ਝਰੀਟਾਂ

ਦਲਜੀਤ ਸਿੰਘ ਸ਼ਾਹੀ (ਐਡਵੋਕੇਟ)
ਫੋਨ: 91-98141-29511
“ਉਏ ਚਾਚੇ ਅਜ ਫੇਰ ਲੇਟ ਐਂ?”
“ਲੈ ਤੁਰ ਕੇ ਆਉਣ ਨੂੰ ਕਿਤੇ ਸਾਲਾ ਜੀ ਕਰਦੈ, ਬੰਦੇ ਕੋਲ ਆਪਣੀ ਸਵਾਰੀ ਹੋਵੇ, ਬੰਦਾ ਆਉਂਦੈ ਸ਼ੂਕਦਾ, ਛੜੇ ਦੀ ਹਿੱਕ ਫੂਕਦਾ।” ਜਰਦੇ ਦਾ ਆਖਰੀ ਰਗੜਾ ਮਾਰਦੇ ਭਾਗ ਨੇ ਸਰਦਾਰਾਂ ਦੇ ਮੁੰਡੇ ਵਲ ਨਿਗ੍ਹਾ ਮਾਰ ਕੇ ਕਿਹਾ।

ਭਾਗ, ਜਿਸ ਦਾ ਪੱਕਾ ਨਾਂ ਭਗਵਾਨ ਸਿੰਘ ਹੈ, ਜਦੋਂ ਦੀ ਉਹਦੀ ਜਮੀਨ ਵਿਕੀ ਆ, ਇਹ ਭਾਗਾ ਬਣ ਗਿਆ। ਉਹ ਢਿੱਡ ਭਰਨ ਵਾਸਤੇ ਲੋਕਾਂ ਦੇ ਖੇਤਾਂ ‘ਚ ਦਿਹਾੜੀ ਦਾ ਕੰਮ ਕਰਦੈ, ਪਰ ਕੁਝ ਦੇਰ ਤੋਂ ਪੱਕੇ ਤੌਰ ‘ਤੇ ਸਰਦਾਰਾਂ ਨਾਲ ਸੀਰੀ ਰਲ ਗਿਐ। ਏਸ ਬਾਰੇ ਵੀ ਇਕ ਭਾਵੁਕ ਕਰਨ ਵਾਲੀ ਕਹਾਣੀ ਐ, ਬਾਅਦ ‘ਚ ਦੱਸਦਾਂ।
ਭਾਗ ਕੋਲ ਤਿੰਨ ਕਿੱਲੇ ਜਮੀਨ ਸੀ। ਅੱਧੀ ਕੁ ਤਾਂ ਬਾਪੂ ਦਾ ਕਰਜ਼ਾ ਲਾਹੁਣ ‘ਚ ਖਤਮ ਹੋ’ਗੀ ਤੇ ਬਾਕੀ ਕਬੀਲਦਾਰੀ ਲੈ ਗਈ। ਭਾਗ ਨੂੰ ਜਰਦੇ ਤੋਂ ਬਿਨਾ ਹੋਰ ਕੋਈ ਐਬ ਵੀ ਨ੍ਹੀਂ। ਕਦੇ-ਕਦੇ ਸਰਦਾਰਾਂ ਦਾ ਮੁੰਡਾ ਭੁੱਕੀ ਦਾ ਫੱਕਾ ਲਵਾ ਦਏ ਤਾਂ ਅਲੱਗ ਗੱਲ ਹੈ ਜਾਂ ਕਣਕ ਦੇ ਦਾਣੇ ਜਿੰਨੀ ਫੀਮ ਖਾ ਲਵੇ, ਉਹ ਵੀ ਸਰਦਾਰਾਂ ਦਾ ਮੁੰਡਾ ਸਾਰੇ ਮਜ਼ਦੂਰਾਂ ਤੋਂ ਵੱਧ ਕੰਮ ਲੈਣ ਵਾਸਤੇ ਪ੍ਰਸ਼ਾਦ ਵਾਂਗ ਹੀ ਵੰਡਦੈ, ਫੇਰ ਸਾਰੇ ਇੱਕ ਦੂਜੇ ਤੋਂ ਮੋਹਰੇ ਹੋ-ਹੋ ਕੰਮ ਕਰਦੇ ਨੇ।
ਭਾਗ ਦਾ ਇਕ ਮੁੰਡਾ ਬਲਬੀਰ ਸਿੰਘ ਐ, ਪਰ ਲੋਕ ਉਸ ਨੂੰ ਭੀਡਾ ਹੀ ਕਹਿੰਦੇ ਨੇ ਤੇ ਇੱਕ ਵਿਚਾਰੀ ਭਾਗੇ ਦੀ ਘਰ ਵਾਲੀ। ਮੁੰਡਾ ਧੱਕੇ ਮੁੱਕੀ ਨਾਲ ਜਮਾਤਾਂ ਪਾਸ ਕਰ ਰਿਹਾ ਹੈ। ਭਾਗ ਦੀ ਬੜੀ ਇੱਛਾ ਹੈ ਕਿ ਇਹ ਪੜ੍ਹੇ ਤੇ ਉਹਨੂੰ ਵੀ ਏਸ ਗਰੀਬੀ ਦੇ ਖਲਜਗਣ ‘ਚੋਂ ਕੱਢੇ, ਉਹ ਆਪ ਤਾਂ ਪੜ੍ਹ ਨਾ ਸਕਿਆ। ਘਰ ‘ਚ ਤੰਗੀ ਹੀ ਐਨੀ ਸੀ ਕਿ ਬਾਪੂ ਦੀ ਹਿੰਮਤ ਹੀ ਨ੍ਹੀਂ ਪਈ ਅੱਗੇ ਪੜ੍ਹਾਉਣ ਦੀ। ਬਾਪੂ ਭਾਗ ਨੂੰ ਕਹਿੰਦਾ, “ਭਾਗ ਜੋ ਬੰਦਾ ਪੜ੍ਹ ਜਾਂਦੈ, ਅਗਲੀਆਂ ਪੀੜ੍ਹੀਆਂ ਸੁਧਾਰ ਜਾਂਦੈ। ਤੂੰ ਦੇਖ ਲੈ ਨਿਗ੍ਹਾ ਮਾਰ ਕੇ ਆਪਣੇ ਪਿੰਡ ਜਿਹੜਾ ਬੰਦਾ ਪੜ੍ਹ ਗਿਆ, ਉਹ ਕਿੰਨਾ ਸੁਖੀ ਵੱਸਦੈ, ਜਿਹੜੇ ਆਪਣੇ ਵਾਂਗ ਨੇ, ਉਹ ਖੇਤੀ ‘ਚ ਝੱਖ ਮਾਰ ਰਹੇ ਨੇ।”
ਉਸ ਉਮਰੇ ਕਿਸ ਨੂੰ ਸਮਝ ਲਗਦੀਆਂ ਨੇ ਫਿਲਾਸਫੀਆਂ? ਭਾਗ ਨੇ ਗਲਾਸ ਚਾਹ ਲਈ ਅੱਗੇ ਕੀਤਾ। ਡੋਲੂ ‘ਚੋਂ ਸਾਰਿਆਂ ਨੂੰ ਚਾਹ ਪੌਂਦੇ ਕਾਕਾ ਜੀ ਨੇ ਹੁਕਮ ਕੀਤਾ, ਅੱਜ ਆਪਾਂ ਆਹ ਕਿਲੇ ਆਲੂਆਂ ਦੇ ਪੁੱਟ ਕੇ ਹਟਣਾ। ਆਲੂ ਪੁੱਟਣ ਵਾਸਤੇ ਲੇਬਰ ਦੀ ਕਾਫੀ ਲੋੜ ਹੁੰਦੀ ਆ। ਵੈਸੇ ਵੀ ਐਤਕੀਂ ਆਲੂ ਨੇ ਤਾਂ ਸਰਦਾਰਾਂ ਦੀ ਬੱਲੇ-ਬੱਲੇ ਕਰਵਾ ਦਿੱਤੀ ਆ ਤੇ ਕਾਕਾ ਜੀ ਪੂਰੇ ਹੌਂਸਲੇ ‘ਚ ਨੇ ਕਿ ਬਾਪੂ ਜੀ ਦਾ ਆਲੂ ਲੌਣ ਦਾ ਫੈਸਲਾ ਸਹੀ ਸੀ।
ਕਾਕਾ ਜੀ ਕਾਲਜ ‘ਚ ਸ਼ਹਿਰ ਪੜ੍ਹਦੇ ਨੇ ਪਰ ਆਲੂ ਪੁੱਟਣ ਵੇਲੇ ਉਹ ਸਰਦਾਰ ਦੇ ਨਾਲ ਜ਼ਰੂਰ ਹੱਥ ਬਟੌਂਦੈ। ਸਰਦਾਰ ਕੋਲ ਆਪਣੀ ਵੀਹ ਕਿਲੇ ਜਮੀਨ ਆ ਤੇ ਉਹ ਕੁਝ ਜਮੀਨ ਠੇਕੇ ‘ਤੇ ਲੈ ਲੈਂਦੈ। ਵਧੀਆ ਖੇਤੀ ਕਰਦੈ, ਸਾਰੇ ਸੰਦ ਘਰ ਨੇ, ਹਰੇਕ ਚੀਜ਼ ਦੀ ਸਹੂਲਤ ਐ ਘਰ ‘ਚ।
ਕਾਕਾ ਜੀ ਨੇ ਪਰੇ ਲਿਜਾ ਕੇ ਬਾਪੂ ਨੂੰ ਕਿਹਾ, “ਭਾਗ ਅੱਜ ਫੇਰ ਲੇਟ ਆਇਆ, ਮੈਂ ਸੋਚਦਾਂ ਬਾਪੂ ਜੀ ਜਿਹੜਾ ਆਪਣੇ ਘਰੇ ਪੁਰਾਣਾ ਸਾਈਕਲ ਪਿਆ, ਉਹ ਨਾ ਇਹਨੂੰ ਦੇ ਦਈਏ? ਇਹਦਾ ਰੋਜ਼-ਰੋਜ਼ ਲੇਟ ਆਉਣ ਦਾ ਜੱਭ ਮੁਕਾ ਦਿਨਾਂ।”
ਵੱਡਾ ਸਰਦਾਰ ਕਾਕੇ ਵੱਲ ਨਿਗ੍ਹਾ ਮਾਰ ਕੇ ਕਹਿਣ ਲੱਗਾ, “ਤੂੰ ਸਮਝਦਾਰ ਹੋਈ ਜਾਨਾਂ।”
“ਚਾਚਾ ਅੱਜ ਤੈਨੂੰ ਇਕ ਸੁਗਾਤ ਦੇਣੀ ਆ।”
“ਕੀ ਓਏ ਭਤੀਜ?”
“ਬੰਬੂਕਾਟ ਐ ਬੰਬੂਕਾਟ!” ਉਹਨੂੰ ਲੱਗਾ ਜਿਵੇਂ ਉਹ ਉਸ ਨੂੰ ਪੁਰਾਣਾ ਸਕੂਟਰ ਦੇਣਗੇ ਜੋ ਉਨ੍ਹਾਂ ਦੇ ਘਰ ਖੜ੍ਹਾ ਹੈ। ਪਰ ਆਥਣੇ ਕਾਕਾ ਜੀ ਨੇ ਤੂੜੀ ਵਾਲੇ ਕੋਠੇ ‘ਚੋਂ ਪੁਰਾਣਾ ਸਾਈਕਲ ਕੱਢ ਕੇ ਦਿੰਦੇ ਨੇ ਕਿਹਾ, “ਆਹ ਸਾਈਕਲ ਮੇਰੀ ਦਾਦੀ ਜੀ ਦੇ ਦਾਜ ‘ਚ ਆਇਆ ਸੀ।” ਭਾਗ ਕਦੇ ਸਾਈਕਲ ਵੱਲ ਦੇਖੇ ਤੇ ਕਦੇ ਕਾਕਾ ਜੀ ਵੱਲ। ਸਾਈਕਲ ਦੇ ਨਾ ਤਾਂ ਮਡਗਾਰਡ ਨੇ, ਤੇ ਨਾ ਹੀ ਪੈਡਲ। ਪੈਡਲਾਂ ਦੀ ਥਾਂ ‘ਤੇ ਕੱਲੀਆਂ ਕਿੱਲੀਆਂ ਹੀ ਨੇ।
ਕਾਕਾ ਜੀ ਨੇ ਸੌ ਰੁਪਿਆ ਭਾਗ ਨੂੰ ਦਿੰਦਿਆਂ ਕਿਹਾ, “ਚਾਚਾ ਇਹਦੇ ਚੱਕਿਆਂ ਨੂੰ ਗਰੀਸ ਵਗੈਰਾ ਕਰਵਾ ਲੈ, ਇਹ ਤਾਂ ਸਾਲਾ ਬੰਬੂਕਾਟ ਤੋਂ ਵੱਧ ਭੱਜੂ।”
ਭਾਗ ਨੇ ਸੋਚਿਆ, ਚੱਲ ਜੋ ਮਿਲਦਾ ਠੀਕ ਐ। ਸਵੇਰੇ-ਸਵੇਰੇ ਲੱਤਾਂ ਤੁੜੌਂਣ ਨਾਲੋਂ ਤਾਂ ਰਮਾਨ ਨਾਲ ਆ ਜਾਇਆ ਕਰਾਂਗੇ। ਉਹਨੇ ਸਰਦਾਰਾਂ ਦੇ ਫਾਟਕ ਤੋਂ ਬਾਹਰ ਆ ਕੇ ਇਕ ਵਾਰ ਸਾਈਕਲ ਵੱਲ ਧਿਆਨ ਨਾਲ ਦੇਖਿਆ ਤੇ ਇਕ ਹੱਥ ਨਾਲ ਸਾਈਕਲ ਦਾ ਹੈਂਡਲ ਫੜ੍ਹ ਕੇ ਤੁਰ ਪਿਆ ਤੇ ਸਿੱਧਾ ਪੀਤੂ ਝਿਓਰ ਦੀ ਹੱਟੀ ‘ਤੇ ਰੁਕਿਆ।
“ਲੈ ਬਈ ਪੀਤੂ ਸਿਆਂ! ਸਾਈਕਲ ਨਮਾ ਬਣਾ ਦੇ। ਇਕ ਤਾਂ ਟਾਇਰ ਟਿਊਬ ਬਦਲ ਦੇ, ਕਾਠੀ ਨਮੀ ਪਾ ਦੇ, ਮਰਗਾਟ ਬਦਲ ਦੇ। ਆਹ ਚੱਕ ਸੌ ਰਪਈਆ।”
ਪੀਤੂ ਟਾਇਰ ਨੂੰ ਪੈਂਚਰ ਲਾ ਰਿਹਾ ਸੀ, ਉਹਨੇ ਇਕ ਝਾਤ ਸਾਈਕਲ ਵੱਲ ਮਾਰੀ ਤੇ ਕਹਿਣ ਲੱਗਾ, “ਆਹ ਸਾਰੇ ਕੁਝ ਦਾ ਤਾਂ ਪੰਜ ਸੌ ਲੱਗਣੈ।”
“ਲੈ ਤੂੰ ਕਿਤੇ ਜਹਾਜ ਦੇ ਟਾਇਰ ਬਦਲਨੇ ਆ?”
ਪੀਤੂ ਵੀ ਅੱਗਿਓਂ ਹੱਸ ਪਿਆ, “ਪੰਜ ਸੌ ‘ਚ ਤਾਂ ਜਹਾਜ ਦੇ ਟਾਇਰਾਂ ਦੀ ਫੋਟੂ ਵੀ ਨ੍ਹੀਂ ਆਉਂਦੀ ਭਾਗ ਸਿਆਂ।”
“ਫੇਰ ਕੀ ਜ਼ਰੂਰੀ ਆ ਤੇ ਕੀ ਨਹੀਂ? ਤੂੰ ਹੀ ਦੱਸ ਦੇ।” ਭਾਗੇ ਨੇ ਹੱਟੀ ‘ਤੇ ਬੈਠੇ ਹੋਰ ਗਾਹਕਾਂ ਨਾਲ ਨਜ਼ਰਾਂ ਮਿਲਾਉਂਦਿਆਂ ਕਿਹਾ।
ਪੀਤੂ ਨੇ ਸਾਈਕਲ ਵੱਲ ਨਿਗਾ ਮਾਰ ਕੇ ਕਿਹਾ, “ਤੂੰ ਇਕੱਲੀ ਟਾਇਰ ਟਿਊਬ ਤੇ ਗਰੀਸ ਕਰਾ ਲੈ, ਬਾਕੀ ਦਾ ਕੰਮ ਫੇਰ ਪੈਸੇ ਆਏ ‘ਤੇ ਕਰਵਾ ਲਈਂ।”
ਭਾਗ ਬੋਲਿਆ, “ਠੀਕ ਆ, ਤੂੰ ਇਹੀ ਪਾ ਦੇ। ਇਹ ਤਾਂ ਪੈ ਜੂ ਸੌ ‘ਚ?”
