ਟੁੱਟ ਗਈ ਤੜੱਕ ਕਰਕੇ

ਪ੍ਰੋæ ਲਖਬੀਰ ਸਿੰਘ
ਫੋਨ: 91-98148-66230
ਹੈਂ! ਇਹ ਕੀ!! ਇਕ ਛਿੱਕ ਕੀ ਆਈ, ਰੀੜ੍ਹ ਦੀ ਹੱਡੀ ਜਰਕ ਗਈ ਤੇ ਕਦਮ ਪੁੱਟਣਾ ਮੁਸ਼ਕਿਲ ਲੱਗਾ। ਬੜੀ ਹਿੰਮਤ ਨਾਲ ਘਰ ਦੇ ਹੀ ਵਿਹੜੇ ਵਿਚ ਥੋੜ੍ਹਾ ਸੰਭਲਦਿਆਂ, ਹੱਥ ਧਰਤੀ ਦੀ ਹਿੱਕ ‘ਤੇ ਰੱਖੇ ਤੇ ਪਿੱਛੇ ਵੱਲ ਲੇਟ ਗਿਆ। ਇਕ ਦਮ ਪਸੀਨੋ-ਪਸੀਨੀ ਹੋ ਗਿਆ ਅਤੇ ਮੱਥੇ ‘ਤੇ ਤਰੇਲੀ ਆ ਗਈ। ਅੰਦਰ ਵਾਪਰ ਗਈ ਭਿਆਨਕਤਾ ਨੇ ਅਗਾਊਂ ਅਹਿਸਾਸ ਤੇ ਖਿਆਲ ਕਰਾ ਦਿੱਤਾ। ਕੁਝ ਬਹੁਤ ਗਹਿਰਾ, ਭਿਆਨਕ, ਖੌਫਨਾਕ ਹੋਣ ਦਾ ਅਗਾਊਂ ਅਹਿਸਾਸ, ਇੰਜ ਲੱਗਾ ਕਿ ਪਲਾਂ ਵਿਚ ਹੀ ਸਭ ਮਿੱਟੀ ਹੋ ਗਿਆ: ਬੁਲੰਦੀ ‘ਤੇ ਖੜ੍ਹਾ ਹੋ ਕੇ ਜੋ ਕਹਿੰਦਾ ਸੀ ਖੁਦਾ ਕੀ ਹੈ, ਲੋਕੀਂ ਲੰਘਦੇ ਨੇ, ਕਹਿ ਕੇ, ਮਿੱਟੀ ‘ਤੇ ਪਿਆ ਕੀ ਹੈ।

ਹੈਰਾਨੀ ਦੇ ਨਾਲ-ਨਾਲ ਕੱਲ੍ਹ ਦੇ ਕੀਤੇ ਕੰਮਾਂ ਦਾ ਖਿਆਲ ਆਇਆ ਕਿ ਪੂਰੇ ਦਿਨ ਵਿਚ ਪੰਜਾਬ ਦੀਆਂ ਅਤਿਅੰਤ ਟੁੱਟੀਆਂ ਸੜਕਾਂ ਉਤੇ ਦੁਪਹੀਆ ਵਾਹਨ ਸਕੂਟਰ ਚਲਾਉਂਦਿਆਂ ਪਹਿਲਾਂ ਜੰਡੂ ਸਿੰਘਾ ਇਕ ਸਮਾਗਮ ਉਤੇ ਕੁੰਜੀਵਤ ਭਾਸ਼ਣ ਦਿੱਤਾ। ਫਿਰ ਉਥੋਂ 50 ਕਿਲੋਮੀਟਰ ਦੂਰੀ ਤੇ ਆਪਣੇ ਪਿੰਡਾਂ ਵੱਲ ਸੰਗੋਜਲਾ ਵਿਖੇ ਕਿਸੇ ਮ੍ਰਿਤਕ ਦੇ ਭੋਗ ‘ਤੇ ਸ਼ਰਧਾਂਜਲੀ ਭਾਸ਼ਣ ਦਿੱਤਾ। ਮੁੜ ਉਥੋਂ ਚੱਲ ਕੇ ਕਾਲਜ ਵਿਚ ਇਕ ਐਨæ ਆਰæ ਆਈ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ ਵਿਚ ਪਹੁੰਚਿਆ ਜਿਥੇ ਸਭ ਤੋਂ ਬਾਅਦ ਧੰਨਵਾਦੀ ਸ਼ਬਦ ਮੈਂ ਹੀ ਕਹਿਣੇ ਸਨ। ਪੂਰੇ ਦਿਨ ਵਿਚ 155 ਕਿਲੋਮੀਟਰ ਸਕੂਟਰ ਚਲਾ ਕੇ ਘਰ ਪਹੁੰਚਿਆ। ਕਦੀ ਸੁਪਨੇ ਵਿਚ ਵੀ ਨਹੀਂ ਸੀ ਆ ਸਕਦਾ ਕਿ ਟੁੱਟੀਆਂ ਸੜਕਾਂ ਦੇ ਇੰਨੇ ਵੱਡੇ ਝਟਕੇ ਰੀੜ੍ਹ ਦੀ ਹੱਡੀ ਝੱਲ ਗਈ, ਉਸ ਨੂੰ ਹੁਣ ਕੀ ਹੋ ਗਿਆ? ਇਸ ਹਾਲਤ ਨੂੰ ਭਾਂਪਦਿਆਂ ਬੜਾ ਹੈਰਾਨ-ਪ੍ਰੇਸ਼ਾਨ ਸਾਂ। ਖਿਆਲਾਂ ਦਾ ਸਿਲਸਿਲਾ ਬੜੀ ਤੇਜ਼ੀ ਨਾਲ ਕਦੀ ਇਧਰ ਕਦੀ ਉਧਰ ਦੌੜਾਂ ਲਗਾ ਰਿਹਾ ਸੀ, ਭਿਆਨਕਤਾ ਦਾ ਅਹਿਸਾਸ ਉਂਜ ਹੀ ਲੇਟੇ ਪਏ ਹੋਈ ਜਾ ਰਿਹਾ ਸੀ। ਲੇਕਿਨ ਸਬਰ ਨਾਲ ਫੈਸਲਾ ਲੈ ਰਿਹਾ ਸਾਂ।
ਘਰ ਦੇ ਵਿਹੜੇ ਦੀ ਫਰਸ਼ ‘ਤੇ ਡਿੱਗੇ ਪਏ, ਛੇ ਫੁੱਟ ਦੇ ਗੱਭਰੂ ਪੁੱਤ ਨੂੰ ਦੇਖਦਿਆਂ, ਲਾਗੇ ਸੈਰ ਕਰਦੀ ਮਾਂ ਨੇ ਕਿਹਾ, “ਪੁੱਤਾ ਇੰਜ ਕਿਉਂ ਪਿਆ ਏ, ਉਠ ਏਥੋਂ।” ਸੁਭਾਵਕ ਹੀ ਮੇਰੀ ਜ਼ੁਬਾਨ ਨੇ ਜਵਾਬ ਦਿੱਤਾ, “ਮਾਤਾ ਤੇਰਾ ਪੁੱਤ ਹੁਣ ਨਾ ਉਠਿਆ।”
ਐਸਾ ਖੌਫਨਾਕ ਵਾਕ ਸੁਣਦਿਆਂ ਮਾਂ ਦਾ ਤ੍ਰਾਹ ਨਿਕਲ ਗਿਆ ਤੇ ਠਠੰਬਰ ਗਈ ਅਤੇ ਦੌੜ ਕੇ ਘਰ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਇਕੱਠੇ ਕਰ ਲਿਆਈ। ਸਰਦੀ ਦਾ ਮੌਸਮ, ਬਾਰਿਸ਼ ਦੀ ਗਿੱਲ ਨਾਲ ਮੇਰੇ ਸਰੀਰ ਦੇ ਠੰਡੇ ਹੋਣ ਦਾ ਖਿਆਲ ਕਰਦਿਆਂ ਸ਼ਰੀਕ-ਏ-ਹਯਾਤ ਹਰਵਿੰਦਰ ਡਰੀ ਹੋਈ ਫਟਾਫਟ ਅੰਦਰ ਦੌੜੀ ਗਈ ਅਤੇ ਅੰਦਰੋਂ ਇਲੈਟ੍ਰਿਕ ਹੀਟ-ਪੈਡ ਲੈ ਕੇ ਆਈ ਅਤੇ ਪਿੱਠ ਥੱਲੇ ਰੱਖਣ ਦਾ ਹੀਲਾ ਕਰਨ ਲੱਗੀ। ਮੈਂ ਹਿਲਜੁੱਲ ਤੋਂ ਬਚਦਿਆਂ ਮਨ੍ਹਾਂ ਕੀਤਾ ਤੇ ਸੋਚਾਂ ਦੇ ਘੋੜੇ ਦੌੜਾਉਂਦਿਆਂ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਤੇ ਅਧਿਆਪਨ ਦੀ ਨੌਕਰੀ ਵੇਲੇ ਦੇ ਆਪਣੇ 1986 ‘ਚ ਪਲੇਠੇ ਵਿਦਿਆਰਥੀ ਰਹੇ ਡਾæ ਸਤਿੰਦਰ ਸਿੰਘ ਢੀਂਗਰਾ ਨੂੰ ਫੋਨ ਮਿਲਾਇਆ, ਜਿਸ ਆਖਿਆ, “ਪ੍ਰੋæ ਸਾਹਿਬ ਕੱਲ੍ਹ ਹੀ ਹਾਲੇ ਤੁਸੀਂ ਮੈਨੂੰ ਮਿਲੇ ਸੀ। ਕੁਝ ਗੰਭੀਰ ਨਹੀਂ ਹੋ ਸਕਦਾ, ਤੁਸੀਂ ਉਠ ਜਾਓ ਤੇ ਮੇਰੇ ਕੋਲ ਆ ਜਾਓ, ਦੇਖ ਲੈਂਦੇ ਹਾਂ।” ਮੈਂ ਕਿਹਾ, “ਡਾਕਟਰ ਸਾਹਿਬ ਨਹੀਂ, ਮੈਨੂੰ ਮੇਰੀ ਰੀੜ੍ਹ ਦੀ ਹੱਡੀ ਵਿਚ ਕੁਝ ਭਿਆਨਕ ਹੋਇਆ ਜਾਪਦਾ ਹੈ, ਲਿਹਾਜ਼ਾ ਤੁਸੀਂ ਐਂਬੂਲੈਂਸ ਭੇਜੋ।”
ਹੈਰਾਨ ਪ੍ਰੇਸ਼ਾਨ ਡਾæ ਢੀਂਗਰਾ ਨੇ ਨਾਲ ਹੀ ਐਂਬੂਲੈਂਸ ਭੇਜ ਦਿੱਤੀ। ਹੂਟਰ ਵਜਾਉਂਦੀ ਐਂਬੂਲੈਂਸ 10 ਮਿੰਟ ਵਿਚ ਮੇਰੇ ਸਾਹਮਣੇ, ਮੇਰੇ ਘਰ ਖੜ੍ਹੀ ਸੀ।
ਇੰਨੇ ਵਕਤ ਦੌਰਾਨ ਮੈਂ ਪਰਿਵਾਰਕ ਮੈਂਬਰਾਂ ਨੂੰ ਛੇ ਬੰਦੇ ਬੁਲਾਉਣ ਲਈ ਕਿਹਾ, ਅਸਲ ਵਿਚ ਚਾਰ ਬੰਦੇ ਕਹਿੰਦਿਆਂ ਡਰ ਲਗਦਾ ਸੀ ਅਤੇ ਇਕ ਮਜ਼ਬੂਤ ਲਗਦੀ ਚਾਦਰ ਦਾ ਮੈਨੂੰ ਉਠਾਉਣ ਲਈ ਇੰਤਜਾਮ ਕਰਨ ਲਈ ਕਿਹਾ। ਬੜੀ ਇਹਤਿਆਤ ਨਾਲ ਛੇ ਵਿਅਕਤੀਆਂ ਸੰਤੁਲਨ ਬਣਾਈ ਰੱਖਦਿਆਂ ਮੈਨੂੰ ਸਾਵਧਾਨੀ ਨਾਲ ਚੁੱਕ ਕੇ ਚਾਦਰ ‘ਤੇ ਰੱਖਿਆ। ਚਾਦਰ ਨੂੰ ਮਜ਼ਬੂਤੀ ਨਾਲ ਫੜ੍ਹਦਿਆਂ ਸਟਰੈਚਰ ਉਪਰ ਰੱਖਿਆ। ਸਟਰੈਚਰ ਚੁੱਕ ਕੇ ਮੈਨੂੰ ਐਂਬੂਲੈਂਸ ਵਿਚ ਲਿਟਾ ਦਿੱਤਾ। ਜੋ ਬੰਦਾ ਹੁਣੇ ਤਿੰਨ ਕਿਲੋਮੀਟਰ ਤੋਂ ਵੱਧ ਦੌੜ ਲਾ ਕੇ ਆਇਆ ਸੀ, ਹੁਣ ਥੋੜ੍ਹੇ ਮਿੰਟਾਂ ਬਾਅਦ ਹੀ ਐਂਬੂਲੈਂਸ ‘ਤੇ ਅਣਕਿਆਸੀ ਬਿਪਤਾ ‘ਚ ਫਸਿਆ ਹਸਪਤਾਲ ਜਾ ਰਿਹਾ ਸੀ। ਕੈਸਾ ਸੱਚ ਹੈ ਵਕਤ ਦਾ, ਜਿਸ ਸੜਕ ‘ਤੇ ਥੋੜ੍ਹੀ ਦੇਰ ਪਹਿਲਾਂ ਸਵੇਰ ਦੀ ਸੈਰ ਬਹਾਨੇ ਦੌੜ ਲਾ ਕੇ ਆਇਆ ਸਾਂ, ਉਸੇ ਸੜਕ ‘ਤੇ ਜਦੋਂ ਐਂਬੂਲੈਂਸ ਵਿਚ ਲੇਟਿਆ ਜਾ ਰਿਹਾ ਸੀ ਤਾਂ ਇਕ ਪਾਸੇ ਸੋਚ ਦੇ ਘੋੜੇ ਬੇਲਗਾਮ ਸੋਚਦੇ ਕਈ ਸਮੀਕਰਨਾਂ ਬਣਾ ਰਹੇ ਸਨ, ਦੂਜੇ ਪਾਸੇ ਮਨ ਬੁਰੀ ਤਰ੍ਹਾਂ ਟੁੱਟੀ ਹੋਈ ਤੇ ਊਭੜ-ਖਾਬੜ ਸੜਕ ਦੇ ਝਟਕਿਆਂ ਨਾਲ ਰੀੜ੍ਹ ਦੀ ਹੱਡੀ ‘ਚ ਪੈਂਦੀਆਂ ਕਸਕਾਂ ਦੀ ਜਾਂਚ ਕਰ ਰਿਹਾ ਸੀ। ਉਸੇ ਹਾਲਤ ਵਿਚ ਹੀ ਆਪਣੇ ਵਰਗੇ ਲੋਕਾਂ ਦਾ ਦਰਦ ਮਹਿਸੂਸ ਕਰਦਿਆਂ ਐਂਬੂਲੈਂਸ ਵਿਚੋਂ ਹੀ ਕਮਿਸ਼ਨਰ ਕਾਰਪੋਰੇਸ਼ਨ ਨੂੰ ਫੋਨ ਮਿਲਾਇਆ ਅਤੇ ਕਿਹਾ ਕਿ ਟੁੱਟੀਆਂ ਸੜਕਾਂ ਲੋਕਾਂ ਦੀ ਜਾਨ ਦਾ ਖੌਅ ਬਣ ਰਹੀਆਂ ਹਨ, ਇਸ ਪਾਸੇ ਵੱਲ ਫੌਰੀ ਧਿਆਨ ਦੇਣ ਦੀ ਖੇਚਲ ਕਰੋ।
ਗਵਾਂਢੀ ਦੀ ਧੀ ਅਤੇ ਹਮਸਾਏ ਦੇ ਪੁੱਤਰ ਦਾ ਧਿਆਨ ਰੱਖਣ ਵਾਲੇ ਗਲੀ-ਮੁਹੱਲੇ ਦੇ ਲੋਕ, ਆਂਢੀ-ਗੁਆਂਢੀ ਸਭ ਹੈਰਾਨ ਸਨ ਕਿ ਮਿੰਟਾਂ ਵਿਚ ਐਸਾ ਕੀ ਹੋ ਗਿਆ ਕਿ ਹੂਟਰ ਮਾਰਦੀ ਗੱਡੀ ਕਿਸੇ ਨੂੰ ਲੈ ਕੇ ਚਲਦੀ ਬਣੀ। ਮੇਰੀ ਸੋਚ ਦਾ ਅਮਲ ਇਸ ਸਭ ਕਾਸੇ ਨੂੰ ਬੜੇ ਸਬਰ ਨਾਲ ਸਮਝਣ ਦੇ ਆਹਰ ਵਿਚ ਸੀ। ਮੇਰੀ ਗੱਲ ਸੁਣ ਕੇ ਬਾਕੀ ਸਭ ਦੀਆਂ ਸੋਚਾਂ ਪੱਥਰਾ ਗਈਆਂ ਸਨ। ਕਿਸੇ ਨੂੰ ਨਾ ਕੁਝ ਸਮਝ ਆ ਰਿਹਾ ਸੀ ਅਤੇ ਨਾ ਹੀ ਕੁਝ ਸੁਝ ਰਿਹਾ ਸੀ।
ਰਾਹ ਜਾਂਦਿਆਂ ਐਂਬੂਲੈਂਸ ‘ਚ ਪਿਆ, ਮੈਂ ਫਿਰ ਡਾਕਟਰ ਨੂੰ ਫੋਨ ਕੀਤਾ ਕਿ ਸਭ ਤੋਂ ਵਧੀਆ, ਸਹੀ ਟੈਸਟ ਕਿਹੜਾ ਹੁੰਦਾ ਹੈ? ਕਹਿੰਦੇ, “ਆ ਜਾਓ ਐਕਸਰੇ ਕਰ ਲਵਾਂਗੇ।” ਮੈਂ ਕਿਹਾ, “ਰੀੜ੍ਹ ਦੀ ਹੱਡੀ ਦੇ ਸੂਖਮ ਟੈਸਟ ਲਈ ਐਕਸਰੇ ਤੋਂ ਵੱਧ ਕਾਰਗਰ ਵੀ ਕੁਝ ਹੁੰਦੈ?” ਡਾਕਟਰ ਕਹਿਣ ਲੱਗਾ, “ਐਮæ ਆਰæ ਆਈ।” ਮੈਂ ਕਿਹਾ, “ਚਲੋ ਮੈਂ ਐਮæ ਆਰæ ਆਈæ ਕਰਾ ਕੇ ਹੀ ਪਹੁੰਚੂ ਤੁਹਾਡੇ ਪਾਸ, ਦੱਸੋ ਕਿਥੋਂ ਕਰਾਵਾਂ?”
