ਖੇਤੀ ਵਲ ਗਹੁ ਕਰੋ

ਕੈਨੇਡਾ ਵਿਚ ਪੰਜਾਬੀ: 100 ਸਾਲ ਪਹਿਲਾਂ
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ। ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਜ਼ਿਕਰ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਅਤੇ ਵਾਕ ਬਣਤਰ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਹੋ ਸਕਣ।

-ਸੰਪਾਦਕ

ਅਸੀਂ ਅੱਗੇ ਕਈ ਵਾਰ ਆਪਣੇ ਭਰਾਵਾਂ ਨੂੰ ਬੇਨਤੀ ਕਰ ਚੁੱਕੇ ਹਾਂ ਤੇ ਹੁਣ ਫੇਰ ਅਰਜ਼ ਕਰਦੇ ਹਾਂ ਕਿ ਇਸ ਦੇਸ਼ ਵਿਚ ਖੇਤੀ ਵਲ ਗਹੁ ਕਰੋ। ਕਿਰਸਾਨਾ ਕੰਮ ਹੀ ਹੈ ਜੋ ਕੌਮਾਂ ਦੀ ਟਿਕ ਟਕਾਈ ਦੀ ਜੜ੍ਹ ਹੈ। ਚੀਨੇ ਇਸ ਹੀ ਪਾਰਸ ਨਾਲ ਲੱਗ ਕੇ ਬੇਖਤਰ ਹੈ। ਕੈਨੇਡਾ ਵਿਚ ਕਿਸੇ ਸ਼ਹਿਰ ਚਲੇ ਜਾਉ, ਆਪ ਨੂੰ ਸਭ ਜਗ੍ਹਾ ਚੀਨਿਆਂ ਦੇ ਖੇਤ ਤੇ ਫਾਰਮ ਦਿਸਣਗੇ। ਇਸ ਸਾਲ ਜਾਪਾਨੀਆਂ ਨੇ ਪੋਰਟ ਹੈਮੇਡ ਬੀ.ਸੀ. ਦੇ ਨੇੜੇ-ਨੇੜੇ ਫਲ-ਫਰੂਟਾਂ ਦੇ ਬਹੁਤ ਫਾਰਮ ਆਬਾਦ ਕੀਤੇ ਤੇ ਕੰਮ ਸਾਂਭੇ ਹਨ। ਇਹ ਗੱਲ ਹੈ ਜਿਸ ਨਾਲ ਜਾਪਾਨੀ, ਕੰਮਕਾਰ ਦੀ ਥੁੜ ਹੋਣ ਨਾਲ ਭੀ ਵਿਹਲੇ ਨਹੀਂ ਰਹਿ ਸਕਦੇ। ਖੇਤੀ ਆਜ਼ਾਦੀ ਦਾ ਕੰਮ ਹੈ। ਰੀਅਲ ਸਟੇਟ ਦੇ ਜੂਏ ਦੇ ਝਲਕੇ ਜਿਨ੍ਹਾਂ ਵਿਚ ਇਸ ਸੂਬੇ ਦੇ ਲੋਕ ਮਤੇ ਰਹੇ ਹਨ, ਕਰੀਬ-ਕਰੀਬ ਖਤਮ ਹਨ ਤੇ ਹੁਣ ਅਨੇਕ ਗੋਰੇ ਫਾਰਮ ਲੈ ਕੇ ਬੀਜ ਬਜਾਈ ਵਿਚ ਰੁੱਝੇ ਰਹੇ ਹਨ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਹੀ ਠਹਿਰੇ ਰਹੋ, ਅਗਲੇ ਸੂਬਿਆਂ ਵੱਲ ਹਿਲੋ। ਪੇਰਅਰੀ (ਪਰੇਅਰੀ- ਪੱਛਮੀ ਕੈਨੇਡਾ ਦਾ ਖੇਤਰ) ਵਿਚ ਬੇਅੰਤ ਕਣਕ ਹੁੰਦੀ ਹੈ। ਉਥੇ ਚਲ ਕੇ ਫਾਰਮ ਲਵੋ ਤੇ ਚੰਗੀ ਤਰ੍ਹਾਂ ਨਾਲ ਕਮਾਈਆਂ ਕਰਦੇ ਹੋਏ ਅਨੰਦ ਨਾਲ ਵਸੋ। ਇਕ ਵੈਨਕੂਵਰ ਦਾ ਅਖਬਾਰ ਲਿਖਦਾ ਹੈ, ਹਿੰਦੂਆਂ ਨੂੰ ਹਟਾ ਕੇ ਲਕੜੀ ਦੀਆਂ ਮਿੱਲਾਂ ਵਿਚ ਗੋਰਿਆਂ ਨੂੰ ਕੰਮ ਦਿੱਤਾ ਜਾ ਰਿਹਾ ਹੈ। ਭਾਵੇਂ ਉਸ ਦਾ ਮਤਲਬ ਗੋਰਿਆਂ ਵਿਚ ਇਸ ਗੱਲ ਦਾ ਖਿਆਲ ਪੈਦਾ ਹੋਵੇਗਾ ਤੇ ਸੱਚ ਵੀ ਹੋਵੇਗਾ, ਪਰ ਸਾਨੂੰ ਇਸ ਤੋਂ ਇਹ ਸਬਕ ਲੈਣ ਦੀ ਲੋੜ ਹੈ ਕਿ ਮਿੱਲਾਂ ਵਿਚ ਕੰਮ ਦਾ ਕੋਈ ਭਰੋਸਾ ਨਹੀਂ ਤੇ ਹੁਣ ਦੇ ਵਕਤ ਦੀਆਂ ਲੋੜਾਂ ਵੀ ਦੱਸਦੀਆਂ ਹਨ ਕਿ ਝਟਪਟ ਸਭ ਹਿੰਦੁਸਤਾਨੀ ਫਾਰਮਾਂ ‘ਤੇ ਬੈਠ ਕੇ ਟਿਕ ਜਾਣ। ਇਸ ਵਕਤ ਖੇਤੀ ਲਈ ਅਮਰੀਕਾ ਦੇ ਲੋਕਾਂ ਨੇ ਉਹ ਜੁਗਤਾਂ ਤੇ ਮਸ਼ੀਨਾਂ ਲੱਭੀਆਂ ਹਨ, ਜਿਨ੍ਹਾਂ ਦੀ ਥੁੜ ਤੇ ਅਨਜਾਣਤਾ ਕਰਕੇ ਆਪਣੇ ਦੇਸ਼ ਦੇ ਕਿਰਸਾਨ ਬੇਅੰਤ ਘਾਟੇ ਤੇ ਤੋਟੇ ਵਿਚ ਜਾ ਰਹੇ ਹਨ। ਆਪ ਨੇ ਉਹ ਸਭ ਕੁਝ ਅਮਰੀਕਾ ਤੇ ਆਪ ਹੱਥੀਂ ਵਰਤ ਕੇ ਸਿੱਖਣਾ ਹੈ ਤੇ ਫਾਰਮਾਂ ‘ਤੇ ਚੰਗੀ ਤਰ੍ਹਾਂ ਟਿਕ ਕੇ ਆਪ ਆਪਣੇ ਪੁੱਤਰਾਂ ਨੂੰ ਅਮਰੀਕਾ ਵਿਚ ਸਹਿਜੇ ਬਹੁਤ ਇਲਮਦਾਰ ਕਰ ਸਕੋਗੇ। ਇਸੇ ਤਰ੍ਹਾਂ ਕੌਮਾਂ ਵਸਿਆਂ ਕਰਦੀਆਂ ਹਨ ਤੇ ਹਿੰਦੁਸਤਾਨੀਆਂ ਦੇ ਹੱਕਾਂ ਦਾ ਫੈਸਲਾ ਵੀ ਇਹ ਇਕ ਟਿਕਾਈ ਹੀ ਕਰੇਗੀ। ਮੈਂ ਵਿਕਟੋਰੀਏ ਵਿਚ ਇਕ ਚੀਨੇ ਬੁੱਢੇ ਕਿਰਸਾਨ ਨੂੰ ਜਾਣਦਾ ਹਾਂ ਜਿਸ ਦਾ ਬੇਟਾ ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਐਮ. ਏ. ਵਿਚ ਪੜ੍ਹਦਾ ਹੈ। ਕੌਣ ਨਹੀਂ ਜਾਣਦਾ ਕਿ ਇਨ੍ਹਾਂ ਅਮਰੀਕਾ ਵਿਚ ਵੱਸੇ ਹੋਏ ਚੀਨਿਆਂ ਦੇ ਪੁੱਤਰਾਂ ਨੇ ਇਥੇ ਬੇਹੱਦ ਇਲਮ ਪੜ੍ਹੇ ਸਨ। ਚੀਨ ਦੇ ਸਗੌਨ ਵਿਚ ਸਭ ਨਾਲੋਂ ਵਧ ਕੇ ਕੁਰਬਾਨੀਆਂ ਕੀਤੀਆਂ ਹਨ। ਆਪ ਉਸ ਕੌਮ ਵਿਚੋਂ ਹੋ ਜਿਸ ਦੇ ਦਿਮਾਗ ਦੀ ਉਚਤਾ ਦਾ ਚਰਚਾ ਦੁਨੀਆਂ ਵਿਚ ਹੈ। ਘਰ ਉਹ ਤਾਂ ਹੀ ਅੱਜ ਦੁਨੀਆਂ ਵਿਚ ਟੱਕਰ ਸਕਦਾ ਹੈ, ਜੇ ਅਮਰੀਕਾ ਤੇ ਜਰਮਨੀ, ਜਾਪਾਨ ਆਦਿਕ ਦੇਸ਼ਾਂ ਦੀ ਇਲਮ ਦੀ ਪੱਥਰੀ ‘ਤੇ ਲੱਗੇ। ਅਸੀਂ ਇਨ੍ਹਾਂ ਮੁਲਕਾਂ ਤੋਂ ਬਹੁਤ ਕੁਝ ਸਿੱਖਣਾ ਹੈ। ਥੋੜ੍ਹੇ ਦਿਨਾਂ ਦੀ ਖਬਰ ਹੈ ਕਿ ਇਕ ਚੀਨੇ ਵਿਦਿਆਰਥੀ ਨੇ ਅਮਰੀਕਾ ਦੀ ਕਾਰਨਲ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੇ ਇਮਤਿਹਾਨ ਵਿਚ ਸਭ ਨਾਲੋਂ ਵੱਡਾ ਇਨਾਮ ਬੜੀ ਹੀ ਇਜ਼ਤ ਨਾਲ ਲਿਆ ਹੈ। ਇਮਤਿਹਾਨ ਲੈਣ ਵਾਲੇ ਗੋਰਿਆਂ ਨੇ ਅੰਤ ਵਿਚ ਲਿਖਿਆ ਹੈ ਕਿ ਅਸੀਂ ਫਰਕ ਨਹੀਂ ਲੱਭ ਸਕੇ ਕਿ ਇਹ ਅੰਗਰੇਜ਼ੀ ਬੋਲਣ ਵਾਲੀ ਕੌਮ ਦਾ ਬੱਚਾ ਹੈ ਜਾਂ ਦੂਸਰੀ ਦਾ। ਇਹ ਜੁਗਤ ਹੈ, ਜਿਸ ਨਾਲ ਚੀਨ ਦੇ ਸਪੁੱਤਰ ਇਲਮ ਦੀਆਂ ਗੱਠੜੀਆਂ ਅਮਰੀਕਾ ਤੋਂ ਬੰਨ੍ਹ ਕੇ ਚੀਨ ਵਿਚ ਖਿਲਾਰ ਰਹੇ ਹਨ।
