ਦੇਗਾਂ ਮਸਤਾਨੀਆਂ

ਕੈਨੇਡਾ ਵਿਚ ਪੰਜਾਬੀ: 100 ਸਾਲ ਪਹਿਲਾਂ
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ। ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਜ਼ਿਕਰ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਅਤੇ ਵਾਕ ਬਣਤਰ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਹੋ ਸਕਣ।

-ਸੰਪਾਦਕ

ਜਹਾਜ਼ ਸਮੁੰਦਰ ਦੇ ਵਿਚਕਾਰ ਖੜ੍ਹਾ ਹੈ। ਬਾਹਰਲਾ ਆਦਮੀ ਅੰਦਰ ਨਹੀਂ ਆ ਸਕਦਾ, ਅੰਦਰਲਾ ਬਾਹਰ ਨਹੀਂ ਜਾ ਸਕਦਾ। ਅੰਤ ਭੰਡਾਰੇ ਕਦ ਤਕ ਪੂਰਾ ਫਟਾ ਸਕਦੇ ਸਨ। ਚਾਰ ਸੌ ਸਰੀਰ ਦਾ ਰੋਜ਼ ਦਾ ਖਰਚ ਹੈ। ਕੀ ਹੋਇਆ, ਸਿੱਖਾਂ ਤੇ ਮੁਸਲਮਾਨਾਂ ਦੀਆਂ ਸਾਂਝੀਆਂ ਦੇਗਾਂ ਮਸਤਾਨੀਆਂ ਹੋ ਗਈਆਂ। ਕਦੇ ਸਮਾਂ ਸੀ ਕਿ ਖਾਲਸਾ ਜੀ ਅਤੇ ਮੁਹੰਮਦ ਵੀਰ ਯੁਧ ਵਿਚ ਇਕ-ਦੂਜੇ ਦੇ ਭੰਡਾਰੇ ਲੁਟਿਆ ਕਰਦੇ ਸਨ। ਪਰ ਅੱਜ ਜ਼ਮਾਨੇ ਨੇ ਦੋਹਾਂ ਨੂੰ ਪੱਕਾ ਤੇ ਨਿੱਗਰ ਸਬਕ ਸਿਖਾਉਣ ਲਈ ਨਰੜ ਕੇ ਜਹਾਜ਼ ਵਿਚ ਬੰਦ ਕਰਕੇ ਦੂਰ ਪ੍ਰਦੇਸ ਵਿਚ ਇਕ ਤੀਜੀ ਕੌਮ ਦੇ ਰਹਿਮ ‘ਤੇ ਸਿਟਿਆ ਹੈ। ਅੱਜ ਪੰਡਤ, ਗਿਆਨੀ ਤੇ ਮੁੱਲਾਂ ਜਿਨ੍ਹਾਂ ਦੀ ਧਰਮ ਦੀ ਸੁੱਕੀ ਹੈਂਕੜ ਭਾਰਤ ਦੇ ਜਾਇਆਂ ਨੂੰ ਸਾਹ ਨਹੀਂ ਲੈਣ ਦਿੰਦੀ, ਨੂੰ ਇਕੋ ਜਿਹੇ ਮਿਣਤੀ ਦੇ ਠੁੱਡੇ ਪੈ ਰਹੇ ਹਨ। ਅੰਦਰਲੇ ਅੰਦਰ ਤੇ ਬਾਹਰਲੇ ਦੇ ਬਾਹਰ ਰਾਸ਼ਨ ਪਾਣੀ ਨੂੰ ਜਹਾਜ਼ ਦੇ ਅੰਦਰ ਟੋਟਾ ਆ ਗਿਆ ਤੇ ਭਾਰਤ ਦੇ ਦੁਲਾਰੇ ਕੌਮੀ ਸੰਗਰਾਮ ਵਿਚ ਭੁੱਖ ਤੇ ਪਿਆਸ ਨਾਲ ਵਿਆਕੁਲ ਹੋਣ ਲੱਗੇ ਹਨ। ਇਨ੍ਹਾਂ ਦੁਖਿਆਰਿਆਂ ਦੀ ਕਿਸ ਨੂੰ ਪੀੜ ਹੈ? ਹਿੰਦ ਦੇ ਧਨੀ ਤੇ ਸਰਦਾਰ, ਰਈਸ ਤੇ ਮਾਲਦਾਰ ਸਦਾਉਣ ਵਾਲੇ ਸੋਹਣੀਆਂ ਸੇਜਾਂ ‘ਤੇ ਪਏ ਮੌਜਾਂ ਮਾਣ ਰਹੇ ਹਨ। ਰੰਡੀਆਂ ਦੇ ਮੁਜਰੇ, ਵਿਸਕੀਆਂ ਦੇ ਡੁਘੂ ਭੋਰਿਆਂ ਦੀ ਭਿੰਨੀ ਹੋਣ ਵਿਚ ਸੜੇ ਹੋਏ ਬੇਗੈਰਤ ਹਿੰਦੀ ਮਤਵਾਲੇ ਹੋ ਰਹੇ ਹਨ। ਪੰਡਤ, ਮੁੱਲਾਂ ਤੇ ਭਾਈ ਹੱਥਾਂ ਵਿਚ ਮਾਲਾ ਫੜੀ ਭੁਆਟਣੀਆਂ ਖਾ ਰਹੇ ਹਨ।