ਡਾਕਟਰ ਨੇ ਐਨæ ਐਮæ ਆਰæ ਜਾਂਚ ਕੇਂਦਰ ਫੋਨ ਕਰਕੇ ਮੈਨੂੰ ਦੱਸ ਦਿੱਤਾ। ਐਨæ ਐਮæ ਆਰ ਕੇਂਦਰ ਨੇ ਮੇਰੀ ਐਮæ ਆਰæ ਆਈæ ਕੀਤੀ ਅਤੇ ਅੱਗੇ ਮੈਨੂੰ ਹਸਪਤਾਲ ਭੇਜ ਦਿੱਤਾ। ਸਾਲ 2006 ਦੀ 18 ਨਵੰਬਰ, ਵਕਤ 11:30 ਵਜੇ ਤੱਕ ਰਿਪੋਰਟ ਡਾਕਟਰ ਦੇ ਹੱਥਾਂ ‘ਚ ਸੀ, ਜਿਸ ਵਿਚ ਰੀੜ੍ਹ ਦੀ ਹੱਡੀ ਦੀ ਤਸਵੀਰ ਧੁੰਦਲੀ ਤੇ ਹੱਡੀ ਖੁਰਦ-ਬੁਰਦ ਜਾਪਦੀ ਹੋਣ ਕਾਰਨ ਡਾਕਟਰ ਨੇ ਰਿਪੋਰਟ ਨੂੰ ਨਕਾਰ ਕੇ ਫਿਰ ਤੋਂ ਜਾਂਚ ਕਰਾਉਣ ਲਈ ਵਾਪਸ ਜਾਂਚ-ਕੇਂਦਰ ਭੇਜ ਦਿੱਤਾ। ਦੁਬਾਰਾ ਕੀਤੀ ਐਮæ ਆਰæ ਆਈæ ਦੀ ਰਿਪੋਰਟ ਕੋਈ 5:00 ਵਜੇ ਸ਼ਾਮ ਨੂੰ ਡਾਕਟਰ ਨੇ ਹੋਰ ਗਹੁ ਨਾਲ ਵੇਖੀ। ਡਾਕਟਰ ਨੇ ਦੇਖ ਕੇ ਦੱਸਿਆ ਕਿ ਰੀੜ੍ਹ ਦੀ ਹੱਡੀ ਦੇ ਥੋਰੈਸਿਕ ਹਿੱਸੇ ਦੇ ਦੋ ਮਣਕੇ ਡੀ-12 ਅਤੇ ਡੀ-11 ਟੁੱਟ ਚੁੱਕੇ ਹਨ। ਕਿਉਂ ਟੁੱਟੇ ਹਨ, ਇਹ ਤਾਂ ਅਜੇ ਪਤਾ ਨਹੀਂ ਲੇਕਿਨ ਟੁੱਟ ਗਈ ਰੀੜ੍ਹ ਦੀ ਹੱਡੀ ਦਾ ਇਲਾਜ ਸਰੀਰ ਸਿੱਧਾ ਰੱਖ ਕੇ ਕਰਨ ਲਈ ਪੂਰਨ ਸਥਿਰ ਰਹਿਣਾ ਪਏਗਾ।
ਗੁਲੂਕੋਜ਼ ਤੇ ਦਰਦ ਦੀਆਂ ਦਵਾਈਆਂ ਨਾਲ ਟੁੱਟੀ ਗੰਢਣ ਦਾ ਚਾਰਾ ਸ਼ੁਰੂ ਹੋ ਗਿਆ। ਸਧਾਰਨ ਛਿੱਕ ਆਉਣ ਨਾਲ ਰੀੜ੍ਹ ਦੀ ਹੱਡੀ ਦਾ ਟੁੱਟ ਜਾਣਾ, ਇਹ ਆਪਣੇ ਆਪ ਵਿਚ ਵੱਡੀ ਖੌਫਨਾਕ ਤੇ ਭਿਆਨਕ ਗੱਲ ਸੀ। ਭਜਦੇ-ਨੱਠਦੇ ਰਹਿਣ ਵਾਲੇ ਮੇਰੇ ਖੁਦ ਲਈ ਲੱਕੜ ਦੀ ਗੇਲੀ ਵਾਂਗ ਸਿੱਧਿਆਂ ਇਕੋ ਹਾਲਤ ਵਿਚ ਪਿਆ ਰਹਿਣਾ ਅਤੇ ਲੇਟਿਆਂ ਹੀ ਸਭ ਕੁਝ ਖਾਣਾ-ਪੀਣਾ, ਟੱਟੀ-ਪਿਸ਼ਾਬ ਕਰਨਾ ਅਤੇ ਇਲਾਜ ਦੀਆਂ ਦੁਸ਼ਵਾਰੀਆਂ ਨੂੰ ਸਹਿਣਾ, ਵੱਡਾ ਇਮਤਿਹਾਨ ਸੀ। ਖਿਆਲ ਆਇਆ ਕਿ ਅਸਲ ‘ਚ ਇਸ ਨੂੰ ਕਹਿੰਦੇ ਆ ‘ਟੁੱਟ ਗਈ ਤੜੱਕ ਕਰਕੇ’ ਬਾਕੀ ਤੇ ਸਭ ਮਹਿਜ਼ ਗੱਲਾਂ ਨੇ।
ਇਹ ਇਕ ਅਸੰਭਵ ਵਰਗਾ ਮੁਸ਼ਕਿਲ ਕੰਮ ਸੀ ਪਰ ਕੋਈ ਹੋਰ ਰਸਤਾ ਨਜ਼ਰ ਨਾ ਆਉਂਦਾ ਦੇਖ ਕੇ ਇਕ ਪਾਸੇ ਆਪਣਾ ਲੱਕ ਟੁੱਟਣ ਨੂੰ ਸਵੀਕਾਰ ਕਰ ਲਿਆ ਅਤੇ ਦੂਜੇ ਪਾਸੇ ਖੌਫਨਾਕ, ਦਰਦਨਾਕ ਜਿਉਣ-ਮਜਬੂਰੀ ਨੂੰ ਪ੍ਰਵਾਨ ਕਰ ਲਿਆ। ਨਾਲ ਹੀ ਪਰਿਵਾਰਕ ਹਾਲਾਤ ਨੂੰ ਇਲਾਜ਼ ਦੇ ਦੌਰ ਲਈ ਤਿਆਰ ਕਰਕੇ ਸਾਰੇ ਪਰਿਵਾਰ ਦੀ ਨਵੀਂ ਰੁਟੀਨ ਬਣਾਈ। ਇਸ ਰੁਟੀਨ ਵਿਚ ਘਰ, ਹਸਪਤਾਲ ਤੇ ਹਰਵਿੰਦਰ ਦੀ ਨੌਕਰੀ ਵਾਲਾ ਸਕੂਲ ਡੀæ ਐਮæ ਐਸ਼ ਕਰੀਬ 10 ਕਿਲੋਮੀਟਰ ਦਾ ਫਾਸਲਾ, ਪਰਿਵਾਰਕ ਮੈਂਬਰਾਂ ਦੀ ਦੌੜ-ਭੱਜ ਦਾ ਤਿਕੋਣਾ ਸਮੀਕਰਨ ਬਣ ਗਿਆ। ਹਰ ਪਲ ਇਕ ਪਰਿਵਾਰਕ ਮੈਂਬਰ ਦਾ ਮੇਰੇ ਕੋਲ ਰਹਿਣਾ, ਦਵਾ-ਦਾਰੂ, ਰੋਟੀ-ਪਾਣੀ, ਆਉਣ-ਜਾਣ ਵਾਲਿਆਂ ਨਾਲ ਗੱਲਬਾਤ ਕਰਨਾ, ਸਭ ਕੁਝ ਲਈ ਇਕ ਨਵਾਂ ਰੁਟੀਨ ਤਾਂ ਬਣ ਗਿਆ ਜੋ ਬੇਹੱਦ ਅਕਾਊ ਲੱਗਦਾ ਸੀ। ਪਹਿਲਾਂ-ਪਹਿਲ ਬੜਾ ਮੁਸ਼ਕਿਲ ਲੱਗਾ, ਹਰ ਵਕਤ ਦਾ ਰੋਟੀ-ਪਾਣੀ ਤੇ ਬਾਕੀ ਕੁਦਰਤੀ ਕ੍ਰਿਆਵਾਂ ਬਸ 180 ਡਿਗਰੀ ਪਿਆਂ-ਪਿਆਂ ‘ਤੇ ਹੀ ਕਰਦਾ। ਹਿੱਲਣ ਤੋਂ ਪੂਰਨ ਮਨਾਹੀ, ਲੇਕਿਨ ਕੋਈ ਚਾਰਾ ਨਾ ਦੇਖਦਿਆਂ ਸਭ ਪ੍ਰਵਾਨ ਤੇ ਉਸ ਦੀ ਰਜ਼ਾ ਵਿਚ ਰਾਜ਼ੀ ਕਹਿ ਕੇ ਹਨੇਰੀ ਸੁਰੰਗ ਵਿਚ ਦੂਰ ਕਿਤੇ ਰੋਸ਼ਨੀ ਦੀ ਕਿਰਨ ਦੇਖਣੀ ਸ਼ੁਰੂ ਕੀਤੀ ਚੂੰਕਿ ਅਜੇ ਤਾਂ ਜ਼ਿੰਦਗੀ ਦੀ ਗੱਡੀ ਉਮਰ ਦੇ ਅੱਧ ‘ਚ ਵੀ ਨਹੀਂ ਸੀ ਪਹੁੰਚੀ। ਆਪਣੀ ਉਮਰ ਦੇ ਮਸਾਂ 44 ਸਾਲਾਂ ਦਾ ਸਫਰ ਕਰਕੇ 45ਵੇਂ ‘ਚ ਪੈਰ ਧਰਿਆ ਸੀ ਤੇ ਟੁੱਟ ਗਈ ਤੜੱਕ ਕਰਕੇ ਵਾਲੀ ਹਾਲਤ ਹੋ ਗਈ ਸੀ। ਮਗਰ ਇਹ ਬੇਕਦਰਾਂ ਦੀ ਯਾਰੀ ਤੇ ਨਹੀਂ ਸੀ, ਹੁਣ ਗੰਢਣੀ ਹੀ ਪਵੇਗੀ। ਇਸ ਹਾਲਤ ਵਿਚ ਮੈਂ ਬੜੇ ਸਬਰ-ਸੰਤੋਖ ਨਾਲ ਮਨ ਤਕੜਾ ਕਰਕੇ, ਪੂਰਨ ਆਸ ਤੇ ਹਿੰਮਤ ਨਾਲ ਨਾਲ ਪਿਆ ਰਿਹਾ। ਮਨ ਕਦੀ ਨਿਚੱਲਾ ਨਹੀਂ ਹੁੰਦਾ, ਮਨ ਸੋਚਾਂ ਵਿਚ ਦੌੜਦਾ ਰਿਹਾ ਲੇਕਿਨ ਹੱਥ ਪੱਲੇ ਕੁਝ ਨਹੀਂ ਸੀ ਪੈਂਦਾ ਕਿ ਇਹ ਅਚਾਨਕ ਏਦਾਂ ਕਿਉਂ ਹੋਇਆ। ਬਾਲਿਆਂ ਵਾਲੀ ਛੱਤ ‘ਤੇ ਤਾਂ ਮਨ ਅੱਖਾਂ ਨਾਲ ਵਾਰ ਵਾਰ ਬਾਲੇ ਗਿਣਦਾ ਤੇ ਸਮਾਂ ਟਪਾਉਂਦਾ ਲੇਕਿਨ ਇਥੇ ਤਾਂ ਘੜੀ ਟਿੱਕ ਟਿੱਕ ਤੋਂ ਇਲਾਵਾ ਹਿਲਦੀ ਵੀ ਸੀ, ਇਕ ਪਾਸੇ ਡ੍ਰਿਪ ਵਿਚ ਤੁਪਕਿਆਂ ਦੀ ਲੜੀ ਦੂਜੇ ਪਾਸੇ ਦਿਲ ਦੀ ਧੜਕਣ ਜਾਂ ਫਿਰ ਸਰੀਰ ਦੀਆਂ ਕੁਦਰਤੀ ਕ੍ਰਿਆਵਾਂ ਅਛੋਪਲੇ ਚੱਲ ਰਹੀਆਂ ਸਨ। ਮੈਂ ਟੁੱਟੀ ਗੰਢ ਲਊਂਗਾ, ਹਰ ਪਲ ਮਨ-ਚਿੱਤ ਨੂੰ ਇਹ ਧਰਵਾਸ ਦੇਣਾ ਹੁਣ ਮੇਰੀ ਇਕ ਹੋਰ ਡਿਊਟੀ ਬਣ ਗਈ ਸੀ।
ਗੱਲ ਪਤਾ ਲੱਗੀ ਜਦੋਂ ਭੇਤ ਵਾਲੀ: 18 ਨਵੰਬਰ 2006 ਨੂੰ ਵਾਪਰੀ ਇਸ ਖੌਫਨਾਕ ਘਟਨਾ ਨੇ ਮੈਨੂੰ, ਪਰਿਵਾਰ ਤੇ ਮੇਰੇ ਹਮਦਰਦ ਸਮਾਜ ਨੂੰ ਦਹਿਲਾ ਕੇ ਰੱਖ ਦਿੱਤਾ। ਇਨ੍ਹਾਂ ਦਿਨਾਂ ਵਿਚ ਦੋਸਤ-ਮਿੱਤਰ, ਰਿਸ਼ਤੇਦਾਰ ਖਬਰ ਲੈਣ ਤਾਂ ਆਉਂਦੇ ਪਰ ਕਿਸੇ ਨੂੰ ਕੁਝ ਵੀ ਸੁੱਝਦਾ ਨਹੀਂ ਸੀ। ਸਾਰਿਆਂ ਪੱਲੇ ਹੈਰਾਨੀ ਤੋਂ ਸਿਵਾ ਕੁਝ ਨਹੀਂ ਸੀ ਪੈਂਦਾ। ਛਿੱਕ ਆਉਣ ਨਾਲ ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟ ਗਏ, ਇਹ ਗੱਲ, ਦੁੱਖ ਦੇਣ ਦੇ ਨਾਲ-ਨਾਲ ਹਰ ਕਿਸੇ ਨੂੰ ਅਚੰਭਿਤ ਕਰਦੀ ਸੀ। ਇਸ ਤੋਂ ਤੇਰਵੇਂ ਦਿਨ, 30 ਨਵੰਬਰ 2006 ਨੂੰ ਦੁਪਹਿਰ ਵੇਲੇ ਤੇਰਵੇਂ ਸਾਲ ਨੂੰ ਮੁਕੰਮਲ ਕਰਨ ਵਾਲਾ ਵੱਡਾ ਬੇਟਾ ਲਿਆਕਤਬੀਰ ਹਸਪਤਾਲ ਦੇ ਕਮਰੇ ਦੀ ਰਸੋਈ ਵਿਚ ਕੁਝ ਖਾਣ ਲਈ ਤਿਆਰ ਕਰ ਰਿਹਾ ਸੀ, ਮੈਂ ਦਰਵਾਜ਼ੇ ਉਤੇ ਹੋਈ ਟਿਕ-ਟਿਕ ਸੁਣ ਕੇ ਲੰਘ ਆਓ, ਕਿਹਾ। ਕੀ ਦੇਖਦਾ ਹਾਂ ਮੇਰਾ ਸ਼ੁਭਚਿੰਤਕ ਡਾæ ਸਤਿੰਦਰ ਸਿੰਘ ਢੀਂਗਰਾ ਹੱਥ ਵਿਚ ਇਕ ਨਿਵੇਕਲਾ ਜਿਹਾ ਕਾਗਜ਼ ਫੜ੍ਹੀ ਦਾਖਿਲ ਹੋਇਆ। ਮੈਨੂੰ ਉਸ ਦਾ ਦਾਖਲਾ ਅਜੀਬ ਅਤੇ ਅੱਖਾਂ ਨਮ ਦਿਸੀਆਂ। ਬੋਲਿਆ ਕੇਵਲ ਇਕ ਵਾਕ, “ਸਰ ਤੁਹਾਨੂੰ ਕੈਂਸਰ ਹੈ।”
ਸੁਣ ਕੇ ਮੈਂ ਗੁੰਮ-ਸੁੰਮ ਹੋ ਗਿਆ, ਠਠੰਬਰ ਗਿਆ। ਮਨ ਪਲ ਦੀ ਪਲ ਵੱਡੇ ਖੌਫ ਵਿਚ ਚਲਾ ਗਿਆ। “ਹੈਂਅ! ਕੈਂਸਰ!” ਤੇ ਕੈਂਸਰ ਵਾਲਿਆਂ ਨਾਲ ਬੀਤਣ ਵਾਲੀ ਸਾਰੀ ਕਹਾਣੀ ਅੱਖ ਦੇ ਫੋਰ ‘ਚ ਫਿਲਮ ਬਣ ਜ਼ਿਹਨ ‘ਚ ਘੁੰਮ ਗਈ। ਇਸ ਖਬਰ ਨੇ ਕਰੀਬ ਸਵਾ ਸਾਲ ਪਹਿਲਾਂ ਵਾਪਰੀ ਬੜੀ ਹਿਰਦੇਵੇਦਕ ਕਹਾਣੀ ਯਾਦ ਕਰਾ ਦਿੱਤੀ। ਬੜੇ ਨੇਕ ਦੋਸਤ ਡਾæ ਜਸਵਿੰਦਰ ਸੈਣੀ, ਜੋ ਅੱਜ ਕੱਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਹਨ, ਉਨ੍ਹਾਂ ਦੇ ਮਲੂਕੜੇ ਜਿਹੇ, ਦਸਵੀਂ ਵਿਚ ਪੜ੍ਹਦੇ 6 ਫੁੱਟ ਲੰਬੇ ਗੱਭਰੂ ਪੁੱਤ ਦੀ ਬਲੱਡ ਕੈਂਸਰ ਨਾਲ 45 ਦਿਨ ਦੀ ਜ਼ਿੰਦਗੀ-ਮੌਤ ਦੀ ਜੰਗ ਜਿਹਨ ‘ਚ ਘੁੰਮ ਗਈ। ਆਪਣੇ ਇਸ ਪਿਆਰੇ ਨੂੰ 42 ਦਿਨ ਭੋਰਾ ਭੋਰਾ ਮਰਦਿਆਂ ਤੇ ਜ਼ਿੰਦਗੀ ਲਈ ਤਰਸਦਿਆਂ, ਇਸ ਛੈਲ-ਛਬੀਲੇ ਗੱਭਰੂ ਨੂੰ ਹੱਡੀਆਂ ਦੀ ਮੁੱਠ ਬਣ ਕੈਂਸਰ ਦੇ ਨਾਲ ਲੜਦਿਆਂ ਦੇਖਿਆ ਸੀ। ਉਦੋਂ ਇਹ ਪਰਿਵਾਰ ਜਲੰਧਰ ਰਹਿੰਦਾ ਸੀ।
ਪਲਾਂ ‘ਚ ਹੀ ਸੰਭਲਦਿਆਂ ਡਾਕਟਰ ਦਾ ਹੱਥ ਫੜ੍ਹ ਘੁੱਟਿਆ, ਅਜੀਬ ਆਲਮ ‘ਚ ਹਿਮਾਲਿਆ ਜਿੰਨੀ ਹਿੰਮਤ ਇਕੱਠੀ ਕਰ ਬੋਲਿਆ, “ਜੈਂਟਲਮੈਨ ਬੀ ਬਰੇਵ ਆਈ ਵਿਲ ਫਾਈਟ ਇੱਟ ਆਊਟ” (ਦੋਸਤਾ, ਤਕੜਾ ਹੋ, ਮੈਂ ਇਸ ਨਾਲ ਪੱਕਾ ਲੜੂੰ)।
ਕੁਝ ਹੋਰ ਬੋਲੇ ਬਿਨਾ ਡਾਕਟਰ ਜਾਣ ਲੱਗਾ ਤਾਂ ਮੈਂ ਪਿਛਿਓਂ ਆਵਾਜ਼ ਮਾਰੀ, “ਲਿਸਨ ਡੀਅਰ, ਡੌਂਟ ਟੈਲ ਮਾਈ ਵਾਈਫ, ਆਈ ਵਿਲ ਟੈਲ ਹਰ” (ਪਿਆਰੇ ਗੱਲ ਸੁਣੋ, ਮੇਰੀ ਘਰ ਵਾਲੀ ਨੂੰ ਨਾ ਦੱਸਣਾ, ਮੈਂ ਆਪੇ ਦੱਸ ਦਊਂ)।
ਇੰਨੇ ਨੂੰ ਲਿਆਕਤਬੀਰ ਬਾਹਰ ਆਇਆ, ਪੁਛਦਾ ਡਾਕਟਰ ਆਇਆ ਸੀ, ਕੀ ਕਹਿੰਦਾ ਸੀ? ਗੱਲ ਛੁਪਾਉਂਦਿਆਂ, ਘੁੰਮਾਉਂਦਿਆਂ ਮੈਂ ਕਿਹਾ, ਉਨ੍ਹਾਂ ਨੇ ਹੁਣੇ ਆਈ ਸੂਖਮ ਟੈਸਟਾਂ ਦੀ ਰਿਪੋਰਟ ਦੇਖੀ ਹੈ ਅਤੇ ਕਹਿੰਦੇ ਹਨ, “ਰੀੜ੍ਹ ਦੀ ਹੱਡੀ ਦੀ ਕੁਝ ਗੰਭੀਰ ਸਮੱਸਿਆ ਹੈ, ਜਿਸ ਦੇ ਇਲਾਜ ਲਈ ਰੀੜ੍ਹ ਦੀ ਹੱਡੀ ਦੇ ਸਪੈਸ਼ਲ ਹਸਪਤਾਲ ਜਾਣਾ ਪਵੇਗਾ, ਤੇਰੇ ਮੰਮੀ ਆ ਜਾਣ, ਆਪਾਂ ਸਲਾਹ ਕਰਦੇ ਹਾਂ ਕਿ ਕਿਥੇ ਜਾਣਾ ਹੈ।”
