ਇੰਜ ਹੋਇਆ ਸੀ ਅਮਰੀਕਾ ਵਿਚੋਂ ਗੁਲਾਮੀ ਦਾ ਅੰਤ

ਵਾਸਦੇਵ ਸਿੰਘ ਪਰਿਹਾਰ
ਫੋਨ: 206-434-1155
ਅਮਰੀਕਾ ਵਿਚ ਗੁਲਾਮਾਂ ਦਾ ਵਪਾਰ ਕਰੀਬ 250 ਸਾਲ ਚਲਦਾ ਰਿਹਾ। ਸਭ ਤੋਂ ਪਹਿਲਾਂ ਸੰਨ 1619 ਵਿਚ ਵਰਜੀਨੀਆ ‘ਚ ਗੁਲਾਮ ਅਫਰੀਕਾ ਤੋਂ ਲਿਆਂਦੇ ਗਏ। ਅਠਾਰ੍ਹਵੀਂ ਸਦੀ ਵਿਚ 11 ਮਿਲੀਅਨ (ਇਕ ਕਰੋੜ ਦਸ ਲੱਖ) ਅਫਰੀਕੀ ਗੁਲਾਮ ਅਮਰੀਕਾ ਵਿਚ ਲਿਆਂਦੇ ਗਏ। ਗੁਲਾਮ ਵੋਟ ਨਹੀਂ ਪਾ ਸਕਦੇ ਸਨ। ਉਨ੍ਹਾਂ ਨੂੰ ਪਸੂਆਂ ਵਾਂਗ ਖਰੀਦਿਆ-ਵੇਚਿਆ ਜਾ ਸਕਦਾ ਸੀ। ਉਹ ਕੋਈ ਜਾਇਦਾਦ ਆਪਣੇ ਨਾਂ ਨਹੀਂ ਸੀ ਲੈ ਸਕਦੇ। ਉਸ ਸਮੇਂ ਦੇ ਅਖਬਾਰਾਂ ਵਿਚ ਗੁਲਾਮਾਂ ਦੀ ਵਿਕਰੀ ਲਈ ਇਸ਼ਤਿਹਾਰ ਛਪਦੇ ਸਨ।

ਮਾਲਕ ਇਕ ਸਟੇਟ ਤੋਂ ਦੂਜੀ ਸਟੇਟ ਵਿਚ ਜਾਣ ਸਮੇਂ ਆਪਣੇ ਗੁਲਾਮਾਂ ਨੂੰ ਵੀ ਨਾਲ ਲਿਜਾ ਸਕਦੇ ਸਨ। ਇੰਗਲੈਂਡ, ਫਰਾਂਸ ਅਤੇ ਸਪੇਨ ਵਿਚੋਂ ਇੰਗਲੈਂਡ ਨੇ ਸਭ ਤੋਂ ਪਹਿਲਾਂ ਗੁਲਾਮੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਈਸਾਈ ਮਿਸ਼ਨਰੀਆਂ ਨੇ ਗੁਲਾਮਾਂ ਦੀ ਆਜ਼ਾਦੀ ਲਈ ਸ਼ਲਾਘਾਯੋਗ ਕੰਮ ਕੀਤਾ।
ਆਮ ਧਾਰਨਾ ਤਾਂ ਇਹੀ ਹੈ ਕਿ ਗੋਰੇ ਲੋਕ ਹੀ ਗੁਲਾਮਾਂ ਦੇ ਮਾਲਕ ਸਨ ਅਤੇ ਉਹ ਹੀ ਇਨ੍ਹਾਂ ਦੀ ਖਰੀਦੋ-ਫਰੋਖਤ ਕਰਦੇ ਸਨ। ਲੂਸੀਆਨਾ ਸਟੇਟ ਵਿਚ 6 ਕਾਲੇ ਅਜਿਹੇ ਸਨ, ਜਿਨ੍ਹਾਂ ਕੋਲ 65 ਤੋਂ ਵੱਧ ਕਾਲੇ ਗੁਲਾਮ ਸਨ। ਸੰਨ 1860 ਵਿਚ ਦੱਖਣੀ ਕੈਰੋਲਾਈਨਾ ਵਿਚ 125 ਆਜ਼ਾਦ ਕਾਲੇ ਕਿਸਾਨਾਂ ਨੇ ਗੁਲਾਮ ਰੱਖੇ ਹੋਏ ਸਨ। ਉਨ੍ਹਾਂ ਵਿਚੋਂ 6 ਕੋਲ 10 ਤੋਂ ਵੱਧ ਗੁਲਾਮ ਸਨ।
ਸੰਨ 1824 ਤੋਂ ਅਮਰੀਕਾ ਦੀਆਂ ਦੱਖਣੀ ਅਤੇ ਉਤਰੀ ਸਟੇਟਾਂ ਵਿਚਕਾਰ ਮਤਭੇਦ ਉਭਰਨੇ ਸ਼ੁਰੂ ਹੋ ਗਏ, ਜਿਨ੍ਹਾਂ ਦੇ ਦੋ ਮੁੱਖ ਕਾਰਨ ਸਨ-ਪਹਿਲਾ, ਗੁਲਾਮਾਂ ਦਾ ਅਤੇ ਦੂਜਾ, ਵਿਦੇਸ਼ਾਂ ਤੋਂ ਆਉਣ ਵਾਲੇ ਮਾਲ ਉਤੇ ਕਰ (ਟੈਕਸ)। ਦੱਖਣੀ ਸਟੇਟਾਂ ਦੀ ਆਰਥਕਤਾ ਖੇਤੀਬਾੜੀ ‘ਤੇ ਆਧਾਰਤ ਅਤੇ ਉਤਰੀ ਸਟੇਟਾਂ ਦੀ ਆਰਥਕਤਾ ਉਦਯੋਗ ‘ਤੇ ਆਧਾਰਤ ਸੀ। ਸੰਨ 1860 ਵਿਚ ਦੋਵਾਂ ਖਿੱਤਿਆਂ ਬਾਰੇ ਅੰਕੜਿਆਂ ਦਾ ਵੇਰਵਾ ਇਸ ਪ੍ਰਕਾਰ ਸੀ:
ਦੱਖਣ ਉਤਰ
ਆਬਾਦੀ 29% 71%
ਧਨ ਦੌਲਤ 25% 75%
ਰੇਲ ਗੱਡੀਆਂ 28% 72%
ਉਦਯੋਗ 15% 85%