ਅਨਜਾਣ ਤੇ ਖੁਦਗਰਜ਼ ਲੋਕ ਪ੍ਰਕਿਰਤੀ ਤੇ ਮੁਕਤੀ ਸਾਧਨਾਂ ਤੇ ਸੈਂਕੜੇ ਬਦਕਿਸਮਤ ਭਾਰਤ ਜਾਇਆਂ ਨੂੰ ਇਕੱਠੇ ਕਰਕੇ ਸਿਰੜ ਗਿਆਨ ਦੇ ਅਖਾੜੇ ਮਚਾ ਰਹੇ ਹਨ, ਪਰ ਬਾਹਰ ਦੁਨੀਆਂ ਵਿਚ ਉਨ੍ਹਾਂ ਦੀ ਕੌਮ ਨੂੰ ਠੁੱਡੇ ਪੈ ਰਹੇ ਹਨ। ਦੁਨੀਆਂ ਵਿਚ ਹੋਰ ਕੌਮਾਂ ਇਨ੍ਹਾਂ ਦੇ ਵੀਰਾਂ ਨੂੰ ਜੀ ਆਇਆਂ ਬੋਲ ਰਹੀਆਂ ਹਨ। ਕਿਤੇ ਖੜ੍ਹਾ ਹੋਣਾ ਤੇ ਸੁੱਖ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਵੈਨਕੂਵਰ ਦੇ ਬਾਹਰ ਕੀ ਹਾਲ ਹੈ, ਜਹਾਜ਼ ਵਿਚਲੇ ਭਾਰਤ ਵਾਸੀ ਕੈਦੀ ਭੁੱਖੇ ਹਨ। ਸਾਂਝੀ ਬਿਪਤਾ ਵਿਚ ਢਿੱਡੋਂ ਭੁੱਖੇ ਹਿੰਦੁਸਤਾਨੀ ਗਲ ਜੱਫੀਆਂ ਪਾਈ ਜਹਾਜ਼ ਵਿਚ ਬੈਠੇ ਸੋਚ ਰਹੇ ਹਨ ਕਿ ਭਾਰਤ ਮਾਤਾ ਦੀ ਨਿਰਾਦਰੀ ਦਾ ਕੀ ਦਾਰੂ ਹੈ? ਹਿੰਦੂ, ਮੁਸਲਮਾਨ ਤੇ ਸਿੱਖ ਅੱਜ ਠੀਕ ਇਕ ਰੂਪ ਤੇ ਇਕ ਜਾਨ ਹਿੰਦੁਸਤਾਨੀ ਕੌਮ ਬਣੇ ਦਿਸ ਰਹੇ ਹਨ। ਕਿਸੇ ਧਰਮ ਜਾਂ ਫਿਰਕੇ ਦਾ ਫਰਕ ਲੱਭਣ ਵਾਲੇ ਨੂੰ ਸੱਦ ਰਹੇ ਹਨ। ਅੰਤ 8 ਜੂਨ ਨੂੰ ਰਾਸ਼ਣ ਪਾਣੀ ਹੱਥ ਲੱਗਾ ਤੇ ਫੇਰ ਭੰਡਾਰੀ ਨੇ ਲੋਹ ਲੰਗਰ ਲਾਉਣ ਦਾ ਹੁਕਮ ਦਿੱਤਾ।
ਕਿਸ਼ਤ
ਉਧਰ ਜਹਾਜ਼ ਵਿਚ ਅੜਿੱਕੇ ਆਏ ਹਿੰਦੀ ਕੈਦੀਆਂ ਨੇ ਦੋ ਤਿੰਨ ਦਿਨਾਂ ਦੇ ਕਰੜੇ ਫਾਕੇ ਮਗਰੋਂ ਮੂੰਹ ਵਿਚ ਗਰਾਹੀ ਪਾਈ ਹੈ। ਇਧਰ ਬਾਹਰ ਦੇ ਭਰਾ ਜਹਾਜ਼ ਦੀ ਕਿਸ਼ਤ ਪੂਰਾ ਕਰਨ ਲਈ ਦੌੜੇ ਫਿਰ ਰਹੇ ਹਨ। ਕਿਸ਼ਤ ਤਾਰਨ ਦੀ ਆਖਰੀ ਤਾਰੀਖ 11 ਜੂਨ ਸੀ, ਸੋ ਬਹਾਦਰ ਹਿੰਦੀਆਂ ਨੇ ਇਸ ਦੁੱਖ ਵਿਚ ਮਾਇਆ ਦੇ ਢੇਰ ਲਾ ਦਿੱਤੇ ਤੇ ਵੈਨਕੂਵਰ ਦੇ ਵੀਰਾਂ ਨੇ ਹੁਮ ਹੁਮਾ ਕੇ ਜੋਸ਼ ਵਿਚ ਉਦਮ ਕੀਤਾ। ਬਾਹਰ ਜੰਗਲਾਂ ਵਿਚ ਬੈਠੇ ਭਰਾਵਾਂ ਨੇ ਭੀ ਸੈਂਕੜੇ ਡਾਲਰਾਂ ਦੀਆਂ ਰਕਮਾਂ ਆਪਣਾ ਧਰਮ ਜਾਣ ਕੇ ਹਾਜ਼ਰ ਕੀਤੀਆਂ। ਹਰ ਇਕ ਭਰਾ ਨੇ ਆਪਣੇ ਵੱਲੋਂ ਕੋਈ ਕਸਰ ਨਾ ਛੱਡੀ। ਇਸ ਲਈ ਮਾਸਟਰ ਹਰਨਾਮ ਸਿੰਘ, ਭਾਈ ਬਲਵੰਤ ਸਿੰਘ ਤੇ ਗੁਰਦਿੱਤ ਸਿੰਘ, ਜਵੈਦ ਸਿੰਘ ਆਦਿ ਵੀਰ ਖਾਸ ਹੁਸ਼ਿਆਰੀ ਨਾਲ ਫਿਰਦੇ ਰਹੇ। ਜਿਥੇ ਜਿਥੇ ਗਏ, ਸਭ ਨੇ ਜੀ ਆਇਆਂ ਕਹਿ ਕੇ ਮਾਇਆ ਹਾਜ਼ਰ ਕੀਤੀ ਤੇ ਅੰਤ 11 ਤਾਰੀਖ ਨੂੰ ਗਿਆਰਾਂ ਹਜ਼ਾਰ ਡਾਲਰ ਨਕਦ ਦੀ ਭਾਰੀ ਰਕਮ ਪੂਰਨ ਹੋ ਗਈ।
