ਕਾਮਰੇਡ ਪਰਗਟ ਸਿੰਘ

ਯਾਰਾਂ ਦੇ ਯਾਰ ਨਰਿੰਦਰ ਭੁੱਲਰ ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਇਆਂ ਗਿਆਰਾਂ ਸਾਲ ਲੰਘ ਗਏ ਹਨ। ਜਾਪਦਾ ਹੈ, ਇਹ ਤਾਂ ਅਜੇ ਕੱਲ੍ਹ ਦੀਆਂ ਗੱਲਾਂ ਹਨ ਜਦੋਂ ਉਹ ਇਥੇ ਅਮਰੀਕਾ, ਮੇਰੇ ਕੋਲ 3 ਮਹੀਨੇ ਰਹਿ ਕੇ ਗਿਆ ਸੀ। ਮੇਰੀ ਡਿੱਗਦੀ ਸਿਹਤ ਕਾਰਨ ਉਦੋਂ ਸਲਾਹ ਬਣੀ ਸੀ ਕਿ ਉਹ ‘ਪੰਜਾਬ ਟਾਈਮਜ਼’ ਦੇ ਕੰਮ-ਕਾਰ ਵਿਚ ਹੱਥ ਵਟਾਏਗਾ ਪਰ ਭਾਰਤ ਪੁੱਜਦੇ ਸਾਰ ਉਹ ਸਾਥੋਂ ਸਦਾ-ਸਦਾ ਲਈ ਵਿਛੜ ਗਿਆ।

ਉਹਦੇ ਇਉਂ ਅੱਧ-ਵਾਟੇ ਤੁਰ ਜਾਣ ਨਾਲ ਜਾਪਦਾ ਹੈ ਜਿਵੇਂ ਜ਼ਿੰਦਗੀ ਦਾ ਕੋਈ ਕੰਢਾ ਭੁਰ ਗਿਆ ਹੋਵੇ! ਉਹਦੀ ਯਾਦ ਦੀ ਸਲਾਮਤੀ ਲਈ ਐਤਕੀਂ ਉਹਦੀ ਲਿਖੀ ਕਹਾਣੀ ‘ਕਾਮਰੇਡ ਪਰਗਟ ਸਿੰਘ’ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ। ਇਸ ਕਹਾਣੀ ਅੰਦਰ ਉਹਨੇ ਨੌਜਵਾਨ ਦਿਲਾਂ ਅੰਦਰ ਮਚਲਦੀ ਤਬਦੀਲੀ ਦੀ ਤਾਂਘ ਖੂਬ ਫੜ੍ਹੀ ਹੈ। -ਅਮੋਲਕ ਸਿੰਘ ਜੰਮੂ

ਨਰਿੰਦਰ ਭੁੱਲਰ

ਮੈਂ ਅੱਜ ਹੀ ਪੰਜ-ਛੇ ਮਹੀਨੇ ਬਾਅਦ ਬਦੇਸ ਤੋਂ ਪਰਤਿਆ ਹਾਂ। ਮੇਰੀ ਪਤਨੀ ਪਹਿਲੀ ਖਬਰ ਕਾਮਰੇਡ ਪਰਗਟ ਸਿੰਘ ਨਾਲ ਵਾਪਰ ਗਈ ਹੋਣੀ ਦੀ ਦਿੰਦੀ ਹੈ। ਮੈਂ ਸੁੰਨ ਹੋ ਕੇ ਰਹਿ ਜਾਂਦਾ ਹਾਂ। ਉਹਦੇ ਸ਼ਬਦ ਢਲੇ ਸਿੱਕੇ ਵਾਂਗ ਮੇਰੇ ਕੰਨਾਂ ਵਿਚ ਪੈਂਦੇ ਹਨ। ਕਾਮਰੇਡ ਪਰਗਟ ਸਿੰਘ। ਮੇਰੇ ਜ਼ਿਹਨ ਵਿਚ ਉਹ ਸਗਵੇਂ ਦਾ ਸਗਵਾਂ ਉੱਭਰ ਆਉਂਦਾ ਹੈ। ਕੀ ਸੀ ਅਤੇ ਕੀ ਹੋ ਗਿਆ! ਮੇਰੀ ਸੋਚ ਵੀਹ-ਪੱਚੀ ਵਰ੍ਹੇ ਪਿਛਾਂਹ ਪਰਤ ਜਾਂਦੀ ਹੈ।
ਗਰਮੀਆਂ ਦੇ ਦਿਨ ਸਨ। ਮੈਂ ਦੁਪਹਿਰੇ ਰੋਟੀ ਖਾਣ ਮਗਰੋਂ ਜ਼ਰਾ ਸੁਸਤਾਉਣ ਦੇ ਜਤਨ ਵਿਚ ਸੀ ਕਿ ਉਹ ਗਰਮ ਹਵਾ ਦੇ ਬੁੱਲੇ ਵਾਂਗ ਮੇਰੇ ਕਮਰੇ ਵਿਚ ਆ ਧਮਕਿਆ। ਉਹ ਭਰਿਆ-ਪੀਤਾ ਲਗਦਾ ਸੀ।
“ਮੇਰੇ ਪਿਓ ਨੇ ਮੈਨੂੰ ਕੁਝ ਨਹੀਂ ਕਰਨ ਦੇਣਾ। ਉਹ ਚਾਹੁੰਦਾ ਹੈ, ਮੈਂ ਕਾਲਜੋਂ ਨਿਕਲ ਕੇ ਸਿੱਧਾ ਕਿਸੇ ਦਫਤਰ ਜਾ ਵੜਾਂ ਤੇ ਸਾਰੀ ਉਮਰ ਕਲਮ ਘਸਾਈ ਜਾਵਾਂ। ਮੈਂ ਨਹੀਂ ਕਰ ਸਕਦਾ ਇਹ…।” ਉਹ ਆਉਂਦਿਆਂ ਹੀ ਬੋਲਣ ਲੱਗ ਪਿਆ ਸੀ।