ਪੀਤੂ ਕਹਿੰਦਾ, “ਨਹੀਂ, ਸੌ ਹੋਰ ਲੱਗੂ।”
“ਚੱਲ ਤੂੰ ਪਾ ਦੇ ਕੱਲ ਨੂੰ ਕਾਕਾ ਜੀ ਤੋਂ ਹੋਰ ਸੌ ਲੈ ਕੇ ਦੇ ਦੂੰਗਾ।” ਭਾਗ ਨੇ ਪੀਤੂ ਵੱਲ ਧਿਆਨ ਨਾਲ ਦੇਖਦਿਆਂ ਸੋਚਿਆ, Ḕਮੇਰੇ ਨਾਲੋਂ ਤਾਂ ਆਹ ਸਾਲਾ ਝਿਓਰ ਚੰਗਾ। ਸਾਲੇ ਕੋਲ ਦਿਹਾੜੀ ਦਾ ਚਾਰ ਪੰਜ ਸੌ ਤਾਂ ਆ ਜਾਂਦਾ ਹੋਣਾ, ਏਦੂੰ ਤਾਂ ਭਾਗ ਸਿਆਂ ਪੈਂਚਰ ਲੌਣੇ ਹੀ ਸਿੱਖ ਲੈਂਦਾ।Ḕ
ਭਾਗ ਆਪਣੇ ਬਚਪਨ ‘ਚ ਚਲਾ ਗਿਆ। ਉਹ ਸਕੂਲ ਨ੍ਹੀਂ ਜਾ ਰਿਹਾ, ਬੇਬੇ ਬਾਪੂ ਧੱਕੇ ਨਾਲ ਓਸ ਨੂੰ ਸਕੂਲ ਛੱਡਣ ਜਾ ਰਹੇ ਨੇ ਤੇ ਬਾਪੂ ਕਹਿ ਰਿਹਾ, ਭਾਗਿਆ ਬਿਨਾ ਪੜ੍ਹਾਈ ਤੋਂ ਕਿਸੇ ਨੇ ਪੈਂਚਰ ਲਾਉਣ ‘ਤੇ ਵੀ ਨ੍ਹੀਂ ਰੱਖਣਾ। ਉਹੀ ਗੱਲ ਹੋ ਰਹੀ ਆ ਤੇਰੇ ਨਾਲ ਤਾਂ ਭਾਗ ਸਿਆਂ। ਉਹਨੇ ਜੇਬ੍ਹ ‘ਚੋਂ ਜਰਦੇ ਦੀ ਪੁੜੀ ਕੱਢੀ ਤੇ ਮਲ ਕੇ ਬੁੱਲ੍ਹਾਂ ਹੇਠ ਰੱਖਣ ਲੱਗਾ ਤਾਂ ਕੋਲ ਬੈਠਾ ਸਿਰੀਆ ਬੋਲਿਆ, “ਭਾਗਿਆ ਦੇਖ ਲੈ ਕਿਸਮਤ ਦੀਆਂ ਗੱਲਾਂ ਨੇ, ਆਪਣੇ ਨਾਲ ਹੀ ਜਗੀਰ ਸਿੰਘ ਪੜ੍ਹਦਾ ਸੀ, ਆਪਣੇ ਨਾਲੋਂ ਪੜ੍ਹਨ ‘ਚ ਵੀ ਨਾਲਾਇਕ ਸੀ। ਉਹ ਕਿੱਥੇ ਬੈਠਾ!
ਆਪਾਂ ਆਹ ਰੁਲਦੇ ਫਿਰਦੇ ਆਂ। ਸਿਰੀਏ ਦਾ ਪੂਰਾ ਨਾਂ ਸ੍ਰੀਰਾਮ ਸੀ ਹੁਣ ਜੇ ਕੋਈ ਉਹਨੂੰ ਏਸ ਨਾਂ ਨਾਲ ਬੁਲਾਵੇ ਸ਼ਾਇਦ ਉਹ ਆਪ ਵੀ ਨਾ ਬੋਲੇ ਕਿਉਂਕਿ ਇਹ ਨਾਂ ਤਾਂ ਸਿਰਫ ਕਾਗਜ਼ਾਂ ‘ਚ ਹੀ ਲਿਖਿਆ, ਓਸ ਨੂੰ ਇਹ ਨਾਂ ਲੈ ਕੇ ਕਦੇ ਨ੍ਹੀਂ ਕਿਸੇ ਨੇ ਬੁਲਾਇਆ।
ਭਾਗ ਬੋਲਿਆ, “ਹਾਂ ਉਹ ਤਾਂ ਹੈ।” ਪਰ ਤੂੰ ਦੇਖ ਲੈ ਇਕ ਵਾਰ ਅੱਧੀ ਛੁੱਟੀ ਵੇਲੇ ਜਗੀਰੇ ਨੇ ਮੇਰੇ ਬਾਪੂ ਨੂੰ ਗਾਲ੍ਹ ਕੱਢੀ ਸੀ, ਮੈਂ ਸਾਲੇ ਦਾ ਕੁੱਟ-ਕੁੱਟ ਕੇ ਸੀਂਢ ਕੱਢ’ਤਾ ਸੀ।
“ਲੈ ਸੀਂਢ ਕੱਢ’ਤਾ ਸੀ ਤੈਂ! ਜਾਂਦੇ-ਜਾਂਦੇ ਨੇ ਥੱਪੜ ਮਾਰਿਆ ਸੀ। ਤੇਰੀ ਗੱਲ ਵਧਾ ਕੇ ਕਰਨ ਦੀ ਆਦਤ ਨਾ ਗਈ। ਪਰ ਤੂੰ ਮਾਰਿਆ ਬੜਾ ਟਿਕਾ ਕੇ ਸੀ।” ਪੀਤੂ ਵੀ ਹੁਣ ਗੱਲ ‘ਚ ਸ਼ਾਮਿਲ ਹੋ ਗਿਆ ਸੀ। ਉਹਦੀ ਏਸ ਗੱਲ ‘ਚ ਦਿਲਚਸਪੀ ਸੀ, ਬਈ ਬੜੇ ਬੰਦੇ ਦੇ ਥੱਪੜ ਕਿਵੇਂ ਪੈਂਦਾ?
ਸ੍ਰੀਰਾਮ ਬੋਲਿਆ, “ਭਾਈ ਪੀਤੂ ਜਦ ਇਹਨੇ ਮੈਨੂੰ ਦੱਸਿਆ ਬਈ ਜਗੀਰਾ ਮੇਰੇ ਬਾਪੂ ਨੂੰ ਗਾਲ੍ਹਾਂ ਕੱਢਦਾ, ਮੈਂ ਕਿਹਾ ਛੁੱਟੀ ਵੇਲੇ ਜਦ ਜਾਊਗਾ ਤਾਂ ਸਾਈਕਲ ਮਗਰੋਂ ਭਜਾ ਕੇ ਕੰਨ ‘ਤੇ ਜੜੀਂ ਮੇਰੇ ਸਾਲੇ ਦੇ। ਜੋਰ ਦੀ ਭੁਆਂਟਣੀਂ ਖਾ ਕੇ ਡਿੱਗੇ ਤੇ ਮਿੰਟ ਹੋਸ਼ ਈ ਨਾ ਆਵੇ। ਇਹਦਾ ਬਾਪੂ ਸੱਥ ‘ਚ ਬੈਠਾ ਪੂਰੀ ਫੜ੍ਹ ਮਾਰਿਆ ਕਰੇ ਭਾਈ। ਮੁੰਡੇ ਮੇਰੇ ਨੇ ਸਰਦਾਰਾਂ ਦੇ ਮੁੰਡੇ ਦਾ ਕੁੱਟ-ਕੁੱਟ ਕੇ ਕੱਢ’ਤਾ ਸੀਂਢ।” ਪੀਤੂ ਆਹ ਗੱਲ ਸੁਣ ਕੇ ਬਹੁਤ ਹੱਸਿਆ।
“ਲੈ ਬਈ ਭਾਗਿਆ ਆਹ ਤਾਂ ਤੂੰ ਸੁਆਦ ਲਿਆ ਤਾ ਮੈਨੂੰ ਤਾਂ ਤੂੰ ਨਹੀਂ ਗੱਲਾਂ ਆਲਾ ਈ ਲੱਗਿਆ ਸੀ। ਸਿਰੀਆ ਤਾਂ ਤੇਰੇ ਬਾਰੇ ਗੱਲਾਂ ਦੱਸਦਾ ਰਹਿੰਦਾ। ਉਹ ਗੱਲ ਕਿਵੇਂ ਸੀ, ਸਿਰੀਆ ਤੁਸੀਂ ਇਹਦੀ ਸਾਲੀ ਵਾਸਤੇ ਜਦ ਮੁੰਡਾ ਦੇਖਣ ਗਏ ਸੀ?” ਪੀਤੂ ਚਾਹੁੰਦਾ ਸੀ ਕਿ ਹੱਟੀ ‘ਤੇ ਰੌਣਕ ਲੱਗੀ ਰਹੇ। ਉਹ ਤਾਂ ਕੰਮ ਕਰ ਹੀ ਰਿਹਾ।
ਸਿਰੀਆ ਲੋਟ ਜਿਹਾ ਹੋ ਕੇ ਬੈਠ ਗਿਆ ਜਿਵੇਂ ਕਥਾ ਸੁਣਾਉਣ ਲੱਗਾ ਹੋਵੇ ਪਰ ਭਾਗ ਨ੍ਹੀਂ ਸੀ ਚਾਹੁੰਦਾ ਕਿ ਸਿਰੀਆ ਉਹਦੀ ਆਹ ਗੱਲ ਸੁਣਾਵੇ ਪਰ ਉਹ ਤਾਂ ਪਹਿਲਾਂ ਹੀ ਦੱਸੀ ਫਿਰਦੈ, ਚਲੋ ਸੁਣਾ ਲੈਣ ਦੇ।
“ਲੈ ਭਾਈ ਇਹਦਾ ਸੌਰਾ ਕਹਿੰਦਾ ਪਰੌਣਿਆ ਆਪਾਂ ਲੜਕੀ ਵਾਸਤੇ ਲੜਕਾ ਦੇਖਣ ਜਾਣਾ, ਤੂੰ ਸਾਡੇ ਨਾਲ ਚੱਲ। ਇਹ ਕਹਿਣ ਲੱਗਾ, ਸਿਰੀਆ ਨੂੰ ਵੀ ਨਾਲ ਲੈ ਲੈਂਨੇ ਆਂ। ਉਹ ਕਹਿਣ ਲੱਗਾ, ਮੈਨੂੰ ਕੀ ਇਤਰਾਜ਼ ਐ? ਬੰਦਾ ਵੱਧ ਹੋਵੇ ਤਾਂ ਵਧੀਆ ਸਲਾਹ ਹੋ ਜਾਂਦੀ ਆ। ਲੜਕੀ ਦੀ ਜ਼ਿੰਦਗੀ ਦਾ ਸਵਾਲ ਐ। ਲੈ ਤੈਨੂੰ ਤਾਂ ਪਤਾ ਈ ਆ ਪੀਤੂ ਕਿ ਭਰਜਾਈ ਦਾ ਕੱਦ ਕਿੰਨਾ ਕੁ ਸੀ?”
ਪੀਤੂ ਬੋਲਿਆ, “ਹਾਂ ਮਧਰੀ ਸੀ।”
“ਤੇ ਸਾਲੀ ਸਾਹਿਬਾਂ ਉਹਦੇ ਤੋਂ ਵੀ ਦੋ ਇੰਚ ਘੱਟ ਤੇ ਅਸੀਂ ਜਦ ਮੁੰਡਾ ਦੇਖਿਆ ਮੁੰਡਾ ਛੇ ਫੁੱਟ। ਮੁੰਡੇ ਦਾ ਪਿਓ ਪੁੱਛਣ ਲੱਗਾ, Ḕਭਾਈ ਲੜਕੀ ਦਾ ਕੱਦ ਕਿੰਨਾ ਕੁ ਆ?Ḕ ਭਾਗ ਬੋਲਿਆ, Ḕਬੱਸ ਜੀ ਮੰਨ ਲੋ ਲੜਕੇ ਤੋਂ ਦੋ ਚਾਰ ਉਂਗਲਾਂ ਘੱਟ ਹੋਊ।Ḕ
“ਇਨ੍ਹਾਂ ਗੱਲਾਂ ਨੇ ਤਾਂ ਪੱਟਿਆ ਇਨ੍ਹਾਂ ਦੇ ਲਾਣੇ ਨੂੰ। ਗੱਲ ਨੂੰ ਸਾਲੀ ਨੂੰ ਵਧਾ ਕੇ ਐਂ ਦਸਦੇ ਨੇ ਬਈ ਪੁੱਛੋਂ ਕੁਝ ਨਾ। ਤਾਂ ਹੀ ਤਾਂ ਆਹ ਹਾਲ ਹੋ ਗਿਆ।” ਹੁਣ ਸਿਰੀਏ ਨੇ ਚੋਟ ਜਮਾ ਉਹਦੇ ਦੁਖਦੀ ਰਗ ‘ਤੇ ਮਾਰ’ਤੀ ਸੀ।
ਭਾਗ ਅੱਗ ਬਬੂਲਾ ਹੋ ਗਿਆ, “ਤੂੰ ਫੇਰ ਕੀ ਮਹਿਲ ਪਾ ਦਿੱਤੇ, ਜਿਹੜੇ ਮੇਰੇ ਤੋਂ ਨ੍ਹੀਂ ਪਏ।” ਕਹਿੰਦਾ ਉਹ ਉਥੋਂ ਤੁਰ ਪਿਆ। ਮਗਰੋਂ ਪੀਤੂ ਤੇ ਸਿਰੀਆ ਗੱਲਾਂ ਕਰਨ ਲੱਗੇ, “ਬੰਦਾ ਮਾੜਾ ਨ੍ਹੀਂ ਪਰ ਸਾਲੇ ਦੀ ਗੱਲ ਵਧਾ ਕੇ ਕਰਨ ਦੀ ਆਦਤ ਨ੍ਹੀਂ ਜਾਂਦੀ।”
ਭਾਗ ਹੁਣ ਸਰਦਾਰਾਂ ਦੇ ਉਸੇ ਸਾਈਕਲ ਤੇ ਕੰਮ ਜਾਣ ਲਗਿਆ ਸੀ। ਨਵੇਂ ਟਾਇਰ ਟਿਊਬ ਤੇ ਗਰੀਸ ਕਰਨ ਨਾਲ ਸਾਈਕਲ ਤੁਰਦਾ ਰਵਾਂ ਸੀ। ਆਲੂ ਪੁੱਟ ਕੇ ਜਦ ਉਹ ਹਟੇ ਤਾਂ ਆਖਰੀ ਟਰਾਲੀ ਵੇਲੇ ਭਾਗ ਨੇ ਕਾਕਾ ਜੀ ਨੂੰ ਕਿਹਾ, “ਮੈਂ ਪੀਤੂ ਝੂਰ ਦਾ ਸੌ ਰੁਪਿਆ ਦੇਣਾ, ਉਹ ਦੇ ਦਿੰਦਾ।”
ਕਾਕਾ ਜੀ ਟਾਲਾ ਲਾਉਣ ਦੇ ਮੂਡ ‘ਚ ਐ। ਕਾਕਾ ਜੀ ਗੱਲ ਟਾਲਦਾ ਭਾਗੇ ਤੋਂ ਪੁੱਛਣ ਲੱਗਾ, “ਚਾਚਾ ਆਪਣੇ ਕਿੱਲੇ ‘ਚੋਂ ਕਿੰਨਾ ਕੁ ਝਾੜ ਨਿਕਲ ਗਿਆ ਹੋਣਾ?” ਭਾਗ ਆਪਣੀ ਮਟਮੈਲੀ ਜਿਹੀ ਦਾੜ੍ਹੀ ਖਿੱਚਦਾ ਬੋਲਿਆ, “ਭਤੀਜ ਵੀਹ ਬਾਈ ਤਾਂ ਕਿਧਰੇ ਨ੍ਹੀਂ ਗਈ।”
ਫੇਰ ਕਾਕਾ ਜੀ ਭਾਗ ਨੂੰ ਥੱਲੇ ਲਾਉਣ ਲਈ ਪੁੱਛ ਬੈਠਾ, “ਵੈਸੇ ਚਾਚਾ ਜਦ ਤੇਰੇ ਕੋਲ ਜਮੀਨ ਸੀ ਤਾਂ ਉਦੋਂ ਕਿੰਨਾ ਕੁ ਝਾੜ ਨਿਕਲਦਾ ਸੀ?” ਭਾਗ ਬੋਲਿਆ, “ਲੈ ਭਤੀਜ ਮੇਰੀ ਜਮੀਨ ‘ਚੋਂ ਤਾਂ ਕਦੇ ਵੀ ਬੱਤੀ ਤੇਤੀ ਤੋਂ ਘੱਟ ਨ੍ਹੀਂ ਸੀ ਨਿਕਲਿਆ।”
ਕਾਕਾ ਜੀ ਬੋਲਿਆ, “ਫੁੱਦੂ ਹੋਊ ਜਿਹੜਾ ਅੱਜ ਤੋਂ ਝਾੜ ਪਹਿਲਾਂ ਦੱਸੇ।”
ਸਾਰੇ ਆਲੂ ਵੇਚ ਕੇ ਕਾਕਾ ਜੀ ਪੂਰੇ ਖੁਸ਼ ਸੀ ਤੇ ਚਾਚੇ ਨੂੰ ਕਹਿਣ ਲੱਗਾ, “ਚਾਚਾ ਅੱਜ ਮੈਂ ਝਟਕਾ ਲੈ ਕੇ ਆਊਂਗਾ ਮੋਟਰ ‘ਤੇ, ਗਲਾਸੀ ਖੜਕਾਵਾਂਗੇ। ਤੂੰ ਗੰਢੇ ਛਿੱਲ ਕੇ ਰੱਖੀਂ। ਨਾਲੇ ਤੈਨੂੰ ਇਕ ਹੋਰ ਸ਼ੈ ਦਖੋਣੀ ਐ।”
“ਉਹ ਕਿਹੜੀ ਭਤੀਜ?”
“ਮੈਂ ਨਮਾਂ ਬੰਬੂਕਾਟ ਲਿਆਂਦਾ ਬੁਲੇਟ।”
ਸ਼ਾਮ ਨੂੰ ਕਾਕਾ ਜੀ ਨਵੇਂ ਬੁਲੇਟ ‘ਤੇ ਖੇਤ ਨੂੰ ਆਇਆ। ਉਸ ਨੇ ਮੋਟਰਸਾਈਕਲ ਭਾਗ ਦੇ ਸਾਈਕਲ ਨਾਲ ਹੀ ਖੜ੍ਹਾ ਕਰ’ਤਾ। ਭਾਗ ਸਾਈਕਲ ਕੋਲ ਆ ਕੇ ਰੁਕ ਗਿਆ। ਓਸ ਨੇ ਬੈਠ ਕੇ ਪਹਿਲਾਂ ਤਾਂ ਸਾਈਕਲ ਦੀ ਚੈਨ ਚੜ੍ਹਾਈ, ਫੇਰ ਆਪਣੇ ਸਾਈਕਲ ਦੇ ਪੈਡਲਾਂ ਵੱਲ ਦੇਖਿਆ ਜੋ ਸਿਰਫ ਕੀਲੀਆਂ ਹੀ ਸਨ, ਪੈਡਲ ਦਾ ਤਾਂ ਨਾਂ ਨਿਸ਼ਾਨ ਵੀ ਨਹੀਂ ਸੀ। ਮਰਗਾਟਾਂ ਤੋਂ ਬਿਨਾ ਸਾਈਕਲ ਉਜੜਿਆ ਜਿਹਾ ਲਗਦਾ ਸੀ, ਸਾਈਕਲ ਕਾਹਦਾ ਸੀ, ਬੱਸ ਨਾਂ ਦਾ ਹੀ। ਊਂ ਤਾਂ ਕਬਾੜ ਹੀ ਸੀ। ਚੈਨ ਚੜ੍ਹਾ ਕੇ ਭਾਗ ਨੇ ਨਵੇਂ ਬੁਲੇਟ ਮੋਟਰਸਾਈਕਲ ਦੇ ਉਪਰੋਂ ਦੀ ਪਰਿਕਰਮਾ ਕੀਤੀ ਤੇ ਇਕ ਪਾਸੇ ਨੂੰ ਹੋ ਕੇ ਪੁੱਛਣ ਲੱਗਾ, “ਕਾਕਾ ਜੀ ਜਮਾ ਨਵਾਂ ਲਿਆਂਦਾ ਫੇਰ?”
“ਆਹੋ ਚਾਚਾ ਮੇਰੀ ਬੜੀ ਦੇਰ ਦੀ ਇੱਛਾ ਸੀ।”
“ਕਿੰਨੇ ਕੁ ਦਾ ਆਇਆ ਭਲਾਂ?”
“ਡੇਢ ਲੱਖ ਦਾ ਚਾਚਾ।”
“ਹੱਲਾਅਅ!” ਭਾਗ ਨੇ ਹੱਲਾ ਲਮਕਾ ਕੇ ਕਿਹਾ ਤੇ ਨਾਲ ਹੀ ਪੁੱਛਿਆ, “ਭਲਾਂ ਇਹ ਕਿੰਨੀ ਕੁ ਸਪੀਡ ‘ਤੇ ਭੱਜ ਲੈਂਦਾ ਹੋਊ ਭਤੀਜ?”
ਕਾਕਾ ਜੀ ਹੁਣ ਪੂਰੀ ਫੂਕ ਛੱਕ ਗਏ ਸੀ। ਕਹਿੰਦਾ, “ਚਾਚਾ ਸੌ ‘ਤੇ ਤਾਂ ਆਮ ਹੀ ਭੱਜ ਲੈਂਦਾ, ਊਂ ਕੰਪਨੀ ਵਾਲਿਆਂ ਨੇ ਤਾਂ ਸਪੀਡ ਡੇਢ ਸੌ ਤੋਂ ਉਪਰ ਦੱਸੀ ਆ।”
“ਹੱਲਾ!” ਭਾਗ ਨੇ ਹੱਲਾ ਫੇਰ ਲਮਕਾ ਕੇ ਕਿਹਾ ਤੇ ਇਕ ਵਾਰ ਫੇਰ ਮੋਟਰਸਾਈਕਲ ਦੇ ਆਲੇ ਦੁਆਲੇ ਗੇੜਾ ਕੱਢ ਕੇ ਬੋਲਿਆ, “ਭਤੀਜ ਲੈ ਤਾਂ ਮੈਂ ਭੀਡੇ ਨੂੰ ਵੀ ਦਮਾ ਪਰ ਉਹਨੇ ਸਾਲਾ ਭਜੌਣਾ ਬਹੁਤ ਐ।”
ਕਾਕਾ ਖੁੱਲ੍ਹ ਕੇ ਹੱਸਿਆ ਤੇ ਭਾਗ ਵੱਲ ਦੇਖ ਕੇ ਕਹਿੰਦਾ, “ਚਾਚਾ ਤੂੰ ਵੀ ਬੱਸ।”
ਕਾਕਾ ਜੀ ਨੇ ਚਾਚੇ ਨਾਲ ਬੈਠ ਕੇ ਗਲਾਸੀ ਖੜਕਾਈ, ਇੱਕ ਦੋ ਪੈਗ ਚਾਚੇ ਦੇ ਕਹਿਣ ‘ਤੇ ਬਾਕੀ ਮਜ਼ਦੂਰਾਂ ਨੂੰ ਲੁਆ ਦਿੱਤੇ। ਜਦ ਭਾਗ ਨੂੰ ਸਰੂਰ ਜਿਹਾ ਹੋ ਗਿਆ ਤਾਂ ਬੋਲਣ ਲੱਗਾ ਆਪਣੀ ਬੋਲੀ, “ਕਾਕਾ ਜੀ ਕਾਲਜ ਦੀ ਸੁਣਾ ਕੋਈ।”
“ਲੈ ਚਾਚਾ ਓਥੇ ਦੀ ਕੀ ਪੁਛਦੈਂ? ਕੁੜੀਆਂ ਤਾਂ ਐਂ ਬਣ ਠਣ ਕੇ ਆਉਂਦੀਆਂ ਨੇ ਜਿਵੇਂ ਪਰੀਆਂ ਹੋਣ।”
“ਤੂੰ ਵੀ ਕੋਈ ਪਸੰਦ ਕੀਤੀ ਪਰੀ?”
“ਨਹੀਂ, ਮੈਂ ਨ੍ਹੀਂ।” ਉਹ ਸ਼ਰਮਾ ਕੇ ਪਰੇ ਨੂੰ ਮੂੰਹ ਕਰ ਗਿਆ।
“ਦੇਖ ਪੁੱਤ ਜੀਹਦੇ ਨਾਲ ਵੀ ਪਿਆਰ ਕਰੇਂ ਉਸ ਨੂੰ ਧੋਖਾ ਨਾ ਦਈਂ।”
“ਮੈਨੂੰ ਪਿਆਰ ਪਿਊਰ ਦਾ ਥੋਡੇ ਆਲਾ ਤਾਂ ਪਤਾ ਨ੍ਹੀਂ ਪਰ ਜਿਹਦੇ ਨਾਲ ਵੀ ਮੋਹ ਕਰੇ ਏਥੋਂ ਕਰੀ।” ਭਾਗ ਨੇ ਆਪਣੀ ਉਂਗਲੀ ਦੋ ਤਿੰਨ ਵਾਰ ਜੋਰ ਦੀ ਆਪਣੀ ਛਾਤੀ ਤੇ ਦਿਲ ਵਾਲੇ ਪਾਸੇ ਲਾਈ।
“ਚਾਚਾ ਤੂੰ ਕਦੇ ਕੀਤਾ ਕਿਸੇ ਨੂੰ ਪਿਆਰ?”
“ਹਾਂ, ਕੀਤੈ।”
“ਕਿਸ ਨੂੰ?”
