ਛਾਂਵੇਂ-ਛਾਂਵੇਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਾਪਿਆਂ ਦੀ ਬੱਚਿਆਂ ਲਈ ਘਾਲਣਾ ਨੂੰ ਸਜ਼ਦਾ ਕਰਦਿਆਂ ਕਿਹਾ ਸੀ, “ਬੱਚੇ ਸਿਰਫ ਮਾਪਿਆਂ ਦੀ ਹੋਂਦ ਵਿਚ ਹੀ ਮੌਲਦੇ, ਵਰਨਾ ਬੇਮੌਸਮੀ ਪੱਤਝੜਾਂ ਉਨ੍ਹਾਂ ਦੀਆਂ ਬਚਪਨੀ ਬਹਾਰਾਂ ਨੂੰ ਬੇਰੌਣਕੀ, ਬੇਗਾਨਗੀ ਅਤੇ ਵੈਰਾਨਗੀ ਵਿਚ ਵਿਚਰਨ ਜੋਗਾ ਕਰ ਜਾਂਦੀਆਂ।

…ਹਰ ਰਿਸ਼ਤਾ ਈਰਖਾ ਤੇ ਸਾੜਾ ਕਰ ਸਕਦਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਉਸੇ ਗੱਲ ਨੂੰ ਅੱਗੇ ਤੋਰਦਿਆਂ ਬੰਦੇ ਸਿਰ ਓਟ ਆਸਰੇ ਦੀ ਗੱਲ ਕੀਤੀ ਹੈ। ਉਹ ਕਹਿੰਦੇ ਹਨ, “ਮਾਪਿਆਂ ਦੀ ਛਾਂ ਹੇਠ ਤੁਰਨ ਵਾਲੇ ਅਤੇ ਇਸ ਛਾਂ ਨੂੰ ਆਪਣੇ ਅੰਤਰੀਵ ਵਿਚ ਸਮਾਉਣ ਵਾਲੇ ਲੋਕ ਹੀ ਛਾਂ ਦੀ ਅਹਿਮੀਅਤ ਨੂੰ ਸਮਝ ਸਕਦੇ।…ਕਦੇ ਠੰਢਕ ਪਹੁੰਚਾਉਂਦੀ ਪਰ ਕਦੇ ਕਦਾਈਂ ਤਪਸ਼ ਵੀ ਤਰੌਂਕਦੀ, ਪਰ ਬਹੁਤੀ ਵਾਰ ਇਹ ਛਾਂ ਤੁਹਾਡਾ ਭਲਾ ਮੰਗਦੀ, ਆਪਣੇ ਹਰ ਰੂਪ ‘ਚ, ਤੁਹਾਡੇ ਪੈਰਾਂ ਦੇ ਨਾਮ ਸਦੀਵਤਾ ਦਾ ਨਾਮਕਰਨ ਕਰਦੀ।” ਉਨ੍ਹਾਂ ਦੀ ਇਸ ਗੱਲ ਵਿਚ ਕਿੰਨਾ ਵਜ਼ਨ ਹੈ! “ਛਾਂ ਤਾਂ ਆਪਣੀ ਵੀ ਹੁੰਦੀ। ਪਰ ਸਭ ਤੋਂ ਔਖਾ ਹੁੰਦਾ ਏ ਛਾਂ ਬਣਨਾ ਅਤੇ ਇਸ ਦੀ ਛਾਂਵੇਂ-ਛਾਂਵੇਂ ਤੁਰ ਕੇ ਜੀਵਨ-ਪੈਂਡਿਆਂ ਦੇ ਮੱਥੇ ‘ਤੇ ਸੁਰਖ ਸਿਰਨਾਵਾਂ ਸਿਰਜਣਾ।” -ਸੰਪਾਦਕ