ਉਹ ਕਾਲਜ ਵਿਚ ਦਾਖਲ ਹੁੰਦਿਆਂ ਹੀ ਵਿਦਿਆਰਥੀ-ਘੋਲ ਵਿਚ ਨਿੱਤਰ ਪਿਆ ਸੀ। ਸਕੂਲ ਪੜ੍ਹਦਿਆਂ ਇਕਨਾਮਿਕਸ ਦੇ ਮਾਸਟਰ ਨੇ ਤੱਤੀਆਂ ਕਿਤਾਬਾਂ ਪੜ੍ਹਨ ਲਾ ਦਿੱਤਾ ਸੀ। ਉਹਦੇ ਅੰਦਰ ਅੱਗ ਧੁਖਾ ਦਿੱਤੀ ਸੀ। ਕਾਲਜ ਦੇ ਮਾਹੌਲ ਨੇ ਇਹ ਅੱਗ ਭਖਾ ਦਿੱਤੀ ਸੀ। ਉਹ ਆਪਣੀ ਪੜ੍ਹਾਈ ਤੇ ਹੋਰ ਸਾਰੇ ਕੰਮ-ਧੰਦੇ ਭੁੱਲ ਕੇ ਵਿਦਿਆਰਥੀ ਜਥੇਬੰਦੀ ਲਈ ਕੰਮ ਕਰਦਾ ਰਹਿੰਦਾ। ਅੱਜ ਕਾਲਜ ਵਿਚ ਮੀਟਿੰਗ ਹੈ। ਕੱਲ੍ਹ ਕਿਸੇ ਪਿੰਡ ਕਿਸੇ ਕਾਮਰੇਡ ਦੇ ਘਰ ਮੀਟਿੰਗ ਹੈ। ਕਦੇ ਵਿਦਿਆਰਥੀਆਂ ਦੀਆਂ ਮੰਗਾਂ ਲਈ ਹੜਤਾਲ ਹੈ। ਕਦੇ ਬੱਸਾਂ ਦੇ ਵਧੇ ਕਿਰਾਇਆਂ ਦੇ ਵਿਰੋਧ ਵਿਚ ਹੜਤਾਲ ਹੈ। ਇਹ ਇਕ ਸਿਲਸਿਲਾ ਬਣ ਗਿਆ ਸੀ। ਇਨ੍ਹਾਂ ਸਾਰੀਆਂ ਸਰਗਰਮੀਆਂ ਵਿਚ ਕਾਮਰੇਡ ਪਰਗਟ ਸਿੰਘ ਮੂਹਰੇ ਹੁੰਦਾ। ਕਈ ਵਾਰ ਜੇਲ੍ਹ ਜਾਣਾ ਪਿਆ। ਕਈ ਵਾਰ ਲਾਠੀਚਾਰਜ ਵਿਚ ਸੱਟਾਂ ਵੱਜੀਆਂ। ਉਹ ਇਸ ਘੋਲ ਵਿਚ ਅਜਿਹਾ ਖੁੱਭਿਆ ਸੀ ਕਿ ਉਹਨੇ ਘਰ ਬਾਰੇ ਕਦੇ ਸੋਚਿਆ ਹੀ ਨਹੀਂ ਸੀ।
ਉਹਦਾ ਪਿਓ ਥੋੜ੍ਹੀ ਜ਼ਮੀਨ ਵਾਲਾ ਕਿਸਾਨ ਸੀ। ਕੁਝ ਜ਼ਮੀਨ ਉਹ ਹਿੱਸੇ-ਠੇਕੇ ਉਤੇ ਲੈ ਕੇ ਵਾਹੁੰਦਾ ਸੀ ਅਤੇ ਪੰਜਾਂ ਜੀਆਂ ਦੇ ਟੱਬਰ ਨੂੰ ਔਖਾ-ਸੌਖਾ ਹੋ ਕੇ ਪਾਲ ਰਿਹਾ ਸੀ। ਹੁਣ ਜਦੋਂ ਕਾਮਰੇਡ ਪਰਗਟ ਸਿੰਘ ਐਮ.ਏ. ਦੇ ਆਖਰੀ ਸਾਲ ਵਿਚ ਪੜ੍ਹ ਰਿਹਾ ਸੀ ਤਾਂ ਉਹਨੇ ਚੰਗੇ ਦਿਨਾਂ ਦੇ ਸੁਫਨੇ ਘੜਨੇ ਸ਼ੁਰੂ ਕਰ ਦਿਤੇ ਸਨ। ਉਹਦੇ ਚਿੱਤ ਵਿਚ ਸੀ ਕਿ ਪਰਗਟ ਕਿਸੇ ਚੰਗੀ ਨੌਕਰੀ ਉਤੇ ਜਾ ਲਗੇਗਾ ਅਤੇ ਉਹਦੇ ਆਸਰੇ ਦੋਵੇਂ ਨਿੱਕੇ ਵੀ ਪੜ੍ਹ ਜਾਣਗੇ।
ਇਹ ਸੋਚ ਕੇ ਉਹ ਆਪਣੇ-ਆਪ ਨੂੰ ਹਰ ਬੋਝ ਤੋਂ ਸੁਰਖਰੂ ਹੋਇਆ ਮਹਿਸੂਸ ਕਰਦਾ। ਪਰ ਕਾਮਰੇਡ ਪਰਗਟ ਸਿੰਘ ਹੋਰਨਾਂ ਹੀ ਸੋਚਾਂ ਵਿਚ ਗਲਤਾਨ ਸੀ। ਰੂਸੀ ਇਨਕਲਾਬ ਦੇ ਯੋਧਿਆਂ ਦੀਆਂ ਗਾਥਾਵਾਂ ਪੜ੍ਹ-ਪੜ੍ਹ ਕੇ ਉਹ ਡੌਲੇ ਫਰਕਾਉਂਦਾ ਰਹਿੰਦਾ। ਨੌਕਰੀ ਕਰਨੀ, ਕੇਵਲ ਘਰ ਦੇ ਜੀਆਂ ਲਈ ਜਿਉਣਾ ਉਹਨੂੰ ਫਜ਼ੂਲ ਲਗਦਾ ਸੀ। ‘ਇਹ ਵੀ ਕੋਈ ਜ਼ਿੰਦਗੀ ਹੈ ਕਿ ਨੌਕਰੀ ਕਰੋ, ਵਿਆਹ ਕਰੋ, ਬੱਚੇ ਪਾਲੋ ਅਤੇ ਮਰ ਜਾਓ’, ਉਹ ਸੋਚਦਾ। ਉਹਨੇ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਦਾ ਮਨ ਬਣਾ ਲਿਆ ਸੀ। ਇਹਦਾ ਰਾਹ ਵੀ ਉਹਦੇ ਸਾਹਮਣੇ ਸਾਫ ਸੀ। ਉਹਨੇ ਕਿਸਾਨ ਦਲ ਦਾ ਹੋਲ-ਟਾਈਮਰ ਬਣਨ ਦਾ ਇਰਾਦਾ ਕਰ ਲਿਆ ਸੀ। ਜ਼ਿਲ੍ਹਾ ਸਕੱਤਰ ਕਾਮਰੇਡ ਸਿੱਧੂ ਨਾਲ ਉਹਨੇ ਗੱਲ ਵੀ ਕਰ ਲਈ ਸੀ ਕਿ ਇਮਤਿਹਾਨਾਂ ਪਿਛੋਂ ਹੋਲ-ਟਾਈਮਰ ਬਣ ਜਾਵਾਂਗਾ ਅਤੇ ਦਲ ਦੇ ਅਖਬਾਰ ਵਿਚ ਕੰਮ ਕਰਾਂਗਾ। ਤੇ ਜਦੋਂ ਉਹਨੇ ਇਹ ਗੱਲ ਆਪਣੇ ਪਿਉ ਨੂੰ ਦੱਸੀ ਤਾਂ ਉਹਨੂੰ ਆਪਣੇ ਸਾਰੇ ਸੁਫਨੇ ਚੂਰ-ਚੂਰ ਹੁੰਦੇ ਨਜ਼ਰ ਆਏ ਸਨ। ਉਹਨੂੰ ਆਪਣਾ-ਆਪ ਅਸਹਿ ਬੋਝ ਥੱਲੇ ਨੱਪਿਆ ਮਹਿਸੂਸ ਹੋਇਆ। ਇਸ ਗੱਲ ਬਾਰੇ ਪਿਉ-ਪੁੱਤਾਂ ਵਿਚ ਰੋਜ਼ ਬਹਿਸ ਹੁੰਦੀ। ਕਾਮਰੇਡ ਪਰਗਟ ਸਿੰਘ ਨੇ ਇਕੋ ਲਿੱਲ੍ਹ ਫੜੀ ਹੋਈ ਸੀ। ਓਦਣ ਵੀ ਉਹ ਇਸੇ ਗੱਲੋਂ ਪਿਉ ਨਾਲ ਲੜ ਕੇ ਆਇਆ ਸੀ।
“ਕਿਸਾਨ ਦਲ ਦਾ ਕੰਮ ਤੂੰ ਨੌਕਰੀ ਕਰਦਿਆਂ ਨਹੀਂ ਕਰ ਸਕਦਾ?” ਮੈਂ ਪੁੱਛਿਆ ਸੀ। ਮੈਂ ਪੜ੍ਹਾਈ ਵਿਚ ਉਹਦੇ ਨਾਲੋਂ ਇਕ ਸਾਲ ਪਿੱਛੇ ਸੀ। ਮੈਂ ਭਾਵੇਂ ਰਾਜਨੀਤੀ ਵਿਚ ਨਹੀਂ ਸੀ ਪਿਆ, ਪਰ ਉਹਦੇ ਵਿਚਾਰਾਂ ਨਾਲ ਸਹਿਮਤ ਸੀ। ਉਹਦੇ ਵਿਚਾਰਾਂ ਉਤੇ ਪੂਰੀਆਂ ਉਤਰਦੀਆਂ ਕਿਤਾਬਾਂ ਮੈਂ ਉਹਨੂੰ ਪੜ੍ਹਨ ਲਈ ਸੁਝਾਉਂਦਾ ਰਹਿੰਦਾ ਸੀ। ਸਾਡੀ ਚੰਗੀ ਬਣਦੀ ਸੀ ਤੇ ਉਹ ਹਰ ਗੱਲ ਮੇਰੇ ਨਾਲ ਸਾਂਝੀ ਕਰ ਲਿਆ ਕਰਦਾ ਸੀ।
“ਨਹੀਂ, ਮੇਰੀ ਜ਼ਿੰਦਗੀ ਦਾ ਮਨੋਰਥ ਕਿਸਾਨ ਦਲ ਹੀ ਹੈ। ਮੈਂ ਨਹੀਂ ਨੌਕਰੀ ਕਰਨੀ ਇਸ ਬੁਰਜੁਆ ਸਿਸਟਮ ਦੀ।” ਉਹਨੇ ਚਿੱਥ ਕੇ ਕਿਹਾ।
“ਤੈਨੂੰ ਆਪਣੇ ਘਰ ਦਾ ਕੋਈ ਧਿਆਨ ਨਹੀਂ? ਬਾਪੂ ਤੇਰਾ ਬਿਮਾਰ ਰਹਿੰਦੈ। ਤੇਰੇ ਨਿੱਕੇ ਭਾਈ ਅਜੇ ਕਾਸੇ ਜੋਗੇ ਨਹੀਂ। ਤੇ ਤੂੰ ਤੁਰ ਪਿਐਂ ਇਨਕਲਾਬ ਲਿਆਉਣ। ਕੁਝ…।”
“ਤੂੰ ਵੀ ਮੈਨੂੰ ਰੋਕਦੈਂ?” ਉਹਨੇ ਮੈਨੂੰ ਟੋਕ ਕੇ ਪੁੱਛਿਆ। “ਤੈਨੂੰ ਨਹੀਂ ਪਤਾ, ਮੈਂ ਕਾਹਦੀ ਖਾਤਰ ਇਹ ਕਰਨਾ ਚਾਹੁੰਦਾ? ਤੇਰੇ ਕੀ ਖਿਆਲ ‘ਚ ਐ, ਮੈਨੂੰ ਆਪਣੇ ਭਾਈਆਂ ਨਾਲ ਮੋਹ ਨਹੀਂ, ਪਿਓ ਨਾਲ ਮੋਹ ਨਹੀਂ?” ਉਹ ਗੁੱਸੇ ਵਿਚ ਹੋਰ ਕਈ ਕੁਝ ਕਹਿੰਦਾ ਪਰਤ ਗਿਆ ਸੀ।
ਪਿਓ-ਪੁੱਤਾਂ ਵਿਚ ਕਈ ਦਿਨ ਬਹਿਸ ਹੁੰਦੀ ਰਹੀ। ਜਦੋਂ ਕਾਮਰੇਡ ਪਰਗਟ ਸਿੰਘ ਕਿਸੇ ਵੀ ਰਾਹ ਉਤੇ ਨਾ ਆਇਆ ਤਾਂ ਇਕ ਦਿਨ ਉਹਦਾ ਬਾਪੂ ਕਾਮਰੇਡ ਸਿੱਧੂ ਨੂੰ ਜਾ ਮਿਲਿਆ। ਕਾਮਰੇਡ ਸਿੱਧੂ ਦਾ ਉਨ੍ਹਾਂ ਦੇ ਚੰਗਾ ਆਉਣ-ਜਾਣ ਸੀ। ਕਿਸਾਨ ਦਲ ਦੇ ਵੀਹ ਕੰਮ ਹੁੰਦੇ, ਜਿਹੜੇ ਉਹ ਕਾਮਰੇਡ ਪਰਗਟ ਸਿੰਘ ਨਾਲ ਵਿਚਾਰਨ ਆਇਆ ਹੀ ਰਹਿੰਦਾ। ਕਈ ਵਾਰ ਹੋਰ ਸਾਥੀ ਵੀ ਨਾਲ ਹੁੰਦੇ। ਉਹ ਕਿੰਨਾ-ਕਿੰਨਾ ਚਿਰ ਬੈਠੇ ਰਾਜਨੀਤਕ ਤੇ ਲੋਕਾਂ ਦੇ ਮਸਲੇ ਵਿਚਾਰਦੇ ਰਹਿੰਦੇ।
“ਤੁਸਾਂ ਮੇਰੇ ਮੁੰਡੇ ਦੀ ਜੱਖਣਾ ਪੁੱਟ ਕੇ ਰਹਿਣੈਂ। ਨਾ ਇਹਨੇ ਘਰ ਦਾ ਰਹਿਣੈਂ, ਨਾ ਘਾਟ ਦਾ।” ਉਹਦਾ ਪਿਉ ਕਈ ਵਾਰ ਬੈਠੀ ਢਾਣੀ ਨੂੰ ਖਿਝ ਕੇ ਕਹਿੰਦਾ।
