ਵਿਆਹਾਂ ਦੀ ਸ਼ਰਾਬ ਵਿਚ ਹੜ੍ਹ ਚੱਲਿਆ ਆਪਣਾ ‘ਪੰਜ-ਆਬ’

ਚੰਡੀਗੜ੍ਹ: ਪੰਜਾਬੀ ਲੋਕ ਵਿਆਹਾਂ ਦੇ ਜਸ਼ਨਾਂ ਲਈ ਇਕੱਲੀ ਸ਼ਰਾਬ ‘ਤੇ ਹੀ ਤਕਰੀਬਨ 500 ਕਰੋੜ ਰੁਪਏ ਹਰ ਵਰ੍ਹੇ ਰੋੜ੍ਹ ਦਿੰਦੇ ਹਨ। ਸ਼ਹਿਰੀ ਪੰਜਾਬ ਵਿਚ ਹਰ ਵਰ੍ਹੇ 3æ20 ਕਰੋੜ ਰੁਪਏ ਵਿਆਹਾਂ ਦੇ ਜਸ਼ਨਾਂ ਵਾਲੀ ਸ਼ਰਾਬ ‘ਤੇ ਖਰਚ ਹੁੰਦੇ ਹਨ। ਇਹ ਸਿਰਫ਼ ਉਹੀ ਖਰਚ ਹੈ ਜਿਸ ਦਾ ਹਿਸਾਬ-ਕਿਤਾਬ ਸਰਕਾਰੀ ਕਾਗ਼ਜ਼ਾਂ ਵਿਚ ਆ ਜਾਂਦਾ ਹੈ ਤੇ ਜੋ ਸ਼ਰਾਬ ਸਿਰਫ਼ ਮੈਰਿਜ ਪੈਲੇਸਾਂ ਵਿਚ ਪਿਲਾਈ ਜਾਂਦੀ ਹੈ।
ਸ਼ਾਇਦ ਇਸੇ ਲਈ ਪੰਜਾਬ ਵਿਧਾਨ ਸਭਾ ਨੇ ਵਿਆਹਾਂ ‘ਤੇ ਹੁੰਦੀ  ਫ਼ਜ਼ੂਲ-ਖ਼ਰਚੀ ਰੋਕਣ ਵਾਸਤੇ ਗੈਰਸਰਕਾਰੀ ਮਤਾ ਪਾਸ ਕੀਤਾ ਹੈ। ਵਿਆਹਾਂ ‘ਤੇ ਖ਼ਾਤਰਦਾਰੀ ਦਾ ਬਹੁਤ ਬਜਟ ਸ਼ਰਾਬ ਹੀ ਡੀਕ ਜਾਂਦੀ ਹੈ। ਪੰਜਾਬ ਵਿਚ ਮੈਰਿਜ ਪੈਲੇਸਾਂ ਵਿਚ ਹੋਣ ਵਾਲੇ ਵਿਆਹ ‘ਤੇ ਔਸਤਨ 80 ਹਜ਼ਾਰ ਰੁਪਏ ਦੀ ਸ਼ਰਾਬ ਖਰਚ ਹੁੰਦੀ ਹੈ। ਟੈਕਸ ਤੇ ਆਬਕਾਰੀ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਨਮੂਨੇ ਵਜੋਂ ਅੱਠ ਜ਼ਿਲ੍ਹਿਆਂ ਵਿਚੋਂ ਇਹ ਵੇਰਵੇ ਹਾਸਲ ਕੀਤੇ ਗਏ ਹਨ। ਇਸ ਤੋਂ ਇਸ ਰੁਝਾਨ ਦਾ ਪਤਾ ਲੱਗਾ ਹੈ।