ਡਾ ਗੁਰਬਖਸ਼ ਸਿੰਘ ਭੰਡਾਲ
ਛਾਂਵੇਂ-ਛਾਂਵੇਂ ਤੁਰਨ ਵਾਲੇ ਲੋਕਾਂ ਦੇ ਪੈਰਾਂ ਦੀਆਂ ਤਲੀਆਂ ‘ਚ ਸੇਕ ਨਹੀਂ ਉਗਦਾ ਅਤੇ ਨਾ ਹੀ ਉਨ੍ਹਾਂ ਦੇ ਸਿਰਾਂ ‘ਤੇ ਅੱਗ ਵਰ੍ਹਦੀ ਏ। ਉਹ ਜੀਵਨ-ਰਾਹ ‘ਤੇ ਅਨੰਦਮਈ ਪਲਾਂ ਦਾ ਵੱਸਦਾ ਗਰਾਂ ਹੁੰਦੇ ਅਤੇ ਉਨ੍ਹਾਂ ਦੀ ਕਰਮ-ਜਾਚਨਾ ‘ਚ ਜ਼ਿੰਦਗੀ ਦੇ ਸੂਖਮ ਤੇ ਸੁਹਜ ਪਲਾਂ ਦਾ ਵਰਤਾਰਾ ਹੁੰਦਾ।
ਛਾਂਵੇਂ-ਛਾਂਵੇਂ ਤੁਰਨ ਵਾਲੇ ਲੋਕਾਂ ਨੂੰ ਤਿੱਖੜ ਦੁਪਹਿਰਾਂ ‘ਚ ਫਲ੍ਹੇ ਵਾਹੁੰਦੇ, ਵਾਢੀਆਂ ਕਰਦੇ ਅਤੇ ਕਣਕ ਦੇ ਵੱਢ ‘ਚ ਮੱਚਦੇ ਨੰਗੇ ਪੈਰਾਂ ਦੀ ਕੋਈ ਸਾਰ ਨਹੀਂ ਹੁੰਦੀ। ਨਾ ਹੀ ਉਨ੍ਹਾਂ ਨੂੰ ਕੱਕੀ ਰੇਤ ਵਿਚ ਸੱਸੀ ਦੀ ਗੁੰਮ ਰਹੀ ਪੈੜ-ਨਕਾਸ਼ੀ ਅਤੇ ਪੰਖੇਰੂ-ਪ੍ਰਾਣਾਂ ਦੀ ਪਰਵਾਜ਼ ਦਾ ਅਹਿਸਾਸ ਹੋ ਸਕਦਾ ਏ?
ਕਦੇ ਕਦਾਈਂ ਛਾਂਵੇਂ-ਛਾਂਵੇਂ ਤੁਰਨ ਵਾਲੇ ਲੋਕਾਂ ਨੂੰ ਛਾਂ ਤੇ ਧੁੱਪ ਦਾ ਫਰਕ ਪਤਾ ਲੱਗਦਾ ਅਤੇ ਉਹ ਇਸ ਛਾਂ ‘ਚੋਂ ਵੀ, ਪਿੰਡੇ ਹੰਢਾਈ ਧੁੱਪ ਦਾ ਮੁਲਾਂਕਣ ਕਰਨ ਬੈਠ ਜਾਂਦੇ।
ਛਾਂਵੇਂ-ਛਾਂਵੇਂ ਤੁਰਨ ਵਾਲਿਆਂ ਨੂੰ ਇਸ ਗੱਲ ਦਾ ਕਦੇ ਵੀ ਅਹਿਸਾਸ ਨਹੀਂ ਹੋ ਸਕਦਾ ਕਿ ਧੁੱਪ ਦੀ ਜੂਨੇ ਆਇਆਂ ਲਈ ਰੱਕੜ, ਮਾਰੂਥਲ ਤੇ ਵੈਰਾਨਗੀ ਦਾ ਪੀਹੜਾ ਹਰ ਦਮ ਡਾਹੁਣਾ ਪੈਂਦਾ ਏ।
ਮਾਪਿਆਂ ਦੀ ਛਾਂ ਹੇਠ ਤੁਰਨ ਵਾਲੇ ਅਤੇ ਇਸ ਛਾਂ ਨੂੰ ਆਪਣੇ ਅੰਤਰੀਵ ਵਿਚ ਸਮਾਉਣ ਵਾਲੇ ਲੋਕ ਹੀ ਛਾਂ ਦੀ ਅਹਿਮੀਅਤ ਨੂੰ ਸਮਝ ਸਕਦੇ।
