ਕੈਂਸਰ ਨੂੰ ਝਕਾਨੀ ਦਿੰਦਿਆਂ…

ਪਿਛਲੇ ਦਿਨੀਂ ਜਦ ਮੈਂ ਪੰਜਾਬ ਫੇਰੀ ਦੌਰਾਨ ਪ੍ਰੋ. ਲਖਬੀਰ ਸਿੰਘ ਨੂੰ ਮਿਲਿਆ ਤਾਂ ਉਹ ਹਸਪਤਾਲ ਦੇ ਆਈ. ਸੀ. ਯੂ. ਵਿਚ ਹਫਤਾ ਭਰ ਰਹਿਣ ਪਿਛੋਂ ਘਰ ਪਰਤਿਆ ਸੀ। ਇਹ ਸਵੈ-ਜੀਵਨੀ ਮੂਲਕ ਰਚਨਾ ਦਿੰਦਿਆਂ ਉਸ ਨੇ ਕਿਹਾ ਕਿ ਇਸ ਨੂੰ ਜਰੂਰ ਛਪਵਾਉਣਾ, ਸ਼ਾਇਦ ਕਮ-ਦਿਲਿਆਂ ਲਈ ਪ੍ਰੇਰਨਾ ਬਣ ਸਕੇ। 12 ਸਾਲ ਦੀ ਕੈਂਸਰ ਨਾਲ ਜਦੋਜਹਿਦ ਨੇ ਉਸ ਨੂੰ ਭਾਵੇਂ ਵ੍ਹੀਲ-ਚੇਅਰ ਦਾ ਮੁਥਾਜ ਕਰ ਦਿੱਤਾ ਏ, ਪਰ ਉਹ ਚੜ੍ਹਦੀ ਕਲਾ ਦਾ ਮੁਜੱਸਮਾ ਏ। ਅੱਜ ਕੱਲ ਫਿਰ ਬਹੁਤ ਮਹਿੰਗਾ ਇਲਾਜ ਚੱਲ ਰਿਹਾ ਹੈ। ਹਫਤੇ ਵਿਚ ਦੋ ਟੀਕੇ ਏਮਜ਼, ਦਿੱਲੀ ਤੋਂ ਲਗਦੇ ਨੇ। ਇਕ ਟੀਕੇ ਦੀ ਕੀਮਤ ਢਾਈ ਲੱਖ ਰੁਪਏ ਹੈ ਅਤੇ ਅਠਾਰਾਂ ਟੀਕੇ ਲੱਗਣੇ ਹਨ।

ਡੀ. ਏ. ਵੀ. ਕਾਲਜ, ਜਲੰਧਰ ਵਿਚ ਪੰਜਾਬੀ ਵਿਭਾਗ ਦਾ ਮੁਖੀ ਪ੍ਰੋ. ਲਖਬੀਰ ਸਿੰਘ ਮੇਰਾ ਗਰਾਈਂ ਹੈ। ਉਸ ਦੀ ਕੈਂਸਰ ਸੰਗ ਸਿਰੜੀ ਜਦੋਜਹਿਦ ਨਾਲ ਲਬਰੇਜ਼ ਜੀਵਨ-ਕਥਾ Ḕਕੈਂਸਰ ਨੂੰ ਝਕਾਨੀ ਦਿੰਦਿਆਂ…Ḕ ਪੜ੍ਹੀ। ਮਨ ਦੀਆਂ ਕਈ ਪਰਤਾਂ ਸਿੰਮੀਆਂ ਅਤੇ ਉਨ੍ਹਾਂ ਤਹਿਆਂ ਵਿਚੋਂ ਗੁਜ਼ਰਦਿਆਂ ਬਹੁਤ ਕੁਝ ਅਚੇਤ ਅਤੇ ਸੁਚੇਤ ਰੂਪ ਵਿਚ ਦੀਦਿਆਂ ਸਾਹਵੇਂ ਆਇਆ। ਬੇਟ ਦੀ ਚੀਕਣੀ ਮਿੱਟੀ ਵਿਚ ਜੰਮ ਕੇ, ਜਿਹਨ ਅਤੇ ਸੋਚ ਵਿਚਲਾ ਚੀਕਣਾਪਣ, ਪ੍ਰੋ. ਲਖਬੀਰ ਦਾ ਹਾਸਲ। ਸੁਪਨਿਆਂ ਦੀ ਸਿਰਜਣਾ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਸਿਰ-ਧੜ ਦੀ ਬਾਜ਼ੀ ਲਾਉਣਾ, ਪ੍ਰੋ. ਲਖਬੀਰ ਦਾ ਇਸ਼ਟ।
ਯਾਦ-ਜੂਹੇ ਜਦ ਵਿਚਰਿਆ ਤਾਂ ਉਸ ਦਾ ਹਰ ਜੀਵਨ-ਰੰਗ ਚੇਤਿਆਂ ਵਿਚ ਬਿਖਰ ਅਤੇ ਨਿਖਰ ਗਿਆ। ਛੋਟੇ ਜਿਹੇ ਦਾਇਰੇ ਤੇ ਪਰਿਵਾਰਕ ਹੋਂਦ ਵਿਚੋਂ ਇਕ ਸਰਬ-ਪ੍ਰਵਾਣਿਤ, ਸੁਹਜਮਈ, ਸੰਵੇਦਨਸ਼ੀਲ ਅਤੇ ਸਿਰਜਣਾਤਮਕ ਸ਼ਖਸੀਅਤ ਦੀ ਸਿਰਜਣਾ, ਇਕ ਲੰਮੇਰਾ ਤੇ ਕਠਿਨ ਪੈਂਡਾ ਏ ਅਤੇ ਪ੍ਰੋ. ਲਖਬੀਰ ਨੇ ਇਸ ਨੂੰ ਸਾਬਤ ਕਦਮੀਂ, ਦ੍ਰਿੜਤਾ ਅਤੇ ਨਿਸ਼ਠਾ ਨਾਲ ਪੂਰਾ ਕੀਤਾ।
ਪ੍ਰੋ. ਲਖਬੀਰ ਸਿੰਘ 2006 ਵਿਚ ਬੋਨਮੈਰੋ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ। 12 ਸਾਲ ਤੱਕ ਜੀਵਨ-ਇੱਛਾ ਅਤੇ ਜ਼ਿੰਦਾਦਿਲੀ ਨਾਲ ਕੈਂਸਰ ਵਰਗੇ ਦੈਂਤ ਨਾਲ ਮੱਥਾ ਲਾਉਣਾ, ਇਸ ਨੂੰ ਪਰਤ-ਦਰ-ਪਰਤ ਹਰਾਉਣਾ ਅਤੇ ਆਪਣੇ ਹੌਂਸਲੇ ਦਾ ਪਰਚਮ ਲਹਿਰਾਉਣ ਵਾਲੀ ਉਸ ਦੀ ਸਿਰੜ-ਸਾਧਨਾ ਨੂੰ ਸਲਾਮ।
ਇਸ ਯੁੱਧ ਵਿਚ ਪ੍ਰੋ. ਲਖਬੀਰ ਇਕੱਲਾ ਹੀ ਨਹੀਂ ਸਗੋਂ ਉਸ ਦੀ ਜੀਵਨ-ਸਾਥਣ ਹਰਵਿੰਦਰ, ਬੇਟੇ ਬਾਗੇਸ਼ਵਰ ਤੇ ਲਿਆਕਤਬੀਰ, ਮਾਪੇ, ਭੈਣ-ਭਰਾ ਅਤੇ ਨੇੜਲਿਆਂ ਦਾ ਹੌਂਸਲਾ, ਸਮਰਪਣ ਅਤੇ ਮਦਦ ਦਾ ਬਹੁਤ ਵੱਡਾ ਰੋਲ। ਪਰਿਵਾਰਕ ਤੰਦਾਂ ਦੀ ਪਕਿਆਈ, ਸਚਿਆਈ ਅਤੇ ਪਾਕੀਜ਼ਗੀ ਦਾ ਕਮਾਲ ਏ, ਕੈਂਸਰ ਸੰਗ ਜੰਗ।
ਇਹ ਸਿਰਫ ਪ੍ਰੋ. ਲਖਬੀਰ ਦੀ ਜੀਵਨ ਕਥਾ ਹੀ ਨਹੀਂ ਸਗੋਂ ਇਕ ਜੀਵਨ ਫਲਸਫਾ ਵੀ ਏ ਕਿ ਜੀਵਨ ਦੀਆਂ ਦੁਸ਼ਵਾਰੀਆਂ ਵਿਚ ਸੁਚਾਰੂ ਨਜ਼ਰੀਆ, ਉਚੇਰੀ ਮਾਨਸਿਕ ਉਡਾਣ ਅਤੇ ਸਾਕਾਰਾਤਮਕ ਸੋਚ ਤੁਹਾਨੂੰ ਬੁਲੰਦੀਆਂ ਬਖਸ਼ਦੀ, ਚੜ੍ਹਦੇ ਸੂਰਜ ਦਾ ਅਹਿਸਾਸ ਮਨ ਬਿਰਤੀ ‘ਚ ਪੈਦਾ ਕਰਦੀ ਏ। ਇਹ ਮਨੁੱਖ ‘ਤੇ ਨਿਰਭਰ ਕਰਦਾ ਕਿ ਉਸ ਨੇ ਪਲ ਪਲ ਉਤਰਦੇ ਹਨੇਰੇ ‘ਚੋਂ ਰਾਤ ਨੂੰ ਕਿਆਸਣਾ ਜਾਂ ਰਾਤ ਦੀ ਕੁੱਖ ‘ਚੋਂ ਉਗਮਣ ਵਾਲੀ ਸੂਰਜ ਦੀ ਕਿਰਨ ਨੂੰ ਨਤਮਸਤਕ ਹੋਣਾ ਏ।
ਪ੍ਰੋ. ਲਖਬੀਰ ਸਿੰਘ ਦੀ ਤਨ-ਦਰੁਸਤੀ, ਮਨ-ਦਰੁਸਤੀ ਤੇ ਚੜ੍ਹਦੀ ਕਲਾ ਦੀ ਕਾਮਨਾ ਕਰਦਾ, ਉਸ ਦੀ ਸੋਚ ਤੇ ਕਲਮ ਨੂੰ ਸਲਾਮ ਕਰਦਾ ਹਾਂ।
-ਡਾ. ਗੁਰਬਖਸ਼ ਸਿੰਘ ਭੰਡਾਲ

ਭਲਾ ਮੈਂ ਹੀ ਕਿਉਂ?

