ਸ਼ਰਾਬ ਤੇ ਸ਼ਰਬਤ

ਬਲਜੀਤ ਬਾਸੀ
ਮੇਰੇ ਚਾਚਾ ਜੀ ਜੋ ਪਿੰਡ ਦੇ ਖਾਲਸਾ ਸਕੂਲ ਦੇ ਪੀ. ਟੀ. ਵੀ ਸਨ, ਅਕਸਰ ਇਹ ਸ਼ਿਅਰ ਸੁਣਾਇਆ ਕਰਦੇ ਸਨ,
ਜ਼ਾਹਿਦ ਸ਼ਰਾਬ ਪੀਨੇ ਦੇ ਮਸਜਿਦ ਮੇਂ ਬੈਠ ਕਰ,
ਯਾ ਵੋਹ ਜਗਹ ਬਤਾ ਦੇ, ਜਹਾਂ ਪਰ ਖੁਦਾ ਨਾ ਹੋ।

ਚਾਚਾ ਜੀ ਘੁਟ ਕੁ ਪੀਣ ਦੇ ਆਦੀ ਸਨ। ਸ਼ਾਮ ਢਲਦਿਆਂ ਉਹ ਗਲੀ ਦੇ ਅਖੀਰ ਵਿਚ ਪਕੌੜਿਆਂ ਦੀ ਦੁਕਾਨ ਤੋਂ ਆਨੇ-ਦੋ ਆਨੇ ਦੇ ਪਕੌੜੇ ਲੈ ਕੇ ਕਾਗਜ਼ ਵਿਚ ਵਲੇਟ ਲੈਂਦੇ ਤੇ ਫਿਰ ਘੁੱਟ ਕੇ ਫੜ੍ਹੀ, ਧੋਤੀ ਦੇ ਪੱਲੇ ਨੂੰ ਉਪਰ-ਹੇਠਾਂ ਕਰਦੇ ਇਸ ਤਰ੍ਹਾਂ ਵਾਪਸੀ ਮਾਰਚ ਕਰਦੇ ਸਨ ਜਿਵੇਂ ਘਰ ਕੋਈ ਜਸ਼ਨ ਹੋਣਾ ਹੋਵੇ। ਘਰ ਆ ਕੇ ਉਹ ਘੁੱਟ ਘੁੱਟ ਲਾਉਂਦੇ ਰੇਡੀਓ ਸੁਣਨ ਲਗਦੇ। ਅੱਖਾਂ ਦੇ ਡੋਰਿਆਂ ਦੇ ਨਾਲ ਨਾਲ ਉਹ ਖੁਦ ਗੁਲਾਬੀ ਹੁੰਦੇ ਹੁੰਦੇ ਲਾਲ ਹੋ ਜਾਂਦੇ। ਕੁਝ ਸਮੇਂ ਬਾਅਦ ਚੁੱਲ੍ਹੇ ਚੌਕੇ ਕੋਲ ਪੀੜ੍ਹੀ ਅੱਗੇ ਤਿਰਪਾਈ ਡਾਹ ਕੇ ਰੋਟੀ ਦੀ ਉਡੀਕ ਕਰਦੇ। ਮਦਰਾਸ ਵਿਚ ਅੰਗਰੇਜ਼ਾਂ ਕੋਲੋਂ ਪੀ. ਟੀ. ਦਾ ਕੋਰਸ ਕਰਕੇ ਆਏ ਹੋਣ ਕਰਕੇ ਉਹ ਸ਼ਾਹੀ ਰੋਟੀ ਖਾਂਦੇ ਸਨ ਕਿਉਂਕਿ ਉਹ ਰੋਟੀ ਨਾਲ ਚਾਚੀ ਜੀ ਤੋਂ ਸਿਰਕੇ ਵਿਚ ਲਬਰੇਜ਼ ਮੂਲੀ, ਗੰਢੇ ਆਦਿ ਦੀ ਫਰਮਾਇਸ਼ ਜ਼ਰੂਰ ਕਰਦੇ। ਉਹ ਕਦੇ ਘਰ ਦਾ ਅਮਨ ਕਾਨੂੰਨ ਭੰਗ ਨਾ ਕਰਦੇ। ਮੈਨੂੰ ਅਤੇ ਮੇਰੇ ਹਾਣੀ ਆਪਣੇ ਮੁੰਡੇ ਨੂੰ ਵੀ ਉਹ ਕਦੇ ਕਦੇ ਡੱਟ ਕੁ ਲਵਾ ਦਿੰਦੇ।
ਪਰ ਸਾਡਾ ਨਾਨਾ ਵੱਡਾ ਬੋਤਲ-ਪ੍ਰੇਮੀ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਸੂਰਜ ਡੁੱਬਦਾ ਨਹੀਂ ਸੀ ਵੇਖਿਆ। ਲੌਢਾ ਵੇਲਾ ਹੁੰਦਿਆਂ ਹੀ ਪੱਕਾ ਨੌਕਰ ਉਸ ਦੀ ਮੰਜੀ ਦੇ ਪਾਵੇ ਕੋਲ ਠੱਰੇ ਦਾ ਅਧੀਆ ਰੱਖ ਦਿੰਦਾ ਸੀ। ਨਾਨਾ ਠੱਰੇ ਤੋਂ ਬਿਨਾ ਹਰ ਮਹਿੰਗੀ ਬਜ਼ਾਰੂ ਸ਼ਰਾਬ ਨੂੰ ‘ਸੁਧੀ ਸਪਿਰਟ’ ਕਹਿ ਕੇ ਨਿੰਦਦਾ ਸੀ। ਹਾੜਾ ਲਾ ਕੇ ਤੇ ਅੰਬ ਦੇ ਅਚਾਰ ਦੀ ਫਾੜੀ ਚੂਸ ਕੇ ਉਹ ਫਟਾ ਫਟ ਮੰਜੀ ‘ਤੇ ਲਮਲੇਟ ਹੋ ਜਾਂਦਾ। ਮੰਜੀ ਤੋਂ ਉਹ ਥੁੱਕਣ ਲਈ ਜਾਂ ਹੋਰ ਹਾੜਾ ਲਾਉਣ ਲਈ ਹੀ ਵਾਰ ਵਾਰ ਉਠਦਾ ਸੀ। ਉਹ ਕਿਸੇ ਦੀ ਟੈਂ ਨਹੀਂ ਸੀ ਮੰਨਦਾ ਕਿਉਂਕਿ ਉਹ ਆਪਣੇ ਆਪ ਨੂੰ ਜਵਾਹਰ ਲਾਲ ਨਹਿਰੂ ਤੋਂ ਵੱਧ ਸਿਆਣਾ ਸਮਝਦਾ। ਮਾਮੇ ਤੇ ਮਾਸੜ ਦੀਆਂ ਮਦਮਸਤੀਆਂ ਦਾ ਵਧਾਣ ਨਹੀਂ ਪਾਉਣਾ ਚਾਹੁੰਦਾ ਪਰ ਥੋੜ੍ਹਾ ਤਾਂ ਲੋੜੀਂਦਾ ਹੈ ਨਾ! ਐਮ. ਏ. ਪੜ੍ਹਿਆ ਮਾਮਾ ਢੇਰ ਸਾਰੀ ਡੱਫਣ ਪਿੱਛੋਂ ਮਾਮੀ ਨੂੰ ਕੁੱਟਣ ਲਗਦਾ ਤੇ ਮਾਸੜ ਅਜਿਹੀ ਸੂਰਤ ਵਿਚ ਹੋਰ ਤਰ੍ਹਾਂ ਦੀਆਂ ਅਤਿਤਾਈਆਂ ਕਰਦਾ ਜਿਸ ਕਰਕੇ ਅਖੀਰ ਉਸ ਨੂੰ ਬਿਆਸਾ ਵਾਲੇ ਦੀ ਸ਼ਰਨ ਲੈਣੀ ਪਈ।
ਪਰ ਕੰਜੂਸ ਭਾਪਾ ਜੀ ਨੇ ਦਾਰੂ ਦੇ ਮਾਮਲੇ ਵਿਚ ਮੇਰੇ ਚਰਿੱਤਰ ਨੂੰ ਬਹੁਤਾ ਉਲਾਰ ਨਹੀਂ ਹੋਣ ਦਿੱਤਾ। ਉਹ ਸਾਲ-ਛਮਾਹੀਂ ਠੇਕਿਓਂ ਦੇਸੀ ਬੋਤਲ ਲਿਆ ਕੇ ਅਲਮਾਰੀ ਵਿਚ ਤਾਲਾਬੰਦ ਕਰ ਦਿੰਦੇ। ਫਿਰ ਕਦੇ ਕਦਾਈਂ, ਬੱਸ ਕਦੇ ਕਦਾਈਂ ਹੀ ਇਸ ਨੂੰ ਸੁੰਘ ਛੱਡਦੇ ਤੇ ਨਾਲ ਹੀ ਹਰ ਵਾਰੀ ਕੋਸਦੇ, “ਸਾਲੀ ਝੱਟ ਹੀ ਮੁੱਕਦੀ ਜਾਂਦੀ, ਸਾਲਿਓ ਤੁਸੀਂ ਤਾਂ ਨਹੀਂ ਪੀਤੀ?”
ਸ਼ਰਾਬ ਪੀ ਕੇ ਪੰਜਾਬੀ ਫੜਾਂ ਮਾਰਦੇ, ਬੋਲ ਕੁਬੋਲ ਬੋਲਦੇ, ਮੱਘੇ ਕੱਢਦੇ, ਆਂਢੀਆਂ-ਗਵਾਂਢੀਆਂ ਨੂੰ ਲਲਕਾਰੇ ਮਾਰਦੇ ਤੇ ਕਈ ਵਾਰੀ ਡਾਂਗਾਂ ਵੀ ਚੁੱਕ ਲੈਂਦੇ ਹਨ। ਢਾਣੀਆਂ ਵਿਚ ਸ਼ਰਾਬ ਦੇ ਵਰਤਾਰੇ ਦੌਰਾਨ ਕਤਲ ਦੀਆਂ ਸਾਜ਼ਿਸ਼ਾਂ ਹੁੰਦੀਆਂ ਅਤੇ ਸਿਰੇ ਚੜ੍ਹਾਈਆਂ ਜਾਂਦੀਆਂ ਹਨ। ਔਰਤਾਂ ਪਤੀਆਂ ਦੀ ਇਸ ਲਤ ਤੋਂ ਡਾਢੀਆਂ ਔਖੀਆਂ ਹਨ। ਸ਼ਰਾਬ ਛੁਡਾਉਣ ਵਾਲੀਆਂ ਕਈ ਨੀਮ-ਧਾਰਮਕ ਜਥੇਬੰਦੀਆਂ ਨੇ ਵਾਹਵਾ ਠਕਠਕਾ ਚਲਾਇਆ ਹੈ। ਪਰ ਪੰਜਾਬੀ ਸਮਾਜ ਵਿਚ ਸ਼ਰਾਬ ਦੀ ਲਤ ਲੰਬੀ ਹੀ ਲੰਬੀ ਹੁੰਦੀ ਜਾਂਦੀ ਹੈ। ਇਸੇ ਲਈ ਸ਼ਰਾਬ ਨੂੰ ਬੁਰਾਈ ਦੀ ਜੜ੍ਹ ਕਹਿ ਦਿੱਤਾ ਜਾਂਦਾ ਹੈ।
ਢੇਰ ਸਮਾਂ ਪਹਿਲਾਂ ਕਿਸੇ ਸ਼ਰਾਬ-ਵਿਰੋਧੀ ਪਰਚਾਰਕ ਨੇ ਇਸ ਦੀ ਝੂਠੀ ਵਿਉਤਪਤੀ ਇਸ ਤਰ੍ਹਾਂ ਕਰ ਦਿੱਤੀ; ਸ਼ਰਾਬ ਸ਼ਬਦ ਬਣਦਾ ਹੈ, ‘ਸ਼ਰ+ਆਬ’ ਤੋਂ। ਇਸ ਵਿਚ ਸ਼ਰ ਦਾ ਅਰਥ ਸ਼ਰਾਰਤ ਅਤੇ ਆਬ ਦਾ ਅਰਥ ਪਾਣੀ ਹੈ, ਮਤਲਬ ਅਜਿਹੀ ਚੀਜ਼ ਜਿਸ ਦੇ ਪੀਣ ਨਾਲ ਸ਼ਰਾਰਤ ਸੁਝਦੀ ਹੋਵੇ। ਫਿਰ ਕੀ ਸੀ, ਸ਼ਰਾਬ ਦੇ ਨਿੰਦਕਾਂ ਨੂੰ ਇਸ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਲਈ ਖੂਬ ਦਲੀਲ ਲੱਭ ਪਈ। ਤਰਲੋਚਨ ਸਿੰਘ ਦੁਆਲਪੁਰ ਨੇ ਇਹੀ ਗੱਲ ਕਿਸੇ ਸੰਤ ਦੇ ਮੂੰਹੋਂ ਅਖਵਾ ਦਿੱਤੀ, ਅਖੇ, “ਸ਼ਰਾਬ ਦਾ ਨਸ਼ਾ ਸਭ ਬੁਰਾਈਆਂ ਦੀ ਜੜ੍ਹ ਹੈ। ਸ਼ਰ+ਆਬ, ਭਾਵ ਸ਼ਰਾਰਤ ਦਾ ਪਾਣੀ ਜਿਸ ਦੇ ਅੰਦਰ ਚਲੇ ਜਾਂਦਾ ਹੈ, ਇਹ ਹੋਰ ਭੈੜੀਆਂ ਵਾਦੀਆਂ ਨੂੰ ‘ਵਾਜਾਂ ਮਾਰਨ ਲੱਗ ਪੈਂਦਾ ਹੈ।” ਕੁਝ ਲੋਕ ਤਾਂ ਇਸ ਨੂੰ ਸ਼ਰਾਬ ਦੇ ਅਰਥਾਂ ਵਾਲੇ ਸੁਰਾ ਸ਼ਬਦ ਨਾਲ ਵੀ ਜੋੜ ਦਿੰਦੇ ਹਨ। ਇਸ ਮਸਲੇ ਨਾਲ ਅੱਗੇ ਜਾ ਕੇ ਸਿਝਦੇ ਹਾਂ।
ਸ਼ਰਾਬ ਹਜ਼ਾਰਾਂ ਸਾਲਾਂ ਤੋਂ ਭਿੰਨ ਭਿੰਨ ਸੱਭਿਅਤਾਵਾਂ ਵਿਚ ਪੀਤੀ ਜਾਂਦੀ ਰਹੀ ਹੈ। ਹਰ ਸੱਭਿਅਤਾ ਨੇ ਇਸ ਦੇ ਸਾਕਾਰਾਤਮਕ ਅਤੇ ਨਾਕਾਰਾਤਮਕ ਪਹਿਲੂਆਂ ਨੂੰ ਨੋਟ ਕੀਤਾ ਹੈ। ਇਸ ਦੀ ਦਵਾਈ ਵਜੋਂ ਵਰਤੋਂ ਦੀ ਸਿਫਾਰਿਸ਼ ਵੀ ਕੀਤੀ ਹੈ ਤੇ ਮੌਜ ਮਸਤੀ ਲਈ ਵੀ, ਪਰ ਸੰਜਮ ਵਿਚ ਰਹਿ ਕੇ। ਧਰਮਾਂ ਦਾ ਇਸ ਪ੍ਰਤੀ ਵਤੀਰਾ ਵੀ ਵਿਰੋਧਾਭਾਸ ਵਾਲਾ ਰਿਹਾ ਹੈ। ਇਸਲਾਮ ਵਿਚ ਸ਼ਰਾਬ ਪੀਣ ਦੀ ਮਨਾਹੀ ਹੈ ਕਿਉਂਕਿ ਇਸ ਦਾ ਨਸ਼ਾ ਧਰਮ ਕਰਮ ਵਿਚ ਵਿਘਨ ਪਾਉਂਦਾ ਹੈ। ਪਰ ਸੂਫੀ ਧਾਰਾ ਨੇ ਇਸ ਦੀ ਪਰਵਾਹ ਨਹੀਂ ਕੀਤੀ। ਬੁੱਲ੍ਹੇ ਸ਼ਾਹ ਤਾਂ ਇਥੋਂ ਤੱਕ ਕਹਿ ਚੁਕਾ ਹੈ, “ਬੁੱਲ੍ਹਿਆ ਪੀ ਸ਼ਰਾਬ ਤੇ ਖਾਹ ਕਬਾਬ, ਹੇਠ ਬਾਲ ਹੱਡਾਂ ਦੀ ਅੱਗ।”
ਫਾਰਸੀ, ਉਰਦੂ ਸ਼ਾਇਰੀ ਸ਼ਰਾਬ ਨਾਲ ਸ਼ਰਾਬੋਰ ਹੈ। ਪੰਜਾਬੀ ਕਵਿਤਾ ਵੀ ਘਟ ਨਹੀਂ। ਵਾਰਿਸ ਸ਼ਾਹ ਹੀਰ ਦੇ ਹੁਸਨ ਦੀ ਤਾਰੀਫ ਕਰਦਾ ਕਹਿੰਦਾ ਹੈ,
ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ
ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ।
ਖੂਨੀ ਚੂੰਡੀਆਂ ਰਾਤ ਜਿਉ ਚੰਨ ਦਵਾਲੇ
ਸੁਰਖ ਰੰਗ ਜਿਉਂ ਰੰਗ ਸ਼ਰਾਬ ਦਾ ਜੀ।…
ਜੰਗ ਵਿਚ ਬਹਾਦਰੀ ਜਗਾਉਣ ਲਈ ਸ਼ਰਾਬ ਜ਼ਰੂਰੀ ਹੁੰਦੀ ਹੈ:
ਦਾਰੂ ਵੰਡਿਆ ਜੰਗੀਆਂ ਸੂਰਿਆਂ ਨੂੰ
ਦੋ ਦੋ ਬੋਤਲਾਂ ਕੈਫ ਖੁਮਾਰ ਮੀਆਂ।
ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ
ਹੋਏ ਜੰਗ ਨੂੰ ਤੁਰਤ ਤਿਆਰ ਮੀਆਂ।
ਪੰਜਾਬੀ ਭਾਸ਼ਾ ਵਿਚ ਵੀ ਸ਼ਰਾਬ ਨੇ ਰੰਗ ਲਿਆਂਦੇ ਹਨ। ਰਿੰਦ, ਜ਼ਾਹਿਦ, ਸਾਕੀ, ਜਾਮ, ਸਾਗਰ, ਨੁਕਲ, ਸ਼ਰਾਬਖੋਰੀ, ਸ਼ਰਾਬਨੋਸ਼ੀ, ਮਹਿਫਿਲ, ਸ਼ਰਾਬਖਾਨਾ, ਮੈਖਾਨਾ, ਸੋਫੀ ਆਦਿ ਲਫਜ਼ ਸ਼ਰਾਬ ਬਿਨਾ ਕਿੱਥੋਂ ਆਉਣੇ ਸੀ! ਫਿਰ ਹੋਰ ਕਈ ਸ਼ਬਦ ਤੇ ਉਕਤੀਆਂ ਜਿਵੇਂ ਹਾਤਾ, ਠੇਕਾ, ਪਿਆਲਾ, ਬੋਤਲ, ਮੱਟ, ਪੀਣੀ, ਗਲਾਸੀ, ਚੱਕੋ ਚੱਕੋ, ਛਿੱਟ ਛਿੱਟ ਆਦਿ ਸ਼ਰਾਬ ਦੇ ਲਾਗੇ ਨਾਲ ਸ਼ਰਾਬੀ ਹੀ ਹੋ ਗਏ ਹਨ। ਲੂਣ, ਅਚਾਰ, ਗੰਢਿਆਂ ਅਤੇ ਸਾਈਕਲ ਦੀ ਘੰਟੀ ਦੇ ਨਵੇਂ ਉਪਯੋਗ ਸਾਹਮਣੇ ਆਏ।
ਯੂਨੀਵਰਸਿਟੀ ਦੇ ਸਾਡੇ ਸਹਿਕਰਮੀ ਸਾਨੂੰ ਸ਼ਰਾਬ ਪੀਣੇ ਆਖਦੇ ਪਰ ਆਪ ਸ਼ਾਮ ਨੂੰ ਪੰਦਰਾਂ ਸੈਕਟਰ ਦੀ ਮਾਰਕਿਟ ਸਣਮਲਾਈ ਦੁੱਧ ਵਿਚ ਜਲੇਬੀਆਂ ਡੁਬੋ ਡੁਬੋ ਖਾਂਦੇ ਸਨ। ਮਿੱਠਾ ਤੇ ਕੌੜਾ ਇੱਕੋ ਸਿੱਕੇ ਦੇ ਦੋ ਪਾਸੇ ਹਨ ਬਲਕਿ ਦੋ ਸਿੱਕਿਆਂ ਦਾ ਇੱਕੋ ਪਾਸਾ ਹਨ।