ਬਾਪ ਦੀ ਪਰਨੇ ਦੀ ਚਿੱਤਕਬਰੀ ਛਾਂ ਹੇਠ ਤੁਰਨ ਵਾਲੇ ਮਲੂਕ ਪੈਰਾਂ ਨੂੰ ਕੱਚੇ ਰਾਹਾਂ ਦੀ ਧੁੱਧਲ ਦਾ ਸੇਕ ਨਹੀਂ ਪਾਹੁੰਦਾ ਅਤੇ ਉਹ ਸਾਬਤ ਕਦਮੀਂ ਮੰਜ਼ਿਲ ਦਾ ਸਿਰਨਾਵਾਂ ਬਣ ਜਾਂਦੇ ਨੇ।
ਮਾਂ ਦੀ ਛਾਂ ਮਾਣਨ ਵਾਲੇ ਬੱਚੇ ਤਿੱਖੜ ਦੁਪਹਿਰਾਂ ‘ਚ ਵੀ ਠੰਢੜੀ ਛਾਂ ਮਾਣਦੇ। ਬਜੁਰਗੀ ਪ੍ਰਛਾਂਵੇਂ ‘ਚ ਤੁਰੇ ਜਾਂਦੇ ਅਲੂੰਏਂ ਜੁਆਕ ਨੂੰ ਸਿਰ ‘ਤੇ ਆਇਆ ਸੂਰਜ ਵੀ ਨਹੀਂ ਪਿਘਲਾ ਸਕਦਾ।
ਮਾਪਿਆਂ ਦੀ ਛਾਂ ਵਿਚ ਤੁਰਨ ਵਾਲੀ ਔਲਾਦ ਨੂੰ ਦੁਨੀਆਂਦਾਰੀ ਦੇ ਝਮੇਲਿਆਂ ਤੋਂ ਰਾਹਤ ਵੀ ਮਿਲਦੀ ਅਤੇ ਸਮਾਜਕ ਸਰੋਕਾਰਾਂ ਦੀ ਸੋਝੀ ਹੋਣ ਦੇ ਨਾਲ-ਨਾਲ, ਜੀਵਨ ਦੇ ਮਾਰੂਥਲੀਂ ਰਾਹਾਂ ਨੂੰ ਸਰ ਕਰਨ ਦਾ ਹੀਆ ਤੇ ਸਬਰ ਵੀ ਹੁੰਦਾ।
ਆਪਣੇ ਵਿਰਸੇ ਦੀ ਛਾਂ ਮਾਣਨ ਵਾਲੇ ਲੋਕ ਆਪਣੇ ਬੀਤੇ ‘ਤੇ ਮਾਣ ਕਰਦੇ। ਭੂਤ ਨੂੰ ਪੱਲੇ ਬੰਨ ਕੇ ਨਵੇਂ ਦਿਸਹੱਦਿਆਂ ਦਾ ਨਾਮਕਰਨ ਵੀ ਕਰਦੇ ਅਤੇ ਆਪਣੇ ਮੂਲ ਨਾਲ ਵੀ ਜੁੜੇ ਰਹਿੰਦੇ।
ਬਾਬੇ ਬਿਰਖਾਂ ਦੀ ਛਾਂ ‘ਚ ਸ਼ੁਕਰ, ਸਕੂਨ ਅਤੇ ਸਬਰ ਦੀ ਮੁਹਾਰਨੀ ਪੜ੍ਹੀ ਜਾਂਦੀ। ਇਸ ਦੀ ਛਾਂ ‘ਚ ਜਦ ਰਾਹੀਆਂ ਦੀ ਥਕਾਵਟ ਦੂਰ ਹੁੰਦੀ ਅਤੇ ਉਨ੍ਹਾਂ ਦੇ ਪਿੰਡੇ ਤੋਂ ਵਾਸ਼ਪ ਹੋਇਆ ਮੁੜਕਾ, ਹਵਾ ‘ਚ ਤਰਲਤਾ ਬੀਜਦਾ ਤਾਂ ਬਿਰਖ ਦੇ ਸਾਹਾਂ ਵਿਚ ਰਵਾਨਗੀ ਭਰੀ ਜਾਂਦੀ।
