ਮੋਗਾ ਘੋਲ: ਵਿਦਿਆਰਥੀ ਸੰਘਰਸ਼ ਦੇ ਸੁਰਖ ਸਫੇ-2

ਪੰਜਾਬ ਦੇ ਸ਼ਾਨਾਂਮੱਤੇ ਇਤਿਹਾਸ ਵਿਚ 1972 ਵਾਲੇ ਮੋਗਾ ਘੋਲ ਦਾ ਬੜਾ ਮਹੱਤਵ ਰਿਹਾ ਹੈ। ਇਹ ਅਸਲ ਵਿਚ ਜੁਝਾਰੂਆਂ ਦੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਸਿੱਧੀ ਟੱਕਰ ਸੀ। ਇਸ ਘੋਲ ਦੀ ਸ਼ੁਰੂਆਤ ਭਾਵੇਂ ਸਿਨੇਮੇ ਦੀਆਂ ਟਿਕਟਾਂ ਤੋਂ ਹੋਈ ਸੀ, ਪਰ ਜਦੋਂ ਸਿਨੇਮੇ ਦੇ ਮਾਲਕਾਂ ਨੇ ਬੁਰਛਾਗਰਦੀ ਨਾਲ ਵਿਦਿਆਰਥੀਆਂ ਨੂੰ ਵੰਗਾਰਿਆ ਅਤੇ ਪੁਲਿਸ ਨੇ ਵੀ ਇਨ੍ਹਾਂ ਬੁਰਛਿਆਂ ਨੂੰ ਸ਼ਹਿ ਦਿੱਤੀ ਤਾਂ ਨਕਸਲੀ ਅੰਦੋਲਨ ਕਾਰਨ ਪਹਿਲਾਂ ਦੀ ਸਿਆਸੀ ਤੌਰ ‘ਤੇ ਭਖੇ ਮਾਹੌਲ ਵਿਚ ਹੋਰ ਤਿੱਖਾਪਣ ਆ ਗਿਆ। ਫਿਰ ਜਦੋਂ ਇਸ ਘੋਲ ਦੀ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਦੀ ਕਮਾਨ ਹੇਠ ਆ ਗਈ ਤਾਂ ਘੋਲ ਦਾ ਰੰਗ ਹੀ ਬਦਲ ਗਿਆ। ਇਸ ਘੋਲ ਵਿਚ ਅਹਿਮ ਰੋਲ ਨਿਭਾਉਣ ਵਾਲੇ ਵਿਦਿਆਰਥੀ ਆਗੂ ਬਿੱਕਰ ਸਿੰਘ ਕੰਮੇਆਣਾ ਨੇ ਉਸ ਦੌਰ ਦੀ ਇਹ ਦਗਦੀ ਕਹਾਣੀ ਬਿਆਨ ਕੀਤੀ ਹੈ। ਇਸ ਦਾ ਦੂਜਾ ਤੇ ਆਖਰੀ ਭਾਗ ਹਾਜ਼ਰ ਹੈ। -ਸੰਪਾਦਕ

ਬਿੱਕਰ ਸਿੰਘ  ਕੰਮੇਆਣਾ*
ਫੋਨ:805-727-0516

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੇਰੀ ਏæਆਈæਐਸ਼ਐਫ਼ ਨਾਲੋਂ ਵੱਖ ਹੋਣ ਦੀ ਵੀ ਆਪਣੀ ਕਹਾਣੀ ਹੈ। ਪਰਮਜੀਤ ਮੱਲਣ ਦੀ ਅਗਵਾਈ ਵਿਚ ਫ਼ਰੀਦਕੋਟ ਜ਼ਿਲ੍ਹੇ ਦੀਆਂ ਦੋ-ਤਿੰਨ ਸੰਸਥਾਵਾਂ ਦੇ ਆਗੂ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਆਏ ਅਤੇ ਵਿਦਿਆਰਥੀਆਂ ਨੂੰ ਸੰਘਰਸ਼ ਛੱਡ ਕੇ ਕਲਾਸਾਂ ਲਾਉਣ ਦੀ ਸਲਾਹ ਦੇਣ ਲੱਗੇ। ਉਨ੍ਹਾਂ ਦੀ ਸਲਾਹ ਅਜੇ ਉਨ੍ਹਾਂ ਦੇ ਬੁੱਲ੍ਹਾਂ ‘ਤੇ ਆਈ ਹੀ ਸੀ ਕਿ ਵਿਦਿਆਰਥੀ ਉਨ੍ਹਾਂ ਉਤੇ ਬਾਜਾਂ ਵਾਂਗ ਝਪਟੇ; ਸਿੱਟੇ ਵਜੋਂ ਸ਼ਾਂਤੀ ਮਿਸ਼ਨ ਦੇ ਇਹ ਦੂਤ ਉਥੋਂ ਉਡਣੇ ਸਿੱਖ ਮਿਲਖਾ ਸਿੰਘ ਵਾਂਗ ਭੱਜੇ। ਮੈਂ ਵਿਦਿਆਰਥੀਆਂ ਨੂੰ ਇਕੱਠੇ ਕਰ ਕੇ ਸੰਘਰਸ਼ ਦੇ ਰਾਹ ‘ਤੇ ਅੱਗੇ ਵਧਣ ਦਾ ਸੱਦਾ ਦਿੱਤਾ। ਇੱਕ ਦਿਨ ਜੁਗਿੰਦਰ ਭਲਾਈਆਣਾ ਪੀæਐਸ਼ਯੂæ ਦੇ ਆਪਣੇ ਵਰਗੇ ਹੋਰ ਲੱਠਮਾਰਾਂ ਨੂੰ ਨਾਲ ਲੈ ਕੇ ਰੇਲ ਗੱਡੀ ਸਾੜਨ ਗਿਆ। ਪੁਲਿਸ ਪੈ ਗਈ ਤੇ ਉਹ ਸੰਘਣੀਆਂ, ਉਚੀਆਂ ਫਸਲਾਂ ਵਿਚ ਦੀ ਲੁਕ ਕੇ ਭੱਜ ਗਏ। ਇਸੇ ਤਰ੍ਹਾਂ ਇੱਕ ਦਿਨ ਬੱਸਾਂ ਫੂਕਣ ਦਾ ਪ੍ਰੋਗਰਾਮ ਬਣਿਆ। ਮੈਂ ਇਸ ਨਾਲ ਸਹਿਮਤ ਨਹੀਂ ਸਾਂ, ਪਰ ਉਨ੍ਹਾਂ ਨੂੰ ਸਮਝਾਉਣ ਦੇ ਇਰਾਦੇ ਨਾਲ, ਨਾਲ ਗਿਆ। ਚੰਦ ਬਾਜੇ ਪਿੰਡ ਕੋਲ ਨਾਕਾਬੰਦੀ ਕਰ ਕੇ ਇਸ ਅਮਲ ਨੂੰ ਅੰਜ਼ਾਮ ਦੇਣਾ ਸੀ। ਮੇਜਰ ਨਿਆਮੀ ਵਾਲਾ, ਕੁਲਵੰਤ ਜਲਾਲੇਆਣਾ, ਬਲਜੀਤ ਭਗਤਾ ਭਾਈ, ਜੁਗਿੰਦਰ ਭਲਾਈਆਣਾ, ਮੰਦਰ ਖੇਮੂਆਣਾ, ਸੁਖਦੇਵ, ਪ੍ਰੀਤ ਨੀਤਪੁਰ ਤੇ ਹੋਰ ਵੀ ਨਾਲ ਸ਼ਾਮਿਲ ਸਨ। ਉਦੋਂ ਹੀ ਪੁਲਿਸ ਦੀ ਟੁਕੜੀ ਆਣ ਧਮਕੀ। ਮੈ ਤੇ ਇੱਕ ਹੋਰ ਵਿਦਿਆਰਥੀ ਉਥੇ ਨੇੜੇ ਹੀ ਸਰਕੰਡੇ ਵਿਚ ਲੁਕ ਗਏ। ਕੁਝ ਲੁਹਾਮਾਂ ਤੇ ਕੱਬਰਵੱਛਾ ਪਿੰਡ ਵੱਲ ਭੱਜ ਗਏ। ਮੰਦਰ ਖੇਮੂਆਣਾ ਪੁਲ ‘ਤੇ ਬੈਠਾ ਰਿਹਾ ਸੀ ਜਿਸ ਨੂੰ ਫੜ ਕੇ ਪੁਲਿਸ ਥਾਣੇ ਲੈ ਗਈ ਪਰ ਅਗਲੇ ਦਿਨ ਮਹਿੰਦਰ ਸਿੰਘ ਰੁਮਾਣਾ, ਜੋ ਫਰੀਦਕੋਟ ਦੇ ਨਾਮੀ ਵਕੀਲ ਹਨ, ਹੋਰ ਦੋਸਤਾਂ ਨਾਲ ਜਾ ਕੇ ਛੁਡਾ ਲਿਆਏ। ਬਾਅਦ ਵਿਚ ਸੁਖਦੇਵ ਤੇ ਪ੍ਰੀਤ ਨੀਤਪੁਰ ਵੀ ਪੁਲਿਸ ਨੇ ਕਾਬੂ ਕਰ ਲਏ ਜਿਨ੍ਹਾਂ ਨੂੰ ਵੀ ਕੁੱਝ ਦਿਨਾਂ ਬਾਅਦ ਛੁਡਾ ਲਿਆ ਗਿਆ।
ਚੰਦ ਬਾਜੇ ਵਾਲੀ ਘਟਨਾ ਤੋਂ ਅਗਲੇ ਦਿਨ ਜਦੋਂ ਮੈਂ ਕਾਲਜ ਪਹੁੰਚਿਆ ਤਾਂ ਬਹੁਤ ਵੱਡੀ ਗਿਣਤੀ ਵਿਚ ਪੁਲਿਸ ਉਥੇ ਖੜ੍ਹੀ ਸੀ। ਐਸ਼ਡੀæਐਮæ ਸੂਰਤਾ ਸਿੰਘ, ਡੀæਐਸ਼ਪੀæ ਦੌਲਤ ਰਾਮ ਅਤੇ ਪ੍ਰਿੰਸੀਪਲ ਆਰæਜੀæ ਬਾਜਪਾਈ ਇੱਕ ਪਾਸੇ ਖੜ੍ਹੇ ਵਿਚਾਰਾਂ ਕਰ ਰਹੇ ਸਨ। ਹਥਿਆਰਬੰਦ ਪੁਲਿਸ ਤਿਆਰ-ਬਰ-ਤਿਆਰ ਹੁਕਮ ਦੀ ਉਡੀਕ ਕਰ ਰਹੀ ਸੀ। ਘੋੜਿਆਂ ਵਾਲੀ ਪੁਲਿਸ ਵਾਲੇ ਵੀ ਇਧਰ-ਉਧਰ ਦੁੜਕੀਆਂ ਲਾ ਰਹੇ ਸਨ। ਡਾਂਗਾਂ ਵਾਲੇ ਪੁਲਸੀਏ ਵੀ ਕਮਰ ਕੱਸੀ ਖੜ੍ਹੇ ਸਨ। ਗੁਰੂ ਨਾਨਕ ਪਾਰਕ ਦੀ ਸਟੇਜ ‘ਤੇ 50 ਕੁ ਵਿਦਿਆਰਥੀ ਹੱਥਾਂ ‘ਚ ਗੰਡਾਸੇ, ਡਾਂਗਾਂ, ਬਰਛੇ, ਕਾਪੇ, ਟਕੂਏ ਤੇ ਤਲਵਾਰਾਂ ਫੜੀ ਨਾਹਰੇ ਮਾਰ ਰਹੇ ਸਨ, “ਮੋਗਾ ਦੇ ਸ਼ਹੀਦ ਅਮਰ ਰਹਿਣਗੇ”, “ਖੂਨ ਦਾ ਬਦਲਾ ਖੂਨ ਸੇ ਲੇਗੇਂ”, “ਪੰਜਾਬ ਦੀ ਬੁੱਚੜ ਪੁਲਿਸ ਮੁਰਦਾਬਾਦ” ਆਦਿ। ਮੈਂ ਅਜੇ ਵਿਦਿਆਰਥੀਆਂ ਕੋਲ ਜਾਣ ਦੀ ਤਿਆਰੀ ਹੀ ਕਰਨ ਲੱਗਾ ਸਾਂ ਜਦੋਂ ਐਸ਼ਡੀæਐਮæ ਨੇ ਵਿਦਿਆਰਥੀਆਂ ਉਪਰ ਪੁਲਿਸ ਕਾਰਵਾਈ ਦਾ ਹੁਕਮ ਦੇ ਦਿੱਤਾ ਜੋ ਵਾਰਨਿੰਗ ਦੇਣ ਤੋਂ ਬਾਅਦ ਵੀ ਡਟੇ ਹੋਏ ਸਨ। ਮੈਂ ਕਿਹਾ, “ਰੁਕੋ।” ਕਮਾਲ ਹੋ ਗਈ; ਸਾਰੀ ਦੀ ਸਾਰੀ ਪੁਲਿਸ ਥਾਂ ਪੁਰ ਥਾਂ ਰੁਕ ਗਈ ਅਤੇ ਐਸ਼ਡੀæਐਮæ, ਡੀæਐਸ਼ਪੀæ ਅਤੇ ਪ੍ਰਿੰਸੀਪਲ ਬਾਜਪਾਈ ਮੇਰੇ ਕੋਲ ਆ ਕੇ ਕਹਿਣ ਲੱਗੇ ਕਿ ਵਿਦਿਆਰਥੀਆਂ ਨੂੰ ਕਹਿ ਕੇ ਡਾਂਗਾਂ ਬਰਛੇ ਆਦਿ ਸੁੱਟ ਕੇ, ਹੱਥ ਖੜ੍ਹੇ ਕਰ ਕੇ ਗ੍ਰਿਫਤਾਰੀ ਦੇਣ।
ਜਿੱਥੇ ਮੈਂ ਚਾਹੁੰਦਾ ਸੀ ਕਿ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ, ਉਥੇ ਮੈਂ ਉਨ੍ਹਾਂ ਦਾ ਸਵੈਮਾਨ ਤੇ ਹੌਸਲਾ ਵੀ ਬੁਲੰਦ ਰੱਖਣਾ ਚਾਹੁੰਦਾ ਸਾਂ। ਮੈਂ ਕਿਹਾ, “ਐਸ਼ਡੀæਐਮæ ਸਾਹਿਬ, ਪੁਲਿਸ ਨੂੰ ਹੁਕਮ ਦੇਵੋ ਕਿ ਘੇਰਾ ਖਤਮ ਕਰਨ ਤੇ ਮੈਂ ਵਿਦਿਆਰਥੀਆਂ ਨੂੰ ਬਾਹਰ ਲੈ ਜਾਵਾਂਗਾ, ਪਰ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।” ਅਖੀਰ ਮੇਰੀ ਗੱਲ ਮੰਨ ਲਈ ਗਈ ਤੇ ਪੁਲਿਸ ਕਾਲਜ ਵਿਚੋਂ ਬਾਹਰ ਚਲੀ ਗਈ ਤੇ ਵਿਦਿਆਰਥੀ ਆਪੋ-ਆਪਣੇ ਘਰਾਂ ਨੂੰ। ਉਸੇ ਹੀ ਦਿਨ ਕਾਲਜ ਦੇ ਆਗੂ ਦਸਤੇ ਦੀ ਮੀਟਿੰਗ ਕਰ ਕੇ ਫੈਸਲਾ ਕੀਤਾ ਗਿਆ ਕਿ ਹੁਣ ਜਿੰਨਾ ਚਿਰ ਸਿਰ ਤੋਂ ਪਾਣੀ ਨਾ ਲੰਘ ਜਾਵੇ, ਜਮਹੂਰੀ ਅਮਲ ਰਾਹੀਂ ਰੈਲੀਆਂ-ਮੁਜ਼ਾਹਰੇ ਹੀ ਕਰਨੇ ਹਨ।
ਇਸ ਫੈਸਲੇ ‘ਤੇ ਅਮਲ ਦੀ ਕੜੀ ਵਜੋਂ ਅਗਲੇ ਹੀ ਦਿਨ ਗਿਆਨੀ ਜ਼ੈਲ ਸਿੰਘ ਦੀ ਅਰਥੀ ਫੂਕਣ ਲਈ ਮੁਜ਼ਾਹਰਾ ਰੱਖ ਲਿਆ। ਇਕੱਠ ਕਰਨ ਲਈ ਸੁਨੇਹੇ ਦੇਣ ਵਾਸਤੇ ਜ਼ਿੰਮੇਵਾਰੀਆਂ ਵੰਡ ਕੇ ਸ਼ਹਿਰ ਦੀਆਂ ਗਲੀਆਂ ਤੇ ਪਿੰਡਾਂ ਦੇ ਰਾਹ ਪੈ ਗਏ। ਦੂਜੇ ਦਿਨ ਸਵੇਰੇ ਇੱਕ-ਇੱਕ ਕਰ ਕੇ ਇਕੱਤਰ ਹੋਣੇ ਸ਼ੁਰੂ ਹੋਏ ਵਿਦਿਆਰਥੀ ਅਤੇ ਹੋਰ ਜੁਝਾਰੂ ਨੌਜੁਵਾਨ ਨੌ ਵਜੇ ਤੱਕ, ਵੱਡੀ ਗਿਣਤੀ ਵਿਚ ਬ੍ਰਜਿੰਦਰਾ ਕਾਲਜ ਦੇ ਬਾਹਰ ਇਕੱਤਰ ਹੋ ਗਏ। ਵਿੱਦਿਅਕ ਸੰਸਥਾਵਾਂ ਬੇਸ਼ੱਕ ਬੰਦ ਸਨ, ਫਿਰ ਵੀ ਫ਼ਰੀਦਕੋਟ ਦੀਆਂ ਹੋਰ ਸੰਸਥਾਵਾਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਮੁਜ਼ਾਹਰੇ ਵਿਚ ਸ਼ਾਮਿਲ ਹੋਣ ਲਈ ਆਏ। ਅਰਥੀ ਤਿਆਰ ਸੀ। ਰਿਕਸ਼ੇ ਅਤੇ ਸਪੀਕਰ ਦਾ ਪ੍ਰਬੰਧ ਕੀਤਾ ਗਿਆ। ਅਕਾਸ਼-ਗੁੰਜਾਊ ਨਾਹਰਿਆਂ ਨਾਲ ਇਕੱਠ ਬਜ਼ਾਰ ਨੂੰ ਚੱਲ ਪਿਆ। ਜੁਬਲੀ ਸਿਨੇਮੇ ਵਾਲੇ ਚੌਕ ‘ਚ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਜਲੂਸ ਨੂੰ ਵਾਪਿਸ ਮੁੜਨ ਲਈ ਕਿਹਾ ਗਿਆ ਪਰ ਅਸੀਂ ਨਾ ਰੁਕੇ। ਲਾਠੀਚਾਰਜ ਦਾ ਹੁਕਮ ਹੋ ਗਿਆ। ਨਿਹੱਥੇ ਵਿਦਿਆਰਥੀਆਂ ਅਤੇ ਹੋਰ ਜੁਝਾਰੂਆਂ ਉਤੇ ਅੰਨ੍ਹੇਵਾਹ ਡਾਂਗਾਂ ਵਾਹੀਆਂ ਗਈਆਂ। ਕਈਆਂ ਨੇ ਪੁਲਿਸ ਵਾਲਿਆਂ ਤੋਂ ਹੀ ਡਾਂਗਾਂ ਖੋਹ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਘੋੜਾ ਪੁਲਿਸ ਰਾਹੀਂ ਵੀ ਵਿਸ਼ੇਸ਼ ਡੰਡਿਆਂ ਨਾਲ ਜ਼ਬਰਦਸਤ ਹੱਲਾ ਬੋਲਿਆ ਗਿਆ। ਰਾਈਫਲਾਂ ਲਈ ਖੜ੍ਹੇ ਪੁਲਿਸ ਵਾਲਿਆਂ ਨੂੰ ਵੀ ਗੋਲੀ ਚਲਾਉਣ ਦੇ ਹੁਕਮ ਦੀ ਉਡੀਕ ਕਰਨ ਲਈ ਕਿਹਾ ਗਿਆ। ਇੱਕ ਵਾਰੀ ਤਾਂ ਮੈਦਾਨ ਇੰਨਾ ਭਖ ਗਿਆ ਕਿ ਲੱਗਣ ਲੱਗਾ ਕਿ ਗੋਲੀ ਚੱਲੀ ਕੇ ਚੱਲੀ, ਪਰ ਨਿਹੱਥਿਆਂ ਦਾ ਹਥਿਆਰਬੰਦਾਂ ਨਾਲ ਮੁਕਾਬਲਾ ਕਿੰਨਾ ਕੁ ਚਿਰ ਹੁੰਦਾ? ਅਖੀਰ ਉਥੇ ਮੈਂ ਹੀ ਇੱਕਲਾ ਖੜ੍ਹਾ ਰਿਹਾ ਤੇ ਬਾਕੀ ਪਿੱਛੇ ਹਟ ਗਏ ਜਾਂ ਖਿੰਡ-ਪੁੰਡ ਗਏ। ਮੇਰੇ ਵੱਲ ਰਾਈਫਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਗਈ, ਪਰ ਮੈਂ ਇਸ ਦੀ ਪਰਵਾਹ ਨਾ ਕਰਦਿਆਂ ਪੈਰ ਗੱਡ ਕੇ ਖੜ੍ਹਾ ਰਿਹਾ। ਮੈਨੂੰ ਗ੍ਰਿਫਤਾਰ ਕਰ ਕੇ ਕੋਤਵਾਲੀ ਲੈ ਗਏ। ਕੁੱਝ ਹੋਰ ਵਿਦਿਆਰਥੀ ਆਗੂ ਵੀ ਪਿੱਛਾ ਕਰ ਕੇ ਫੜ ਲਿਆਂਦੇ ਪਰ ਸ਼ਾਮ ਨੂੰ ਸਾਨੂੰ ਛੱਡ ਦਿੱਤਾ ਗਿਆ। ਉਸ ਦਿਨ ਡਾਂਗਾਂ ਮਾਰ-ਮਾਰ ਰਿਕਸ਼ਾ ਤੇ ਸਪੀਕਰ ਵੀ ਭੰਨ ਦਿੱਤੇ ਸਨ। ਮਗਰੋਂ ਵਿਦਿਆਰਥੀਆਂ ਨੇ ਪੈਸੇ ਇਕੱਠੇ ਕਰ ਕੇ ਉਨ੍ਹਾਂ ਦੇ ਮਾਲਕਾਂ ਨੂੰ ਨਵੇਂ ਲੈ ਦਿੱਤੇ।