ਸ਼ਰਾਬ ਬੁਨਿਆਦੀ ਤੌਰ ‘ਤੇ ਅਰਬੀ ਦਾ ਸ਼ਬਦ ਹੈ। ਸ਼ਰਾਬ ਦੀ ਮਨਘੜੰਤ ਵਿਉਤਪਤੀ ਵਿਚ ਵਰਣਨ ਕੀਤਾ ਸ਼ਰਾਰਤ ਸ਼ਬਦ ਵੀ ਅਰਬੀ ਦਾ ਹੀ ਹੈ ਪਰ ਇਸ ਦਾ ਬੁਰਾਈ ਨਾਲ ਸਬੰਧ ਹੈ, ਤਥਾ ਕਥਿਤ ‘ਬੁਰਾਈ ਦੀ ਜੜ੍ਹ’ ਨਾਲ ਨਹੀਂ। ਸ਼ਰਾਬ ਸ਼ਬਦ ਸਾਡੇ ਕੋਲ ਫਾਰਸੀ ਰਾਹੀਂ ਆਇਆ। ਸਾਡੇ ਪੁਰਾਣੇ ਸ਼ਬਦ ਮਦ, ਮਦਿਰਾ ਜਾਂ ਸੁਰਾ ਹਨ, ਜਿਨ੍ਹਾਂ ਦਾ ਗੁਰਬਾਣੀ ਵਿਚ ਵੀ ਉਲੇਖ ਹੈ, ਪਰ ਅੱਜ ਸ਼ਰਾਬ ਦੇ ਦੌਰ ਹੀ ਚਲਦੇ ਹਨ, ਮਦ/ਮਦਿਰਾ/ਸੁਰਾ ਨਹੀਂ ਵਰਤਾਈ ਜਾਂਦੀ। ਸ਼ਰਾਬ ਸ਼ਬਦ ਬਣਦਾ ਹੈ, ਸ਼ਰਬ (ਸ਼ੀਨ ਨੂਨ ਦਾਲ) ਤੋਂ ਜਿਸ ਵਿਚ (ਕੁਝ ਵੀ) ਪੀਣ ਦਾ ਭਾਵ ਹੈ। ਗੌਰਤਲਬ ਹੈ ਕਿ ‘ਸ਼ਰਬ’ ਇੱਕ ਸਮੱਗਰ, ਅਟੁੱਟ ਸ਼ਬਦ ਹੈ, ਦੋ ਸ਼ਬਦਾਂ ਦਾ ਸਮਾਸ ਨਹੀਂ। ਅਰਬੀ ਸ਼ਰਿਬਹ ਦਾ ਅਰਥ ਪੀਣਾ ਹੈ। ਇਸ ਦਾ ਭਾਵ ਸਿਗਰਟ, ਹੁੱਕਾ ਪੀਣਾ ਵੀ ਹੈ।
ਕੁਝ ਹੋਰ ਅਰਥ ਹਨ: ਪਿਲਾਉਣਾ, ਤ੍ਰਿਪਤ ਕਰਨਾ, ਗੜੁੱਚ ਕਰਨਾ। ਅਰਬੀ ਸ਼ਰਿਬ ਦੀ ਤਰ੍ਹਾਂ ਪੰਜਾਬੀ ‘ਪੀਣਾ’ ਅਤੇ ਅੰਗਰੇਜ਼ੀ ‘ਡਰਿੰਕ’ ਦਾ ਵੀ ਵਿਸ਼ੇਸ਼ੀਕ੍ਰਿਤ ਅਰਥ ਸ਼ਰਾਬ ਪੀਣਾ ਹੀ ਹੈ। ਨਾਂਵ ਦੇ ਤੌਰ ‘ਤੇ ਤਾਂ ਅੰਗਰੇਜ਼ੀ ਡਰਿੰਕ ਦਾ ਅਰਥ ਵੀ ਸ਼ਰਾਬ ਜਾਂ ਹਾੜਾ ਹੀ ਹੋ ਗਿਆ ਹੈ, ਅਰਬੀ ਮਸ਼ਰੂਬ ਦਾ ਮਤਲਬ ਹੈ, ਪੀਤਾ ਗਿਆ, ਪੀਣ ਵਾਲੀ ਸ਼ੈਅ। ਮਸ਼ਰਬਾਤ ਰੂਹਿਆ ਦਾ ਮਤਲਬ ਹੈ, ਸ਼ਰਾਬਾਂ। ਬਹੁਤੀ ਪੀਣ ਵਾਲੇ ਨੂੰ ਸ਼ੱਰਾਬ, ਸਿੱ.