ਪਨਾਮਾ ਦੇ ਜੰਗਲਾਂ ‘ਚੋਂ ਮੌਤ ਦੇ ਮੂੰਹੋਂ ਪਰਤੇ ਨਾਨਕ ਸਿੰਘ ਦੀ ਡਰਾਉਣੀ ਦਾਸਤਾਨ

ਜਲੰਧਰ: ਅਮਰੀਕਾ ਜਾਣ ਦਾ ਸੁਪਨਾ ਪੰਜਾਬ ਦਾ ਹਰ ਉਹ ਚੌਥਾ ਨੌਜਵਾਨ ਇਕ ਵਾਰ ਜ਼ਰੂਰ ਵੇਖਦਾ ਹੈ ਜਿਹੜਾ 20-25 ਲੱਖ ਰੁਪਏ ਖਰਚਣ ਜੋਗਾ ਹੁੰਦਾ ਹੈ। ਅਮਰੀਕਾ ਜਾਣਾ ਇੰਨਾ ਵੀ ਸੌਖਾ ਨਹੀਂ। ਗੈਰ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਜਾਣ ਵਾਲਿਆਂ ਦਾ ਸਿੱਧਾ ਟਾਕਰਾ ਮੌਤ ਨਾਲ ਹੁੰਦਾ ਹੈ। ਲੁਧਿਆਣਾ ਦੀ ਬਸਤੀ ਜੋਧੇਵਾਲ ਦਾ ਇਕ ਨੌਜਵਾਨ ਪਨਾਮਾ ਦੇ ਜੰਗਲਾਂ ਵਿਚੋਂ ਮੌਤ ਦਾ ਮੂੰਹ ਵੇਖ ਕੇ ਪਰਤਿਆ ਹੈ।

ਪੱਚੀ ਲੱਖ ਰੁਪਏ ਖਰਚ ਕੇ ਲੁਧਿਆਣਾ ਤੋਂ ਅਮਰੀਕਾ ਲਈ ਰਵਾਨਾ ਹੋਇਆ ਨਾਨਕ ਜਦੋਂ 15 ਦਿਨ ਦਿਨ ਇਕੱਲਾ ਪਨਾਮਾ ਦੇ ਜੰਗਲਾਂ ਵਿਚ ਭੁੱਖਾ ਪਿਆਸਾ ਭਟਕਿਆ ਤਾਂ ਉਸ ਦੀ ਦਿਮਾਗੀ ਹਾਲਤ ਠੀਕ ਨਾ ਰਹੀ। ਏਜੰਟ ਨੇ 25 ਲੱਖ ਰੁਪਏ ਵਿਚ ਸਹੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਕਹਿ ਕੇ ਨਾਨਕ ਨੂੰ ਗੈਰ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਭੇਜਣ ਲਈ 7 ਅਪਰੈਲ ਨੂੰ ਨਵੀਂ ਦਿੱਲੀ ਤੋਂ ਦੱਖਣੀ ਅਫਰੀਕਾ ਲਈ ਜਹਾਜ਼ ‘ਤੇ ਚੜ੍ਹਾ ਦਿੱਤਾ। ਟਰੈਵਲ ਏਜੰਟ ਨੇ ਨਾਨਕ ਨੂੰ ਨਵੀਂ ਦਿੱਲੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਇਕਵਾਡੋਰ ਭੇਜਿਆ। ਇਸ ਤੋਂ ਬਾਅਦ ਕੋਲੰਬੀਆ ਤੇ ਫਿਰ ਪਨਾਮਾ। ਇਸ ਤੋਂ ਬਾਅਦ ਪਨਾਮਾ ਦੇ ਜੰਗਲ ਪਾਰ ਕਰਦੇ ਹੋਏ ਨਾਨਕ ਦਾ ਸਾਹਮਣਾ ਮੌਤ ਨਾਲ ਹੋਇਆ। ਹੁਣ ਨਾਨਕ ਦਾ ਲੁਧਿਆਣਾ ਵਿਚ ਦਿਮਾਗੀ ਇਲਾਜ ਚੱਲ ਰਿਹਾ ਹੈ।