ਸੰਖੇਪ ਵਿਚ ਉਤਰੀ ਅਮਰੀਕਾ ਵਾਲੇ ਦੱਖਣ ਵਾਲਿਆਂ ਨਾਲੋਂ ਹਰ ਪੱਖੋਂ ਸੁਖਾਲੇ ਸਨ। ਦੱਖਣੀ ਹਿੱਸੇ ਵਾਲਿਆਂ ਨੂੰ ਖੇਤੀਬਾੜੀ ਲਈ ਗੁਲਾਮਾਂ ਦੀ ਲੋੜ ਸੀ, ਜੋ ਬਹੁਤੇ ਅਫਰੀਕੀ ਸਨ। ਸਪੇਨ ਤੋਂ ਆਏ ਆਬਾਦਕਾਰਾਂ ਨੇ ਅਮਰੀਕਾ ਦੇ ਮੂਲ ਵਾਸੀ ਰੈਡ ਇੰਡੀਅਨਜ਼ ਨੂੰ ਗੁਲਾਮ ਬਣਾ ਕੇ ਉਨ੍ਹਾਂ ਤੋਂ ਕੰਮ ਲੈਣਾ ਚਾਹਿਆ ਤਾਂ ਉਹ ਜਾਂ ਤਾਂ ਲੜ ਕੇ ਮਰ ਜਾਂਦੇ ਜਾਂ ਭੱਜ ਜਾਂਦੇ। ਖੇਤੀ ਦੇ ਕੰਮ ਲਈ ਅਫਰੀਕੀ ਕਾਲੇ ਠੀਕ ਸਾਬਤ ਹੋਏ। ਉਤਰੀ ਭਾਗ ਵਿਚ ਫਾਰਮ ਛੋਟੇ-ਛੋਟੇ ਸਨ, ਜਿਨ੍ਹਾਂ ਵਿਚ ਮਾਲਕ ਆਪ ਜਾਂ ਆਪਣੇ ਬੱਚਿਆਂ ਨਾਲ ਕੰਮ ਕਰਕੇ ਗੁਜ਼ਾਰਾ ਕਰ ਲੈਂਦੇ ਸਨ। ਇਸ ਲਈ ਉਤਰ ਵਾਲੇ ਗੁਲਾਮੀ ਹਟਾਉਣ ਦੇ ਹੱਕ ਵਿਚ ਸਨ ਅਤੇ ਦੱਖਣ ਵਾਲੇ ਗੁਲਾਮਾਂ ਨੂੰ ਆਜ਼ਾਦ ਕਰਨ ਦੇ ਸਖਤ ਖਿਲਾਫ ਸਨ।
ਉਸ ਸਮੇਂ ਅਮਰੀਕਾ ਦੀਆਂ 22 ਸਟੇਟਾਂ ਸਨ: 11 ਆਜ਼ਾਦ ਅਤੇ 11 ਗੁਲਾਮੀ ਵਾਲੀਆਂ। ਪ੍ਰਤੀਨਿਧ ਸਭਾ ਵਿਚ ਉਤਰੀ ਸਟੇਟਾਂ ਦੀ ਬਹੁਗਿਣਤੀ ਸੀ, ਕਿਉਂਕਿ ਪ੍ਰਤੀਨਿਧ ਸਭਾ ਦੇ ਮੈਂਬਰ ਵੋਟਰਾਂ ਦੀ ਕੁਲ ਗਿਣਤੀ ਦੇ ਹਿਸਾਬ ਨਾਲ ਚੁਣੇ ਜਾਂਦੇ ਸਨ। ਆਮ ਤੌਰ ‘ਤੇ ਖਾਨਜੰਗੀ (ਸਿਵਲ ਵਾਰ) ਨੂੰ ਵੱਡੇ ਜ਼ਿਮੀਦਾਰਾਂ ਅਤੇ ਉਦਯੋਗਪਤੀਆਂ ਵਿਚਕਾਰ ਜੰਗ ਵੀ ਸਮਝਿਆ ਜਾਂਦਾ ਸੀ। ਰਾਸ਼ਟਰਪਤੀ ਜੈਫਰਸਨ ਨੇ ਹਾਲਾਤ ਨੂੰ ਦੇਖਦਿਆਂ ਕਿਹਾ ਸੀ, “ਦੱਖਣ ਵਾਲਿਆਂ ਨੇ ਬਘਿਆੜ ਨੂੰ ਕੰਨ ਤੋਂ ਫੜਿਆ ਹੋਇਆ ਹੈ”, ਜਿਸ ਦਾ ਭਾਵ ਸੀ ਕਿ ਗੁਲਾਮੀ ਨੂੰ ਜਾਰੀ ਰਖਣਾ ਵੀ ਖਤਰਨਾਕ ਹੈ ਅਤੇ ਇਸ ਨੂੰ ਹਟਾਉਣਾ ਵੀ ਖਤਰਨਾਕ। ਰਾਸ਼ਟਰਪਤੀ ਵਾਸ਼ਿੰਗਟਨ ਵੀ ਗੁਲਾਮੀ ਦੇ ਖਿਲਾਫ ਸੀ ਅਤੇ ਉਸ ਨੇ ਕਿਹਾ ਸੀ, “ਗੁਲਾਮ ਇਸ ਮੁਲਕ ਵਿਚ ਯੂਰਪੀਅਨ ਲਿਆਏ। ਇਨ੍ਹਾਂ ਨੂੰ ਆਜ਼ਾਦ ਕਰਨ ਲਈ ਸਮਾਂ ਚਾਹੀਦਾ ਹੈ। ਮੇਰੇ ਨਾਲੋਂ ਵੱਧ ਸ਼ਾਇਦ ਹੀ ਕੋਈ ਆਪਣੇ ਦਿਲੋਂ ਇਨ੍ਹਾਂ ਦੀ ਆਜ਼ਾਦੀ ਬਾਰੇ ਚਾਹੁੰਦਾ ਹੋਵੇ। ਮੈਂ ਸੋਚਦਾ ਹਾਂ ਕਿ ਗੁਲਾਮੀ ਹਟਾ ਕੇ ਹੀ ਅਸੀਂ ਆਪਣੇ ਦੇਸ਼ ਨੂੰ ਇਕਮੁੱਠ ਰੱਖ ਸਕਦੇ ਹਾਂ।”
ਦੱਖਣੀ ਭਾਗ ਦੀ ਮੁੱਖ ਫਸਲ ਕਪਾਹ ਸੀ। ਮਸ਼ੀਨਰੀ ਆਉਣ ਨਾਲ ਕਪਾਹ ਦੀ ਮੰਗ ਹੋਰ ਵਧ ਗਈ, ਜਿਸ ਦੇ ਫਲਸਰੂਪ ਗੁਲਾਮਾਂ ਦੀ ਮੰਗ ਵੀ ਵਧ ਗਈ। ਸੰਨ 1800 ਤੋਂ 1860 ਵਿਚਕਾਰ ਇਕ ਗੁਲਾਮ ਦਾ ਮੁੱਲ 500 ਡਾਲਰ ਤੋਂ 1500 ਡਾਲਰ ਹੋ ਗਿਆ। ਕਿਸਾਨ ਹੋਰ ਧਰਤੀ ਖੇਤੀ ਅਧੀਨ ਲਿਆ ਕੇ ਵੱਧ ਮੁਨਾਫਾ ਕਮਾਉਣਾ ਚਾਹੁੰਦੇ ਸਨ। ਉਹ ਪੱਛਮੀ ਭਾਗ ਵੱਲ ਨਵੀਆਂ ਉਪਜਾਊ ਜਮੀਨਾਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਸਨ ਅਤੇ ਉਹ ਆਪਣੇ ਗੁਲਾਮਾਂ ਨੂੰ ਵੀ ਨਾਲ ਲਿਜਾ ਸਕਦੇ ਸਨ। ਉਤਰੀ ਭਾਗਾਂ ਵਿਚ ਗੁਲਾਮੀ ਵਿਰੁਧ ਲਹਿਰ ਪਹਿਲਾਂ ਚੱਲੀ ਅਤੇ ਕਈ ਥਾਂਵਾਂ ਉਤੇ ਗੁਲਾਮ ਵਿਰੋਧੀ ਸਭਾਵਾਂ ਸਥਾਪਤ ਹੋਈਆਂ। ਕੁਝ ਲੋਕ ਦੱਖਣ ਤੋਂ ਗੁਲਾਮਾਂ ਨੂੰ ਭਜਾ ਕੇ ਉਤਰ ਵਿਚ ਜਾਂ ਕੈਨੇਡਾ ਵਿਚ ਜਾਣ ਦੀ ਮਦਦ ਕਰਦੇ। ਗੁਲਾਮਾਂ ਨੂੰ ਆਜ਼ਾਦ ਕਰਾਉਣ ਵਾਲੇ ਗੋਰੇ ਰਾਤਾਂ ਨੂੰ ਉਨ੍ਹਾਂ ਨਾਲ ਸਫਰ ਕਰਦੇ ਅਤੇ ਦਿਨ ਵੇਲੇ ਉਨ੍ਹਾਂ ਨੂੰ ਕਿਸੇ ਥਾਂ ਲੁਕਾ ਦਿੰਦੇ। ਗੁਲਾਮਾਂ ਦੇ ਮਾਲਕਾਂ ਨੇ ਔਖੇ ਹੋਣਾ ਹੀ ਸੀ। ਉਹ ਆਪਣੇ ਗੁਲਾਮਾਂ ਨੂੰ ਭਜਾਉਣ ਵਾਲਿਆਂ ਨੂੰ ਚੋਰ ਸਮਝਦੇ ਸਨ।
ਸੰਨ 1828 ਵਿਚ ਕਾਂਗਰਸ ਨੇ ਬਾਹਰੋਂ ਆਉਣ ਵਾਲੇ ਮਾਲ ‘ਤੇ ਟੈਕਸ ਦੀ ਦਰ ਬਹੁਤ ਵਧਾ ਦਿੱਤੀ। ਇਸ ਨਾਲ ਉਤਰ ਦੇ ਕਾਰਖਾਨੇਦਾਰਾਂ ਨੂੰ ਤਾਂ ਲਾਭ ਹੋਇਆ, ਪਰ ਦੱਖਣ ਵਾਲਿਆਂ ਨੂੰ ਵਿਦੇਸ਼ੀ ਮਾਲ ਦੁੱਗਣੀ ਕੀਮਤ ਉਤੇ ਖਰੀਦਣਾ ਪੈਂਦਾ ਸੀ ਅਤੇ ਇਹ ਉਨ੍ਹਾਂ ਦੀ ਨਾਰਾਜ਼ਗੀ ਦਾ ਕਾਰਨ ਸੀ। ਦੱਖਣੀ ਕੈਰੋਲਾਈਨਾ ਦੀ ਸਟੇਟ ਨੇ ਕੇਂਦਰ ਸਰਕਾਰ ਵੱਲੋਂ ਵਧਾਏ ਕਰ ਵਿਰੁਧ ਮਤਾ ਪਾਸ ਕਰ ਦਿੱਤਾ। ਇਸ ਤਰ੍ਹਾਂ ਕੇਂਦਰ ਅਤੇ ਸਟੇਟ ਵਿਚਕਾਰ ਸਿੱਧੀ ਟੱਕਰ ਹੋ ਗਈ। ਰਾਸ਼ਟਰਪਤੀ ਐਂਡਰੀਊ ਜੈਕਸਨ ਭਾਵੇਂ ਦੱਖਣ ਦਾ ਸੀ, ਪਰ ਉਸ ਨੇ ਸੰਵਿਧਾਨ ਦੀ ਰੱਖਿਆ ਦੀ ਕਸਮ ਖਾਧੀ ਹੋਈ ਸੀ। ਉਸ ਨੇ ਦੱਖਣੀ ਕੈਰੋਲਾਈਨਾ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਕੇਂਦਰੀ ਸਰਕਾਰ ਦੀ ਅਥਾਰਟੀ ਦਾ ਵਿਰੋਧ ਨਾ ਕਰਨ। ਉਸ ਨੇ ਚਾਰਲੈਸਟਨ ਦੀ ਬੰਦਰਗਾਹ ਵੱਲ ਨੂੰ ਜੰਗੀ ਜਹਾਜ ਵੀ ਰਵਾਨਾ ਕਰ ਦਿੱਤੇ ਅਤੇ ਦੱਖਣੀ ਕੈਰੋਲਾਈਨਾ ਦੇ ਇਕ ਲੀਡਰ ਨੂੰ ਕਿਹਾ, “ਉਨ੍ਹਾਂ ਨੂੰ ਕਹਿ ਦਿਓ ਕਿ ਜੇ ਅਮਰੀਕਨ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਇਕ ਕਤਰਾ ਖੂਨ ਵੀ ਵਗਾਇਆ ਤਾਂ ਮੈਂ ਉਸ ਪਹਿਲੇ ਆਦਮੀ ਨੂੰ, ਜੋ ਵੀ ਰੁੱਖ ਮੈਨੂੰ ਪਹਿਲਾਂ ਨਜ਼ਰ ਆਇਆ, ਨਾਲ ਲਟਕਾ ਕੇ ਫਾਂਸੀ ਲਾ ਦਿਆਂਗਾ।”