ਅਰਥੀ ਫੂਕ ਮੁਜ਼ਾਹਰੇ ਵਾਲੀ ਘਟਨਾ ਤੋਂ ਬਾਅਦ ਅਗਲੇ ਦਿਨ ਹੀ ਪਤਾ ਲੱਗਾ ਕਿ ਮਾਸਟਰ ਮਦਨ ਪਾਲ ਭਗਤਾ ਭਾਈ ਦੀ ਅਗਵਾਈ ਵਿਚ ਕੁੱਝ ਟਰੱਕਾਂ ‘ਤੇ ਫ਼ਰੀਦਕੋਟ ਮੁਜ਼ਾਹਰਾ ਕਰਨ ਲਈ ਪਿੰਡਾਂ ਦੇ ਨੌਜਵਾਨ, ਵਿਦਿਆਰਥੀ ਤੇ ਕਿਸਾਨ ਆ ਰਹੇ ਹਨ ਜਿਸ ਵਿਚ ਕੰਵਰ ਥਰਾਜ, ਮਾਸਟਰ ਰੂਪ ਸਿੰਘ ਥਰਾਜ ਤੇ ਮਾਸਟਰ ਬਹਾਦਰ ਸਿੰਘ ਥਰਾਜ ਆਦਿ ਵੀ ਆਗੂ ਦਸਤੇ ਵਿਚ ਸ਼ਾਮਿਲ ਹਨ। ਇਹ ਵੀ ਦੱਸਿਆ ਗਿਆ ਕਿ ਮਾਸਟਰ ਮਦਨ ਪਾਲ ਦਾ ਟੈਂਪੂ ਪੁਲਿਸ ਲੈ ਗਈ ਸੀ ਜਿਸ ਨਾਲ ਉਹ ਸਵੇਰੇ ਸਵਖਤੇ ਹੀ ਮੁਜ਼ਾਹਰੇ ਲਈ ਉਨ੍ਹਾਂ ਲੋਕਾਂ ਨੂੰ ਇਕੱਠੇ ਕਰ ਰਿਹਾ ਸੀ ਜੋ ਖ਼ੁਦ ਕਿਸੇ ਸਾਧਨ ਰਾਹੀਂ ਨਹੀਂ ਸੀ ਪਹੁੰਚ ਸਕਦੇ।æææਤੇ ਕਾਫਲੇ ਨੇ ਫਰੀਦਕੋਟ ਚਾਲੇ ਪਾਉਣ ਤੋਂ ਪਹਿਲਾਂ ਦਿਆਲਪੁਰੇ ਥਾਣੇ ਦਾ ਘਿਰਾਉ ਕਰ ਕੇ ਟੈਂਪੂ ਛੁਡਾ ਲਿਆ ਸੀ।
ਜਦੋਂ ਇਸ ਕਾਫਲੇ ਦਾ ਪਤਾ ਲੱਗਾ, ਉਦੋਂ ਅਸੀਂ ਰੈਲੀ ਲਈ ਬ੍ਰਜਿੰਦਰਾ ਕਾਲਜ ਵਿਚ ਇਕੱਠੇ ਹੋ ਰਹੇ ਸਾਂ ਤੇ ਉਥਂੋ ਹੀ ਸ਼ਹਿਰ ਤੋਂ ਬਾਹਰ ਉਨ੍ਹਾਂ ਨਾਲ ਰਲਣ ਲਈ ਚੱਲ ਪਏ। ਜਦੋਂ ਫ਼ਰੀਦਕੋਟ ਵਾਲੀਆਂ ਸਰਹਿੰਦ ਫੀਡਰ ਤੇ ਰਾਜਸਥਾਨ ਨਹਿਰਾਂ ਦੇ ਜੌੜੇ ਪੁਲਾਂ ‘ਤੇ ਪਹੁੰਚੇ ਤਾਂ ਪੁਲਿਸ ਨੇ ਉਥੇ ਬਹੁਤ ਤਕੜੀ ਨਾਕਾਬੰਦੀ ਕੀਤੀ ਹੋਈ ਸੀ। ਸਾਡੇ ਪਹੁੰਚਦਿਆਂ ਤੱਕ ਪੁਲਾਂ ਦੇ ਦੂਜੇ ਪਾਸੇ ਕਾਫ਼ਲਾ ਵੀ ਆ ਗਿਆ। ਕਾਫ਼ਲਾ ਟਰੱਕਾਂ ਤੋਂ ਉਤਰ ਕੇ ਨਾਹਰੇ ਮਾਰਨ ਲੱਗ ਪਿਆ। ਸਾਨੂੰ ਫ਼ਰੀਦਕੋਟ ਵਾਲੇ ਪਾਸੇ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ ਤੇ ਕਾਫਲੇ ਵਾਲੇ ਜੁਝਾਰੂਆਂ ‘ਤੇ ਪਹਿਲਾਂ ਦੱਬ ਕੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਬਾਅਦ ਵਿਚ ਲਾਠੀਚਾਰਜ ਸ਼ੁਰੂ ਕਰ ਦਿੱਤਾ। ਮੁਕਾਬਲੇ ਲਈ ਮੁਜ਼ਾਹਰਾਕਾਰੀ ਟਰੱਕਾਂ ਵਿਚ ਇੱਟਾਂ, ਪੱਥਰ ਤੇ ਡਾਂਗਾਂ ਲਿਆਏ ਸਨ ਪਰ ਰੌਲਾ ਪੈਣ ‘ਤੇ ਟਰੱਕਾਂ ਵਾਲੇ ਆਪਣੇ ਟਰੱਕ ਭਜਾ ਕੇ ਲੈ ਗਏ। ਪੁਲਿਸ ਵਾਲੇ ਕੁੱਟਦੇ ਹੋਏ ਉਨ੍ਹਾਂ ਨੂੰ ਸੰਧਵਾ ਪਿੰਡ, ਜੋ ਉਥੋਂ ਲਗਭਗ ਪੰਜ ਕੁ ਕਿਲੋਮੀਟਰ ਸੀ, ਕੋਟਕਪੂਰੇ ਵਾਲੇ ਪਾਸੇ ਟਪਾ ਕੇ ਆਏ ਸਨ ਪਰ ਰਾਹ ਵਿਚ ਜਿੱਥੇ ਵੀ ਮੁਜ਼ਾਹਰਾਕਾਰੀਆਂ ਨੂੰ ਇੱਟਾਂ-ਪੱਥਰਾਂ ਦੇ ਢੇਰ ਮਿਲ ਜਾਂਦੇ, ਉਹ ਪੁਲਿਸ ਨੂੰ ਪਿੱਛੇ ਭੱਜਣ ਲਈ ਮਜਬੂਰ ਕਰ ਦਿੰਦੇ ਸਨ।
ਇਸੇ ਤਰ੍ਹਾਂ ਮੋਗਾ ਗੋਲੀ ਕਾਂਡ ਵਾਪਰਨ ਦੇ ਕੁਝ ਦਿਨ ਬਾਅਦ ਹੀ ਘੋਲੀਆਂ ਖੁਰਦ ਦੇ ਉਘੇ ਦੇਸ਼ ਭਗਤ ਬਾਬਾ ਬਚਨ ਸਿੰਘ ਘੋਲੀਆਂ ਦੀ ਭਤੀਜ ਨੂੰਹ ਤੇ ਕਿਸਾਨ ਆਗੂ ਪ੍ਰੀਤਮ ਸਿੰਘ ਨੰਬਰਦਾਰ ਦੀ ਪਤਨੀ ਅੰਗਰੇਜ਼ ਕੌਰ ਦੀ ਅਗਵਾਈ ਵਿਚ 30-35 ਔਰਤਾਂ ਨੇ ਮੋਗੇ ਜਾ ਕੇ ਮੁਜ਼ਾਹਰਾ ਕਰ ਕੇ ਦਫਾ 144 ਦੀਆਂ ਧੱਜੀਆਂ ਉਡਾਈਆਂ ਸਨ। ਇਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਮੁਖਤਿਆਰ ਕੌਰ, ਗੁਰਨਾਮ ਕੌਰ, ਗੁਰਦਿਆਲ ਕੌਰ, ਭਗਵਾਨ ਕੌਰ, ਜੰਗੀਰ ਕੌਰ ਤੇ ਪੰਜਾਬ ਕੌਰ ਮੁੱਖ ਸਨ। ਇਨ੍ਹਾਂ ਨੂੰ ਗੁਰਦਿਆਲ ਸਿੰਘ ਘੋੜੇਵਾਲਾ ਆਪਣੀ ਮਿੰਨੀ ਬੱਸ ਵਰਗੀ, ਸਵਾਰੀਆਂ ਢੋਣ ਵਾਲੀ ਗੱਡੀ ‘ਤੇ ਲੈ ਕੇ ਗਿਆ ਸੀ। ਕਿਸਾਨ ਆਗੂ ਜਲੌਰ ਸਿੰਘ ਗਿੱਲ ਵੀ ਨਾਲ ਸੀ। ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਗਰੋਂ ਛੱਡ ਦਿੱਤਾ ਗਿਆ ਸੀ।
ਉਸ ਸਮੇਂ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜਦੋਂ ਵੀ ਕਿਸੇ ਪਿੰਡ ਜਾਂ ਸ਼ਹਿਰ ਆਵੇ, ਬੋਲਣ ਨਾ ਦਿੱਤਾ ਜਾਵੇ। ਜਗਰਾਵੀਂ ਵਿਰੋਧ ਕਰ ਕੇ ਗਿਆਨੀ ਜ਼ੈਲ ਸਿੰਘ ਨੂੰ ਪੰਡਾਲ ‘ਚੋਂ ਵਾਪਿਸ ਜਾਣ ਲਈ ਮਜਬੂਰ ਕੀਤਾ ਗਿਆ। ਇਸੇ ਤਰ੍ਹਾਂ ਗਿਆਨੀ ਜ਼ੈਲ ਸਿੰਘ ਦਾ ਪ੍ਰੋਗਰਾਮ ਮੋਗੇ ਦਾ ਸੀ ਤਾਂ ਜੁਝਾਰੂਆਂ ਨੇ ਚੁੱਪ-ਚੁਪੀਤੇ ਹੀ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਉਥੇ ਭੇਜਿਆ ਤੇ ਆਪ ਵੀ ਕਿਸੇ ਤਰ੍ਹਾਂ ਪਹੁੰਚ ਗਏ। ਉੁਥੇ ਗਿਆਨੀ ਦੇ ਹੱਕ ‘ਚ ਬੋਲਣ ਵਾਲੇ ਘੱਟ ਅਤੇ ਵਿਰੋਧੀ ਵੱਧ ਸਨ। ਗਿਆਨੀ ਬੋਲਣ ਲਈ ਉਠਿਆ ਤਾਂ ਸਟੇਜ ਤੋਂ ਨਾਅਰਾ ਲੱਗਿਆ, “ਗਿਆਨੀ ਜ਼ੈਲ ਸਿੰਘ”, ਪੰਡਾਲ ਗੂੰਜਿਆ, “ਮੁਰਦਾਬਾਦ।” ਗਿਆਨੀ ਹੈਰਾਨ ਰਹਿ ਗਿਆ ਤੇ ਅਫਸਰਾਂ ਨਾਲ ਨਾਰਾਜ਼ ਹੁੰਦਾ ਚਲਾ ਗਿਆ। ਫ਼ਰੀਦਕੋਟ ਜੈਨ ਸਕੂਲ ਵਾਲੇ ਜਲਸੇ ਵਿਚ ਵੀ ਇਉਂ ਹੀ ਹੋਇਆ। ਮੈਨੂੰ ਪੰਡਾਲ ਵਿਚ ਵੜਨ ਨਹੀਂ ਸੀ ਦਿੱਤਾ ਗਿਆ ਪਰ ਪੀæਐਸ਼ਯੂæ ਦੇ ਕੁੱਝ ਜੁਝਾਰੂ ਕਿਵੇਂ ਨਾ ਕਿਵੇਂ ਅੰਦਰ ਪਹੁੰਚ ਗਏ। ਕੁੱਝ ਹੀ ਸਾਥੀਆਂ ਨੇ ਅੱਡੋ-ਅੱਡੀ ਬੈਠ ਕੇ ਨਾਅਰਿਆਂ ਲਈ ਅਜਿਹਾ ਢੰਗ ਵਰਤਿਆ ਕਿ “ਮੁਰਦਾਬਾਦ” ਕਹਿਣ ਨਾਲ ਪੰਡਾਲ ਵਿਚ ਭਗਦੜ ਮੱਚ ਗਈ। ਗਿਆਨੀ ਬਿਨਾਂ ਬੋਲੇ ਉਥੋਂ ਵੀ ਬਰੰਗ ਗਿਆ ਸੀ।
ਮੋਗਾ ਘੋਲ ਦੌਰਾਨ ਇੱਕ ਹੋਰ ਅਹਿਮ ਘਟਨਾ ਵਾਪਰੀ। ਗੋਲੀ ਕਾਂਡ ਦਾ ਸਖ਼ਤ ਵਿਰੋਧ ਕਰ ਰਹੀ ਪੀæਐਸ਼ਯੂæ ਨੇ ਸੱਦਾ ਦਿੱਤਾ ਕਿ ਦੁਸਹਿਰਾ ਨਹੀਂ ਮਨਾਇਆ ਜਾਵੇਗਾ। ਤਿਉਹਾਰ ਤਾਂ ਹੱਸਦਿਆਂ, ਖੇਡਦਿਆਂ, ਨੱਚਦਿਆਂ, ਟੱਪਦਿਆਂ, ਯਾਰਾਂ-ਬੇਲੀਆਂ, ਸਕੇ ਸਬੰਧੀਆਂ ਅਤੇ ਨੇੜਲਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਦਿਨ ਹੁੰਦਾ ਹੈ ਪਰ ਸੱਥਰਾਂ ‘ਤੇ ਬੈਠੇ ਖੁਸ਼ੀਆਂ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਨ? ਫ਼ਰੀਦਕੋਟ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਨੇ ਦੁਸਹਿਰਾ ਨਾ ਮਨਾਉਣ ਦਾ ਫੈਸਲਾ ਕੀਤਾ। ਇੱਕ ਪਾਸੇ ਤਾਂ ਸਰਕਾਰ ਦਫਾ 144 ਲਾ ਕੇ ਕਹਿ ਰਹੀ ਸੀ ਕਿ ਚਾਰ ਤੋਂ ਵੱਧ ਬੰਦੇ ਇਕੱਠੇ ਨਾ ਹੋਣ, ਦੂਜੇ ਪਾਸੇ ਸਰਕਾਰ ਦਾ ਪੁਲਿਸ ਵਿਭਾਗ ਦੁਸਹਿਰੇ ਲਈ ਲੋਕਾਂ ਨੂੰ ਇਕੱਤਰ ਕਰਨ ਲਈ, ਪਿੰਡ-ਪਿੰਡ ਜੀਪਾਂ ਰਾਹੀਂ ਪ੍ਰਚਾਰ ਕਰ ਕੇ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਸੀ। ਅਸੀਂ ਵੀ ਜੀਪ ਰਾਹੀਂ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਸਰਕਾਰੀ ਦੁਸਹਿਰੇ ‘ਚ ਨਾ ਪਹੁੰਚਣ ਲਈ ਸਮਝਾ ਰਹੇ ਸਾਂ। ਪੁਲਿਸ ਦੀਆਂ ਪੈੜਾਂ ਮਗਰ ਫਿਰਦਿਆਂ ਨੂੰ ਸਾਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਬਦੀ ‘ਤੇ ਨੇਕੀ ਦੀ ਜਿੱਤ ਕੁੱਝ ਘੰਟੇ ਪਹਿਲਾਂ ਹੀ ਕਰ ਲਈ ਜਾਵੇ।
ਫੈਸਲਾ ਹੋਇਆ ਕਿ ਜੇ ਪੁਲਿਸ ਵਾਲੇ ਦੁਸਹਿਰਾ ਗਰਾਊਂਡ ਵਿਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਖੜ੍ਹੇ ਕਰਨ ਤਾਂ ਗੁਰੀਲਾ-ਐਕਸ਼ਨ ਰਾਹੀਂ ਦੁਪਹਿਰੇ ਹੀ ਉਨ੍ਹਾਂ ਨੂੰ ਅੱਗ ਲਾ ਦਿੱਤੀ ਜਾਵੇ-ਜੇ ਭਲਾ ਬਾਂਸ ਹੀ ਨਾ ਹੋਵੇਗਾ ਤਾਂ ਬੰਸਰੀ ਕਿਵੇਂ ਵੱਜੇਗੀ? ਇੰਜ ਹੀ ਹੋਇਆ, ਵਾਪਸ ਫਰੀਦਕੋਟ ਆ ਕੇ ਅਸੀਂ ਧੱਕਾ ਬਸਤੀ ਵਾਲੇ ਪਾਸਿਓਂ ਜੋ ਉਸ ਸਮੇਂ ਉਜਾੜ ਥਾਂ ਹੁੰਦੀ ਸੀ, ਜੀਪ ਵਾਲੇ ਨੂੰ ਮੋੜ ਕੇ ਜੀਪ ਸਟਾਰਟ ਹੀ ਰੱਖਣ ਲਈ ਕਿਹਾ। ਅਸੀਂ ਨਹਿਰੂ ਸਟੇਡੀਅਮ (ਜਿਸ ਨੂੰ ਆਮ ਲੋਕ ਦੁਸਹਿਰਾ ਗਰਾਊਂਡ ਕਹਿੰਦੇ ਹਨ) ਦੇ ਪਿਛਲੇ ਪਾਸੇ ਦੀ ਚੜ੍ਹਾਈ ਚੜ੍ਹਦਿਆਂ, ਚੀਤੇ ਵਾਂਗ ਸ਼ਹਿ ਲਾਉਂਦਿਆਂ ਥੋੜ੍ਹੇ-ਥੋੜ੍ਹੇ ਸਿਰ ਉਪਰ ਚੁੱਕ ਕੇ ਵੇਖਿਆ ਤਾਂ ਸਿਰਫ ਬ੍ਰਜਿੰਦਰਾ ਕਾਲਜ ਵਾਲੇ ਪਾਸੇ ਹੀ ਪੁਲਿਸ ਦਾ ਪਹਿਰਾ ਸੀ। ਬਾਕੀ ਸਟੇਡੀਅਮ ਸੁੰਨਾ ਸੀ। ਇੱਕ ਜਣੇ ਨੂੰ ਗੁਪਤ ਰੂਪ ਵਿਚ ਪੁਲਿਸ ਬਾਰੇ ਸੂਹ ਲੈਣ ਲਈ ਭੇਜਿਆ ਜਿਸ ਨੇ ਆ ਕੇ ਦੱਸਿਆ ਕਿ 70-80 ਪੁਲਿਸ ਵਾਲੇ ਸਟੇਡੀਅਮ ਦੇ ਬਾਹਰ, ਗਰਾਊਂਡ ਵਿਚ ਦਰੱਖਤਾਂ ਥੱਲੇ ਲਿਟੇ ਪਏ ਹਨ। ਦੋ ਕੁ ਸੁੱਤਨੀਂਦੇ ਜਿਹੇ ਪਹਿਰਾ ਦਿੰਦੇ ਇਧਰ ਉਧਰ ਹਿੱਲ-ਜੁੱਲ ਰਹੇ ਹਨ। ਦੋ ਜੀਪਾਂ ਅਤੇ ਇੱਕ ਬੱਸ ਬਾਹਰ ਸੜਕ ‘ਤੇ ਇੱਕ ਪਾਸੇ ਖੜ੍ਹੀਆਂ ਹਨ। ਉਸ ਨੇ ਹੋਰ ਦੱਸਿਆ ਕਿ ਉਨ੍ਹਾਂ ਵਿਚੋਂ ਇੱਕ ਮਨਚਲਾ ਜਿਹਾ ਸਿਪਾਹੀ ਕਹਿ ਰਿਹਾ ਸੀ, “ਯਾਰ ਆਪਾਂ ਨੂੰ ਇਥੇ ਐਵੇਂ ਹੀ ਭੁੱਖੇ ਮਾਰ ਰਹੇ ਆ, ਭਲਾ ਦੱਸੋ ਖਾਂ ਰਾਵਣ ਵਰਗਿਆਂ ਦੇ ਗਲਾਂ ਵਿਚ ਕਿਹੜਾ ਸੋਨੇ ਦੇ ਕੈਂਠੇ ਪਾਏ ਆ ਜਿਹੜਾ ਕੋਈ ਲਾਹ ਲਊ? ਹੈ ਤਾਂ ਝੁੱਗੇ ‘ਚੋਂ ਬਾਂਸ ਦੇ ਪਿੰਜਰਾਂ ਤੇ ਦੋ-ਚਾਰ ਰੁਪਏ ਮੀਟਰ ਵਾਲਾ ਕਾਲਾ ਜਿਹਾ ਕੱਪੜਾ ਹੀ ਨਾ।”
