ਤੀਸਰਾ ਟ੍ਰੈਜਿਡੀ ਕਿੰਗ: ਪ੍ਰੋ. ਹਰਮੇਸ਼ ਕੁਮਾਰ ਸ਼ਰਮਾ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਪਤਾ ਸੀ, ਇਹ ਖਬਰ ਆਉਣੀ ਹੀ ਹੈ। ਫਿਰ ਵੀ ਦਿਲ ਸਦਮੇ ‘ਚ ਲਹਿ ਗਿਆ। ਉਹ ਨਾਮੁਰਾਦ ਰੋਗ ਨਾਲ ਜੂਝ ਰਹੇ ਸਨ; ਮਨ ਵਿਚ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਮੁਹੱਬਤ ਦਾ ਬਲ ਚੰਦਰੇ ਰੋਗ ‘ਤੇ ਕਾਬੂ ਪਾ ਲਵੇਗਾ। ਅਜਿਹਾ ਹੋ ਨਹੀਂ ਸਕਿਆ; ਇਸ ਲਈ ਨਹੀਂ ਕਿ ਉਨ੍ਹਾਂ ਦੀ ਮੁਹੱਬਤ ਦੇ ਜੋਸ਼ ਵਿਚ ਕੋਈ ਕਮੀ ਸੀ, ਦਰਅਸਲ ਉਨ੍ਹਾਂ ਨੂੰ ਰੋਗ ਹੀ ਅਜਿਹਾ ਚਿੰਬੜਿਆ ਸੀ, ਜੋ ਹਰ ਕਿਸੇ ਨੂੰ ਨਾਲ ਲੈ ਕੇ ਹੀ ਜਾਂਦਾ ਹੈ; ਰਾਉ ਹੋਵੇ, ਰੰਕ ਹੋਵੇ। ਤੁਸੀਂ ਸੋਚ ਰਹੇ ਹੋਵੋਂਗੇ, ਕੌਣ ਸੀ ਉਹ!
ਅੰਗਰੇਜ਼ੀ ਦਾ ਅਧਿਆਪਕ ਸੀ ਉਹ, ਹਰਮੇਸ਼ ਕੁਮਾਰ ਸ਼ਰਮਾ। ਸਿੱਖ ਨੈਸ਼ਨਲ ਕਾਲਜ, ਚਰਨ ਕੰਵਲ ਬੰਗਾ ਉਸ ਦੀ ਕਰਮ-ਗਾਹ ਸੀ, ਜਿਥੇ ਉਸ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੀ ਮੁਹਾਰਤ ਪ੍ਰਦਾਨ ਕੀਤੀ।

ਆਈਲੈਟਸ ਕਿਸ ਬਲਾ ਦਾ ਨਾਂ ਹੈ, ਉਨ੍ਹਾਂ ਦਿਨਾਂ Ḕਚ ਕਿਸੇ ਨੂੰ ਪਤਾ ਨਹੀਂ ਸੀ। ਬੰਗਿਆਂ ਵਿਖੇ ਸੁਸ਼ੋਭਿਤ, ਚਰਨ ਕੰਵਲ ਕਾਲਜ ਦੇ ਕੇਂਦਰ Ḕਚ, ਪ੍ਰਕਾਰ ਦੀ ਸੂਈ ਰੱਖ ਕੇ, ਬਾਰਾਂ ਤੇਰਾਂ ਮੀਲ ਰੇਡੀਅਸ ਵਾਲਾ ਗੋਲ ਦਾਇਰਾ ਵਾਹਿਆ ਜਾਵੇ ਤਾਂ ਇਸ ਪੱਚੀ ਛੱਬੀ ਮੀਲ ਦੇ ਦਾਇਰੇ ਵਿਚ ਵਸਦੇ ਰਹੇ ਮੁੰਡੇ-ਕੁੜੀਆਂ ਵਿਦੇਸ਼ਾਂ ‘ਚ ਬੇਹੱਦ ਸੰਜੀਦਾ ਅਤੇ ਕਾਮਯਾਬ ਜ਼ਿੰਦਗੀ ਬਤੀਤ ਕਰ ਰਹੇ ਹਨ। ਇਥੋਂ ਦੇ ਵਿਦਿਆਰਥੀ ਵਿਦੇਸ਼ਾਂ ਵਿਚ, ਦੂਸਰੇ ਇਲਾਕਿਆਂ ਦੇ ‘ਇੰਟਰਨੈਸ਼ਨਲ ਵਿਦਿਆਰਥੀਆਂ’ ਵਾਂਗ ਬਦਨਾਮ ਨਹੀਂ ਹੋਏ।
