ ਜਾਂਚ ਹੋਵੇ ਤਾਂ ਪੂਰੇ ਮੁਲਕ ਦੇ ਅੰਦਰ ਇਸ ਦਹਿਸ਼ਤੀ ਤਾਣੇ-ਬਾਣੇ ਵਲੋਂ ਜਮਾਂ ਕੀਤੇ ਘਾਤਕ ਹਥਿਆਰਾਂ ਦੇ ਜ਼ਖੀਰਿਆਂ ਅਤੇ ਸਿਖਲਾਈਯਾਫ਼ਤਾ ਦਹਿਸ਼ਤੀ ਦਸਤਿਆਂ ਦੀਆਂ ਪਰਤਾਂ ਸਾਹਮਣੇ ਆ ਸਕਦੀਆਂ ਹਨ ਜੋ ਜੰਗੀ ਪੈਮਾਨੇ ‘ਤੇ ਤਿਆਰੀਆਂ ਦਾ ਹਿੱਸਾ ਹਨ। ਹਕੀਕਤ ਇਹ ਹੈ ਕਿ ਇਸ ਰਾਜ ਪ੍ਰਬੰਧ ਵਿਚ ਇਹ ਸੰਭਵ ਨਹੀਂ। ਕੋਈ ਵੀ ਹਾਕਮ ਜਮਾਤੀ ਪਾਰਟੀ ਆਰ.ਐਸ਼ਐਸ਼ ਅਤੇ ਇਸ ਦੀਆਂ ਫਰੰਟ ਜਥੇਬੰਦੀਆਂ ਦਾ ਖ਼ੂਨੀ ਚਿਹਰਾ ਬੇਨਕਾਬ ਕਰਕੇ ਇਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਲਈ ਤਿਆਰ ਨਹੀਂ ਕਿਉਂਕਿ ਆਰ.ਐਸ਼ਐਸ਼ ਨੇ ਦਹਾਕਿਆਂ ਦੌਰਾਨ ਫਿਰਕੂ ਉਚਜਾਤੀ ਪਾਲਾਬੰਦੀ ਰਾਹੀਂ ਉਚਜਾਤੀ ਹਿੰਦੂ ਅਵਾਮ ਨੂੰ ਬਹੁਤ ਹੀ ਸਿਲਸਿਲੇਵਾਰ ਤਰੀਕੇ ਨਾਲ ਹਿੰਦੂਤਵ ਦੇ ਏਜੰਡੇ ਉਪਰ ਲਾਮਬੰਦ ਕਰ ਲਿਆ ਹੈ ਅਤੇ ਕੋਈ ਵੀ ਪਾਰਟੀ ਕਾਰਵਾਈ ਕਰਕੇ ਸੰਘ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ।
ਹਿੰਦੂ ਜਨਜਾਗਰਣ ਸਮਿਤੀ ਗੋਆ ਆਧਾਰਤ ਸਨਾਤਨ ਸੰਸਥਾ ਵਲੋਂ ਖੜ੍ਹੀ ਕੀਤੀ ਫਰੰਟ ਜਥੇਬੰਦੀ ਹੈ। ਰਾਜਕੀ ਸਰਪ੍ਰਸਤੀ ਹਾਸਲ ਇਸੇ ਸਨਾਤਨ ਸੰਸਥਾ ਵਲੋਂ ਨਰਿੰਦਰ ਦਾਭੋਲਕਰ, ਡਾ. ਐਮ.ਐਮ. ਕਲਬੁਰਗੀ, ਗੋਬਿੰਦ ਪਾਨਸਰੇ ਅਤੇ ਗੌਰੀ ਲੰਕੇਸ਼ ਦੇ ਕਤਲ ਕਰਵਾਏ ਗਏ। ਗੌਰੀ ਲੰਕੇਸ਼ ਕਤਲ ਦੀ ਜਾਂਚ ਦੌਰਾਨ ਖ਼ੁਲਾਸਾ ਹੋ ਚੁੱਕਾ ਹੈ ਕਿ ਇਕੱਲੇ ਕਰਨਾਟਕਾ ਵਿਚ ਇਸੇ ਗਰੁੱਪ ਵਲੋਂ 60 ਵਿਅਕਤੀ ਭਰਤੀ ਕੀਤੇ ਗਏ ਜਿਨ੍ਹਾਂ ਵਿਚੋਂ 22 ਨੂੰ ਹਥਿਆਰ ਚਲਾਉਣ ਦੀ ਬਾਕਾਇਦਾ ਸਿਖਲਾਈ ਦਿੱਤੀ ਗਈ ਜਿਨ੍ਹਾਂ ਦੀ ਬਾਕਾਇਦਾ ਸ਼ਨਾਖ਼ਤ ਹੋ ਚੁੱਕੀ ਹੈ ਅਤੇ 12 ਜਣੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਕੋਲੋਂ 34 ਹੋਰ ਅਗਾਂਹਵਧੂ ਸ਼ਖਸੀਅਤਾਂ ਦੇ ਨਾਵਾਂ ਦੀ ਹਿੱਟ ਲਿਸਟ ਮਿਲੀ ਹੈ। ਹਾਲ ਹੀ ਵਿਚ ਜੇ.