ਬਜੁਰਗਾਂ ਦੀ ਸਿਆਣਪੀ ਛਾਂ ਵਿਚ ਪ੍ਰਵਾਨ ਚੜ੍ਹੇ ਬੱਚਿਆਂ ਦੇ ਮਨਾਂ ਵਿਚ ਅਚੇਤ ਹੀ ਮਾਨਵੀ ਕਦਰਾਂ ਕੀਮਤਾਂ, ਸੰਤੁਲਿਤ ਜੀਵਨ ਸ਼ੈਲੀ ਅਤੇ ਆਪਣੀ ਬੋਲੀ ਤੇ ਧਰਮ ਪ੍ਰਤੀ ਮੋਹ ਪੈਦਾ ਹੋ ਜਾਂਦਾ। ਉਨ੍ਹਾਂ ਦੇ ਮਨਾਂ ਵਿਚ ਅਦਬ, ਸਤਿਕਾਰ ਅਤੇ ਅਧੀਨਗੀ ਭਰਿਆ ਲਹਿਜਾ, ਜੀਵਨ-ਜਾਚ ਦਾ ਸੁਚੱਜਾ ਮਾਰਗ ਬਣ ਜਾਂਦਾ।
ਮਹਾਂ-ਬਿਰਖਾਂ ਦੀ ਛਾਂ ਕਈ ਵਾਰ ਨਿੱਕੇ ਨਿੱਕੇ ਬਿਰਖਾਂ ਦੇ ਮੌਲਣ ਅਤੇ ਵਿਗਸਣ ਲਈ ਸਰਾਪ ਵੀ ਬਣ ਜਾਂਦੀ ਕਿਉਂਕਿ ਹਰ ਬਿਰਖ ਨੂੰ ਵਧਣ ਫੁਲਣ ਲਈ ਧੁੱਪ ਦਾ ਸਾਥ ਮਾਣਨਾ, ਲੂਆਂ ਨਾਲ ਆਢਾ ਲਾਉਣਾ ਅਤੇ ਮੋਹਲੇਧਾਰ ਬਾਰਸ਼ ‘ਚ ਸਮੁੱਚ ਨੂੰ ਭਿਉਣਾ ਜਰੂਰੀ ਹੁੰਦਾ। ਅਜਿਹੇ ਬਿਰਖ ਵਰਜਣਾ ਹੰਢਾਉਂਦੇ, ਬੋਹੜਾਂ ਅਤੇ ਪਿੱਪਲਾਂ ਵਾਂਗ, ਮਹਿਲਾਂ ਦੇ ਬੋੜੇ ਕਿੰਗਰਿਆਂ ਅਤੇ ਵੱਡੇ ਬਿਰਖਾਂ ਦੀਆਂ ਖੋੜਾਂ ਵਿਚ ਆਪਣਾ ਘਰ ਬਣਾ ਲੈਂਦੇ ਅਤੇ ਆਪਣੀ ਹੋਂਦ ਦਾ ਪਰਚਮ ਝੁਲਾਉਂਦੇ। ਲੋੜ ਹੈ ਕਿ ਹਰ ਬਿਰਖ ਨੂੰ ਖੁਦ ਆਪਣੇ ਦਿਸਹੱਦੇ ਨਿਸਚਿਤ ਕਰਨ, ਆਪਣੀਆਂ ਸੀਮਾਵਾਂ ਪਹਿਲਾਂ ਨਿਰਧਾਰਤ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਮੌਕਾ ਦਿਤਾ ਜਾਵੇ। ਵਲਗਣਾਂ ਵਿਚ ਵਲੀ ਹੋਈ ਵੇਲ ਵੀ ਬਨੇਰਿਆਂ ਤੋਂ ਬਾਹਰ ਨੂੰ ਅਹੁਲਦੀ ਏ।