“ਬਾਪੂ, ਜੇ ਇਹਨੂੰ ਜੱਖਣਾ ਪੱਟਣੀ ਆਂਹਦੇ ਨੇ, ਤਾਂ ਇਹੋ ਜਿਹੀ ਜੱਖਣਾ ਤਾਂ ਸਾਰੇ ਮੁੰਡਿਆਂ ਦੀ ਪੁੱਟੀ ਜਾਣੀ ਚਾਹੀਦੀ ਐ… ਇਹ ਤਾਂ ਹੀਰਾ ਐ ਬਾਪੂ ਹੀਰਾ…।” ਕਾਮਰੇਡ ਸਿੱਧੂ ਮੋੜਾ ਦਿੰਦਾ।
“ਹੀਰਾ ਐ ਇਹ ਆਬਦੀ ਮਾਂ ਦਾ…, ਸਾਰੇ ਪਿੰਡ ਨਾਲ ਵੈਰ ਮੁੱਲ ਲਿਐ ਇਹਨੇ। ਕਦੀ ਸਰਪੰਚ ਦੇ ਮਗਰ ਡੂੰਡਾ ਚੁੱਕ ਲਊ, ਅਖੇ ਪੰਚੈਤ ਦੇ ਪੈਸੇ ਖਾ ਗਿਆ। ਕਦੀ ਨੰਬਰਦਾਰ ਦੁਆਲੇ ਹੋ ਜਾਊ, ਅਖੇ ਉਹ ਨਹਿਰ ਦਾ ਪਾਣੀ ਚੋਰੀ ਕਰਦਾ ਐ। ਮੈਂ ਆਹਨਾਂ, ਭੜੂਇਆ, ਤੂੰ ਪੜ੍ਹਿਆ ਕਰ ਆਬਦਾ। ਅਖੇ ਕ੍ਰਾਂਤੀ ਲਿਆਊਂ! ਹੂੰ…।” ਉਹ ਕਈ ਕੁਝ ਕਹਿੰਦਾ ਰਹਿੰਦਾ। ਉਹਦੀਆਂ ਸਾਰੀਆਂ ਗੱਲਾਂ ਦਾ ਜਵਾਬ ਕਾਮਰੇਡ ਸਿੱਧੂ ਦਿੰਦਾ।
ਕਈ ਵਾਰ ਬਾਪੂ ਤੇ ਕਾਮਰੇਡ ਸਿੱਧੂ ਦੀ ਬਹਿਸ ਜਦੋਂ ਬਹੁਤੀ ਭਖ ਜਾਂਦੀ ਤਾਂ ਬਾਪੂ ਆਖਰੀ ਤੋੜਾ ਝਾੜਦਾ, “ਤੇਰੇ ਤਾਂ ਪੁੱਤਰਾ ਹੋਏ ਮੁਰੱਬੇ। ਪਿਓ, ਭਾਈ ਘੁਲਦੇ ਆ ਮਿੱਟੀ ਨਾਲ। ਤੈਨੂੰ ਦਿੱਤੀ ਐ ਖੁੱਲ੍ਹ ਲੀਡਰੀ ਕਰਨ ਨੂੰ। ਸਾਡਾ ਕੁੱਲਾ ਕਿਉਂ ਫੂਕਦੈਂ?” ਤੇ ਫੇਰ ਉਹ ਇਕਦਮ ਤੈਸ਼ ਵਿਚ ਆ ਜਾਂਦਾ, “ਸਾਡੇ ਨਾ ਵੜਿਆ ਕਰ, ਬਸ ਕਹਿ ਦਿੱਤਾ ‘ਕੇਰਾਂ…।”
ਕਾਮਰੇਡ ਸਿੱਧੂ ਅੱਗੋਂ ਹੱਸ ਛਡਦਾ। ਕਾਮਰੇਡ ਪਰਗਟ ਸਿੰਘ ਚੁੱਪ ਕੀਤਾ ਬੈਠਾ ਰਹਿੰਦਾ। ਉਹਨੂੰ ਲਗਦਾ, “ਬਾਪੂ ਦੀ ਤਾਂ ਆਦਤ ਐ। ਆਪੇ ਬੋਲ ਕੇ ਚੁੱਪ ਕਰ ਜਾਊ।” ਤੇ ਉਹ ਸੱਚ ਹੀ ਚੁੱਪ ਕਰ ਜਾਂਦਾ।
ਅਜੇ ਕੁਝ ਦਿਨ ਪਹਿਲਾਂ ਵੀ ਉਹ ਉਹਦੇ ਨਾਲ ਖਹਿਬੜ ਕੇ ਗਿਆ ਸੀ। ਤੇ ਉਹ ਓਦਣ ਦਾ ਕਿਤੇ ਹੋਰ ਰੁੱਝਾ ਹੋਣ ਕਰਕੇ ਉਨ੍ਹਾਂ ਦੇ ਆਇਆ ਵੀ ਨਹੀਂ ਸੀ।
ਓਦਣ ਬਾਪੂ ਨੂੰ ਆਇਆ ਵੇਖ ਕੇ ਉਹ ਹੈਰਾਨ ਰਹਿ ਗਿਆ। ਪਹਿਲਾਂ ਤਾਂ ਉਹ ਬਾਪੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਜਾਨ ਮਾਰ ਕੇ ਲੋਕਾਂ ਲਈ ਕੰਮ ਕਰਨ ਵਾਲੇ ਵਰਕਰ ਨੂੰ ਉਹ ਕਿਵੇਂ ਛੱਡ ਸਕਦਾ ਸੀ। ਸਾਰੀ ਤਹਿਸੀਲ ਦੇ ਕੰਮ ਤਾਂ ਉਹ ਕਾਲਜ ਪੜ੍ਹਦਿਆਂ ਵੀ ਕਰੀ ਫਿਰਦਾ ਸੀ। ਹੋਲ-ਟਾਈਮਰ ਬਣਨ ਤੋਂ ਬਾਅਦ ਤਾਂ…।
ਪਰ ਜਦੋਂ ਬਾਪੂ ਨੇ ਆਪਣੀ ਡਿਗਦੀ ਜਾਂਦੀ ਸਿਹਤ, ਘਰ ਦੀ ਮਾੜੀ ਹਾਲਤ, ਸਿਰ ਚੜ੍ਹੇ ਕਰਜ਼ੇ, ਨਿੱਕਿਆਂ ਦੀ ਪੜ੍ਹਾਈ ਅਤੇ ਘਰ ਦੀਆਂ ਹੋਰ ਉੜਾਂ-ਥੁੜਾਂ ਗਿਣਾਈਆਂ ਤਾਂ ਕਾਮਰੇਡ ਸਿੱਧੂ, ਪਰਗਟ ਨਾਲ ਗੱਲ ਕਰਨ ਲਈ ਤਿਆਰ ਹੋ ਗਿਆ ਸੀ। ਤੇ ਫੇਰ ਉਹਨੇ ਕਾਮਰੇਡ ਪਰਗਟ ਸਿੰਘ ਨੂੰ ਹੋਲ-ਟਾਈਮਰ ਬਣਨ ਤੋਂ ਵਰਜ ਵੀ ਲਿਆ ਸੀ।
