ਉਡ-ਉਡ ਜਾਣ ਨਿਸ਼ਾਨੀਆਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
“ਸਤਿ ਸ੍ਰੀ ਅਕਾਲ, ਤਾਇਆ ਜੀ”, ਆਪਣੇ ਵੱਲ ਆ ਰਹੇ ਦਲੀਪ ਸਿੰਘ ਕੈਨੇਡੀਅਨ ਨੂੰ ਦੇਖਦੇ ਹੋਏ ਪਰੀਤੇ ਨੇ ਫਤਿਹ ਬੁਲਾਈ।
“ਕਿਵੇਂ ਆ ਜਵਾਨ ਪ੍ਰੀਤਮ ਸਿੰਘ!” ਦੂਜੇ ਪਾਸਿਓਂ ਤੁਰਿਆ ਆਉਂਦਾ ਕੈਪਟਨ ਜਗਤ ਸਿੰਘ ਬੋਲਿਆ।
“ਲੈ ਬਈ ਦੋ ਤਾਏ ਇਕੱਠੇ ਹੋ ਗਏ, ਹੁਣ ਕਰਵਾਉਣਗੇ ਬਹਿ ਜਾ-ਬਹਿ ਜਾ।” ਪਰੀਤਾ ਹੱਸਿਆ।
“ਪਰੀਤਿਆ ਦਾਦੇ ਵਾਲਾ ਘਰ ਢਾਹ ਦਿੱਤਾ, ਮੁਕਾ ਦਿੱਤੀ ਉਸ ਦੀ ਆਖਰੀ ਨਿਸ਼ਾਨੀ?” ਕੈਨੇਡੀਅਨ ਨੇ ਖੂੰਡੀ ‘ਤੇ ਦੋਵੇਂ ਹੱਥ ਜੋੜ ਕੇ ਖੜ੍ਹਨ ਦਾ ਸਹਾਰਾ ਲੈਂਦਿਆਂ ਕਿਹਾ।
“ਤਾਇਆ ਜੀ ਕੀ ਦੱਸੀਏ, ਰਾਹ ਉਚੇ ਹੋਣ ਕਰ ਕੇ ਸਾਰਾ ਘਰ ਮੱਛੀ ਫਾਰਮ ਬਣ ਜਾਂਦਾ ਸੀ। ਮੀਂਹ ਜਲੰਧਰ ਹੁੰਦਾ ਸੀ, ਅਸੀਂ ਫੌਜੀਆਂ ਵਾਂਗ ਬੋਰੀਆਂ ਪਹਿਲਾਂ ਭਰਨ ਲੱਗ ਜਾਂਦੇ ਸੀ। ਹਾਰ ਕੇ ਅੱਕ ਚੱਬਣਾ ਪਿਆ।” ਪਰੀਤੇ ਨੇ ਪਾਣੀ ਦੀ ਭਰੀ ਬਾਲਟੀ ਘਾਣੀ ਵਿਚ ਡੋਲ੍ਹਦਿਆਂ ਕਿਹਾ।
“ਦਲੀਪ ਸਿਆਂ! ਦੇਖ ਲੈ ਸਮੇਂ ਦੇ ਮੰਗਲ ਨੇ, ਉਹ ਦਿਨ ਵੀ ਸਨ ਜਿਸ ਦਿਨ ਕਿਹਰ ਸਿਉਂ ਨੇ ਇੱਥੇ ਘਰ ਬਣਾਇਆ ਸੀ। ਲੋਕੀਂ ਖੜ੍ਹ-ਖੜ੍ਹ ਦੇਖਦੇ ਸਨ ਕਿ ਜੱਟ ਨੇ ਵੀਹ ਖਣ ਦੀ ਦਲਾਨ ਛੱਤੀ ਹੈ।” ਕੈਪਟਨ ਨੇ ਕੋਟ ਦਾ ਉਤਲਾ ਬਟਨ ਖੋਲ੍ਹਦਿਆਂ ਕਿਹਾ।
“ਪਰੀਤਿਆ ਜਿੱਥੇ ਤੂੰ ਖੜ੍ਹਾਂ, ਇਥੇ ਦਸ ਬੇਰੀਆਂ ਹੁੰਦੀਆਂ ਸਨ ਲਾਈਨ ਦੇ ਵਿਚ, ਔਹ ਸਾਹਮਣੇ ਤੂੜੀ ਵਾਲਾ ਕੋਠਾ ਹੁੰਦਾ ਸੀ। ਇਥੇ ਬਲਦ ਤੇ ਬੋਤਾ ਬੰਨ੍ਹਿਆ ਹੁੰਦਾ ਸੀ।” ਕੈਨੇਡੀਅਨ ਨੇ ਸਾਰੇ ਘਰ ਦੀ ਨਿਸ਼ਾਨਦੇਹੀ ਦੱਸੀ।
“ਜਦੋਂ ਭਾਰੇ ਮੀਂਹ ਆਏ ਤਾਂ ਸਭ ਕੁਝ ਢਹਿ ਗਿਆ। ਤੇਰਾ ਦਾਦਾ ਆਪਣੇ ਜਵਾਕ ਚੁੱਕ ਕੇ ਹਵੇਲੀ ਵਾਲਿਆਂ ਦੇ ਘਰ ਚਲਿਆ ਗਿਆ। ਪੰਜਾਂ ਦਿਨਾਂ ਬਾਅਦ ਰੱਬ ਨੇ ਮੀਂਹ ਥੰਮ੍ਹਿਆ। ਤੇਰੇ ਦਾਦੇ ਨੇ ਫਿਰ ਪ੍ਰਣ ਕੀਤਾ ਕਿ ਪਹਿਲਾਂ ਘਰ ਬਣਾਉਣਾ ਹੈ।” ਕੈਪਟਨ ਨੇ ਦੋਹਾਂ ਹੱਥਾਂ ਦੀਆਂ ਤਲੀਆਂ ਨਾਲ ਆਪਣੀ ਦਾੜ੍ਹੀ ਘੁੱਟਦਿਆਂ ਕਿਹਾ।
“ਲੈ ਤਾਇਆ ਜੀ ਚਾਹ ਪੀਓ”, ਪਰੀਤੇ ਨੇ ਦੋਹਾਂ ਨੂੰ ਚਾਹ ਦੇ ਗਲਾਸ ਫੜਾਉਂਦਿਆਂ ਕਿਹਾ।
“ਸਭ ਤੋਂ ਪਹਿਲਾਂ ਤੇਰੇ ਦਾਦੇ ਨੇ ਆਪਣੇ ਹਾਣੀ ਸੱਦ ਕੇ ਬੇਰੀਆਂ ਪੁੱਟ ਕੇ ਚਾਰ-ਚਾਰ ਫੁੱਟ ਦੇ ਗੋਲੇ ਬਣਵਾਏ। ਉਨ੍ਹਾਂ ਨੂੰ ਸੁਕਾ ਕੇ ਬਾਲੇ ਬਣਵਾਏ, ਦੇਹਰਾਦੂਨ ਤੋਂ ਸ਼ਤੀਰੀਆਂ ਮੰਗਵਾਈਆਂ,” ਕੈਨੇਡੀਅਨ ਅਜੇ ਬੋਲਦਾ ਹੀ ਸੀ ਕਿ ਪਰੀਤਾ ਅੱਗਿਓਂ ਬੋਲ ਪਿਆ, “ਤਾਇਆ ਜੀ! ਬਾਪੂ (ਦਾਦਾ) ਅਨਪੜ੍ਹ ਬੰਦਾ ਦੇਹਰਾਦੂਨ ਕਿਵੇਂ ਚਲਾ ਗਿਆ?”
“ਪਰੀਤਿਆ! ਆਪਣੇ ਲੰਬੜਦਾਰਾਂ ਦੇ ਮੁੰਡੇ ਦੇ ਉਥੇ ਟਰੱਕ ਚੱਲਦੇ ਸੀ। ਉਸ ਤੋਂ ਸ਼ਤੀਰੀਆਂ ਮੰਗਵਾਈਆਂ ਸਨ। ਨਾਲੇ, ਵਿਚ ਨਹੀਂ ਬੋਲੀਦਾ, ਗੱਲ ਦਾ ਸਵਾਦ ਖਰਾਬ ਹੋ ਜਾਂਦੈ।” ਕੈਨੇਡੀਅਨ ਨੇ ਖਾਲੀ ਗਲਾਸ ਪਰੀਤੇ ਦੀ ਤਲੀ ‘ਤੇ ਰੱਖਦਿਆਂ ਕਿਹਾ।
“ਆਲੇ-ਦੁਆਲੇ ਡੇਢ ਇੱਟ ਦੀਆਂ ਕੰਧਾਂ ਉਸਾਰੀਆਂ, ਵਿਚਾਲੇ ਵੀਹ ਫੁੱਟ ਦਾ ਲੈਂਟਰ ਲਾ ਕੇ ਦਸ-ਦਸ ਖਣ ਦੇ ਦੋ ਪੱਖੇ ਛੱਤ ਦਿੱਤੇ। ਵੱਖੀਆਂ ਤੋਂ ਲੈਂਟਰ ਥੱਲੇ ਕੰਧਾਂ ਕੱਢ ਦਿੱਤੀਆਂ। ਜੱਸੋਵਾਲੀਏ ਜੀਵਾ ਸਿਉਂ ਨੇ ਕਿਹਾ ਸੀ, ਕਿਹਰ ਸਿਆਂ, ਲੈਂਟਰ ਉਤੋਂ ਦੀ ਭਲਾ ਰੇਲ ਗੱਡੀ ਲੰਘ ਜਾਵੇ, ਲੈਂਟਰ ਟੁੱਟਦਾ ਨਹੀਂ। ਇਹ ਲੈਂਟਰ ਵਾਲੀ ਦਲਾਨ ਤੇਰੇ ਦਾਦੇ ਨੇ ਸਾਰਿਆਂ ਤੋਂ ਪਹਿਲਾਂ ਛੱਤੀ ਸੀ, ਨਹੀਂ ਤਾਂ ਲੋਕ ਲਟੈਣਾਂ ਪਾਉਂਦੇ ਸੀ। ਇਕ-ਇਕ ਇੱਟ ‘ਤੇ ਤੇਰੇ ਦਾਦੇ ਦਾ ਖੂਨ-ਪਸੀਨਾ ਲੱਗਿਆ ਸੀ। ਉਸ ਵੇਲੇ ਇਹ ਘਰ ਸਾਰਿਆਂ ਘਰਾਂ ਨਾਲੋਂ ਉਚਾ ਸੀ।” ਕੈਪਟਨ ਨੇ ਦੋਵੇਂ ਬਾਹਾਂ ਸਾਈਡਾਂ ਵੱਲ ਕਰਦਿਆਂ ਕਿਹਾ।
“ਤਾਇਆ ਜੀ! ਜਦੋਂ ਵੀਹ ਖਣ ਛੱਤੇ ਸੀ, ਪਿਛਲੇ ਦਸਾਂ ਖਣਾਂ ਦੇ ਦੋ ਕਮਰੇ ਬਣਾ ਲੈਂਦੇ, ਮੂਹਰੇ ਅੱਠ ਖਣ ਦਾ ਵਰਾਂਡਾ ਰੱਖ ਕੇ ਖੱਬੀ ਵੱਖੀ ਤੇ ਦੋ ਖਣ ਦੀ ਰਸੋਈ ਛੱਡ ਲੈਂਦੇ। ਆਹ ਐਨਾ ਵੱਡਾ ਕੋਠਾ ਛੱਤਣ ਦੀ ਕੀ ਲੋੜ ਪਈ ਸੀ?” ਪਰੀਤੇ ਨੂੰ ਦਾਦੇ ਦੀ ਵਿਉਂਤਬੰਦੀ ‘ਤੇ ਗਿਲਾ ਸੀ।
“ਗੱਲ ਸੁਣ ਉਏ ਵੱਡਿਆ ਸਿਆਣਿਆ! ਆਹ ਜਿਹੜੇ ਨਿੱਕੇ-ਨਿੱਕੇ ਕਮਰੇ ਜਿਹੇ ਬਣਾ ਕੇ ਕੋਠੀ ਕਹਿੰਦੇ ਹੋ, ਇਹ ਨਿਰੀ ਲੜਾਈ ਦੀ ਜੜ੍ਹ ਹੈ। ਇਨ੍ਹਾਂ ਦਲਾਨਾਂ ਵਿਚ ਸਾਰਾ ਟੱਬਰ ਇਕੱਠਾ ਸੌਂਦਾ ਸੀ। ਧੀਆਂ, ਭੈਣਾਂ ਵੀ ਕੋਲ ਪਈਆਂ ਹੁੰਦੀਆਂ ਸੀ। ਦਾਦੀ ਰਾਜੇ-ਮਹਾਰਾਜੇ, ਪੀਰ-ਪੈਗੰਬਰਾਂ, ਗੁਰੂਆਂ ਰਿਸ਼ੀਆਂ, ਮੁਨੀਆਂ ਦੀਆਂ ਕਹਾਣੀਆਂ, ਸਾਖੀਆਂ ਸੁਣਾਉਂਦੀ ਸੀ। ਸਾਰੇ ਬੜੇ ਧਿਆਨ ਨਾਲ ਸੁਣਦੇ ਸੀ। ਰਾਤ ਨੂੰ ਹੀ ਸਵੇਰੇ ਵਾਲੇ ਕੰਮ ਦੀ ਵਿਉਂਤ ਬਣਾ ਲਈ ਜਾਂਦੀ ਸੀ। ਨਾ ਕਿਸੇ ਧੀ-ਭੈਣ ਦੀ ਰਾਖੀ ਕਰਨੀ ਪੈਂਦੀ ਸੀ। ਇਨ੍ਹਾਂ ਦਾ ਦਿਲ ਵੀ ਮਨੁੱਖਾਂ ਵਰਗਾ ਤਕੜਾ ਹੋ ਜਾਂਦਾ ਸੀ। ਲੋਕਾਂ ਕੋਲ ਪੈਸਾ ਘੱਟ ਸੀ, ਸੁੱਖ ਸਹੂਲਤਾਂ ਘੱਟ ਸਨ ਪਰ ਆਪਸੀ ਪਿਆਰ ਦਾ ਧਨ ਬਥੇਰਾ ਸੀ। ਸਾਰੀਆਂ ਜ਼ਰੂਰਤਾਂ ਖੇਤਾਂ ਤੇ ਘਰਾਂ ਵਿਚੋਂ ਪੂਰੀਆਂ ਹੋ ਜਾਂਦੀਆਂ ਸਨ। ਤੁਹਾਨੂੰ ਮੱਖਣੀ ਖਾਣ ਨੂੰ ਨਹੀਂ ਮਿਲਦੀ, ਅਸੀਂ ਮੱਖਣੀ ਤੋਂ ਗਰੀਸ ਦਾ ਕੰਮ ਲੈ ਲੈਂਦੇ ਸੀ। ਦਾਦੇ ਤੇਰੇ ਨੇ ਪੰਜ ਪੁੱਤ ਤੇ ਦੋ ਧੀਆਂ ਪਾਲੀਆਂ ਸਨ। ਹੁਣ ਤੁਹਾਡੇ ਚਾਰਾਂ ਕੋਲੋਂ ਆਪਣਾ ਪਿਓ ਨਹੀਂ ਪਾਲਿਆ (ਸਾਂਭਿਆ) ਜਾਂਦਾ।” ਕੈਨੇਡੀਅਨ ਦਲੀਪ ਸਿੰਘ ਪਰੀਤੇ ਵੱਲ ਸਿੱਧਾ ਹੋ ਲਿਆ ਸੀ।
“ਤਾਇਆ ਜੀ! ਆਏ ਗਏ ਦੀ ਬੈਠਕ ਕਿੱਥੇ ਹੁੰਦੀ ਸੀ?” ਪਰੀਤੇ ਨੇ ਅੱਜ ਦੇ ਗੈਸਟ ਰੂਮ ਬਾਰੇ ਪੁੱਛਦਿਆਂ ਸਵਾਲ ਕੀਤਾ।
“ਪਰੀਤਿਆ! ਕਲਯੁੱਗ ਵਿਚ ਲੋਕਾਂ ਨੂੰ ਪਰਦਿਆਂ ਦੀ ਲੋੜ ਪਈ; ਸਾਡੇ ਵੇਲੇ ਤਾਂ ਸਾਰਾ ਕੁਝ ਦਲਾਨਾਂ ਵਿਚ ਹੀ ਹੁੰਦਾ ਸੀ। ਸਿੱਧੇ ਲੋਕ ਤੇ ਸਿੱਧੀਆਂ ਗੱਲਾਂ ਹੁੰਦੀਆਂ ਸਨ। ਆਏ ਗਏ ਨਾਲ ਪੜਦੇ ਵਿਚ ਨਹੀਂ, ਖੁੱਲ੍ਹ ਕੇ ਗੱਲਾਂ ਕਰੀਦੀਆਂ ਸਨ।” ਕੈਨੇਡੀਅਨ ਨੇ ਆਪਣੀ ਬੱਗੀ ਦਾੜ੍ਹੀ ‘ਤੇ ਹੱਥ ਫੇਰਦਿਆਂ ਕਿਹਾ।
“ਤਾਇਆ ਜੀ! ਬਾਹਰ ਵੀ ਕੋਠੀਆਂ ਹਨ ਕਿ ਦਲਾਨਾਂ ਛੱਤੀਆਂ ਹੋਈਆਂ ਹਨ।” ਪਰੀਤਾ ਸਿੱਧਾ ਬਿਨਾਂ ਵੀਜ਼ੇ ਤੋਂ ਕੈਨੇਡਾ-ਅਮਰੀਕਾ ਹੋ ਆਉਣ ਦੇ ਖਿਆਲ ਨਾਲ ਪੁੱਛ ਬੈਠਾ।