ਬਹੁਤਿਆਂ ਲਈ ਛਾਂ ਦੇ ਕੋਈ ਅਰਥ ਨਹੀਂ। ਪਰ ਕਦੇ ਉਸ ਬੱਚੇ ਨੂੰ ਛਾਂ ਦੇ ਮਾਇਨੇ ਪੁੱਛਣੇ ਜਿਹੜਾ ਹਰ ਰੋਜ਼ ਜੇਠ ਹਾੜ ‘ਚ ਨੰਗੇ ਪੈਰੀਂ ਹਲ ਵਾਹੁੰਦੇ ਬਾਪ ਲਈ ਦੁਪਹਿਰਾ ਲੈ ਕੇ ਗਿਆ ਹੋਵੇ, ਜਿਸ ਨੇ ਹਰ ਰੋਜ਼ ਦਸ ਮੀਲ ਦਾ ਵਾਪਸੀ ਸਕੂਲੀ-ਸਫਰ ਪੈਰਾਂ ਹੇਠ ਬੋਰੀ ਦਾ ਟੋਟਾ ਬੰਨ ਕੇ ਕੀਤਾ ਹੋਵੇ, ਕਦੇ ਉਸ ਬਚਪਨੇ ਨੂੰ ਪੁੱਛਣਾ, ਜਿਸ ਦੀ ਮਾਂ ਉਸ ਨੂੰ ਸੜਕ ਕਿਨਾਰੇ ਲਿਟਾ ਕੇ ਰੋੜੀ ਕੁੱਟਦੀ, ਪੇਟ ਦੀ ਅੱਗ ਨੂੰ ਝੁਲਸਦੀ ਹੋਵੇ ਜਾਂ ਜਿਨ੍ਹਾਂ ਲਈ ਮਾਪਿਆਂ ਦੀ ਛਾਂ ਦੀ ਅਣਹੋਂਦ ਉਨ੍ਹਾਂ ਨੂੰ ਅੱਖਰ-ਗਿਆਨ ਤੋਂ ਵਿਰਵਾ ਕਰ ਗਈ ਹੋਵੇ ਅਤੇ ਉਹ ਆਪਣਾ ਬਚਪਨਾ, ਝਿੱੜਕਾਂ ‘ਚ ਵਿਹਾਜ, ਸਾਹਾਂ ਦੀ ਸਲਾਮਤੀ ਮੰਗਦੇ ਹੀ ਜਹਾਨ ਤੋਂ ਤੁਰ ਗਏ ਹੋਣ।
ਛਾਂ, ਛਾਂ ਹੀ ਹੁੰਦੀ। ਛਾਂ ਬਹੁ-ਭਾਂਤੀ। ਸ਼ਾਬਦਿਕ ਅਰਥ ਤੋਂ ਬਾਹਰ ਝਾਕੋ ਤੁਹਾਨੂੰ ਇਸ ਦੀ ਭਿੰਨਤਾ ਅਤੇ ਬਹੁ-ਰੂਪਤਾ ਅਚੰਭਿਤ ਕਰ ਦੇਵੇਗੀ।
ਛਾਂ, ਬਾਬੇ ਦੇ ਹੱਥੀਂ ਲਾਏ ਪਿੱਪਲ ਦੀ ਹੋਵੇ, ਬਾਪ ਦੀ ਸੁਲੱਖਣੀ ਮੱਤ ਦੀ ਹੋਵੇ, ਮਾਂ ਦੀ ਮਮਤਾਈ ਲੋਰ ਵਿਚ ਦਿੱਤੀਆਂ ਨਸੀਹਤਾਂ ਦੀ ਹੋਵੇ, ਅਧਿਆਪਕਾਂ ਵਲੋਂ ਮਿਲੀਆਂ ਝਿੜਕਾਂ ਤੇ ਪੁੱਠੇ ਹੱਥਾਂ ‘ਤੇ ਖਾਧੀਆਂ ਸੋਟੀਆਂ ਦੀ ਹੋਵੇ, ਜੀਵਨ ਦੇ ਸਰਾਪੇ ਪੜਾਅ ‘ਤੇ ਕਿਸੇ ਰਹਿਬਰ ਦੀ ਹੋਵੇ, ਖੁਰਦਰੇ ਰਾਹਾਂ ‘ਤੇ ਮਿਲੇ ਕਿਸੇ ਸੁਖਨਵਰ ਦੀ ਹੋਵੇ ਜਾਂ ਪੀੜਾਂ ਪਰੁੱਚੇ ਪਲਾਂ ਵਿਚ ਕੀਤੀ ਮੱਠੀ ਜਿਹੀ ਟਕੋਰ ‘ਤੇ ਲਾਈ ਮਰਹਮ ਦੀ ਹੋਵੇ।