ਮੈਰਿਜ ਪੈਲੇਸ ਵਿਚ ਜੇਕਰ ਵਿਆਹ ਮੌਕੇ ਸ਼ਰਾਬ ਵਰਤਾਈ ਜਾਂਦੀ ਹੈ ਤਾਂ ਉਸ ਦਾ ਪਰਮਿਟ ਪਹਿਲਾਂ ਕਰ ਤੇ ਆਬਕਾਰੀ ਵਿਭਾਗ ਤੋਂ ਲੈਣਾ ਪੈਂਦਾ ਹੈ। ਸਿਆਸੀ ਪਹੁੰਚ ਵਾਲੇ ਲੋਕ ਤਾਂ ਇਹ ਪਰਮਿਟ ਲੈਂਦੇ ਹੀ ਨਹੀਂ ਹਨ ਕਿਉਂਕਿ ਪਰਮਿਟ ਲੈਣ ਖਾਤਰ ਫੀਸ ਤਾਰਨੀ ਪੈਂਦੀ ਹੈ। ਰਾਜ ਵਿਚ ਪਿਛਲੇ ਪੰਜ ਵਰ੍ਹਿਆਂ ਵਿਚ ਕਰ ਅਤੇ ਆਬਕਾਰੀ ਵਿਭਾਗ ਤੋਂ ਤਕਰੀਬਨ 1æ85 ਲੱਖ ਪਰਮਿਟ ਮੈਰਿਜ ਪੈਲੇਸਾਂ ਵਿਚ ਵਿਆਹ ਮੌਕੇ ਸ਼ਰਾਬ ਪਿਲਾਏ ਜਾਣ ਵਾਸਤੇ ਜਾਰੀ ਹੋਏ ਹਨ।
ਦੇਖਿਆ ਜਾਵੇ ਤਾਂ ਔਸਤਨ ਹਰ ਵਰ੍ਹੇ 40 ਹਜ਼ਾਰ ਪਰਮਿਟ ਜਾਰੀ ਹੋ ਜਾਂਦੇ ਹਨ। ਇਸ ਹਿਸਾਬ ਨਾਲ ਪ੍ਰਤੀ ਵਿਆਹ 80 ਹਜ਼ਾਰ ਦੀ ਸ਼ਰਾਬ ਪਿਲਾਏ ਜਾਣ ਦੀ ਸੂਰਤ ਵਿਚ ਸ਼ਰਾਬ ਦਾ ਸਾਲਾਨਾ ਦਾ ਖਰਚਾ 3æ20 ਕਰੋੜ ਰੁਪਏ ਬਣ ਜਾਂਦਾ ਹੈ। ਦਿਹਾਤੀ ਖੇਤਰਾਂ ਵਿੱਚ ਬਣੇ ਮੈਰਿਜ ਪੈਲੇਸਾਂ ਵਿਚ ਤਾਂ ਇਹ ਪਰਮਿਟ ਲਿਆ ਹੀ ਨਹੀਂ ਜਾਂਦਾ ਹੈ। ਮੋਟਾ ਅੰਦਾਜ਼ਾ ਹੈ ਕਿ ਕਰੀਬ 200 ਕਰੋੜ ਰੁਪਏ ਦੀ ਸ਼ਰਾਬ ਦੀ ਖਪਤ ਦਿਹਾਤੀ ਪੰਜਾਬ ਵਿਚ ਹੋ ਜਾਂਦੀ ਹੈ।
ਹਾਸਲ ਵੇਰਵਿਆਂ ਅਨੁਸਾਰ ਪੰਜਾਬ ਵਿਚੋਂ ਇਸ ਮਾਮਲੇ ਵਿਚ ਲੁਧਿਆਣਾ ਜ਼ਿਲ੍ਹਾ ਪਹਿਲੇ ਨੰਬਰ ‘ਤੇ ਹੈ। ਜ਼ਿਲ੍ਹਾ ਲੁਧਿਆਣਾ ਵਿਚ ਲੰਘੇ ਪੰਜ ਵਰ੍ਹਿਆਂ ਵਿਚ 28,887 ਵਿਆਹ ਮੈਰਿਜ ਪੈਲੇਸਾਂ ਵਿਚ ਅਜਿਹੇ ਹੋਏ ਹਨ ਜਿਥੇ ਸ਼ਰਾਬ ਵਰਤਾਈ ਗਈ। ਹਰ ਸਾਲ ਇਸ ਜ਼ਿਲ੍ਹੇ ਵਿਚ ਔਸਤਨ 5700 ਵਿਆਹ ਸ਼ਰਾਬ ਵਾਲੇ ਹੁੰਦੇ ਹਨ। ਜਿਨ੍ਹਾਂ ਵਿਆਹਾਂ ਵਿਚ ਬਿਨਾਂ ਸ਼ਰਾਬ ਦਾ ਪਰਮਿਟ ਲਏ ਸ਼ਰਾਬ ਪਿਲਾਈ ਜਾਂਦੀ ਹੈ, ਉਹ ਅੰਕੜਾ ਵੱਖਰਾ ਹੈ। ਔਸਤਨ ਹਰ ਵਰ੍ਹੇ 50 ਕਰੋੜ ਰੁਪਏ ਦੀ ਸ਼ਰਾਬ ਤਾਂ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ ਮੈਰਿਜ ਪੈਲੇਸਾਂ ਵਿਚ ਪਿਲਾ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਮੁਹਾਲੀ ਵਿਚ ਪੰਜ ਵਰ੍ਹਿਆਂ ਵਿਚ ਮੈਰਿਜ ਪੈਲੇਸਾਂ ਵਿਚ ਹੋਣ ਵਾਲੇ 11704 ਵਿਆਹਾਂ ‘ਤੇ ਸ਼ਰਾਬ ਵਰਤਾਈ ਗਈ ਹੈ। ਹਰ ਵਰ੍ਹੇ ਤਕਰੀਬਨ 2400 ਪਰਮਿਟ ਕਰ ਤੇ ਆਬਕਾਰੀ ਵਿਭਾਗ ਵੱਲੋਂ ਵਿਆਹਾਂ ‘ਤੇ ਸ਼ਰਾਬ ਪਿਲਾਉਣ ਵਾਸਤੇ ਜਾਰੀ ਕੀਤਾ ਜਾਂਦਾ ਹੈ। ਜ਼ਿਲ੍ਹਾ ਬਠਿੰਡਾ ਵਿਚ ਹਰ ਸਾਲ ਔਸਤਨ 700 ਪਰਮਿਟ ਜਾਰੀ ਕੀਤੇ ਜਾਂਦੇ ਹਨ। ਇਸ ਜ਼ਿਲ੍ਹੇ ਵਿਚ ਬਹੁਤੇ ਵਿਆਹਾਂ ‘ਤੇ ਤਾਂ ਬਿਨਾਂ ਪਰਮਿਟ ਤੋਂ ਹੀ ਸ਼ਰਾਬ ਪਿਲਾਈ ਜਾਂਦੀ ਹੈ। ਇਕ ਆਬਕਾਰੀ ਅਫਸਰ ਨੇ ਜਦੋਂ ਪਿਛਲੇ ਸਮੇਂ ਵਿਚ ਸ਼ਰਾਬ ਪਿਲਾਏ ਜਾਣ ਵਾਸਤੇ ਪਰਮਿਟ ਲਾਜ਼ਮੀ ਕਰ ਦਿੱਤਾ ਤਾਂ ਉਸ ਦੀ ਸਰਕਾਰ ਨੇ ਹੀ ਬਦਲੀ ਕਰ ਦਿੱਤੀ। ਇਸ ਜ਼ਿਲ੍ਹੇ ਦੇ ਸ਼ਹਿਰੀ ਵਿਆਹਾਂ ‘ਤੇ ਕਰੀਬ 5æ60 ਕਰੋੜ ਰੁਪਏ ਦੀ ਸ਼ਰਾਬ ਸਾਲਾਨਾ ਵਰਤਾ ਦਿੱਤੀ ਜਾਂਦੀ ਹੈ।  ਪੰਜਾਬ ਦੇ ਅਮੀਰ ਲੋਕਾਂ ਵੱਲੋਂ ਤਾਂ ਵਿਆਹਾਂ ਮੌਕੇ ਸਾਰਾ ਜ਼ੋਰ ਹੀ ਲੈੱਗ ਤੇ ਪੈੱਗ ਉਤੇ ਲਾਇਆ ਜਾਂਦਾ ਹੈ।