“ਤੇਰੀ ਚਾਚੀ ਨੂੰ। ਉਹਨੂੰ ਤਾਂ ਲੈ ਗਿਆ ਰੱਬ ਮੇਰੇ ਤੋਂ ਖੋਹ ਕੇ, ਨਹੀਂ ਤਾਂ ਉਹ ਮੇਰੇ ‘ਤੇ ਜਾਨ ਛਿੜਕਦੀ ਸੀ। ਜਦ ਤੇਰੀ ਚਾਚੀ ਵਿਆਹ ਕੇ ਲਿਆਂਦੀ ਤਾਂ ਅਲੱਗ ਤੋਂ ਤਾਂ ਕੋਈ ਕਮਰਾ ਹੁੰਦਾ ਨ੍ਹੀਂ ਸੀ, ਇਕ ਸਬਾਤ ਹੀ ਹੁੰਦੀ ਸੀ। ਸਾਡੇ ਛੱਤ ‘ਤੇ ਮੰਜੇ ਲਵਾ’ਤੇ ਭਾਈ।”
ਕਾਕਾ ਜੀ ਕਹਿਣ ਲੱਗਾ, “ਚਾਚਾ ਮੰਜੇ ਲਵਾ ਤੇ ਕੇ ਲਵਾ’ਤਾ?” ਕਾਕਾ ਜੀ ਨੂੰ ਵੀ ਹੁਣ ਸਰੂਰ ਹੋ ਗਿਆ ਸੀ।
“ਜੋ ਮਰਜੀ ਸਮਝ ਲੈ ਭਤੀਜ, ਚੰਨ ਚਾਨਣੀ ਰਾਤ ਸੀ ਮੈਂ ਤੇ ਤੇਰੀ ਚਾਚੀ। ਮੈਂ ਉਹਨੂੰ ਪੁੱਛਿਆ, Ḕਭਾਗਾਂ ਆਲੀਏ ਜਵਾਨੀ ਦਾ ਤਾਂ ਸਾਲਾ ਤੇਰੇ ‘ਤੇ ਹੜ੍ਹ ਆਇਆ ਪਿਆ।Ḕ ਤੇ ਮੈਨੂੰ ਕਹਿਣ ਲੱਗੀ, Ḕਜੀ ਜਦੋਂ ਤੇਰੇ ਨਾਲ ਮੇਰਾ ਸਾਕ ਪੱਕਾ ਹੋਇਆ ਸੀ, ਰੋਜ਼ ਰਾਤ ਨੂੰ ਮੇਰੀ ਗੁੱਤ ਜਾਣੀ ਦੀ ਨਾ ਜਿਵੇਂ ਸੱਪਣੀ ਬਣ ਜਾਂਦੀ ਤੇ ਮੇਰੀ ਹਿੱਕ ‘ਤੇ ਲੜ ਜਾਂਦੀ। ਮੈਨੂੰ ਹਮੇਸ਼ਾਂ ਸੁਪਨੇ ‘ਚ ਇਓਂ ਲਗਦਾ ਜਿਵੇਂ ਤੂੰ ਮੇਰੇ ਮੂੰਹ ਤੋਂ ਚੁੰਨੀ ਸਰਕੋਂਦਾ ਹੋਵੇ।Ḕ
ਭਾਗ ਕਈ ਸਾਲ ਪਿੱਛੇ ਚਲਾ ਗਿਆ। ਮੈਨੂੰ ਐਂ ਲਗਦਾ ਜਿਵੇਂ ਕਾਲੀ ਰਾਤ ‘ਚ ਤਾਰੇ ਝੁਰਮਟ ਪਾਈ ਬੈਠੇ ਹੋਣ। ਉਹਦਾ ਚਿਹਰਾ ਐਂ ਲੱਗਦਾ ਸੀ ਜਿਵੇਂ ਅਸਮਾਨ ‘ਤੇ ਤਾਰੇ ਹੌਲੀ-ਹੌਲੀ ਝੜ ਰਹੇ ਹੋਣ ਤੇ ਉਨ੍ਹਾਂ ਦੀ ਰੌਸ਼ਨੀ ‘ਚ ਭਾਗ ਨੂੰ ਪਹਿਲੀ ਵਾਰ ਰਾਤ ਨੂੰ ਸਤਰੰਗੀ ਪੀਂਘ ਪੈਂਦੀ ਨਜ਼ਰ ਆਉਣ ਲੱਗੀ ਤੇ ਓਸ ਸਤਰੰਗੀ ਪੀਂਘ ‘ਤੇ ਭਾਗ ਅਤੇ ਉਸ ਦੀ ਘਰਵਾਲੀ ਝੂਟੇ ਲੈਣ ਲੱਗੇ। ਪੀਂਘ ਦੋਹਾਂ ਨੇ ਐਨੀ ਉਚੀ ਚੜ੍ਹਾਈ ਕਿ ਬੱਦਲਾਂ ਨੂੰ ਛੂ ਕੇ ਮੁੜੀ। ਫੇਰ ਜਦ ਵੀ ਸਤਰੰਗੀ ਪੀਂਘ ਪੈਂਦੀ, ਅਸੀਂ ਦੋਵੇਂ ਜੀਅ ਇਕ ਦੂਜੇ ਨਾਲ ਅੱਖ ਮਿਲਾ ਕੇ ਹੱਸ ਪੈਂਦੇ। ਭਤੀਜ ਤੇਰੀ ਚਾਚੀ ਨੂੰ ਸਤਰੰਗੀ ਪੀਂਘ ਪੈਂਦੀ ਬਹੁਤ ਪਸੰਦ ਸੀ।
ਮੈਂ ਵੀ ਕਈ ਵਾਰ ਉਹਨੂੰ ਛੇੜਦਾ। Ḕਅੱਜ ਪੁਆ ਦਿਆਂ ਫੇਰ ਸਤਰੰਗੀ ਪੀਂਘ?Ḕ ਉਹ ਮੈਨੂੰ ਕਹਿੰਦੀ, Ḕਆਹੋ ਪਵਾ ਦੇ।Ḕ ਤੇ ਸ਼ਰਮਾ ਕੇ ਨੀਵੀਂ ਪਾ ਲੈਂਦੀ। ਮੇਰੇ ਨਾਲ ਉਸ ਦਾ ਮੋਹ ਬਾਹਲਾ ਸੀ। ਜਦ ਭੀਡਾ ਹੋਣ ਵਾਲਾ ਸੀ, ਉਹ ਅਕਸਰ ਮੈਨੂੰ ਕਹਿੰਦੀ, Ḕਆਪਾਂ ਏਸ ਬੱਚੇ ਨੂੰ ਪੜ੍ਹੌਣਾ ਜ਼ਰੂਰ ਐ।Ḕ ਫੇਰ ਭਤੀਜ ਜਦ ਭੀਡਾ ਪੰਜ ਕੁ ਸਾਲ ਦਾ ਹੋਇਆ ਤਾਂ ਉਹ ਭੀਡੇ ਨੂੰ ਪਿੰਡ ਵਾਲੇ ਸਕੂਲ ਛੱਡ ਕੇ ਆਉਂਦੀ, ਆਪ ਲੈ ਕੇ ਆਉਂਦੀ। ਉਸ ਦਿਨ ਵੀ ਉਹ ਭੀਡੇ ਨੂੰ ਸਕੂਲੋਂ ਲੈਣ ਗਈ ਸੀ ਤੇ ਜਦ ਫਿਰਨੀ ਤੋਂ ਅੱਗੇ ਗਈ ਤਾਂ ਪਤਾ ਨ੍ਹੀਂ ਇਕ ਟਰੈਕਟਰ ਵਾਲਾ ਰੇਤੇ ਦੀ ਟਰਾਲੀ ਭਰ ਕੇ ਭਜਾਈ ਆਉਂਦਾ ਸੀ, ਉਸ ਨੇ ਭੀਡੇ ਦੀ ਮਾਂ ‘ਤੇ ਟਰੈਕਟਰ ਚੜ੍ਹਾ ਦਿਤਾ ਤੇ ਉਸ ਨੂੰ ਪੱਚੀ ਤੀਹ ਫੁੱਟ ਘਸੀਟਦਾ ਲੈ ਗਿਆ।
ਜਦ ਮੈਂ ਜਾ ਕੇ ਦੇਖਿਆ ਤਾਂ ਸਰੀਰ ਦਾ ਕੋਈ ਹਿੱਸਾ ਨ੍ਹੀਂ ਬਚਿਆ ਸੀ ਜਿੱਥੇ ਸੱਟ ਨਾ ਹੋਵੇ ਤੇ ਉਹ ਵਿਚਾਰੀ ਉਥੇ ਹੀ ਦਮ ਤੋੜ ਗਈ। ਤੇ ਮੇਰੀ ਸਤਰੰਗੀ ਪੀਂਘ ਟੁੱਟ ਗਈæææ।”
ਇਹ ਕਹਿ ਕੇ ਉਹ ਕਿੰਨੀ ਦੇਰ ਚੁੱਪ ਬੈਠਾ ਰਿਹਾ। ਕਿੰਨੀ ਦੇਰ ਭਾਗ ਤੇ ਕਾਕਾ ਬੋਲੇ ਨਾ। ਭਾਗ ਦਾ ਗਲਾ ਭਰ ਆਇਆ ਸੀ। ਉਹਨੇ ਅਸਮਾਨ ਵੱਲ ਨਿਗ੍ਹਾ ਮਾਰੀ ਜਿਵੇਂ ਸਤਰੰਗੀ ਪੀਂਘ ਦੇਖ ਰਿਹਾ ਹੋਵੇ ਪਰ ਅਸਮਾਨ ਤਾਂ ਬਿਲਕੁਲ ਸਾਫ ਸੀ। ਕਿਤੇ-ਕਿਤੇ ਤਿੱਤਰਫੰਗੀ ਬਦਲੀ ਜਿਹੀ ਨਜ਼ਰੀਂ ਪੈਂਦੀ ਆ। ਸਾਰਾ ਮਾਹੌਲ ਚੁੱਪ ਹੈ ਜਿਵੇਂ ਸਾਰੀ ਕਾਇਨਾਤ ਭਾਗੇ ਦੀ ਕਹਾਣੀ ਸੁਣਨ ਲਈ ਸਾਹ ਰੋਕੀ ਬੈਠੀ ਹੋਵੇ।
“ਫੇਰ ਕੀ ਹੋਇਆ ਚਾਚਾ?”