***
ਐਮ.ਏ. ਮਗਰੋਂ ਬੀ.ਐੱਡ. ਕਰਕੇ ਪਰਗਟ ਸਿੰਘ ਮਾਸਟਰ ਲੱਗ ਗਿਆ। ਹੋਲ-ਟਾਈਮਰ ਨਾ ਬਣ ਸਕਣ ਦਾ ਕੰਡਾ ਉਹਦੇ ਦਿਲ ਵਿਚ ਚੁਭਦਾ ਰਿਹਾ ਸੀ। ਭਾਵੇਂ ਉਹਨੇ ਮਾਸਟਰਾਂ ਦੀ ਯੂਨੀਅਨ ਵਿਚ ਸਿਰ ਦੇ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਫੇਰ ਵੀ ਉਹਨੂੰ ਲਗਦਾ ਜਿਵੇਂ ਉਹ ਸਮਾਂ ਅਜਾਈਂ ਗੁਆ ਰਿਹਾ ਹੋਵੇ।
ਤੇ ਫੇਰ ਇੰਜ ਹੀ ਕੁਝ ਵਰ੍ਹੇ ਲੰਘ ਗਏ। ਇਨ੍ਹਾਂ ਵਰ੍ਹਿਆਂ ਦੀ ਧੂੜ ਵਿਚ ਸਾਲ-ਡੇਢ ਸਾਲ ਦੀ ਵਿੱਥ ਨਾਲ ਬਾਪੂ ਅਤੇ ਮਾਂ ਖਪ ਗਏ। ਨਿੱਕੇ ਦੋਵੇਂ ਬੀ.ਏ. ਕਰਕੇ ਕੰਮਾਂ ਉਤੇ ਜਾ ਲੱਗੇ।
ਕਾਮਰੇਡ ਪਰਗਟ ਸਿੰਘ ਦੇ ਆਪਣੇ ਦੋ ਮੁੰਡੇ ਹੋ ਗਏ ਸਨ। ਇਨ੍ਹਾਂ ਵਰ੍ਹਿਆਂ ਵਿਚ ਉਹ ਘਰ-ਗ੍ਰਹਿਸਥੀ ਵਿਚ ਏਨਾ ਖੁਭਿਆ ਰਿਹਾ ਕਿ ਕੁਝ ਚਿਰ ਤਾਂ ਯੂਨੀਅਨ ਦਾ ਕੰਮ ਉਹ ਮੂਲੋਂ ਹੀ ਨਾ ਕਰ ਸਕਿਆ। ਇਨ੍ਹੀਂ ਦਿਨੀਂ ਉਹ ਆਪਣੇ-ਆਪ ਉਤੇ ਝੂਰਦਾ ਰਹਿੰਦਾ। ਇਕੱਲਾ ਬੈਠ ਸੋਚਦਾ ਤਾਂ ਉਹਨੂੰ ਲਗਦਾ, ਉਹ ਫਜ਼ੂਲ ਕੰਮਾਂ ਵਿਚ ਅਉਧ ਬਿਤਾ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਉਹਨੂੰ ਬਾਪੂ ਉਤੇ ਰਹਿ-ਰਹਿ ਕੇ ਗੁੱਸਾ ਆਉਂਦਾ।
ਅਜਿਹੀਆਂ ਸੋਚਾਂ ਵਿਚ ਪਏ ਨੂੰ ਜਦੋਂ ਕੋਈ ਪੁਛਦਾ, “ਸੁਣਾ ਕਾਮਰੇਡਾ ਕੀ ਹਾਲੇ-ਵਾਲੇ ਆ?” ਤਾਂ ਉਹ ਜਵਾਬ ਦਿੰਦਾ, “ਮਰ ਗਿਆ ਕਾਮਰੇਡ!” ਤੇ ਅਗਲਾ ਉਹਦੇ ਮੂੰਹ ਵੱਲ ਵੇਖਦਾ ਰਹਿ ਜਾਂਦਾ।
ਜਦੋਂ ਮੁੰਡੇ ਜ਼ਰਾ ਕੁ ਉਡਾਰ ਹੋਏ, ਉਹ ਇਕ ਵਾਰ ਫੇਰ ਪੂਰੀ ਤਨਦੇਹੀ ਨਾਲ ਮੈਦਾਨ ਵਿਚ ਨਿੱਤਰ ਪਿਆ। ਹੁਣ ਘਰ ਵਿਚ ਫੇਰ ਮਹਿਫਿਲਾਂ ਜੁੜਨ ਲੱਗ ਪਈਆਂ। ਫਰਕ ਏਨਾ ਪਿਆ ਸੀ ਕਿ ਹੁਣ ਕਾਮਰੇਡਾਂ ਤੋਂ ਇਲਾਵਾ ਦਿਮਾਗੀ ਜੁਗਾਲੀ ਕਰਨ ਵਾਲੇ ਮਾਸਟਰ ਵੀ ਮਹਿਫਿਲਾਂ ਦਾ ਸ਼ਿੰਗਾਰ ਬਣ ਗਏ ਸਨ। ਮਹਿੰਗਾਈ ਦੀਆਂ, ਬਿਜਲੀ ਦੀ ਥੁੜ੍ਹ ਦੀਆਂ, ਰੂਸੀ ਇਨਕਲਾਬ ਦੀਆਂ, ਵੀਅਤਨਾਮ ਦੀਆਂ, ਮੋਗੇ ਵਿਚ ਮਾਰੇ ਗਏ ਮੁੰਡਿਆਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਅਤੇ ਤੋੜਾ ਗਰਮ-ਦਲੀਆਂ ਉਤੇ ਆ ਕੇ ਟੁੱਟਦਾ।
“ਬਈ ਇਨ੍ਹਾਂ ਮੁੰਡਿਆਂ ਦੀ ਸਪਿਰਿਟ ਦੀ ਤਾਂ ਦਾਦ ਦੇਣੀ ਚਾਹੀਦੀ ਐ, ਪਰ ਗੱਲ ਐਂ ਨਹੀਂ ਬਣਨੀ।” ਕੋਈ ਕਹਿੰਦਾ।