ਐਨ.ਯੂ. ਦੇ ਵਿਦਿਆਰਥੀ ਖਾਲਿਦ ਉਮਰ ਉਪਰ ਸੰਸਦ ਦੇ ਐਨ ਨੱਕ ਹੇਠ ਉਚ ਸੁਰੱਖਿਆ ਵਾਲੇ ਖੇਤਰ ਕਾਂਸਟੀਟਿਊਸ਼ਨ ਕਲੱਬ ਵਿਖੇ ਹਮਲਾ ਸਾਬਤ ਕਰਦਾ ਹੈ ਕਿ ਇਹ ਦਹਿਸ਼ਤੀ ਦਸਤੇ ਕਿੰਨੀ ਆਸਾਨੀ ਨਾਲ ਕਿਤੇ ਵੀ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਸਕਦੇ ਹਨ। ਸ੍ਰੀਸ਼ਿਵ ਪਰਿਸਥਾਨ ਆਰ.ਐਸ਼ਐਸ਼ ਦੇ ਕੱਟੜ ਕਾਰਕੁਨ ਅਤੇ ਮੋਦੀ ਦੇ ‘ਗੁਰੂ’ ਸੰਭਾਜੀ ਭੀੜੇ ਵਲੋਂ ਖੜ੍ਹਾ ਕੀਤਾ ਉਚ ਜਾਤੀ ਹਿੰਦੂਤਵੀ ਮੁਹਾਜ਼ ਹੈ ਜਿਸ ਵਲੋਂ ਇਕ ਹੋਰ ਕੱਟੜ ਹਿੰਦੂਤਵੀ ਆਗੂ ਮਿਲਿੰਦ ਏਕਬੋਟੇ ਨਾਲ ਮਿਲ ਕੇ ਭੀਮਾ-ਕੋਰੇਗਾਓਂ ਵਿਖੇ ਦਲਿਤਾਂ ਉਪਰ ਯੋਜਨਾਬਧ ਹਿੰਸਕ ਹਮਲੇ ਕੀਤੇ ਗਏ ਸਨ। ਇਨ੍ਹਾਂ ਦੋਹਾਂ ਨੂੰ ਅੱਜ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਆਰ.ਐਸ਼ਐਸ਼ ਆਗੂ ਹਮੇਸ਼ਾ ਇਹੀ ਦਾਅਵਾ ਕਰਦੇ ਹਨ ਕਿ ਸੰਘ ਦਾ ਇਨ੍ਹਾਂ ਜਥੇਬੰਦੀਆਂ ਨਾਲ ਕੋਈ ਸਬੰਧ ਨਹੀਂ ਅਤੇ ਇਹ ਬਾਹਰੋਂ ਹਿੰਦੂਤਵ ਦੀ ਹਮਾਇਤ ਕਰਦੀਆਂ ਹਨ। ਜਦਕਿ ਤੱਥ ਸਪਸ਼ਟ ਕਰਦੇ ਹਨ ਕਿ ਐਸਾ ਵੰਨ-ਸੁਵੰਨਾ, ਦੂਰ ਦੇ ਰਿਸ਼ਤੇ ਵਾਲਾ ਤਾਣਾ-ਬਾਣਾ ਸੰਘ ਦੀ ਬਾਕਾਇਦਾ ਯੁੱਧਨੀਤੀ ਹੈ ਅਤੇ ਇਹ ਸਾਰੇ ਮੁਹਾਜ਼ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ।