ਰੀਬ ਆਖਦੇ ਹਨ। ਅਰਬੀ ਸ਼ਰਾਬ ਦੇ ਮਾਅਨੇ ਮਦਿਰਾ, ਦਾਰੂ ਤੋਂ ਬਿਨਾ ਫਲਾਂ ਦਾ ਰਸ, ਸ਼ਰਬਤ ਵੀ ਹੈ। ਸ਼ਰਾਬ-ਅਲ-ਲੈਮੂਨ ਸ਼ਕੰਜਵੀ ਹੈ। ਮਸ਼ਰਬ ਦਾ ਅਰਥ ਪੀਣ ਪਦਾਰਥ; ਪਿਆਊ, ਪੀਣ ਵਾਲੀ ਥਾਂ (ਚੁਬੱਚਾ, ਫੁਹਾਰਾ ਆਦਿ); ਰੈਸਤੋਰਾਂ, ਰੁਚੀ, ਭੁਸ ਹੁੰਦਾ ਹੁੰਦਾ ਲਹਿਰ, ਮਤ, ਸੰਪਰਦਾਇ, ਸਕੂਲ ਆਦਿ ਵੀ ਬਣ ਗਿਆ ਹੈ। ਖਵਾਜਾ ਗੁਲਾਮ ਫਰੀਦ ਨੇ ਇਸ ਅਰਥ ਵਿਚ ਵਰਤਿਆ ਹੈ, “ਰਿੰਦੀ ਮਸ਼ਰਬ ਸਾਂਗ ਰਸਾਇਆ।”
ਅਰਬ ਖਿੱਤਾ ਯੂਰਪ ਅਤੇ ਏਸ਼ੀਆ ਦੇ ਗੱਭੇ ਜਿਹੇ ਹੈ, ਇਸ ਲਈ ਅਰਬੀ ਭਾਸ਼ਾ ਦੇ ਸ਼ਬਦ ਦੋਵੇਂ ਪਾਸੇ ਗਏ ਹਨ। ਕੁਝ ਸ੍ਰੋਤਾਂ ਅਨੁਸਾਰ ਸ਼ਰਾਬ ਸ਼ਬਦ ਮੁਗਲਾਂ ਦੇ ਨਾਲ ਭਾਰਤ ਆਇਆ। ਅਰਬੀ ਵਿਚ ਸ਼ਰਾਬ ਦੇ ਅਰਥ ਕੋਈ ਵੀ ਪੀਣ ਪਦਾਰਥ ਦੇ ਨਾਲ ਨਾਲ ਮਦਿਰਾ ਵੀ ਹੈ। ਯੂਨਾਨੀ ਅਤੇ ਅਰਬੀ ਹਿਕਮਤ ਦੇ ਨਾਲ ਇਹ ਸ਼ਬਦ ਯੂਰਪੀ ਦੇਸ਼ਾਂ ਵੱਲ ਵੀ ਗਏ, ਪਰ ਯੂਰਪ ਵਿਚ ਇਸ ਸ਼ਬਦ ਨੇ ਮਿੱਠਾ ਰੁੱਖ ਹੀ ਅਖਤਿਆਰ ਕੀਤਾ। ਅਰਥਾਤ ਇਸ ਤੋਂ ਬਣੇ ਸ਼ਬਦ ਪਾਣੀ ਵਿਚ ਘੋਲੇ ਮਿੱਠੇ ਅਤੇ ਹੋਰ ਚੀਜ਼ਾਂ ਮਿਲਾ ਕੇ ਬਣੇ ਪੀਣ ਪਦਾਰਥ ਨੂੰ ਕਿਹਾ ਜਾਂਦਾ ਹੈ।