ਹਾਲਾਂਕਿ ਰਾਸ਼ਟਰਪਤੀ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ, ਪਰ ਉਸ ਦੇ ਤਾੜਨਾ ਭਰੇ ਲਫਜ਼ਾਂ ਨੇ ਬਾਗੀਆਂ ਦੀ ਫੂਕ ਕੱਢ ਦਿੱਤੀ ਅਤੇ ਦੱਖਣੀ ਕੈਰੋਲਾਈਨਾ ਸਟੇਟ ਨੇ ਆਪਣਾ ਮਤਾ ਵਾਪਸ ਲੈ ਲਿਆ। ਦੱਖਣ ਵਾਲਿਆਂ ਦੀ ਦਲੀਲ ਸੀ ਕਿ ਰਾਜ ਪਹਿਲਾਂ ਹੋਂਦ ਵਿਚ ਆਏ, ਕੇਂਦਰ ਬਾਅਦ ਵਿਚ। ਰਾਜਾਂ ਨੇ ਹੀ ਕੇਂਦਰ ਸਥਾਪਤ ਕੀਤਾ ਹੈ ਅਤੇ ਸੰਵਿਧਾਨ ‘ਤੇ ਸਹਿਮਤੀ ਪ੍ਰਗਟਾਈ ਹੈ, ਇਸ ਲਈ ਕੇਂਦਰ ਸਰਕਾਰ ਰਾਜਾਂ ਨੂੰ ਉਹ ਕਰਨ ‘ਤੇ ਮਜਬੂਰ ਨਹੀਂ ਕਰ ਸਕਦੀ, ਜੋ ਉਹ ਨਹੀਂ ਚਾਹੁੰਦੇ। ਸਮਾਂ ਅਜਿਹਾ ਆ ਗਿਆ ਕਿ ਕਾਂਗਰਸ ਵਿਚ ਕਿਸੇ ਵੀ ਮਸਲੇ ‘ਤੇ ਵਿਚਾਰ ਹੁੰਦੀ, ਗੱਲ ਮੁੜ-ਘਿੜ ਕੇ ਗੁਲਾਮੀ ਦੇ ਮਸਲੇ ‘ਤੇ ਆ ਜਾਂਦੀ। ਕੁਝ ਸਿਆਣੇ ਲੀਡਰ ਕਿਸੇ ਤਰ੍ਹਾਂ ਸਮਝੌਤਾ ਕਰਵਾ ਦਿੰਦੇ ਰਹੇ। ਸੰਨ 1854 ਵਿਚ ਰਿਪਬਲਿਕਨ ਪਾਰਟੀ ਹੋਂਦ ਵਿਚ ਆਈ, ਜਿਸ ਵਿਚ ਉਤਰ ਵਾਲੇ ਕਾਲੇ ਬਹੁਤੇ ਸਨ। ਦੱਖਣ ਵਾਲੇ ਸਮਝਦੇ ਸਨ ਕਿ ਜੇ ਇਨ੍ਹਾਂ ਦੇ ਹੱਥ ਕੇਂਦਰ ਦੀ ਵਾਗਡੋਰ ਆ ਗਈ ਤਾਂ ਇਨ੍ਹਾਂ ਨੇ ਸਾਰੇ ਗੁਲਾਮ ਆਜ਼ਾਦ ਕਰਵਾ ਦੇਣੇ ਹਨ। ਦੱਖਣ ਵਾਲੇ ਚਾਹੁੰਦੇ ਸਨ ਕਿ ਗੁਲਾਮੀ ਦਾ ਵਿਸ਼ਾ ਰਾਜ ਸਰਕਾਰਾਂ ‘ਤੇ ਛੱਡ ਦਿੱਤਾ ਜਾਵੇ। ਉਹ ਚਾਹੁਣ ਤਾਂ ਗੁਲਾਮ ਰਹਿਣ ਦੇਣ, ਨਹੀਂ ਤਾਂ ਗੁਲਾਮਾਂ ਨੂੰ ਆਜ਼ਾਦ ਕਰ ਦੇਣ। ਕਾਲੇ ਗੁਲਾਮਾਂ ਨੂੰ ਤਾਂ ਵੋਟ ਦਾ ਅਧਿਕਾਰ ਹੀ ਨਹੀਂ ਸੀ।
ਇਸ ਮਸਲੇ ‘ਤੇ ਸੁਪਰੀਮ ਕੋਰਟ ਦੇ ‘ਡਰੈੱਡ ਸਕਾਟḔ ਦੇ ਫੈਸਲੇ ਨੇ ਬਲਦੀ ਅੱਗ ‘ਤੇ ਘਿਓ ਪਾਉਣ ਵਾਲਾ ਕੰਮ ਕੀਤਾ। ਸੁਪਰੀਮ ਕੋਰਟ ਨੇ ਡਰੈੱਡ ਸਕਾਟ ਬਾਰੇ ਫੈਸਲੇ ਵਿਚ ਲਿਖਿਆ: (1) ਡਰੈੱਡ ਗੁਲਾਮ ਹੈ ਅਤੇ ਉਹ ਅਮਰੀਕਾ ਦਾ ਸਿਟੀਜ਼ਨ ਨਹੀਂ। (2) ਕੋਈ ਵੀ ਸ਼ਹਿਰੀ ਆਪਣੀ ਪ੍ਰਾਪਰਟੀ ਕਿਤੇ ਵੀ ਲੈ ਸਕਦਾ ਹੈ (ਭਾਵ ਗੁਲਾਮ ਨੂੰ ਵੀ)। ਡਰੈੱਡ ਦਾ ਮਾਲਕ ਉਸ ਨੂੰ ਮਿਜੌæਰੀ ਸਟੇਟ ਤੋਂ ਇਲੀਨਾਏ ਸਟੇਟ, ਜੋ ਫਰੀ ਸਟੇਟ ਸੀ, ਵਿਚ ਲੈ ਗਿਆ। ਉਥੋਂ ਉਹ ਫੇਰ ਮਿਜ਼ੌਰੀ ਆ ਗਿਆ ਅਤੇ ਡਰੈੱਡ ਨੂੰ ਉਸ ਦੇ ਬੱਚਿਆਂ ਸਮੇਤ ਕਿਸੇ ਹੋਰ ਨੂੰ ਵੇਚ ਦਿੱਤਾ। ਕੁਝ ਗੋਰਿਆਂ ਨੇ ਇਸ ਨੂੰ ਟੈਸਟ ਕੇਸ ਬਣਾ ਕੇ ਕੋਰਟ ਦਾ ਦਰਵਾਜਾ ਖੜਕਾਇਆ। ਹੇਠਲੀਆਂ ਅਦਾਲਤਾਂ ਤੋਂ ਬਾਅਦ ਉਹ ਸੁਪਰੀਮ ਕੋਰਟ ਤੱਕ ਕੇਸ ਲੈ ਕੇ ਗਏ। ਇਸ ਫੈਸਲੇ ‘ਤੇ ਦੱਖਣ ਵਾਲਿਆਂ ਨੇ ਖੁਸ਼ੀ ਮਨਾਈ, ਜਦਕਿ ਉਤਰ ਵਾਲੇ ਇਸ ਨੂੰ ਨਾਇਨਸਾਫੀ ਸਮਝਦੇ ਸਨ। ਸੰਨ 1858 ਵਿਚ ਸਟੀਫਨ ਡਗਲਸ ਇਲੀਨਾਏ ਤੋਂ ਡੈਮੋਕਰੇਟਿਕ ਪਾਰਟੀ ਵੱਲੋਂ ਸੈਨੇਟਰ ਲਈ ਖੜ੍ਹਾ ਹੋਇਆ।