ਹਾਲੀਆ ਗ੍ਰਿਫ਼ਤਾਰੀਆਂ ਨੂੰ ਲੈ ਕੇ ਹਿੰਦੂਤਵ ਆਗੂਆਂ ਨੇ ਉਹੀ ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ ਕਿ ਏ.ਟੀ.ਐਸ਼ ਦੀ ਇਹ ਕਾਰਵਾਈ ਹਿੰਦੂਤਵ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇਸ ਨੂੰ ਉਹ ‘ਮਾਲੇਗਾਓਂ ਭਾਗ ਦੂਜਾ’ ਦਾ ਨਾਂ ਦੇ ਰਹੇ ਹਨ। ‘ਮਾਲੇਗਾਓਂ ਭਾਗ ਦੂਜਾ’ ਤੋਂ ਉਨ੍ਹਾਂ ਦੀ ਮੁਰਾਦ ਕੀ ਹੈ? ਮਾਲੇਗਾਓਂ ਬੰਬ ਕਾਂਡ ਸਤੰਬਰ 2008 ਨੂੰ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਵਿਚ ਹੋਇਆ ਸੀ। ਇਹ 2007-2008 ਵਿਚ ਮੁਲਕ ਦੇ ਚੋਣਵੇਂ ਥਾਵਾਂ ਉਪਰ ਅੰਜਾਮ ਦਿੱਤੇ ਗਏ ਲੜੀਵਾਰ ਬੰਬ ਕਾਂਡਾਂ ਦਾ ਹਿੱਸਾ ਸੀ ਜਿਨ੍ਹਾਂ ਵਿਚ ਵੱਡੀ ਤਾਦਾਦ ਵਿਚ ਬੇਕਸੂਰ ਲੋਕ ਮਾਰੇ ਗਏ ਸਨ (29 ਸਤੰਬਰ 2008 ਨੂੰ ਮਹਾਂਰਾਸ਼ਟਰ ਵਿਚ ਮਾਲੇਗਾਓਂ ਅਤੇ ਗੁਜਰਾਤ ਵਿਚ ਮੋਡਾਸਾ ਵਿਚ ਹੋਏ ਬੰਬ ਧਮਾਕਿਆਂ ਵਿਚ 7 ਬੰਦੇ ਮਾਰੇ ਗਏ ਸਨ ਤੇ 100 ਜ਼ਖ਼ਮੀ ਹੋ ਗਏ ਸਨ। 18 ਫਰਵਰੀ 2007 ਨੂੰ ਹਰਿਆਣਾ ਦੇ ਪਾਣੀਪਤ ਨੇੜੇ ਦਿਵਾਨਾ ਪਿੰਡ ਕੋਲ ਸਮਝੌਤਾ ਐਕਸਪ੍ਰੈੱਸ ਦੇ ਦੋ ਡੱਬਿਆਂ ਵਿਚ ਬੰਬ ਫਟੇ ਸਨ ਜੋ ਲਾਹੌਰ ਜਾ ਰਹੀ ਸੀ। ਸੂਟ ਕੇਸਾਂ ਵਿਚ ਲੁਕਾ ਕੇ ਰੱਖੇ ਗਏ ਬੰਬਾਂ ਦੇ ਫਟਣ ਨਾਲ ਹਿੰਦ-ਪਾਕਿ ਦੋਸਤੀ ਦੀ ਪ੍ਰਤੀਕ ਇਸ ਗੱਡੀ ਵਿਚ ਸਵਾਰ ਔਰਤਾਂ ਤੇ ਬੱਚਿਆਂ ਸਮੇਤ 68 ਮੁਸਾਫ਼ਰ ਮਾਰੇ ਗਏ ਸਨ ਅਤੇ 12 ਗੰਭੀਰ ਜ਼ਖ਼ਮੀ ਹੋਏ ਸਨ। 18 ਮਈ 2007 ਨੂੰ ਹੈਦਰਾਬਾਦ ਦੀ ਮੱਕਾ ਮਸਜਿਦ ਵਿਚ ਹੋਏ ਬੰਬ ਧਮਾਕਿਆਂ ਵਿਚ 14 ਬੰਦੇ ਮਾਰੇ ਗਏ ਸਨ। 11 ਅਕਤੂਬਰ 2007 ਨੂੰ ਅਜਮੇਰ ਦੀ ਦਰਗਾਹ ਸ਼ਰੀਫ਼ ਵਿਚ ਬੰਬ ਧਮਾਕਿਆਂ ਵਿਚ ਤਿੰਨ ਬੰਦੇ ਮਾਰੇ ਗਏ ਸਨ)।