ਅੜਿੱਕੇ
ਜਦ ਤਕ ਕਿਸ਼ਤ ਪੂਰੀ ਨਹੀਂ ਹੋਈ ਸੀ, ਉਦੋਂ ਤਕ ਹਿੰਦੀਆਂ ਦੇ ਵੈਰੀ ਇਸ ਤਾੜ ਵਿਚ ਸਨ ਕਿ ਬਸ ਇਕ ਹੀ ਮਰੋੜੇ ਵਿਚ ਜਹਾਜ਼ ਮੁੜ ਜਾਏਗਾ, ਪਰ ਜਦ ਗਿਆਰਾਂ ਹਜ਼ਾਰ ਡਾਲਰ ਨਕਦ ਆਣ ਰਖਿਆ ਤਾਂ ਅੱਗੋਂ ਜਹਾਜ਼ ਦੇ ਏਜੰਟ ਵੱਲੋਂ ਕੁ ਮੌਕੇ ਜਿਹੇ ਉਤਰ ਮਿਲਿਆ ਕਿ 15 ਹਜ਼ਾਰ ਡਾਲਰ ਪੂਰੀ ਤਾਰੋ ਤਾਂ ਮੈਂ ਮਨਜ਼ੂਰ ਕਰਦਾ ਹਾਂ। ਇਸ ਹਾਲ ਵਿਚ ਇਸ ਚਾਣਚਕ ਪਈ ਮਰੋੜੀ ਨੂੰ ਖੋਲ੍ਹਣ ਲਈ ਹਿੰਦੀਆਂ ਨੇ ਫੇਰ ਹੱਲਾ ਕੀਤਾ ਤੇ 15 ਹਜ਼ਾਰ ਡਾਲਰ ਲਿਆ ਰਖਿਆ, ਪਰ ਇਸ ਵਕਤ ਅਸੀਂ ਡਾਹਢੇ ਹੀ ਦੁੱਖ ਤੇ ਰੰਜ ਨਾਲ ਸੁਣ ਰਹੇ ਹਾਂ ਕਿ ਇਸ ‘ਤੇ ਹੋਰ ਅੜਿੱਕੇ ਪਾਏ ਗਏ ਹਨ ਤੇ ਵਿਕਟੋਰੀਆ ਟਾਈਮਜ਼ ਅਖਬਾਰ ਤੋਂ ਪਤਾ ਲੱਗਾ ਹੈ ਕਿ ਜਹਾਜ਼ ਦੇ ਮਾਲਕ ਗਵਰਨਮੈਂਟ ਨਾਲ ਰਲ ਕੇ ਅੜਿੱਕੇ ਪਾ ਰਹੇ ਹਨ ਕਿਉਂਕਿ ਹੁਣ 15 ਹਜ਼ਾਰ ਜਦ ਪੂਰਨ ਕੀਤਾ ਹੈ ਤਾਂ ਅੱਗੋਂ ਉਤਰ ਮਿਲਿਆ ਹੈ ਕਿ ਚਾਲੀ ਹਜ਼ਾਰ ਡਾਲਰ ਲਿਆਉ ਤੇ ਨਾਲ ਹੀ ਕਈ ਮਹੀਨਿਆਂ ਦੇ ਚਾਰਟਰ ਦੀ ਗਾਰੰਟੀ ਦਿਉ। ਇਥੇ ਇਹ ਭੀ ਦੱਸਣਾ ਜ਼ਰੂਰੀ ਹੈ ਕਿ ਜਹਾਜ਼ ਅੱਜ ਤਕ ਘਾਟ ‘ਤੇ ਨਹੀਂ ਲੱਗਾ ਤੇ ਪਾਣੀ ਦੇ ਵਿਚਕਾਰ ਹੀ ਖੜ੍ਹਾ ਕੀਤਾ ਹੋਇਆ ਹੈ। ਕਿਸੇ ਆਦਮੀ ਨੂੰ ਬਾਹਰ ਨਿਕਲਣ ਨਹੀਂ ਦਿੱਤਾ ਹੈ। ਇਮੀਗਰੇਸ਼ਨ ਵਾਲੇ ਉਸੇ ਤਰ੍ਹਾਂ ਇਕ-ਇਕ ਆਦਮੀ ਦਾ ਹਰ ਰੋਜ਼ ਹੁਲੀਆ ਲੈਂਦੇ ਹਨ ਤੇ ਇਨ੍ਹਾਂ ਖੇਲਾਂ ਵਿਚ ਦੇਰ ਪਾਈ ਜਾ ਰਹੇ ਹਨ।
ਜਾਪਾਨੀ ਮਨਵਰ