ਵਿਦੇਸ਼ਾਂ ‘ਚ ਵੱਸਦੇ ਇਸ ਇਲਾਕੇ ਦੇ ਵਿਦਿਆਰਥੀਆਂ ਦੀ ਸੰਜੀਦਾ ਅਤੇ ਨੈਤਿਕ ਉਪਲਭਦੀ, ਕਾਮਯਾਬੀ ਜਾਂ ਕਾਰਗੁਜ਼ਾਰੀ ਦਾ ਸਿਹਰਾ ਪ੍ਰੋ. ਹਰਮੇਸ਼ ਕੁਮਾਰ ਸ਼ਰਮਾ ਦੇ ਸਿਰ ਜ਼ਰੂਰ ਬੱਝਦਾ ਹੈ। ਉਹ ਆਪਣੇ ਵਿਦਿਆਰਥੀਆਂ ਵਿਚ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਨਾਲ ਨਾਲ ਸੰਜੀਦਾ ਅਤੇ ਖੁਸ਼ਮਿਜ਼ਾਜ ਜ਼ਿੰਦਗੀ ਬਸਰ ਕਰਨ ਦੀ ਸੱਧਰ ਜਗਾ ਦਿੰਦੇ ਸਨ।
ਕਿਸੇ ਦੇ ਜੀਵਨ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਵਾਲੇ ਅਧਿਆਪਕਾਂ ਦੀ ਲੜੀ ਲੰਬੀ ਹੁੰਦੀ ਹੈ। ਇਸੇ ਕਰਕੇ ਵਿਦਿਆਰਥੀ ਦੇ ਤਸੱਵਰ ਵਿਚ ਅਨੇਕ ਅਧਿਆਪਕਾਂ ਦੀ ਤਸਵੀਰ ਹੁੰਦੀ ਹੈ। ਅਧਿਆਪਕ ਦਾ ਤਸੱਵਰ ਤਾਂ ਕੋਲਾਜ ਹੀ ਹੁੰਦਾ ਹੈ, ਪਰ ਜਦ ਮੈਂ ਅਧਿਆਪਨ ਦਾ ਤਸੱਵਰ ਕਰਦਾ ਹਾਂ ਤਾਂ ਮੇਰੇ ਮਨ ਵਿਚ ਇਕ ਹੀ, ਪ੍ਰੋ. ਹਰਮੇਸ਼ ਕੁਮਾਰ ਦੀ ਤਸਵੀਰ ਬਣਦੀ ਹੈ। ਉਹ ਇਕ ਜ਼ਿੰਦਾ-ਦਿਲ ਅਧਿਆਪਕ ਤੋਂ ਵਧੇਰੇ ਅਧਿਆਪਨ ਦੇ ਸੰਕਲਪ ਦੀ ਮੂਰਤ ਸਨ।
ਪਹਿਲੀ ਵਾਰ, ਕਿਸੇ ਸਮਾਗਮ ਵਿਚ ਮੈਂ ਆਪਣੇ ਯੂਨੀਵਰਸਿਟੀ ਅਧਿਆਪਕ ਨਾਲ ਉਨ੍ਹਾਂ ਦਾ ਤੁਆਰਫ ਕਰਾਇਆ ਤਾਂ ਮੇਰੇ ਅਧਿਆਪਕ ਉਨ੍ਹਾਂ ਦੇ ਚਿਹਰੇ ਦੀ ਤਾਜ਼ਗੀ ਅਤੇ ਜਿਸਮਾਨੀ ਫਿਟਨੈਸ ਦੇਖ ਕੇ ਦੰਗ ਰਹਿ ਗਏ ਸਨ। ਉਨ੍ਹਾਂ ਦੇ ਮਨ ਵਿਚ ਬਾਲੀਵੁੱਡ ਦੇ ਸਦਾ-ਬਹਾਰ ਅਭਿਨੇਤਾ ਦੇਵ ਅਨੰਦ ਦਾ ਬਿੰਬ ਉਭਰ ਆਇਆ ਸੀ, ਜਿਸ ਦਾ ਉਨ੍ਹਾਂ ਨੇ ਪ੍ਰੋ. ਸ਼ਰਮਾ ਲਈ ਕੰਪਲੀਮੈਂਟ ਵਜੋਂ ਇਸਤੇਮਾਲ ਵੀ ਕੀਤਾ ਸੀ।