ਇੰਨੇ ਨੂੰ ਸਕੂਲੋਂ ਛੁੱਟੀ ਕਰ, ਘਰ ਬਜੁਰਗ ਮਾਪਿਆਂ ਨੂੰ ਰੋਟੀ ਪਾਣੀ ਦੇ, ਮਾਂ ਬਿਨਾ ਬੜੇ ਹੀ ਅਸੁਰੱਖਿਅਤ ਮਹਿਸੂਸ ਕਰਨ ਵਾਲੇ ਛੋਟੇ ਬੇਟੇ ਬਾਗੇਸ਼ਵਰ ਸਿੰਘ ਨੂੰ ਲਾਰੇ ਲਾ ਕੇ ਘਰ ਛੱਡਦਿਆਂ ਹਰਵਿੰਦਰ ਕੌਰ ਮੇਰੀ ਟਹਿਲ-ਸੇਵਾ ਲਈ ਹਸਪਤਾਲ ਆ ਪਹੁੰਚੀ। ਮੈਂ ਦੇਖਿਆ ਉਹ ਤਾਂ ਟੁੱਟੀ ਰੀੜ੍ਹ ਹੱਡੀ ਨਾਲ ਪਏ ਬੋਝ ਨਾਲ ਹੀ ਭੈਅਭੀਤ ਹੋ ਗਈ ਸੀ ਪਰ ਹੁਣ ਉਸ ਦੇ ਨਾਜ਼ੁਕ ਨਾਰੀ ਮਨ ‘ਤੇ ਹਿਮਾਲਿਆ ਜਿੰਨਾ ਹੋਰ ਬੋਝ ਪਾਉਣਾ ਪੈਣਾ ਸੀ। ਜਦੋਂ ਮੈਨੂੰ ਕੁਝ ਖਿਲਾ ਪਿਲਾ ਮੰਜੇ ਦੀ ਬਾਹੀ ‘ਤੇ ਬੈਠ ਗਈ ਤਾਂ ਮੈਂ ਉਸ ਦਾ ਹੱਥ ਫੜ੍ਹਿਆ, ਘੁੱਟਿਆ ਤੇ ਬੋਲਿਆ, “ਮੇਰੀ ਜਾਨ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਕ ਜਿੰਦ ਜਾਨ ਹੋਇਆਂ?” ਕਹਿੰਦੀ, “14 ਸਾਲ, 15ਵਾਂ ਲੱਗਾ ਏ।” ਮੈਂ ਕਿਹਾ, “ਸੋਚ ਕੇ ਦੱਸ ਕਿ ਇਸ ਡੇਢ ਦਹਾਕੇ ਵਿਚ ਮੈਂ ਕੋਈ ਛੋਟਾ-ਵੱਡਾ ਵਾਅਦਾ ਕੀਤਾ ਤੇ ਪੂਰਾ ਨਾ ਕੀਤਾ ਹੋਏ?” ਕਹਿੰਦੀ, “ਕੁਝ ਵੀ ਐਸਾ ਨਹੀਂ।” ਮੈਂ ਕਿਹਾ, “ਅੱਜ ਬਹੁਤ ਵੱਡਾ, ਅਣਕਿਆਸਿਆ, ਅਸੰਭਵ ਵਰਗਾ ਸੰਭਵ ਵਾਅਦਾ ਕਰਾਂ! ਤਾਂ ਵਿਸ਼ਵਾਸ ਕਰੇਂਗੀ?” ਕਹਿੰਦੀ, “ਹੁਣ ਐਸਾ ਕੀ ਕਹਿਣ ਲੱਗੇ ਹੋ?” ਮੈਂ ਕਿਹਾ, “ਦੱਸ ਮੇਰੇ ਵਾਅਦੇ ‘ਤੇ ਸੌ ਫੀਸਦੀ ਵਿਸ਼ਵਾਸ ਵਾਂਗ ਅਡਿੱਗ ਰਹੇਗੀਂ, ਫਿਰ ਵਾਅਦਾ ਕਰਾਂਗਾ, ਪਹਿਲਾਂ ਤੂੰ ਵਾਅਦਾ ਕਰ।” ਕਹਿੰਦੀ, “ਮੈਨੂੰ ਤੁਹਾਡੇ ‘ਤੇ ਵੱਡਾ ਵਿਸ਼ਵਾਸ ਹੈ।”
ਸੁਣ ਫਿਰ, “ਮੈਨੂੰ ਹੁਣ ਤੇਰੀ ਸਖਤ ਲੋੜ ਹੈ, ਪਰ ਆਮ ਕਮਜ਼ੋਰ ਔਰਤ ਵਾਂਗ ਨਹੀਂ ਇਕ ਫੌਲਾਦੀ ਜੁੱਸੇ ਅਤੇ ਅਸੀਮ ਹਿੰਮਤ, ਸਬਰ ਅਤੇ ਆਸਥਾ ਵਾਲੀ ਅਰਧਾਂਗਣੀ ਦੇ ਰੂਪ ਵਿਚ, ਦੁੱਖ ਭੰਜਨੀ ਵਿਖੇ ਆਪਣੇ ਪਤੀ ਨੂੰ ਲੈ ਕੇ ਜਾਣ ਵਾਲੀ ਰਜਨੀ ਵਰਗੀ ਨਾਰੀ ਦੀ।”
ਕਹਿੰਦੀ, “ਮੈਨੂੰ ਇਦਾਂ ਨਾ ਕਹੋ ਤੇ ਡਰਾਓ ਨਾ!” ਮੈਂ ਕਿਹਾ, “ਮੈਂ ਡਰਾਉਂਦਾ ਨਹੀਂ, ਕੁਝ ਦੱਸਦਾ ਹਾਂ ਪਰ ਪਹਿਲਾਂ ਉਮੀਦ ਦਾ ਪੱਲਾ ਘੁੱਟ ਕੇ ਫੜ੍ਹ ਲੈ।” ਕਹਿੰਦੀ ਠੀਕ ਏ, “ਮੈਂ ਸੁਣ-ਸਮਝ ਕੇ ਤੁਹਾਡੀ ਗੱਲ ਮੰਨਾਂਗੀ।”
ਮੈਂ ਕਿਹਾ, “ਦੇਖ ਭਲੀਏ ਲੋਕੇ! ਲੱਕ ਟੁੱਟ ਗਿਆ ਹੈ ਮੇਰਾ!! ਮੇਰਾ ਹੀ ਨਹੀਂ, ਪਰਿਵਾਰ ਦਾ ਵੀ। ਮੁੰਬਈ ਰੈਨਬੈਕਸੀ ਤੋਂ ਮੇਰੇ ਖੂਨ ਦੇ ਟੈਸਟਾਂ ਦੀ ਰਿਪੋਰਟ ਆਈ ਹੈ। ਡਾਕਟਰ ਹੁਣੇ ਲੈ ਕੇ ਆਇਆ ਸੀ, ਬੜਾ ਘਬਰਾਇਆ ਹੋਇਆ। ਕਹਿੰਦਾ, ਰਿਪੋਰਟ ਆ ਗਈ।”
ਉਹ ਬੜੀ ਉਤਸੁਕਤਾ ‘ਚ ਬੋਲੀ, “ਕੀ ਆਈ ਏ ਰਿਪੋਰਟ?”