ਜਹਾਜ਼ ਨੂੰ ਹੁਣ ਦੀ ਜਗ੍ਹਾ ਬਦਲਣ ਤੋਂ ਦੂਜੀ ਜਗ੍ਹਾ ਦਾ ਹੁਕਮ ਦਿੱਤਾ ਗਿਆ ਸੀ, ਪਰ ਅੰਦਰਲੇ ਹਿੰਦੀਆਂ ਨੇ ਇਹ ਸਮਝ ਕੇ, ਕਿ ਇਸ ਚਾਲ ਨਾਲ ਜਹਾਜ਼ ਨੂੰ ਵਾਪਸ ਮੋੜਨ ਲੱਗੇ ਹਨ। ਇੰਜਣ ਗਰਮ ਨਹੀਂ ਹੋਣ ਦਿੱਤਾ ਤੇ ਜਹਾਜ਼ ਉਥੇ ਹੀ ਖੜ੍ਹਾ ਹੈ। ਵੈਨਕੂਵਰ ਦਾ ਇਕ ਅਖਬਾਰ ਲਿਖਦਾ ਹੈ ਕਿ ਜਾਪਾਨੀ ਮਲਾਹਾਂ ਪਾਸ ਪਿਸਤੌਲਾਂ ਪਹੁੰਚਾਈਆਂ ਗਈਆਂ ਹਨ। ਇਹ ਤਾਂ ਅਸੀਂ ਦਸ ਹੀ ਆਏ ਹਾਂ ਕਿ ਇਮੀਗਰੇਸ਼ਨ ਅਫਸਰ ਹਰ ਰੋਜ਼ ਇਕ-ਇਕ ਆਦਮੀ ਦਾ ਆਪਣੀ ਕਮੇਟੀ ਦੇ ਸਾਹਮਣੇ ਹੌਲੀ-ਹੌਲੀ ਅਜਬ ਤਰ੍ਹਾਂ ਮੁਲਾਹਜਾ ਕਰ ਰਹੇ ਹਨ, ਪਰ ਹੋਰ ਭੀ ਹਨੇਰ ਇਹ ਹੈ ਕਿ ਇਨ੍ਹਾਂ ਆਦਮੀਆਂ ਦੀ ਬਾਬਤ ਕੋਈ ਫੈਸਲਾ ਨਹੀਂ ਦਿੰਦੇ ਕਿਉਂਕਿ ਜੇ ਫੈਸਲਾ ਦੇਣ ਤਾਂ ਮੁਕੱਦਮਾ ਸ਼ੁਰੂ ਹੋ ਸਕਦਾ ਹੈ। ਸੋ ਇਸ ਨਕਾਰੇ ਨੂੰ ਖੋਲ੍ਹਣ ਲਈ ਆਪਣੇ ਵਕੀਲ ਬਰਡ ਨੇ ਇਮੀਗਰੇਸ਼ਨ ਸੁਪਰਡੰਟ ਰੀਡ ਨੂੰ ਕੋਰਟ ਵਿਚ ਸੱਦਿਆ ਹੈ ਕਿ ਉਹ ਦੱਸੇ ਕਿ ਕਿਉਂ ਇਨ੍ਹਾਂ ਆਦਮੀਆਂ ਦੀ ਬਾਬਤ ਪੁੱਛਗਿਛ ਦੀ ਕਮੇਟੀ ਫੈਸਲਾ ਨਹੀਂ ਦਿੰਦੀ? ਇਸ ਦੀ ਬਾਬਤ 22 ਜੂਨ ਨੂੰ ਮੁਕੱਦਮਾ ਪੇਸ਼ ਹੋਵੇਗਾ। ਦੋ ਜਾਪਾਨੀ ਲੜਾਈ ਦੇ ਜਹਾਜ਼ ਵਿਚ ਅੱਜ ਵੈਨਕੂਵਰ ਆ ਪੁੱਜੇ ਹਨ ਜਿਨ੍ਹਾਂ ਦੀ ਗੋਰੇ ਬੜੇ ਆਦਰ ਨਾਲ ਅਗਵਾਈ ਕਰ ਰਹੇ ਹਨ ਤੇ ਹਿੰਦੀਆਂ ਦਾ ਜਿਸ ਤਰ੍ਹਾਂ ਭੀ ਹੋ ਸਕੇ, ਨਿਰਾਦਰ ਕਰਨ ਦਾ ਯਤਨ ਕਰ ਰਹੇ ਹਨ। ਕਈ ਅਖਬਾਰਾਂ ਨੇ ਬੇਸ਼ਰਮੀ ਨਾਲ ਇਹ ਛਾਪਿਆ ਹੈ ਕਿ ਜਾਪਾਨੀ ਸਿਪਾਹੀ ਰਾਈਫਲਾਂ ਸਣੇ ਜਾਪਾਨੀ ਜਹਾਜ਼ਾਂ ਵਿਚੋਂ ਲੈ ਕੇ ਕਾਮਾਗਾਟਾਮਾਰੂ ‘ਤੇ ਰੱਖੇ ਜਾਣ ਤੇ ਹਿੰਦੀਆਂ ਨੂੰ ਮੋੜਿਆ ਜਾਵੇ ਤਾਂ ਕਿ ਜੇ ਰਸਤੇ ਵਿਚ ਰੌਲਾ ਪਾਉਣ ਤਾਂ ਜਾਪਾਨੀ ਸਿਪਾਹੀ ਉਨ੍ਹਾਂ ਨੂੰ ਦਬਾ ਕੇ ਠੀਕ ਕਰਨ, ਮਗਰ ਵੈਨਕੂਵਰ ਦੀ ਇਕ ਤਾਰ ਖਬਰ ਹੈ ਕਿ ਗੋਰਿਆਂ ਦੀ ਇਕ ਰਜਮੈਂਟ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ ਜਿਸ ਦੇ ਨਾਲ ਦੱਸਿਆ ਗਿਆ ਹੈ ਕਿ ਹਿੰਦੀਆਂ ਨੂੰ ਮੋੜਨ ਲੱਗਿਆਂ ਜੇ ਉਹ ਰੌਲਾ ਕਰਨ ਤਾਂ ਇਹ ਗੋਰੇ ਸਿਪਾਹੀ ਇਨ੍ਹਾਂ ਨਾਲ ਸਿਝਣਗੇ। ਜਹਾਜ਼ ਵਿਚਲੇ ਬਹਾਦਰ ਸਿੱਖ ਤੇ ਹਿੰਦੂ ਵੀਰ ਗੋਰਿਆਂ ਦੀ ਇਨ੍ਹਾਂ ਬੇਸ਼ਰਮੀ ਵਾਲੀਆਂ ਕਰਤੂਤਾਂ ਨੂੰ ਨਿਹਾਇਤ ਕਸ਼ਟ ਵਿਚ ਫਸੇ ਹੋਏ ਗਹੁ ਨਾਲ ਦੇਖ ਰਹੇ ਹਨ।
ਮਰੋੜੀਆਂ
ਮਗਰ ਦੀ ਉਟਾਵੇ ਦੀ ਤਾਰ ਖਬਰ ਹੈ ਕਿ ਕੁਝ ਚਾਲਾਂ ਪੂਰੀਆਂ ਨਿਭਣੀਆਂ ਔਖੀਆਂ ਜਾਪਦੀਆਂ ਹਨ। ਇਹ ਡਰ ਹੋ ਗਿਆ ਹੈ ਕਿ ਜੋ ਮੋੜਨ ਦਾ ਹੁਕਮ ਦਿੱਤਾ ਤਾਂ ਜਹਾਜ਼ ਵਿਚਲੇ ਹਿੰਦੀ ਜਹਾਜ਼ ਦਾ ਇੰਜਣ ਨਹੀਂ ਭਖਣ ਦੇਣਗੇ ਤੇ ਜਹਾਜ਼ ਨੂੰ ਤੁਰਨ ਨਹੀਂ ਦੇਣਗੇ ਤੇ ਉਨ੍ਹਾਂ ਨੂੰ ਘੂਰਨ ਤੇ ਦਬਾਉਣ ਲਈ ਉਧਰ ਹੋਰ ਸਿਪਾਹੀਆਂ ਦੇ ਬੈਠਣ ਜੋਗੀ ਜਗ੍ਹਾ ਨਹੀਂ ਹੈ ਤੇ ਜੇ ਇਕ ਵਾਰ ਉਤਰ ਲੈਣ ਦਿੱਤੇ ਗਏ ਤਾਂ ਮੁਕੱਦਮਾ ਸ਼ੁਰੂ ਹੋ ਜਾਏਗਾ। ਇਸ ਰੱਦੀ ਜੁਗਤ ਤੇ ਕੁਲ ਦੁਨੀਆਂ ਲਾਨ੍ਹਤ ਪਾਵੇਗੀ ਕਿ ਬਹਾਦਰ ਸਿੱਖਾਂ ਨੂੰ ਜਾਪਾਨੀਆਂ ਨੇ ਡਰ ਨਾਲ ਪਿਛਾਂ(ਹ) ਮੋੜਿਆ ਜਾਵੇ।
ਅਖਬਾਰਾਂ ਦੀਆਂ ਰਮਜ਼ਾਂ
ਬ੍ਰਿਟਿਸ਼ ਕੋਲੰਬੀਆ ਦੇ ਕਈ ਅਖਬਾਰ ਨਿਹਾਇਤ ਬੇਸ਼ਰਮੀ ਨਾਲ ਹਿੰਦੀਆਂ ਬਾਬਤ ਨੀਚਤਾ ਭਰੇ ਮਜ਼ਮੂਨ ਲਿਖ ਰਹੇ ਹਨ। ਇਕ ਅਖਬਾਰ ਕਈ ਦਿਨਾਂ ਤੋਂ ਝੂਠੀਆਂ ਤੇ ਬਨਾਉਟੀ ਟਿਚਰਾਂ ਭਰੀਆਂ ਕਹਾਣੀਆਂ ਛਾਪ ਰਿਹਾ ਹੈ। ਇਨ੍ਹਾਂ ਖਿਆਲਾਂ ਨੂੰ ਦੇਖ ਕੇ ਹਰ ਕੋਈ ਕਹਿ ਉਠਦਾ ਹੈ ਕਿ ਇਹ ਗੋਰੇ ਰੰਗ ਦੀ ਹੈਂਕੜ ਵਿਚ ਅੰਧੇ ਹੋ ਰਹੇ ਹਨ ਤੇ ਹਿੰਦੀਆਂ ਦੇ ਉਲਟ ਜੋ ਕੁਝ ਭੀ ਹੋ ਸਕਦਾ ਹੈ, ਕਰਨ ਨੂੰ ਤਿਆਰ ਹਨ। ਈਸਟ (ਪੂਰਬੀ) ਕੈਨੇਡਾ ਦੇ ਵੱਡੇ-ਵੱਡੇ ਜ਼ਬਰਦਸਤ ਅਖਬਾਰਾਂ ਦਾ ਰੁਖ ਬਦਲ ਗਿਆ ਹੈ। ਡਾਕਟਰ ਸੁੰਦਰ ਸਿੰਘ ਜੀ ਨੇ ਇਸ ਜ਼ੁਲਮ ਨੂੰ ਖੋਲ੍ਹਦਿਆਂ ਹੋਇਆ ਉਹ ਉੱਦਮ ਕੀਤਾ ਹੈ, ਇਸ ‘ਤੇ ਈਸਟ ਕੈਨੇਡਾ ਦੇ ਅਖਬਾਰ ਜ਼ੁਲਮ-ਜ਼ੁਲਮ ਪੁਕਾਰ ਉਠੇ ਹਨ। ਉਟਾਵੇ ਦੇ ‘ਫਰੀਡਮ ਰੇਸ’ ਨੇ ਬੜਾ ਜ਼ਬਰਦਸਤ ਐਡੀਟਰੀ ਲੇਖ ਲਿਖਿਆ ਹੈ ਕਿ ਡਾਕਟਰ ਸੁੰਦਰ ਸਿੰਘ ਨੇ ਆਪਣੀ ਕੌਮ ‘ਤੇ ਹੋ ਰਹੇ ਜ਼ੁਲਮ ਨੂੰ ਇਸ ਤਰ੍ਹਾਂ ਖੋਲ੍ਹ ਕੇ ਦਸਿਆ ਹੈ ਕਿ ਅਸੀਂ ਉਸ ਤੋਂ ਨਾਂਹ ਨਹੀਂ ਕਰ ਸਕਦੇ। ਗਵਰਨਮੈਂਟ ਨੂੰ ਚਾਹੀਦਾ ਹੈ ਕਿ ਆਪਣੀ ਧਿਕੋਜ਼ੋਰੀ ਚਾਲ ਛੱਡ ਕੇ ਅਸਲੀਅਤ ‘ਤੇ ਫੈਸਲਾ ਕਰੇ। ਮੋਂਟਰੀਆਲ ਦਾ ਉੱਘਾ ‘ਸਟਾਰ’ ਅਖਬਾਰ ਲਿਖਦਾ ਹੈ ਕਿ ਡਾਕਟਰ ਸੁੰਦਰ ਸਿੰਘ ਨੇ ਆਪਣੀ ਕੌਮ ‘ਤੇ ਹੋ ਰਹੀ ਬੇ-ਇਨਸਾਫੀ ਦੇ ਚਾਰਜ ਸਾਡੇ ‘ਤੇ ਲਾਏ ਹਨ, ਉਹ ਸੱਚ ਹਨ ਤੇ ਸਾਨੂੰ ਉਨ੍ਹਾਂ ਤੋਂ ਝਟਪਟ ਬਰੀ ਹੋਣਾ ਚਾਹੀਦਾ ਹੈ ਤੇ ਹਿੰਦੁਸਤਾਨੀਆਂ ਨਾਲ ਜੋ ਸਖਤੀ ਅਸੀਂ ਕਰ ਰਹੇ ਹਾਂ, ਉਸ ਵੱਲੋਂ ਹਟਣਾ ਚਾਹੀਦਾ ਹੈ।
ਈਸਟ ਦੇ ਹੋਰ ਮਸ਼ਹੂਰ ਅਖਬਾਰ ‘ਮੋਂਟਰੀਆਲ ਮੇਲ ਹੈਰਲਡ’, ‘ਟੋਰੰਟੋ ਸਟਾਰ, ‘ਮੇਲ’, ‘ਐਮਪਾਇਰ ਟੈਲੀਗਰਾਮ’ ਆਦਿਕ ਅਨੇਕ ਅਖਬਾਰਾਂ ਦੇ ਐਡੀਟਰ ਡਾਕਟਰ ਸੁੰਦਰ ਸਿੰਘ ਜੀ ਦੀਆਂ ਜ਼ਬਰਦਸਤ ਤੇ ਸੱਚੀਆਂ ਦਲੀਲਾਂ ਸੁਣ ਕੇ ਆਪਣੀਆਂ ਕਲਮਾਂ ਨੂੰ ਭੁਆ ਬੈਠੇ ਹਨ। ਡਾਕਟਰ ਜੀ ਰਾਤ ਦਿਨ ਰੁਝੇ ਹੋਏ ਹਨ। ਮੋਂਟਰੀਆਲ, ਟੋਰੰਟੋ, ਉਟਾਵੇ ਆਦਿ ਸ਼ਹਿਰਾਂ ਵਿਚ ਜਗ੍ਹਾ-ਜਗ੍ਹਾ ਹਵਾ ਵਾਂਗਰ ਫਿਰ ਨਿਕਲੇ ਹਨ। ਆਪਣੀ ਕੌਮ ‘ਤੇ ਹੋ ਰਹੀ ਧੱਕੇਬਾਜ਼ੀ ਤੇ ਕਾਮਾਗਾਟਾ ਮਾਰੂ ਦੇ ਵੀਰਾਂ ਦੀ ਰੋਕ ਦੇ ਉਲਟ ਜ਼ੋਰਦਾਰ ਦੁਹਾਈ ਪਾ ਰਹੇ ਹਨ। ਵੱਡੇ-ਵੱਡੇ ਐਡੀਟਰਾਂ, ਆਗੂਆਂ ਤੇ ਇਲਮਦਾਰ ਕੈਨੇਡਾ ਦੇ ਲੋਕਾਂ ਨੂੰ ਬਹਿਸ ਤੇ ਚਰਚੇ ਕਰ ਕੇ ਝਗੜ ਕੇ ਡਾਕਟਰ ਜੀ ਨੇ ਜਿਤਿਆ ਹੈ ਤੇ ਪ੍ਰਤੱਖ ਉਨ੍ਹਾਂ ਦੇ ਮੂੰਹ ਤੋਂ ਅਖਵਾਇਆ ਤੇ ਲਿਖਵਾਇਆ ਹੈ ਕਿ ਹਿੰਦੁਸਤਾਨੀਆਂ ਨਾਲ ਕੀ-ਕੀ ਧੱਕੇਬਾਜ਼ੀ ਕਰ ਰਹੇ ਹਨ। ਪੂਰਬੀ ਈਸਟ ਕੈਨੇਡਾ ਤੋਂ ਸਾਡੇ ਕੋਲ ਥੱਬਿਆਂ ਦੇ ਥੱਬੇ ਅਖਬਾਰਾਂ ਦੇ ਆ ਰਹੇ ਹਨ ਜਿਨ੍ਹਾਂ ਵਿਚ ਡਾਕਟਰ ਸੁੰਦਰ ਸਿੰਘ ਦੇ ਲੈਕਚਰ, ਮਜ਼ਮੂਨ ਦੇ ਚਰਚੇ ਛਪ ਰਹੇ ਹਨ। ਹਿੰਦੀਆਂ ਦਾ ਇਕ ਨਿਰਮਾਣ ਸੇਵਾ ਆਪਣਾ ਧਰਮ ਜਾਣ ਕੇ ਆਪਣੀ ਕੌਮ ‘ਤੇ ਹੋ ਰਹੇ ਜ਼ੁਲਮ ਦਾ ਢੰਡੋਰਾ ਸਿਰਫ ਆਪਣੀ ਇਕੱਲੀ ਜਾਨ ਤੇ ਡਾਹਢੀ ਹਿੰਮਤ, ਹੁਸ਼ਿਆਰੀ ਤੇ ਫੁਰਤੀ ਨਾਲ ਕੁਲ ਪੂਰਬੀ ਕੈਨੇਡਾ ਵਿਚ ਫੇਰ ਰਿਹਾ ਹੈ।
