ਚੰਡੀਗੜ੍ਹ: ਖਾਲਿਸਤਾਨ ਦੇ ਮੁੱਦੇ ਉਤੇ ਲੰਡਨ ਵਿਚ ਕਰਵਾਏ ਜਾ ਰਹੇ ‘ਰਿਫਰੈਂਡਮ 2020’ ਤੋਂ ਪੰਜਾਬ ਦੀਆਂ ਗਰਮਖਿਆਲੀ ਪਾਰਟੀਆਂ ਦਾ ਟਾਲਾ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਪੰਜਾਬ ਦੀਆਂ ਪੰਥਕ ਧਿਰਾਂ ਵੱਲੋਂ ਕਿਨਾਰਾ ਕਰ ਲੈਣ ਨਾਲ ਇਹ ਸਮਾਗਮ ਵਿਦੇਸ਼ੀ ਸਿੱਖਾਂ ਤੱਕ ਹੀ ਸੀਮਤ ਰਹਿ ਗਿਆ। ਉਮੀਦ ਕੀਤੀ ਜਾ ਰਹੀ ਸੀ ਕਿ ਪੰਜਾਬ ਵਿਚੋਂ ਇਸ ਮੁਹਿੰਮ ਨੂੰ ਵੱਡੇ ਪੱਧਰ ਉਥੇ ਹੁੰਗਾਰਾ ਮਿਲੇਗਾ ਪਰ ਇਸ ਸਮਾਗਮ ਦੀ ਅਗਵਾਈ ਕਰ ਰਹੀ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਵੱਲੋਂ ਅਪਣਾਏ ਰੁਖ ਕਾਰਨ ਸਭ ਠੰਢਾ ਹੀ ਰਿਹਾ ਹੈ।
ਇਹ ਰਾਇਸ਼ੁਮਾਰੀ 2020 ਵਿਚ ਕਰਵਾਈ ਜਾਵੇਗੀ ਪਰ ਇਸ ਤੋਂ ਪਹਿਲਾਂ 12 ਅਗਸਤ ਨੂੰ ਲੰਡਨ ਵਿਚ ਸਮਾਗਮ ਕੀਤਾ ਜਾ ਰਿਹਾ ਹੈ। ਇਸ ਵਿਚ ਵਿਸ਼ਵ ਭਰ ਤੋਂ ਸਿੱਖਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇਣ ਦਾ ਦਾਅਵਾ ਕੀਤਾ ਗਿਆ ਸੀ। ਭਾਰਤ ਵਿਚਲੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਨੂੰ ਵੀ ਸ਼ਮੂਲੀਅਤ ਦਾ ਸੱਦਾ ਮਿਲਿਆ ਹੈ ਪਰ ਫਿਲਹਾਲ ਕਿਸੇ ਵੀ ਜਥੇਬੰਦੀ ਨੇ ਹੁੰਗਾਰਾ ਨਹੀਂ ਭਰਿਆ। ਹਾਲ ਹੀ ਵਿਚ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਹਰਪਾਲ ਸਿੰਘ ਚੀਮਾ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਸ ਫਾਰ ਜਸਟਿਸ ਨੂੰ ਪੱਤਰ ਭੇਜ ਕੇ ਰਿਫਰੈਂਡਮ 2020 ਬਾਰੇ ਸਪਸ਼ਟਤਾ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਦੋਵਾਂ ਜਥੇਬੰਦੀਆਂ ਨੇ ਇਸ ਸਮਾਗਮ ਉਤੇ ਕੁਝ ਸਵਾਲ ਵੀ ਚੁੱਕੇ ਸਨ ਪਰ ਇਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ।
ਦੱਸ ਦਈਏ ਕਿ ‘ਸਿੱਖਸ ਫਾਰ ਜਸਟਿਸ’ ਵੱਲੋਂ ਪੰਜਾਬ ਦੀਆਂ ਪੰਥਕ ਧਿਰਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਕਰਨ ਬਾਰੇ ਕੋਈ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਗਈ। ਇਸ ਜਥੇਬੰਦੀ ਨੇ ਸਮਾਗਮ ਤੋਂ ਪਹਿਲਾਂ ਆਪਣੇ ਹੀ ਕੁਝ ਬੰਦਿਆਂ ਤੋਂ ਪੰਜਾਬ ਵਿਚ ਪੋਸਟਰ ਲਗਵਾਏ ਤੇ ਨੌਜਵਾਨਾਂ ਨੂੰ ਲੰਡਨ ਦਾ ਵੀਜ਼ਾ, ਮੁਫਤ ਖਾਣਾ ਪੀਣਾ ਸਮੇਤ ਹੋਰ ਲਾਲਚ ਦਿੱਤੇ ਗਏ। ਪੰਜਾਬ ਦੀਆਂ ਪੰਥਕ ਧਿਰਾਂ ਇਸੇ ਗੱਲ ਤੋਂ ਨਾਰਾਜ਼ ਹਨ ਕਿ ਇਸ ਸਮਾਗਮ ਲਈ ਸੱਦੇ ਲਈ ਗਲਤ ਰਣਨੀਤੀ ਅਪਣਾਈ ਗਈ। ਕੁਝ ਆਗੂ ਇਹ ਵੀ ਗਿਲਾ ਕਰ ਰਹੇ ਹਨ ਕਿ ਵਿਦੇਸ਼ ਵਿਚ ਬੈਠੇ ਕੁਝ ‘ਘੋਨੇ ਮੋਨੇ’ ਸਿੱਖ ਨੌਜਵਾਨ ਪੀੜ੍ਹੀ ਨੂੰ ਅਸਲ ਮਸਲੇ ਤੋਂ ਦੂਰ ਰੱਖ ਕੇ ਗੁੰਮਰਾਹ ਕਰ ਰਹੇ ਹਨ।
ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਦਾ ਕਹਿਣਾ ਹੈ ਕਿ ਰਾਇਸ਼ੁਮਾਰੀ ਕਰਾਉਣ ਵਾਲੀ ਜਥੇਬੰਦੀ ਕੋਲ ਕੁਝ ਖਦਸ਼ੇ ਪ੍ਰਗਟਾਏ ਗਏ ਹਨ ਤੇ ਸਪੱਸ਼ਟ ਕਰਨ ਲਈ ਆਖਿਆ ਹੈ ਪਰ ਹੁਣ ਤੱਕ ਕੋਈ ਹੁੰਗਾਰਾ ਨਹੀਂ ਆਇਆ। ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਵੀ ਇਸ ਰਾਇਸ਼ੁਮਾਰੀ ਦੀ ਨਾ ਤਾਂ ਹਮਾਇਤ ਕੀਤੀ ਹੈ ਤੇ ਨਾ ਹੀ ਵਿਰੋਧ। ਸਿੱਖਸ ਫਾਰ ਜਸਟਿਸ ਦੀ ਹਮਖਿਆਲੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਉਹ ਲੰਡਨ ਵਿਚ 12 ਅਗਸਤ ਨੂੰ ਸੱਦੇ ਗਏ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ ਪਰ ਉਹ ਸਿੱਖ ਆਜ਼ਾਦੀ ਦੇ ਹਾਮੀ ਹਨ।