ਬੁੱਤ ਅਜੇ ਖੜ੍ਹੇ ਨਹੀਂ ਕੀਤਾ ਸਨ ਕੀਤੇ ਗਏ। ਸਾਡੇ ਵਿਚੋਂ ਇੱਕ ਜਣੇ ਕੋਲ ਮਿੱਟੀ ਦੇ ਤੇਲ ਵਾਲੀ ਦਸ ਲਿਟਰ ਦੀ ਕੈਨੀ ਸੀ ਜੋ ਅਸੀਂ ਆਉਂਦੇ ਹੋਏ ਇੱਕ ਵਿਦਿਆਰਥੀ ਦੇ ਘਰੋਂ ਚੁੱਕ ਲਿਆਏ ਸਾਂ ਅਤੇ ਤਿੰਨ, ਚਾਰ ਜਣਿਆਂ ਕੋਲ ਮਾਚਿਸ ਦੀਆਂ ਨਵੀਆਂ-ਨਕੋਰ ਡੱਬੀਆਂ ਸਨ ਜੋ ਰਾਹ ਵਿਚੋਂ ਹੀ ਖਰੀਦੀਆਂ ਸਨ। ਅਸੀਂ ਇਸ਼ਾਰੇ ਰਲਾਏ ਅਤੇ ਦੂਜੇ ਪਲ ਹੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੀਆਂ ਲੱਤਾਂ ਅਤੇ ਧੜਾਂ ਨੂੰ ਜਾ ਘੇਰਿਆ। ਤੇਲ ਵਾਲੇ ਨੇ ਦਬਾ-ਦਬ ਮਿੱਟੀ ਦਾ ਤੇਲ ਡੋਲ੍ਹਿਆ ਤੇ ਦੂਜਿਆਂ ਨੇ ਅੱਖ ਝਪਕਣ ਜਿੰਨੇ ਸਮੇਂ ਵਿਚ ਅੱਗ ਲਾ ਦਿੱਤੀ। ਦੇਖਦਿਆਂ ਦੇਖਦਿਆਂ ਅੱਗ ਦੇ ਭਾਂਬੜ ਉਠ ਖੜ੍ਹੇ, ਪਰ ਅਜੇ ਤੱਕ ਪਟਾਕੇ ਉਨ੍ਹਾਂ ਨਾਲ ਨਹੀਂ ਸਨ ਬੰਨ੍ਹੇ ਹੋਏ। ਪਹਿਰੇ ਵਾਲੇ ਲੱਗੇ ਵਿਸਲ ‘ਤੇ ਵਿਸਲ ਮਾਰਨ, ਪਰ ਸੱਪ ਲੰਘੇ ਤੋਂ ਲਕੀਰ ਕੁੱਟਣ ਦਾ ਹੁਣ ਕੀ ਫਾਇਦਾ ਹੋਣਾ ਸੀ! ਜਦੋਂ ਤੱਕ ਪੁਲਿਸ ਉਥੇ ਪਹੁੰਚੀ, ਤਿੰਨੇ ਬੁੱਤ ਅੱਧਿਓਂ ਵੱਧ ਸੜ ਚੁੱਕੇ ਸਨ। ਨੇਕੀ ਨੇ ਬਦੀ ਨੂੰ ਦਿਨ ਛਿਪਣ ਤੋਂ ਪਹਿਲਾਂ ਹੀ ਸਿਖਰ ਦੁਪਹਿਰੇ ਜਿੱਤ ਲਿਆ ਸੀ। ਅਸੀਂ ਜੀਪ ‘ਤੇ ਸਿੱਖਾਂ ਵਾਲੇ ਬੀੜ ਵੱਲ ਨਿਕਲ ਗਏ ਅਤੇ ਉਥੋਂ ਵਿੰਗੇ-ਟੇਢੇ ਰਾਹ ਰਾਹੀਂ ਆਪਣੇ ਟਿਕਾਣਿਆਂ ‘ਤੇ ਪੁੱਜ ਗਏ। ਬਾਅਦ ਵਿਚ ਪਤਾ ਲੱਗਾ ਕਿ ਸਾਡੇ ਉਥੋਂ ਜਾਣ ਤੋਂ ਕੁੱਝ ਸਮਾਂ ਬਾਅਦ ਲੋਕ ਸੰਪਰਕ ਵਿਭਾਗ ਦੀ ਗੱਡੀ ਦਫਾ ਇੱਕ ਸੌ ਚੁਤਾਲੀ ਲੱਗਿਆ ਹੋਣ ਕਾਰਨ ਲੋਕਾਂ ਨੂੰ ਦੁਸਹਿਰਾ ਗਰਾਉੂਂਡ ਵੱਲ ਨਾ ਜਾਣ ਲਈ ਕਹਿ ਰਹੀ ਸੀ।
ਦੁਸਹਿਰੇ ਵਾਲੀ ਘਟਨਾ ਤੋਂ ਦੋ ਕੁ ਦਿਨ ਬਾਅਦ ਸੁਨੇਹਾ ਮਿਲਿਆ ਕਿ ਸ਼ਹੀਦਾਂ ਦੀ ਯਾਦ ਵਿਚ ਰੱਖੀ ਕਾਨਫਰੰਸ ਲਈ ਦਾਣਾ ਮੰਡੀ ਜੈਤੋ ਪਹੁੰਚੋ। ਉਥੇ ਪਹੁੰਚੇ ਤਾਂ ਚਾਰ-ਚੁਫੇਰੇ ਪੁਲਿਸ ਹੀ ਪੁਲਿਸ ਸੀ। ਲੱਗਦਾ ਸੀ ਜਿਵੇਂ ਸਾਨੂੰ ਹੀ ਉਡੀਕ ਰਹੇ ਹੋਣ। ਜੈਤੋ ਦੇ ਮੋਹਣ ਤੇ ਕੁਲਵੰਤ, ਸੇਵੇਵਾਲੇ ਦਾ ਮੇਘ ਰਾਜ, ਦੋ ਕਿਸਾਨ ਤੇਜਾ ਸਿੰਘ ਤੇ ਕਰਨੈਲ ਸਿੰਘ ਅਤੇ ਇਨ੍ਹਾਂ ਨਾਲ ਮੇਜਰ ਸਿੰਘ ਨਿਆਮੀ ਵਾਲਾ, ਕੁਲਵੰਤ ਸਿੰਘ ਜਲਾਲੇਆਣਾ, ਬਲਜੀਤ ਬਰਾੜ ਭਗਤਾ ਭਾਈ ਤੇ ਮੈਂ ਗ੍ਰਿਫਤਾਰ ਹੋਏ। ਸਾਨੂੰ ਜੈਤੋ ਕਿਲੇ ਵਿਚ ਕੋਤਵਾਲੀ ਹਵਾਲਾਤ ਵਿਚ ਬੰਦ ਕਰ ਦਿੱਤਾ। ਕਹਿਣ ਲੱਗੇ, “ਸਾਡੀ ਹਵਾਲਾਤ ਵਿਚ ਜੋ ਬੰਦ ਹੋ ਜਾਏ, ਉਹ ਬਹੁਤ ਵੱਡਾ ਲੀਡਰ ਬਣਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਨੂੰ ਵੀ ਜੈਤੋ ਮੋਰਚੇ ਦੌਰਾਨ ਗ੍ਰਿਫਤਾਰ ਕਰ ਕੇ ਇਸੇ ਕੋਠੜੀ ਵਿਚ ਹੀ ਰਾਤ ਰੱਖਿਆ ਸੀ। ਉਹ ਤਾਂ ਦੇਸ਼ ਅਜ਼ਾਦ ਹੋਏ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਜਾ ਬੈਠੇ ਸਨ। ਹੁਣ ਤੁਸੀਂ ਵੀ ਕੁੱਝ ਬਣ ਕੇ ਵਿਖਾਉਗੇ ਜਾਂ ਸਾਡੇ ਕੰਬਲਾਂ ‘ਚੋਂ ਚਿੱਟੀਆਂ ਕਾਲੀਆਂ ਜੂੰਆਂ ਹੀ ਲਿਜਾਉਗੇ।”
ਖੈਰ, ਐਫ਼ਆਈæਆਰæ ਦਰਜ ਕਰ ਕੇ ਅਗਲੇ ਦਿਨ ਸਾਨੂੰ ਜੁਡੀਸ਼ਲ ਰਿਮਾਂਡ ਲੈ ਕੇ ਫਰੀਦਕੋਟ ਜੇਲ੍ਹ ਭੇਜ ਦਿੱਤਾ ਅਤੇ ਹਵਾਲਾਤੀ ਬੈਰਕ ਵਿਚ ਕੁੱਕੜਾਂ ਵਾਂਗ ਤਾੜ ਦਿੱਤਾ। ਇਸ ਹਵਾਲਾਤ ਦਾ ਬਾਰ ਦਿਨੇ ਤਾਂ ਖੁੱਲ੍ਹਾ ਰਹਿੰਦਾ ਸੀ ਪਰ ਦਿਨ ਛਿਪਣ ਤੋਂ ਪਹਿਲਾਂ ਹਾਜ਼ਰੀ ਲਾ ਕੇ, ਗਿਣ-ਗਿਣ ਕੇ ਅੰਦਰ ਤਾੜ ਕੇ ਜਿੰਦਾ ਲਾ ਦਿੰਦੇ ਸਨ। ਅੰਦਰ ਕਬਰਾਂ ਵਰਗੇ ਪੱਕੇ ਥੜ੍ਹੇ ਜਿਹੇ ਬਣੇ ਹੋਏ ਸਨ। ਜੇਲ੍ਹ ਦਾ ਵੀ ਆਪਣਾ ਹੀ ਸਭਿਆਚਾਰ ਹੈ। ਸਵੇਰੇ-ਸ਼ਾਮ ਹਾਥੀਆਂ ਦੇ ਕੰਨਾਂ ਜਿੱਡੀਆਂ ਤਿੰਨ-ਤਿੰਨ ਰੋਟੀਆਂ, ਸੁਸਰੀ ਖਾਧੀ ਮੂੰਗੀ ਜਾਂ ਮਸਰੀ ਦੀ ਪਾਣੀ-ਧਾਣੀ ਜਿਹੀ ਦਾਲ ਨਾਲ ਖਾਣ ਨੂੰ ਦਿੰਦੇ। ਦੁਪਹਿਰੇ ਥੋੜ੍ਹੇ ਜਿਹੇ ਭੁੱਜੇ ਛੋਲੇ, ਜਿਨ੍ਹਾਂ ਵਿਚ ਰੋੜ ਵੀ ਚੋਖੇ ਹੁੰਦੇ, ਚਾਹ ਤੋਂ ਪਹਿਲਾਂ ਵਰਤਾਉਂਦੇ। ਚਾਹ ਮਾਰੂ ਜਿਹੀ, ਦੁੱਧ ਦਾ ਵਿਚ ਨਾਂ ਹੀ ਹੁੰਦਾ ਸੀ। ਇਹ ਸਵੇਰੇ-ਸ਼ਾਮ ਹਵਾਲਾਤੀਆਂ ਅਤੇ ਕੈਦੀਆਂ ਨੂੰ ਥੋਕ ‘ਚ ਵਰਤਾਈ ਜਾਂਦੀ। ਜੇ ਕਦੇ ਸਬਜ਼ੀ ਦੀ ਖਾਨਾ-ਪੂਰਤੀ ਲਈ ਕੋਈ ਸਾਗ, ਸਬਜ਼ੀ ਬਣਾ ਵੀ ਲੈਂਦੇ ਤਾਂ ਖਾਣ ਨੂੰ ਜੀਅ ਨਹੀਂ ਸੀ ਕਰਦਾ। ਇੰਜ ਲੱਗਦਾ ਜਿਵੇਂ ਕੁੱਤੇ ਨੇ ਘਾਹ ਖਾ ਕੇ ਗਲੱਛਿਆ ਹੋਵੇ ਪਰ ਬਾਹਰਲੇ ਪੰਜੇ ਵਾਲੇ ਜੋ ਜੇਲ੍ਹ ਦੀ ਜ਼ਮੀਨ ‘ਤੇ ਕੰਮ ਕਰਨ ਲਈ ਲਿਜਾਏ ਜਾਂਦੇ ਸਨ, ਨੂੰ ਦੂਜਿਆਂ ਨਾਲੋਂ ਜ਼ਿਆਦਾ ਅਤੇ ਥੋੜ੍ਹਾ ਚੰਗਾ ਖਾਣਾ ਦਿੱਤਾ ਜਾਂਦਾ। ਮੇਰੇ ਘਰ ਦੇ ਭਾਵੇਂ ਇਸ ਗੱਲੋਂ ਨਾਰਾਜ਼ ਸਨ ਕਿ ਮੈਂ ਪੜ੍ਹਨ ਦੀ ਥਾਂ ਜੇਲ੍ਹਾਂ, ਥਾਣਿਆਂ ਦਾ ਰਾਹ ਫੜ ਲਿਆ ਹੈ, ਪਰ ਜਦੋਂ ਉਨ੍ਹਾਂ ਨੂੰ ਜੇਲ੍ਹ ਦੇ ‘ਪੌਸ਼ਟਿਕ ਖਾਣੇ’ ਦਾ ਪਤਾ ਲੱਗਾ, ਉਹ ਖੂਨ ਦੇ ਰਿਸ਼ਤੇ ਦੇ ਮੋਹ-ਪਾਸ਼ ਵਿਚ ਬੱਧੇ, ਸਵੇਰੇ ਤੇ ਸ਼ਾਮ ਖਾਣਾ ਫੜਾਉਣ ਲਈ ਕਿਸੇ ਨਾ ਕਿਸੇ ਨੂੰ ਭੇਜ ਦਿੰਦੇ। ਥੋੜ੍ਹੇ ਦਿਨਾਂ ਬਾਅਦ ਯਾਰ-ਦੋਸਤ ਵੀ ਵੱਡੀ ਪੱਧਰ ‘ਤੇ ਮੁਲਾਕਾਤ ਲਈ ਆਉਣ ਲੱਗ ਪਏ ਜੋ ਫਲ ਅਤੇ ਖਾਣ-ਪੀਣ ਦੀਆਂ ਹੋਰ ਚੀਜ਼ਾਂ ਦੇ ਅੰਬਾਰ ਲਾ ਛੱਡਦੇ। ਕੱਪੜੇ ਧੋ ਕੇ ਪਿੰਡੋਂ ਆ ਜਾਂਦੇ। ਕਈ ਵਾਰ ਮੈਂ ਦੂਜਿਆਂ ਨਾਲ ਰਲ ਕੇ ਖੁਦ ਵੀ ਧੋ ਲੈਂਦਾ। ਘਰ ਦੇ ਦੇਸੀ ਘਿਉ ਵੀ ਦੇ ਗਏ ਸਨ। ਬਾਕੀਆਂ ਦੇ ਘਰ ਦੇ ਵੀ ਮੁਲਾਕਾਤ ਲਈ ਆਉਂਦੇ ਤੇ ਬਹੁਤ ਕੁੱਝ ਦੇ ਜਾਂਦੇ। ਸਾਡੇ ਵਿਚ ਭਰਾਵਾਂ ਵਰਗੀ ਸਾਂਝ ਪੈਦਾ ਹੋ ਗਈ ਸੀ। ਇੱਕ ਗੱਲ ਹੋਰ, ਜੇਲ੍ਹ ਵਿਚ ਨਕਦ ਪੈਸਿਆਂ ਦੀ ਥਾਂ ਕੋਲ ਰੱਖਣ ਨੂੰ ਕੂਪਨ ਦਿੰਦੇ ਸਨ ਜਿਸ ਨਾਲ ਜੇਲ੍ਹ ਕੰਟੀਨ ਵਿਚੋਂ ਕੁਝ ਖਰੀਦਿਆ ਜਾ ਸਕਦਾ ਸੀ। ਸਾਰਾ ਦਿਨ ਤਾਸ਼ ਜਾਂ ਬਾਰਾਂ ਟਹਿਣੀ ਖੇਡ ਕੇ ਜਾਂ ਗੱਲਾਂਬਾਤਾਂ ਰਾਹੀਂ ਤੇ ਜਾਂ ਫਿਰ ਸੇਮ ਮਾਰੀ ਜੇਲ੍ਹ ਦੀ ਕੱਲਰੀ ਗਰਾਉੂਂਡ ਵਿਚ ਟਹਿਲ ਕੇ ਬਤਾਉਂਦੇ।
ਅਸੀਂ ਵੀਹ ਕੁ ਦਿਨ ਜੇਲ੍ਹ ਦੀ ਹਵਾ ਖਾਣ ਬਾਅਦ ਬਾਹਰ ਆ ਗਏ। ਪੰਜਾਬ ਸਰਕਾਰ ਨੇ ਸਕੂਲ, ਕਾਲਜ ਖੋਲ੍ਹ ਦਿੱਤੇ ਅਤੇ ਸੰਗੀਨ ਜੁਰਮ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਆਰਥੀ ਅਤੇ ਮੋਗਾ ਘੋਲ ਨਾਲ ਸਬੰਧਤ ਫੜੇ ਹੋਰ ਜੁਝਾਰੂਆਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਸਾਡੀ ਰਿਹਾਈ ਸਮੇਂ ਸਾਡੇ ਘਰ ਦੇ, ਰਿਸ਼ਤੇਦਾਰ ਅਤੇ ਵਿਦਿਆਰਥੀ ਕਾਫੀ ਗਿਣਤੀ ਵਿਚ ਜੇਲ੍ਹ ਦੇ ਬਾਹਰ ਸਾਡੇ ਸਵਾਗਤ ਲਈ ਆਏ ਹੋਏ ਸਨ। ਜੇਲ੍ਹ ਦੇ ਬਾਹਰ ਵਿਦਿਆਰਥੀ ਨਾਹਰੇ ਲਾ ਰਹੇ ਸਨ। ਪੁਲਿਸ ਵੀ ਭਾਰੀ ਗਿਣਤੀ ਵਿਚ ਖੜ੍ਹੀ ਸੀ। ਅਸੀਂ ਸਭ ਨੂੰ ਮਿਲ-ਮਿਲਾ ਕੇ ਤੇ ਦੂਜੇ ਦਿਨ ਕਾਲਜ ਵਿਚ ਮਿਲਣ ਦਾ ਵਾਅਦਾ ਕਰ ਕੇ ਆਪੋ-ਆਪਣੇ ਘਰਾਂ ਨੂੰ ਚਲੇ ਗਏ।
ਅਗਲੇ ਦਿਨ ਬ੍ਰਜਿੰਦਰਾ ਕਾਲਜ ਪਹੁੰਚਿਆ ਤਾਂ ਕੀ ਵੇਖਦਾ ਹਾਂ ਕਿ ਪੁਲਿਸ ਟਿੱਡੀ-ਦਲ ਵਾਂਗ ਇਧਰ-ਉਧਰ ਘੁੰਮ ਰਹੀ ਹੈ। ਮੈਂ ਕਾਲਜ ਦੇ ਬਾਹਰ ਗੇਟ ਕੋਲ ਖੜ੍ਹ ਗਿਆ ਤੇ ਵੇਖਦਿਆਂ ਹੀ ਵੇਖਦਿਆਂ ਕਾਫੀ ਗਿਣਤੀ ਵਿਚ ਵਿਦਿਆਰਥੀ ਝੁਰਮਟ ਦੇ ਰੂਪ ਵਿਚ ਮੇਰੇ ਆਸ-ਪਾਸ ਹਾਲ ਚਾਲ ਪੁੱਛਣ ਲਈ ਆ ਖੜ੍ਹੇ। ਮੇਜਰ, ਕੁਲਵੰਤ, ਬਲਜੀਤ ਤੇ ਹੋਰ ਜਝਾਰੂ ਵੀ ਆ ਪਹੁੰਚੇ। ਰੈਲੀ ਵਾਲਾ ਮਾਹੌਲ ਬਣ ਗਿਆ। ਮੈਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਛਾਲ ਮਾਰ ਕੇ ਸਟੇਡੀਅਮ ਦੀ ਕੰਧ ‘ਤੇ ਚੜ੍ਹ ਗਿਆ। ਅਜੇ ਕਾਲਜ ਵੱਲ ਮੂੰਹ ਕਰ ਕੇ ਬੋਲਣ ਹੀ ਲੱਗਿਆ ਸਾਂ ਕਿ ਐਸ਼ਡੀæਐਮæ ਸੂਰਤਾ ਸਿੰਘ ਗਰੇਵਾਲ ਆ ਕੇ ਕਹਿਣ ਲੱਗੇ ਕਿ ਦਫਾ ਇੱਕ ਸੌ ਚੁਤਾਲੀ ਕਾਰਨ ਇਕੱਠ ਨਹੀਂ ਹੋ ਸਕਦਾ। ਬਹਿਸ ਸ਼ੁਰੂ ਹੋ ਗਈ। ਅਖੀਰ ਫੈਸਲਾ ਹੋਇਆ ਕਿ ਇਹ ਰੈਲੀ ਅਸੀਂ ਕਾਲਜ ਦੇ ਅੰਦਰ ਜਾ ਕੇ ਕਰ ਲਈਏ। ਮੈਂ ਵਿਦਿਆਰਥੀਆਂ ਨੂੰ ਅੰਦਰ ਜਾਣ ਨੂੰ ਕਹਿ ਕੇ ਆਪ ਉਥੇ ਖੜ੍ਹਾ ਰਿਹਾ। ਜਦੋਂ ਲਗਭਗ ਸਾਰੇ ਵਿਦਿਆਰਥੀ ਅੰਦਰ ਚਲੇ ਗਏ ਤਾਂ ਛੇ, ਸੱਤ ਸਿਪਾਹੀਆਂ ਨੇ ਮੈਨੂੰ ਬਾਹਾਂ ਤੋਂ ਫੜ ਲਿਆ ਅਤੇ ਇੱਕ ਡਾਂਗ ਮਾਰਨ ਲੱਗਾ, ਪਰ ਜਦੋਂ ਮੈਂ ਧੌਣ ਭੁਆ ਕੇ ਵੇਖਿਆ ਤਾਂ ਉਸ ਦੀ ਡਾਂਗ ਉਤਾਂਹ ਦੀ ਉਤਾਂਹ ਹੀ ਰਹਿ ਗਈ ਤੇ ਕਹਿਣ ਲੱਗਾ, “ਬਾਈ ਹੁਕਮ ਦੇ ਬੱਧੇ ਆਂ।” ਇੰਨੇ ਨੂੰ ਪੁਲਿਸ ਦੀ, ਫੌਜੀਆਂ ਦੀ ਗੱਡੀ ਵਰਗੀ ਗੱਡੀ ਸਾਡੇ ਕੋਲ ਬੈਕ ਆ ਲੱਗੀ। ਇਹ ਠੀਕ ਉਹ ਥਾਂ ਸੀ ਜਿੱਥੇ ਇੱਕ ਪਾਸੇ ਬ੍ਰਜਿੰਦਰਾ ਕਾਲਜ ਦਾ ਕੈਂਪਸ ਹੈ ਤੇ ਨਾਲ ਹੀ ਬਲਵੀਰ ਹਾਈ ਸਕੂਲ ਦੀ ਨੁੱਕਰ ਲੱਗਦੀ ਹੈ ਅਤੇ ਸੜਕ ਦੇ ਦੂਜੇ ਪਾਸੇ ਬੀæਐਡæ ਕਾਲਜ ਦੀ ਨੁੱਕਰ ਹੈ। ਇਹ ਤ੍ਰਿਵੈਣੀ ਜੰਕਸ਼ਨ ਉਸ ਦਿਨ ਬਹੁਤ ਕੰਮ ਆਇਆ। ਉਸ ਗੱਡੀ ਦਾ ਡਰਾਇਵਰ ਉਤਰ ਕੇ ਐਸ਼ਡੀæਐਮæ ਅਤੇ ਡੀæਐਸ਼ਪੀæ ਦੌਲਤ ਰਾਮ ਨਾਲ ਕੋਈ ਗੱਲ ਕਰਨ ਚਲਿਆ ਗਿਆ। ਕਾਫੀ ਗਿਣਤੀ ਵਿਚ ਸਿਪਾਹੀਆਂ ਨੇ ਮੈਨੂੰ ਧੂਹ ਕੇ ਗੱਡੀ ਵਿਚ ਚੜ੍ਹਾ ਲਿਆ।