ਕਾਲਜ ਦੇ ਸੱਤ ਨੰਬਰ ਕਮਰੇ ਵਿਚ ਸਭ ਤੋਂ ਮੁਹਰਲੇ ਬੈਂਚ ‘ਤੇ ਬੈਠਾ ਮੈਂ ਉਨ੍ਹਾਂ ਨੂੰ ਸੁਣਨ ਦੇ ਨਾਲ ਨਾਲ ਨਿਹਾਰਦਾ ਵੀ ਰਹਿੰਦਾ ਸਾਂ। ਹਮੇਸ਼ਾ ਸਵੱਛ ਅਤੇ ਪ੍ਰੈਸ ਕੀਤੀ ਪੈਂਟ, ਕਫ ਬੰਦ ਸ਼ਰਟ, ਕਾਲੇ ਬੂਟ ਤੇ ਉਪਰ ਵੱਲ ਨੂੰ ਵਾਹੇ ਹੋਏ ਨਰਮ ਜਿਹੇ ਵਾਲ। ਨਿੱਕੇ ਨਿੱਕੇ ਸ਼ਬਦ ਅਤੇ ਖਿਆਲ ਤੋਂ ਵੀ ਬਾਰੀਕ ਦ੍ਰਿਸ਼ ਸਿਰਜਦੇ ਸੰਖੇਪ ਵਾਕ ਉਨ੍ਹਾਂ ਦੇ ਮੁਖਾਰਬਿੰਦ ‘ਤੇ ਇੰਜ ਸ਼ੋਭਦੇ ਜਿਵੇਂ ਦੁਪਹਿਰਖਿੜੀ ਦੇ ਫੁੱਲ ਖਿੜਦੇ ਹੋਣ।
ਕਲਾਸ ਰੂਮ ਵਿਚ ਕੁਰਸੀ ਹੋਣ ਦੇ ਬਾਵਜੂਦ ਉਹ ਕਦੀ ਬੈਠ ਕੇ ਨਹੀਂ ਸੀ ਪੜ੍ਹਾਉਂਦੇ। ਉਹ ਕਦੀ ਡਾਇਸ ‘ਤੇ ਪਏ ਲੈਕਚਰ ਸਟੈਂਡ ਦਾ ਇਸਤੇਮਾਲ ਵੀ ਨਹੀਂ ਸਨ ਕਰਦੇ। ਉਹ ਹਮੇਸ਼ਾ ਡਾਇਸ ਤੋਂ ਹੇਠਾਂ ਉਤਰ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਨੇੜੇ ਹੋ ਕੇ ਪੜ੍ਹਾਉਂਦੇ। ਕੋਈ ਉਨ੍ਹਾਂ ਨੂੰ ਦੇਖ ਕੇ ਦੱਸ ਸਕਦਾ ਸੀ ਕਿ ਉਹ ਕੀ ਪੜ੍ਹਾਉਂਦੇ ਹਨ। ਵਰਡਜ਼ਵਰਥ, ਕੀਟਸ, ਸ਼ੈਲੇ ਜਾਂ ਕੌਲਰਿਜ ਦੀ ਕਵਿਤਾ ਪੜ੍ਹਾ ਰਹੇ ਹੁੰਦੇ ਤਾਂ ਉਹ ਨਿਰੀ ਕਵਿਤਾ ਬਣ ਜਾਂਦੇ। ਉਨ੍ਹਾਂ ਦੇ ਹੱਥ ਫੜ੍ਹੀ ‘ਵਿਊਲੈਸ ਵਿੰਗਸ’ ਇੰਜ ਲੱਗਦੀ ਜਿਵੇਂ ਉਨ੍ਹਾਂ ਨੇ ਹੱਥ ਵਿਚ ਉੜਨ ਲਈ ਉਤਾਵਲਾ ਚਿੱਟਾ ਕਬੂਤਰ ਫੜ੍ਹਿਆ ਹੋਵੇ। ਉਸ ਵੇਲੇ ਸੱਚਮੁੱਚ ਉਨ੍ਹਾਂ ਦੇ ਮੁੱਖ ‘ਚੋਂ ਸ਼ਬਦ ਇੰਜ ਨਿਕਲਦੇ ਜਿਵੇਂ ਕਬੂਤਰ ਅਸਮਾਨ ਵੱਲ ਉਡਾਰੀਆਂ ਭਰਦੇ ਹੋਣ।