ਪਿਆਰੇ ਵੀਰੋ! ਆਪ ਲਈ ਭੀ ਇਹ ਹੀ ਮੌਕਾ ਹੈ ਤੇ ਆਪ ਅਮਰੀਕਾ ਵਿਚ ਇਸ ਹੀ ਕੰਮ ਲਈ ਆਏ ਹੋ। ਇਸ ਲਈ ਸਾਡੀ ਬੜੇ ਜ਼ੋਰ ਨਾਲ ਬੇਨਤੀ ਹੈ ਕਿ ਫਾਰਮਾਂ ‘ਤੇ ਟਿਕ ਜਾਉ। ਕਮਾਈਆਂ ਕਰੋ ਤੇ ਉਨ੍ਹਾਂ ਨੂੰ ਹਿੰਦੁਸਤਾਨ ਦੀ ਸੇਵਾ ਵਿਚ ਲਗਾਉ। ਕੁਝ ਆਪ ਸਿੱਖੋ, ਕੁਝ ਪੁੱਤਰਾਂ ਨੂੰ ਇਥੇ ਮੰਗਵਾ ਕੇ ਪੜ੍ਹਾ ਕੇ ਸਿਖਾਉ। ਘਬਰਾਉਣ ਦਾ ਕੰਮ ਨਹੀਂ ਹੈ। ਜੋ ਕੰਮ ਕਰਨ ਵਾਲੇ ਹੁੰਦੇ ਹਨ, ਉਹ ਕੀਤਿਆਂ ਹੀ ਫਲ ਮਿਲਦੇ ਹਨ। ਇਸ ਲਈ ਖੇਤਾਂ ਕਿਆਰੀਆਂ ਦੀ ਢੂੰਡ ਵਲ ਗਹੁ ਕਰੋ, ਤੁਹਾਡੇ ਇਕ ਜਾਣ ਵਿਚ ਤੁਹਾਡਾ ਤੇ ਕੌਮ ਦਾ ਬਹੁਤ ਭਲਾ ਹੈ ਤੇ ਇਹ ਵੀ ਤੁਹਾਡਾ ਇਥੇ ਪਹਿਲਾ ਫਰਜ਼ ਹੈ।

ਕੰਮ ‘ਤੇ ਜਾਉ
ਕੁਲ ਕੈਨੇਡਾ ਵਿਚ ਗਰਮੀਆਂ ਦੀ ਬਹਾਰ ਹੈ। ਧੁੱਪਾਂ ਲੱਗ ਰਹੀਆਂ ਹਨ। ਫਸਲਾਂ ਤਿਆਰ ਹੋ ਰਹੀਆਂ ਹਨ। ਜਿਉਂ ਜੀਅ ਕਾਰ ਕਿਤੇ ਵਿਚ ਰੁਝਾ ਹੋਇਆ ਹੈ। ਇਸ ਸੂਬੇ (ਅੰਦਰ) ਕਿਤੇ ਨਵੀਂ ਵਸੋ ਹੋ ਰਹੀ ਹੈ, ਕਿਤੇ ਪੁਰਾਣੇ ਅੱਡੇ ਸਜ ਰਹੇ ਹਨ। ਕੈਨੇਡਾ ਦੇਸ਼ ਹਜ਼ਾਰਾਂ ਮੀਲਾਂ ਵਿਚ ਪਸਰਿਆ ਹੋਇਆ ਹੈ। ਅੱਗੇ ਤੋਂ ਅੱਗੇ ਜਾਉ, ਆਪ ਨੂੰ ਨਵੇਂ ਤੋਂ ਨਵੇਂ ਨਜ਼ਾਰੇ ਦਿੱਸਣਗੇ। ਕਿਤੇ ਪੇਰਅਰੀ ਦੇ ਮੈਦਾਨ ਹਨ, ਜਿਥੇ ਇਕ ਜਗ੍ਹਾ ਤੋਂ ਝਾਤੀ ਮਾਰਿਆਂ ਮੀਲਾਂ ਤਕ ਦੇ ਝਾਕੇ ਦਿਸਦੇ ਹਨ, ਕਣਕਾਂ ਦੇ ਸਿੱਟੇ ਦਾਣਿਆਂ ਨਾਲ ਭਰੇ ਹੋਏ ਹਜ਼ਾਰਾਂ ਮੀਲਾਂ ਵਿਚ ਹਵਾ ਦੇ ਹੁਲਾਰਿਆਂ ਤੇ ਧੁੱਪ ਦੇ ਚਮਕਾਰਿਆਂ ਵਿਚ ਬੜੀ ਮੜਕ ਨਾਲ ਝੂਲ ਰਹੇ ਹਨ। ਇਨ੍ਹਾਂ ਮੈਦਾਨਾਂ ਵਿਚ ਵਿਨੀਪਿਗ ਵਰਗੇ ਸੁੰਦਰ ਸ਼ਹਿਰ ਹਨ, ਜਿਥੇ ਦਾ ਸੁਹੱਪਣ ਤੇ ਅਨਾਜ ਦੇ ਵਪਾਰ ਦੇ ਜ਼ੋਰ ਦਾ ਹਾਲ ਸੁਣ ਕੇ ਕੁਲ ਦੇਸ਼ ਖੁਸ਼ ਹੋ ਰਿਹਾ ਹੈ। ਕਿਰਸਾਨਾਂ ਤੇ ਜ਼ਿਮੀਦਾਰਾਂ ਦੇ ਘਰ ਚਹਿਲ ਪਹਿਲ ਹੈ। ਕਿਤੇ ਨਿਆਗਰੇ ਵਰਗੇ ਦਰਿਆ ਦੇ ਪਾਣੀ ਸਰਾਂ ਵਿਚ ਜੁੜ ਕੇ ਡਿੱਗ ਰਹੇ ਹਨ, ਜਿਨ੍ਹਾਂ ਨੂੰ ਦੇਖਣ ਲਈ ਹਜ਼ਾਰਾਂ ਮੀਲਾਂ ਤੋਂ ਲੋਕ ਆਉਂਦੇ ਹਨ। ਝੀਲਾਂ ਵਿਚ ਜਹਾਜ਼ ਦੌੜ ਰਹੇ ਹਨ। ਟਰਾਂਟੋ ਤੋਂ ਮੋਂਟਰੀਆਲ ਵਰਗੇ ਦੀਪ ਸ਼ਹਿਰਾਂ ਵਿਚ ਗਹਿਮ ਗਹਿਮ ਹੈ। ਇਲਮ, ਅਕਲ, ਵਪਾਰ ਤੇ ਕਾਰੀਗਰੀ ਦੇ ਫੁਹਾਰੇ ਚੱਲ ਰਹੇ ਹਨ। ਉਹ ਸ਼ਹਿਰ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਢੁੱਕਦੇ ਹਨ।
ਗੱਲ ਕੀ, ਗਰਮੀਆਂ ਹਨ ਤੇ ਕੁਲ ਕੈਨੇਡਾ ‘ਤੇ ਜੋਬਨ ਹੈ। ਹਿਲਜੁਲੀ ਹੈ। ਹਰ ਕੋਈ ਸਿਆਲ ਦੀਆਂ ਤਿਆਰੀਆਂ ਲਈ ਕਰੜੀ ਤੋਂ ਕਰੜੀ ਕਮਾਈ ਕਰ ਰਿਹਾ ਹੈ ਤੇ ਸਿਵਾਏ ਹੋਣ ਵਾਲੇ ਨਭਾਗ ਸੁਸਤਾਂ ਤੇ ਗਾਫਲਾਂ ਤੋਂ ਇਸ ਵਕਤ ਵਿਹਲਾ ਰਹਿਣਾ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ। ਬ੍ਰਿਟਿਸ਼ ਕੋਲੰਬੀਆ ਨਾਲੋਂ ਅਗਲੇ ਈਸਟ ਦੇ ਸਭ ਸੂਬੇ ਚੰਗੀ ਵਸੋਂ ਵਾਲੇ ਤੇ ਰੌਣਕਦਾਰ ਹਨ। ਇਥੇ ਜ਼ਮੀਨਾਂ ਰੀਅਲ ਸਟੇਟ ਦੇ ਹੇਰ-ਫੇਰ ਵਿਚ ਫਸ ਕੇ ਹਾਲ ਦੀ ਘੜੀ ਤਰੱਕੀ ਕੁਝ ਰੁਕ ਗਈ ਹੈ। ਇਸ ਲਈ ਅਨੇਕ ਗੋਰੇ ਅਗਲੇ ਸੂਬਿਆਂ ਨੂੰ ਤੁਰ ਗਏ ਹਨ ਕਿਉਂਕਿ ਗਰਮੀਆਂ ਵਿਚ ਹਰ ਇਕ ਨੂੰ ਕੰਮ ਦਾ ਫਿਕਰ ਹੈ। ਸੋ ਇਸ ਮੌਕੇ ਅਸੀਂ ਜ਼ਰੂਰੀ ਸਮਝਦੇ ਹਾਂ ਕਿ ਜੇ ਕੋਈ ਹਿੰਦੁਸਤਾਨੀ ਭਰਾ ਭੀ ਢਿਲ ਜਾਂ ਸੁਸਤੀ ਵਿਚ ਬੈਠਾ ਹੈ ਜਾਂ ਕੰਮ ਦੀ ਭਾਲ ਵਿਚ ਹੈ ਤਾਂ ਉਸ ਅੱਗੇ ਬੇਨਤੀ ਕਰ ਦੇਈਏ ਕਿ ਤਰੱਕੀ ਕਰਨ ਵਾਲੀਆਂ ਕੌਮਾਂ ਇਕ ਜਗ੍ਹਾ ਨੱਥ ਨਹੀਂ ਹੋ ਸਕਦੀਆਂ ਹੁੰਦੀਆਂ। ਉਹ ਹੀ (ਅਗਾਂਹ) ਵਧ ਸਕਦੀਆਂ ਹਨ ਜੋ ਹਰ ਵੇਲੇ ਚੰਗੇ ਮੌਕੇ ਦਾ ਫਾਇਦਾ ਉਠਾਉਣ ਲਈ ਕਮਰ ਕਸੇ ਕਸੀ ਰੱਖਣ। ਇਸ ਵਕਤ ਜੇ ਆਪ ਕੰਮ ਦੀ ਲੋੜ ਵਿਚ ਹੋ ਤਾਂ ਦੇਰ ਨਾ ਲਾਵੋ, ਗਰਮੀਆਂ ਦਾ ਅਮੋਲਕ ਸਮਾਂ ਦਬਾ ਦਬ ਬੀਤ ਰਿਹਾ ਹੈ। ਕੈਨੇਡਾ ਦੇ ਈਸਟ ਪੂਰਬ ਵੱਲ ਦੇ ਅਗਲੇ ਸੂਬਿਆਂ ਵੱਲ ਨੂੰ ਵਧੋ। ਕੰਮ ਦਾ ਕੋਈ ਅੰਤ ਨਹੀਂ ਹੈ। ਤਨਖਾਹ ਚੰਗੀ ਹੈ। ਹਿੰਦੁਸਤਾਨੀ ਵੀਰਾਂ ਦੀ ਇਕ ਮੰਡਲੀ ਅੱਗੇ ਜਾ ਕੇ ਕੰਮ ਲਗ ਭੀ ਗਈ ਹੈ। ਨਾਲੇ ਦੇਸ਼ ਨੂੰ ਫਿਰ ਕੇ ਦੇਖਦੇ ਹਨ- ਨਾਲੇ ਗਰਮੀਆਂ ਵਿਚ ਕਾਰ ਵਿਹਾਰ ਵਿਚ ਦਿਲ ਜਾਨ ਲਾ ਕੇ ਚਾਰ ਪੈਸੇ ਕਮਾ ਲੈਣਗੇ। ਇਕ ਜਗ੍ਹਾ ਤੋਂ ਅਸੀਂ ਪੂਰਾ ਪਤਾ ਮੰਗਵਾਇਆ ਹੈ ਤੇ ਇਕ ਕੰਪਨੀ ਨੇ ਦਸ ਆਦਮੀ ਝਟਪਟ ਮੰਗ ਘੱਲੇ ਹਨ। ਅਗਲੇ ਸੂਬਿਆਂ ਦੇ ਲੋਕਾਂ ਨੇ ਅਜੇ ਤਕ ਹਿੰਦੁਸਤਾਨੀਆਂ ਨੂੰ ਕੰਮ ਕਰਦੇ ਨਹੀਂ ਡਿੱਠਾ ਹੈ, ਉਨ੍ਹਾਂ ਨੇ ਪੰਜਾਬ ਦੇ ਜੁਆਨਾਂ ਦੀ ਬਾਬਤ ਸੁਣਿਆ ਹੈ ਤੇ ਇਕ ਜੱਥੇ ਦੇ ਅੱਗੇ ਪੁੱਜ ਜਾਣ ਨਾਲ ਤਾਂ ਦੋ ਹੋਰ ਜਗ੍ਹਾ ਪੂਰਾ ਪਤਾ ਹੋ ਗਿਆ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਹੁਣ ਇਕ ਹੋਰ ਜੱਥਾ ਕਮਰ ਕਸਾ ਕਰਕੇ ਈਸਟ ਕੈਨੇਡਾ ਵੱਲ ਛਿੜ ਜਾਏ। ਜੋ ਭਰਾ ਤਿਆਰੀ ਕਰੇ, ਸਾਡੇ ਤੋਂ ਪਤਾ ਥਹੁ ਲੈ ਸਕਦਾ ਹੈ। ਅਸੀਂ ਹਰ ਤਰ੍ਹਾਂ ਦਾ ਬੰਦੋਬਸਤ ਕਰਕੇ ਗੱਡੀ ਚੜ੍ਹਾ ਕੇ ਆਵਾਂਗੇ ਤੇ ਅੱਗੇ ਆਪ ਦੇ ਹਿੰਦੁਸਤਾਨੀ ਵੀਰ ਜੋ ਪਹਿਲਾਂ ਪੁੱਜ ਚੁੱਕੇ ਹਨ, ਰੇਲ ਦੇ ਸਟੇਸ਼ਨ ‘ਤੇ ਆ ਕੇ ਤੁਹਾਨੂੰ ਘਰ ਵਾਂਗਰ ਟਿਕਾਣੇ ‘ਤੇ ਲੈ ਜਾਣਗੇ। ਜਿਸ ਭਰਾ ਨੂੰ ਭੀ ਇਸ ਵਕਤ ਕੰਮ ਦੀ ਲੋੜ ਹੋਵੇ, ਇਸ ਦਾ ਇਹ ਹੀ ਦਾਰੂ ਹੈ ਕਿ ਈਸਟ ਕੈਨੇਡਾ ਵੱਲ ਨੂੰ ਜਾਵੇ। ਜੇ ਆਪ ਜਾਂ ਆਪ ਦਾ ਕੋਈ ਸੱਜਣ ਮਿੱਤਰ ਤਿਆਰ ਹੈ ਤਾਂ ਉਸ ਦਾ ਨਾਮ ਸਾਨੂੰ ਝਟਪਟ ਘੱਲ ਦਿਉ ਜਾਂ ਆਪ ਆ ਜਾਉ, ਬਗ਼ੈਰ ਕਿਸੇ ਵਾਧੂ ਔਖਿਆਈ ਦੇ ਆਪ ਠੀਕ ਕੰਮ ‘ਤੇ ਪੁੱਜ ਜਾਉਗੇ।

ਹਿੰਦੁਸਤਾਨੀ ਅੱਜ ਤਕ ਕੈਦੀਆਂ ਵਾਂਗਰ ਬੰਦ ਹਨ
(ਬੇਇਨਸਾਫੀਆਂ ਤੱਦੀਆਂ ਤੇ ਅੜਿੱਕਿਆਂ ਦੀ ਸਾਖੀ)
ਇੰਡੀਆ ਦੇ ਬੂਹੇ ਖੁਲ੍ਹੇ ਤੇ ਕੈਨੇਡਾ ਦੇ ਢੋਏ ਹੋਏ, ਇਹ ਜੁਗਤਾਂ ਕਦ ਤਕ ਚਲਣਗੀਆਂ। ਇਸ ਦਾ ਉਤਰ ਦੇਣਾ ਮੇਰਾ ਫਰਜ਼ ਨਹੀਂ, ਆਪ ਹੀ ਜਵਾਬ ਦਿਉ।