ਛਾਂ ਮਸਨੂਈ ਵੀ ਹੁੰਦੀ ਤੇ ਅਪਣੱਤ ਭਰਪੂਰ ਵੀ, ਕਠੋਰ ਵੀ ਹੁੰਦੀ ਤੇ ਕੋਮਲਤਾ ਨਾਲ ਪਰੁੱਚੀ ਵੀ ਅਤੇ ਭਟਕਣ ‘ਚ ਰੁੱਝੀ ਵੀ ਤੇ ਸਹਿਜ ਨਾਲ ਲਬਰੇਜ਼ ਵੀ। ਕਦੇ ਠੰਢਕ ਪਹੁੰਚਾਉਂਦੀ ਪਰ ਕਦੇ ਕਦਾਈਂ ਤਪਸ਼ ਵੀ ਤਰੌਂਕਦੀ, ਪਰ ਬਹੁਤੀ ਵਾਰ ਇਹ ਛਾਂ ਤੁਹਾਡਾ ਭਲਾ ਮੰਗਦੀ, ਆਪਣੇ ਹਰ ਰੂਪ ‘ਚ, ਤੁਹਾਡੇ ਪੈਰਾਂ ਦੇ ਨਾਮ ਸਦੀਵਤਾ ਦਾ ਨਾਮਕਰਨ ਕਰਦੀ।
ਛਾਂ ਤਾਂ ਆਪਣੀ ਵੀ ਹੁੰਦੀ। ਪਰ ਸਭ ਤੋਂ ਔਖਾ ਹੁੰਦਾ ਏ ਛਾਂ ਬਣਨਾ ਅਤੇ ਇਸ ਦੀ ਛਾਂਵੇਂ-ਛਾਂਵੇਂ ਤੁਰ ਕੇ ਜੀਵਨ-ਪੈਂਡਿਆਂ ਦੇ ਮੱਥੇ ‘ਤੇ ਸੁਰਖ ਸਿਰਨਾਵਾਂ ਸਿਰਜਣਾ।
ਜਦ ਕੋਈ ਛਾਂ ਬਣ ਕੇ ਸਾਡੀ ਸੋਚ, ਸਾਧਨਾ ਅਤੇ ਸਮਰਪਣ ਦਾ ਹਿੱਸਾ ਬਣਦਾ ਤਾਂ ਜੀਵਨ ਦੇ ਨਾਂਵੇਂ ਸੁਪਨਿਆਂ ਦਾ ਸੱਚ ਹੁੰਦਾ। ਪਰ ਕਦੇ ਵੀ ਇਹ ਛਾਂ ਕੁਲਹਿਣੀ ਨਾ ਹੋਵੇ ਜਿਸ ਹੇਠ ਦਮ ਘੁੱਟਦਾ ਹੋਵੇ ਅਤੇ ਜਿਸ ਦੇ ਨੇੜ ਵਿਚੋਂ ਸਿਸਕੀਆਂ ਤੇ ਆਹਾਂ ਦੀ ਹੂਕ ਪੈਦਾ ਹੋਵੇ। ਅਜਿਹੀਆਂ ਛਾਂਵਾਂ ਬਦਹਵਾਸੀਆਂ ਹੁੰਦੀਆਂ ਜਿਨ੍ਹਾਂ ਦੇ ਮੱਥੇ ‘ਤੇ ਕੁਲੱਛਣੇ ਪਲਾਂ ਦੀ ਤਿਉੜੀ ਉਕਰੀ ਹੁੰਦੀ।
ਛਾਂ ਹਰ ਕੋਈ ਨਹੀਂ ਬਣ ਸਕਦਾ। ਕੁਝ ਕੁ ਲੋਕ ਹੀ ਛਾਂਵਾਂ ਬਣਦੇ ਅਤੇ ਉਨ੍ਹਾਂ ਵਿਚੋਂ ਵਿਰਲੇ ਹੀ ਹੋਰਨਾਂ ਲਈ ਦੁਆਵਾਂ ਅਤੇ ਅਸੀਸਾਂ ਭਰਪੂਰ ਛਾਂਵਾਂ ਬਣਦੇ ਜਿਨ੍ਹਾਂ ਦੇ ਆਗੋਸ਼ ਵਿਚ ਆਇਆਂ ਦੇ ਭਾਗਾਂ ਵਿਚ ਲਿਸ਼ਕੋਰ ਪੈਦਾ ਹੁੰਦੀ।
