ਤੀਆਂ ਤੋਂ ਰੱਖੜੀ ਤੱਕ ਦਾ ਪੰਜਾਬ

ਡਾ. ਆਸਾ ਸਿੰਘ ਘੁੰਮਣ
ਫੋਨ: 91-98152-53245
ਪੰਜਾਬ ਦੇ ਦੇਸੀ ਮਹੀਨਿਆਂ ਵਿਚ ਸਾਉਣ ਦਾ ਮਹੀਨਾ ਇੱਕ ਵੱਖਰੀ ਤਬੀਅਤ ਦਾ ਮਹੀਨਾ ਹੈ, ਜਿਸ ਨਾਲ ਪੰਜਾਬੀਆਂ ਦੇ ਬਹੁ-ਅਨੁਭਵੀ ਚਾਅ-ਮਲ੍ਹਾਰ ਜੁੜੇ ਹੋਏ ਹਨ। ਜੇਠ-ਹਾੜ ਦੀਆਂ ਤਪਦੀਆਂ ਲੂਆਂ ਤੇ ਭਖਦੇ ਤੰਦੂਰ ਵਰਗੇ ਤਪਸ਼ੀ ਦਿਨਾਂ ਤੋਂ ਬਾਅਦ ਜਦ ਬੱਦਲਾਂ ਦੀਆਂ ਠੰਡੀਆਂ ਮਿੱਠੀਆਂ ਫੁਹਾਰਾਂ ਧਰਤੀ ਤੱਕ ਪਹੁੰਚਦੀਆਂ ਹਨ ਤਾਂ ਇੱਕ ਅਲੌਕਿਕ ਸੁਖਾਵਾਂ ਵਾਤਾਵਰਣ ਸਿਰਜਿਆ ਜਾਂਦਾ ਹੈ। ਵਰਖਾ ਦੀਆਂ ਇਹ ਰਹਿਮਤਾਂ ਜਿਸਮਾਂ ਨੂੰ ਤਾਂ ਧੁਰ ਅੰਦਰ ਤੱਕ ਤ੍ਰਿਪਤੀ ਬਖਸ਼ਦੀਆਂ ਹੀ ਹਨ, ਇਹ ਰੁਜ਼ਗਾਰ ਦੇ ਸਾਧਨਾਂ ‘ਚ ਵੀ ਵੱਡਾ ਰੋਲ ਅਦਾ ਕਰਦੀਆਂ ਹਨ।

ਪੰਜਾਬ ਦੀ ਸੰਭਾਵਨਾਵਾਂ-ਭਰਪੂਰ, ਜਰਖੇਜ਼ ਧਰਤੀ ਇੰਜ ਮੌਲਦੀ ਹੈ ਜਿਵੇਂ ਨਵ-ਵਿਆਹੀ ਨਵੇਂ ਵਸਤਰਾਂ ਵਿਚ, ਗਹਿਣਿਆਂ-ਲੱਦੀ, ਮਹਿਕਦੀ-ਚਹਿਕਦੀ-ਟਹਿਕਦੀ ਪੱਬ ਭੁੰਜੇ ਨਹੀਂ ਲਾਉਂਦੀ। ਸਿਰਜਣ-ਪ੍ਰਕ੍ਰਿਆ ਵਿਚ ਸੁਆਣੀ ਦਾ ਮੱਥਾ ਨੂਰੋ-ਨੂਰ ਹੁੰਦਾ ਹੈ। ਧਰਤੀ ਹੀ ਨਹੀਂ, ਅਸਮਾਨ ਵੀ ਪੂਰੇ ਜਲੌਅ ਵਿਚ ਹੁੰਦਾ ਹੈ। ਉਹ ਅਕਾਸ਼ ਜਿੱਥੇ ਪੰਜਾਬੀਆਂ ਦਾ ਰੱਬ ਵੱਸਦੈ, ਸਵੇਰ ਤੋਂ ਸ਼ਾਮ ਤੱਕ ਕਈ ਰੰਗ-ਰੂਪ ਬਦਲਦੈ, ਦ੍ਰਿਸ਼ਟ-ਇੰਦਰੀਆਂ ਨੂੰ ਤ੍ਰਿਪਤ ਕਰਦੈ। ਕਾਲੇ-ਸਿਆਹ ਬੱਦਲਾਂ ਵਿਚ ਚਮਕਦੀਆਂ ਚਾਂਦੀ-ਰੰਗੀ ਬਿਜਲੀ ਦੀਆਂ ਤਾਰਾਂ ਕਿਆ ਇਲਾਹੀ ਨਜ਼ਾਰਾ ਬੰਨ੍ਹਦੀਆਂ ਹਨ! ਚਮਕਣ ਦੇ ਤਾਲਿਸਮੀ ਝਲਕਾਰਿਆਂ ਦੇ ਨਾਲ ਜਦ ਗੜ-ਗੜ ਕਰਦੀ ਗਰਜਾਹਟ ਮਿਲਦੀ ਹੈ ਤਾਂ ਮਨ-ਮਸਤਕ ਵਿਸਮਾਦੀ ਹੋ ਉਠਦੈ। ਅਕਾਸ਼ੋਂ ਵਰ੍ਹਦੀਆਂ ਕਣੀਆਂ ਜਦ ਧਰਤੀ ‘ਤੇ ਡਿੱਗਦੀਆਂ ਹਨ, ਡਿੱਗਣ ਵਾਲੀ ਵਸਤੂ ਦੇ ਅਨੁਸਾਰ ਕਈ ਕਿਸਮ ਦੀਆਂ ਸੰਗੀਤਕ ਲੈਆਂ ਪੈਦਾ ਕਰਦੀਆਂ ਹਨ। ਸਹਿਜ-ਭਾ ਡਿੱਗਦੀਆਂ ਫੁਹਾਰਾਂ ਦੀ ਲੈਅ ਹੋਰ ਅਤੇ ਤਾਬੜ-ਤੋੜ ਮੂਸਲਾਧਾਰ ਬਾਰਸ਼ ਦੀ ਹੋਰ। ਕਣੀਆਂ ਦਾ ਆਪਣਾ ਰਾਗ, ਪ੍ਰਣਾਲਿਆਂ ਦਾ ਆਪਣਾ। ਖਾਣ-ਪੀਣ, ਸੁੰਘਣ, ਦੇਖਣ ਅਤੇ ਮਹਿਸੂਸ ਕਰਨ ਦੀਆਂ ਸਭੋ ਇੰਦਰੀਆਂ ਤ੍ਰਿਪਤ ਹੋ ਹੋ ਜਾਂਦੀਆਂ ਹਨ।
ਇਸ ਸਮੇਂ ਦੌਰਾਨ ਜਿੱਥੇ ਕੁਦਰਤ ਆਪਣੇ ਰਹੱਸਮਈ ਸੰਸਾਰ ਵਿਚੋਂ ਕਈ ਨੇਹਮਤਾਂ ਪ੍ਰਦਾਨ ਕਰਦੀ ਹੈ, ਉਥੇ ਪੰਜਾਬੀ ਵੀ ਕੁਦਰਤ ਸੰਗ ਹੇਲ-ਮੇਲ ਹੋਣ ਵਿਚ ਕੋਈ ਕਸਰ ਨਹੀਂ ਛੱਡਦੇ, ਖਾਸ ਤੌਰ ‘ਤੇ ਪੰਜਾਬਣਾਂ। ਪੰਜਾਬਣਾਂ ਨੇ ਸਾਉਣ ਮਹੀਨੇ ਵਿਚ ਰਲ ਬੈਠਣ ਅਤੇ ਖੁਸ਼ੀਆਂ ਮਨਾਉਣ ਲਈ ਰਿਸ਼ਤੇਦਾਰੀਆਂ ਦੇ ਮੋਹ-ਮੱਤੇ ਮੌਕੇ ਸੰਜੋਅ ਰੱਖੇ ਹਨ। ਅੱਜ ਦੇ ਕਾਰੋਬਰੀ-ਕੇਂਦਰਤ ਗਲੋਬਲ ਸੰਸਾਰ ਨੂੰ ਦੇਣ ਲਈ ਜੇ ਪੰਜਾਬੀ ਵਿਰਾਸਤ ਕੋਲ ਕੁਝ ਹੈ ਤਾਂ ਉਹ ਹੈ, ਪਰਿਵਾਰ-ਪ੍ਰਤੀਬੱਧਤਾ ਅਤੇ ਰਿਸ਼ਤੇਦਾਰੀਆਂ ਕਾਇਮ ਰੱਖਣ ਤੇ ਨਿਭਾਉਣ ਦੀ ਪਰੰਪਰਾ; ਆਪਸੀ ਮੋਹ-ਪਿਆਰ ਦੀਆਂ ਪੀਡੀਆਂ ਗੰਢਾਂ ਅਤੇ ਨਰੋਈਆਂ ਤੰਦਾਂ। ਇਸ ਦੀ ਮਿਸਾਲ ਹੈ, ਸਾਉਣ ਮਹੀਨੇ ਮਨਾਏ ਜਾਂਦੇ ਦੋ ਤਿਉਹਾਰ ਜੋ ਮੁੱਖ ਤੌਰ ‘ਤੇ ਔਰਤਾਂ ਨਾਲ ਸਬੰਧਤ ਹਨ: ਤੀਆਂ ਅਤੇ ਰੱਖੜੀ।
ਔਰਤ ਹਰ ਸਮਾਜ ਵਿਚ ਹੀ ਆਪਸੀ ਸਬੰਧਾਂ ਦੀ ਮਹਿਕ ਕਾਇਮ ਰੱਖਣ ਵਿਚ ਅਹਿਮ ਰੋਲ ਅਦਾ ਕਰਦੀ ਰਹੀ ਹੈ। ਸਮਾਜ ਵਿਚਲੇ ਖੂਨ ਦੇ ਸਾਰੇ ਰਿਸ਼ਤੇ ਜਨਨੀ ਤੋਂ ਹੀ ਬਣਦੇ-ਵਿਗਸਦੇ ਹਨ। ਜਨਮ ਦਾਤੀ ਹੀ ਰਿਸ਼ਤਿਆਂ ਦਾ ਪੰਘੂੰੜਾ ਅਤੇ ਪ੍ਰਤੀ-ਪਾਲਕ ਹੈ। ਪੰਜਾਬੀਆਂ ਨੇ ਹਮੇਸ਼ਾ ਹੀ ਧੀ-ਭੈਣ ਦੇ ਰਿਸ਼ਤੇ ਨੂੰ ਪਾਕ-ਪਵਿੱਤਰ ਰਿਸ਼ਤਾ ਗਿਣਿਆ ਹੈ। ਰਿਸ਼ਤਿਆਂ ਪੱਖੋਂ ਅਜੋਕੇ ਧੁੰਦੂਕਾਰੇ ਵਾਲੇ ਵਰਤਾਰਿਆਂ ਨੂੰ ਫੋਕਸ ਵਿਚ ਰੱਖ ਕੇ ਵੇਖਦਿਆਂ, ਇਹ ਅਹਿਸਾਸ ਨਿੱਤਰ ਆਉਂਦੇ ਹਨ ਕਿ ਪੰਜਾਬੀ ਸਮਾਜ ਮੁੱਖ ਤੌਰ ‘ਤੇ ਹਯਾਈ ਮਰਿਆਦਾਵਾਂ ਕਾਇਮ ਰੱਖਣ ਵਾਲਾ ਸਮਾਜ ਹੈ। ਇਹ ਅਜਿਹਾ ਸਮਾਜ ਹੈ, ਜਿਸ ਵਿਚ ਕੇਂਦਰੀ ਧੁਰੇ ‘ਤੇ ਫਰਾਇਡੀਅਨ ਮਨੋ-ਵੇਗ ਅਤੇ ਮਨੋ-ਬਿਰਤੀਆਂ ਨਹੀਂ ਸਗੋਂ ਸਮਰਪਣ ਤੇ ਸ਼ਰਹ; ਪਾਕੀਜ਼ਗੀ ਤੇ ਪਵਿੱਤਰਤਾ ਅਤੇ ਉਚਤਮ ਤੇ ਸੁੱਚਤਮ ਦੇ ਅਹਿਸਾਸ ਹਨ। ਪੰਜਾਬਣ ਦੇ ਮਨ ਵਿਚ ਵੀ ਕੰਤ-ਕਲੋਲ ਅਤੇ ਮਾਹੀ-ਮਿਲਣ ਦੇ ਅਨੇਕਾਂ ਚਾਅ ਉਸਲਵੱਟੇ ਤਾਂ ਲੈਂਦੇ ਹੀ ਹਨ, ਪਰ ਉਸ ਲਈ ਬਾਬਲ ਦੀ ਇੱਜਤ, ਅੰਬੜੀ ਦਾ ਵਿਹੜਾ, ਚਾਚੇ-ਤਾਏ ਦੀਆਂ ਮੋਹ-ਪਿਆਰ ਦੀਆਂ ਤੰਦਾਂ, ਆਪਣੇ ਖੇਤਾਂ ਦੀ ਖੁਸ਼ਹਾਲੀ ਅਤੇ ਆਪਣੇ ਪਿੰਡ ਦੇ ਜੂਹਾਂ-ਬੇਲਿਆਂ ਦੀਆਂ ਅਦਭੁਤ ਖਿੱਚਾਂ ਵੱਧ ਅਹਿਮ ਹਨ। ਇਹੀ ਵਜ੍ਹਾ ਹੈ ਕਿ ਪਹਿਲੇ ਸਮਿਆਂ ਵਿਚ ਵਿਆਹ ਤੋਂ ਬਾਅਦ ਸਖੀਆਂ ਸਹੇਲੀਆਂ, ਚਾਚੀਆਂ-ਤਾਈਆਂ, ਭਰਾ-ਭਰਜਾਈਆਂ, ਇਥੋਂ ਤੱਕ ਕਿ ਮੱਝੀਆਂ-ਗਾਈਆਂ ਯਾਦਾਂ ਵਿਚ ਆਉਂਦੀਆਂ ਸਨ, ਅਤੇ ਪੇਕਾ ਪਿੰਡ ਸੈਨਤਾਂ ਹੀ ਨਹੀਂ ਸੀ ਮਾਰਦਾ, ਕੂਕ ਕੂਕ ਕੇ ਪੁਕਾਰਦਾ ਸੀ, ਖਾਸ ਤੌਰ ‘ਤੇ ਸਾਉਣ ਦੇ ਦਿਨਾਂ ਵਿਚ।
ਸਾਉਣ ਮਹੀਨਾ ਆਉਣ ਤੋਂ ਪਹਿਲਾਂ ਪਿੰਡ ਦੀ ਕੀ ਕੁਆਰੀ ਤੇ ਕੀ ਵਿਆਹੀ, ਕੀ ਬੇਬੇ ਤੇ ਕੀ ਬੀਬੀ, ਸਭ ਦੁਪਿਹਰ ਵੇਲੇ ਗਰਮੀ ਤੋਂ ਬਚਣ ਲਈ, ਹਵਾ-ਹਾਰੇ, ਪਿੰਡ ਦੇ ਬਾਹਰ ਵੱਲ, ਕਿਸੇ ਰੁੱਖ ਦੀ ਝੰਗੀ ਥੱਲੇ ਆ ਡੇਰੇ ਲਾਉਂਦੀਆਂ ਸਨ। ਕੋਈ ਚਰਖਾ ਡਾਹ ਲੈਂਦੀ, ਕੋਈ ਅਟੇਰਨ ‘ਤੇ ਕੰਮ ਕਰਨ ਲੱਗਦੀ, ਕੋਈ ਪੱਖੀ ਬੁਣਨ ਲੱਗਦੀ, ਕੋਈ ਛੱਜ ਨਾਲ ਛੱਟਣ ਲੱਗਦੀ, ਕੋਈ ਫੁਲਕਾਰੀ ‘ਤੇ ਫੁੱਲ-ਬੂਟੇ ਪਾਉਣ ਲੱਗਦੀ। ਵਿਚੇ ਹੀ ਦੁੱਖ-ਸੁੱਖ ਫੋਲੇ ਜਾਂਦੇ, ਚੁਗਲੀ-ਚੁਗਾਲੀ ਵੀ ਹੋ ਜਾਂਦੀ। ਵਿਚੋਂ ਹੀ ਕੋਈ ਜਣੀ ਗੀਤ ਗੁਣਗੁਣਾਉਣ ਲੱਗਦੀ, ਕੋਈ ਹੋਰ ਨਾਲ ਆਵਾਜ਼ ਰਲਾ ਦਿੰਦੀ। ਚਰਖੇ ਦੀ ਘੂਕਰ ਰੁਕ ਜਾਂਦੀ, ਸੂਈ ਫੁਲਕਾਰੀ ਦੇ ਵਿਚੇ ਖੁੱਭੀ ਰਹਿ ਜਾਂਦੀ। ਕੋਈ ਮਾਂਗਾ ਮਾਰਨ ਲੱਗਦੀ ਤੇ ਕੋਈ ਉਠ ਕੇ ਗਿੱਧਾ ਪਾਉਣ ਲੱਗਦੀ। ਹੌਲੀ ਹੌਲੀ ਪਿੜ ਬੱਝ ਜਾਂਦਾ। ਗਿੱਧਾ ਮਘ ਉਠਦਾ। ਗੋਡਿਆਂ-ਗਿਟਿਆਂ ਤੱਕ ਜਿਸਮ ਪਸੀਨੋ-ਪਸੀਨੀ ਹੋ ਜਾਂਦੇ।