ਇਹ ਉਪਰਲੇ ਸਾਫ ਲਫਜ਼ ਹਨ ਜੋ ਡਾਕਟਰ ਸੁੰਦਰ ਸਿੰਘ ਜੀ ਨੇ ਆਪਣੇ ਤਿੰਨ ਸੌ ਪਚੱਤਰ ਵੈਨਕੂਵਰ ਵਿਚ ਰੁਕੇ ਹੋਏ ਭਰਾਵਾਂ ਦੇ ਉਤਪੰਨ ਲਈ ਲੈਕਚਰ ਦਿੰਦੇ ਹੋਏ 5 ਜੂਨ ਨੂੰ ਟਰੀਅਲ ਸ਼ਹਿਰ ਵਿਚ ਗੋਰਿਆਂ ਨੂੰ ਆਖੇ। ਡਾਕਟਰ ਜੀ ਨੇ ਖੋਲ੍ਹ ਕੇ ਪੁੱਛਿਆ ਕਿ ਸਾਡੇ ਦੇਸ਼ ਵਿਚ ਜਦ ਜੀ ਕਰੇ ਤੁਸੀਂ ਜਾਉ ਤੇ ਸਾਨੂੰ ਨਾ ਵੜਨ ਦਿਉ। ਇਹ ਪੱਤੇਬਾਜ਼ੀਆਂ ਕਦ ਤਕ ਨਿਭਣਗੀਆਂ? ਇਹ ਅਸੂਲ ਦਾ ਝਗੜਾ ਹੈ। ਇਸ ਦਲੀਲ ‘ਤੇ ਟਾਕਰਾ ਹੈ। ਕਿਸ ਦੀ ਤਾਕਤ ਹੈ ਕਿ ਸਾਡੀਆਂ ਅੱਖਾਂ ਵਿਚ ਘੱਟਾ ਪਾ ਸਕੇ। ਅਸਾਂ ਨੂੰ ਅਣਜਾਣ ਤੇ ਭੌਂਦੂ ਸਮਝ ਕੇ ਪੈਰ-ਪੈਰ ‘ਤੇ ਭੁਚਲਾਈਆਂ ਦਿੱਤੀਆਂ ਗਈਆਂ, ਪਰ ਇਹ ਭੁਚਲਾਈਆਂ ਕਦ ਤੱਕ ਨਿਭਣਗੀਆਂ? ਉਹ ਗਵਰਨਮੈਂਟ ਜਾਂ ਕੌਮਾਂ ਜੋ ਹਿੰਦੀਆਂ ਨੂੰ ਦਬਾ ਕੇ ਭੁਲੇਖਾ ਦੇਣਾ ਚਾਹੁੰਦੀਆਂ ਹਨ, ਗਲਤੀ ਖਾਂਦੀਆਂ ਹਨ। ਭਾਰਤ ਵਾਸੀ ਅਨਜਾਣ ਨਹੀਂ ਹਨ। ਉਹ ਆਪਣੇ ਹੱਕ ਨੂੰ ਸਮਝਦੇ ਹਨ। ਧੋਖੇ ਨੂੰ ਪਛਾਣਦੇ ਹਨ। ਜਦ ਤਕ ਅਸਲੀਅਤ ਨਾਲ ਫੈਸਲੇ ਨਹੀਂ ਹੋਣਗੇ, ਉਹ ਕਦੀ ਭੀ ਧੱਕੇਬਾਜ਼ੀ ਤੇ ਪੱਤੇਬਾਜ਼ੀ ਨੂੰ ਨਹੀਂ ਮੰਨਣਗੇ ਕਿਉਂਕਿ ਕਦੀ ਭੀ ਦੁਨੀਆਂ ਵਿਚ ਜ਼ੋਰ ਨੇ ਸੱਚਾਈ ‘ਤੇ ਜਿੱਤ ਨਹੀਂ ਲਈ। ਜੇ ਸੱਚਾਈ ਨੂੰ ਬਿਰਥਾ ਦਬਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਸੱਚਾਈ ਕਿਸੇ ਹੋਰ ਢੰਗ ਵਿਚ ਪ੍ਰਗਟ ਹੋ ਜਾਵੇਗੀ। ਇਸੇ ਦਾ ਸਬੂਤ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਦੀ ਘਾਟ ‘ਤੇ ਖੜ੍ਹਾ ਹੈ। ਇਸ ਦੇ ਵਿਚ ਤਿੰਨ ਸੌ ਪਚੱਤਰ ਹਿੰਦੀ ਨਹੀਂ ਸਗੋਂ ਤੀਹ ਕਰੋੜ ਕੌਮ ਬੈਠੀ ਹੈ। ਇਹ ਨਹੀਂ ਰੁਕੇ ਹੋਏ ਸਗੋਂ ਕੁਲ ਹਿੰਦ ਜਕੜੀ ਪਈ ਹੈ। ਜੋ-ਜੋ ਕਸ਼ਟ ਇਨ੍ਹਾਂ ਸਰੀਰਾਂ ਨੂੰ ਹੋਏ ਹਨ ਤੇ ਹੋ ਰਹੇ ਹਨ, ਉਹ ਕੌਮੀ ਕਸ਼ਟ ਹਨ। ਡਾਢੇ ਮਹਿੰਗੇ ਹਨ। ਹਰ ਇਕ ਹਿੰਦੀ ਪਿਛਲੇ ਦਿਨਾਂ ਦੀਆਂ ਅਨਿਆਏ ਭਰੀਆਂ ਕੁਚਾਲਾਂ ਨੂੰ ਦੇਖ ਕੇ ਜੋ ਸਾਡੇ ਨਾਲ ਕੀਤੀਆਂ ਗਈਆਂ ਹਨ, ਤਪ ਰਿਹਾ ਹੈ ਤੇ ਹਰ ਇਕ ਦਾ ਹਿਰਦਾ ਹੱਦੋਂ ਪਰੇ ਦੁਖ ਉਠਿਆ ਹੈ। ਕੈਨੇਡਾ ਦੇ ਹਿੰਦੁਸਤਾਨੀਆਂ ਦੀ ਭੋਰਾ-ਭੋਰਾ ਤਾਕਤ ਇਨ੍ਹਾਂ ਭਰਾਵਾਂ ਦੀ ਮਦਦ ਲਈ ਲੱਗ ਰਹੀ ਹੈ।