ਸ਼ੇਕਸਪੀਅਰ ਦਾ ‘ਮਰਚੈਂਟ ਔਫ ਵੀਨਸ’ ਪੜ੍ਹਾਉਂਦਿਆਂ ਦੇਖ ਕੋਈ ਕਹਿ ਨਹੀਂ ਸੀ ਸਕਦਾ ਕਿ ਨਾਟਕ ਖੇਡਿਆ ਜਾ ਰਿਹਾ ਹੈ ਕਿ ਪੜ੍ਹਾਇਆ ਜਾ ਰਿਹਾ ਹੈ। ਉਹ ਨਾਟਕ ਦੇ ਹਰ ਪਾਤਰ ਦੇ ਧੁਰ ਅੰਦਰ ਤੱਕ ਲਹਿ ਜਾਂਦੇ ਤੇ ਟ੍ਰੈਜਿਡੀ ਦੇ ਸੂਖਮ ਬਿਰਤਾਂਤ ਵਿਦਿਆਰਥੀਆਂ ਦੇ ਜ਼ਿਹਨ ‘ਚ ਉਤਾਰ ਦਿੰਦੇ। ਵਿਦਿਆਰਥੀਆਂ ਦੀਆਂ ਰੂਹਾਂ ਕਾਲਜ ਦੇ ਸੱਤ ਨੰਬਰ ਕਮਰੇ ‘ਚੋਂ ਨਿਕਲ ਕੇ ਇੰਗਲੈਂਡ ਦੇ ਥੀਏਟਰ ‘ਚ ਨਾਟਕ ਦੇ ਨਜ਼ਾਰੇ ਤੱਕਦੀਆਂ।
ਜੌਨਾਥਨ ਸਵਿਫਟ ਦਾ ਲੇਖ ‘ਹਿੰਟਸ ਆਨ ਕਨਵਰਸੇਸ਼ਨ’ ਪੜ੍ਹਾਉਂਦਿਆਂ ਉਹ ਦਾਨਿਸ਼ਵਰੀ ਦੀਆਂ ਸਭ ਹੱਦਾਂ ਪਾਰ ਕਰ ਜਾਂਦੇ। ਸਾਡੇ ਸਮਾਜ ਵਿਚ ਲੋਕਾਂ ਨੂੰ ਗੱਲਬਾਤ ਕਰਨ ਦੀ ਤਾਮੀਜ਼ ਬਹੁਤ ਘੱਟ ਹੈ। ਕਿੱਥੇ, ਕਦੋਂ ਅਤੇ ਕਿੰਨਾ ਬੋਲਣਾ ਹੈ, ਇਸ ਦਾ ਖਿਆਲ ਬਹੁਤ ਘੱਟ ਰੱਖਿਆ ਜਾਂਦਾ ਹੈ। ਹਰ ਕਿਸੇ ਦੀ ਘੁੰਡੀ ਆਪਣੀ ਗੱਲ ‘ਤੇ ਅੜੀ ਰਹਿੰਦੀ ਹੈ। ਬੋਲਣ ਦੇ ਉਤਾਵਲੇਪਨ ‘ਚ ਕੋਈ ਕਿਸੇ ਦੂਸਰੇ ਨੂੰ ਨਹੀਂ ਸੁਣਦਾ। ਇਹ ਲੇਖ ਪੜ੍ਹਾਉਂਦਿਆਂ ਪ੍ਰੋ. ਸ਼ਰਮਾ ਨੇ ਗੱਲਬਾਤ ਜਾਂ ਬੋਲਚਾਲ ਦੀਆਂ ਉਹ ਬਾਰੀਕੀਆਂ ਤੇ ਨੁਕਤੇ ਸਮਝਾਏ ਕਿ ਉਸ ਪ੍ਰਭਾਵ ਨੇ ਮੈਨੂੰ ਸਰੋਤਾ ਹੀ ਬਣਾ ਦਿੱਤਾ। ਮੈਂ ਹਮੇਸ਼ਾ ਉਡੀਕਦਾ ਕਿ ਕਦ ਕੋਈ ਬੋਲਣ ਦਾ ਮੌਕਾ ਦੇਵੇ। ਪਰ ਕਿੱਥੇ, ਮੈਂ ਉਡੀਕਦਾ ਹੀ ਰਹਿ ਜਾਂਦਾ। ਸਰੋਤੇ ਨੇ ਮੇਰੇ ਅੰਦਰਲੇ ਵਕਤਾ ਨੂੰ ਦੱਬ ਲਿਆ ਸੀ। ਜੇ ਮੈਂ ਅਧਿਆਪਕ ਨਾ ਬਣਦਾ ਤਾਂ ਮੇਰੇ ਅੰਦਰਲਾ ਵਕਤਾ ਅੰਦਰ ਹੀ ਮਰ ਜਾਣਾ ਸੀ।
ਪ੍ਰੋ. ਸ਼ਰਮਾ ‘ਚ ਦੋਵੇਂ ਗੁਣ ਠੀਕ ਤਵਾਜ਼ਨ ਵਿਚ ਸਨ। ਉਨ੍ਹਾਂ ਅੰਦਰ ਸੁਣਨ ਦਾ ਬੇਮਿਸਾਲ ਸਬਰ ਵੀ ਸੀ ਤੇ ਬੋਲਣ ਦਾ ਲਾਮਿਸਾਲ ਹੁਨਰ ਵੀ। ਕੋਈ ਵਿਦਿਆਰਥੀ ਉਨ੍ਹਾਂ ਦੀ ਕਲਾਸ ਨਹੀਂ ਸੀ ਛੱਡਦਾ। ਚਹੇਤੇ ਵਿਦਿਆਰਥੀ ਕਲਾਸ ਰੂਮ ਦੇ ਬਾਹਰ ਵੀ ਉਨ੍ਹਾਂ ਨੂੰ ਘੇਰੀ ਰੱਖਦੇ ਤੇ ਕਿਤਾਬੀ ਜਾਣਕਾਰੀਆਂ ਦੇ ਇਲਾਵਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀਆਂ ਜਾਣਕਾਰੀਆਂ ਵਿਚੋਂ ਕੁਝ ਹੋਰ ਹੋਰ ਟਟੋਲਣ ਦੀ ਕੋਸ਼ਿਸ਼ ਕਰਦੇ।
ਇਹ ਨਹੀਂ ਕਿ ਪ੍ਰੋ. ਸ਼ਰਮਾ ਹਮੇਸ਼ਾ ਕਲਾਸ ਰੂਮ ਵਿਚ ਹੀ ਰਹਿੰਦੇ ਸਨ। ਦਰਅਸਲ ਕਲਾਸ ਰੂਮ ਹਮੇਸ਼ਾ ਉਨ੍ਹਾਂ ਦੇ ਆਸ-ਪਾਸ ਰਹਿੰਦਾ ਸੀ, ਜਿੱਥੇ ਉਹ ਦਲੀਪ ਕੁਮਾਰ ਦੀ ਕਲਾਤਮਿਕਤਾ ਦੀਆਂ ਮਹੀਨ ਗੱਲਾਂ ਦੱਸਦੇ। ਉਹ ਫਿਲਮੀ ਕਹਾਣੀਆਂ ਨਹੀਂ ਸਨ ਸੁਣਾਉਂਦੇ ਬਲਕਿ ਦਲੀਪ ਕੁਮਾਰ ਦੀਆਂ ਫਿਲਮਾਂ ਵਿਚੋਂ ਸਾਹਿਤ ਨਿਤਾਰ ਨਿਤਾਰ ਕੇ ਪੜ੍ਹਾਉਂਦੇ। ਟ੍ਰੈਜਿਡੀ ਕਿੰਗ ਦੀਆਂ ਕਲਾਤਮਕ ਪਰਤਾਂ ਖੋਲ੍ਹਦਿਆਂ ਉਨ੍ਹਾਂ ਦੇ ਚਿਹਰੇ ‘ਤੇ ਟ੍ਰੈਜਿਡੀ ਦੇ ਨਿਸ਼ਾਨ ਨਜ਼ਰ ਆਉਣ ਲੱਗ ਜਾਂਦੇ।
ਬੰਗੇ ਦੇ ਬੱਸ ਅੱਡੇ ਨਜ਼ਦੀਕ ਗਾਂਧੀ ਨਗਰ ਵਿਚ ਉਹ ਚੁਬਾਰੇ ‘ਤੇ ਰਹਿੰਦੇ ਸਨ। ਕਾਲਜ ਤੋਂ ਚੁਬਾਰੇ ਵੱਲ ਜਾਂਦਿਆਂ ਵੀ ਵਿਦਿਆਰਥੀ ਉਨ੍ਹਾਂ ਨਾਲ ਤੁਰਦਿਆਂ ਗੱਲਾਂ ਦਾ ਅਨੰਦ ਮਾਣਦੇ। ਮੈਂ ਹਮੇਸ਼ਾ ਕਾਲਜ ਦੇ ਗੇਟ ਅੱਗਿਓਂ ਹੀ ਨਵੇਂ ਸ਼ਹਿਰ ਦੀ ਬੱਸ ਫੜ੍ਹਦਾ, ਪਰ ਕਈ ਵਾਰ ਬੱਸ ਫੜ੍ਹਨਾ ਭੁੱਲ ਪ੍ਰੋ. ਸ਼ਰਮਾ ਨਾਲ ਬੱਸ ਅੱਡੇ ਵੱਲ ਤੁਰ ਪੈਣਾ ਤੇ ਗੱਲਾਂ ਦਾ ਲੁਤਫ ਲੈਣਾ। ਉਨ੍ਹਾਂ ਦੇ ਨਾਲ ਅਕਸਰ ਇਕ ਹੋਰ ਅਧਿਆਪਕ ਪ੍ਰੋ. ਹਰਪਾਲ ਸਿੰਘ ਹੁੰਦੇ ਤਾਂ ਗੱਲਬਾਤ ਦਾ ਲੁਤਫ ਦੂਣਾ-ਚੌਣਾ ਹੋ ਜਾਂਦਾ।