ਗੱਲ ਕਰਦੇ-ਕਰਦੇ ਉਹ ਕਈ ਗੱਲਾਂ ਭੁੱਲ ਵੀ ਜਾਂਦਾ ਹੈ। ਨਾਨਕ ਦਾ ਸਭ ਤੋਂ ਵੱਡਾ ਸੰਘਰਸ਼ ਸ਼ੁਰੂ ਹੋਇਆ ਪਨਾਮਾ ਦੇ ਜੰਗਲ ਪਾਰ ਕਰਨ ਵੇਲੇ। ਉਸ ਵੇਲੇ ਨਾਨਕ ਨਾਲ 60 ਤੋਂ 80 ਨੌਜਵਾਨ ਸਨ। ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ, ਕੁਝ ਹਿੰਦੁਸਤਾਨ ਦੇ ਦੂਜੇ ਸੂਬਿਆਂ ਤੇ ਕੁਝ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਾਲੇ ਵੀ ਸੀ। ਆਮ ਤੌਰ ‘ਤੇ ਪਨਾਮਾ ਦੇ ਡਰਾਉਣੇ ਜੰਗਲ 7 ਦਿਨਾਂ ਵਿਚ ਪਾਰ ਹੋ ਜਾਂਦੇ ਹਨ। ਸਫਰ ਦੌਰਾਨ ਨਾਨਕ ਨੂੰ ਸੱਪ ਵਰਗੀ ਕਿਸੇ ਚੀਜ਼ ਨੇ ਵੱਢ ਲਿਆ। ਉਸ ਦੇ ਜ਼ਖਮ ਹੋ ਗਿਆ। ਨਾਨਕ ਮੁੰਡਿਆਂ ਨਾਲ ਅੱਗੇ ਨਾ ਜਾ ਸਕਿਆ। ਕਾਫਲਾ ਕਾਫੀ ਦੂਰ ਚਲਾ ਗਿਆ। ਏਜੰਟ ਪਨਾਮਾ ਤੋਂ ਕੋਸਟਾ ਰਿਕਾ ਟਾਪੂ ਤੇ ਫਿਰ ਮੈਕਸੀਕੋ ਭੇਜਦੇ ਹਨ। ਮੈਕਸੀਕੋ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਜਾਂਦਾ ਹੈ।
ਅਮਰੀਕਾ ਜਾਣ ਤੋਂ ਪਹਿਲਾਂ ਨਾਨਕ ਨੇ ਬਹੁਤ ਸਾਰਾ ਸਾਮਾਨ ਵੀ ਪੰਜਾਬ ਤੋਂ ਖਰੀਦ ਲਿਆ ਸੀ। ਕੱਪੜੇ, ਤਿੰਨ ਜੋੜੇ ਬੂਟਾਂ ਤੇ ਦੋ ਮੋਬਾਈਲ ਫੋਨ। ਇਹ ਸਾਰਾ ਕੁਝ ਏਜੰਟ ਦੇ ਕਿਸੇ ਬੰਦੇ ਨੇ ਇਕਵਾਡੋਰ ਵਿਚ ਹੀ ਲੈ ਲਿਆ ਸੀ। ਉਸ ਨੇ ਕਿਹਾ ਸੀ ਕਿ ਇਹ ਸਾਰਾ ਕੁਝ ਉਹ ਅਮਰੀਕਾ ਪਹੁੰਚਾ ਦੇਵੇਗਾ। ਭੁੱਖਾ, ਪਿਆਸਾ ਨਾਨਕ ਦੋ ਹਫਤੇ ਜੰਗਲ ਵਿਚ ਭਟਕਦਾ ਰਿਹਾ। ਇਸ ਦੌਰਾਨ ਪਿੱਛੋਂ ਆਏ ਨੌਜਵਾਨਾਂ ਦੇ ਦੂਜੇ ਜਥੇ ਨੇ ਨਾਨਕ ਨੂੰ ਆਪਣੇ ਨਾਲ ਅੱਗੇ ਲਿਜਾਣ ਦੀ ਗੱਲ ਕੀਤੀ ਪਰ ਨਾਨਕ ਜਾਣਦਾ ਸੀ ਕਿ ਉਹ ਜ਼ਖਮ ਨਾਲ ਉਨ੍ਹਾਂ ਦਾ ਹਾਣੀ ਨਹੀਂ ਬਣ ਸਕੇਗਾ।
ਨੌਜਵਾਨਾਂ ਦਾ ਦੂਜਾ ਜੱਥਾ ਵੀ ਅੱਗੇ ਚਲਾ ਗਿਆ। ਸ਼ਾਇਦ 15 ਦਿਨਾਂ ਵਿਚ ਨਾਨਕ ਨੇ ਇਹ ਜੰਗਲ ਪਾਰ ਕੀਤਾ ਤੇ ਕੋਸਟਾ ਰਿਕਾ ਟਾਪੂ ‘ਤੇ ਪਹੁੰਚ ਗਿਆ। ਨਾਨਕ ਨੂੰ ਸੜਕ ਉਤੇ ਪਏ ਵੇਖ ਕੇ ਉਥੋਂ ਦੇ ਇਕ ਬੰਦੇ ਨੇ ਉਸ ਦੀ ਮਦਦ ਬਾਰੇ ਪੁੱਛਿਆ ਪਰ ਨਾਨਕ ਨੂੰ ਜਰਮਨ ਭਾਸ਼ਾ ਨਾ ਆਉਣ ਕਰ ਕੇ ਕੋਈ ਗੱਲ ਸਮਝ ਨਹੀਂ ਆਈ। ਨਾਨਕ ਨੇ ਆਪਣੀ ਜੇਬ ਵਿਚ ਪਏ ਕਾਗਜ਼ ‘ਤੇ ਆਪਣੇ ਵੱਡੇ ਭਰਾ ਦਾ ਨੰਬਰ ਲਿਖਿਆ ਹੋਇਆ ਸੀ। ਨਾਨਕ ਨੇ ਉਹ ਉਸ ਬੰਦੇ ਨੂੰ ਫੜਾ ਦਿੱਤਾ। ਇਸ ਤੋਂ ਬਾਅਦ ਨਾਨਕ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਦਾ ਉਸ ਨੂੰ ਬਹੁਤਾ ਕੁਝ ਯਾਦ ਨਹੀਂ। ਨਾਨਕ ਦੇ ਵੱਡੇ ਭਰਾ ਵਿੱਕੀ ਨੇ ਦੱਸਿਆ ਕਿ ਅੰਗਰੇਜ਼ ਨੇ ਉਸ ਨੂੰ ਫੋਨ ਕਰਕੇ ਨਾਨਕ ਬਾਰੇ ਦੱਸਿਆ। ਅੰਗਰੇਜ਼ ਨੇ ਪੁੱਛਿਆ ਕਿ ਕੀ ਉਹ ਨਾਨਕ ਨੂੰ ਆਪਣੇ ਘਰ ਲਿਜਾ ਸਕਦਾ ਹੈ। ਪਰਿਵਾਰ ਵੱਲੋਂ ਹਾਂ ਕਹਿਣ ਉਤੇ ਉਸ ਨੇ ਨਾਨਕ ਦੀਆਂ ਤਸਵੀਰਾਂ ਪਰਿਵਾਰ ਨੂੰ ਭੇਜੀਆਂ ਤੇ ਫਿਰ ਉਸ ਨੂੰ ਆਪਣੇ ਘਰ ਲੈ ਗਿਆ ਤੇ ਸਵਾਂ ਦਿੱਤਾ। ਉਸ ਨੇ ਕਿਹਾ ਕਿ ਨਾਨਕ ਜਦੋਂ ਸਵੇਰੇ ਉਠੇਗਾ ਤਾਂ ਉਸ ਦੀ ਗੱਲ ਕਰਵਾ ਦੇਵੇਗਾ।
ਇਹ ਪਹਿਲੀ ਵਾਰ ਸੀ ਜਦੋਂ ਨਾਨਕ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਮੁੰਡਾ ਅਮਰੀਕਾ ਜਾਣ ਦੀ ਥਾਂ ਕੋਸਟਾ ਰਿਕਾ ਦੀਆਂ ਸੜਕਾਂ ਉਤੇ ਰੁਲ ਰਿਹਾ ਹੈ। ਸਵੇਰੇ ਮਦਦ ਕਰਨ ਵਾਲੇ ਬੰਦੇ ਨੇ ਜਦੋਂ ਨਾਨਕ ਨੂੰ ਫੋਨ ‘ਤੇ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ ਤਾਂ ਨਾਨਕ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਸੀ। ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰ ਰਿਹਾ ਸੀ। ਇਸ ਤੋਂ ਬਾਅਦ ਮਦਦਗਾਰ ਬੰਦੇ ਨੇ ਪੁਲਿਸ ਬੁਲਾਈ ਤੇ ਨਾਨਕ ਨੂੰ ਹਸਪਤਾਲ ਦਾਖਲ ਕਰਵਾਇਆ। ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਨਾਨਕ ਦੋ ਮਹੀਨੇ ਇਲਾਜ ਲਈ ਕੋਸਟਾ ਰਿਕਾ ਦੇ ਹਸਪਤਾਲ ਵਿਚ ਦਾਖਲ ਰਿਹਾ। ਜਦੋਂ ਥੋੜ੍ਹਾ ਬੋਲਣ ਜੋਗਾ ਹੋਇਆ ਤਾਂ ਉਥੇ ਰਹਿ ਰਹੇ ਬੰਗਲੌਰ ਦੇ ਇਕ ਹਿੰਦੁਸਤਾਨੀ ਨੇ ਆ ਕੇ ਨਾਨਕ ਨਾਲ ਗੱਲ ਕੀਤੀ। ਇਸ ਦੌਰਾਨ ਹਿੰਦੁਸਤਾਨ ਵਿਚ ਉਸ ਦਾ ਪਰਿਵਾਰ ਪੰਜਾਬ ਪੁਲਿਸ, ਬੀæਜੇæਪੀæ ਦੇ ਲੀਡਰ ਅਵਿਨਾਸ਼ ਰਾਏ ਖੰਨਾ ਰਾਹੀਂ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਤੱਕ ਗੇੜੇ ਮਾਰਨ ਲੱਗੇ। ਅਖੀਰ ਨਾਨਕ ਦੀ ਹਾਲਤ ਕੁਝ ਸੁਧਰੀ ਤਾਂ ਉਸ ਨੇ ਪਰਿਵਾਰ ਨਾਲ ਗੱਲ ਕਰਕੇ ਆਪਣੇ ਬਾਰੇ ਦੱਸਿਆ। ਹੌਜ਼ਰੀ ਦਾ ਕਾਰੋਬਾਰ ਕਰਨ ਵਾਲੇ ਨਾਨਕ ਦੇ ਪਿਤਾ ਸੁਰਿੰਦਰ ਨੇ ਆਪਣੀ ਜ਼ਿੰਦਗੀ ਦੀ ਬਚਤ ਨਾਨਕ ਨੂੰ ਅਮਰੀਕਾ ਭੇਜਣ ਲਈ ਲਾ ਦਿੱਤਾ। ਖਾਸ ਗੱਲ ਇਹ ਹੈ ਕਿ ਅਮਰੀਕਾ ਭੇਜਣ ਬਾਰੇ ਉਨ੍ਹਾਂ ਦੇ ਗੁਆਂਢੀ ਨੇ ਹੀ ਨਾਨਕ ਨਾਲ ਗੱਲ ਕੀਤੀ ਸੀ ਪਰ ਉਸ ਵੇਲੇ ਪਰਿਵਾਰ ਨੂੰ ਇਹ ਅੰਦਾਜ਼ਾ ਬਿਲਕੁਲ ਵੀ ਨਹੀਂ ਹੋ ਸਕਿਆ ਕਿ ਨਾਨਕ ਨੂੰ ਮੌਤ ਦੇ ਮੂੰਹ ਵਿਚ ਭੇਜਿਆ ਜਾ ਰਿਹਾ ਹੈ।
ਨਾਨਕ ਹਸਪਤਾਲ ਵਿਚ ਜਦੋਂ ਥੋੜ੍ਹਾ ਠੀਕ ਹੋਇਆ ਤਾਂ ਕੋਸਟਾ ਰਿਕਾ ਵਿਚ ਭਾਰਤੀ ਅੰਬੈਸੀ ਨੇ ਉਸ ਨੂੰ ਵਾਪਸ ਭਾਰਤ ਭੇਜਣ ਬਾਰੇ ਗੱਲ ਸ਼ੁਰੂ ਕੀਤੀ। ਇਸ ਦੌਰਾਨ ਤੱਕ ਹਸਪਤਾਲ ਦਾ ਬਿੱਲ 10 ਲੱਖ ਰੁਪਏ ਬਣ ਚੁੱਕਿਆ ਸੀ। ਪਰਿਵਾਰ ਕੋਲ ਇੰਨੇ ਪੈਸੇ ਨਹੀਂ ਸਨ। ਵਿਦੇਸ਼ ਮੰਤਰੀ ਨੇ ਅੰਬੈਸੀ ਰਾਹੀਂ ਇਹ ਬਿੱਲ ਮੁਆਫ ਕਰਵਾਇਆ ਤੇ ਨਾਨਕ ਨੂੰ ਐਮਰਜੈਂਸੀ ਪਾਸਪੋਰਟ ਜਾਰੀ ਕੀਤਾ ਗਿਆ। ਪਰਿਵਾਰ ਨੇ ਦੋ ਲੱਖ ਰੁਪਏ ਦੀਆਂ ਟਿਕਟਾਂ ਲੈ ਕੇ ਭੇਜੀਆਂ ਤੇ ਨਾਨਕ ਮੌਤ ਦੇ ਮੂੰਹ ਵਿਚੋਂ ਵਾਪਸ ਆਪਣੇ ਘਰ ਲੁਧਿਆਣਾ ਪਰਤ ਆਇਆ।
ਨਾਨਕ ਦਾ ਇਕ ਵੱਡਾ ਭਰਾ ਫਿਲੀਪੀਨਸ ਵਿਚ ਰਹਿੰਦਾ ਹੈ। ਹੁਣ ਨਾਨਕ ਹੱਥ ਜੋੜ ਕੇ ਕਹਿੰਦਾ ਹੈ ਕਿ ਕੋਈ ਵੀ ਅਮਰੀਕਾ ਦੋ ਨੰਬਰ ਦੇ ਰਸਤੇ ਵਿਚੋਂ ਨਾ ਜਾਵੇ। ਜੇ ਮਾਂਵਾਂ ਨੇ ਆਪਣੇ ਪੁੱਤ ਗੁਆਉਣੇ ਹਨ ਤਾਂ ਹੀ ਅਮਰੀਕਾ ਭੇਜਣ। ਨਾਨਕ ਦੀ ਮਾਂ ਸੰਧਿਆ ਨੂੰ ਦੋ ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ। ਹੁਣ ਉਹ ਇਹੋ ਕਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਵਾਪਸ ਆ ਗਿਆ, ਹੋਰ ਉਨ੍ਹਾਂ ਨੂੰ ਕੀ ਚਾਹੀਦਾ ਹੈ।