ਸ਼ੁਰੂ ਵਿਚ ਪੁਲਿਸ ਅਤੇ ਹੋਰ ਏਜੰਸੀਆਂ ਵਲੋਂ ਆਪਣੀ ਗ਼ੁਲਾਮ ਖ਼ਸਲਤ ਅਨੁਸਾਰ ਇਨ੍ਹਾਂ ਪਿੱਛੇ ‘ਮੁਸਲਮਾਨ ਦਹਿਸ਼ਤਗਰਦਾਂ ਦਾ ਹੱਥ ਹੋਣ ਦਾ ਸ਼ੱਕ’ ਦੀ ਦਲੀਲ ਦੇ ਕੇ ਮੁਸਲਮਾਨਾਂ ਵਿਰੁਧ ਹਮਲਾ ਵਿੱਢ ਦਿੱਤਾ ਗਿਆ। ਬਹੁਤ ਸਾਰੇ ਬੇਕਸੂਰ ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਤਸ਼ੱਦਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਈ ਕਈ ਸਾਲ ਜੇਲ੍ਹਾਂ ਵਿਚ ਸਾੜਿਆ ਗਿਆ। ਲੇਕਿਨ ਜਾਂਚ ਦੇ ਅਮਲ ਦੌਰਾਨ ਇਕ ਪੁਲਿਸ ਅਧਿਕਾਰੀ ਅਤੇ ਏ.ਟੀ.ਐਸ਼ ਦੇ ਮੁਖੀ ਹੇਮੰਤ ਕਰਕਰੇ, ਜਿਸ ਦੀ ਬਾਅਦ ਵਿਚ ਇਕ ਮੁਕਾਬਲੇ ਦੌਰਾਨ ਸ਼ੱਕੀ ਹਾਲਾਤ ਵਿਚ ਹੱਤਿਆ ਕਰਵਾ ਦਿੱਤੀ ਗਈ, ਵੱਲੋਂ ਥੋੜ੍ਹਾ ਡੂੰਘਾਈ ਵਿਚ ਜਾ ਕੇ ਕੀਤੀ ਛਾਣਬੀਣ ਨਾਲ ਵੱਖਰੀ ਕਹਾਣੀ ਦੇ ਨਕਸ਼ ਉਘੜਨੇ ਸ਼ੁਰੂ ਹੋ ਗਏ। ਠੋਸ ਸੁਰਾਗ਼ ਸਾਹਮਣੇ ਆਏ ਕਿ ਦਰਅਸਲ ਇਹ ਬੰਬ ਧਮਾਕੇ ਹਿੰਦੂਤਵ ਦਹਿਸ਼ਤਗਰਦ ਤਾਣੇ-ਬਾਣੇ ਵਲੋਂ ਬਾਕਾਇਦਾ ਸਾਜ਼ਿਸ਼ ਦੇ ਤਹਿਤ ਕੀਤੇ ਗਏ ਸਨ। ਇਸ ਸਬੰਧ ਵਿਚ ‘ਅਭਿਨਵ ਭਾਰਤ’ ਦੇ ਸਵਾਮੀ ਅਸੀਮਾ ਨੰਦ, ਪ੍ਰਸਾਦ ਸ਼੍ਰੀਕਾਂਤ ਪੁਰੋਹਿਤ (ਲੈਫਟੀਨੈਂਟ ਕਰਨਲ ਦੇ ਅਹੁਦੇ ਵਾਲਾ ਇਹ ਅਫ਼ਸਰ ਹਿੰਦੁਸਤਾਨੀ ਫ਼ੌਜ ਦੇ ਇੰਟੈਲੀਜੈਂਸ ਵਿੰਗ ਵਿਚ ਨਾਸਿਕ ਵਿਖੇ ਤਾਇਨਾਤ ਸੀ), ਸਾਧਵੀ ਪ੍ਰਗਿਆ ਸਿੰਘ ਠਾਕੁਰ, ਸੁਨੀਲ ਜੋਸ਼ੀ ਆਦਿ 10 ਹਿੰਦੂਤਵ ਸਰਗਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਨੀ ਖ਼ਤਰਨਾਕ ਸਾਜ਼ਿਸ਼ ਦੇ ਪੁਖ਼ਤਾ ਸਬੂਤ ਮਿਲਣ ਦੇ ਬਾਵਜੂਦ ਕਾਂਗਰਸ ਦੀ ਕੇਂਦਰ ਸਰਕਾਰ ਵਲੋਂ ਇਨ੍ਹਾਂ ਨੂੰ ਦਹਿਸ਼ਤਗਰਦ ਸਾਜ਼ਿਸ਼ ਕਰਾਰ ਦੇ ਕੇ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਉਪਰ ਪਾਬੰਦੀ ਨਹੀਂ ਲਗਾਈ ਗਈ। ਇਨ੍ਹਾਂ ਵਿਚੋਂ ਕਿਸੇ ਉਪਰ ਵੀ ਉਹ ਜਾਬਰ ਕਾਨੂੰਨ ਯੂ.