ਵਿਦਿਆਰਥੀਆਂ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ, ਕਚੀਚੀਆਂ ਵੱਟਦੇ ਉਹ ਪੁਲਿਸ ਉਪਰ ਟੁੱਟ ਪਏ। ਬ੍ਰਜਿੰਦਰਾ ਕਾਲਜ ਦਾ ਤਾਂ ਲਗਭਗ ਸਾਰਾ ਹੀ ਕੈਂਪਸ, ਨਾਲੀਆਂ ਪੁੱਟੀਆਂ ਹੋਣ ਕਾਰਨ ਇੱਟਾਂ-ਵੱਟਿਆਂ ਨਾਲ ਭਰਿਆ ਪਿਆ ਸੀ, ਪਰ ਬਲਵੀਰ ਹਾਈ ਸਕੂਲ ਤੇ ਬੀæਐਡæ ਕਾਲਜ ਦੀਆਂ ਨੁੱਕਰਾਂ ਵੀ ਡਲੇ-ਪੱਥਰਾਂ ਨਾਲ ਮਾਲੋ-ਮਾਲ ਸਨ। ਚਾਰੇ ਪਾਸੇ ਤੋਂ ਇੱਟਾਂ, ਪੱਥਰਾਂ ਦਾ ਪੁਲਿਸ ਉਪਰ ਮੀਂਹ ਵਰ੍ਹਨ ਲੱਗ ਪਿਆ। ਇੰਜ ਲੱਗਦਾ ਸੀ ਜਿਵੇਂ ਵੱਡੀ ਪੱਧਰ ‘ਤੇ ਆਏ ਹੋਏ ਭੁਚਾਲ ਦੇ ਝਟਕਿਆਂ ਨਾਲ ਇਮਾਰਤਾਂ ਦਾ ਮਲਬਾ ਦੂਰ-ਦੂਰ ਡਿੱਗਦਾ ਹੋਵੇ ਜਾਂ ਯੁੱਧ ਸਮੇਂ ਕਿਸੇ ਹਵਾਈ ਜਹਾਜ਼ ਰਾਹੀਂ ਸੁੱਟੇ ਗਏ ਬੰਬ ਨੇ ਕਿਸੇ ਇਮਾਰਤ ਦੇ ਚੀਥੜੇ ਹਵਾ ‘ਚ ਉਡਾ ਕੇ ਖਿਲਾਰ ਦਿੱਤੇ ਹੋਣ। ਬੀæਐਡæ ਕਾਲਜ ਦੇ ਜੁਝਾਰੂ ਵਿਦਿਆਰਥੀ ਕਿਉਂਕਿ ਪੁਲਿਸ ਦੀ ਉਪਰੋਕਤ ਗੱਡੀ ਦੇ ਉਸ ਪਾਸੇ ਸਨ ਜਿਸ ਪਾਸੇ ਡਰਾਈਵਰ ਦੀ ਤਾਕੀ ਹੁੰਦੀ ਹੈ, ਸੋ ਉਨ੍ਹਾਂ ਨੇ ਡਰਾਈਵਰ ਨੂੰ ਗੱਡੀ ਦੇ ਨੇੜੇ ਨਾ ਢੁੱਕਣ ਦਿੱਤਾ। ਦੂਜੇ ਪਾਸੇ ਬ੍ਰਜਿੰਦਰਾ ਕਾਲਜ ਅਤੇ ਬਲਵੀਰ ਹਾਈ ਸਕੂਲ ਦੇ ਸੰਗਰਾਮੀ ਵਿਦਿਆਰਥੀ ਤੂਫਾਨ ਦੀ ਰਫ਼ਤਾਰ ਨਾਲ ਕਾਰਵਾਈ ਕਰ ਰਹੇ ਸਨ। ਮੈਨੂੰ ਗੱਡੀ ਵਿਚ ਫੜੀ ਖੜ੍ਹੇ ਸਿਪਾਹੀਆਂ ‘ਚੋਂ ਬਹੁਤੇ ਸਹਿਮ ਕੇ, ਗੱਡੀ ਦੀਆਂ ਨੁੱਕਰਾਂ ਨਾਲ ਕੁੰਗੜ ਕੇ ਖੜ੍ਹ ਗਏ। ਬਾਕੀਆਂ ਤੋਂ ਆਪਣੇ ਆਪ ਨੂੰ ਛੁਡਾ ਕੇ ਮੈਂ ਗੱਡੀ ‘ਚੋਂ ਛਾਲ ਮਾਰ ਗਿਆ ਤੇ ਫੁਰਤੀ ਨਾਲ ਕਾਲਜ ਦੀ ਕੰਧ ਟੱਪ ਕੇ ਸਾਥੀਆਂ ਨਾਲ ਜਾ ਰਲਿਆ ਅਤੇ ਜੋਸ਼ ਨਾਲ ਭਰੀ ਉਚੀ ਆਵਾਜ਼ ‘ਚ ਕਿਹਾ, “ਜੁਝਾਰੂ ਸਾਥੀਓ, ਅੱਜ ਮੌਕਾ ਹੈ ਪੁਲਿਸ ਵਾਲਿਆਂ ਨਾਲ ਅਗਲਾ-ਪਿਛਲਾ ਹਿਸਾਬ ਬਰਾਬਰ ਕਰਨ ਦਾæææਆਪਣੇ ਉਪਰਲੇ ਅਫਸਰਾਂ ਦੇ ਇਸ਼ਾਰੇ ‘ਤੇ ਇਨ੍ਹਾਂ ਨੇ ਆਪਾਂ ਨੂੰ ਦੋ ਵਾਰ ਪਸ਼ੂਆਂ ਵਾਂਗ ਕੁੱਟਿਆ ਹੈ। ਹੁਣ ਇਸ ਤਰ੍ਹਾਂ ਜਵਾਬ ਦੇਵੋ ਕਿ ਇਤਿਹਾਸ ਲਿਖਿਆ ਜਾਵੇæææ।”
ਮੁਕਾਬਲਾ ਗਹਿਗੱਚ ਸੀ। ਇੱਕ ਤਾਂ ਸਾਰਾ ਪੰਜਾਬ ਲੰਮੇ ਸਮੇਂ ਤੋਂ ਬਾਅਦ ਅਜੇ ਮਸਾਂ ਹੀ ਸ਼ਾਂਤ ਹੋਇਆ ਸੀ ਅਤੇ ਦੂਜਾ, ਇਕ ਹੋਰ ਮੋਗਾ ਬਣਾਉਣ ਲਈ ਸ਼ਾਇਦ ਪੰਜਾਬ ਸਰਕਾਰ ਵੱਲੋਂ ਕਿਸੇ ਹੋਰ ਸਬੰਧਤ ਅਧਿਕਾਰੀ ਨੂੰ ਗੋਲੀ ਦਾ ਹੁਕਮ ਦੇਣ ਦੀ ਆਗਿਆ ਨਾ ਦਿੱਤੀ ਗਈ ਹੋਵੇ; ਨਹੀਂ ਤਾਂ ਇੰਜ ਲੱਗਦਾ ਸੀ ਕਿ ਗੋਲੀ ਹੁਣੇ ਚੱਲੀ ਕੇ ਚੱਲੀ! ਕਿਤੇ ਦੁਬਾਰਾ ਗ੍ਰਿਫਤਾਰ ਨਾ ਕਰ ਲੈਣ, ਇਸ ਲਈ 15-20 ਵਿਦਿਆਰਥੀ ਜ਼ਬਰਦਸਤੀ ਮੈਨੂੰ ਧੂਹ ਕੇ ਹਰਿੰਦਰਾ ਨਗਰ ਵੱਲ ਲੈ ਗਏ। ਮੈ ਉਨ੍ਹਾਂ ਨੂੰ ਬਹੁਤ ਸਮਝਾਇਆ, ਦਲੀਲਾਂ ਦਿੱਤੀਆਂ ਕਿ ਜੇ ਅੱਜ ਗੋਲੀ ਚੱਲ ਗਈ ਤਾਂ ਕਿਸੇ ਵਿਦਿਆਰਥੀ ਜਾਂ ਵਿਦਿਆਰਥੀਆਂ ਦਾ ਨੁਕਸਾਨ ਹੋ ਗਿਆ ਤਾਂ ਲੋਕ ਕਹਿਣਗੇ, “ਆਪ ਲੁਕ ਗਿਆ ਤੇ ਬੇਗਾਨੇ ਪੁੱਤ ਮਰਾ’ਤੇ”, ਪਰ ਉਨ੍ਹਾਂ ਕਿਹਾ ਕਿ ਅੱਜ ਲੜਾਈ ਦਾ ਮਸਲਾ ਹੀ ਆਪਣੇ ਆਗੂ ਨੂੰ ਬਚਾਉਣਾ ਹੈ, ਸੋ ਅਸੀਂ ਬਚਾ ਰਹੇ ਹਾਂ। ਥੋੜ੍ਹੀ ਦੇਰ ਬਾਅਦ ਇਹ ਵਿਦਿਆਰਥੀ, ਮੇਜਰ ਸਿੰਘ, ਕੁਲਵੰਤ ਸਿੰਘ ਤੇ ਬਲਜੀਤ ਸਿੰਘ ਨੂੰ ਵੀ ਮੇਰੇ ਕੋਲ ਛੱਡ ਗਏ। ਵਿਦਿਆਰਥੀ ਜਿੱਥੇ ਪੁਲਿਸ ਤੋਂ ਬਚ-ਬਚਾ ਕੇ ਸਾਡੇ ਕੋਲ ਪਲ-ਪਲ ਦੀ ਰਿਪੋਰਟ ਭੇਜ ਰਹੇ ਸਨ, ਉਥੇ ਬਿੱਲੀ ਦੇ ਸੱਤ ਘਰ ਬਦਲਣ ਵਾਂਗ ਸਾਡੇ ਟਿਕਾਣੇ ਵੀ ਬਦਲ ਰਹੇ ਸਨ।