“ਪਰੀਤਿਆ ਉਥੇ ਦੀ ਸੁਣ ਲੈ ਗੱਲ। ਪਿਛਲੇ ਸਾਲ ਮੈਂ ਅਮਰੀਕਾ ਆਪਣੀ ਧੀ ਰਾਣੀ ਕੋਲ ਟਰੇਸੀ ਸ਼ਹਿਰ ਗਿਆ। ਉਨ੍ਹਾਂ ਨੇ ਲੈਣਾ ਸੀ ਘਰ। ਰਾਣੀ ਦੇ ਤਿੰਨ ਜਵਾਕ ਨੇ-ਦੋ ਕੁੜੀਆਂ ਤੇ ਇਕ ਮੁੰਡਾ। ਘਰ ਉਹ ਦੇਖਣ ਪੰਜ ਕਮਰਿਆਂ ਵਾਲਾ ਖੁੱਲ੍ਹਾ-ਡੁੱਲ੍ਹਾ। ਜਵਾਈ ਸਾਡਾ ਚਲਾਉਂਦੈ ਟਰੱਕ। ਰਾਣੀ ਇਕੱਲੇ ਜਵਾਕ ਸਾਂਭਦੀ ਹੈ; ਯਾਨਿ ਕੰਮ ‘ਤੇ ਨਹੀਂ ਜਾਂਦੀ। ਮੈਂ ਕਿਹਾ-ਦੇਖ ਕੁੜੀਏ! ਘਰ ਤਿੰਨ ਕਮਰਿਆਂ ਦਾ ਬਥੇਰਾ ਹੈ। ਪਹਿਲਾਂ ਨਿਆਣੇ ਪਾਲ ਲਾ; ਤੂੰ ਵੀ ਕੰਮ ‘ਤੇ ਲੱਗ ਜਾਈਂ; ਫਿਰ ਵੱਡੇ ਘਰ ਨੂੰ ਹੱਥ ਪਾ ਲਿਉ। ਰਾਣੀ ਕਹਿੰਦੀ-ਬਾਪੂ ਜੀ ਘਰ ਰੋਜ਼-ਰੋਜ਼ ਨਹੀਂ ਲੈ ਹੁੰਦੇ। ਇਕ ਵਾਰੀ ਹੀ ਵਧੀਆ ਘਰ ਖਰੀਦ ਲੈਣਾ ਹੈ। ਚੱਲੋ ਜੀ ਉਨ੍ਹਾਂ ਨੇ ਆਪਣੀ ਮਰਜ਼ੀ ਕਰਦਿਆਂ ਪੰਜ ਕਮਰਿਆਂ ਵਾਲਾ ਘਰ ਚਾਰ ਲੱਖ ਡਾਲਰ ਦਾ ਲੈ ਲਿਆ। ਪੰਜਾਹ ਹਜ਼ਾਰ ਡਾਲਰ ਪਹਿਲਾਂ ਦੇ ਦਿੱਤਾ ਤੇ ਸਾਢੇ ਤਿੰਨ ਲੱਖ ਡਾਲਰ ਦੀ ਕਿਸ਼ਤ ਬਣ ਗਈ। ਪ੍ਰਾਪਰਟੀ ਟੈਕਸ ਤੇ ਇੰਸ਼ੋਰੈਂਸ ਸਮੇਤ ਤਿੰਨ ਹਜ਼ਾਰ ਡਾਲਰ ਮਹੀਨੇ ਦੀ ਕਿਸ਼ਤ। ਘਰ ਦੀ ਚਾਬੀ ਚਾਵਾਂ ਨਾਲ ਫੜੀ। ਸੱਜਣ-ਮਿੱਤਰ ਸੱਦੇ। ਸਾਰੇ ਕਹਿਣ ਘਰ ਬਹੁਤ ਸੋਹਣਾ ਹੈ। ਮੈਂ ਅੰਦਰੋਂ ਕੰਬੀ ਜਾਵਾਂ ਕਿ ਜਵਾਈ ਵਿਚਾਰੇ ਦੀ ਇਕੱਲੀ ਕਮਾਈ ਹੈ। ਰੱਬ ਨਾ ਕਰੇ, ਜਵਾਈ ਨੂੰ ਮਹੀਨਾ ਦੋ ਮਹੀਨੇ ਕੰਮ ਨਾ ਮਿਲੇ; ਢਿੱਲਾ-ਮਿੱਠਾ ਹੋ ਜਾਵੇ ਤਾਂ ਘਰ ਦੀ ਕਿਸ਼ਤ ਤੇ ਖਰਚਾ ਕਿੱਥੋਂ ਆਵੇਗਾ? ਪਰੀਤਿਆ! ਜਿਹੜੇ ਕੋਲੇ ਡਾਲਰ ਸੀ, ਉਨ੍ਹਾਂ ਦਾ ਘਰ ਵਾਲਾ ਸਾਰਾ ਸਮਾਨ ਬਣਾ ਲਿਆ ਤੇ ਬਰਾਬਰ ਹੁੰਦਿਆਂ ਜਵਾਈ ਨੇ ਟਰੱਕ ਤੋਰ ਲਿਆ। ਛੇ ਮਹੀਨੇ ਤਾਂ ਕੰਮ ਚੱਲਦਾ ਗਿਆ। ਅੱਗੇ ਟੈਕਸ ਭਰਨ ਦਾ ਸਮਾਂ ਆ ਗਿਆ। ਉਧਰ ਜਵਾਈ ਦੇ ਟਰੱਕ ਦਾ ਇੰਜਣ ਫਰੀਜ਼ ਹੋ ਗਿਆ। ਘਰੇ ਕਾਟੋ-ਕਲੇਸ਼ ਹੋਣ ਲੱਗ ਗਿਆ। ਮੈਂ ਕੁੜੀ ਨੂੰ ਆਖਿਆ ਕਿ ਹੁਣ ਸੁਖਾਲੀ ਆਂ? ਚਾਦਰ ਦੇਖ ਕੇ ਪੈਰ ਪਸਾਰੀਦੇ ਨੇ। ਰਾਣੀ ਟੇਢੀ ਜਿਹੀ ਦੇਖੇ।
ਫਿਰ ਕਨੈਡਾ ਤੋਂ ਮੁੰਡੇ ਕੋਲੋਂ ਡਾਲਰ ਮੰਗਵਾਏ। ਪਿੰਡੋਂ ਇਨ੍ਹਾਂ ਨੇ ਭੇਜੇ। ਬੱਸ ਇਨ੍ਹਾਂ ਰੁਪਏ ਨਾਲ ਜਵਾਈ ਨੇ ਛੇ ਮਹੀਨੇ ਤਾਂ ਨੱਕ ਡੁੱਬਣ ਨਹੀਂ ਦਿੱਤਾ, ਅਖੀਰ ਭਾਈ ਘਰ ਬੈਂਕ ਨੂੰ ਚਲਿਆ ਗਿਆ। ਘਰ ਦਾ ਬਣਾਇਆ ਸਾਮਾਨ ਕਿਰਾਏ ਵਾਲੇ ਕਮਰਿਆਂ ਵਿਚ ਰੱਖ ਕੇ ਫਿਰ ਅਪਾਰਮੈਂਟ ਵਿਚ ਰਹਿਣ ਲੱਗ ਪਏ। ਪਰੀਤਿਆ ਮਕਾਨ ਲੈਂਟਰ ਦੀ ਮਜ਼ਬੂਤੀ ‘ਤੇ ਨਹੀਂ, ਸਗੋਂ ਨੀਂਹਾਂ ਦੀ ਮਜ਼ਬੂਤੀ ‘ਤੇ ਖੜ੍ਹਦੇ ਆ। ਮਕਾਨ ਢਹਿੰਦਾ ਜ਼ਰੂਰ ਬਨੇਰੇ ਤੋਂ ਐ।” ਦਲੀਪ ਸਿੰਘ ਕੈਨੇਡੀਅਨ ਨੇ ਵੱਡੇ ਘਰਾਂ ਦੀ ਕਹਾਣੀ ਸੁਣਾਉਂਦਿਆਂ ਕਿਹਾ।
“ਤਾਇਆ ਜੀ, ਅਖੀਰ ਵਾਲੀ ਕਹਾਵਤ ਦੀ ਸਮਝ ਨਹੀਂ ਆਈ, ਨੀਂਹਾਂ ਅਤੇ ਬੰਨੇਰੇ ਵਾਲੀ।” ਪਰੀਤੇ ਨੇ ਪੁੱਛਿਆ।
“ਪੁੱਤਰਾ! ਪਰਿਵਾਰ ਰੂਪੀ ਮਕਾਨ ਵੀ ਪਿਆਰ ਤੇ ਏਕਤਾ ਦੀਆਂ ਨੀਂਹਾਂ ਨਾਲ ਮਜ਼ਬੂਤ ਹੁੰਦਾ ਹੈ। ਜੇ ਇਨ੍ਹਾਂ ਵਿਚ ਏਕਤਾ ਤੇ ਪਿਆਰ ਮੁੱਕ ਗਿਆ ਤਾਂ ਘਰ ਬੰਨੇਰੇ ਤੋਂ ਢਹਿਣਾ ਸ਼ੁਰੂ ਹੋ ਜਾਂਦਾ ਹੈ। ਜੇ ਘਰ ਦਾ ਬੰਨੇਰਾ ਰੂਪੀ ਮੁਖੀਆ ਆਪਣੇ ਕਬੀਲਦਾਰੀ ਦੇ ਗਾਡੀਰਾਹ ਤੋਂ ਭਟਕ ਜਾਵੇ ਤਾਂ ਫਿਰ ਚਹੁੰ ਦਿਨਾਂ ਬਾਅਦ ਹੀ ਤਾਰਾæææਰਾਰਾæææਹੋ ਜਾਂਦੀ ਹੈ।” ਕੈਨੇਡੀਅਨ ਨੇ ਕਹਾਵਤ ਦਾ ਨਿਚੋੜ ਕੱਢਦਿਆਂ ਕਿਹਾ।