ਕੋਈ ਹਿੰਮਤੀ ਕੁੜੀ ਪਿੰਡ ਦੇ ਕਿਸੇ ਲੰਘਦੇ-ਜਾਂਦੇ ਨੂੰ ਪੀਂਘ ਪਾਉਣ ਦਾ ਤਰਲਾ ਕਰਦੀ। ਅਗਲਾ ਤਾਂ ਦੌੜਿਆ ਆਉਂਦਾ ਤੇ ਕਿਸੇ ਮਜ਼ਬੂਤ ਟਾਹਣੇ ‘ਤੇ ਪੀਂਘ ਪਾ ਦਿੰਦਾ। ਕਿਆ ਨਜ਼ਾਰਾ ਬੱਝਦਾ! ਕੁਦਰਤ ਦੀ ਗੋਦ ਵਿਚ ਪੀਂਘ ਝੂਟਣਾ ਕਿਸੇ ਮਾੜੀ-ਮੋਟੀ ਦਾ ਕੰਮ ਥੋੜਾ ਹੁੰਦੈ! ਟਾਹਣੀਆਂ ਨੂੰ ਪੈਰ ਲਾਉਣ, ਮੂੰਹ ਨਾਲ ਪੱਤੇ ਤੋੜ ਲਿਆਉਣ ਜਾਂ ਇਕ ਹੱਥ ਨਾਲ ਪੱਤੇ ਤੋੜ ਲਿਆਉਣ ਦੇ ਮੁਕਾਬਲੇ ਚੱਲ ਪੈਂਦੇ। ਚੁੰਨੀਆਂ ਉਡ-ਪੁੱਡ ਜਾਂਦੀਆਂ, ਗੁੱਤਾਂ ਨਾਗਣਾਂ ਬਣ ਜਾਂਦੀਆਂ। ਮਨ ਹੋਰ ਉਚਾ, ਹੋਰ ਉਚਾ, ਕਿਤੇ ਦੂਰ-ਦੁਰੇਡੇ ਪਹੁੰਚ ਜਾਣਾ ਲੋਚਦਾ। ਸਿਆਣੀ ਉਮਰ ਦੀਆਂ ਔਰਤਾਂ ਉਚੀ ਉਚੀ ਡਰਾਵੇ ਦਿੰਦੀਆਂ, ਜੁਆਨੀ ਹੋਰ ਚਾਂਭਲਦੀ। ਓਧਰੋਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ। ਪੀਘਾਂ ਝੂਟਣ ਵਾਲੀਆਂ ਦੀਆਂ ਵਾਰੀਆਂ ਨਾ ਟੁੱਟਦੀਆਂ। ਓਧਰੋਂ ਫੁਹਾਰ ਆਣ ਲੱਥਦੀ। ਸਿਆਣੀ ਉਮਰ ਦੀਆਂ ਆਪਣਾ ਸਾਜੋ-ਸਮਾਨ ਲੈ ਘਰੀਂ ਪਹੁੰਚਦੀਆਂ। ਅੱਲੜਾਂ ਨੂੰ ਪਹਿਲੇ-ਪਹਿਲੇ ਮੀਂਹ ਵਿਚ ਭਿੱਜਣਾ ਚੰਗਾ-ਚੰਗਾ ਲੱਗਦਾ।
ਸਹੁਰੇ ਪਿੰਡ ਜਾ ਕੇ ਅਜਿਹੀਆਂ ਯਾਦਾਂ ਆਉਂਦੀਆਂ ਵੀ ਤੇ ਸਤਾਉਂਦੀਆਂ ਵੀ। ਖਾਸ ਤੌਰ ‘ਤੇ ਸ਼ੁਰੂ ਸ਼ੁਰੂ ਵਿਚ। ਇਸ ਲਈ ਮਾਪੇ ਕੁੜੀ ਨੂੰ ਥੋੜੇ ਥੋੜੇ ਸਮੇਂ ਬਾਅਦ ਪਿੰਡ ਲੈ ਆਉਂਦੇ। ਤੀਆਂ ਦੇ ਦਿਨੀਂ ਤਾਂ ਉਚੇਚੇ ਤੌਰ ‘ਤੇ ਪਿਤਾ ਜਾਂ ਭਰਾ ਕੁੜੀ ਨੂੰ ਲੈਣ ਜਾਂਦਾ। ਖਾਲੀ ਹੱਥੀਂ ਤਾਂ ਧੀ-ਭੈਣ ਕੋਲ ਕਦੀ ਵੀ ਨਹੀਂ ਸੀ ਜਾਣਾ ਹੁੰਦਾ। ਬਾਪ ਜਾਂ ਭਰਾ ਕੱਪੜਾ-ਲੱਤਾ, ਫਲ-ਫਰੂਟ ਅਤੇ ਮਠਿਆਈ ਵਗੈਰਾ ਜ਼ਰੂਰ ਲੈ ਕੇ ਜਾਂਦੇ। ਸਹੁਰੇ ਜਦੋਂ ਲੈਣ ਆਉਂਦੇ, ਉਹ ਵੀ ਘੱਟ ਨਾ ਕਰਦੇ। ਖਾਸ ਤੌਰ ‘ਤੇ ਪਹਿਲੀ ਵਾਰ ਤਾਂ ਕਿੰਨਾ ਕੁਝ ਲੈ ਕੇ ਆਉਂਦੇ, ਜਿਸ ਨੂੰ ਪੜ੍ਹੇ-ਲਿਖੇ ਲੋਕ ḔਸੰਧਾਰਾḔ ਆਖਦੇ ਹਨ। ਪੁਰਾਣੀਆਂ ਬੀਬੀਆਂ ਉਨ੍ਹਾਂ ਨੂੰ ਸਾਉਣ ਦੇ ਨਾਂ ਤੇ ḔਸਾਂਵਂੇḔ ਹੀ ਕਹਿੰਦੀਆਂ ਸਨ। ਇਨ੍ਹਾਂ ਸਾਂਵਿਆਂ ਦਾ ਖਾਸ ਤੌਰ ‘ਤੇ ਛੋਟੇ ਪਿੰਡਾਂ ਵਿਚ ਬੜਾ ਚਾਅ ਚੜ੍ਹਿਆ ਹੁੰਦਾ ਸੀ। ਸਹੁਰਿਆਂ ਨੇ ਕੁੜੀ ਲਈ ਅਤੇ ਉਸ ਦੇ ਪਰਿਵਾਰ ਲਈ ਤਾਂ ਕੱਪੜਾ-ਟਾਕੀ, ਗਹਿਣਾ-ਗੱਟਾ, ਫਲ-ਫਰੂਟ, ਮਠਿਆਈ ਵਗੈਰਾ ਲਿਆਉਣੀ ਹੀ ਹੁੰਦੀ ਸੀ, ਸਾਰੇ ਪਿੰਡ ਵਿਚ ਜਾਂ ਭਾਈਚਾਰੇ ਵਿਚ ਵੰਡਣ ਲਈ ਵੀ ਕੁਝ ਨਾ ਕੁਝ ਲੈ ਕੇ ਆਉਂਦੇ।
ḔਸਾਂਵੇਂḔ ਕਈ ਵਾਰੀ ਪ੍ਰਾਹੁਣਾ ਲੈ ਕੇ ਆਉਂਦਾ ਪਰ ਬਹੁਤੀ ਵਾਰ ਉਹਦੇ ਮਾਂ-ਪਿਉ ਵੀ ਆਣ ਢੁੱਕਦੇ। ਨਵੇਂ ਨਵੇਂ ਸਾਕਾਂ ਦੀ ਪ੍ਰਾਹੁਣਾਚਾਰੀ ਦਾ ਚਾਅ ਚੜ੍ਹ ਜਾਂਦਾ। ਸਾਉਣ ਵਿਚ ਘਾਹ-ਪੱਠਾ ਵਾਧੂ ਹੋਣ ਕਰਕੇ ਮੱਝੀਂ-ਗਾਂਈਂ ਦੇ ਦਿੱਤੇ ਚੋਖੇ ਦੁੱਧ ਦੀਆਂ ਖੀਰਾਂ ਬਣਨ ਲੱਗਦੀਆਂ; ਘਰ ਦੇ ਗੁੜ ਦੇ ਪੂੜੇ ਬਣਨ ਲੱਗਦੇ; ਗਰਮੀਆਂ ਵਿਚ ਦੁਪਹਿਰੇ ਆਪਣੇ ਹੱਥੀਂ ਵੱਟੀਆਂ ਸੇਵੀਆਂ ਰਿੱਝਣ ਲੱਗਦੀਆਂ। ਖੂਬ ਮਹਿਮਾਨ ਨਿਵਾਜ਼ੀ ਹੁੰਦੀ। ਪ੍ਰਾਹੁਣੇ ਪਿੰਡ ਵਿਚ ਘੁੰਮਦੇ-ਫਿਰਦੇ, ਖੇਤਾਂ ਵਿਚ ਜਾਂਦੇ, ਹਰ ਕਿਸੇ ਦੇ ਵਾਕਫ ਬਣ ਬਣ ਬਹਿੰਦੇ।