ਅਸੀਂ ਪੰਜ ਛੇ ਲੇਖ ਅੰਗਰੇਜ਼ੀ ਵਿਚ ਇਸ ਪਰਚੇ ਵਿਚ ਛਾਪੇ ਹਨ। ਗੁਰਮੁਖੀ ਵਿਚ ਜਗ੍ਹਾ ਨਾ ਹੋਣ ਕਰਕੇ ਉਲਥਾ ਕਰਨ ਦਾ ਮੈਨੂੰ ਇਕੱਲੇ ਨੂੰ ਕੰਮ ਬਹੁਤ ਹੋਣ ਕਰਕੇ ਨਹੀਂ ਛਪ ਸਕੇ। ਅਗਲੇ ਪਰਚੇ ਵਿਚ ਛਾਪਣ ਦਾ ਯਤਨ ਕਰਾਂਗਾ। ਭਾਵੇਂ ਬ੍ਰਿਟਿਸ਼ ਕੋਲੰਬੀਆ ਦੇ ਬਹੁਤੇ ਲੋਕ ਧਿਕੋਜ਼ੋਰੀ ਸਾਡੇ ਨਾਲ ਸਭ ਕਿਸਮ ਦੀ ਕਾਰਵਾਈ ਕਰਨ ਨੂੰ ਤਿਆਰ ਜਾਪਦੇ ਹਨ ਤੇ ਇਮੀਗਰੇਸ਼ਨ ਵਾਲੇ ਵੀ ਆਪਣੀਆਂ ਬੇਤੁਕੀਆਂ ਕਾਰਵਾਈਆਂ ਨਾਲ ਇਸ ਸੂਬੇ ਨੂੰ ਰੂਸ ਜਿਹਾ ਹੀ ਬਣਾ ਰਹੇ ਹਨ, ਪਰ ਪੂਰਬੀ ਕੈਨੇਡਾ ਦੇ ਲੋਕਾਂ ਦੀ ਰਾਏ ਇਸ ਜ਼ੁਲਮ ਦੇ ਉਲਟ ਭੜਕ ਉਠੀ ਹੈ ਤੇ ਭੜਕ ਰਹੀ ਹੈ। ਸਾਡੇ ਲਈ ਸਾਡੀ ਕੌਮ ਲਈ ਡਾਹਢਾ ਪਰਤਾਵੇ ਦਾ ਮੌਕਾ ਹੈ। ਮਹੀਨੇ ਤੋਂ ਉਪਰ ਹੋ ਗਿਆ ਹੈ ਕਿ ਜਦੋਂ ਤੋਂ ਬਹਾਦਰ ਸਿੱਖ ਜਾਨਵਰਾਂ ਵਾਂਗਰ ਪਾਣੀ ਵਿਚ ਰੁੜ੍ਹੇ ਹੋਏ ਹਨ। ਕਾਨੂੰਨ ਤਕ ਦੀ ਪਰਖ ਦਾ ਮੌਕਾ ਨਹੀਂ ਦਿੱਤਾ ਗਿਆ। ਇਲਤ ‘ਤੇ ਇਲਤ ਛੇੜੀ ਜਾ ਰਹੀ ਹੈ ਤੇ ਸਾਨੂੰ ਕਮੀਨੀਆਂ ਤੇ ਨਕਾਰੀਆਂ ਧਮਕੀਆਂ ਦਿੱਤੀਆਂ ਗਈਆਂ। ਕਦੀ ਪਤਾ ਲੱਗਾ ਕਿ ਜਾਪਾਨੀ ਸਿਪਾਹੀਆਂ ਦੇ ਡਰ ਨਾਲ ਸਾਡੇ ਵੀਰਾਂ ਨੂੰ ਮੋੜਿਆ ਜਾਵੇਗਾ। ਕਦੀ ਦੱਸਿਆ, ਗੋਰਿਆਂ ਦੀ ਰਜਮੈਂਟ ਤਿਆਰ ਹੋ ਰਹੀ ਹੈ। ਇਹ ਧਮਕੀਆਂ ਉਸ ਕੌਮ ਦੇ ਦਿਲ ਤੇ ਉਨ੍ਹਾਂ ਲੋਕਾਂ ‘ਤੇ ਕੀ ਦਹਿਲ ਰੱਖਦੀਆਂ ਹਨ, ਜਿਨ੍ਹਾਂ ਨੇ ਇਹੀ ਰਾਜ ਨੂੰ ਬਚਾਉਂਦਿਆਂ ਕੜਾਕੇ ਕਨੀਏ ਤੇ ਸਾਰਾਗੜੀ ਵਰਗੇ ਮੋਰਚੇ ਆਪ ਬੱਧੇ ਹਨ। ਹੁਣ ਆਖਰੀ ਤਾਰ ਖਬਰ ਅਜ਼ਬ ਹੀ ਸਫਾ ਲਿਆਈ ਹੈ ਕਿ ਵੈਨਕੂਵਰ ਸ਼ਹਿਰ ਦੇ ਮੇਅਰ ਨੇ ਸ਼ਹਿਰ ਦੇ ਗੋਰਿਆਂ ਦਾ ਇਕ ਵੱਡਾ ਆਮ ਜੋੜ ਮੇਲ ਸੱਦਿਆ ਹੈ ਤੇ ‘ਵਿਕਟੋਰੀਆ ਟਾਈਮਜ਼’ ਦੀ ਤਾਰ ਦੱਸਦੀ ਹੈ ਕਿ ਉਸ ਜੋੜ ਮੇਲ ਵਿਚ ਇਹ ਵੀ ਫੈਸਲਾ ਹੋਵੇਗਾ ਕਿ ਮਜਬੂਰੀ ਸ਼ਹਿਰ ਦੇ ਗੋਰੇ ਛੋਟੇ ਬੋਟ ਜੋੜ ਕੇ ਕਾਮਾਗਾਟਾ ਮਾਰੂ ਜਹਾਜ਼ ਨੂੰ ਖਿੱਚ ਕੇ ਸ਼ਹਿਰ ਦੀ ਹੱਦ ਤੋਂ ਬਾਹਰ ਕੱਢ ਆਉਣ। ਇਮੀਗਰੇਸ਼ਨ ਸੁਪਰਡੰਟ ਰੀਡ ਨੇ ਰਾਏ ਪ੍ਰਗਟ ਕੀਤੀ ਹੈ ਕਿ ਜੇ ਇਕ ਵਾਰ ਮੁਕੱਦਮਾ ਕੋਰਟ ਵਿਚ ਜਾ ਪੁੱਜਾ ਤਾਂ ਦੇਰ ਤਕ ਟਾਕਰਾ ਹੋਵੇਗਾ ਤੇ ਬਹੁਤ ਉਮੀਦ ਹੈ ਕਿ ਹਿੰਦੁਸਤਾਨੀ ਜਿੱਤ ਜਾਣਗੇ। ਹਨੇਰ, ਹਿੰਦੀਆਂ ਨੂੰ ਕੋਰਟ ਤਕ ਜਾਣ ਤੋਂ ਕਿਸ ਤਰ੍ਹਾਂ ਰੋਕਿਆ ਜਾ ਰਿਹਾ ਹੈ।