“ਫੇਰ ਕੀ ਭਤੀਜ, ਮੈਂ ਫੇਰ ਇਕੱਲੇ ਨੇ ਭੀਡੇ ਨੂੰ ਪਾਲ੍ਹਿਆ।”
“ਤੂੰ ਹੋਰ ਵਿਆਹ ਕਰਵੌਣ ਦੀ ਕੋਸ਼ਿਸ਼ ਨ੍ਹੀਂ ਕੀਤੀ?”
“ਭਤੀਜ ਦਿਲੋਂ ਪੁੱਛੇ ਤਾਂ ਮੇਰਾ ਦੁਬਾਰਾ ਵਿਆਹ ਕਰਵੌਣ ਨੂੰ ਚਿੱਤ ਜਿਹਾ ਹੀ ਨੀਂ ਕੀਤਾ ਤੇ ਦੂਜਾ ਘੱਟ ਜਮੀਨੇ ਜੱਟ ਨੂੰ ਦੁਬਾਰਾ ਕਿਹੜਾ ਕੁੜੀ ਦਿੰਦੈ?”
ਉਹ ਕਿੰਨੀ ਦੇਰ ਬਾਅਦ ਵਾਪਿਸ ਮੁੜਿਆ ਜਦ ਕਾਕਾ ਜੀ ਨੇ ਉਹਨੂੰ ਹੋਰ ਹਾੜਾ ਲਾਉਣ ਲਈ ਕਿਹਾ। ਤੇ ਫੇਰ ਕਾਕਾ ਉਹੀ ਗੱਲ ਪੁੱਛ ਬੈਠਾ ਜਿਹੜੀ ਭਾਗ ਨੂੰ ਸਭ ਤੋਂ ਵੱਧ ਤਕਲੀਫ ਦਿੰਦੀ ਸੀ। ਉਸ ਨੇ ਹਮੇਸ਼ਾਂ ਚਾਹਿਆ ਕਿ ਇਹ ਗੱਲ ਉਸ ਨੂੰ ਕੋਈ ਨਾ ਪੁੱਛੇ ਪਰ ਹਰ ਕੋਈ ਉਸ ਦੀ ਦੁਖਦੀ ਰਗ ‘ਤੇ ਜ਼ਰੂਰ ਹੱਥ ਧਰਦਾ।
“ਚਾਚਾ ਫੇਰ ਤੂੰ ਬੇਜਮੀਨਾ ਕਿਵੇਂ ਹੋਇਆ?”
ਭਾਗ ਨੂੰ ਐਂ ਲੱਗਿਆ, ਜਿਵੇਂ ਕਾਕਾ ਜੀ ਕਹਿ ਰਹੇ ਹੋਣ, “ਚਾਚਾ ਤੂੰ ਫੇਰ ਬੇਜ਼ਮੀਰਾ ਕਿਵੇਂ ਹੋਇਆ?” ਉਹਨੂੰ ਪਤਾ ਹੈ ਬੇਜ਼ਮੀਨੇ ਤੇ ਬੇਜ਼ਮੀਰੇ ਦਾ ਫਰਕ। ਪਰ ਕਾਕਾ ਜੀ ਦਾ ਕਹਿਣ ਦਾ ਮਤਲਬ ਇਹੀ ਸੀ, Ḕਬੇਜ਼ਮੀਰਾ।Ḕ ਉਹ ਬੇਜ਼ਮੀਰਾ ਤਾਂ ਕਦੇ ਵੀ ਨ੍ਹੀਂ ਸੀ ਹੋਇਆ। ਉਸ ਨੇ ਟਾਲਣ ਦੀ ਕੋਸ਼ਿਸ਼ ਕੀਤੀ, “ਦੇਖ ਭਤੀਜ ਜਦ ਕੋਈ ਬੰਦਾ ਰੰਡੀ ਬਜ਼ਾਰ ਜਾਂਦੈ ਤਾਂ ਰੰਡੀ ਨੂੰ ਜ਼ਰੂਰ ਪੁੱਛਦੈ, Ḕਤੂੰ ਇਹ ਧੰਦਾ ਕਿਉਂ ਅਪਨਾਇਆ?Ḕ ਉਸ ਨੂੰ ਵੀ ਪਤਾ ਹੁੰਦਾ, ਇਹਨੇ ਕਿਹੜਾ ਮੇਰਾ ਡੋਲਾ ਲੈ ਜਾਣਾ ਤੇ ਉਹ ਇਹੀ ਕਹਿੰਦੀ ਆ, Ḕਤੂੰ ਆਪਣਾ ਕੰਮ ਕਰ ਤੇ ਤੁਰਦਾ ਹੋ।Ḕ ਏਸੇ ਤਰ੍ਹਾਂ ਮੈਂ ਤੈਨੂੰ ਕਹਿਨਾਂ ਪੁੱਤਰਾ, ਜੋ ਹੋ ਗਿਆ ਸੋ ਗਿਆ, ਤੂੰ ਕਿਹੜਾ ਉਹ ਜਮੀਨ ਦੁਬਾਰਾ ਮੇਰੇ ਨਾਂ ਲਵਾ ਦੇਵੇਂਗਾ? ਛੱਡ ਏਸ ਕਹਾਣੀ ਨੂੰ ਫੇਰ ਕਦੇ ਸਹੀ।”
“ਨਹੀਂ ਚਾਚਾ ਅੱਜ ਮੈਂ ਸੁਣਨੀ ਆ।”
“ਅੱਛਾ ਲੈ ਸੁਣ ਫੇਰ।” ਉਹਨੇ ਇਕ ਮੋਟਾ ਜਿਹਾ ਹਾੜਾ ਪਾ ਲਿਆ ਤੇ ਗੱਲ ਸੁਣੌਨ ਲੱਗਾ, “ਮੇਰੇ ਬਾਪੂ ਜੀ ਦਾ ਨਾਂ ਕੁੰਦਨ ਸਿੰਘ ਸੀ। ਹਿੰਮਤੀ ਬਹੁਤ ਸੀ। ਉਹਦਾ ਜੀਅ ਕਰਦਾ ਕੇ ਉਹ ਤਰੱਕੀ ਕਰੇ ਪਰ ਉਸ ਦਾ ਸੁਪਨਾ ਪੂਰਾ ਨਾ ਹੋਇਆ। ਜਿਸ ਦਿਨ ਉਸ ਦੀ ਮੌਤ ਹੋਈ, ਸਾਡੇ ਘਰ ਸਿਰਫ ਵੀਹ ਕਿਲੋ ਕਣਕ ਸੀ ਤੇ ਅੰਤਾਂ ਦਾ ਕਰਜਾ ਸੀ।
ਬਾਪੂ ਨੇ ਆੜਤੀਆਂ ਦੇ ਪੈਸੇ ਦੇਣੇ ਸੀ ਪਰ ਪੈਸਿਆਂ ਦਾ ਜੁਗਾੜ ਕਿਧਰੋਂ ਨ੍ਹੀਂ ਬਣ ਰਿਹਾ ਸੀ। ਏਸ ਗੱਲ ਦਾ ਝੋਰਾ ਉਹਨੂੰ ਵਿਚੋ ਵਿਚ ਖਾਈ ਜਾਂਦਾ। ਅਸੀਂ ਕੰਮ ਵੀ ਬਥੇਰਾ ਕਰਦੇ ਪਰ ਫੇਰ ਵੀ ਕਮਾਈ ਪਤਾ ਨ੍ਹੀਂ ਕਿਧਰ ਜਾਂਦੀ। ਉਹ ਜਦ ਸ਼ਹਿਰ ਜਾਂਦਾ ਤਾਂ ਘਰ ਵਾਸਤੇ ਜਲੇਬੀਆਂ ਜ਼ਰੂਰ ਲੈ ਕੇ ਆਉਂਦਾ। ਉਸ ਦਿਨ ਮੈਨੂੰ ਕਹਿਣ ਲੱਗਾ, Ḕਲੈ ਬਾਪੂ ਦੇ ਸਿਰ ‘ਤੇ ਖਾ ਲੈ ਜਲੇਬੀਆਂ।Ḕ ਮੈਨੂੰ ਗੱਲ ਦੀ ਸਮਝ ਨਾ ਲੱਗੀ ਜਿਵੇਂ ਉਹਨੂੰ ਪਤਾ ਹੋਵੇ ਕਿ ਹੁਣ ਉਹ ਥੋੜ੍ਹੇ ਦਿਨਾਂ ਦਾ ਮਹਿਮਾਨ ਹੈ। ਮੇਰੇ ਬਾਪੂ ਨੇ ਉਸ ਸਾਲ ਪੰਜ ਕਿਲੇ ਹੋਰ ਠੇਕੇ ‘ਤੇ ਲਏ ਸਨ। ਅਸੀਂ ਕਣਕ ਬੀਜੀ। ਰੇਹ ਪਾ ਕੇ ਪੂਰੀ ਤਕੜੀ ਕਰ ਲਈ। ਤੂੰ ਦੇਖ ਲੈ, ਮੈਂ ਤੇ ਬਾਪੂ ਜਦ ਖੇਤ ਵੱਲ ਗੇੜਾ ਮਾਰਦੇ ਤੇ ਸਾਡਾ ਦੋਹਾਂ ਦਾ ਬੋਲੀਆਂ ਪਾਉਣ ਨੂੰ ਚਿੱਤ ਕਰਦਾ। ਕਣਕ ਨਿੱਸਰ ਗਈ। ਹੌਲੀ-ਹੌਲੀ ਸੁਨਹਿਰੀ ਭਾਅ ਮਾਰਨ ਲੱਗੀ। ਵਿਸਾਖੀ ਦੇ ਦਿਨ ਨੇੜੇ ਆਉਣ ਲੱਗੇ। ਮੌਸਮ ‘ਚ ਤਪਸ਼ ਵੀ ਆਉਣ ਲੱਗੀ।
ਕਣਕ ਦਾ ਰੰਗ ਜਮਾ ਸੋਨੇ ਵਰਗਾ ਲੱਗਣ ਲੱਗਾ। ਐਂ ਲੱਗਦਾ ਸੀ ਜਿਵੇਂ ਖੇਤਾਂ ‘ਚ ਸੋਨਾ ਪਿਆ ਹੋਵੇ। ਬੱਸ ਭਤੀਜ ਫੇਰ ਪਤਾ ਈ ਨ੍ਹੀਂ ਲੱਗਾ ਕਿੱਧਰੋਂ ਅੱਗ ਲੱਗੀ ਤੇ ਸਾਡੇ ਦੇਖਦੇ-ਦੇਖਦੇ ਹੀ ਸਾਰੀ ਕਣਕ ਨੂੰ ਅੱਗ ਪੈ ਗਈ। ਮੈਂ ਤੇ ਬਾਪੂ ਪਾਣੀ ਸਿੱਟਦੇ ਪਰ ਹਵਾ ਅੱਗ ਨੂੰ ਹੋਰ ਭੜਕਾ ਦਿੰਦੀ। ਜਿਵੇਂ ਸਾਡੇ ਵੈਰ ਹੀ ਪੈ’ਗੀ ਹੋਵੇ। ਮੈਂ ਤੇ ਬਾਪੂ ਭੱਜ-ਭੱਜ ਕੇ ਪਾਣੀ ਦੇ ਪੀਪੇ ਚੱਕ ਲਿਆਉਂਦੇ ਤੇ ਅੱਗ ‘ਤੇ ਪਾਈ ਜਾਂਦੇ। ਅੱਗ ਮੂਹਰੇ ਸਾਡੀ ਦੋਹਾਂ ਦੀ ਪੇਸ਼ ਨਾ ਜਾਵੇ। ਮੈਂ ਰਾਹ ‘ਚ ਆ ਕੇ ਉਚੀ-ਉਚੀ ਦੂਰ ਖੇਤਾਂ ਵਾਲਿਆਂ ਨੂੰ ਮਦਤ ਵਾਸਤੇ ਹਾਕਾਂ ਮਾਰਨ ਲੱਗਾ। ਫੇਰ ਮੈਂ ਕੀ ਦੇਖਦਾਂ ਬਾਪੂ ਕਿਧਰੇ ਨਜ਼ਰੀਂ ਨ੍ਹੀਂ ਆ ਰਿਹਾ। ਮੈਂ ਦੁਬਾਰਾ ਖੇਤ ਵੱਲ ਭੱਜ ਕੇ ਗਿਆ। ਉਹ ਵੱਟ ‘ਚ ਅੜਕ ਕੇ ਐਸਾ ਗਿਰਿਆ, ਉਹਦੇ ਤੋਂ ਮੁੜ ਉਠ ਨਾ ਹੋਇਆ। ਮੈਂ ਜਦ ਨੂੰ ਪਾਣੀ ਭਰ ਕੇ ਲਿਆਇਆ, ਮੈਨੂੰ ਉਸ ਦੀ ਚੀਕ ਸੁਣੀ। ਜਦ ਨੂੰ ਮੈਂ ਭੱਜ ਕੇ ਗਿਆ, ਬਾਪੂ ਵੀ ਕਣਕ ਦੇ ਨਾਲ ਹੀ ਮੱਚ ਗਿਆ ਸੀ। ਭਤੀਜ ਮੇਰਾ ਸਭ ਕੁਝæææ।” ਗੱਲ ਭਾਗ ਦੇ ਅੰਦਰ ਹੀ ਅਟਕ ਗਈ, “ਹਵਾ ਦੇ ਬੁੱਲੇ ਨੇ ਉਹਨੂੰ ਆਪਣੀ ਲਪੇਟ ‘ਚ ਲੈ ਲਿਆ ਸੀ ਤੇ ਉਹ ਸਾਹ ਘੁੱਟਣ ਨਾਲ ਉਥੇ ਹੀ ਡਿੱਗ ਪਿਆ ਸੀ। ਜਦ ਮੈਂ ਉਹਨੂੰ ਘੜੀਸ ਕੇ ਬਾਹਰ ਲਿਆਇਆ ਤਾਂ ਉਹਨੇ ਮੈਨੂੰ ਇੱਕੋ ਗੱਲ ਕਹੀ, ਪੁੱਤ ਭੋਂਏ ਜੱਟ ਦੀ ਮਾਂ ਹੁੰਦੀ ਆ, ਏਹਨੂੰ ਸਾਂਭ ਕੇ ਰੱਖੀਂ।” ਫੇਰ ਭਾਗ ਨੇ ਉਚੀ ਦੇ ਕੇ ਕਿਹਾ, “ਉਏ ਬਾਪੂ ਤੂੰ ਕਿੱਥੇ ਚਲੇ ਗਿਆ ਮੈਨੂੰ ‘ਕੱਲੇ ਨੂੰ ਛੱਡ ਕੇ।”
ਫੇਰ ਭਾਗ ਦਾ ਰੋਣ ਡੱਕਿਆ ਨਾ ਗਿਆ ਤੇ ਉਹ ਉਚੀ-ਉਚੀ ਧਾਹਾਂ ਮਾਰ ਕੇ ਰੋਇਆ।
ਆਲਾ ਦੁਆਲਾ ਸਭ ਸ਼ਾਂਤ ਸੀ, ਕਿਤੇ-ਕਿਤੇ ਦੂਰ ਤਿੱਤਰ ਬੋਲਣ ਦੀ ਆਵਾਜ਼ ਆ ਰਹੀ ਸੀ।
ਭਾਗ ਉਠਿਆ ਤੇ ਚੁਬੱਚੇ ਵਾਲੇ ਪਾਣੀ ਨਾਲ ਅੱਖਾਂ ਸਾਫ ਕੀਤੀਆਂ ਤੇ ਬੋਲਿਆ, “ਭਤੀਜ ਅੱਜ ਮੈਂ ਕਿਹੜੇ ਵਹਿਣਾਂ ‘ਚ ਵਹਿ ਤੁਰਿਆ ਟਾਈਮ ਦਾ ਸਾਲਾ ਪਤਾ ਈ ਨ੍ਹੀਂ ਲੱਗਿਆ। ਚੱਲ ਉਠ ਚਲੀਏ, ਭੀਡਾ ਵੀ ਰਾਹ ਦੇਖਦਾ ਹੋਣਾ, ਉਹ ਵੀ ਆਪਣੀ ਮਾਂ ਵਾਂਗ ਮੇਰੇ ਬਿਨਾ ਰੋਟੀ ਨ੍ਹੀਂ ਖਾਂਦਾ। ਭਾਗੇ ਨੇ ਸਾਈਕਲ ਚੱਕਿਆ ਤੇ ਮੋਟਰਸਾਈਕਲ ਵੱਲ ਬਿਨਾ ਨਿਗ੍ਹਾ ਮਾਰੇ ਬਿਨਾ ਪਿੰਡ ਵਲ ਨੂੰ ਤੁਰ ਪਿਆ।