ਉਸ ਦੇ ਮੁਕਾਬਲੇ ‘ਤੇ ਰਿਪਬਲਿਕਨ ਪਾਰਟੀ ਵੱਲੋਂ ਲਿੰਕਨ ਖੜ੍ਹਾ ਹੋਇਆ। ਆਪਣੇ ਚੋਣ ਪ੍ਰਚਾਰ ਵਿਚ ਡਗਲਸ, ਡਰੈੱਡ ਸਕਾਟ ਕੇਸ ਬਾਰੇ ਕੋਈ ਗੱਲ ਹੀ ਨਾ ਕਰਦਾ। ਆਹਮੋ-ਸਾਹਮਣੀ ਬਹਿਸ ਵਿਚ ਲਿੰਕਨ ਨੇ ਉਸ ਨੂੰ ਡਰੈੱਡ ਸਕਾਟ ਕੇਸ ਬਾਰੇ ਆਪਣੇ ਵਿਚਾਰ ਸਪਸ਼ਟ ਕਰਨ ਲਈ ਕਿਹਾ ਤਾਂ ਡਗਲਸ ਦਾ ਉਤਰ ਸੀ ਕਿ ਉਹ ਇਸ ਗੱਲ ਦਾ ਹਾਮੀ ਹੈ ਕਿ ਉਹ ਇਸ ਗੱਲ ਦੇ ਹੱਕ ਵਿਚ ਹੈ ਕਿ ਹਰ ਸਟੇਟ ਦੇ ਲੋਕ ਆਜ਼ਾਦ ਹਨ। ਉਹ ਫੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਨੇ ਆਪਣੀ ਸਟੇਟ ਵਿਚ ਗੁਲਾਮੀ ਰੱਖਣੀ ਹੈ ਜਾਂ ਫਰੀ ਸਟੇਟ ਬਣਨਾ ਹੈ। ਇਸ ਬਹਿਸ ਨੇ ਦੱਖਣ ਅਤੇ ਉਤਰ ਦਾ ਪਾੜਾ ਹੋਰ ਵਧਾ ਦਿੱਤਾ। ਲਿੰਕਨ ਦਾ ਕਹਿਣਾ ਸੀ, “ਮੈਂ ਕੁਦਰਤੀ ਤੌਰ ‘ਤੇ ਗੁਲਾਮੀ ਦੇ ਵਿਰੁਧ ਹਾਂ। ਜੇ ਗੁਲਾਮੀ ਗਲਤ ਨਹੀਂ ਤਾਂ ਕੁਝ ਵੀ ਗਲਤ ਨਹੀਂ।”
ਜਾਹਨ ਬਰਾਊਨ ਨਾਮੀ ਕਾਲੇ ਨੇ ਹਥਿਆਰਬੰਦ ਸੰਘਰਸ਼ ਦਾ ਮਨ ਬਣਾਇਆ। ਉਸ ਦੇ ਦੋ ਪੁੱਤਰ ਕੈਨਸਸ ਵਿਚ ਚੋਣ ਸਮੇਂ ਝੜਪ ਵਿਚ ਮਾਰੇ ਗਏ ਸਨ, ਪਰ ਉਸ ਨੇ ਉਥੇ ਪੰਜ ਗੋਰੇ ਮਾਰੇ ਸਨ। ਉਸ ਨੇ ਕੁਝ ਕਾਲਿਆਂ ਨੂੰ ਆਪਣੇ ਗਰੋਹ ਵਿਚ ਮਿਲਾਇਆ ਅਤੇ ਪੂਰਬ ਵੱਲ ਆ ਗਿਆ। ਸਭ ਤੋਂ ਪਹਿਲਾਂ ਉਸ ਨੇ ਸਰਕਾਰੀ ਭੰਡਾਰ ‘ਚੋਂ ਹਥਿਆਰ ਅਤੇ ਗੋਲੀ ਸਿੱਕਾ ਲੁੱਟਣ ਦੀ ਸਕੀਮ ਬਣਾਈ। ਹਾਰਪਰ ਫੈਰੀ ਲਾਗੇ ਇਕ ਫਾਰਮ ਵਿਚੋਂ ਉਸ ਨੇ 30 ਬੰਦੇ ਇਕੱਠੇ ਕੀਤੇ। ਹਾਰਪਰ ਫੈਰੀ ਵਿਖੇ ਸਰਕਾਰੀ ਅਸਲੇ ਦਾ ਭੰਡਾਰ ਸੀ। ਉਸ ਨੇ ਕਮਾਲ ਦੀ ਹੁਸ਼ਿਆਰੀ ਅਤੇ ਫੁਰਤੀ ਨਾਲ ਅਸਲਾ ਤਾਂ ਲੁੱਟ ਲਿਆ, ਪਰ ਅਸਲਾ ਚੁੱਕ ਕੇ ਲਿਜਾਣ ਵਾਲਿਆਂ ਨੇ ਉਸ ਦਾ ਸਾਥ ਨਾ ਦਿੱਤਾ। ਉਹ ਸਮਝ ਗਿਆ ਕਿ ਇਨ੍ਹਾਂ ਅੰਦਰ ਅਜੇ ਏਨਾ ਸਾਹਸ ਨਹੀਂ। ਇਸ ਝੜਪ ਵਿਚ ਉਹ ਜ਼ਖਮੀ ਹੋਇਆ ਅਤੇ 1859 ਵਿਚ ਉਸ ਨੂੰ ਵਰਜੀਨੀਆ ਵਿਚ ਫਾਂਸੀ ਲਾ ਦਿੱਤਾ ਗਿਆ।
ਸਿਵਲ ਵਾਰ: ਦੱਖਣੀ ਅਤੇ ਉਤਰੀ ਰਾਜਾਂ ਵਿਚ ਜੰਗ ਸ਼ੁਰੂ ਹੋ ਗਈ, ਜਿਸ ਨੂੰ ਸਿਵਲ ਵਾਰ ਕਿਹਾ ਜਾਂਦਾ ਹੈ। ਖਾਨਾਜੰਗੀ 12 ਅਪਰੈਲ ਸੰਨ 1861 ਨੂੰ ਫੋਰਟ ਸਮਟਰ, ਸਾਊਥ ਕੈਰੋਲਾਈਨਾ ਤੋਂ ਸ਼ੁਰੂ ਹੋਈ ਅਤੇ 9 ਅਪਰੈਲ ਸੰਨ 1865 ਨੂੰ ਐਪੋਮੈਟਕਸ ਵਿਖੇ ਖਤਮ ਹੋਈ। ਉਤਰ ਵਾਲੇ ਧਨ-ਦੌਲਤ, ਆਬਾਦੀ, ਉਦਯੋਗ ਅਤੇ ਖਾਣ ਸਮੱਗਰੀ ਆਦਿ ਹਰ ਪੱਖੋਂ ਦੱਖਣ ਨਾਲ ਚੰਗੀ ਹਾਲਤ ਵਿਚ ਸਨ। ਦੱਖਣ ਵਾਲੇ ਭਾਵੇਂ ਹਰ ਪੱਖੋਂ ਕਮਜ਼ੋਰ ਸਨ, ਪਰ ਉਨ੍ਹਾਂ ਦਾ ਹੌਸਲਾ ਹੀ ਉਨ੍ਹਾਂ ਦਾ ਧਨ ਪਦਾਰਥ ਸੀ। ਉਨ੍ਹਾਂ ਕੋਲ ਲੀ ਵਰਗਾ ਦਲੇਰ ਜਰਨੈਲ ਸੀ, ਜਿਸ ਦੇ ਮੁਕਾਬਲੇ ਦਾ ਉਤਰ ਵਾਲਿਆਂ ਕੋਲ ਕੋਈ ਨਹੀਂ ਸੀ।
ਉਤਰ ਵਾਲਿਆਂ ਪਾਸ ਲਿੰਕਨ ਸੀ, ਉਸ ਨੇ ਬਤੌਰ ਰਾਸ਼ਟਰਪਤੀ ਆਪਣੇ ਪਹਿਲੇ ਭਾਸ਼ਣ ਵਿਚ ਦੱਖਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਸੀਂ ਯੂਨੀਅਨ ਨੂੰ ਬਰਬਾਦ ਕਰਨ ਦੀ ਕਸਮ ਸਵਰਗ ਵਿਚ ਰਜਿਸਟਰ ਨਹੀਂ ਕਰਵਾਈ, ਜਦੋਂ ਕਿ ਮੈਂ ਇਸ ਦੀ ਰਾਖੀ, ਹਿਫਾਜ਼ਤ ਅਤੇ ਸੁਰੱਖਿਆ ਦੀ ਕਸਮ ਖਾਧੀ ਸੀ।”
ਲੜਾਈ ਦੌਰਾਨ ਸੰਨ 1862 ਵਿਚ ਉਸ ਨੇ ਕਿਹਾ: “ਇਸ ਸਮੇਂ ਮੇਰਾ ਸਭ ਤੋਂ ਪਹਿਲਾ ਉਦੇਸ਼ ਯੂਨੀਅਨ ਨੂੰ ਕਾਇਮ ਰੱਖਣਾ ਹੈ, ਨਾ ਕਿ ਗੁਲਾਮੀ ਨੂੰ ਬਚਾਉਣਾ ਅਤੇ ਹਟਾਉਣਾ। ਜੇ ਮੈਂ ਗੁਲਾਮਾਂ ਨੂੰ ਰਿਹਾ ਕੀਤੇ ਬਿਨਾ ਯੂਨੀਅਨ ਨੂੰ ਕਾਇਮ ਰੱਖ ਸਕਦਾ ਹੋਵਾਂ, ਮੈਂ ਇੰਜ ਕਰਾਂਗਾ ਅਤੇ ਜੇ ਸਾਰੇ ਗੁਲਾਮਾਂ ਨੂੰ ਆਜ਼ਾਦ ਕਰਕੇ ਯੂਨੀਅਨ ਕਾਇਮ ਰੱਖ ਸਕਦਾ ਹੋਵਾਂ ਤਾਂ ਮੈਂ ਇਸੇ ਤਰ੍ਹਾਂ ਕਰਾਂਗਾ ਅਤੇ ਜੇ ਮੈਂ ਕੁਝ ਗੁਲਾਮਾਂ ਨੂੰ ਆਜ਼ਾਦ ਕਰਕੇ ਤੇ ਬਾਕੀਆਂ ਨੂੰ ਇਕੱਲੇ ਛੱਡ ਕੇ ਯੂਨੀਅਨ ਕਾਇਮ ਰੱਖ ਸਕਦਾ ਹੋਵਾਂ, ਤਾਂ ਮੈਂ ਇਹ ਕਰਨ ਨੂੰ ਵੀ ਤਿਆਰ ਹਾਂ।”
ਲਿੰਕਨ ਦੇ ਰਾਸ਼ਟਰਪਤੀ ਬਣਨ ਸਮੇਂ ਤੋਂ ਹੀ ਦੱਖਣੀ ਰਾਜ ਯੂਨੀਅਨ ਨਾਲੋਂ ਵੱਖਰੇ ਹੋਣ ਲੱਗ ਪਏ ਸਨ। ਲਿੰਕਨ ਨੇ 75000 ਵਾਲੰਟੀਅਰ ਭਰਤੀ ਕਰਨ ਦਾ ਐਲਾਨ ਕੀਤਾ ਤਾਂ ਜਨਰਲ ਡੇਵਿਸ ਨੇ ਦੱਖਣ ਦੀ ਤਰਫਦਾਰੀ ਲਈ 1,00,000 ਬੰਦੇ ਭਰਤੀ ਕਰਨ ਦਾ ਐਲਾਨ ਕਰ ਦਿੱਤਾ। ਉਤਰ ਦੀ ਫੌਜ ਵਿਚੋਂ ਕਈ ਅਫਸਰ ਅਤੇ ਸਿਪਾਹੀ, ਜੋ ਦੱਖਣ ਦੇ ਵਸਨੀਕ ਸਨ, ਦੱਖਣੀ ਫੌਜਾਂ ਨਾਲ ਜਾ ਮਿਲੇ। ਉਸ ਸਮੇਂ ਅਮਰੀਕਨਾਂ ਲਈ ਇਹ ਫੈਸਲਾ ਕਰਨਾ ਬੜਾ ਔਖਾ ਸੀ ਕਿ ਉਹ ਦੱਖਣ ਵਾਲਿਆਂ ਨਾਲ ਮਿਲਣ ਜਾਂ ਉਤਰ ਵਾਲਿਆਂ ਨਾਲ। ਇਕ ਭਰਾ ਦੱਖਣੀ ਫੌਜ ਵਿਚ, ਦੂਜਾ ਉਤਰੀ ਫੌਜ ਵਿਚ ਭਰਤੀ ਹੋ ਗਿਆ।
