ਪੰਜਾਬ ਦੀ ਸਿਆਸਤ ਵਿਚ ਨਵੀਂ ਸਫਬੰਦੀ ਉਭਰੀ

ਆਮ ਆਦਮੀ ਪਾਰਟੀ ਇਕ ਵਾਰ ਮੁੜ ਸੰਕਟ ਵਿਚ
ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਵਲੋਂ ਭੁਲੱਥ ਦੇ ਵਿਧਾਇਕ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕੀਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਕੀਤੀ ਬਠਿੰਡਾ ਕਾਨਫਰੰਸ ਨੇ ਸੂਬੇ ਵਿਚ ਨਵੇਂ ਸਿਆਸੀ ਸਮੀਕਰਨਾਂ ਵੱਲ ਇਸ਼ਾਰਾ ਕੀਤਾ ਹੈ। ਸ਼ ਖਹਿਰਾ ਨੇ ਭਾਵੇਂ ਖੁੱਲ੍ਹ ਕੇ ਐਲਾਨ ਨਹੀਂ ਕੀਤਾ ਪਰ ਇਹ ਸਾਫ ਦਿਸ ਰਿਹਾ ਹੈ ਕਿ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਇਕ ਹੋਰ ਸਿਆਸੀ ਧਿਰ ਮੈਦਾਨ ਵਿਚ ਨਿੱਤਰੇਗੀ।

ਖਾਸ ਗੱਲ ਇਹ ਹੈ ਕਿ ਇਸ ਕਾਰਜ ਵਿਚ ਸ਼ ਖਹਿਰਾ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਵਿਚ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਕੁਝ ਗਰਮਖਿਆਲੀ ਆਗੂ ਵੀ ਸ਼ਾਮਲ ਹਨ। ਇਥੋਂ ਤੱਕ ਕਿ ਰਵਾਇਤੀ ਧਿਰਾਂ- ਕਾਂਗਰਸ ਤੇ ਅਕਾਲੀ ਦਲ ਵੀ ਇਸ ਨਵੀਂ ਧਿਰ ਦੇ ਉਭਾਰ ਤੋਂ ਬਾਗੋਬਾਗ ਹਨ। ਇਹ ਵੀ ਚਰਚਾ ਹੈ ਕਿ ਇਸ ਕਾਨਫਰੰਸ ਵਿਚ ਇੰਨੇ ਵੱਡੇ ਇਕੱਠ ਪਿੱਛੇ ਇਨ੍ਹਾਂ ਸਿਆਸੀ ਧਿਰਾਂ ਦਾ ਹੀ ਹੱਥ ਹੈ। ਆਪ ਆਗੂ ਭਾਵੇਂ ‘ਸਭ ਠੀਕ’ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਮੌਜੂਦਾ ਹਾਲਾਤ ਦੱਸ ਰਹੇ ਹਨ ਕਿ ਪੰਜਾਬ ‘ਚ ਹੁਣ ਇਸ ਧਿਰ ਦੇ ਦੁਫਾੜ ਹੋਣ ਦਾ ਮੁੱਢ ਬੱਝ ਗਿਆ ਹੈ। ਖਹਿਰਾ ਧੜੇ ਨੇ ਹਾਈ ਕਮਾਨ ਨੂੰ ਸਿੱਧੀ ਚੁਣੌਤੀ ਦੇ ਕੇ ਪੰਜਾਬ ਯੂਨਿਟ ਨੂੰ ਖਦਮੁਖਤਾਰ ਐਲਾਨ ਦਿਤਾ ਹੈ।
ਬਾਗੀ ਧੜੇ ਨੇ ਹਾਈ ਕਮਾਨ ਨੂੰ ਦੋ-ਟੁੱਕ ਸੁਨੇਹਾ ਦਿੱਤਾ ਕਿ ਪੰਜਾਬ ਨੂੰ ਹੁਣ ਹਾਈ ਕਮਾਨ ਦੇ ਫੈਸਲੇ ਮਨਜ਼ੂਰ ਨਹੀਂ। ਇਸ ਕਨਵੈਨਸ਼ਨ ਦੇ ਅਖੀਰ ‘ਚ ਛੇ ਮਤੇ ਪਾਸ ਕੀਤੇ ਗਏ ਜਿਨ੍ਹਾਂ ਲਈ ਜੁੜੇ ਇਕੱਠ ਤੋਂ ਹੱਥ ਖੜ੍ਹੇ ਕਰਾ ਕੇ ਪ੍ਰਵਾਨਗੀ ਲਈ ਗਈ। ਬਾਗੀ ਧੜੇ ਨੇ ਮਤਾ ਪਾਸ ਕਰ ਕੇ ‘ਆਪ’ ਦਾ ਪੰਜਾਬ ਯੂਨਿਟ ਭੰਗ ਕਰ ਕੇ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ ਅਤੇ ਪੰਜਾਬ ਯੂਨਿਟ ਨੂੰ ਖੁਦਮੁਖਤਾਰ ਬਣਾਉਣ ਦਾ ਫੈਸਲਾ ਕੀਤਾ। ਖਹਿਰਾ ਧੜੇ ਨੇ ਪੰਜਾਬ ਲਈ ਅੱਠ ਮੈਂਬਰੀ ਐਡਹਾਕ ਸਿਆਸੀ ਮਾਮਲਿਆਂ ਦੀ ਕਮੇਟੀ (ਪੀæਏæਸੀæ) ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਧਿਰ ਦਾ ਦਾਅਵਾ ਹੈ ਕਿ ਕਾਰਜਕਾਰਨੀ ਕਮੇਟੀ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਇਸ ਵੇਲੇ ਖਹਿਰਾ ਧੜੇ ਨਾਲ ਅੱਠ ਵਿਧਾਇਕ ਹਨ। ਸੱਤ ਵਿਧਾਇਕਾਂ ਤੋਂ ਬਾਅਦ ਹੁਣ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵੀ ਇਸ ਧੜੇ ਨਾਲ ਆ ਰਲੇ ਹਨ।
ਸੁਖਪਾਲ ਖਹਿਰਾ ਨੇ ਆਪਣੇ ਇਕ ਘੰਟੇ ਦੇ ਭਾਸ਼ਣ ਵਿਚ ਪੰਜਾਬ ਦੇ ਬੁਨਿਆਦੀ ਮਸਲੇ ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦੀ ਗੱਲ ਕਰਦੇ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਉਭਾਰਿਆ। ਕਿਸਾਨੀ ਤੇ ਜਵਾਨੀ ਤੋਂ ਇਲਾਵਾ ਵਪਾਰੀਆਂ ਦੇ ਦੁੱਖਾਂ ਦਰਦਾਂ ਦਾ ਮੁੱਦਾ ਵੀ ਛੋਹਿਆ। ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ 20 ਵਿਧਾਇਕ ਹਨ। ਖਹਿਰਾ ਦੀ ਕਾਨਫਰੰਸ ਵਿਚ 7 ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਖਹਿਰਾ ਦੇ ਇਸ ਕਾਨਫਰੰਸ ਨੂੰ ਲੀਹੋਂ ਲਾਹੁਣ ਲਈ ‘ਆਪ’ ਹਾਈ ਕਮਾਨ ਨੇ ਕੋਈ ਕਸਰ ਨਹੀਂ ਛੱਡੀ ਸੀ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ ਇਸੇ ਦਿਨ ਦਿੱਲੀ ਬੁਲਾਇਆ ਗਿਆ ਸੀ, ਪਰ ਉਥੇ 12 ਵਿਧਾਇਕ ਹੀ ਪੁੱਜੇ, ਜਦੋਂ ਕਿ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਇਸ ਕਸ਼ਮਕਸ਼ ‘ਚੋਂ ਦੂਰ ਹੀ ਰਹੇ।
ਬਠਿੰਡਾ ਕਾਨਫਰੰਸ ਵਿਚ ਜਿੰਨੇ ਵੱਡੇ ਪੱਧਰ ‘ਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ ਹੈ ਅਤੇ ਜਿਸ ਤਰ੍ਹਾਂ ਦੀ ਦਿਲਚਸਪੀ ਦਿਖਾਈ ਹੈ, ਉਸ ਤੋਂ ਇਹ ਇਕ ਵਾਰ ਫਿਰ ਸਪਸ਼ਟ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਦਾ ਵੱਡਾ ਵਰਗ ਰਾਜ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ। ਇਸੇ ਵਰਗ ਵਲੋਂ ਕੁਝ ਸਾਲ ਪਹਿਲਾਂ ਰਾਜ ਦੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਨਵੀਂ ਉਭਰੀ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਗਿਆ ਸੀ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਵੀ ਇਸ ਪਾਰਟੀ ਨੂੰ ਭਰਪੂਰ ਹੁੰਗਾਰਾ ਭਰਿਆ ਸੀ ਪਰ ਇਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਦੇ ਮਸਲਿਆਂ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਅਸਮਰੱਥ ਰਹੀ, ਜਿਸ ਨਾਲ ਲੋਕਾਂ ਦਾ ਹੌਲੀ-ਹੌਲੀ ਇਸ ਪਾਰਟੀ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ।
ਦੂਜੇ ਪਾਸੇ ਸ਼ ਖਹਿਰਾ ਵੱਲੋਂ ਤਕੜਾ ਇਕੱਠ ਕਰਨ ਤੋਂ ਬਾਅਦ ਕੌਮੀ ਲੀਡਰਸ਼ਿਪ ਵਿਚ ਹਿਲਜੁਲ ਸ਼ੁਰੂ ਹੋ ਗਈ ਹੈ। ਇਸ ਦੇ ਜਵਾਬ ਵਿਚ ਹੁਣ ਆਉਣ ਵਾਲੇ ਕੁਝ ਦਿਨਾਂ ਵਿਚ ਦਿੱਲੀ ਪੱਖੀ ਲੀਡਰਸ਼ਿਪ ਆਪਣੀ ਰੈਲੀ ਕਰਨ ਦੀ ਯੋਜਨਾ ਵਿਚ ਹੈ। ਹਾਈ ਕਮਾਨ ਨੇ ਹਾਲਾਤ ਵੱਸੋਂ ਬਾਹਰ ਹੁੰਦੇ ਵੇਖ ਭਗਵੰਤ ਮਾਨ ਨੂੰ ਮੁੜ ਥਾਪੜਾ ਦੇ ਦਿੱਤਾ ਹੈ। ਤਕਰੀਬਨ ਡੇਢ ਸਾਲ ਪਿੱਛੋਂ ਮਾਨ ਨੇ ਇਕਦਮ ਸਰਗਰਮੀ ਫੜਦੇ ਹੋਏ ਕੰਵਰ ਸੰਧੂ-ਖਹਿਰਾ ਜੋੜੀ ਨੂੰ ਘੇਰਿਆ ਹੋਇਆ ਹੈ।
______________________
ਆਪ ਤੇ ਕਾਂਗਰਸ ਦੇ ਗੱਠਜੋੜ ਦੇ ਚਰਚੇ
ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੀ ਚਰਚਾ ਨੇ ਜ਼ੋਰ ਫੜ ਲਿਆ ਹੈ। ਹੁਣ ਤੱਕ ਇਸ ਗੱਠਜੋੜ ਬਾਰੇ ਨਾਂਹ ਨੁੱਕਰ ਕਰ ਰਹੀ ਆਪ ਨੇ ਪੰਜਾਬ ਵਿਚ ਪਾਰਟੀ ਅੰਦਰ ਉਠੀਆਂ ਭਾਗੀ ਸੁਰਾਂ ਪਿੱਛੋਂ ਇਸ ਬਾਰੇ ਨਰਮੀ ਦਿਖਾਈ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਇਸ ਗੱਠਜੋੜ ਦੀ ਚਰਚਾ ਦੀ ਗੱਲ ਮੰਨਦਿਆਂ ਆਖਿਆ ਹੈ ਕਿ ਫੈਸਲਾ ਕਾਂਗਰਸ ਦੇ ਹੱਥ ਹੈ। ਉਧਰ, ਕਾਂਗਰਸ ਦੇ ਸੀਨੀਅਰ ਆਗੂ ਮੁਨੀਸ਼ ਤਿਵਾੜੀ ਨੇ ਵੀ ਪੰਜਾਬ ਦੇ ਭਲੇ ਲਈ ਇਸ ਗੱਠਜੋੜ ਦੀ ਹਮਾਇਤ ਕੀਤੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਇਸ ਬਾਰੇ ਹਾਮੀ ਭਰ ਚੁੱਕੇ ਹਨ।