ਪਿਛਲੇ ਪਰਚੇ ਵਿਚ ਆਪ ਪੜ੍ਹ ਹੀ ਚੁੱਕੇ ਹੋ ਕਿ ਕਿਸ ਤਰ੍ਹਾਂ ਗੋਰੇਸ਼ਾਹੀ ਬੇਰੁਕੇ ਫਰਮਾਨ ਚੱਲ ਰਹੇ ਸਨ। ਕਿਸੇ ਨੂੰ ਜਹਾਜ਼ ਦੇ ਅੰਦਰ ਤਕ ਜਾਣ ਨਹੀਂ ਦਿੱਤਾ ਜਾਂਦਾ ਸੀ ਤੇ ਵਕੀਲ ਤਕ ਨੂੰ ਨੇੜੇ ਨਹੀਂ ਛੋਹਣਾ ਮਿਲਿਆ ਸੀ, ਅੱਜ ਉਹ ਹਾਲਤ ਕੁਝ ਬਦਲ ਨਹੀਂ ਗਈ ਹੈ। ਜਹਾਜ਼ ਵਿਚਲੇ ਵੀਰ ਉਸੇ ਤਰ੍ਹਾਂ ਅੰਦਰ ਘੇਰੇ ਪਏ ਹਨ ਤੇ ਅਨੇਕ ਮਾਮਲੇ ਬੀਤੇ ਹਨ। ਜਿਨ੍ਹਾਂ ਦਾ ਹਾਲ ਆਪ ਅੱਗੇ ਪੜ੍ਹੋਗੇ।

ਚਾਲਬਾਜ਼ੀਆਂ
ਕਾਮਾਗਾਟਾ ਮਾਰੂ ਜਹਾਜ਼ ਦੇ ਮਾਲਕਾਂ ਨਾਲ ਸਰਦਾਰ ਗੁਰਦਿੱਤ ਸਿੰਘ ਦਾ ਇਕਰਾਰਨਾਮਾ ਸੀ ਕਿ ਮੁਸਾਫਰਾਂ ਦੇ ਉਤਰਨ ਤੋਂ 15 ਹਜ਼ਾਰ ਡਾਲਰ ਦੀ ਰਹਿੰਦੀ ਕਿਸ਼ਤ ਤਾਰ ਦਿਆਂਗਾ, ਪਰ ਜਦ ਉਸ ਨੂੰ ਜਹਾਜ਼ ਤੋਂ ਜ਼ਮੀਨ ‘ਤੇ ਪੈਰ ਤਕ ਨਾ ਰੱਖਣ ਦਿੱਤਾ ਜਾਵੇ, ਕਿਸ਼ਤ ਕਿਸ ਤਰ੍ਹਾਂ ਉਤਾਰੀ ਜਾ ਸਕਦੀ ਸੀ? ਇਮੀਗਰੇਸ਼ਨ ਵਾਲਿਆਂ ਨੇ ਦੂਜੇ ਪਾਸੇ ਆਪਣੀ ਚਾਲ ਚਲਣੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਹਿੰਦੀਆਂ ਦੀ ਡਾਕਟਰੀ ਕਰਦਿਆਂ ਹੀ ਸੌ ਦੇ ਲਗਭਗ ਫੇਲ੍ਹ ਕਰ ਦਿੱਤੇ ਤੇ ਫੇਰ ਇਕ-ਇਕ ਨੂੰ ਸੱਦ ਕੇ ਆਪਣੀ ਕਮੇਟੀ ਦੇ ਸਾਹਮਣੇ ਪੁੱਛਗਿਛ ਕਰਨੀ ਸ਼ੁਰੂ ਕੀਤੀ। ਇਕ ਆਦਮੀ ਦਾ ਮੁਲਾਹਜ਼ਾ ਕਰਦਿਆਂ ਇਕ ਸਾਰੀ ਦਿਹਾੜੀ ਲਾ ਦਿੱਤੀ, ਜਿਸ ਦਾ ਮਤਲਬ ਇਹ ਸੀ ਕਿ ਹਰ ਰੋਜ਼ ਇਕ-ਇਕ ਮੁਸਾਫਰ ਨੂੰ ਪੁੱਛਗਿਛ ਕੀਤੀ ਜਾਵੇਗੀ। ਇਸ ਤਰ੍ਹਾਂ ਦੇਰ ਪਾ ਕੇ ਹਿੰਦੁਸਤਾਨੀਆਂ ਦੀ ਨੱਕ ਵਿਚ ਜਾਨ ਲਿਆਂਦੀ ਜਾਵੇ ਤੇ ਆਪੇ ਹੀ ਧੱਕੇ ਖਾ ਕੇ ਤੁਰਦੇ ਹੋਣਗੇ ਤੇ ਨਾਲੇ 4 ਜੂਨ 15 ਹਜ਼ਾਰ ਡਾਲਰ ਤਾਰਨ ਦੀ ਮਿਥੀ ਹੋਈ ਤਾਰੀਖ ਸੀ, ਉਧਰ ਵਕੀਲ ਦੀ ਫੀਸ ਇਕ ਘੰਟੇ ਦੀ ਦਸ ਡਾਲਰ ਪੈਣ ਲੱਗੀ ਤੇ ਇਕ ਆਦਮੀ ਦੇ ਮੁਲਾਹਜ਼ੇ ਦਾ ਹੀ ਸੌ ਡਾਲਰ ਬਣ ਗਿਆ। ਇਨ੍ਹਾਂ ਬਹਾਦਰ ਸਿੱਖਾਂ ਤੇ ਹਿੰਦੂਆਂ ਨੂੰ ਇਸ ਤਰ੍ਹਾਂ ਸਤਾਇਆ ਜਾ ਰਿਹਾ ਸੀ। ਇਤਨੇ ਵਿਚ ਹੀ ਇਕ ਜਹਾਜ਼ ਵੈਨਕੂਵਰ ਆ ਲੱਗਾ ਤੇ ਛੇ ਸੌ ਚੀਨੀਆਂ ਨੂੰ ਘੰਟਿਆਂ ਵਿਚ ਉਤਾਰਿਆ ਗਿਆ।