“ਹਾਂ, ਜਮਾਤੀ ਦੁਸ਼ਮਣ ਦਾ ਤਾਂ ਇਕਮੁੱਠ ਹੋ ਕੇ ਟਾਕਰਾ ਕਰਨ ਦੀ ਲੋੜ ਐ ਤੇ ਇਹਦੇ ਲਈ ਲੋਕਾਂ ਨੂੰ ਜਾਗ੍ਰਿਤ ਕਰਨਾ ਪਹਿਲੀ ਸ਼ਰਤ ਐ। ਮਾਰਕਸ ਨੇ ਵੀ ਕਿਹਾ…।”
“ਕੀ ਕਿਹੈ ਮਾਰਕਸ ਨੇ?” ਕਾਮਰੇਡ ਪਰਗਟ ਸਿੰਘ ਅਗਲੇ ਦੀ ਗੱਲ ਟੁੱਕ ਕੇ ਪੁਛਦਾ। “ਜਦੋਂ ਲੋਟੂ ਇਕ-ਇਕ ਕਰਕੇ ਮਾਰੇ ਜਾਣਗੇ ਤਾਂ ਕੀ ਲੋਕ ਜਾਗਣਗੇ ਨਹੀਂ? ਜਦੋਂ ਉਨ੍ਹਾਂ ਭਰੋਵਾਲੀਏ ਸਰਦਾਰ ਨੂੰ ਮਾਰਿਆ ਸੀ ਤਾਂ ਕੀ ਲੋਕ ਅਸ਼-ਅਸ਼ ਨਹੀਂ ਸੀ ਕਰ ਉਠੇ? ਮੈਂ ਨਹੀਂ ਆਂਹਦਾ, ਸਾਡੇ ਵਾਲੇ ਵੀ ਇਹੀ ਰਾਹ ਅਪਨਾਉਣ। ਪਰ ਮੈਂ ਪੁਛਦਾਂ, ਅਜੇ ਤਾਈਂ ਕੀਤਾ ਕੀ ਐ ਕਿਸਾਨ ਦਲ ਨੇ? ਕਦੀ ਮੋਗੇ ਮੁੰਡੇ ਮਰਵਾ ਲਏ, ਕਦੀ ਕਿਤੇ। ਵੋਟਾਂ ਦਾ ਰਾਹ ਫੜ੍ਹਿਆ, ਪਰ ਚਾਰ ਸੀਟਾਂ ਨ੍ਹੀਂ ਵਿਧਾਨ ਸਭਾ ‘ਚ! ਬੱਸ ਇਹੀ ਇਕੋ ਰਾਹ ਐ, ਮੁੰਡਿਆਂ ਵਾਲਾ, ਹੋਰ ਕੋਈ ਚਾਰਾ…।” ਉਹ ਲਗਾਤਾਰ ਬੋਲੀ ਜਾਂਦਾ।
ਬਹਿਸ ਭਖ ਜਾਂਦੀ। ਜੇ ਕੋਈ ਗਰਮ-ਦਲੀਆਂ ਦੇ ਹੱਕ ਵਿਚ ਬੋਲਦਾ, ਅਗਲੇ ਪਲ ਉਨ੍ਹਾਂ ਦੀ ਕੋਈ ਖਰਾਬੀ ਵੀ ਦੱਸ ਦਿੰਦਾ। ਪਰ ਕਾਮਰੇਡ ਪਰਗਟ ਸਿੰਘ “ਮੇਰੀ ਨਿੱਜੀ ਰਾਇ ਹੈ ਕਿ ਇਹੀ ਰਾਹ ਠੀਕ ਐ” ਦੀ ਰੱਟ ਲਾਈ ਰਖਦਾ।
ਇਨ੍ਹਾਂ ਝੱਗੋ-ਝੱਗ ਹੋਏ ਕਾਮਰੇਡਾਂ ਲਈ ਉਹਦੇ ਮੁੰਡੇ, ਵੱਡਾ ਕ੍ਰਾਂਤੀਪਾਲ ਸਿੰਘ ਤੇ ਨਿੱਕਾ ਸੰਗਰਾਮਪਾਲ ਸਿੰਘ ਚਾਹ-ਪਾਣੀ ਲਿਆਉਂਦੇ ਰਹਿੰਦੇ। ਕਦੀ-ਕਦੀ ਕ੍ਰਾਂਤੀਪਾਲ ਸਿੰਘ ਵੀ ਬਹਿਸ ਵਿਚ ਸ਼ਾਮਲ ਹੋ ਜਾਂਦਾ ਤਾਂ ਪਿਓ ਦਾ ਪੱਖ ਹੀ ਪੂਰਦਾ।
ਕ੍ਰਾਂਤੀਪਾਲ ਸਿੰਘ ਅਤੇ ਸੰਗਰਾਮਪਾਲ ਸਿੰਘ ਨੂੰ ਪੜ੍ਹਨ ਦਾ ਪਿਉ ਵਾਂਗ ਹੀ ਸ਼ੌਕ ਸੀ। ਘਰ ਵਿਚ ਪਈਆਂ ਇਨਕਲਾਬੀ ਪੁਸਤਕਾਂ ਉਹ ਚਾਅ ਨਾਲ ਪੜ੍ਹਦੇ। ਕਾਲਜ ਦੀ ਯੂਨੀਅਨ ਵਿਚ ਸ਼ਾਮਲ ਹੋਣਾ ਤਾਂ ਸੁਭਾਵਿਕ ਹੀ ਸੀ। ਪਰ ਹੁਣ ਹਾਲਤ ਇਹ ਸੀ ਕਿ ਇਕ ਪਾਸੇ ਕਾਮਰੇਡ ਪਰਗਟ ਸਿੰਘ ਮਾਸਟਰਾਂ ਦੀਆਂ ਮੰਗਾਂ ਲਈ ਜੇਲ੍ਹ ਗਿਆ ਹੁੰਦਾ ਅਤੇ ਦੂਜੇ ਪਾਸੇ ਕ੍ਰਾਂਤੀਪਾਲ ਸਿੰਘ ਮੁੰਡਿਆਂ ਦੀ ਐਜੀਟੇਸ਼ਨ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਰੂਪੋਸ਼ ਹੋਇਆ ਹੁੰਦਾ।