ਪੇਕੇ ਪਿੰਡ ਤੀਆਂ ਦੇ ਮੌਕੇ ਉਚੇਚੇ ਤੌਰ ‘ਤੇ ਆਈਆਂ ਕੁੜੀਆਂ ਇਕ ਦੂਜੀ ਨੂੰ ਘੁੱਟ ਘੁੱਟ ਕੇ ਮਿਲਦੀਆਂ। ਰਲ ਮਿਲ ਖੁੱਲ੍ਹੇ ਪਿੜਾਂ ਵਿਚ ਖੂਬ ਧਮੱਚੜ ਪਾਉਂਦੀਆਂ; ਰੁੱਖਾਂ ‘ਤੇ ਪੀਂਘਾਂ ਝੂਟਦੀਆਂ, ਗਿੱਧੇ ਪਾਉਂਦੀਆਂ, ਗੀਤ ਗਾਉਂਦੀਆਂ, ਮਸ਼ਖਰੀਆਂ ਕਰਦੀਆਂ, ਇਕ ਦੂਜੀ ਦੇ ਘਰ ਵਾਲੇ ਦਾ ਨਾਂ ਲੈ ਲੈ ਮਖੌਲਾਂ ਕਰਦੀਆਂ, ਇਸ਼ਾਰਿਆਂ ‘ਚ ਕਈ ਕੁਝ ਕਹਿੰਦੀਆਂ ਤੇ ਲੋਟ-ਪੋਟ ਹੋਈ ਜਾਂਦੀਆਂ। ਕੁਝ ਦਿਨਾਂ ‘ਚ ਹੀ ਪੂਰਨਮਾਸ਼ੀ ਆ ਜਾਂਦੀ। ਸਵੇਰੇ ਸਵੇਰੇ ਨਹਾ-ਧੋ ਕੇ, ਵਾਗਰੂ-ਵਾਗਰੂ ਕਰਦੀਆਂ, ਸੁੱਚੇ ਮੂੰਹ ਆਪਣੇ ਵੀਰਾਂ ਨੂੰ ਰੱਖੜੀ ਬੰਨਦੀਆਂ ਤੇ ਮੂੰਹ ਮਿੱਠਾ ਕਰਾਉਂਦੀਆਂ। ਆਪਣੇ ਪਿਉ ਅਤੇ ਚਾਚੇ-ਤਾਇਆਂ ਨੂੰ ਵੀ ਰੱਖੜੀ ਬੰਨਦੀਆਂ, ਹੋਰ ਤਾਂ ਹੋਰ ਵੀਰ ਦੇ ਬਲਦਾਂ ਦੇ ਸਿੰਗਾਂ ਨੂੰ ਵੀ ਮੌਲੀ ਬੰਨ ਦਿੰਦੀਆਂ। ਸੁੱਖਾਂ ਮੰਗਦੀਆਂ। ਅਸੀਸਾਂ ਤੇ ḔਪਿਆਰḔ ਪ੍ਰਾਪਤ ਕਰਦੀਆਂ। ਤੁਰਨ ਲੱਗਿਆਂ ਫਿਰ ਦੌੜ ਕੇ ਆਪਣੀਆਂ ਸਹੇਲੀਆਂ ਨੂੰ ਮਿਲਣ ਜਾਂਦੀਆਂ। ਕਈ ਸਹੇਲੀਆਂ ਤਾਂ ਉਨ੍ਹਾਂ ਨੂੰ ਪਿੰਡ ਦੀ ਜੂਹ ਤੱਕ ਤੋਰਨ ਆਉਂਦੀਆਂ। ਬੜੀ ਹਸਰਤ ਨਾਲ ਪਿਛਾਂਹ ਨੂੰ ਵੇਖਦੀਆਂ, ਹਉਕਾ ਜਿਹਾ ਭਰਦੀਆਂ ਤੇ ਮੂੰਹੋਂ ਬਿਰਕਦੀਆਂ, “ਮੁੜ ਫਿਰ ਪਿੰਡ ਆਂਵਾਂਗੇ, ਵਰੇ ਦਿਨਾਂ ਨੂੰ ਫੇਰ।”
ਉਨ੍ਹਾਂ ਦੀ ਜਾਣੇ ਬਲ੍ਹਾ ਸੁਦੀਆਂ ਕੀ ਹੁੰਦੀਆਂ ਨੇ ਤੇ ਵਦੀਆਂ ਕੀ ਹੁੰਦੀਆਂ ਨੇ। ਉਹ ਤਾਂ ਬੱਸ ਇਹ ਜਾਣਦੀਆਂ ਸਨ: “ਕੁੜੀਓ ਆ ਜਾਓ ਨੀ, ਸਾਉਣ ਸੈਨਤਾਂ ਮਾਰੇ।” ਉਹ ਤਾਂ ਇਹ ਜਾਣਦੀਆਂ ਸਨ ਕਿ ਸਾਉਣ ਸਾਂਝਾਂ ਦਾ ਮਹੀਨਾ ਹੈ। ਆਪਣੇ ਮੁੱਢਾਂ ਨਾਲ ਜੁੜਨ ਦਾ ਮਹੀਨਾ। ਕਈ ਵਾਰ ਟਾਈਮ ਹੋਵੇ ਤਾਂ ਸਾਰਾ ਸਾਉਣ ਹੀ ਰਹਿ ਜਾਂਦੀਆਂ ਤੇ ਕਈ ਵਾਰੀ ਜੇ ਟਾਈਮ ਨਾ ਹੋਵੇ ਤਾਂ ਵੀਰ ਨੂੰ ਪਹਿਲਾਂ ਹੀ ਰੱਖੜੀ ਬੰਨ੍ਹ ਵਿਦਿਆ ਹੋ ਜਾਂਦੀਆਂ। ਉਨ੍ਹਾਂ ਦੀਆਂ ਤਾਂ ਮਾਂਵਾਂ-ਦਾਦੀਆਂ-ਨਾਨੀਆਂ ਨੂੰ ਵੀ ਨਹੀਂ ਸੀ ਪਤਾ ਕਿ ਸੁੱਖਾਂ ਲੱਧਾ ਧਾਗਾ ਜੋ ਉਹ ਬੰਨ੍ਹਦੀਆਂ ਸਨ, ਉਸ ਨੂੰ ḔਰਾਖੀḔ ਜਾਂ Ḕਰਕਸ਼ਾ-ਬੰਧਨḔ ਕਹਿੰਦੇ ਨੇ। ਅਖੇ ਜੀ, ਰਾਖੀ ਬੰਨਣ ਦਾ ਮਤਲਬ ਹੈ ਕਿ ਵੀਰ ਭੈਣਾਂ ਦੀ ਰਾਖੀ ਕਰਨਗੇ। ਬੰਦਾ ਪੁੱਛੇ ਭਰਾਵਾਂ, ਮਾਂ-ਪਿਉ, ਚਾਚੇ-ਤਾਇਆਂ ਨੇ ਰਾਖੀ ਭਲਾ ਰੱਖੜੀ ਬੰਨਿਆਂ ਹੀ ਕਰਨੀ ਸੀ! ਤੁਰਨ ਲੱਗਿਆਂ ਆਪਣੇ ਮੁੱਢ ਨੂੰ Ḕਰੱਬ ਦੀਆਂ ਰੱਖਾਂḔ ਦਾ ਧਾਗਾ ਬੰਨਣਾ ਤਾਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਸਥੂਲ ਵਸਤੂ ਰਾਹੀਂ ਦਰਸਾਉਣ ਬਰਾਬਰ ਸੀ। ਅਹਿਮ ਸਨ, ਆਪਣੀ ਪੇਕੇ-ਭੌਇੰ ਲਈ ਕੀਤੀਆਂ ਜਾਂਦੀਆਂ ਅਰਦਾਸਾਂ।
ਰੱਬ ਖੈਰ ਕਰੇ! ਤੀਆਂ ਲੱਗਦੀਆਂ ਰਹਿਣ। ਖੀਰ-ਪੂੜੇ ਪੱਕਦੇ ਰਹਿਣ! ਧੀਆਂ ਹੱਸਦੀਆਂ ਰਹਿਣ! ਭੈਣਾਂ ਵੱਸਦੀਆਂ ਰਹਿਣ! ਪੇਕੀਂ ਆਉਂਦੀਆਂ ਰਹਿਣ! ਖੌਰੇ ਉਨ੍ਹਾਂ ਦੀਆਂ ਦੁਆਵਾਂ ਸਦਕਾ ਹੀ ਬਾਬਲ-ਭਾਈ, ਚਾਚੇ-ਤਾਏ, ਪਿੰਡ ਦੇ ਜਾਏ, ਆਪਣੀਆਂ ਇੱਜਤਾਂ ਦੇ ਅਤੇ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਰਾਖੇ ਬਣੇ ਰਹਿਣ!