———————–
100 ਤੋਂ ਵੱਧ ਨੌਜਵਾਨ ਬੰਗਲੁਰੂ ਦੇ ਜੰਗਲਾਂ ਵਿਚ ਬੰਧਕ
ਬਰਨਾਲਾ: ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟਾਂ ਨੇ 15 ਪੰਜਾਬੀਆਂ ਸਮੇਤ ਕੁੱਲ 100 ਤੋਂ ਜ਼ਿਆਦਾ ਨੌਜਵਾਨਾਂ ਨੂੰ ਬੰਗਲੁਰੂ ਦੇ ਜੰਗਲਾਂ ਵਿਚ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਬਰਨਾਲਾ ਦੇ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਵੀ ਉਨ੍ਹਾਂ ਪੰਜਾਬੀਆਂ ਨਾਲ ਬੰਧਕ ਬਣਾਇਆ ਗਿਆ ਸੀ ਪਰ ਉਹ ਜਾਨ ਬਚਾ ਕੇ ਭੱਜ ਆਇਆ। ਉਸ ਨੇ ਕਿਹਾ ਕਿ ਏਜੰਟ ਅਗਵਾ ਕੀਤੇ ਨੌਜਵਾਨਾਂ ਦੇ ਘਰੋਂ ਪੈਸੇ ਮੰਗਵਾਉਂਦੇ ਹਨ ਤੇ ਅਜਿਹਾ ਨਾ ਹੋਣ ‘ਤੇ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ। ਏਜੰਟ ਹੁਣ ਤੱਕ ਤਿੰਨ ਨੌਜਵਾਨਾਂ ਨੂੰ ਮਾਰ ਚੁੱਕੇ ਹਨ। ਗੁਰਪ੍ਰੀਤ ਨੇ ਦੱਸਿਆ ਕਿ ਬੰਧਕ ਬਣਾਏ ਗਏ ਨੌਜਵਾਨਾਂ ਵਿਚੋਂ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਸੂਬਿਆਂ ਤੇ ਨੇਪਾਲ ਤੇ ਬੰਗਲਾਦੇਸ਼ ਦੇ ਵਸਨੀਕ ਵੀ ਹਨ। ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦੇ ਰਹਿਣ ਵਾਲੇ ਗੁਰਪ੍ਰੀਤ ਨੇ ਇਹ ਸਾਰੀ ਕਹਾਣੀ ਬਰਨਾਲਾ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਦੱਸੀ ਹੈ। ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਅੱਠ ਏਜੰਟਾਂ Ḕਤੇ ਕੇਸ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।