ਜ਼ਿੰਦਗੀ ਸਿਰਫ ਇਕ ਵੇਰਾਂ ਮਿਲਦੀ। ਅਸੀਂ ਜੇ ਇਸ ਜ਼ਿੰਦਗੀ ਦੇ ਨਾਂਵੇਂ ਛਾਂਵਾਂ ਵੰਡਣ ਦੀ ਸ਼ਫਾ ਲਾਵਾਂਗੇ ਤਾਂ ਜੀਵਨ ਦੀ ਸੁਹਿਰਦਤਾ ਤੁਹਾਡਾ ਹਾਸਲ ਹੋਵੇਗੀ ਅਤੇ ਤੁਹਾਡੀ ਛਾਂ ਵਿਚ ਪ੍ਰਵਾਨ ਚੜ੍ਹੀ ਸ਼ਖਸੀਅਤ ਤੁਹਾਡੀ ਸ਼ੋਭਨੀਕ ਵਿਰਾਸਤ ਦਾ ਮਾਣ ਵੀ ਬਣ ਸਕਦੀ ਏ। ਬਹੁਤ ਮਹਾਨ ਉਹ ਲੋਕ ਹੁੰਦੇ ਜੋ ਛਾਂ ਬਣਨ ਲਈ ਪਿੰਡਾ ਲੂੰਹਦੇ, ਛਤਰੀ ਬਣਨ ਲਈ ਸਿਰ ਦੇ ਕੱਜਣ ਦੀ ਓਟ ਸਿਰਜਦੇ, ਠਾਹਰ ਬਣਨ ਲਈ ਜਿਸਮ ਦੀ ਝੌਪੜੀ ਬਣਾ ਲੈਂਦੇ, ਗਰੀਬ ਮਜ਼ਲੂਮ ਦੀ ਰਾਖੀ ਲਈ ਵੰਗਾਰ ਬਣਦੇ ਅਤੇ ਹਨੇਰਿਆਂ ਨੂੰ ਚੀਰਨ ਲਈ ਮਸ਼ਾਲ ਬਣਨ ਤੋਂ ਵੀ ਝਿਜਕਦੇ ਨਹੀਂ।
ਛਾਂ ਬਣਨਾ ਸਭ ਤੋਂ ਅਸਾਨ ਵੀ ਅਤੇ ਔਖਾ ਵੀ ਕਿਉਂਕਿ ਛਾਂ ਦੇ ਫਰਜ਼ ਨਿਭਾਉਣਾ, ਤਪਦਿਆਂ ਨੂੰ ਠੰਢਕ ਪਹੁੰਚਾਉਣਾ ਅਤੇ ਕਿਸੇ ਦੇ ਦਰਦ ਨੂੰ ਅਪਨਾਉਣਾ, ਸਭ ਤੋਂ ਔਖਾ ਧਰਮ-ਕਰਮ।
ਕਦੇ ਤੁਸੀਂ ਛਾਂ ਬਣੇ ਹੋ! ਕਿਸੇ ਅਬਲਾ ਤੇ ਮਾਸੂਮ ਲਈ ਛਾਂ ਬਣਨ ਦੀ ਕਾਮਨਾ ਮਨ ਵਿਚ ਪੈਦਾ ਜਰੂਰ ਕਰਨਾ, ਤੁਸੀਂ ਮਨੁੱਖਤਾ ਦਾ ਸੁੱਚਾ ਹਰਫ ਬਣ ਜਾਵੋਗੇ।
ਕਦੇ ਅਜਿਹੀ ਛਾਂ ਦੀ ਤਫਸੀਲ ਆਪਣੇ ਜ਼ਿਹਨ ਵਿਚ ਉਤਾਰਨਾ, ਤੁਹਾਡੇ ਸੋਚ-ਕਿਵਾੜ ਵਿਚ ਭਲੇ ਵਿਚਾਰਾਂ ਦੀ ਦਸਤਕ ਜਰੂਰ ਹੋਵੇਗੀ।