“ਮੈਨੂੰ ਕੈਂਸਰ ਏ।”
“ਹੈਂਅ! ਕੈਂਸਰ!! ਤੁਹਾਨੂੰ ਕਿਵੇਂ ਹੋ ਸਕਦਾ ਏ ਕੈਂਸਰ!!! ਨਹੀਂ ਹੋ ਸਕਦਾ।”
ਮੈਂ ਕਿਹਾ, “ਹੋ ਨਹੀਂ ਸਕਦਾ! ਪ੍ਰੰਤੂ ਰਿਪੋਰਟ ਤਾਂ ਇਹੀ ਏ।”
ਉਹ ਅੱਬੜਬਾਹੇ ਬੋਲੀ, “ਝੂਠੀ ਏ, ਗਲਤ ਏ ਰਿਪੋਰਟ! ਕਿਸੇ ਹੋਰ ਦੀ ਹੋਵੇਗੀ।”
“ਕਾਸ਼! ਰਿਪੋਰਟ ਝੂਠੀ ਹੁੰਦੀ! ਪਰ ਇੰਨੀ ਗੰਭੀਰਤਾ ਨਾਲ ਤਿਆਰ ਕੀਤੀ ਰਿਪੋਰਟ ਝੂਠੀ ਕਿਥੇ ਹੋਏਗੀ? ਇਹ ਸੱਚ ਹੈ ਕਿ ਮੈਨੂੰ ਕੈਂਸਰ ਹੈ, ਅਸਲ ਵਿਚ ਰੀੜ੍ਹ ਦੀ ਹੱਡੀ ਦੇ ਦੋ ਮਣਕੇ ਕੈਂਸਰ ਨੇ ਖਾ ਲਏ ਹਨ, ਤਾਂ ਹੀ ਟੁੱਟੇ ਨੇ।” ਕੈਂਸਰ ਸ਼ਬਦ ਜਿਵੇਂ ਉਸ ਉਤੇ ਬੰਬ ਬਣ ਡਿੱਗਾ। ਇਕ ਦਮ ਅੱਖਾਂ ਅੱਡੀਆਂ ਰਹਿ ਗਈਆਂ। ਬਹੁਤ ਡਰ ਗਈ। ਮੈਂ ਕਿਹਾ, “ਕੈਂਸਰ ਦਾ ਨਾਂ ਮਲਟੀਪਲ ਮਾਈਲੋਮਾ ਹੈ, ਜਿਸ ਨੂੰ ਬੋਨਮੈਰੋ ਕੈਂਸਰ ਵੀ ਕਹਿੰਦੇ ਨੇ।” ਸੁਣਦਿਆਂ ਸਾਰ ਹਰਵਿੰਦਰ ਪੱਥਰ ਬਣ ਗਈ, ਇਕ ਟੱਕ ਅੱਖਾਂ ਅੱਡੀ ਮੇਰੇ ਵੱਲ ਵੇਖਦੀ-ਸੁਣਦੀ ਰਹੀ, ਇੰਜ ਜਾਪੇ ਜਿਵੇਂ ਕੈਂਸਰ ਸ਼ਬਦ ਸੁਣਦਿਆਂ ਸੁੰਨ ਹੋ ਗਈ ਹੋਵੇ। ਕੁਝ ਨਾ ਬੋਲੀ।
ਮੈਂ ਬੋਲਦਾ ਗਿਆ, “ਦੇਖ ਇਹ ਪੱਕੀ ਗੱਲ ਹੈ ਕਿ ਤੇਰਾ ਸਾਥ ਛੱਡ, ਇੰਨੇ ਛੋਟੇ, ਲੂੰ ਭਰ ਬੱਚਿਆਂ ਨੂੰ ਤੇਰੇ ਉਤੇ ਬੋਝ ਬਣਾ ਕੇ ਨਾ ਭੱਜੂੰਗਾਂ ਤੇ ਨਾ ਹੀ ਈਨ ਮਨੂੰਗਾ, ਸਭ ਕੁਝ ਤੇਰੇ ਸਾਹਮਣੇ ਕਰੂੰਗਾ, ਲੇਕਿਨ ਤੈਨੂੰ ਮੇਰੀ ਰੀੜ੍ਹ ਦੀ ਹੱਡੀ ਬਣਨਾ ਪਵੇਗਾ। ਅਗਰ ਤੂੰ ਇਸ ਗੱਲ ‘ਤੇ ਭਰੋਸਾ ਕਰਕੇ ਪੂਰੀ ਉਤਰੀ ਤਾਂ ਸਾਡੇ ਜੀਵਨ ਦੀ ਗੱਡੀ ਦਾ ਟੁੱਟਾ ਇਕ ਪਹੀਆ ਵੀ ਰੰਚਕ ਮਾਤਰ ਟੇਡਾ ਨਹੀਂ ਚੱਲੇਗਾ। ਡਰੀ ਤੇ ਘਾਬਰੀ ਬਿਨਾ ਕੁਝ ਬੋਲੇ, ਪਥਰਾਈ ਸੂਰਤ ਨਾਲ, ਅੰਤਾਂ ਦਾ ਪਿਆਰ ਮੇਰੇ ‘ਤੇ ਬਰਸਾ ਡਾਕਟਰ ਦੇ ਕਮਰੇ ਵੱਲ ਭੱਜੀ। ਡਾਕਟਰ ਨਾਲ ਗੱਲਬਾਤ ਕਰਕੇ, ਚੰਦ ਹੀ ਮਿੰਟਾਂ ‘ਚ ਬੇਸੁਰਤ ਜਿਹੀ ਮੁੜ ਆਈ, ਫਿਰ ਮੇਰਾ ਹੱਥ ਫੜ੍ਹ ਟਿਕ-ਟਿਕੀ ਲਾ ਕੇ ਦੇਖਦੀ ਰਹੀ। ਕੁਝ ਨੇੜੇ ਦੇ ਚੋਣਵੇਂ ਰਿਸ਼ਤੇਦਾਰਾਂ ਨੂੰ ਫੋਨ ਕਰਨ ਲੱਗੀ। ਇਸ ਦੌਰਾਨ ਇੰਨੀ ਕੁਰੱਖਤ ਖਬਰ ਦੇ ਸਾਏ ਤੋਂ ਬਚਾਉਣ ਲਈ ਲਿਆਕਤਬੀਰ ਨੂੰ ਆਸੇ-ਪਾਸੇ ਕਰ ਦਿੱਤਾ ਕਿ ਇੰਨੇ ਕੂਲੇ ਤਨ-ਮਨ ‘ਤੇ ਇਸ ਖੌਫਨਾਕ ਖਬਰ ਦਾ ਵਿਸਫੋਟਕ ਭਾਰ ਨਾ ਹੀ ਪਾਇਆ ਜਾਵੇ।
ਸ਼ਾਮ ਨੂੰ ਪੰਜ ਵਜੇ ਇੱਕ ਸਥਾਨਕ ਹਸਪਤਾਲ ਦੇ ਇਕ ਡਾਕਟਰ, ਜੋ ਹੁਣੇ ਹੁਣੇ ਕੈਂਸਰ ‘ਚ ਸੁਪਰਸਪੈਸ਼ਲਟੀ ਕਰਕੇ ਆਇਆ ਸੀ, ਨੂੰ ਬੁਲਾਇਆ। ਡਾਕਟਰ ਆਇਆ, ਮੇਰੇ ਬੈਡ ਦੇ ਚੌਤਰਫੀਂ ਘੁੰਮਿਆ। ਮੇਰੇ ਸਾਹਮਣੇ ਖੜ੍ਹਾ, ਭਾਰਾ ਸਰੀਰ, ਗਲ ਵਿਚ ਸਟੈਥੋਸਕੋਪ, ਉਸ ਨੇ ਮੇਰੀ ਕੋਈ ਜਾਣਕਾਰੀ ਨਹੀਂ ਪੁੱਛੀ। ਬਿਨਾ ਕਿਸੇ ਭੂਮਿਕਾ ਦੇ ਬੋਲਿਆ, “ਤੁਹਾਨੂੰ ਪਤਾ ਤੁਹਾਨੂੰ ਕਿਹੜੀ ਬੀਮਾਰੀ ਹੈ?” ਮੈਂ ਕਿਹਾ, “ਹਾਂ ਜੀ।” ਬੋਲਿਆ, “ਸਵੇਰੇ ਮੇਰੇ ਹਸਪਤਾਲ ਆ ਜਾਓ। ਅਸੀਂ ਦਵਾਈ ਦਿਆਂਗੇ ਅਤੇ ਥੱਲਿਓ ਬਿਜਲਈ ਸੇਕ ਦੇਵਾਂਗੇ, ਤੁਸੀਂ ਠੀਕ ਹੋ ਜਾਓਗੇ।”