ਬ੍ਰਜਿੰਦਰਾ ਕਾਲਜ ਕੈਂਪਸ ਪਾਣੀਪਤ ਦਾ ਮੈਦਾਨ ਬਣਿਆ ਨਜ਼ਰ ਆਉਂਦਾ ਸੀ। ਕਈ ਥਾਂਈਂ ਬਹਾਦਰ ਲੜਕੀਆਂ ਇੱਟਾਂ ਭੰਨ-ਭੰਨ, ਡਲੇ ਬਣਾ ਬਣਾ ਆਪਣੇ ਸੂਰਵੀਰ ਭਰਾਵਾਂ ਨੂੰ ਫੜਾ ਰਹੀਆਂ ਸਨ। ਘੋੜਿਆਂ ਵਾਲੀ ਪੁਲਿਸ ਦੇ ਪੱਬ ਵੀ ਅੱਜ ਨਹੀਂ ਸਨ ਅੜ ਰਹੇ। ਵਿਦਿਆਰਥੀ ਪਿਛਲੇ ਸਮੇਂ ਦੌਰਾਨ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਇੱਕ-ਇੱਕ ਲਾਠੀ ਦਾ ਹਿਸਾਬ ਲੈ ਰਹੇ ਸਨ। ਲਗਭਗ ਡੇਢ ਕੁ ਘੰਟੇ ਦੀ ਲੜਾਈ ਤੋਂ ਬਾਅਦ ਬ੍ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਪੁਲਿਸ ਨੂੰ ਕਾਲਜ ਕੈਂਪਸ ‘ਚੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ। ਚਾਰ ਦਿਨ ਲਈ ਕਾਲਜ ਬੰਦ ਕਰ ਦਿੱਤਾ ਗਿਆ। ਡੀæਸੀæ ਚੀਮੇ ਦੀ ਥਾਂ ਹੁਣ ਅਮਰੀਕ ਸਿੰਘ ਪੂੰਨੀ ਕੁਰਸੀ ‘ਤੇ ਆ ਬੈਠੇ ਸਨ। ਅਮਰੀਕ ਸਿੰਘ ਪੂੰਨੀ ਨੇ ਸ਼ਾਂਤੀ ਕਾਇਮ ਕਰਨ ਲਈ ਸ਼ਹਿਰ ਦੇ ਵਕੀਲਾਂ ਅਤੇ ਹੋਰ ਪਤਵੰਤੇ ਸ਼ਹਿਰੀਆਂ ਨਾਲ ਮੀਟਿੰਗ ਕਰ ਕੇ ਕਿਹਾ ਕਿ ਉਹ ਸਮਝੌਤੇ ਲਈ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਭਾਲ ਕੇ ਲਿਆਉਣ। ਫ਼ਰੀਦਕੋਟ ਦੇ ਨਾਮਵਰ ਸ਼ਹਿਰੀ ਅਤੇ ਪਤਵੰਤੇ ਸੱਜਣ ਕਈ ਵਲ-ਵਿੰਗ ਪਾ ਕੇ ਸਾਨੂੰ ਮਿਲੇ ਅਤੇ ਆਪਣੀ ਜ਼ਿੰਮੇਵਾਰੀ ਉਤੇ ਮੇਰੀ ਤੇ ਮੇਰੇ ਸਾਥੀਆਂ ਦੀ ਮੀਟਿੰਗ ਡੀæਸੀæ ਪੂੰਨੀ ਨਾਲ ਕਰਵਾਈ। ਡੀæਸੀæ ਪੂੰਨੀ ਇਹ ਕਹਿ ਕੇ ਕਿ ਬਾਕੀ ਗੱਲਾਂਬਾਤਾਂ ਫੇਰ ਕਰਾਂਗੇ, ਪਹਿਲਾਂ ਵਿਦਿਆਰਥੀਆਂ ਦੀਆਂ ਮੰਗਾਂ ਨਿਬੇੜ ਲਈਏ, ਨੋਟ ਬੁੱਕ ਚੁੱਕ ਕੇ ਪੈਨ ਖੋਲ੍ਹ ਕੇ ਮੈਨੂੰ ਸੰਬੋਧਤ ਹੋ ਕੇ ਕਹਿਣ ਲੱਗੇ, “ਬਿੱਕਰ ਸਿੰਘ, ਮੇਰੇ ਅਧਿਕਾਰ ਖੇਤਰ ਵਿਚ ਆਉਂਦੀਆਂ ਫਰੀਦਕੋਟ ਨਾਲ ਸਬੰਧਤ ਜੋ ਵੀ ਮੰਗਾਂ ਹਨ, ਮੈਂ ਹੁਣੇ ਹੀ ਮੰਨਦਾ ਹਾਂ ਅਤੇ ਦੂਜੀਆਂ ਸਬੰਧੀ ਵੀ ਵਾਅਦਾ ਕਰਦਾ ਹਾਂ ਕਿ ਉਪਰ ਮੰਨਣ ਲਈ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਾਂਗਾ।”
ਮੈਂ ਮੇਜਰ, ਕੁਲਵੰਤ ਤੇ ਬਲਜੀਤ ਨੇ ਮੰਗਾਂ ਦੀ ਲਿਸਟ ਡੀæਸੀæ ਪੂੰਨੀ ਅੱਗੇ ਰੱਖੀ। ਪਹਿਲੀ ਮੰਗ ਸੀ ਕਿ ਮੋਗਾ ਗੋਲੀ ਕਾਂਡ ਦੀ ਨਿਰਪੱਖ ਜਾਂਚ ਕਿਸੇ ਰਿਟਾਇਰਡ ਜੱਜ ਤੋਂ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਡੀæਸੀæ ਪੂੰਨੀ ਨੇ ਇਹ ਮੰਗ ਉਪਰ ਭੇਜਣ ਲਈ ਨੋਟ ਕਰ ਲਈ। ਦੂਜੀ ਮੰਗ ਰੀਗਲ ਸਿਨੇਮੇ ਨੂੰ ਸ਼ਹੀਦੀ ਯਾਦਗਾਰ ਬਣਾਉਣ ਦੀ ਸੀ। ਡੀæਸੀæ ਨੇ ਕਿਹਾ ਕਿ ਸਿਨੇਮਾ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ ਤੇ ਯਾਦਗਾਰ ਲਈ ਉਪਰ ਲਿਖਿਆ ਜਾਵੇਗਾ। ਬਾਅਦ ਵਿਚ ਇਹ ਸਿਨੇਮਾ ਯਾਦਗਾਰ ਬਣਾ ਦਿੱਤਾ ਗਿਆ। ਤੀਜੀ ਮੰਗ ਸੀ ਕਿ ਪੰਜਾਬ ਭਰ ਦੇ ਵਿਦਿਆਰਥੀਆਂ ਅਤੇ ਮੋਗਾ ਘੋਲ ਨਾਲ ਸਬੰਧਤ ਹੋਰ ਵਿਅਕਤੀਆਂ ਉਤੇ ਬਣੇ ਮੁਕੱਦਮੇ ਵਾਪਿਸ ਲਏ ਜਾਣ। ਇਸ ਸਬੰਧੀ ਡੀæਸੀæ ਪੂੰਨੀ ਨੇ ਕਿਹਾ ਕਿ ਫ਼ਰੀਦਕੋਟ ਨਾਲ ਸਬੰਧਤ ਸਾਰੇ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੇ ਮੋਗਾ ਘੋਲ ਕਾਰਨ ਬਣੇ ਮੁਕੱਦਮੇ ਉਹ ਅੱਜ ਹੀ ਵਾਪਿਸ ਲੈਂਦਾ ਹੈ ਤੇ ਬਾਕੀਆਂ ਨੂੰ ਰਫਾ-ਦਫਾ ਕਰਨ ਲਈ ਉਹ ਉਪਰ ਲਿਖ ਰਿਹਾ ਹੈ। ਚੌਥੀ ਮੰਗ ਸੀ ਕਿ ਪ੍ਰਿੰਸੀਪਲ ਨਾਂ ਕੱਟੇ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਹੀਂ ਸੱਦੇਗਾ, ਵਿਦਿਆਰਥੀ ਬਿਨਾਂ ਕਿਸੇ ਵਿਤਕਰੇ ਦੇ ਅਰਜ਼ੀਆਂ ਲੈ ਕੇ ਮੁੜ ਦਾਖਲ ਕੀਤੇ ਜਾਣਗੇ। ਇਹ ਸਾਡੀ ਸਥਾਨਕ ਮੰਗ ਸੀ। ਡੀæਸੀæ ਪੂੰਨੀ ਕਹਿਣ ਲੱਗੇ-ਅਜਿਹਾ ਹੀ ਹੋਵੇਗਾ।
ਅਖੀਰ ‘ਤੇ ਡੀæਸੀæ ਪੂੰਨੀ ਨੇ ਕਿਹਾ, “ਹੁਣ ਜਦੋਂ ਪੰਜਾਬ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ ਤਾਂ ਤੁਸੀਂ ਵੀ ਹੜਤਾਲ ਖਤਮ ਕਰ ਕੇ ਕੱਲ੍ਹ ਤੋਂ ਪੜ੍ਹਾਈ ਸ਼ੁਰੂ ਕਰੋ।” ਮੈਂ ਕਿਹਾ, “ਡੀæਸੀæ ਸਾਹਬ, ਅਸੀਂ ਕੱਲ੍ਹ ਨੂੰ ਰੈਲੀ ਕਰ ਕੇ ਫੈਸਲਾ ਕਰਾਂਗੇ ਪਰ ਤੁਸੀਂ ਪੁਲਿਸ ਨੂੰ ਕਹੋ ਕਿ ਕਾਲਜ ਤੋਂ ਦੂਰ ਰਹੇ।” ਅਸੀਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਜੇ ਪੰਜਾਬ ਪੱਧਰ ‘ਤੇ ਪੀæਐਸ਼ਯੂæ ਵੱਲੋਂ ਕਿਸੇ ਰੋਸ-ਰੈਲੀ, ਹੜਤਾਲ ਜਾਂ ਮੁਜ਼ਾਹਰੇ ਦਾ ਸੱਦਾ ਆਵੇਗਾ ਤਾਂ ਅਸੀਂ ਉਸ ਨੂੰ ਹਰ ਹਾਲਤ ਵਿਚ ਲਾਗੂ ਕਰਾਂਗੇ।
(ਸਮਾਪਤ)

*ਸਾਬਕਾ ਜਨਰਲ ਸਕੱਤਰ
ਪੰਜਾਬ ਸਟੂਡੈਂਟਸ ਯੂਨੀਅਨ।

Be the first to comment

Leave a Reply

Your email address will not be published.