ਇਸ ਸਿਵਲ ਵਾਰ ਵਿਚ ਐਨੇ ਅਮਰੀਕਨ ਮਰੇ, ਜਿੰਨੇ ਦੂਜੀ ਸੰਸਾਰ ਜੰਗ ਵਿਚ ਵੀ ਨਹੀਂ ਮਰੇ ਹੋਣੇ। 150 ਮੁੱਖ ਲੜਾਈਆਂ ਹੋਈਆਂ। ਇਸ ਲੜਾਈ ਵਿਚ ਉਤਰ ਹਮਲਾਵਰ ਅਤੇ ਦੱਖਣ ਵਾਲੇ ਬਚਾਅ ਪੱਖੋਂ ਲੜ ਰਹੇ ਸਨ। ਉਤਰ ਨੇ ਪਹਿਲਾਂ ਤਾਂ ਦੱਖਣ ਦੀਆਂ ਸਾਰੀਆਂ ਬੰਦਰਗਾਹਾਂ ਦਾ ਘੇਰਾ ਘੱਤ ਕੇ ਦੱਖਣ ਨੂੰ ਵਿਦੇਸ਼ਾਂ ਤੋਂ ਮੀਲ ਆਉਣਾ ਬੰਦ ਕਰ ਦਿੱਤਾ ਤੇ ਦੱਖਣ ਨੂੰ ਭੁੱਖੇ ਮਰਨ ‘ਤੇ ਮਜਬੂਰ ਕਰ ਦਿੱਤਾ, ਪਰ ਕਿਸੇ ਨਾ ਕਿਸੇ ਤਰ੍ਹਾਂ ਉਹ ਤਿੰਨ ਸਾਲ ਤੱਕ ਡਟੇ ਰਹੇ। ਉਤਰ ਵਾਲੇ ਦੱਖਣ ਦੀ ਰਾਜਧਾਨੀ ਰਿਚਮੰਡ ਜਿੱਤ ਕੇ ਜੰਗ ਦਾ ਖਾਤਮਾ ਸਮਝਦੇ ਸਨ ਤੇ ਦੱਖਣ ਵਾਲੇ ਉਤਰ ਦੀ ਰਾਜਧਾਨੀ ਵਾਸ਼ਿੰਗਟਨ ਨੂੰ ਫਤਿਹ ਕਰਨਾ ਆਪਣੀ ਫੈਸਲਾਕੁਨ ਫਤਿਹ ਸਮਝਦੇ ਸਨ? ਦੋਵਾਂ ਰਾਜਧਾਨੀਆਂ ਦਾ ਫਾਸਲਾ ਲਗਭਗ 100 ਮੀਲ ਸੀ ਅਤੇ ਵਿਚਕਾਰ ਘਣੇ ਜੰਗਲ ਅਤੇ ਨਦੀਆਂ ਸਨ।
ਬੁਲਰਨ ਦੀ ਲੜਾਈ ਵਿਚ ਦੱਖਣ ਵਾਲਿਆਂ ਨੇ ਉਤਰ ਵਾਲਿਆਂ ਨੂੰ ਕਰਾਰੀ ਹਾਰ ਦਿੱਤੀ ਤੇ ਉਨ੍ਹਾਂ ਦੇ ਹੌਸਲੇ ਵਧ ਗਏ। ਜਨਰਲ ਲੀ ਦੀ ਕਮਾਂਡ ਹੇਠ ਦੱਖਣੀ ਫੌਜਾਂ ਗੈਟਿਸਬਰਗ ਵੱਲ ਵਧੀਆਂ। ਲਿੰਕਨ ਨੇ ਆਪਣੀ ਫੌਜ ਦੀ ਕਮਾਂਡ ਜਾਰਜ ਬੀ ਮੈਕਲੇਲਿਨ ਦੇ ਸਪੁਰਦ ਕੀਤੀ। ਗੈਟਿਸਬਰਗ ਦੀ ਲੜਾਈ ਸਿਵਲ ਵਾਰ ਦੀ ਸਭ ਤੋਂ ਅਹਿਮ ਲੜਾਈ ਸੀ। ਤਿੰਨ ਦਿਨ ਤਕ ਇਹ ਲੜਾਈ ਚੱਲੀ। ਜਨਰਲ ਲੀ ਨੇ ਆਪਣੀ ਸਾਰੀ ਫੌਜੀ ਤਾਕਤ ਇਸ ਲੜਾਈ ਵਿਚ ਝੋਕ ਦਿੱਤੀ। ਜਦੋਂ ਲੀ ਕੋਲ ਗੋਲੀ ਸਿੱਕਾ ਖਤਮ ਹੋ ਗਿਆ ਤਾਂ ਉਸ ਨੇ ਆਪਣੇ ਜਰਨੈਲ ਪਿਕਟ ਨੂੰ ਸੰਗੀਨਾਂ ਨਾਲ ਹਮਲਾ ਕਰਨ ਦਾ ਹੁਕਮ ਦਿੱਤਾ। ਜਨਰਲ ਪਿਕਟ ਪੰਦਰਾਂ ਹਜ਼ਾਰ ਸਿਪਾਹੀਆਂ ਨਾਲ ਝਪਟ ਪਿਆ, ਪਰ ਅੱਗਿਓਂ ਤੋਪਾਂ ਦੇ ਗੋਲੇ ਅਤੇ ਬੰਦੂਕਾਂ ਦੀਆਂ ਗੋਲੀਆਂ ਅੱਗ ਵਰ੍ਹਾ ਰਹੀਆਂ ਸਨ। ਕਰੀਬ ਸਾਰੀ ਡਿਵੀਜ਼ਨ ਹੀ ਖਤਮ ਹੋ ਗਈ। ਜਨਰਲ ਲੀ ਨੇ ਜੂਏ ਵਾਲਾ ਦਾਅ ਲਾਇਆ ਸੀ, ਜੋ ਉਹ ਹਾਰ ਗਿਆ। ਉਸ ਨੇ ਹਾਰ ਮੰਨਣ ਦਾ ਫੈਸਲਾ ਕਰ ਲਿਆ। ਜਨਰਲ ਗਰਾਂਟ ਨੇ ਲੀ ਨੂੰ ਐਪੋਮੈਟਕਸ ਦੇ ਸਥਾਨ ‘ਤੇ ਘੇਰ ਲਿਆ।
ਦੋਵੇਂ ਜਰਨੈਲ ਇਕ ਫਾਰਮ ਹਾਊਸ ਵਿਚ ਮਿਲੇ। ਲੀ ਸਫੈਦ ਅਤੇ ਗਰਾਂਟ ਕਾਲੇ ਘੋੜੇ ‘ਤੇ ਆਇਆ। ਕੁਝ ਮਿੰਟ ਤਕ ਦੋਵੇਂ ਜਰਨੈਲ ਆਪਣੇ ਇਕੱਠੇ ਬਿਤਾਏ ਉਨ੍ਹਾਂ ਦਿਨਾਂ ਦੀਆਂ ਗੱਲਾਂ ਕਰਦੇ ਰਹੇ, ਜਦੋਂ ਮੈਕਸੀਕੋ ਨਾਲ ਲੜਾਈ ਵਿਚ ਉਹ ਸਾਥੀ ਸਨ। ਫੇਰ ਜਨਰਲ ਗਰਾਂਟ ਨੇ ਟੇਬਲ ਰੱਖ ਕੇ ਉਸ ‘ਤੇ ਹਥਿਆਰ ਸੁੱਟਣ ਦੀਆਂ ਮੋਟੀਆਂ-ਮੋਟੀਆਂ ਸ਼ਰਤਾਂ ਪੇਪਰ ‘ਤੇ ਆਪਣੀ ਕਲਮ ਨਾਲ ਲਿਖੀਆਂ। ਉਸ ਨੇ ਦੱਖਣੀ ਫੌਜਾਂ ਨੂੰ ਆਪਣੇ ਹਥਿਆਰ ਸੁੱਟਣ ਅਤੇ ਯੂਨੀਅਨ ਸਰਕਾਰ ਦੇ ਵਫਾਦਾਰ ਰਹਿਣ ਲਈ ਕਿਹਾ। ਲੀ ਨੇ ਕਿਹਾ ਕਿ ਉਸ ਦੇ ਫੌਜੀਆਂ ਨੂੰ ਆਪਣੇ ਘੋੜੇ ਲਿਜਾਣ ਦਿਤੇ ਜਾਣ। ਗਰਾਂਟ ਨੇ ਇਹ ਆਖ ਕੇ ਹਾਂ ਕਰ ਦਿੱਤੀ, “ਹਾਂ, ਬਹਾਰ ਰੁੱਤੇ ਹਲ ਵਾਹੁਣ ਦੇ ਕੰਮ ਆਉਣਗੇ।” ਅਮਰੀਕਾ ਵਿਚ ਹਲ ਘੋੜਿਆਂ ਨਾਲ ਵਾਹਿਆ ਜਾਂਦਾ ਸੀ। ਦੋਨੋਂ ਜਰਨੈਲ ਇਕ ਦੂਜੇ ਨਾਲ ਹੱਥ ਮਿਲਾ ਕੇ ਵੱਖ-ਵੱਖ ਦਿਸ਼ਾਵਾਂ ਵੱਲ ਚਲੇ ਗਏ।
ਜੰਗ ਖਤਮ ਹੋਣ ਤੋਂ ਬਾਅਦ ਦੇਸ਼ ਦੀ ਨਵ-ਉਸਾਰੀ ਅਤੇ ਆਜ਼ਾਦ ਹੋਏ ਗੁਲਾਮਾਂ ਦੇ ਵਸੇਬੇ ਦੀਆਂ ਦੋ ਮੁੱਖ ਸਮੱਸਿਆਵਾਂ ਸਰਕਾਰ ਅੱਗੇ ਸਨ। ਗੁਲਾਮ ਬਿਲਕੁਲ ਅਨਪੜ੍ਹ ਸਨ ਅਤੇ ਖੇਤਾਂ ਤੋਂ ਬਾਹਰ ਸ਼ਹਿਰਾਂ, ਬਾਜ਼ਾਰਾਂ ਵਿਚ ਉਹ ਕਦੇ ਗਏ ਨਹੀਂ ਸਨ। ਜੰਗ ਦੌਰਾਨ ਹੀ ਲਿੰਕਨ ਨੇ ਪਹਿਲੀ ਜਨਵਰੀ 1863 ਨੂੰ ਐਲਾਨ ਕਰ ਦਿੱਤਾ ਸੀ ਕਿ ਯੂਨੀਅਨ ਫੌਜਾਂ ਵਿਚ ਭਰਤੀ ਹੋਣ ਵਾਲੇ ਸਾਰੇ ਗੁਲਾਮ ਆਪਣੇ ਆਪ ਨੂੰ ਆਜ਼ਾਦ ਸਮਝਣ। ਲੜਾਈ ਦੇ ਖਾਤਮੇ ‘ਤੇ ਤਾਂ ਸਾਰੇ ਹੀ ਗੁਲਾਮ ਆਜ਼ਾਦ ਹੋ ਗਏ ਸਨ ਤੇ ਸੰਵਿਧਾਨ ਵਿਚ ਤੇਰ੍ਹਵੀਂ ਸੋਧ ਕੀਤੀ ਗਈ, “ਨਾ ਤਾਂ ਗੁਲਾਮੀ ਤੇ ਨਾ ਹੀ ਜਬਰਨ ਵਗਾਰ ਅਮਰੀਕਾ ਵਿਚ ਹੋਵੇਗੀ।”
ਲੀ ਦੇ ਹਥਿਆਰ ਸੁੱਟਣ ਤੋਂ ਪੰਜ ਦਿਨ ਬਾਅਦ ਲਿੰਕਨ ਨੂੰ ਪਾਗਲ ਕਿਸਮ ਦੇ ਐਕਟਰ ਜਾਨ ਵਾਈਕਸ ਨੇ ਥੀਏਟਰ ਵਿਚ ਬੈਠੇ ਨੂੰ ਗੋਲੀ ਮਾਰ ਦਿੱਤੀ। ਸਿਵਲ ਵਾਰ ਦੀ ਇਹ ਸਭ ਤੋਂ ਵੱਡੀ ਤ੍ਰਾਸਦੀ ਸੀ। ਉਸ ਸਮੇਂ ਰਾਸ਼ਟਰਪਤੀ ਦੀ ਸੁਰੱਖਿਆ ਵਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਸੀ। ਅਮਰੀਕਾ ਵਿਚੋਂ ਕਾਲਿਆਂ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਪੰਜ ਲੱਖ ਗੋਰਿਆਂ ਦੀਆਂ ਜਾਨਾਂ ਅਤੇ ਪ੍ਰਾਪਰਟੀ ਦਾ ਨੁਕਸਾਨ ਹੋਇਆ। ਪੰਜ ਲੱਖ ਬੰਦਿਆਂ ਦਾ ਮਰਨਾ ਉਸ ਸਮੇਂ ਦੀ ਅਮਰੀਕਾ ਦੀ ਆਬਾਦੀ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ। ਇਹ ਵੀ ਇਕ ਕੌੜੀ ਹਕੀਕਤ ਹੈ ਕਿ ਕਾਲੇ ਗੁਲਾਮਾਂ ਨੇ ਆਜ਼ਾਦ ਹੋਣ ਲਈ ਐਨਾ ਹੰਭਲਾ ਨਾ ਮਾਰਿਆ, ਜਿੰਨਾ ਗੁਲਾਮੀ ਨੂੰ ਲਾਅਨਤ ਸਮਝਣ ਵਾਲੇ ਗੋਰਿਆਂ ਨੇ ਮਾਰਿਆ।