ਬਹੁਤ ਘੱਟ ਅਧਿਆਪਕ ਹੁੰਦੇ ਹਨ ਜੋ ਆਪਣੇ ਪਾਸ ਆਊਟ ਵਿਦਿਆਰਥੀਆਂ ਨਾਲ ਸੰਪਰਕ ਰੱਖਦੇ ਹਨ। ਤੇ ਅਜਿਹੇ ਵਿਦਿਆਰਥੀ ਉਸ ਤੋਂ ਵੀ ਘੱਟ ਹੁੰਦੇ ਹਨ ਜੋ ਵਿਦਿਆਰਥੀ ਜੀਵਨ ਪਿਛੋਂ ਵੀ ਆਪਣੇ ਅਧਿਆਪਕਾਂ ਦੇ ਸੰਪਰਕ ਵਿਚ ਰਹਿੰਦੇ ਹਨ। ਇਹ ਸਭ ਦਾਨਿਸ਼ਵਰੀ ਮੁਹੱਬਤ ਦੇ ਕ੍ਰਿਸ਼ਮੇ ਹਨ। ਮੈਂ ਇਹ ਕ੍ਰਿਸ਼ਮਾ ਖੂਬ ਮਾਣਿਆ ਹੈ। ਪੰਜਾਬ ਯੂਨੀਵਰਸਿਟੀ ਵਿਚ ਪੜ੍ਹਦਿਆਂ ਮੈਨੂੰ ਉਨ੍ਹਾਂ ਨੇ ਕਈ ਵਾਰ ਆਪਣੇ ਘਰ ਬੁਲਾਇਆ। ਚੰਡੀਗੜ੍ਹ ਰਹਿਣ ਵਾਲੇ ਪ੍ਰੋ. ਹਰਪਾਲ ਸਿੰਘ ਦੀ ਸੁਹਬਤ ਵਿਚ ਪ੍ਰੋ. ਸ਼ਰਮਾ ਦੀ ਸੰਗਤ ਦਾ ਸੰਗਮ ਕਿਸੇ ਕ੍ਰਿਸ਼ਮੇ ‘ਚ ਪਲਟ ਜਾਂਦਾ। ਉਨ੍ਹਾਂ ਨੇ ਘਰੇ ਵੀ. ਸੀ. ਆਰ. ਰੱਖਿਆ ਹੋਇਆ ਸੀ, ਜਿਸ ਵਿਚ ਸਿਰਫ ਦਲੀਪ ਕੁਮਾਰ ਦੀ ਫਿਲਮ ਚੱਲ ਸਕਦੀ ਸੀ। ਜਾਦੂ ਉਹ, ਜੋ ਸਿਰ ਚੜ੍ਹ ਬੋਲੇ। ਦਲੀਪ ਕੁਮਾਰ ਦੇ ਮਹੀਨ ਨਕਸ਼ ਪ੍ਰੋ. ਸ਼ਰਮਾ ਦੇ ਚਿਹਰੇ ‘ਤੇ ਪ੍ਰਗਟ ਹੋਣੇ ਸ਼ੁਰੂ ਹੋ ਗਏ ਸਨ।
ਇਕ ਵਾਰ ਉਨ੍ਹਾਂ ਦੇ ਘਰੇ ਦਲੀਪ ਕੁਮਾਰ ਦੀ ਫਿਲਮ ‘ਦੇਵਦਾਸ’ ਦੇਖਣ ਦਾ ਸਬੱਬ ਬਣਿਆ। ਕਮਰੇ ਵਿਚ ਉਨ੍ਹਾਂ ਪਰਦੇ ਤਾਣ ਦਿੱਤੇ। ਥੀਏਟਰੀ ਹਨੇਰੇ ਵਿਚ ਪਾਰੋ, ਚੰਦਰਮੁਖੀ ਤੇ ਦੇਵਦਾਸ ਦੇ ਪ੍ਰੇਮ ਰੋਗੀ ਨੂੰ ਰੱਜ ਰੱਜ ਨਿਹਾਰਿਆ ਤੇ ਉਨ੍ਹਾਂ ਦੇ ਗਮ ਵਿਚ ਧੁਰ ਅੰਦਰ ਤੱਕ ਗਮਗੀਨ ਹੋ ਗਏ। ਫਿਲਮ ਮੁੱਕੀ ‘ਤੇ ਪ੍ਰੋ. ਸ਼ਰਮਾ ਨੇ ਬੱਤੀ ਜਗਾਈ ਤਾਂ ਦੇਖਿਆ ਕਿ ਉਹ ਰੋ ਰਹੇ ਸਨ, ਪ੍ਰੋ. ਹਰਪਾਲ ਸਿੰਘ ਵੀ ਅੱਖਾਂ ਮਲ ਰਹੇ ਸਨ ਤੇ ਮੇਰੀਆਂ ਗੱਲ੍ਹਾਂ ‘ਤੇ ਉਦਾਸ ਅੱਥਰੂਆਂ ਦਾ ਨਮਕੀਨ ਪਾਣੀ ਜੰਮਿਆ ਹੋਇਆ ਸੀ। ਉਦਾਸ ਮੁਹੱਬਤ ਦੇ ਵੈਰਾਗ ਵਿਚ ਅਸੀਂ ਸਾਰੇ ਇੱਕੋ ਜਿਹੇ ਸਾਂ। ਕਿਸੇ ਤੋਂ ਕੁਝ ਵੀ ਗੁੱਝਾ ਨਹੀਂ ਸੀ।