ਇਸ ਵਕਤ ਹਿੰਦੁਸਤਾਨੀਆਂ ਦਾ ਗੁੱਸਾ ਤੇ ਰੰਜ ਕਿਸੇ ਹੱਦ ‘ਤੇ ਨਹੀਂ ਸੀ ਤੇ ਉਹ ਨੇਤਰ ਲਾਲ ਕਰਕੇ ਬਿਟਰ-ਬਿਟਰ ਦੇਖ ਰਹੇ ਤੇ ਸੋਚ ਰਹੇ ਸਨ ਕਿ ਅੰਗਰੇਜ਼ੀ ਰਾਜ ਵਿਚ ਹੀ ਸਾਡਾ ਕੀ ਮੁੱਲ ਪੈਂਦਾ ਹੈ ਤੇ ਦੂਜੀਆਂ ਕੌਮਾਂ ਨਾਲ ਕੀ ਵਰਤਾਉ ਹੁੰਦਾ ਹੈ। ਇਸ ਵਕਤ ਚਿਹਰੇ ਦੱਸ ਰਹੇ ਸਨ ਕਿ ਭਾਰਤ ਵਰਸ਼ ਦੀ ਸੱਚੀ ਸੇਵਾ ਦੇ ਨਿਸ਼ਾਨੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹਨ ਕਿਉਂਕਿ ਸ਼ੇਰ ਜੁਆਨ ਇਸ ਨਿਰਾਦਰੀ ਤੇ ਦੁੱਖ ਵਿਚ ਦੁਨੀਆਂ ਦੀਆਂ ਅੱਖਾਂ ਸਾਹਮਣੇ ਹੀਣੇ ਹੋ ਕੇ ਪਏ ਸਨ। ਇਸ ਵਕਤ ਇਮੀਗਰੇਸ਼ਨ ਵਾਲਿਆਂ ਨੂੰ ਜਵਾਬ ਦਿੱਤਾ ਗਿਆ ਕਿ ਅਸੀਂ ਇਸ ਕਿਸ਼ਤ ਦੀ ਪੁੱਛਗਿਛ ਕਰਾਉਣ ਲਈ ਤਿਆਰ ਨਹੀਂ ਹਾਂ। ਬਸ ਕੋਈ ਆਦਮੀ ਇਸ ਮੁਲਾਹਜ਼ੇ ਲਈ ਨਹੀਂ ਆਵੇਗਾ। ਇਸ ਵਕਤ ਪ੍ਰਤੀਤ ਹੋ ਗਿਆ ਕਿ ਆਉ, ਅਸੀਂ ਹਰ ਰੋਜ਼ ਪੰਜਾਂ ਦਾ ਮੁਲਾਹਜ਼ਾ ਕਰਾਂਗੇ।

ਜਹਾਜ਼ ‘ਤੇ ਗਾਰਦਾਂ
ਇਸ ਵਕਤ ਬਹਾਦਰ ਹਿੰਦੀਆਂ ਦੇ ਗੁੱਸੇ ਦਾ ਕੁਝ ਅੰਤ ਨਹੀਂ ਸੀ ਤੇ ਉਨ੍ਹਾਂ ਲਈ ਕੋਈ ਭੀ ਵਧੀਕੀ ਝੱਲਣੀ ਔਖੀ ਹੋ ਗਈ ਸੀ। ਇਮੀਗਰੇਸ਼ਨ ਅਫਸਰਾਂ ਨੇ ਜਹਾਜ਼ ਦੇ ਵਿਚ ਸਿਪਾਹੀਆਂ ਦਾ ਪਹਿਰਾ ਲਾਇਆ ਹੋਇਆ ਸੀ। ਇਸ ਵਕਤ ਜਹਾਜ਼ ਵਿਚਲੇ ਬਹਾਦਰਾਂ ਨੇ ਇਨ੍ਹਾਂ ਪਹਿਰੇ ਵਾਲਿਆਂ ਨੂੰ ਸਾਫ ਤੌਰ ‘ਤੇ ਕਹਿ ਦਿੱਤਾ ਕਿ ਤੁਹਾਡਾ ਇਥੇ ਕੋਈ ਕੰਮ ਨਹੀਂ ਹੈ, ਤੁਸੀਂ ਬਾਹਰ ਚਲੇ ਜਾਵੋ, ਨਹੀਂ ਤਾਂ ਅਸੀਂ ਫਸਾਦ ਤਕ ਕਰਨ ਲਈ ਤਿਆਰ ਹਾਂ। ਇਸ ਵਕਤ ਸਰਦਾਰ ਗੁਰਦਿੱਤ ਸਿੰਘ ਨੇ ਭੀ ਇਮੀਗਰੇਸ਼ਨ ਸੁਪਰਡੰਟ ਚੀਫ ਨੂੰ ਕਹਿ ਦਿੱਤਾ ਕਿ ਜੇ ਕੋਈ ਫਸਾਦ ਹੋ ਗਿਆ ਤਾਂ ਮੈਂ ਜ਼ਿੰਮੇਵਾਰ ਨਹੀਂ ਹਾਂ। ਜਹਾਜ਼ ਵਿਚਲੇ ਹਿੰਦੀਆਂ ਦਾ ਰੋਹ ਬਹੁਤ ਵਧ ਗਿਆ ਹੈ ਤੇ ਉਹ ਇਨ੍ਹਾਂ ਗਾਰਦਾਂ ਨੂੰ ਇਥੇ ਨਹੀਂ ਦੇਖ ਸਕਦੇ। ਇਸ ਹਾਲਾਤ ਨੂੰ ਤਕ ਕੇ ਇਮੀਗਰੇਸ਼ਨ ਵਾਲਿਆਂ ਨੂੰ ਉਹ ਗਾਰਦਾਂ ਝਟਪਟ ਤਪੇ ਹੋਏ ਹਿੰਦੀਆਂ ਦੇ ਪਾਸੇ ਤੋਂ ਹਟਾਉਣੀਆਂ ਪਈਆਂ। ਡਰ ਨਾਲ ਹੀ ਛੋਟੀਆਂ ਬੋਟਾਂ ਵਿਚ ਹੋਰ ਪਹਿਰੇ ਜਹਾਜ਼ ਦੇ ਕੰਢੇ-ਕੰਢੇ ਲਾ ਦਿੱਤੇ।