ਪ੍ਰੋ. ਲਖਬੀਰ ਸਿੰਘ
ਫੋਨ: 91-98148-66230

ਜ਼ਿੰਦਗੀ ਦੀ ਮਨੁੱਖ ਨੂੰ ਕੋਈ ਅੰਤਿਮ ਸਮਝ ਨਹੀਂ ਆਉਂਦੀ। ਲੱਖਾਂ ਹੀ ਸਾਲਾਂ ਤੋਂ ਜਾਂ ਫਿਰ ਆਦਮ ਹਵਾ ਜਾਂ ਯਮ ਯਮੀ ਦੇ ਸਮੇਂ ਤੋਂ ਇਨਸਾਨ ਅਤੇ ਇਨਸਾਨੀ ਜ਼ਿੰਦਗੀ ਇਕ ਬੁਝਾਰਤ ਜਾਂ ਫਿਰ ਇਕ ਪ੍ਰਸ਼ਨ ਬਣੀ ਰਹੀ ਹੈ। ਅੱਜ ਵੀ ਇਹ ਓਨਾ ਹੀ ਗਹਿਰਾ ਪ੍ਰਸ਼ਨ ਹੈ। ਵੱਡੇ ਵੱਡੇ ਗ੍ਰੰਥ, ਵੇਦ, ਦਰਸ਼ਨ, ਸਾਹਿਤ ਕੋਈ ਵੀ ਜ਼ਿੰਦਗੀ ਦਾ ਅੰਤਿਮ ਨਿਰਣਾ ਕਰ ਕੇ ਮਨੁੱਖ ਨੂੰ ਤਸੱਲੀ ਨਹੀਂ ਦੇ ਸਕੇ। ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ-ਕੀ, ਕਿਵੇਂ, ਕਿੱਥੇ, ਕਿਉਂ ਹੁੰਦਾ ਏ, ਕੁਝ ਵੀ ਪਰਿਭਾਸ਼ਤ ਨਹੀਂ ਹੈ ਅਤੇ ਨਾ ਹੀ ਅੰਤਿਮ। ਸਾਰਾ ਕੁਝ ਮਨੁੱਖ ਦੀ ਸੋਚ ਤੇ ਯੋਜਨਾ ਅਨੁਸਾਰ ਨਹੀਂ ਹੁੰਦਾ ਸਗੋਂ ਬਹੁਤ ਕੁਝ ਸਬੱਬ ਨਾਲ ਵੀ ਹੁੰਦਾ ਹੈ। ਧਰਤੀ ‘ਤੇ ਹਰ ਮਨੁੱਖ ਇਕ ਵੱਖਰੀ ਦੁਨੀਆਂ ਹੈ। ਹਰ ਮਨੁੱਖ ਦੀ ਆਪਣੀ ਸੋਚ ਤੇ ਆਪਣਾ ਹੀ ਫਲਸਫਾ ਹੈ। ਇਕ ਗੱਲ ਜ਼ਰੂਰ ਹੈ ਕਿ ਮਨੁੱਖ ਦੀਆਂ ਬੁਨਿਆਦੀ ਸਿਫਤਾਂ, ਮਹਿਸੂਸ ਕਰਨ ਦੀ ਗੱਲ, ਭਾਵਨਾਵਾਂ, ਕ੍ਰਿਆਵਾਂ ਪ੍ਰਤੀਕ੍ਰਿਆਵਾਂ ਇਕੋ ਜਿਹੀਆਂ ਅਤੇ ਮੇਲ ਖਾਂਦੀਆਂ ਹੁੰਦੀਆਂ ਹਨ। ਮਨੁੱਖ ਦਾ ਦੁੱਖ-ਸੁੱਖ ਪ੍ਰਤੀ ਰਵੱਈਆ, ਪ੍ਰਤੀਕ੍ਰਿਆ ਥੋੜ੍ਹੇ ਬਹੁਤੇ ਫਰਕ ਨਾਲ ਕਰੀਬ ਇੱਕੋ ਜਿਹੇ ਰਹਿੰਦੇ ਹਨ।
ਸਮੇਂ ਦੇ ਗੇੜ ਨਾਲ ਭਾਵ ਪ੍ਰਾਪਤੀ ਤੇ ਖੁਸ਼ੀ ਮੌਕੇ ਬੰਦਾ ਖੁਸ਼ੀਆਂ ਮਨਾਉਂਦਾ ਹੈ ਅਤੇ ਦੁੱਖ ਵੇਲੇ ਬਹੁੜੀ-ਦੁਹਾਈ ਪਾਉਂਦਾ ਹੈ। ਆਮ ਤੌਰ ‘ਤੇ ਮਨੁੱਖ ਦੀ ਜ਼ਿੰਦਗੀ ਆਪਣੀ ਚਾਲੇ ਚਲਦੀ ਹੈ, ਜਿਸ ਵਿਚੋਂ ਮਨੁੱਖ ਦੀ ਸੋਚ ਪੈਦਾ ਹੁੰਦੀ ਹੈ ਅਤੇ ਉਹੀ ਸੋਚ ਦਾ ਆਪਣਾ ਦਰਸ਼ਨ ਬਣਦਾ ਹੈ। ਆਮ ਤੌਰ ‘ਤੇ ਦੋ ਤਰ੍ਹਾਂ ਦੀਆਂ ਘਟਨਾਵਾਂ ਮਨੁੱਖੀ ਜੀਵਨ ਵਿਚ ਵਾਪਰਦੀਆਂ ਹਨ-ਸੁਖਦ ਅਤੇ ਦੁਖਦ। ਮਨੁੱਖੀ ਜਨਮ ਪਹਿਲੀ ਵੱਡੀ ਘਟਨਾ ਹੈ। ਨਵਜਾਤ ਮਨੁੱਖ ਲਈ ਇਹ ਘਟਨਾ ਸੁਖਦ ਹੈ ਜਾਂ ਦੁਖਦ, ਕਹਿਣਾ ਮੁਸ਼ਕਿਲ ਹੈ, ਚੂੰਕਿ ਨਵਜਾਤ ਖੁਦ ਬਿਆਨ ਨਹੀਂ ਕਰ ਸਕਦਾ। ਆਸ ਪਾਸ ਦੇ ਲੋਕਾਂ ਲਈ ਇਹ ਸੁਖਦ ਅਤੇ ਖੁਸ਼ੀਆਂ ਭਰੀ ਘਟਨਾ ਹੈ। ਜਨਮ ਤੋਂ ਬਾਅਦ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਆਮ ਤੌਰ ‘ਤੇ ਮਨੁੱਖ ਘਟਨਾਵਾਂ ਦੇ ਅਸਰ ਨੂੰ ਮਹਿਸੂਸ ਕਰਦਾ ਹੈ, ਅਜਿਹੇ ਅਸਰ ਨਾਲ ਭਾਵਨਾਵਾਂ ਬਦਲ ਕੇ ਤਜ਼ਰਬਾ ਬਣ ਜਾਂਦੀਆਂ ਹਨ ਅਤੇ ਫਿਰ ਇਹੀ ਤਜ਼ਰਬਾ ਮਨੁੱਖੀ ਜ਼ਿੰਦਗੀ ਦਾ ਸਰਮਾਇਆ ਬਣ ਜਾਂਦਾ ਹੈ। ਹਰ ਕਿਸੇ ਦਾ ਜੀਵਨ-ਤਜ਼ਰਬਾ ਵੱਖਰਾ ਤੇ ਆਪਣੀ ਹੀ ਕਿਸਮ ਦਾ ਹੁੰਦਾ ਹੈ। ਅਸੀਂ ਬਚਪਨ ਤੋਂ ਹੀ ਖੁਸ਼ੀਆਂ ਭਰੇ ਸੁਖਦ ਤਜ਼ਰਬੇ ਲਈ ਯਤਨਸ਼ੀਲ ਰਹਿੰਦੇ ਹਾਂ, ਹਮੇਸ਼ਾ ਸੁਖ ਤੇ ਖੁਸ਼ੀਆਂ ਹੀ ਚਾਹੁੰਦੇ ਹਾਂ। ਚਾਵਾਂ ਅਤੇ ਖੁਸ਼ੀਆਂ ਭਰੇ ਜੀਵਨ ਪਲਾਂ ਨੂੰ ਬੜਾ ਚਾਹ ਕੇ, ਹੁੱਬ ਕੇ ਸਵੀਕਾਰਦੇ ਹਾਂ। ਸੁਖਦ ਘਟਨਾਵਾਂ ਸਾਡੇ ਆਪਣੇ ਆਪ ਵਿਚ ਤੇ ਸਾਡੇ ਆਸ-ਪਾਸ ਖੁਸ਼ੀਆਂ ਭਰ ਦਿੰਦੀਆਂ ਹਨ। ਅਸੀਂ ਹੱਸਦੇ, ਨੱਚਦੇ, ਗਾਉਂਦੇ ਅਤੇ ਢੋਲ ਵਜਾਉਂਦੇ ਖੁਸ਼ੀਆਂ ਮਨਾਉਂਦੇ ਹਾਂ। ਖੁਸ਼ੀਆਂ, ਪ੍ਰਾਪਤੀਆਂ ਤੇ ਸੁਖ ਜ਼ਿੰਦਗੀ ਦਾ ਇਕ ਪਹਿਲੂ ਹੈ।
ਖੁਸ਼ੀ ਕੀ ਹੈ? ਜਿਥੇ ਚੰਗਾ ਚੰਗਾ ਲੱਗਦਾ ਹੈ, ਮਨ ਨੂੰ ਭਾਉਂਦਾ ਹੈ, ਤ੍ਰਿਪਤੀ ਹੁੰਦੀ ਹੈ ਤੇ ਪ੍ਰਾਪਤੀ ਲਗਦੀ ਹੈ। ਇਸ ਦੀ ਪਹਿਲੀ ਅਵਸਥਾ ਖੁਸ਼ੀ ਹੈ, ਦੂਜੀ ਅਨੰਦ ਤੇ ਤੀਜੀ ਪਰਮਾਨੰਦ। ਜ਼ਿੰਦਗੀ ਦਾ ਦੂਜਾ ਪਹਿਲੂ ਜਾਂ ਜ਼ਿੰਦਗੀ-ਰੂਪੀ ਸਿੱਕੇ ਦਾ ਦੂਜਾ ਪਾਸਾ ਐਸਾ ਘਟਨਾਕ੍ਰਮ ਹੈ, ਜੋ ਦੁੱਖ ਉਪਜਾਉਂਦਾ ਹੈ ਭਾਵ ਦੁਖਦ ਹੁੰਦਾ ਹੈ, ਜਿਸ ਤੋਂ ਪੂਰਨਭਾਂਤ ਬਚਿਆ ਹੀ ਨਹੀਂ ਜਾ ਸਕਦਾ। ਜਿਵੇਂ ਕਿਸੇ ਸ਼ਾਇਰ ਨੇ ਕਿਹਾ ਹੈ: ਜ਼ਿੰਦਗੀ ਵਿਚ ਗ਼ਮ ਤੇ ਦੁੱਖ ਤੋਂ ਬਚ ਕੇ ਰਹਿਣਾ ਹੈ ਮੁਹਾਲ, ਜਿਸ ਤਰ੍ਹਾਂ ਕੋਈ ਪਾਣੀਆਂ ਨੂੰ ਭਿੱਜਿਆਂ ਬਿਨ ਤਰ ਸਕੇ।
ਜ਼ਿੰਦਗੀ ਦੀ ਪੂਰਨਤਾ ਇਸੇ ਵਿਚ ਹੈ ਕਿ ਸੁੱਖ ਦੇ ਨਾਲ ਨਾਲ ਦੁੱਖ ਵੀ ਇਸ ਦਾ ਅਹਿਮ ਹਿੱਸਾ ਹੁੰਦੇ ਹਨ। ਸਾਡਾ ਚਾਹੁਣਾ, ਨਾ ਚਾਹੁਣਾ ਇਕ ਪਾਸੇ, ਜ਼ਿੰਦਗੀ ‘ਚ ਦੁਖਦਾਈ ਘਟਨਾਵਾਂ ਵਾਪਰਦੀਆਂ ਜਰੂਰ ਹਨ। ਐਸਾ ਘਟਨਾਕ੍ਰਮ ਦੁੱਖ ਦਿੰਦਾ ਹੈ, ਜਿਸ ਦੇ ਵਾਪਰਨ ‘ਤੇ ਅਸੀਂ ਡਰ ਜਾਂਦੇ ਹਾਂ, ਭੈਭੀਤ ਹੋ ਜਾਂਦੇ ਹਾਂ, ਸਾਨੂੰ ਕਸ਼ਟ ਹੁੰਦਾ ਹੈ, ਅਤਿਅੰਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕੁਝ ਗਵਾਚਦਾ ਤੇ ਟੁੱਟਦਾ ਲੱਗਦਾ ਹੈ। ਕੀ ਕੋਈ ਇਨਸਾਨ ਅਜਿਹੇ ਮੌਕੇ ਲਈ ਕਦੀ ਤਿਆਰ ਹੁੰਦਾ ਹੈ? ਨਹੀਂ! ਬਿਲਕੁਲ ਨਹੀਂ! ਸ਼ਾਇਦ ਹੀ ਕੋਈ ਹੋਵੇ, ਜੋ ਪਹਿਲਾਂ ਹੀ ਤਿਆਰ ਹੋਵੇ ਅਤੇ ਦੁੱਖ ਦੇ ਸਮੇਂ ਨੂੰ ਇਕਦਮ ਸਬਰ-ਸੰਤੋਖ ਨਾਲ ਸਵੀਕਾਰ ਕਰਕੇ ਸਹੀ ਵਕਤ ‘ਤੇ ਹਿੰਮਤ ਅਤੇ ਹੌਂਸਲੇ ਨਾਲ ਸਹੀ ਫੈਸਲੇ ਲੈ ਕੇ ਬਾਹਰ ਨਿਕਲ, ਸੁਖੀ ਹੋਣ ਲਈ ਯਤਨਸ਼ੀਲ ਹੋ ਜਾਵੇ। ਸਮਝ ਤੇ ਇਨਸਾਨੀਅਤ ਤਾਂ ਇਸੇ ਵਿਚ ਹੈ ਕਿ ਮਨੁੱਖ ਸਭ ਕਾਸੇ ਲਈ ਤਿਆਰ ਹੋਵੇ, ਜੋ ਵੀ ਵਾਪਰਦਾ ਹੈ, ਉਸ ਨੂੰ ਸਾਕਾਰ ਅਤੇ ਉਸਾਰੂ ਸੋਚ ਨਾਲ ਝੱਲਣ, ਬਰਦਾਸ਼ਤ ਕਰਨ ਲਈ।