“ਪਰੀਤਿਆ! ਆਹ ਲੈਂਟਰ ਨਹੀਂ ਢਾਹੁਣਾ?” ਨਾਜ਼ਰ ਨੇ ਸਾਇਕਲ ਸਟੈਂਡ ‘ਤੇ ਖੜ੍ਹਾ ਕਰਦਿਆਂ ਪੁੱਛਿਆ।
“ਦੇਖ ਚਾਚਾ, ਦਾਦੇ ਵਾਲਾ ਘਰ ਤਾਂ ਢਾਹ ਦਿੱਤਾ, ਪਰ ਆਹ ਵਿਚਕਾਰਲਾ ਲੈਂਟਰ ਦਾਦੇ ਦੀ ਨਿਸ਼ਾਨੀ ਰੱਖ ਲਿਆ। ਦੇਹਰਾਦੂਨ ਵਾਲੀਆਂ ਸ਼ਤੀਰੀਆਂ ਦੇ ਬਾਲੇ ਬਣਵਾ ਲਏ। ਇੱਟਾਂ ਵੀ ਦਾਦੇ ਵਾਲੀਆਂ ਹੀ ਹਨ। ਬੱਸ ਅਸੀਂ ਤਾਂ ਗਾਰਾ ਤੇ ਸੀਮੈਂਟ ਹੀ ਨਵਾਂ ਲਾਉਣਾ ਹੈ। ਤੂੰ ਸਮਝ ਦਲਾਨ ਦੀ ਕੋਠੀ ਬਣਾ ਦੇਣੀ ਹੈ।” ਪਰੀਤੇ ਨੇ ਪੁਰਾਣੇ ਅਤੇ ਨਵੇਂ ਘਰ ਦੀ ਵਿਉਂਤਬੰਦੀ ਦੱਸੀ।
“ਚਲੋ! ਫਿਰ ਵੀ ਠੀਕ ਹੈ ਦਾਦਾ ਜਿਉਂਦਾ ਰੱਖ ਲਿਆ। ਜੇ ਕੋਈ ਪੁੱਛਿਆ ਕਰੂ ਕਿ ਆਹ ਵਿਚਾਲੇ ਲੈਂਟਰ ਕਿਉਂ ਰੱਖਿਆ ਤਾਂ ਕਹਿ ਦਿਆਂ ਕਰੀਂ ਦਾਦਾ ਜੀ ਦੀ ਨਿਸ਼ਾਨੀ ਹੈ।” ਨਾਜ਼ਰ ਗੱਲ ਕਹਿ ਕੇ ਮੁੱਛਾਂ ‘ਚ ਹੱਸ ਪਿਆ।
“ਚਾਚਾ ਮੈਨੂੰ ਪਤਾ ਕਿਥੋਂ ਬੋਲਦਾ ਏਂ ਤੂੰ!” ਪਰੀਤਾ ਖਿਝ ਗਿਆ।
“ਕੈਪਟਨ ਸਾਬ੍ਹ! ਤੁਹਾਨੂੰ ਵੀ ਤਾਂ ਕਹਿ-ਕਹਿ ਕੇ ਥੱਕ ਗਏ ਕਿ ਮਹਾਂਪੁਰਸ਼ਾਂ ਦਾ ਬਣਾਇਆ ਗੁਰੂ ਘਰ ਨਾ ਢਾਹੋ। ਇਸ ਦੀ ਮੁਰੰਮਤ ਕਰ ਲਵੋ, ਜੇ ਨਵਾਂ ਗੁਰਦੁਆਰਾ ਬਣਾਉਣਾ ਹੈ ਤਾਂ ਦੀਵਾਨ ਵਾਲੀ ਥਾਂ ਬਣਾ ਲਵੋ।” ਕਾਮਰੇਡ ਭਾਗ ਸਿੰਘ ਨੇ ਹੱਥਲਾ ਅਖ਼ਬਾਰ ਕੱਛ ਵਿਚ ਦਿੰਦਿਆਂ ਕਿਹਾ।
“ਨਾਜ਼ਰ ਸਿਆਂ! ਨਾ ਗੁਰੂ ਘਰ ਦੀਆਂ ਕਮੇਟੀਆਂ, ਨਾ ਪਿੰਡ ਦੀ ਪੰਚਾਇਤ, ਨਾ ਪੰਜਾਬ ਸਰਕਾਰ ਪੁਰਾਣੀਆਂ ਧਾਰਮਿਕ ਤੇ ਇਤਿਹਾਸਕ ਯਾਦਗਾਰਾਂ ਸੰਭਲਣਾ ਚਾਹੁੰਦੀਆਂ ਹਨ। ਅਸੀਂ ਨਵੀਂ ਪੀੜ੍ਹੀ ਨੂੰ ਕੀ ਵਿਖਾਵਾਂਗੇ? ਨਵੇਂ-ਨਵੇਂ ਮਾਅਲ, ਮੈਰਿਜ ਪੈਲੇਸ ਜਾਂ ਸਿਨੇਮੇ ਘਰ ਜਾਂ ਡਾਂਸ ਕਲੱਬ, ਬੀਅਰ ਬਾਰਾਂ! ਇਨ੍ਹਾਂ ਸਭਨਾਂ ਨਾਲ ਅੱਜ ਦੀ ਪੀੜ੍ਹੀ ਨਸ਼ਿਆਂ ਵੱਲ ਹੀ ਜਾ ਸਕਦੀ ਹੈ। ਕਮਾਈ ਵਾਲੇ ਪਾਸੇ ਨਹੀਂ। ਤੁਸੀਂ ਹੋਰ ਦੇਖੋ, ਆਪਾਂ ਕਰੋੜ ਤੋਂ ਉਪਰ ਰੁਪਏ ਦੀਵਾਨ ਹਾਲ ‘ਤੇ ਖਰਚ ਦਿੱਤੇ। ਦੀਵਾਨ ਹਾਲ ਦੀ ਵਰਤੋਂ ਸਿਰਫ ਸਾਲ ਵਿਚ ਦੋ ਦਿਨ ਕਰਦੇ ਹਾਂ। ਜਿੰਨੀ ਕੁ ਸੰਗਤ ਜੁੜਦੀ ਐ, ਉਨੀ ਸੰਗਤ ਲਈ ਤਾਂ ਗੁਰਦੁਆਰਾ ਹੀ ਕਾਫੀ ਹੋ ਜਾਂਦਾ ਹੈ। ਦੀਵਾਨ ਹਾਲ ਵਾਲੀ ਰਕਮ ਦੇ ਵਿਆਜ ਨਾਲ ਅਸੀਂ ਗਰੀਬ ਬੱਚਿਆਂ ਦਾ ਭਵਿੱਖ ਬਣਾ ਸਕਦੇ ਸੀ।” ਮਾਸਟਰ ਨੇ ਵੀ ਹਾਜ਼ਰੀ ਲਵਾਉਂਦਿਆਂ ਗੱਲ ਟਿਕਾਣੇ ਲਾ ਦਿੱਤੀ।
“ਆਪਾਂ ਪਰੀਤੇ ਤੋਂ ਕੁਝ ਸਿੱਖੀਏ ਜਿਸ ਨੇ ਆਪਣੇ ਦਾਦੇ ਦੀ ਨਿਸ਼ਾਨੀ ਰੱਖ ਲਈ। ਇਹ ਆਪਣੇ ਪੋਤਿਆਂ ਨੂੰ ਦੱਸਿਆ ਕਰੇਗਾ ਕਿ ਆਹ ਲੈਂਟਰ ਮੇਰੇ ਦਾਦੇ ਨੇ ਲਾਇਆ ਸੀ। ਨਾਜ਼ਰ ਕੋਲੋਂ ਦੱਸਣ ਨੂੰ ਕੀ ਆ ਕਿ ਬਾਬਿਆਂ ਦੇ ਸਾਰੇ ਘਰ ਅਸੀਂ ਵੇਚ ਕੇ ਕੈਨੇਡਾ ਚਲੇ ਗਏ। ਥੋੜ੍ਹੇ ਚਿਰ ਨੂੰ ਜ਼ਮੀਨ ਵੀ ਵੇਚ ਜਾਣਗੇ ਜਾਂ ਕੋਈ ਧੱਕੇ ਨਾਲ ਦੱਬ ਲਊ। ਪਿੰਡ ਵੱਲੋਂ ਫੱਟੀ ਪੋਚੀ ਜਾਊ।” ਕਾਮਰੇਡ ਨੇ ਗੱਲ ਸਿਰੇ ਲਾਈ।
ਇੰਨੇ ਨੂੰ ਮਿਸਤਰੀ ਆ ਗਿਆ। ਨਾਲ ਹੀ ਖ਼ਬਰਾਂ ਦਾ ਬੁਲਿਟਨ ਖ਼ਤਮ ਹੋ ਗਿਆ। ਪਰੀਤਾ ਅੰਦਰ ਚਲਿਆ ਗਿਆ ਤੇ ਬਾਕੀ ਆਪੋ-ਆਪਣੇ ਰਾਹ ਪੈ ਗਏ।

Be the first to comment

Leave a Reply

Your email address will not be published.