ਜਦ ਮੈਂ ਫਗਵਾੜੇ ਰਾਮਗੜ੍ਹੀਆ ਕਾਲਜ ਵਿਚ ਆਣ ਲੱਗਾ ਤਾਂ ਮੇਰੇ ਜੀ ਵਿਚ ਰਹਿੰਦਾ ਕਿ ਪ੍ਰੋ. ਸ਼ਰਮਾ ਕਿਤੇ ਮੇਰੇ ਘਰੇ ਆਉਣ। ਰੱਬ ਨੇ ਸਬੱਬ ਬਣਾਇਆ ਤਾਂ ਉਹ ਘਰੇ ਆਏ, ਨਾਲ ਪ੍ਰੋ. ਹਰਪਾਲ ਸਿੰਘ ਵੀ। ਉਨ੍ਹਾਂ ਫਗਵਾੜੇ ਤੋਂ ਸ਼ਤਾਬਦੀ ਫੜ੍ਹਨੀ ਸੀ। ਗਈ ਰਾਤ ਤੱਕ ਅਸੀਂ ਚਰਨ ਕੰਵਲ ਕਾਲਜ ਦੀਆਂ ਯਾਦਾਂ ਤਾਜ਼ੀਆਂ ਕਰਦੇ ਰਹੇ। ਬੜੇ ਹੀ ਭੁੱਲੇ-ਵਿਸਰੇ ਦ੍ਰਿਸ਼ ਅਤੇ ਰੌਚਕ ਕਿੱਸੇ ਚਟਕੋਰੇ ਲੈ ਲੈ ਯਾਦ ਆਏ। ਉਨ੍ਹਾਂ ਦੀ ਚੌਕਸ ਚੇਤੰਨਤਾ ਤੋਂ ਮੈਂ ਹੈਰਾਨ ਹੋਇਆ ਕਿ ਉਨ੍ਹਾਂ ਨੇ ਅਮਰੀਕਨ ਪੰਜਾਬੀ ਅਖਬਾਰਾਂ ‘ਚ ਲਿਖਣ ਵਾਲੇ ਮੇਰੇ ਭਾਈ ਸਾਹਿਬ ਤਰਲੋਚਨ ਸਿੰਘ ਦੁਪਾਲਪੁਰ ਦੀ ਵੀ ਰੱਜ ਕੇ ਤਾਰੀਫ ਕੀਤੀ। ਪਹਿਲੀ ਵਾਰ ਪਤਾ ਲੱਗਾ ਕਿ ਅਜਿਹਾ ਹੁੰਦਾ ਹੈ, ਸਜੱਗ ਅਧਿਆਪਕ।
ਰਿਟਾਇਰ ਹੋਣ ਪਿਛੋਂ ਉਹ ਅਮਰੀਕਾ ਜਾ ਵਸੇ। ਉਥੇ ਉਨ੍ਹਾਂ ਨੂੰ ਚੰਦਰਾ ਰੋਗ ਚਿੰਬੜ ਗਿਆ। ਉਹ ਹਰ ਸਾਲ ਚੰਡੀਗੜ੍ਹ ਆਉਂਦੇ ਤੇ ਇਕ ਵਾਰ ਚਰਨ ਕੰਵਲ ਕਾਲਜ ਜਰੂਰ ਆਉਂਦੇ। ਹਰ ਵਾਰ ਮੇਰੇ ਨਾਲ ਫੋਨ Ḕਤੇ ਗੱਲਬਾਤ ਕਰਦੇ, ਬੱਚਿਆਂ ਦੀ ਰਾਜੀ ਖੁਸ਼ੀ ਤੇ ਪੜ੍ਹਾਈ ਬਾਰੇ ਪੁੱਛਦੇ।
ਉਨ੍ਹਾਂ ਦੀ ਬਿਮਾਰੀ ਮੋੜਾ ਪਾਉਣ ਦਾ ਨਾਂ ਨਹੀਂ ਸੀ ਲੈਂਦੀ। ਡਾਕਟਰਾਂ ਨੂੰ ਕੀਮੋਥੈਰਪੀ ਦੀ ਡੋਜ ਹਰ ਵਾਰ ਵਧਾਉਣੀ ਪੈ ਰਹੀ ਸੀ। ਰਤਾ ਕੁ ਠੀਕ ਮਹਿਸੂਸ ਕਰਦੇ ਤਾਂ ਚੰਡੀਗੜ੍ਹ ਆ ਜਾਂਦੇ। ਇੱਥੇ ਆਉਂਦੇ ਤਾਂ ਬਿਮਾਰੀ ਵਧ ਜਾਂਦੀ। ਫਿਰ ਵਾਪਸ ਪਰਤ ਜਾਂਦੇ। ਪਿੱਛੇ ਜਿਹੇ ਫਿਰ ਚੰਡੀਗੜ੍ਹ ਆਏ ਤਾਂ ਪ੍ਰੋ. ਹਰਪਾਲ ਸਿੰਘ ਨੇ ਫੋਨ Ḕਤੇ ਮੇਰੀ ਗੱਲ ਕਰਾਈ। ਉਨ੍ਹਾਂ ਤੋਂ ਦੋ ਤਿੰਨ ਮਿੰਟ ਹੀ ਗੱਲ ਹੋਈ ਤਾਂ ਮੇਰੀਆਂ ਅੱਖਾਂ Ḕਚੋਂ ਪਰਲ ਪਰਲ ਅੱਥਰੂ ਵਹਿ ਤੁਰੇ।