ਉਸ ਦਾ ਲਹਿਜਾ ਅਤੇ ਸ਼ਬਦ ਸੁਣ ਮੈਨੂੰ ਉਹ ਭਾਰੀ-ਭਰਕਮ ਸਰੀਰ ਤੇ ਪੋਲੀ ਜੱਤਵਾਲੀ ਜੈਕਟ ਪਾਈ ਖੜ੍ਹਾ ਇਨਸਾਨ ਨਹੀਂ, ਕੁਝ ਹੋਰ ਹੀ ਲੱਗਾ। ਮੈਂ ਆਪਣੇ ਅੰਦਰੋਂ ਮਸਾਂ ਹੀ ਬੜੇ ਸੰਖੇਪ ਨਰਮ ਤੇ ਸ਼ਬਦ ਲੱਭੇ, “ਠੀਕ ਹੈ, ਡਾਕਟਰ ਸਾਹਿਬ, ਲੋੜ ਪਈ ਤਾਂ ਤੁਹਾਨੂੰ ਤਕਲੀਫ ਦਿਆਂਗੇ।” ਨਾਲ ਹੀ ਹਰਵਿੰਦਰ ਨੂੰ ਕਿਹਾ, “ਡਾਕਟਰ ਸਾਹਿਬ ਨੂੰ ਫੀਸ ਦੇ ਕੇ ਫਾਰਗ ਕਰ ਦਿਓ।” ਐਸਾ ਹੀ ਹੋਇਆ। ਫਿਰ ਮੋਹਣ ਦੇਈ ਓਸਵਾਲ ਕੈਂਸਰ ਹਸਪਤਾਲ, ਲੁਧਿਆਣਾ ‘ਚ ਆਪਣੀ ਸਮਾਜ-ਸੇਵੀ ਸੰਸਥਾ ‘ਪਹਿਲ’ ਅਤੇ ਡੀæ ਡੀæ ਪੰਜਾਬੀ ਦੇ ਮਾਧਿਅਮ ਰਾਹੀਂ ਵਾਕਿਫ ਹੋਏ ਡਾæ ਰਮਨ ਕੁਮਾਰ ਨਾਲ ਗੱਲ ਕੀਤੀ। ਉਸ ਨੇ ਵੀ ਕਿਹਾ, “ਆ ਜਾਓ।” ਮਨ ਦਿਮਾਗ ਦੇ ਸੋਚ ਘੋੜੇ ਨੇ ਇਲਾਜ ਦੀ ਪ੍ਰਕ੍ਰਿਆ ਦੀ ਤਸਵੀਰ ਦਿਖਾਈ ਕਿ ਕੈਂਸਰ ਦਾ ਇਲਾਜ ਬੀਮਾਰੀ ਤੋਂ ਖੌਫਨਾਕ ਤੇ ਦਰਦਨਾਕ ਦੌਰ ‘ਚੋਂ ਗੁਜ਼ਰਦਾ ਹੈ। ਵਾਰ ਵਾਰ ਟੈਸਟ ਕੀਤੇ ਜਾਂਦੇ ਹਨ। ਸੂਈਆਂ ਲਾਈਆਂ ਜਾਂਦੀਆਂ ਹਨ। ਸਰੀਰ ਦੀ ਕੱਟ-ਵੱਢ ਕੀਤੀ ਜਾਂਦੀ ਹੈ। ਜਿੰਨੇ ਹਸਪਤਾਲ ਬਦਲੋ, ਉਨੀ ਵਾਰ ਹੀ ਭਾਰੀ-ਭਰਕਮ ਦਿਓ ਕੱਦ ਮਸ਼ੀਨਾਂ ਵਿਚ ਪਾ ਕੇ ਇਕ ਕੋਮਲ ਬਦਨ ਨੂੰ ਡਰਾਇਆ ਜਾਂਦਾ ਹੈ। ਇਹ ਸੋਚ ਕੇ ਮਨ ਬਣਾਇਆ ਕਿ ਕਿਸੇ ਐਸੇ ਹਸਪਤਾਲ ਜਾਇਆ ਜਾਏ, ਜਿਥੇ ਇਕੋ ਥਾਂ ਪੂਰਾ ਇਲਾਜ ਹੋਵੇ।
ਉਤਰੀ ਭਾਰਤ ‘ਚ ਦਿੱਲੀ ਰੋਹਿਨੀ ਵਿਖੇ ਰਾਜੀਵ ਗਾਂਧੀ ਕੈਂਸਰ ਹਸਪਤਾਲ ਤੇ ਖੋਜ-ਕੇਂਦਰ ਨਜ਼ਰ ਆਇਆ। ਘਰ ‘ਚ ਹੋਰ ਕਿਸੇ ਨੂੰ ਖਬਰ ਨਾ ਕੀਤੀ ਤੇ ਦਿੱਲੀ ਦੀ ਤਿਆਰੀ ਲਈ ਦੋਹਾਂ ਜੀਆਂ ਨੇ ਕੁਝ ਬਹੁਤ ਚੋਣਵੇਂ, ਖਾਸ-ਉਲ-ਖਾਸ ਸੱਜਣਾਂ ਨਾਲ ਸਲਾਹ ਕਰਕੇ ਮਨ ਪੱਕਾ ਕੀਤਾ। ਘਰ, ਪਰਿਵਾਰ ਤੇ ਪੈਸੇ ਦਾ ਬੰਦੋਬਸਤ ਸ਼ੁਰੂ ਕਰ ਦਿੱਤਾ। ਹਰਵਿੰਦਰ ਨੂੰ ਕੁਝ ਗੱਲਾਂ ਸਮਝਾ ਕੇ ਘਰ ਵੱਲ ਨੂੰ ਤੋਰਿਆ। ਪਤਾ ਨਹੀਂ ਕਿਸ ਆਲਮ ‘ਚ ਉਹ ਮੈਨੂੰ ਕੈਂਸਰ-ਗ੍ਰਸਥ ਮੰਨਦਿਆਂ ਘਰ ਪਹੁੰਚੀ ਤੇ ਫਿਰ ਕਿਹੜੇ ਆਲਮ ‘ਚ ਕਿਸੇ ਕੋਲ ਸੱਚੀ ਗੱਲਬਾਤ ਨਾ ਕਰਦਿਆਂ, ਘਰ ਸੰਭਾਲਿਆ ਹੋਏਗਾ ਤੇ ਅਸਲ ਲੁਕਾਉਂਦਿਆਂ, ਝੂਠੀਆਂ ਗੱਲਾਂ ਮੇਰੇ ਮਾਪਿਆਂ ਨੂੰ ਦੱਸੀਆਂ ਹੋਣਗੀਆਂ। ਮੈਂ ਇਥੇ ਬਿਆਨ ਨਹੀਂ ਕਰ ਸਕਦਾ। ਸਭ ਤੋਂ ਵੱਡੀ ਗੱਲ ਸੀ ਦਿੱਲੀ ਵੱਲ ਜਾਣ ਸਮੇਂ ਪੈਸਿਆਂ ਦਾ ਇੰਤਜ਼ਾਮ ਕਰਨਾ ਤੇ ਉਹ ਵੀ ਕੈਂਸਰ ਦੇ ਇਲਾਜ ਲਈ। ਆਰਥਕ ਹਾਲਤ ਐਸੀ ਸੀ ਕਿ ਪੂਰਾ ਇਕ ਸਾਲ ਪਹਿਲਾਂ ਨਵਾਂ ਘਰ ਬਣਾਇਆ ਸੀ। ਸਾਰੇ ਖੱਲਾਂ-ਖੂੰਜੇ ਫਰੋਲ ਕੇ ਇੱਕ ਇੱਕ ਰੁਪਿਆ ਇਕੱਠਾ ਕਰਕੇ ਲਾ ਚੁੱਕੇ ਸਾਂ। ਉਪਰੋਂ ਇਹ ਕਹਿਰਾਂ ਦਾ ਰੋਗ ਰੁਪਿਆ-ਪੈਸਾ ਵਹਾਉਣ ਦਾ ਰਾਹ ਖੁੱਲ੍ਹ ਗਿਆ। ਸਬੱਬ ਨਾਲ ਕੁਝ ਦਿਨ ਪਹਿਲਾਂ ਦੋ ਵੱਖ ਵੱਖ ਥਾਂਵਾਂ ਤੋਂ ਆਈ ਰਕਮ ਦੀ ਇਕ ਅਮਾਨਤ ਮੇਰੇ ਪਾਸ ਪਈ ਸੀ, ਜਿਸ ਬਾਰੇ ਮੈਂ ਘਰ ਵਿਚ ਕਿਸੇ ਨੂੰ ਦੱਸਿਆ ਨਹੀਂ ਸੀ। ਇਸ ਵਕਤ ਕੋਈ ਹੋਰ ਚਾਰਾ ਨਾ ਦਿੱਸਣ ਕਰਕੇ, ਮੈਂ ਹਰਵਿੰਦਰ ਨੂੰ ਪੈਸਿਆਂ ਦਾ ਟਿਕਾਣਾ ਦੱਸਿਆ ਤੇ ਇਸ ਨਾਲ ਹੀ ਇਲਾਜ ਦੀ ਸ਼ੁਰੂਆਤ ਕਰਨੀ ਵਾਜਿਬ ਸਮਝੀ। ਵਾਪਸ ਪਹੁੰਚੀ ਤੇ ਦਿੱਲੀ ਹਸਪਤਾਲ ਜਾਣ ਦਾ ਸਾਜੋ-ਸਮਾਨ ਨਾਲ ਸੀ। ਦਿੱਲੀ ਵੱਲ ਕੂਚ ਕਰਨ ਲਈ ਮਨ ਪੱਕਾ ਸੀ, ਜਿਸ ਲਈ ਭਾਰੀ ਤੇ ਵੱਡੀ ਐਂਬੂਲੈਂਸ ਦਾ ਇੰਤਜਾਮ ਕਰਨਾ ਸੀ, ਹੋ ਗਿਆ ਅਤੇ ਨਾਲ ਹੋ ਗਿਆ ਇਕ ਵੱਡੀ ਜੰਗ ਲੜਨ ਦਾ ਐਲਾਨ, ਪਰ ਹੁਣ ਮਨ-ਮਸਤਕ ਇਸ ਲਈ ਤਿਆਰ-ਬਰ-ਤਿਆਰ ਜਾਪ ਰਿਹਾ ਸੀ।
(ਚਲਦਾ)