ਗਿਆਨੀ ਗੁਰਮੁਖ ਸਿੰਘ ਬਾਰੇ ਸ਼੍ਰੋਮਣੀ ਕਮੇਟੀ ਦੀ ਨਰਮੀ ਉਤੇ ਉਠੇ ਸਵਾਲ

ਅੰਮ੍ਰਿਤਸਰ ਤਖਤ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਅਚਨਚੇਤੀ ਅਕਾਲ ਤਖਤ ਵਿਖੇ ਬਤੌਰ ਹੈੱਡ ਗ੍ਰੰਥੀ ਵਾਪਸੀ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ। ਚਰਚਾ ਦਾ ਮੁੱਦਾ ਹੈ ਕਿ ਕੀ ਉਹ ਮੁੜ ਪੰਜ ਸਿੰਘ ਸਾਹਿਬਾਨ ਦੀਆਂ ਇਕੱਤਰਤਾਵਾਂ ਵਿਚ ਸ਼ਾਮਲ ਹੋਣਗੇ ਅਤੇ ਸਿੰਘ ਸਾਹਿਬਾਨਾਂ ਵਿਚਾਲੇ ਪਹਿਲਾਂ ਜਿਹੀ ਇਕਸੁਰਤਾ ਬਣ ਸਕੇਗੀ? ਗਿਆਨੀ ਗੁਰਮੁਖ ਸਿੰਘ ਨੂੰ ਅਚਾਨਕ ਆਏ ਆਦੇਸ਼ ਰਾਹੀਂ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ ਕਾਰਜਭਾਰ ਸੌਂਪਿਆ ਗਿਆ ਹੈ।

ਪੰਜਾਬ ਤੋਂ ਬਾਹਰ ਦੌਰੇ Ḕਤੇ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਥੇ ਪਰਤਣ ਮਗਰੋਂ ਸਾਬਕਾ ਜਥੇਦਾਰ ਦੇ ਤਬਾਦਲੇ ਦੇ ਆਦੇਸ਼ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਤੋਂ ਬਾਅਦ ਦੇਰ ਰਾਤ ਨੂੰ ਗਿਆਨੀ ਗੁਰਮੁਖ ਸਿੰਘ ਨੇ ਅਕਾਲ ਤਖ਼ਤ ਵਿਖੇ ਪੁੱਜ ਕੇ ਬਤੌਰ ਹੈੱਡ ਗ੍ਰੰਥੀ ਕਾਰਜਭਾਰ ਸਾਂਭਿਆ ਹੈ। ਅਕਾਲ ਤਖ਼ਤ ਵਿਖੇ ਗਿਆਨੀ ਮਲਕੀਤ ਸਿੰਘ ਬਤੌਰ ਹੈੱਡ ਗ੍ਰੰਥੀ ਤਾਇਨਾਤ ਸਨ, ਜਿਨ੍ਹਾਂ ਦਾ ਤਬਾਦਲਾ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਹ ਰੁਟੀਨ ਤਬਾਦਲਾ ਹੈ। ਗਿਆਨੀ ਗੁਰਮੁਖ ਸਿੰਘ ਦਾ ਪਰਿਵਾਰ ਤੇ ਬੱਚੇ ਅੰਮ੍ਰਿਤਸਰ ਵਿੱਚ ਹੀ ਸਨ, ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਪੇਸ਼ ਆਉਂਦੀ ਸੀ।
ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਹੀ ਇਹ ਤਬਾਦਲਾ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਹਰਿਆਣਾ ਸਥਿਤ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਹੈੱਡ ਗ੍ਰੰਥੀ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਅਪਰੈਲ 2017 ਵਿਚ ਤਖਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਹਰਿਆਣਾ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਉਸ ਵੇਲੇ ਸਾਬਕਾ ਜਥੇਦਾਰ ਵੱਲੋਂ ਅਕਾਲ ਤਖਤ ਦੇ ਜਥੇਦਾਰ ਤੇ ਹੋਰਨਾਂ Ḕਤੇ ਦੋਸ਼ ਲਾਏ ਗਏ ਸਨ ਕਿ ਇਨ੍ਹਾਂ ਵੱਲੋਂ ਅਕਾਲੀ ਹਾਈਕਮਾਂਡ ਦੇ ਆਦੇਸ਼ਾਂ ਮੁਤਾਬਕ ਵਧੇਰੇ ਫੈਸਲੇ ਕੀਤੇ ਜਾਂਦੇ ਹਨ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ ਬਾਰੇ ਵੀ ਉਨ੍ਹਾਂ ਦੋਸ਼ ਲਾਇਆ ਸੀ ਕਿ ਇਹ ਫੈਸਲਾ ਅਕਾਲੀ ਹਾਈਕਮਾਂਡ ਦੇ ਇਸ਼ਾਰੇ Ḕਤੇ ਹੀ ਕੀਤਾ ਗਿਆ ਸੀ।
ਇਨ੍ਹਾਂ ਦੋਸ਼ਾਂ ਕਾਰਨ ਜਥੇਦਾਰਾਂ ਵਿਚਾਲੇ ਆਪਸੀ ਮਤਭੇਦ ਪੈਦਾ ਹੋ ਗਏ ਸਨ, ਜਿਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਰਿਹਾਇਸ਼ੀ ਕੁਆਰਟਰ ਵੀ ਖਾਲੀ ਕਰਾਉਣ ਦਾ ਯਤਨ ਕੀਤਾ ਗਿਆ ਸੀ। ਇਸੇ ਕੜੀ ਤਹਿਤ ਉਨ੍ਹਾਂ ਦੇ ਇਕ ਰਿਸ਼ਤੇਦਾਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੀ ਅਚਨਚੇਤ ਵਾਪਸੀ ਇਥੇ ਸ਼੍ਰੋਮਣੀ ਕਮੇਟੀ ਹਲਕਿਆਂ ਵਿਚ ਹੈਰਾਨੀ ਅਤੇ ਚਰਚਾ ਦਾ ਮੁੱਦਾ ਬਣੀ ਹੋਈ ਹੈ। ਵਧੇਰੇ ਅਧਿਕਾਰੀਆਂ ਵੱਲੋਂ ਇਸ ਮੁੱਦੇ Ḕਤੇ ਫਿਲਹਾਲ ਚੁੱਪ ਧਾਰੀ ਹੋਈ ਹੈ ਅਤੇ ਇਸ ਨੂੰ ਅਚਨਚੇਤੀ ਉਪਰੋਂ ਆਇਆ ਫੈਸਲਾ ਦੱਸਿਆ ਜਾ ਰਿਹਾ ਹੈ। ਇਸ ਤਬਾਦਲੇ ਮਗਰੋਂ ਇਹ ਮੁੱਦਾ ਚਰਚਾ ਦਾ ਵਿਸ਼ਾ ਹੈ ਕਿ ਕੀ ਗਿਆਨੀ ਗੁਰਮੁਖ ਸਿੰਘ ਅਕਾਲ ਤਖਤ ਦੇ ਹੈੱਡ ਗ੍ਰੰਥੀ ਵਜੋਂ ਪੰਜ ਸਿੰਘ ਸਾਹਿਬਾਨ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਣਗੇ ਅਤੇ ਜੇਕਰ ਹਿੱਸਾ ਲੈਂਦੇ ਹਨ ਤਾਂ ਬਾਕੀ ਸਿੰਘ ਸਾਹਿਬਾਨ ਦਾ ਉਨ੍ਹਾਂ ਪ੍ਰਤੀ ਕੀ ਵਤੀਰਾ ਹੋਵੇਗਾ, ਜਿਨ੍ਹਾਂ ਖ਼ਿਲਾਫ਼ ਉਹ ਪਹਿਲਾਂ ਗੰਭੀਰ ਦੋਸ਼ ਲਾ ਚੁੱਕੇ ਹਨ।