ਠੱਗ ਟਰੈਵਲ ਏਜੰਟਾਂ ਨੇ ਲੁੱਟ ਲਿਆ ਪੰਜਾਬ

ਜਲੰਧਰ: ਪੰਜਾਬ ਵਿਚ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਭੇਜਣ ਦਾ ਧੰਦਾ ਲਗਾਤਾਰ ਵਧਦਾ ਜਾ ਰਿਹਾ ਹੈ। ਪੈਸੇ ਕਮਾਉਣ ਲਈ ਫਰਜ਼ੀ ਏਜੰਟ ਅਗਵਾ ਕਰਨ ਤੋਂ ਲੈ ਕੇ ਕਤਲ ਤੱਕ ਕਰਨ ਲੱਗੇ ਹਨ। ਕੈਨੇਡਾ, ਆਸਟਰੇਲੀਆ, ਅਮਰੀਕਾ, ਇੰਗਲੈਂਡ, ਖਾੜੀ ਦੇਸ਼ਾਂ ਤੋਂ ਲੈ ਕੇ ਹੋਰ ਯੂਰਪੀ ਦੇਸ਼ਾਂ ਵਿਚ ਭੇਜਣ ਦੇ ਨਾਂ ਉਤੇ ਏਜੰਟ ਇਕ ਬੰਦੇ ਤੋਂ 15 ਤੋਂ ਲੈ ਕੇ 35 ਲੱਖ ਰੁਪਏ ਤੱਕ ਠੱਗ ਰਹੇ ਹਨ। ਜਨਵਰੀ 2016 ਤੋਂ ਜੂਨ 2018 ਤੱਕ 92,000 ਲੋਕਾਂ ਤੋਂ 17,480 ਕਰੋੜ ਰੁਪਏ ਠੱਗੇ ਜਾ ਚੁੱਕੇ ਹਨ। Ḕਭਾਸਕਰ’ ਦੀ ਰਿਪੋਰਟ ਮੁਤਾਬਕ ਠੱਗੀ ਦਾ ਸ਼ਿਕਾਰ ਸਭ ਤੋਂ ਵੱਧ ਦਿਹਾਤੀ ਲੋਕ ਤੇ ਬੇਰੁਜ਼ਗਾਰ ਹੋਏ ਹਨ।

ਵੱਡੇ ਮਾਮਲਿਆਂ ਵਿਚ ਔਸਤਨ ਵਿਦੇਸ਼ ਜਾਣ ਦੇ ਹਰ ਚਾਹਵਾਨ ਤੋਂ 19 ਲੱਖ ਰੁਪਏ ਠੱਗੇ ਜਾ ਰਹੇ ਹਨ। ਇਹ ਖੁਲਾਸਾ 220 ਥਾਣਿਆਂ ਵਿਚ ਦਰਜ 1200 ਐਫ਼ਆਈæਆਰਜ਼æ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਚਾਰ ਏਜੰਸੀਆਂ ਦੀ ਰਿਸਰਚ ਰਿਪੋਰਟਾਂ ਤੋਂ ਪਤਾ ਲੱਗਾ ਹੈ। ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਡਾ ਪੈਸਾ ਤਾਂ ਫਸਦਾ ਹੀ ਹੈ ਉਤੋਂ ਪੁਲਿਸ ਵੀ ਉਨ੍ਹਾਂ ਦੀ ਨਹੀਂ ਸੁਣਦੀ। ਇਥੋਂ ਤੱਕ ਕਿ ਕੇਸ ਵੀ ਦਰਜ ਨਹੀਂ ਹੁੰਦਾ। ਜ਼ਿਆਦਾਤਰ ਮਾਮਲੇ ਅਦਾਲਤ ਤੱਕ ਵੀ ਨਹੀਂ ਪਹੁੰਚਦੇ। ਜਾਅਲੀ ਏਜੰਟ ਲੋਕਾਂ ਨੂੰ ਇਹ ਕਹਿ ਕੇ ਫਸਾਉਂਦੇ ਹਨ ਕਿ ਵੀਜ਼ਾ ਅਪਲਾਈ ਕਰ ਕੇ ਦੇਖ ਲੈਂਦੇ ਹਾਂ, ਜੇਕਰ ਲੱਗ ਗਿਆ ਤਾਂ ਠੀਕ, ਨਹੀਂ ਅੱਧੇ ਪੈਸੇ ਵਾਪਸ ਕਰ ਦਿਆਂਗੇ। ਇਸੇ ਦੌਰਾਨ ਹੀ ਏਜੰਟ ਉਨ੍ਹਾਂ ਤੋਂ ਪੰਜ ਲੱਖ ਰੁਪਏ ਤੱਕ ਲੈ ਲੈਂਦੇ ਹਨ ਤੇ ਹੌਲੀ-ਹੌਲੀ ਹੋਰ ਪੈਸਾ ਵੀ ਕਢਵਾਉਂਦੇ ਰਹਿੰਦੇ ਹਨ। ਕਈ ਪਰਿਵਾਰ ਕਰਜ਼ੇ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ। ਏਜੰਟ ਉਨ੍ਹਾਂ ਨੂੰ ਵਰਕ ਵੀਜ਼ਾ ਦੀ ਬਜਾਇ ਟੂਰਿਸਟ ਵੀਜ਼ਾ ਉਤੇ ਭੇਜ ਦਿੰਦੇ ਹਨ। ਇਸ ਤਰ੍ਹਾਂ ਉਹ ਉਥੇ ਜਾ ਕੇ ਕੰਮ ਨਹੀਂ ਕਰ ਪਾਉਂਦੇ ਤੇ ਇੱਧਰ ਕਰਜ਼ਾਈ ਪਰਿਵਾਰ ਦਾ ਜਿਉਣਾ ਦੁੱਭਰ ਹੋ ਜਾਂਦਾ ਹੈ।
ਮਾਨਤਾ ਪ੍ਰਾਪਤ ਏਜੰਟਾਂ ਦਾ ਕਹਿਣਾ ਹੈ ਕਿ ਸਰਕਾਰ ਫਰਜ਼ੀ ਏਜੰਟਾਂ ਵਿਰੁੱਧ ਸਖਤ ਕਾਰਵਾਈ ਨਹੀਂ ਕਰਦੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਸੂਬੇ ਵਿਚ ਟ੍ਰੈਵਲ ਏਜੰਟਾਂ ਦੀ ਰਜਿਸਟ੍ਰੇਸ਼ਨ ਨੂੰ ਸਹੀ ਤਰੀਕੇ ਨਾਲ ਅਮਲ ਵਿਚ ਨਹੀਂ ਲਿਆ ਰਹੀ। ਬਾਦਲ ਸਰਕਾਰ ਨੇ ਪੰਜਾਬ ਪ੍ਰਿਵੈਨਸ਼ਨ ਆਫ ਹਿਊਮਨ ਸਮਗਲਿੰਗ ਐਕਟ (2012) ਬਣਾ ਕੇ ਖਾਨਾਪੂਰਤੀ ਤਾਂ ਕਰ ਦਿੱਤੀ ਸੀ। ਹੁਣ ਕੈਪਟਨ ਸਰਕਾਰ ਨੇ ਵੀ ਇਕ ਸਾਲ ਵਿਚ ਫਰਜ਼ੀ ਟ੍ਰੈਵਲ ਏਜੰਟਾਂ ਨੂੰ ਨੱਥ ਨਹੀਂ ਪਾਈ ਹੈ।
——————–
ਰਾਜ ਸਭਾ ‘ਚ ਉਠਿਆ ਫਰਜ਼ੀ ਟਰੈਵਲ ਏਜੰਟਾਂ ਦਾ ਮੁੱਦਾ
ਨਵੀਂ ਦਿੱਲੀ: ਪੰਜਾਬ ਵਿਚ ਫਰਜ਼ੀ ਟਰੈਵਲ ਏਜੰਸੀਆਂ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਕਾਮਿਆਂ ਨੂੰ ਵਿਦੇਸ਼ ਭੇਜਣ ਦੀ ਸਮੱਸਿਆ ਦਾ ਮੁੱਦਾ ਰਾਜ ਸਭਾ ਵਿਚ ਉਠਿਆ। ਹੁਣ ਇਸ ਦਾਇਰੇ ਵਿਚ ਵਿਦਿਆਰਥੀਆਂ ਵੀ ਆ ਗਏ ਹਨ। ਸਿਫਰ ਕਾਲ ਵਿਚ ਭਾਜਪਾ ਦੇ ਸ਼ਵੇਤ ਮਲਿਕ ਨੇ ਪੰਜਾਬ ਦੇ ਫਰਜ਼ੀ ਟਰੈਵਲ ਏਜੰਸੀਆਂ ਦੀ ਗਿਣਤੀ ਅਚਾਨਕ ਵਧਣ ਦਾ ਮੁੱਦਾ ਚੁੱਕਦੇ ਹੋਏ ਸਰਕਾਰ ਤੋਂ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਅਧਿਕਾਰਤ ਰੂਪ ਵਿਚ ਸਿਰਫ 1100 ਰਜਿਸਟਰਡ ਟਰੈਵਲ ਏਜੰਟ ਹਨ। ਜਦੋਂ ਕਿ ਪੂਰੇ ਰਾਜ ਵਿਚ ਫਰਜ਼ੀ ਏਜੰਸੀਆਂ ਦੀ ਭਰਮਾਰ ਹੈ।