ਚਲੋ ਚਲੋ ਵਧੇ ਚਲੋ
ਇਨ੍ਹਾਂ ਤਦੀਆਂ ਨੂੰ ਦੇਖ ਕੇ ਕਿਹੜਾ ਹਿੰਦੀ ਵਿਆਕੁਲ ਨਹੀਂ ਹੋਵੇਗਾ। ਪਿਆਰੇ ਬਹਾਦਰ ਵੀਰੋ, ਵੈਨਕੂਵਰ ਵਾਲੇ ਸੱਜਣੋ, ਕੈਨੇਡਾ ਵਾਸੀ ਹਿੰਦੀਓ, ਚਲੋ ਚਲੋ, ਵਧੇ ਚਲੋ, ਕੁੜਿਕੀ ਡਾਹਢੀ ਹੈ, ਸਖਤੀ ਦਾ ਜ਼ੋਰ ਹੈ। ਇਕਮਿਕ ਹੋ ਕੇ ਉਦਮ ਕਰੀ ਜਾਉ। ਆਪਣੀ ਤਾਕਤ ਤੇ ਹਿੰਮਤ ਨੂੰ ਇਕ ਜਾਨ ਤੇ ਇਕਮੁੱਠ ਕਰੋ। ਇੰਚ-ਇੰਚ ਮੁਕਾਬਲਾ ਕਰੀ ਚਲੋ। ਇਸੇ ਵਿਚ ਕੌਮ ਦਾ ਨਿਸਤਾਰਾ ਤੇ ਭਾਰਤ ਦੀ ਲਾਜ ਰਹਿੰਦੀ ਹੈ। ਹਿੰਦੁਸਤਾਨ ਵਿਚ ਇਨ੍ਹਾਂ ਤਦੀਆਂ ਦੇ ਹਰ ਰੋਜ਼ ਦੇ ਹਾਲ ਨੂੰ ਪਹੁੰਚਾਉਣ ਦੇ ਸਿਲਸਿਲੇ ਨੂੰ ਪੱਕਾ ਕਰੋ। ਕੈਨੇਡਾ ਵਿਚ ਆਪ ਦਾ ਇਕ ਬਹਾਦਰ ਸੇਵਕ ਚੁੱਪਚਾਪ ਦਸਾਂ ਪ੍ਰਚਾਰਕਾਂ ਜਿਤਨਾ ਕੰਮ ਮੁਕਾ ਰਿਹਾ ਤੇ ਰਾਤ ਦਿਨ ਰੁਝ ਰਿਹਾ ਹੈ। ਉਸ ਦੀ ਜ਼ੋਰਦਾਰ ਆਵਾਜ਼ ਇਸ ਧੱਕੇਬਾਜ਼ੀ ਦੇ ਉਲਟ ਬੋਲਣ ਲਈ ਵੱਡੇ-ਵੱਡੇ ਤਕੜੇ ਦਰਦੀ ਪੈਦਾ ਕਰ ਰਹੀ ਹੈ ਜੋ ਕਿ ਨਾਲੋ ਨਾਲ ਬੋਲ ਰਹੇ ਤੇ ਵੱਡੇ-ਵੱਡੇ ਲੇਖ ਲਿਖ ਰਹੇ ਹਨ।
ਅਸੀਂ ਬੇਨਤੀ ਕਰਦੇ ਹਾਂ ਕਿ ਕਿਸੇ ਆਪਣੇ ਪੱਕੇ ਕੰਮ ਦਾ ਪ੍ਰਬੰਧ ਹੋ ਸਕੇ ਤੇ ਜ਼ਰੂਰ ਕਰਨ। ਖੇਤੀਬਾੜੀ ਦੇ ਕੰਮ ਨੂੰ ਸਾਂਭਣ ਤੇ ਆਪਣੇ ਆਪਣੇ ਅੱਡੇ ਬਣਾ ਕੇ ਟਿਕ ਜਾਣ। ਸਾਡੇ ਮਾਣਯੋਗ ਪਨਾਮਾ ਦੇ ਹਿੰਦੀ ਵਿਉਪਾਰੀ ਵੀਰ ਆਪਣੇ ਵਪਾਰ ਨੂੰ ਹਿੰਦ ਨਾਲ ਹੌਲੀ-ਹੌਲੀ ਵਧਾਉਂਦੇ ਰਹਿਣ। ਹਰ ਇਕ ਦੇਸ਼ ਵਿਚ ਹਿੰਦੀਆਂ ਦਾ ਬਸਤੀਆਂ ਬਣਾ ਕੇ ਟਿਕ ਜਾਣਾ ਬਹੁਤ ਜ਼ਰੂਰੀ ਹੈ।
ਭਾਰਤ ਵਾਸੀ ਜਾਗ ਰਹੇ ਹਨ ਤੇ ਉਹ ਛੇਤੀ ਹੀ ਤੁਹਾਡਾ ਵਪਾਰਾਂ ਤੇ ਵਿਚਾਰਾਂ ਵਿਚ ਜ਼ੋਰ ਸ਼ੋਰ ਨਾਲ ਸਹਾਇਕ ਹੋਣਗੇ। ਜੇ ਹਿੰਦੁਸਤਾਨੀਆਂ ਦੀਆਂ ਕੰਪਨੀਆਂ ਹਰ ਟਾਪੂ ਵਿਚ ਕਾਇਮ ਹੋਣ ਤਾਂ ਬਹੁਤ ਅੱਛਾ ਹੈ। ਆਪਣੀਆਂ ਛੋਟੀਆਂ-ਛੋਟੀਆਂ ਹਿੰਦੁਸਤਨੀ ਸਭਾ ਸੁਸਾਇਟੀਆਂ ਦੀ ਹਰ ਟਾਪੂ ਦੇ ਹਿੰਦੀਆਂ ਵਿਚ ਹੋਣ ਦੀ ਡਾਹਢੀ ਲੋੜ ਹੈ।
(ਸਮਾਪਤ)