ਤੇ ਫੇਰ ਇਕ ਦਿਨ ਬੱਸਾਂ ਦੇ ਵਧੇ ਕਿਰਾਏ ਵਿਰੁਧ ਹੋਏ ਮੁਜ਼ਾਹਰੇ ਵੇਲੇ ਪੁਲਿਸ ਉਹਦੇ ਦੋਵਾਂ ਮੁੰਡਿਆਂ ਨੂੰ ਫੜ੍ਹ ਕੇ ਲੈ ਗਈ ਸੀ। ਦੋ ਦਿਨ ਅਤੇ ਦੋ ਰਾਤਾਂ ਲਗਾਤਾਰ ਤਸ਼ੱਦਦ ਕਰਕੇ ਪੁਲਿਸ ਗਰਮ-ਦਲੀਆਂ ਨਾਲ ਉਨ੍ਹਾਂ ਦੇ ਸਬੰਧ ਪੁਛਦੀ ਰਹੀ ਸੀ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਅੰਦਰ ਰੋਹ ਦੀ ਜਵਾਲਾ ਮਘ ਰਹੀ ਸੀ। ਉਨ੍ਹਾਂ ਨੇ ਸੱਚਮੁੱਚ ਹੀ ਗਰਮ-ਦਲੀਆਂ ਵਾਲਾ ਰਾਹ ਚੁਣ ਲਿਆ ਸੀ। ਇਸ ਰਾਹ ਨੂੰ ਉਹ ਚਾਹੇ ਪੂਰੀ ਤਰ੍ਹਾਂ ਠੀਕ ਨਹੀਂ ਸਨ ਸਮਝਦੇ, ਪਰ ਹੁਣ ਇਹ ਉਨ੍ਹਾਂ ਦਾ ਆਪਣਾ ਰਾਹ ਸੀ।
ਕਾਮਰੇਡ ਪਰਗਟ ਸਿੰਘ ਤਾਂ ਕੰਬ ਕੇ ਰਹਿ ਗਿਆ ਸੀ। ਜਦੋਂ ਉਹਨੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ਵਿਚ ਗੋਲੀਆਂ ਨਾਲ ਵਿੰਨ੍ਹੇ ਹੋਏ ਚਿਤਵਿਆ ਸੀ ਤਾਂ ਉਹਨੂੰ ਚੱਕਰ ਆ ਗਿਆ ਸੀ। ਉਹਦੇ ਖਿਆਲਾਂ ਵਿਚ ਗੋਲੀਆਂ ਚਲਦੀਆਂ ਰਹਿੰਦੀਆਂ। ਲਾਸ਼ਾਂ ਡਿਗਦੀਆਂ ਰਹਿੰਦੀਆਂ। ਇਨ੍ਹਾਂ ਲਾਸ਼ਾਂ ਵਿਚ ਉਹਨੂੰ ਆਪਣੇ ਮੁੰਡੇ ਵੀ ਨਜ਼ਰ ਆਉਂਦੇ ਤਾਂ ਉਹਦੇ ਉਤੇ ਬੇਹੋਸ਼ੀ ਜਿਹੀ ਛਾ ਜਾਂਦੀ।
ਉਨ੍ਹਾਂ ਨੂੰ ਇਸ ਰਾਹੋਂ ਹਟਾਉਣ ਲਈ ਉਹਨੇ ਬਥੇਰੀ ਵਾਹ ਲਾਈ, ਪਰ ਦਰਿਆ ਤਾਂ ਵਹਿ ਤੁਰਿਆ ਸੀ। ਕਿਸੇ ਦੇ ਮੋੜਿਆਂ ਕਦੋਂ ਮੁੜਦਾ ਸੀ।
ਤੇ ਫੇਰ ਉਨ੍ਹਾਂ ਦਾ ਨਾਂ ਉਘੇ ਗਰਮ-ਦਲੀਆਂ ਵਿਚ ਛਪਣ ਲਗ ਪਿਆ ਸੀ। ਕਈ “ਐਕਸ਼ਨਾਂ” ਨਾਲ ਉਨ੍ਹਾਂ ਦਾ ਨਾਂ ਜੋੜਿਆ ਗਿਆ। ਪੁਲਿਸ ਉਨ੍ਹਾਂ ਦੇ ਮਗਰ ਪਰਛਾਵੇਂ ਵਾਂਗ ਲੱਗੀ ਹੋਈ ਸੀ।
ਓਦਣ ਰਸੂਲਪੁਰ ਉਨ੍ਹਾਂ ਦੀ ਗੁਪਤ ਮੀਟਿੰਗ ਸੀ। ਪੁਲਿਸ ਨੂੰ ਕਿਸੇ ਨੇ ਸੂਹ ਦੇ ਦਿਤੀ। ਤੰਗ ਆਇਆ ਬੰਦਾ ਜੰਗ ਦੇ ਮੈਦਾਨ ਵਿਚ ਨਿੱਤਰ ਹੀ ਆਉਂਦਾ ਹੈ। ਜਦੋਂ ਪੁਲਿਸ ਨੇ ਘੇਰਾ ਪਾਇਆ ਤਾਂ ਸੰਗਰਾਮਪਾਲ ਸਿੰਘ ਨੇ ਅੰਦਰੋਂ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਵਰ੍ਹਾਏ ਗਏ ਗੋਲੀਆਂ ਦੇ ਮੀਂਹ ਵਿਚ ਸੰਗਰਾਮਪਾਲ ਅਤੇ ਦੋ ਹੋਰ ਸਾਥੀ ਮਾਰੇ ਗਏ। ਭਰਾ ਅਤੇ ਸਾਥੀਆਂ ਦੀ ਤੜਫ-ਤੜਫ ਕੇ ਹੁੰਦੀ ਮੌਤ ਨੂੰ ਵੇਖ ਕੇ ਕ੍ਰਾਂਤੀਪਾਲ ਸਿੰਘ ਦੀਆਂ ਸਾਰੀਆਂ ਚੇਤਨਾਵਾਂ ਸੁੰਨ ਹੋ ਗਈਆਂ ਸਨ। ਤੇ ਬਾਕੀਆਂ ਸਮੇਤ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਪੁਲਿਸ ਦੇ ਹੱਥੋਂ ਨਿਕਲ-ਨਿਕਲ ਜਾ ਰਿਹਾ ਸੀ। ਬੜੀ ਮੁਸ਼ਕਿਲ ਨਾਲ ਉਸ ਨੂੰ ਕਾਬੂ ਕੀਤਾ ਗਿਆ ਸੀ।