ਏ.ਪੀ.ਏ. ਨਹੀਂ ਲਗਾਇਆ ਗਿਆ ਜੋ ਮਹਿਜ਼ ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤੇ ਕਿਸੇ ਵੀ ਕਥਿਤ ਮਾਓਵਾਦੀ ਹਮਾਇਤੀ, ਆਦਿਵਾਸੀ, ਮੁਸਲਮਾਨ, ਦਲਿਤ ਜਾਂ ਸਿੱਖ ਉਪਰ ਆਮ ਹੀ ਲਗਾ ਦਿੱਤਾ ਜਾਂਦਾ ਹੈ।
ਅੱਜ ਕੱਲ੍ਹ ਸੱਤਾ ਵਿਹੂਣੀ ਕਾਂਗਰਸ ਦੇ ਤਰਜਮਾਨ, ਸੰਘ ਪਰਿਵਾਰ ਦੀ ‘ਘਿਰਣਾ ਮੁਹਿੰਮ’ ਖ਼ਿਲਾਫ਼ ਸਿਆਸੀ ਚਾਂਦਮਾਰੀ ਕਰਦੇ ਅਕਸਰ ਦੇਖੇ ਜਾ ਸਕਦੇ ਹਨ ਲੇਕਿਨ ਜਦੋਂ ਮੁਲਕ ਦੀ ਕੇਂਦਰੀ ਸੱਤਾ ਇਨ੍ਹਾਂ ਦੇ ਹੱਥ ਵਿਚ ਸੀ, ਉਦੋਂ ਹਿੰਦੂਤਵ ਦਹਿਸ਼ਤੀ ਤਾਣੇ-ਬਾਣੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਏ ਕੇਂਦਰੀ ਏਜੰਸੀਆਂ ਵਲੋਂ ਕਾਨੂੰਨੀ ਅਮਲ ਨੂੰ ਇਸ ਤਰੀਕੇ ਨਾਲ ਲਮਕਾਇਆ ਗਿਆ ਤਾਂ ਜੋ ਅਹਿਮ ਸਬੂਤ ਖ਼ਤਮ ਹੋ ਜਾਣ। ਗਵਾਹਾਂ ਦੇ ਮੁੱਕਰਨ ਲਈ ਪੂਰਾ ਮੌਕਾ ਦਿੱਤਾ ਗਿਆ। ਜਨਵਰੀ 2013 ਵਿਚ ਇਨ੍ਹਾਂ ਮਾਮਲਿਆਂ ਵਿਚ ਦਿਲਚਸਪ ਮੋੜ ਆਇਆ ਜਦੋਂ ਕਾਂਗਰਸ ਵਜ਼ਾਰਤ ਦੇ ਤੱਤਕਾਲੀ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਇਹ ਬਿਆਨ ਦੇ ਦਿੱਤਾ ਕਿ “ਭਾਜਪਾ ਅਤੇ ਆਰ.ਐਸ਼ਐਸ਼ ਦੋਨਾਂ ਦੇ ਸਿਖਲਾਈ ਕੈਂਪ ਹਿੰਦੂ ਦਹਿਸ਼ਤਗਰਦੀ ਨੂੰ ਪ੍ਰੋਮੋਟ ਕਰ ਰਹੇ ਹਨ। ਚਾਹੇ ਸਮਝੌਤਾ ਬੰਬ ਧਮਾਕਾ ਹੈ ਜਾਂ ਮੱਕਾ ਮਸਜਿਦ ਬੰਬ ਧਮਾਕਾ ਜਾਂ ਮਾਲੇਗਾਓਂ ਬੰਬ ਧਮਾਕਾ, ਉਹ ਬੰਬ ਰੱਖਦੇ ਹਨ ਅਤੇ ਇਸ ਦਾ ਇਲਜ਼ਾਮ ਘੱਟਗਿਣਤੀਆਂ ‘ਤੇ ਲਾਉਂਦੇ ਹਨ।” ਭਾਜਪਾ ਆਗੂਆਂ ਨੇ ਇਸ ਬਿਆਨ ਨੂੰ ਮੁੱਦਾ ਬਣਾ ਕੇ ਸ਼ਿੰਦੇ ਨੂੰ ਮੁਆਫ਼ੀ ਮੰਗਣ ਲਈ ਦਬਾਓ ਪਾਇਆ। ਕਾਂਗਰਸ ਦੇ ਬੁਲਾਰੇ ਜਨਾਰਧਨ ਦਿਵੇਦੀ ਨੇ ਤੁਰੰਤ ਸ੍ਰੀ ਸ਼ਿੰਦੇ ਦੀ ‘ਭਗਵੀਂ ਦਹਿਸ਼ਤਗਰਦੀ’ ਵਾਲੀ ਟਿੱਪਣੀ ਤੋਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ “ਪਾਰਟੀ ਵਰਤੇ ਗਏ ਲਫ਼ਜ਼ਾਂ ਨਾਲ ਸਹਿਮਤ ਨਹੀਂ। ਜ਼ਰੂਰ ਹੀ ਸ਼ਿੰਦੇ ਨੇ ਅਣਜਾਣੇ ਹੀ ਇਹ ਟਿੱਪਣੀ ਕੀਤੀ ਹੋਵੇਗੀ।” ਇਸ ਪਿੱਛੋਂ ਕੇਂਦਰੀ ਗ੍ਰਹਿ ਸਕੱਤਰ ਆਰ.ਕੇ. ਸਿੰਘ ਵਲੋਂ ਬਾਕਾਇਦਾ ਇਹ ਬਿਆਨ ਦੇਣ ਦੇ ਬਾਵਜੂਦ ਕਿ ਆਰ.ਐਸ਼ਐਸ਼ ਵਾਲੇ ਦਹਿਸ਼ਤਗਰਦ ਸਰਗਰਮੀਆਂ ਵਿਚ ਸ਼ਾਮਲ ਹਨ ਅਤੇ “ਸਰਕਾਰ ਕੋਲ ਬੰਬ ਧਮਾਕਿਆਂ ਵਿਚ ਸ਼ਾਮਲ ਆਰ.ਐਸ਼ਐਸ਼ ਨਾਲ ਸਬੰਧਤ ਦਸ ਬੰਦਿਆਂ ਦੇ ਨਾਂ ਹਨ”, ਭਗਵੇਂ ਦਹਿਸ਼ਤਵਾਦ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਤਿਹਾਸ ਗਵਾਹ ਹੈ, ਕਾਂਗਰਸ ਹਮੇਸ਼ਾ ਹੀ ਸੰਘ ਪਰਿਵਾਰ ਨਾਲ ਦੋਸਤਾਨਾ ਸਿਆਸੀ ਮੈਚ ਖੇਡ ਕੇ ਹਿੰਦੂਤਵ ਤਾਣੇ-ਬਾਣੇ ਦੇ ਪ੍ਰਫੁੱਲਤ ਹੋਣ ਵਿਚ ਸਹਾਇਤਾ ਕਰਦੀ ਆ ਰਹੀ ਹੈ।
ਜਦੋਂ ਸੱਤਾ ਦੀ ਕਮਾਨ ਆਰ.ਐਸ਼ਐਸ਼ ਦੇ ਪ੍ਰਚਾਰਕਾਂ ਨੇ ਸਾਂਭ ਲਈ, ਉਨ੍ਹਾਂ ਨੇ ਰਾਜਕੀ ਦਖ਼ਲ ਦੇ ਜ਼ੋਰ ਜੇਲ੍ਹਾਂ ਵਿਚ ਡੱਕੇ ਆਪਣੇ ਦਹਿਸ਼ਤੀ ਕਾਰਿੰਦਿਆਂ ਨੂੰ ਪਹਿਲ ਦੇ ਅਧਾਰ ‘ਤੇ ਦੋਸ਼ ਮੁਕਤ ਕਰਵਾਉਣ ਲਈ ਅਦਾਲਤੀ ਅਮਲ ਨੂੰ ਪੁੱਠਾ ਗੇੜਾ ਦੇ ਦਿੱਤਾ। ਮਾਮਲੇ ਏ.ਟੀ.ਐਸ਼ ਤੋਂ ਲੈ ਕੇ ਕੌਮੀ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤੇ ਗਏ ਅਤੇ ਐਨ.ਆਈ.