ਅੰਗਰੇਜ਼ੀ ਵਿਚ ਸ਼ਰਬਿਟ (ੰਹeਰਬeਟ) ਉਹ ਪੀਣ ਪਦਾਰਥ ਹੈ, ਜੋ ਫਲਾਂ ਦੇ ਰਸ ਵਿਚ ਖੰਡ ਘੋਲ ਕੇ ਬਣਾਇਆ ਜਾਂਦਾ ਹੈ। ਇਹ ਸ਼ਬਦ ਅਰਬੀ ਸ਼ਰਬਤ ਤੋਂ ਫਾਰਸੀ ਵਿਚ ਗਿਆ ਤੇ ਉਥੋਂ ਤੁਰਕੀ ਰਾਹੀਂ ਅੰਗਰੇਜ਼ੀ ਵਿਚ। ਪੈਨਕੇਕ ਤੇ ਦਬੱਲ ਕੇ ਚੋਪੜੇ ਜਾਂਦੇ ਸ਼ੀਰੇ ਵਰਗੇ ਗਾੜ੍ਹੇ ਤਰਲ ਨੂੰ ਅੰਗਰੇਜ਼ੀ ਵਿਚ ਸਿਰਿਪ (ੰੇਰਪਿ) ਆਖਿਆ ਜਾਂਦਾ ਹੈ। ਅੰਗਰੇਜ਼ੀ ਵਿਚ ਇਹ ਸ਼ਬਦ 15ਵੀਂ ਸਦੀ ਦੇ ਸ਼ੁਰੂ ਵਿਚ ਗਿਆ। ਖਿਆਲ ਹੈ ਕਿ ਇਹ ਇਤਾਲਵੀ ਦੇ ੰਰੋਪਪੋ ਤੋਂ 14ਵੀਂ ਸਦੀ ਦੀ ਪੁਰਾਣੀ ਫਰਾਂਸੀਸੀ ਵਿਚ ਸਿਰੋਪ ਵਜੋਂ ਦਾਖਿਲ ਹੋਇਆ ਤੇ ਅੱਗੇ ਅੰਗਰੇਜ਼ੀ ਵਿਚ ਸਿਰਿਪ ਬਣਿਆ। ਸਪੈਨਿਸ਼ ਭਾਸ਼ਾ ਦੇ ਝਅਰਅਬe, ਝਅਰੋਪe ਅਤੇ ਮੱਧਕਾਲੀ ਲਾਤੀਨੀ ਦੇ ੰਚਰੋਪਪੋ ਵੀ ਇਸੇ ਦੇ ਰੂਪ ਹਨ।
ਅੰਗਰੇਜ਼ੀ ਦਾ ਇੱਕ ਸ਼ਬਦ ੰਹਰੁਬ ਹੈ ਜਿਸ ਦਾ ਅਰਥ ‘ਝਾੜੀ’ ਹੁੰਦਾ ਹੈ ਪਰ ਇੱਕ ਹੋਰ ਸ਼ਰੱਬ ਹੈ ਜੋ ਇਕ ਤਰ੍ਹਾਂ ਦਾ ਪੀਣ ਵਾਲਾ ਸਿਰਕਾ ਹੁੰਦਾ ਹੈ। 17ਵੀਂ-18ਵੀਂ ਸਦੀ ਦੌਰਾਨ ਇੰਗਲੈਂਡ ਵਿਚ ਰਮ ਜਾਂ ਬਰਾਂਡੀ ਵਿਚ ਮਿੱਠਾ ਅਤੇ ਸੰਤਰੇ ਆਦਿ ਦੀਆਂ ਛਿੱਲਾਂ ਮਿਲਾ ਕੇ ਬਣਾਈ ਜਾਂਦੀ ਸੀ ਕੌਕਟੇਲ। ਅਰਬੀ ਸ਼ਰਬਤ ਹਿਕਮਤ ਅਤੇ ਫਾਰਸੀ ਰਾਹੀਂ ਉਰਦੂ, ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਰਚਮਿਚ ਗਿਆ। ਫਾਰਸੀ ਵਿਚ ਇਸ ਦੇ ਅਰਥ ਘੁੱਟ; ਦਵਾਈ ਦੀ ਖੁਰਾਕ ਵੀ ਹਨ। ਸ਼ਰਾਬ ਦਾ ਸੇਵਨ ਦਵਾ-ਦਾਰੂ/ਖੁਰਾਕ ਅਤੇ ਮੌਜ-ਮੇਲੇ ਵਜੋਂ ਹੋਣ ਕਾਰਨ ਇਸ ਦੀ ਏਨੀ ਬਦਨਾਮੀ ਦਰਕਾਰ ਨਹੀਂ।