ਥਾਣੇ ਵਿਚ ਉਨ੍ਹਾਂ ਉਤੇ ਕਈ ਦਿਨ ਤਸ਼ੱਦਦ ਹੁੰਦਾ ਰਿਹਾ ਸੀ। ਕੁਝ ਵਹਿਸ਼ੀ ਕੁੱਟ ਦਾ ਅਸਰ ਅਤੇ ਕੁਝ ਦਿਮਾਗ ਵਿਚ ਲਟਕੇ ਹੋਏ ਭਰਾ ਤੇ ਸਾਥੀਆਂ ਦੇ ਖੂਨ ਨਾਲ ਲਥਪਥ ਤੜਫਦੇ ਜਿਸਮਾਂ ਦਾ ਅਸਰ ਕਿ ਉਹ ਅਬਾ-ਤਬਾ ਬੋਲਣ ਲੱਗ ਪਿਆ। ਤੇ ਫੇਰ ਹੌਲੀ-ਹੌਲੀ ਉਹ ਪੂਰੀ ਤਰ੍ਹਾਂ ਪਾਗਲ ਹੋ ਗਿਆ ਸੀ।
***
“ਉਨ੍ਹਾਂ ਤਾਂ ਕ੍ਰਾਂਤੀਪਾਲ ਨੂੰ ਮਾਰ ਛੱਡਣਾ ਸੀ।” ਮੇਰੀ ਪਤਨੀ ਦਸਦੀ ਹੈ।
“ਫੇਰ ਬਚਿਆ ਕਿਵੇਂ?” ਮੈਂ ਇਕਦਮ ਵਰਤਮਾਨ ਵਿਚ ਆ ਕੇ ਤ੍ਰਭਕ ਕੇ ਪੁਛਦਾ ਹਾਂ।
“ਕਿਵੇਂ ਬਚਣਾ ਸੀ। ਠਾਣੇਦਾਰ ਦਾ ਮੱਥਾ ਡੰਮ੍ਹਿਆ। ਭੈਣ ਜੀ ਦਾ ਸਾਰਾ ਗਹਿਣਾ-ਗੱਟਾ ਵਿਕ ਗਿਆ। ਚਾਲੀ ਹਜ਼ਾਰ ਰੁਪਈਆ ਇਕੱਠਾ ਕਰਕੇ ਦਿੱਤਾ। ਇਕ ਹਿਸਾਬੇ ਹੁਣ ਤਾਂ ਉਨ੍ਹਾਂ ਦਾ ਸਾਰਾ ਟੱਬਰ ਹੀ ਮਰਿਆਂ ਵਰਗੈ। ਭੈਣ ਜੀ ਵੱਲ ਵੇਖਿਆ ਨਹੀਂ ਜਾਂਦਾ…।” ਉਹ ਦਸਦੀ-ਦਸਦੀ ਅੱਥਰੂ ਭਰ ਆਉਂਦੀ ਹੈ।
ਮੈਂ ਕਾਮਰੇਡ ਪਰਗਟ ਸਿੰਘ ਦੇ ਘਰ ਜਾਂਦਾ ਹਾਂ। ਉਹ ਬੈਠਕ ਵਿਚ ਦੀਵਾਨ ਉਤੇ ਅੱਧ-ਲੇਟਿਆ ਜਿਹਾ ਪਿਆ ਹੈ। ਉਹਦੀ ਖੁੱਲ੍ਹੀ ਅਤੇ ਰੁੱਖੀ ਦਾੜ੍ਹੀ ਉਹਦੀ ਉਦਾਸੀ ਵਿਚ ਹੋਰ ਵਾਧਾ ਕਰ ਰਹੀ ਹੈ। ਉਹਦੀਆਂ ਅੱਖਾਂ ਵਿਚ ਮੈਨੂੰ ਗਹਿਰੇ ਹਨੇਰੇ ਛਾਏ ਦਿਸਦੇ ਹਨ। ਕਿਤਾਬਾਂ ਉਤੇ ਧੂੜ ਦੀ ਤਹਿ ਜੰਮੀ ਹੋਈ ਹੈ।
ਮੈਂ ਉਹਦੇ ਸਾਹਮਣੇ ਪਈ ਕੁਰਸੀ ਉਤੇ ਬੈਠ ਜਾਂਦਾ ਹਾਂ। ਉਹ ਬਿਨਾਂ ਕੁਝ ਕਹੇ ਭਰੀਆਂ ਅੱਖਾਂ ਨਾਲ ਮੇਰੇ ਵੱਲ ਵੇਖਦਾ ਹੈ। ਫੇਰ ਸਾਹਮਣੇ ਰੈੱਕਾਂ ਵਿਚ ਪਈਆਂ ਤੱਤੀਆਂ ਕਿਤਾਬਾਂ ਵੱਲ ਘੂਰ ਕੇ ਵੇਖਦਾ ਹੈ। ਉਨ੍ਹਾਂ ਵੱਲ ਇਵੇਂ ਹੈਰਾਨੀ ਜਿਹੀ ਨਾਲ ਵੇਖਦਾ ਹੈ ਜਿਵੇਂ ਉਨ੍ਹਾਂ ਦੇ ਸਾਰੇ ਸ਼ਬਦ ਅਰਥ-ਹੀਣ ਹੋ ਗਏ ਹੋਣ। ਸਿੱਧਾ ਰਾਹ ਵਿਖਾਉਣ ਵਾਲੇ ਵਾਕ ਜਿਵੇਂ ਘੁੱਪ ਹਨੇਰੇ ਵਿਚ ਗੁਆਚ ਗਏ ਹੋਣ।
ਅੰਦਰੋਂ ਕ੍ਰਾਂਤੀਪਾਲ ਸਿੰਘ ਦੀ ਆਵਾਜ਼ ਆ ਰਹੀ ਹੈ। ਉਹ ਕਦੀ ਹੱਸਦਾ ਹੈ, ਕਦੀ ਰੋਂਦਾ ਹੈ ਅਤੇ ਕਦੀ ਨਾਅਰੇ ਲਾਉਂਦਾ ਹੈ: ਇਨਕਲਾਬ-ਜ਼ਿੰਦਾਬਾਦ, ਨਕਸਲਬਾੜੀ-ਜ਼ਿੰਦਾਬਾਦ, ਜਮਾਤੀ ਦੁਸ਼ਮਣ-ਮੁਰਦਾਬਾਦ!
ਪਰਗਟ ਸਿੰਘ ਖਾਲੀ-ਖਾਲੀ ਨਜ਼ਰਾਂ ਨਾਲ ਮੇਰੇ ਵੱਲ ਵੇਖਦਾ ਹੈ। ਉਹਦੇ ਬੁੱਲ੍ਹ ਫਰਕਦੇ ਹਨ, ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ, ਪਰ ਕਹਿ ਨਹੀਂ ਸਕਦਾ ਤੇ ਫੇਰ ਉਹ ਬੇਵਸੀ ਜਿਹੀ ਵਿਚ ਗੁਰਦੁਆਰੇ ਵੱਲ ਮੂੰਹ ਕਰਕੇ, ਹੱਥ ਜੋੜ ਕੇ ਸਿਰ ਝੁਕਾ ਦਿੰਦਾ ਹੈ।