ਏ. ਅਦਾਲਤ ਵਲੋਂ ਇਕ ਇਕ ਕਰਕੇ ਇਹ ਸਾਰੇ ਮੁਜਰਿਮ ਬਰੀ ਕਰ ਦਿੱਤੇ ਗਏ। ਸਮਝੌਤਾ ਐਕਸਪ੍ਰੈਸ ਬੰਬ ਕਾਂਡ ਮਾਮਲੇ ਵਿਚ ਸਾਬਕਾ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਰੋਹਿਨੀ ਸਾਲਿਆਨ ਨੇ ਸਿੱਧਾ ਇਲਜ਼ਾਮ ਲਾਇਆ ਸੀ ਕਿ ਕੌਮੀ ਜਾਂਚ ਏਜੰਸੀ ਵਲੋਂ ਉਸ ਨੂੰ ਹਦਾਇਤ ਕੀਤੀ ਗਈ ਕਿ ਮਾਮਲੇ ਵਿਚ ਨਰਮਾਈ ਨਾਲ ਹੀ ਚੱਲਣਾ ਹੈ; ਭਾਵ ਅਦਾਲਤੀ ਅਮਲ ਨੂੰ ਇਸ ਤਰੀਕੇ ਨਾਲ ਲਮਕਾਉਣਾ ਹੈ ਕਿ ਮੁਜਰਿਮਾਂ ਨੂੰ ਬਰੀ ਹੋਣ ਦਾ ਪੂਰਾ ਮੌਕਾ ਮਿਲ ਜਾਵੇ। ਹਿੰਦੂਤਵੀ ਆਗੂ ਇਨ੍ਹਾਂ ਰਿਹਾਈਆਂ ਨੂੰ ਬੇਕਸੂਰ ਹਿੰਦੂਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵਜੋਂ ਉਛਾਲ ਕੇ ਇਹ ਪ੍ਰਭਾਵ ਦੇਣਾ ਚਾਹੁੰਦੇ ਹਨ ਕਿ ਹਾਲੀਆ ਗ੍ਰਿਫ਼ਤਾਰੀਆਂ ਵੀ ਉਸੇ ‘ਹਿੰਦੂ ਵਿਰੋਧੀ ਸਾਜ਼ਿਸ਼’ ਦਾ ਹਿੱਸਾ ਹਨ। ਸੰਘ ਬ੍ਰਿਗੇਡ ਸਫ਼ਾਈਆਂ ਦੇ ਰਿਹਾ ਹੈ ਕਿ ਵੈਭਵ ਰਾਵਤ ਤਾਂ ਉਘਾ ‘ਗਊ ਰਖਵਾਲਾ’ ਹੈ ਅਤੇ ਉਸ ਨੂੰ ਮਹਿਜ਼ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਗਊ ਹੱਤਿਆ ਅਤੇ ਲਵ ਜਹਾਦ ਵਿਰੁਧ ਮੁਹਿੰਮਾਂ ਚਲਾ ਰਿਹਾ ਸੀ।
ਸੰਘ ਬ੍ਰਿਗੇਡ ਦੀ ਇਹ ਬਿਆਨਬਾਜ਼ੀ ਨਵੀਂ ਗੱਲ ਨਹੀਂ। ਉਹ ਦਹਿਸ਼ਤਵਾਦ ਨੂੰ ਸਦਾ ਹੀ ਖ਼ਾਸ ਧਰਮਾਂ ਨਾਲ ਜੋੜ ਕੇ ਪੇਸ਼ ਕਰਦੇ ਹਨ ਅਤੇ ਇਹ ਕੁਤਰਕ ਆਮ ਹੀ ਦਿੰਦੇ ਦੇਖੇ ਜਾ ਸਕਦੇ ਹਨ ਕਿ ਹਿੰਦੂ ਤਾਂ ਜਮਾਂਦਰੂ ਤੌਰ ‘ਤੇ ਸਹਿਣਸ਼ੀਲ ਫਿਰਕਾ ਹੈ ਜੋ ਕਦੇ ਦਹਿਸ਼ਤਗਰਦ ਹੋ ਹੀ ਨਹੀਂ ਸਕਦੇ। 2007-08 ਦੇ ਬੰਬ ਕਾਂਡਾਂ ਵਿਚ ਹਿੰਦੂਤਵ ਸਰਗਨਿਆਂ ਨੂੰ ਠੋਸ ਸਬੂਤਾਂ ਸਹਿਤ ਨਾਮਜ਼ਦ ਕੀਤੇ ਜਾਣ ‘ਤੇ ਐਲ਼ਕੇ. ਅਡਵਾਨੀ ਅਤੇ ਸੰਘ ਦੇ ਆਗੂਆਂ ਨੇ ਬਹੁਤ ਚੀਕ-ਚਿਹਾੜਾ ਪਾਇਆ ਸੀ। ਦੂਜੇ ਪਾਸੇ, ਇਹੀ ਹਿੰਦੂਤਵ ਆਗੂ ਬਾਕਾਇਦਾ ਸਿਆਸੀ ਏਜੰਡੇ ਦੇ ਤਹਿਤ ਘੱਟਗਿਣਤੀ ਧਾਰਮਿਕ ਫਿਰਕਿਆਂ, ਖ਼ਾਸ ਕਰਕੇ ਮੁਸਲਿਮ ਫਿਰਕੇ ਨੂੰ ਜਮਾਂਦਰੂ ਤੌਰ ‘ਤੇ ਦਹਿਸ਼ਤਗਰਦ ਬਣਾ ਕੇ ਪੇਸ਼ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਸੰਘ ਬ੍ਰਿਗੇਡ ਅਨੁਸਾਰ ਰੋਹਿੰਗਿਆ ਸ਼ਰਨਾਰਥੀ ਅਤੇ ਬੰਗਲਾਦੇਸ਼ੀ ਮੁਸਲਮਾਨ ਕੱਟੜ ਦਹਿਸ਼ਤਗਰਦ ਘੁਸਪੈਠੀਏ ਹਨ ਅਤੇ ਉਨ੍ਹਾਂ ਨੂੰ ਤੁਰੰਤ ਮੁਲਕ ਵਿਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਹਾਲ ਹੀ ਵਿਚ ਕਾਂਵੜੀਆਂ ਵਲੋਂ ਸੜਕਾਂ ਉਪਰ ਕੀਤੀ ਗੁੰਡਾਗਰਦੀ ਬਾਰੇ ਵੀ ਭਗਵੀਂ ਟਰੌਲ ਫ਼ੌਜ ਸੋਸ਼ਲ ਮੀਡੀਆ ਉਪਰ ਇਹ ਕੂੜ ਪ੍ਰਚਾਰ ਕਰ ਰਹੀ ਹੈ ਕਿ ਭੰਨਤੋੜ ਕਰਨ ਵਾਲੇ ਕਾਂਵੜੀਆਂ ਦੇ ਭੇਖ ਵਿਚ ਮੁਸਲਮਾਨ ਘੁਸਪੈਠੀਏ ਸਨ। ਇਹ ਕੂੜ ਪ੍ਰਚਾਰ ਨਿਰਾ ਬਿਆਨਬਾਜ਼ੀ ਤਕ ਸੀਮਤ ਨਹੀਂ ਬਲਕਿ ‘ਯੂਨਾਈਟਿਡ ਹਿੰਦੂ ਫਰੰਟ’ ਵਰਗੀਆਂ ਜਥੇਬੰਦੀਆਂ ਬਾਕਾਇਦਾ ਧਰਨੇ-ਮੁਜ਼ਾਹਰੇ ਕਰਕੇ ਰੋਹਿੰਗਿਆ ਅਤੇ ਬੰਗਲਾਦੇਸ਼ੀ ਸ਼ਰਨਾਰਥੀਆਂ ਵਿਰੁਧ ਇਹ ਜ਼ਹਿਰੀਲੀ ਮੁਹਿੰਮ ਚਲਾ ਰਹੀਆਂ ਹਨ। ਲਿਹਾਜ਼ਾ ਇਹ ਕੂੜ ਪ੍ਰਚਾਰ ਕਤਲੋਗ਼ਾਰਤ ਕਰਨ ਲਈ ਗੁਪਤ ਤਿਆਰੀਆਂ ਦਾ ਹੀ ਹਿੱਸਾ ਹੈ ਜਿਸ ਦਾ ਮਨੋਰਥ ਧਾਰਮਿਕ ਘੱਟਗਿਣਤੀਆਂ ਦੇ ਖ਼ਿਲਾਫ਼ ਵਿਆਪਕ ਲੋਕ-ਰਾਇ ਪੈਦਾ ਕਰਨਾ ਅਤੇ ਆਪਣੀ ਦਹਿਸ਼ਤੀ ਖ਼ਸਲਤ ਨੂੰ ਲੁਕੋਣਾ ਹੈ। ਮੌਜੂਦਾ ਜਾਂਚ ਦੀ ਤ੍ਰਾਸਦੀ ਇਹ ਹੈ ਕਿ ਇਹ ਹੇਠਲੇ ਕਾਰਿੰਦਿਆਂ ਤਕ ਸੀਮਤ ਹੈ ਅਤੇ ਇਸ ਪਿੱਛੇ ਕੰਮ ਕਰਦੇ ਸਿਖ਼ਰਲੇ ਸੰਘ ਆਗੂਆਂ ਨੂੰ ਜਾਂਚ ਦੇ ਘੇਰੇ ਵਿਚ ਸ਼ਾਮਲ ਨਹੀਂ ਕਰਦੀ।