ਰੀਸੋ-ਰੀਸ ਪੇਂਡੂ ਪੰਜਾਬ ਵਿਚ ਵੀ ਇਹ ਰੁਝਾਨ ਦਿਨ ਬ ਦਿਨ ਵਧ ਹੀ ਰਿਹਾ ਹੈ। ਜ਼ਿਲ੍ਹਾ ਫਰੀਦਕੋਟ ਵਿਚ ਪੰਜ ਵਰ੍ਹਿਆਂ ਵਿਚ 2299 ਪਰਮਿਟ ਕਰ ਤੇ ਆਬਕਾਰੀ ਵਿਭਾਗ ਨੇ ਜਾਰੀ ਕੀਤੇ ਹਨ ਜਦੋਂਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਇਸ ਸਮੇਂ ਦੌਰਾਨ 3279 ਪਰਮਿਟ ਜਾਰੀ ਹੋਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਰੋਪੜ ਵਿੱਚ ਪੰਜ ਵਰ੍ਹਿਆਂ ਵਿਚ 3947 ਪਰਮਿਟ ਜਾਰੀ ਹੋਏ ਹਨ। ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿਥੇ ਬਿਨਾਂ ਸ਼ਰਾਬ ਤੋਂ ਵਿਆਹ ਹੁੰਦੇ ਹੋਣ।
ਸਰਕਾਰੀ ਸੂਚਨਾ ਅਨੁਸਾਰ ਮੁੱਖ ਮੰਤਰੀ  ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿਚ ਸਾਲ 2006-07 ਤੇ ਸਾਲ 2008-09 ਦੌਰਾਨ ਮੈਰਿਜ ਪੈਲੇਸਾਂ ਵਿਚ ਸਾਰੇ ਸੋਫੀ ਵਿਆਹ ਹੀ ਹੋਏ ਹਨ। ਇਨ੍ਹਾਂ ਦੋ ਵਰ੍ਹਿਆਂ ਵਿਚ ਸ਼ਰਾਬ ਵਾਲਾ ਕੋਈ ਵੀ ਪਰਮਿਟ ਜਾਰੀ ਨਹੀਂ ਹੋਇਆ ਹੈ। ਸੂਤਰ ਆਖਦੇ ਹਨ ਕਿ ਸਿਆਸੀ ਪਹੁੰਚ ਹੋਣ ਕਰਕੇ ਕੋਈ ਵੀ ਵਿਆਹ ਲਈ ਸਰਕਾਰ ਤੋਂ ਸ਼ਰਾਬ ਪਿਲਾਉਣ ਵਾਸਤੇ ਪਰਮਿਟ ਹੀ ਨਹੀਂ ਲੈਂਦਾ ਹੈ। ਇਸ ਤਰ੍ਹਾਂ ਨਾਲ ਸਰਕਾਰੀ ਟੈਕਸ ਦੀ ਚੋਰੀ ਹੁੰਦੀ ਹੈ। ਇਸ ਜ਼ਿਲ੍ਹੇ ਵਿਚ ਉਸ ਮਗਰੋਂ ਕਿਸੇ ਵੀ ਸਾਲ 200 ਤੋਂ ਜ਼ਿਆਦਾ ਪਰਮਿਟ ਜਾਰੀ ਨਹੀਂ ਹੋਏ ਹਨ।

Be the first to comment

Leave a Reply

Your email address will not be published.