ਮੈਂ ਆਪਣੇ ਬੇਟੇ ਨੂੰ ਉਨ੍ਹਾਂ ਕੋਲ ਮਿਲਣ ਭੇਜਿਆ। ਉਹ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਮੇਰੇ ਵਿਦਿਆਰਥੀ ਸਮੇਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾਈਆਂ। ਉਨ੍ਹਾਂ ਉਸ ਨੂੰ ਕਿਤਾਬ Ḕਤੇ ਆਟੋਗ੍ਰਾਫ ਦਿੱਤੇ ਤੇ ਢੇਰ ਸਾਰਾ ਪਿਆਰ ਦਿੱਤਾ।
ਅਚਾਨਕ ਪਤਾ ਲੱਗਾ ਕਿ ਉਨ੍ਹਾਂ ਦੀ ਤਬੀਅਤ ਵਿਗੜ ਗਈ ਹੈ ਤੇ ਡਾਕਟਰ ਕੀਮੋਥੈਰਪੀ ਦੀ ਮਿਕਦਾਰ ਹੋਰ ਨਹੀਂ ਵਧਾ ਸਕਦੇ। ਪਤਾ ਲੱਗਾ ਕਿ ਉਹ ਬੇਹੋਸ਼ੀ ਵਿਚ ਸ਼ੇਕਸਪੀਅਰ ਤੇ ਦਲੀਪ ਕੁਮਾਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਇਹ ਵੀ ਪਤਾ ਲੱਗਾ ਕਿ ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਉਸ ਨੂੰ ਇਕ ਵਾਰ ਚੰਡੀਗੜ੍ਹ ਜਾ ਕੇ ਪ੍ਰਾਣ ਤਿਆਗਣ ਜੋਗਾ ਹੀ ਠੀਕ ਕਰ ਦੇਣ; ਓਪਰੀ ਧਰਤੀ Ḕਤੇ ਉਹ ਆਪਣੀ ਆਖਰੀ ਵਿਦਾ ਨਹੀਂ ਸੀ ਲੈਣਾ ਚਾਹੁੰਦੇ। ਪਰ ਵਿਧਾਤਾ ਨੂੰ ਉਨ੍ਹਾਂ ਦੀ ਆਖਰੀ ਇੱਛਾ ਦਾ ਪਾਲਣ ਮਨਜੂਰ ਨਹੀਂ ਸੀ। ਉਨ੍ਹਾਂ ਆਪਣਾ ਆਖਰੀ ਸਾਹ ਅਮਰੀਕਾ Ḕਚ ਹੀ ਲਿਆ।
ਧਰਤੀ Ḕਤੇ ਅਜਿਹੇ ਅਧਿਆਪਕ ਵਾਰ ਵਾਰ ਨਹੀਂ ਆਉਂਦੇ। ਮੇਰੇ ਲਈ ਸ਼ੇਕਸਪੀਅਰ ਤੇ ਦਲੀਪ ਕੁਮਾਰ ਦੇ ਨਾਲ ਤੀਜਾ ਨਾਂ ਪ੍ਰੋ. ਹਰਮੇਸ਼ ਸ਼ਰਮਾ ਦਾ ਜੁੜ ਗਿਆ ਹੈ। ਹੁਣ ਮੇਰੇ ਲਈ ਟ੍ਰੈਜਿਡੀ ਕਿੰਗ ਦੋ ਤੋਂ ਤਿੰਨ ਹੋ ਗਏ ਹਨ। ਆਓ, ਉਨ੍ਹਾਂ ਦੀ ਟ੍ਰੈਜਿਡੀ ਵਿਚ ਸ਼ਾਮਿਲ ਹੋ ਕੇ ਨੇਤਰਾਂ Ḕਚੋਂ ਨੀਰ ਵਹਾ ਲਈਏ!