ਹਾਲਾਂਕਿ ਨਾਖੁਸ਼ਗਵਾਰ ਘਟਨਾਕ੍ਰਮ ਹਰ ਕਿਸੇ ਦੇ ਆਸਪਾਸ, ਦੂਰ ਦੁਰਾਡੇ, ਕਿਤੇ ਨਾ ਕਿਤੇ ਹਰ ਪਲ ਹੀ ਵਾਪਰ ਰਿਹਾ ਹੁੰਦਾ ਹੈ। ਕੋਈ ਵਿਅਕਤੀ ਆਪਣੇ ਆਪ ਨੂੰ ਦੁੱਖ ਵਿਚ ਫਸੇ ਵਿਅਕਤੀ ਦੀ ਥਾਂ ਰੱਖ ਕੇ ਕਦੀ ਨਹੀਂ ਸੋਚਦਾ ਕਿ ਉਸ ਦੇ ਖੁਦ ਨਾਲ ਵੀ ਇੰਜ ਹੋ ਸਕਦਾ ਹੈ। ਹਾਂ! ਇਹ ਜਰੂਰ ਸੋਚਿਆ ਜਾਂਦਾ ਹੈ ਕਿ ਐਸਾ ਘਟਨਾਕ੍ਰਮ ਕੇਵਲ ਦੂਸਰਿਆਂ ਲਈ ਹੀ ਹੈ, ਖੁਦ ਲਈ ਤਾਂ ਕੇਵਲ ਸੁਖ ਹੀ ਸੁਖ ਹਨ ਤੇ ਇਸੇ ਭਰਮ ਵਿਚ ਵਿਅਕਤੀ ਦੁੱਖ ਨੂੰ ਭੁੱਲਿਆ ਰਹਿੰਦਾ ਹੈ। ਇੰਜ ਦੁੱਖ ਵਧੇਰੇ ਝੱਲਦਾ ਹੈ। ਸਾਡੇ ਧਰਮ ਗ੍ਰੰਥਾਂ ਦੇ ਸਮਝਾਉਣ ਦੇ ਬਾਵਜੂਦ ਮਨੁੱਖ ਬੀਮਾਰੀ, ਦੁਰਘਟਨਾ, ਮੌਤ, ਮੁਸੀਬਤ ਨਾਲ ਪੈਣ ਵਾਲਾ ਘਾਟਾ ਸਵੀਕਾਰਨ ਲਈ ਕਦੀ ਤਿਆਰ ਨਹੀਂ ਹੁੰਦਾ। ਇਸ ਲਿਹਾਜ਼ ਨਾਲ ਸਦਾ ਸੁਖ ਹੀ ਸੁਖ ਮਾਣਨ ਦੀ ਸੋਚ ਦੇ ਮਾਹੌਲ ਵਿਚ ਜਦੋਂ ਅਚਨਚੇਤੀ ਠਾਹ ਕਰਕੇ ਕੋਈ ਬੀਮਾਰੀ, ਦੁਰਘਟਨਾ, ਮੁਸੀਬਤ ਜਾਂ ਮੌਤ ਆ ਦਸਤਕ ਦਿੰਦੀ ਹੈ ਤਾਂ ਪਹਿਲੀ ਸੱਟੇ ਮਨੁੱਖ ਮੰਨਣ ਤੋਂ ਹੀ ਇਨਕਾਰੀ ਤੇ ਸਵੀਕਾਰਨ ਤੋਂ ਨਾਬਰ ਹੁੰਦਾ ਹੈ। ਵੱਡੇ ਦੁੱਖ ਵਿਚ ਫਸੇ ਬੰਦੇ ਦਾ ਪਹਿਲਾ ਰਵੱਈਆ ਦੁੱਖ ਨੂੰ ਅਸਵੀਕਾਰ ਕਰਨ ਦਾ ਹੁੰਦਾ ਹੈ। ਨਹੀਂ! ਮੇਰੇ ਨਾਲ ਇੰਜ ਨਹੀਂ ਹੋ ਸਕਦਾ। ਬਸ ਇਕੋ ਹੀ ਸਵਾਲ, ਇਹ ਮੇਰੇ ਨਾਲ ਹੀ ਕਿਉਂ ਹੋਇਆ? ਭਲਾ ਮੈਂ ਹੀ ਕਿਉਂ? ਮੈਂ ਐਸਾ ਕੀ ਕੀਤਾ ਹੈ ਕਿ ਮੇਰੇ ਨਾਲ ਇੰਜ ਵਾਪਰਿਆ। ਫਿਰ ਇਸ ਨੂੰ ਕਿਸਮਤ, ਕਰਮਾਂ, ਪਿਛਲੇ ਜਨਮਾਂ ਨਾਲ ਜੋੜਿਆ ਜਾਂਦਾ ਹੈ। ਰੱਬ ਅਤੇ ਕੁਦਰਤ ਨੂੰ ਕੋਸਿਆ ਜਾਂਦਾ ਹੈ। ਮੈਂ ਖੁਦ ਵੀ ਸਭਨਾਂ ਵਾਂਗ ਹੱਡਮਾਸ ਤੇ ਖੂਨ ਦਾ ਬਣਿਆ ਹੋਇਆ ਹਾਂ, ਮੈਂ ਵੀ ਕਿਤੇ ਨਾ ਕਿਤੇ ਇੰਜ ਸੋਚਿਆ ਕਿ ਨਿਤ ਭਲਾ ਕਰਦਿਆਂ, ਮੇਰੀ ਬੜੇ ਆਰਾਮ ਨਾਲ ਚੱਲ ਰਹੀ ਜ਼ਿੰਦਗੀ ਦੇ ਮਾਹੌਲ ਸੁਖਾਵੇਂ ਵਿਚ ਅਚਾਨਕ ਐਨਾ ਵੱਡਾ ਕਸ਼ਟ ਬੰਬ ਬਣ ਮੇਰੇ ਅਤੇ ਮੇਰੇ ਪਰਿਵਾਰ ‘ਤੇ ਕਿਉਂ ਡਿੱਗਿਆ। ਆਖਿਰ ਮੈਂ ਹੀ ਕਿਉਂ? ਭਲਾ ਮੈਂ ਹੀ ਕਿਉਂ?
ਜ਼ਰਾ ਗਹੁ ਨਾਲ ਸੋਚੀਏ ਕਿ ਅਸੀਂ ਅੱਜ ਜੋ ਹਾਂ, ਇਹ ਕੇਵਲ ਆਪਣੀ ਸੋਚ ਜਾਂ ਯੋਜਨਾ ਨਾਲ ਹਾਂ? ਜਾਂ ਫਿਰ ਇਤਫਾਕਨ ਹੀ ਸਾਨੂੰ ਜ਼ਿੰਦਗੀ ਅੱਜ ਵਾਲੇ ਮੋੜ ‘ਤੇ ਲੈ ਆਈ ਹੈ। ਸਾਡੇ ਹਾਲਾਤ, ਪ੍ਰਸਥਿਤੀਆਂ ਸਾਨੂੰ ਕਿਥੇ ਲੈ ਜਾਣ, ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ। ਇਕ ਗੱਲ ਦਰੁਸਤ ਹੈ ਕਿ ਕਾਮਯਾਬ ਅਤੇ ਸਫਲ ਤਾਂ ਉਹੀ ਹੁੰਦੇ ਹਨ ਜੋ ਅਸਲ ਵਿਚ Ḕਦੁੱਖ ਸੁੱਖ ਦੋਊ ਸਮ ਕਰ ਜਾਣੈḔ ਵਾਂਗ Ḕਇਹ ਭੀ ਦਾਤਿ ਤੇਰੀ ਦਾਤਾਰḔ ਕਹਿ ਕੇ ਨਾਖੁਸ਼ਗਵਾਰ ਵਕਤ ਵਿਚ ਵੀ ਮੁਸਕਰਾਹਟ ਬਿਖੇਰ ਸਕਣ ਅਤੇ ਦੁੱਖ ਨੂੰ ਜੀਰ ਜਾਣ। ਸਧਾਰਨ ਜੀਵਨ ਜਿਉਂਦਿਆਂ, ਜ਼ਿੰਦਗੀ ਦੀ ਰਵਾਨੀ ਨਾਲ ਚਲਦਿਆਂ ਸਾਨੂੰ ਸਧਾਰਨ ਸੋਚ ਅਤੇ ਸਧਾਰਨ ਊਰਜਾ ਦੀ ਲੋੜ ਹੁੰਦੀ ਹੈ ਪਰ ਸੰਕਟ ਤੇ ਨਾਖੁਸ਼ਗਵਾਰੀ ਦੇ ਸਮੇਂ ਕਿਤੇ ਵੱਧ ਸੋਚ ਤੇ ਊਰਜਾ ਲੋੜੀਂਦੀ ਹੁੰਦੀ ਏ। ਅਣਸੁਖਾਵੇਂ ਮੌਕਿਆਂ ‘ਤੇ ਵੱਡਾ ਅਤੇ ਪਹਿਲਾ ਸਵਾਲ ਮਨ ਇਹੀ ਕਰਦਾ ਹੈ ਕਿ ਭਲਾ ਮੈਂ ਹੀ ਕਿਉਂ!! ਜਾਂ ਮੇਰੇ ਨਾਲ ਹੀ ਕਿਉਂ? ਜਦ ਅਜਿਹਾ ਪ੍ਰਸ਼ਨ ਜਾਂ ਫਿਰ ਅਜਿਹੇ ਪ੍ਰਸ਼ਨਾਂ ਦਾ ਸਿਲਸਿਲਾ ਸਾਡੇ ਮਨੋ-ਜਗਤ ‘ਚ ਘੋੜ-ਦੌੜ ਲਾਉਂਦਾ ਹੈ ਤਾਂ ਅਸੀਂ ਕੁਝ ਹਾਸਿਲ ਕਰਨ ਦੀ ਥਾਂ ਕੁਝ ਗਵਾਉਣਾ ਸ਼ੁਰੂ ਕਰ ਦਿੰਦੇ ਹਾਂ, ਡਰ ਜਾਂਦੇ ਹਾਂ, ਭੈਅਭੀਤ ਹੋ ਜਾਂਦੇ ਹਾਂ।
ਅਸਲ ਵਿਚ ਜ਼ਿੰਦਗੀ ਇਕ ਦਰਿਆ ਦੀ ਮਨਿੰਦ ਨਿਰੰਤਰ ਚਲਾਏਮਾਨ ਹੈ। ਇਸ ਦੀ ਚਾਲ ਕਦੀ ਪਹਾੜੀ ਚਸ਼ਮੇ ਵਰਗੀ, ਕਦੀ ਵਾਦੀਆਂ ‘ਚ ਸ਼ੂਕਦੇ ਦਰਿਆ ਵਰਗੀ, ਕਦੀ ਮੈਦਾਨਾਂ ਵਿਚ ਇਕਸਾਰ ਵਗਦੇ ਪਾਣੀਆਂ ਵਰਗੀ ਹੁੰਦੀ ਹੈ। ਜ਼ਿੰਦਗੀ ਨੇ ਤਾਂ ਚਲਣਾ ਹੀ ਏ। ਮਾਅਨੇ ਰੱਖਦੀ ਏ ਸਵੀਕ੍ਰਿਤੀ ਤੇ ਸਾਡਾ ਰਵੱਈਆ। ਮੈਨੂੰ ਜਾਪਦੈ ਵਾਪਰਨ, ਸਵੀਕਾਰਨ ਤੇ ਸਮਝਣ ਦੇ ਰਵੱਈਏ ‘ਚ 10 ਫੀਸਦੀ ਤੇ 90 ਫੀਸਦੀ ਦਾ ਅਨੁਪਾਤ ਹੁੰਦੈ। ਜੋ ਘਟਨਾਕ੍ਰਮ ਵਾਪਰਦਾ ਏ, ਸ਼ਾਇਦ 10 ਫੀਸਦੀ ਤੋਂ ਵੱਧ ਨਹੀਂ ਹੁੰਦਾ, ਜਿਸ ‘ਤੇ ਸਾਡਾ ਕੋਈ ਵੱਸ ਨਹੀਂ ਹੁੰਦਾ, ਪ੍ਰੰਤੂ ਸਾਡੀ ਸਵੀਕ੍ਰਿਤੀ ਤੇ ਸਾਡਾ ਰਵੱਈਆ 90 ਫੀਸਦੀ ਯੋਗਦਾਨ ਪਾਉਂਦਾ ਏ। ਜ਼ਰਾ ਗਹੁ ਨਾਲ ਸੋਚੀਏ ਤਾਂ ਸਪੱਸ਼ਟ ਏ ਕਿ 90 ਫੀਸਦੀ ਦੇ ਮੁਕਾਬਲੇ 10 ਫੀਸਦੀ ਕਿੰਨਾ ਛੋਟਾ ਹੈ। ਅਗਰ 90 ਫੀਸਦੀ, ਜੋ ਸਾਡੇ ਵੱਸ ਵਿਚ ਹੈ, ਉਸ ਨੂੰ ਉਸਾਰੂ ਬਣਾ ਕੇ ਸਬਰ, ਹਿੰਮਤ, ਦੂਰ-ਦ੍ਰਿਸ਼ਟੀ ਵਾਲਾ ਕਰ ਲਈਏ ਤਾਂ 10 ਫੀਸਦੀ ਦਾ ਸ਼ਾਇਦ ਪਤਾ ਹੀ ਨਾ ਲੱਗੇ। ਲੋੜ ਹੈ, ਹਰ ਪਲ ਨੂੰ ਉਸਾਰੂ ਸੋਚ, ਸਿਰਜਣਾਤਮਕ ਰਹਿਣ-ਸਹਿਣ, ਸਬਰ ਅਤੇ ਹਿੰਮਤ ਨਾਲ ਜਿਉਣ ਦੀ। ਇੱਛਾ-ਸ਼ਕਤੀ ਅਤੇ ਹਿੰਮਤ ਨਾਲ ਭਲਾ ਕੀ ਨਹੀਂ ਹੋ ਸਕਦਾ? ਕਹਿੰਦੇ ਨੇ ਅਸਮਾਨ ‘ਚ ਵੀ ਛੇਕ ਹੋ ਸਕਦਾ ਹੈ ਜੇ ਪੱਥਰ ਹਿੰਮਤ ਤੇ ਢੰਗ ਨਾਲ ਮਾਰਿਆ ਜਾਵੇ। ਸਭ ਕੁਝ ਸੰਭਵ ਹੈ ਭਾਵੇਂ ਸਮਾਂ ਕਿੰਨਾ ਵੀ ਦੁਰਗਮ ਅਤੇ ਕਸ਼ਟਕਾਰੀ ਜਾਪੇ, ਆਸ ਬਾਕੀ ਰਹੇ ਤਾਂ ਸਵਾਸ ਵੀ ਜੁੜ ਸਕਦੇ ਹਨ। ਅਖੇ! ਜੀਵੇ ਆਸਾ, ਮਰੇ ਨਿਰਾਸਾ।
ਮੇਰੇ ਮਨ ਮਸਤਕ ਵਿਚ ਉਹ ਸਾਰੇ ਸਵਾਲ ਆਏ, ਬੜੇ ਪ੍ਰਸ਼ਨ ਪੈਦਾ ਹੋਏ, ਅੱਜ ਵੀ ਉਨ੍ਹਾਂ ਦੇ ਜੁਆਬ ਦੀ ਤਲਾਸ਼ ਵਿਚ ਹਾਂ। ਪਰ 90% ਨੂੰ ਦਰੁਸਤ ਰੱਖਣ ਦੀ ਕੋਸ਼ਿਸ਼ ਕਰਦਿਆਂ ਸਾਰੇ ਪ੍ਰਸ਼ਨਾਂ ਦੇ ਜੁਆਬ ਲੱਭਦਾ-ਲੱਭਦਾ ਅੱਗੇ ਵਧ ਰਿਹਾ ਹਾਂ। ਮੇਰੇ ਸੰਘਰਸ਼ ਨੂੰ ਦੇਖੋ! ਹਾਰ ਮੰਨਣਾ ਇਨਸਾਨੀਅਤ ਲਈ ਮਿਹਣਾ ਹੈ ਅਤੇ ਮੈਦਾਨ ਵਿਚ ਨਿਰੰਤਰ ਜੂਝਦੇ ਜਾਣਾ ਸੂਰਮਗਤੀ। ਮੈਨੂੰ ਤਾਂ ਸੂਰਮਗਤੀ ਹੀ ਰੁਮਾਂਚਿਤ ਕਰਦੀ ਹੈ।