ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਆਮਦ ਬਹੁਤ ਧੜੱਲੇ ਨਾਲ ਹੋਈ ਸੀ ਪਰ ਪਿਛਲੇ ਸਾਲਾਂ ਦੌਰਾਨ ਜਿਸ ਤਰ੍ਹਾਂ ਇਸ ਪਾਰਟੀ ਦਾ ਅੰਦਰੂਨੀ ਕਲੇਸ਼ ਚੱਲਿਆ ਹੈ, ਉਸ ਨੇ ਇਸ ਦੇ ਬਹੁਤੇ ਪ੍ਰਸ਼ੰਸਕਾਂ ਨੂੰ ਇਕ ਤਰ੍ਹਾਂ ਨਾਲ ਨਿਰਾਸ਼ ਹੀ ਕੀਤਾ ਹੈ। ਅਸਲ ਵਿਚ ਇਹ ਪਾਰਟੀ ਪੰਜਾਬ ਵਿਚ ਮਿਲੇ ਭਰਪੂਰ ਹੁੰਗਾਰੇ ਨੂੰ ਆਪਣੀ ਸਿਆਸਤ ਵਿਚ ਬਦਲਣ ਵਿਚ ਉੱਕ ਗਈ ਪ੍ਰਤੀਤ ਹੁੰਦੀ ਹੈ।

ਇਸੇ ਕਰਕੇ ਲੀਡਰਸ਼ਿਪ ਪੱਧਰ ਉਤੇ ਇਸ ਦਾ ਸੰਕਟ ਕਦੀ ਵੀ ਖਤਮ ਨਹੀਂ ਹੋਇਆ। ਇਸ ਸੰਕਟ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਆਧਾਰ ਬਾਰੇ ਕੁਝ ਖਾਸ ਗੱਲਾਂ ਰਾਜਪਾਲ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀਆਂ ਹਨ। -ਸੰਪਾਦਕ

ਰਾਜਪਾਲ ਸਿੰਘ
ਫੋਨ: 91-98767-10809

ਪੰਜਾਬ ਦੀ ਸਿਆਸੀ ਸੋਚ ਵਿਚ ਤਿੰਨ ਮੁੱਖ ਧਾਰਾਵਾਂ ਚੱਲ ਰਹੀਆਂ ਹਨ। ਪਹਿਲੀ ਆਰਥਿਕ-ਸਮਾਜਿਕ ਮਸਲਿਆਂ ਦੇ ਹੱਲ ਲਈ ਜੋ ਸਿਆਸਤ ਕਰਦੀ ਹੈ, ਉਸ ਲਈ ਸਿਧਾਂਤਕ ਤੌਰ ‘ਤੇ ਉਹ ਸਿੱਖੀ ਦੀ ਰਵਾਇਤੀ ਸੋਚ ਨੂੰ ਆਧਾਰ ਵਜੋਂ ਪੇਸ਼ ਕਰਦੀ ਹੈ। ਇਹ ਧਾਰਾ ਅਤੀਤ ਵੱਲ ਝਾਕਦੀ ਹੈ, ਸਿੱਖ ਵਿਰਸੇ ਨੂੰ ਪ੍ਰੇਰਨਾ ਸਰੋਤ ਮੰਨਦੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਆਦਰਸ਼ ਬਣਾਉਂਦੀ ਹੈ ਅਤੇ ਸਿੱਖ ਇਤਿਹਾਸਕ ਨਾਇਕਾਂ ਦੀਆਂ ਯਾਦਗਾਰਾਂ ਸਥਾਪਿਤ ਕਰਦੀ ਹੈ। ਪੰਜਾਬ ਨੂੰ ਸਿੱਖਾਂ ਦੀ ਭੂਮੀ ਮੰਨਦਿਆਂ ਕੁਦਰਤੀ ਸੋਮਿਆਂ ਉਤੇ ਪੰਜਾਬ ਦੇ ਹੱਕ ਦੀ ਵਕਾਲਤ ਕਰਦੀ ਹੈ ਅਤੇ ਪੰਜਾਬ ਲਈ ਸਿਆਸੀ ਤੌਰ ‘ਤੇ ਵੱਧ ਅਧਿਕਾਰ ਚਾਹੁੰਦੀ ਹੈ। ਅਕਾਲੀ ਦਲ ਅਤੇ ਸਿੱਖਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੇ ਕੁਝ ਹੋਰ ਧੜੇ ਇਸ ਧਾਰਾ ਵਿਚ ਸ਼ਾਮਲ ਹਨ। ਪੇਂਡੂ ਖੇਤਰ ਅਤੇ ਪੇਂਡੂ ਪਿਛੋਕੜ ਵਾਲੇ ਸ਼ਹਿਰੀ ਤਬਕੇ ਵਿਚ ਇਸ ਦਾ ਚੰਗਾ ਪ੍ਰਭਾਵ ਹੈ।
ਦੂਜੀ ਧਾਰਾ ਮੁਲਕ ਦੀ ਕੌਮੀ ਮੁੱਖ ਧਾਰਾ ਨਾਲ ਜੁੜੀ ਹੋਈ ਹੈ। ਇਹ ਵਿਰਸੇ ਦੀ ਬਜਾਏ ਆਧੁਨਿਕਤਾ ਵਿਚ ਰੁਚੀ ਰੱਖਦੀ ਹੈ। ਪੰਜਾਬ ਦੇ ਮਸਲਿਆਂ ਨੂੰ ਸਮੁੱਚੇ ਮੁਲਕ ਦੇ ਪ੍ਰਸੰਗ ਵਿਚ ਦੇਖਦੀ ਹੈ ਅਤੇ ਇਨ੍ਹਾਂ ਨੂੰ ਤਕਨੀਕੀ ਤਰੱਕੀ ਤੇ ਸਰਮਾਏਦਾਰੀ ਵਿਕਾਸ ਨੂੰ ਤੇਜ਼ ਕਰਕੇ ਹੱਲ ਕਰਨ ਵਿਚ ਯਕੀਨ ਰੱਖਦੀ ਹੈ। ਕਾਂਗਰਸ ਪਾਰਟੀ ਮੁੱਖ ਤੌਰ ‘ਤੇ ਇਸ ਧਾਰਾ ਦੀ ਨੁਮਾਇੰਦਗੀ ਕਰਦੀ ਹੈ। ਪੰਜਾਬ ਵਿਚਲੀ ਭਾਰਤੀ ਜਨਤਾ ਪਾਰਟੀ, ਜੋ ਪੰਜਾਬ ਵਿਚ ਘੱਟ ਗਿਣਤੀ ਧਰਮ ਦੀ ਨੁਮਾਇੰਦਗੀ ਕਰਦੀ ਹੋਣ ਕਰਕੇ ਕੱਟੜ ਧਾਰਮਿਕ ਪੈਂਤੜਾ ਨਹੀਂ ਲੈ ਸਕਦੀ, ਵੀ ਕਾਫੀ ਹੱਦ ਤੱਕ ਇਸੇ ਧਾਰਾ ਅਧੀਨ ਆ ਜਾਂਦੀ ਹੈ।
ਤੀਸਰੀ ਧਾਰਾ ਖੱਬੇ ਪੱਖੀ ਸੋਚ ਵਾਲੀ ਹੈ। ਪਿਛਲੇ ਸਾਲਾਂ ਦੌਰਾਨ ਕਮਿਊਨਿਸਟਾਂ ਦੀ ਸੱਤਾ ਵਾਲੇ ਮੁਲਕਾਂ ਵਿਚ ਆਈਆਂ ਤਬਦੀਲੀਆਂ ਕਾਰਨ ਭਾਵੇਂ ਇਸ ਧਾਰਾ ਦੀ ਸਿਆਸੀ ਸ਼ਕਤੀ ਅਤੇ ਸਰਗਰਮੀਆਂ ਵਿਚ ਕਮੀ ਆਈ ਹੈ ਪਰ ਇਸ ਧਾਰਾ ਦੇ ਸਮਾਜਵਾਦੀ ਆਦਰਸ਼ ਆਮ ਜਨਤਾ ਨੂੰ ਪ੍ਰਭਾਵਿਤ ਕਰਦੇ ਹਨ। ਇਸ ਕਰਕੇ ਇਸ ਧਾਰਾ ਦੀ ਨੁਮਾਇੰਦਗੀ ਕਰਦੀਆਂ ਪਾਰਟੀਆਂ ਦੀ ਸਿਆਸੀ ਸ਼ਕਤੀ ਨਾਲੋਂ ਇਸ ਦਾ ਆਮ ਪ੍ਰਭਾਵ ਬਹੁਤ ਜ਼ਿਆਦਾ ਹੈ ਜੋ ਵੱਖ ਵੱਖ ਵਰਗਾਂ ਦੇ ਚਲਦੇ ਸੰਘਰਸ਼ਾਂ, ਕਿੱਤਾ ਆਧਾਰਿਤ ਜਥੇਬੰਦੀਆਂ ਅਤੇ ਸਾਹਿਤਕ-ਸਭਿਆਚਾਰਕ ਹਲਕਿਆਂ ਵਿਚ ਜ਼ੋਰ-ਸ਼ੋਰ ਨਾਲ ਪ੍ਰਗਟ ਹੁੰਦਾ ਰਹਿੰਦਾ ਹੈ।
ਉਂਜ, ਇਨ੍ਹਾਂ ਤਿੰਨਾਂ ਧਾਰਾਵਾਂ ਵਿਚ ਬਹੁਤੀਆਂ ਸਪਸ਼ਟ ਲਕੀਰਾਂ ਨਹੀਂ ਖਿੱਚੀਆਂ ਹੋਈਆਂ। ਰਵਾਇਤੀ ਸਿੱਖੀ ਨੂੰ ਮਾਡਲ ਮੰਨਣ ਵਾਲੀ ਧਾਰਾ ਵਰਤਮਾਨ ਸਮੇਂ ਦੀਆਂ ਲੋੜਾਂ ਦੇ ਦਬਾਅ ਹੇਠ ਬਹੁਤ ਵਾਰ ਕੌਮੀ ਧਾਰਾ ਦੇ ਨੇੜੇ ਹੋ ਜਾਂਦੀ ਹੈ। ਜਗੀਰੂ ਯੁੱਗ ਦੇ ਸਿੱਖੀ ਮਾਡਲ ਦੀ ਸਬਰ-ਸੰਤੋਖ ਵਾਲੀ ਜੀਵਨ ਸ਼ੈਲੀ ਦੀ ਧਾਰਨਾ ਚੁੱਪ-ਚੁਪੀਤੇ ਬੇਥਾਹ ਪੂੰਜੀ ਅਤੇ ਸਾਰੀਆਂ ਸੁੱਖ-ਸਹੂਲਤਾਂ ਇਕੱਠੀਆਂ ਕਰਨ ਵਾਲੀ ਸਿਆਸਤ ਵਿਚ ਬਦਲ ਜਾਂਦੀ ਹੈ। ਇਹ ਤਬਦੀਲੀ ਅਕਾਲੀ ਦਲ ਵਿਚੋਂ ਟੌਹੜਾ ਧੜੇ ਦੇ ਜ਼ੋਰ ਨੂੰ ਖਤਮ ਕਰਕੇ ਬਾਦਲ ਪਰਿਵਾਰ ਦੀ ਸਰਦਾਰੀ ਉਭਾਰਦੀ ਹੈ; ਰਵਾਇਤੀ ਜਥੇਦਾਰਾਂ ਦੀ ਥਾਂ ‘ਤੇ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਜੋਟੀਦਾਰ ਸਾਰੀ ਸ਼ਕਤੀ ਦੇ ਮਾਲਕ ਬਣ ਜਾਂਦੇ ਹਨ। ਦੂਜੇ ਪਾਸੇ, ਕੌਮੀ ਧਾਰਾ ਵਾਲੀ ਕਾਂਗਰਸ ਪਾਰਟੀ ਆਪਣੀਆਂ ਸਥਾਨਕ ਲੋੜਾਂ ਤਹਿਤ ਸਿੱਖ ਵਿਰਸੇ ਦੀਆਂ ਗੱਲਾਂ ਕਰਦੀ ਹੈ ਅਤੇ ਪੰਜਾਬ ਵਿਚੋਂ ਲੰਘਦੇ ਦਰਿਆਵਾਂ ਉਤੇ ਕੇਵਲ ਪੰਜਾਬ ਦਾ ਹੱਕ ਜਤਾਉਂਦੀ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਮੁਲਕ ਪੱਧਰ ਉਤੇ ਮੁੱਖ ਵਿਰੋਧ ਕਾਂਗਰਸ ਨਾਲ ਹੋਣ ਕਰਕੇ, ਵਿਚਾਰਧਾਰਕ ਤੌਰ ‘ਤੇ ਕੱਟੜ ਕੌਮੀ ਪਹੁੰਚ ਰੱਖਣ ਦੇ ਬਾਵਜੂਦ, ਉਹ ਸਿੱਖ ਧਰਮ ‘ਤੇ ਆਧਾਰਿਤ ਖੇਤਰੀ ਪਾਰਟੀ ਅਕਾਲੀ ਦਲ ਨਾਲ ਜੁੜ ਜਾਂਦੀ ਹੈ।
ਖੱਬੇ ਪੱਖੀ ਧਾਰਾ ਵਿਚਾਰਧਾਰਕ ਪੱਖੋਂ ਧਰਮਾਂ ਅਤੇ ਖਿੱਤਿਆਂ ਦੀ ਸਿਆਸਤ ਤੋਂ ਉਪਰ ਉਠ ਕੇ ਮਿਹਨਤਕਸ਼ਾਂ ਦੇ ਹੱਕ ਵਿਚ ਖੜ੍ਹਨ ਦਾ ਦਮ ਭਰਦੀ ਹੈ, ਇਸ ਲਈ ਇਸ ਦੀ ਨੇੜਤਾ ਧਰਮ ਆਧਾਰਿਤ ਖੇਤਰੀ ਪਾਰਟੀ ਦੀ ਬਜਾਏ ਸੈਕੂਲਰ ਕੌਮੀ ਧਾਰਾ ਵਾਲੀ ਧਿਰ (ਕਾਂਗਰਸ) ਨਾਲ ਹੁੰਦੀ ਰਹਿੰਦੀ ਹੈ। ਇਸ ਧਾਰਾ ਦੇ ਕੁਝ ਚਿੰਤਕਾਂ ਵੱਲੋਂ ਇਸ ਧਾਰਾ ਦੇ ਸਰਮਾਏਦਾਰੀ ਸੱਤਾ ਪ੍ਰਤੀ ਵਿਰੋਧ ਅਤੇ ਇਸ ਦੇ ਸਮਾਜਵਾਦੀ ਆਦਰਸ਼ਾਂ ਨੂੰ ਸਿੱਖ ਧਰਮ ਦੇ ‘ਕਿਰਤ ਕਰਨ ਤੇ ਵੰਡ ਛਕਣ’ ਦੇ ਆਦਰਸ਼ਾਂ ਨਾਲ ਜੋੜਨ ਦੀ ਕੋਸ਼ਿਸ਼ ਵੀ ਚੱਲਦੀ ਰਹਿੰਦੀ ਹੈ। ਸੋ, ਇਸ ਦਾ ਜ਼ਿਆਦਾ ਤਾਲਮੇਲ ਤਾਂ ਕਾਂਗਰਸ ਨਾਲ ਹੀ ਬਣਦਾ ਹੈ ਪਰ ਇਸ ਦਾ ਕੁਝ ਹਿੱਸਾ ਦੂਸਰੀ ਦਿਸ਼ਾ ਵੱਲ ਵੀ ਅਹੁਲਦਾ ਰਹਿੰਦਾ ਹੈ; ਮਸਲਨ, ਕਪੂਰੀ ਮੋਰਚੇ ਵੇਲੇ ਸੀਪੀਐਮ ਜਾਂ ਕੁਝ ਸਾਬਕਾ ਨਕਸਲੀਆਂ ਦਾ ਸਿੱਖ ਸਿਆਸਤ ਵੱਲ ਝੁਕਾਅ।
ਇਉਂ ਇਹ ਤਿੰਨੇ ਧਾਰਾਵਾਂ ਇਕ ਦੂਜੀ ਨਾਲ ਟਕਰਾਉਂਦੀਆਂ ਵੀ ਹਨ, ਸਿਆਸੀ ਲੋੜਾਂ ਦੇ ਦਬਾਅ ਹੇਠ ਇਕ ਦੂਜੇ ਨਾਲ ਜੁੜਦੀਆਂ ਵੀ ਹਨ। ਇਨ੍ਹਾਂ ਤੋਂ ਬਿਨਾਂ ਸਿਆਸੀ ਸੋਚ ਦੇ ਦੋਨਾਂ ਸਿਰਿਆਂ ਉਤੇ ਕੁਝ ਗਰੁਪ ਹਨ ਜੋ ਰਵਾਇਤੀ ਸਿਆਸਤ ਨੂੰ ਰੱਦ ਕਰਦੇ ਹਨ। ਇਕ ਸਿਰੇ ਉਤੇ ਖ਼ਾਲਿਸਤਾਨੀ ਗਰੁਪ ਹਨ ਜੋ ਸਮਝਦੇ ਹਨ ਕਿ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਵੱਖਰਾ ਮੁਲਕ ਬਣਾ ਕੇ ਹੀ ਹੋਵੇਗਾ। ਦੂਸਰੇ ਸਿਰੇ ਉਤੇ ਨਕਸਲੀ ਸੋਚ ਦੇ ਕੁਝ ਧੜੇ ਹਨ ਜਿਨ੍ਹਾਂ ਅਨੁਸਾਰ ਸਾਰੀਆਂ ਸਮੱਸਿਆਵਾਂ ਦਾ ਹੱਲ ਹਥਿਆਰਬੰਦ ਇਨਕਲਾਬ ਨਾਲ ਹੀ ਹੋਵੇਗਾ। ਇਹ ਗਰੁਪ ਮੌਜੂਦਾ ਸਿਸਟਮ ਦੇ ਸੁਧਾਰ ਵਿਚ ਯਕੀਨ ਨਹੀਂ ਰੱਖਦੇ ਅਤੇ ਪਾਰਲੀਮਾਨੀ ਸਿਆਸਤ ਕਰ ਰਹੀਆਂ ਬਾਕੀ ਸਾਰੀਆਂ ਪਾਰਟੀਆਂ ਨੂੰ ਰੱਦ ਕਰਦੇ ਹਨ।
ਪੰਜਾਬ ਦੀ ਆਮ ਆਦਮੀ ਪਾਰਟੀ ਵਿਚ ਇਨ੍ਹਾਂ ਤਿੰਨਾਂ ਧਾਰਾਵਾਂ ਦੇ ਲੋਕ ਸ਼ਾਮਲ ਹੋ ਗਏ। ਸਭ ਤੋਂ ਪਹਿਲਾਂ ਉਹ ਲੋਕ ਇਸ ਵੱਲ ਖਿੱਚੇ ਗਏ ਜਿਨ੍ਹਾਂ ਦੀ ਖੱਬੀ ਜਾਂ ਸੱਜੀ, ਕੋਈ ਪੱਕੀ ਸਿਆਸੀ ਵਿਚਾਰਧਾਰਾ ਨਹੀਂ ਸੀ। ਇਨਕਲਾਬ ਦਾ ਨਾਅਰਾ ਲਾਉਣ ਦੇ ਬਾਵਜੂਦ ਉਹ ਮੌਜੂਦਾ ਪ੍ਰਬੰਧ ਨੂੰ ਉਲਟਾਉਣਾ ਨਹੀਂ ਚਾਹੁੰਦੇ ਸਨ, ਬਲਕਿ ਇਸ ਵਿਚ ਸੁਧਾਰ ਕਰਕੇ ਇਸ ਨੂੰ ਵਧੀਆ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਕੇਜਰੀਵਾਲ ਦੀਆਂ ਭ੍ਰਿਸ਼ਟਾਚਾਰ ਮੁਕਤ ਭਾਰਤ, ਲੋਕਪਾਲ ਦੀ ਕਾਇਮੀ, ਵਾਲੰਟੀਅਰਾਂ ‘ਤੇ ਆਧਾਰਿਤ ਪਾਰਟੀ ਪ੍ਰਬੰਧ, ਆਮ ਆਦਮੀ ਨੂੰ ਸਿਆਸੀ ਤਾਕਤ ਦੇਣ ਵਰਗੀਆਂ ਗੱਲਾਂ ਨੇ ਖਿੱਚ ਪਾਈ। ਸ਼ਹਿਰਾਂ ਕਸਬਿਆਂ ਦਾ ਛੋਟਾ ਵਪਾਰੀ ਵਰਗ, ਦਸਤਕਾਰ, ਬੇਰੁਜ਼ਗਾਰ ਨੌਜਵਾਨ ਅਤੇ ਨੌਕਰੀ ਪੇਸ਼ਾ ਮੱਧਵਰਗ ਜੋ ਆਮ ਕਰਕੇ ਪੰਜਾਬ ਦੀ ਸਿਆਸਤ ਵਿਚ ਅਣਗੌਲਿਆ ਰਹਿੰਦਾ ਹੈ, ਵੱਡੀ ਪੱਧਰ ‘ਤੇ ਇਸ ਵਿਚ ਸਰਗਰਮ ਹੋਇਆ। ਇਸ ਵਿਚ ਸ਼ਾਮਲ ਹੋ ਕੇ ਇਸ ਵਰਗ ਨੂੰ ਢਹਿੰਦੀਆਂ ਕਲਾਂ ਵਿਚ ਜਾ ਰਹੀ ਕਾਂਗਰਸ ਪਾਰਟੀ ਅਤੇ ਜੱਟ ਸਿੱਖ ਦਾਬੇ ਵਾਲੀ ਅਕਾਲੀ ਪਾਰਟੀ, ਦੋਵਾਂ ਤੋਂ ਵੱਖਰਾ ਨਵਾਂ ਬਦਲ ਮਿਲ ਗਿਆ। ਇਸ ਦੇ ਨਾਲ ਹੀ ਇਨਕਲਾਬ ਦੀ ਝਾਕ ਛੱਡ ਚੁੱਕੇ ਅਤੇ ਕਮਿਊਨਿਸਟ ਪਾਰਟੀਆਂ ਜਾਂ ਗਰੁੱਪਾਂ ਤੋਂ ਨਿਰਾਸ਼ ਹੋ ਚੁੱਕੇ ਖੱਬੇ ਪੱਖੀ ਸੋਚ ਵਾਲੇ ਕਾਰਕੁਨ ਵੀ ਇਸ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਡਾ. ਧਰਮਵੀਰ ਗਾਂਧੀ, ਡਾ. ਬਲਬੀਰ ਸਿੰਘ ਅਤੇ ਵਿਰੋਧੀ ਧਿਰ ਦਾ ਨਵਾਂ ਚੁਣਿਆ ਆਗੂ ਹਰਪਾਲ ਸਿੰਘ ਚੀਮਾ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ। ਇਸੇ ਦੌਰਾਨ ਕੱਟੜ ਸਿੱਖ ਸਿਆਸਤ ਨਾਲ ਜੁੜੇ ਪਰ ਬਾਦਲ ਅਕਾਲੀ ਦਲ ਵੱਲੋਂ ਖੂੰਜੇ ਲਾਏ ਹੋਏ ਸਿਆਸਤਦਾਨਾਂ ਦੀ ਅੱਖ ਵੀ ਇਸ ਨਵੇਂ ਉਭਰ ਰਹੇ ਪਲੈਟਫਾਰਮ ‘ਤੇ ਪੈ ਗਈ ਸੀ। ਅਸਲ ਵਿਚ ਇਹ ਲੋਕ 1984 ਦੀਆਂ ਘਟਨਾਵਾਂ ਕਾਰਨ ਨਾ ਤਾਂ ਕਾਂਗਰਸ ਦੇ ਨੇੜੇ ਜਾ ਸਕਦੇ ਸਨ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਬਦਲਿਆ ਰੂਪ ਅਤੇ ਭਾਜਪਾ ਨਾਲ ਸਾਂਝ ਵਾਲੀ ਕੌਮੀ ਧਾਰਾ ਇਨ੍ਹਾਂ ਨੂੰ ਰਾਸ ਆਉਂਦੀ ਸੀ। ਸੋ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਇਹ ਗੈਰ-ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿਚ ਰਲ ਗਏ ਅਤੇ ਚੋਣਾਂ ਵਾਲੇ ਮਾਹੌਲ ਵਿਚ ਮਦਦ ਕਰਦੇ ਕਰਦੇ ਇਸ ਨੂੰ ਤਕਰੀਬਨ ਅਗਵਾ ਹੀ ਕਰਕੇ ਲੈ ਗਏ। ਇਸ ਅਮਲ ਵਿਚ ਵਿਦੇਸ਼ ਵਸਦੇ ਸਿੱਖਾਂ ਦਾ ਵੱਡਾ ਰੋਲ ਸੀ। ਇਸ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਹਵਾ ਤਾਂ ਬਹੁਤ ਬਣ ਗਈ ਪਰ ਇਸ ਧਿਰ ਦੇ ਅੱਗੇ ਆਉਣ ਨਾਲ ਕੌਮੀ ਧਾਰਾ ਵਾਲਾ ਸ਼ਹਿਰੀ ਤਬਕਾ ਅੰਦਰਖਾਤੇ ਇਸ ਨਾਲੋਂ ਵੱਖ ਹੋ ਗਿਆ ਜਿਸ ਦਾ ਖਮਿਆਜ਼ਾ ‘ਆਪ’ ਨੂੰ ਚੋਣ ਨਤੀਜਿਆਂ ਵਿਚ ਭੁਗਤਣਾ ਪਿਆ।
ਇਉਂ ਵੱਖ ਵੱਖ ਕਾਰਨਾਂ ਕਰਕੇ ਬਿਲਕੁਲ ਵੱਖਰੇ ਵਿਚਾਰ ਰੱਖਣ ਵਾਲੀਆਂ ਤਿੰਨ ਸਿਆਸੀ ਧਾਰਾਵਾਂ ਦੇ ਲੋਕ ਇਸ ਵਿਚ ਸ਼ਾਮਲ ਹੋਏ ਜਿਸ ਕਾਰਨ ਪਾਰਟੀ ਦੀ ਕੋਈ ਸਾਂਝੀ ਵਿਚਾਰਧਾਰਾ ਨਾ ਬਣ ਸਕੀ। ਆਪਸ ਵਿਚ ਖਹਿ ਰਹੀਆਂ ਇਨ੍ਹਾਂ ਤਿੰਨਾਂ ਧਾਰਾਵਾਂ ਦਾ ਇਕ ਪਾਰਟੀ ਵਿਚ ਬਣੇ ਰਹਿਣਾ ਮੁਸ਼ਕਿਲ ਹੈ, ਇਸ ਕਰਕੇ ਹੀ ਪਾਰਟੀ ਵਿਚ ਕੋਈ ਜਥੇਬੰਦਕ ਏਕਤਾ ਨਹੀਂ ਬਣ ਰਹੀ। ਮੌਜੂਦਾ ਵਿਵਾਦ ਭਾਵੇਂ ਬਾਹਰੀ ਰੂਪ ਵਿਚ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਵਿਧਾਨ ਸਭਾਈ ਗਰੁਪ ਦਾ ਆਗੂ ਬਦਲਣ ਵਾਲਾ ਲਗਦਾ ਹੈ ਪਰ ਅਸਲ ਵਿਚ ਇਸ ਪਿੱਛੇ ਵੀ ਵਿਚਾਰਧਾਰਾਵਾਂ ਦਾ ਟਕਰਾਅ ਹੀ ਹੈ। ਸੁਖਪਾਲ ਸਿੰਘ ਖਹਿਰਾ ਦਾ ਰਿਫਰੈਂਡਮ 2020 ਦੇ ਹੱਕ ਵਿਚ ਬੋਲਣਾ, ਬਰਗਾੜੀ ਮੋਰਚੇ ਵਿਚ ਹਾਜ਼ਰੀ ਲਵਾਉਣੀ, ਅਹੁਦਾ ਬਦਲਣ ਦੇ ਮੌਜੂਦਾ ਵਿਵਾਦ ਨੂੰ ਦਿੱਲੀ ਬਨਾਮ ਪੰਜਾਬ ਦਾ ਰੂਪ ਦੇ ਕੇ ਪੇਸ਼ ਕਰਨਾ, ਬਠਿੰਡਾ ਰੈਲੀ ਵਿਚ ਇਨਕਲਾਬ ਦੇ ਨਾਅਰੇ ਨੂੰ ਰੱਦ ਕਰਕੇ ਪੰਜਾਬੀ ਏਕਤਾ ਦਾ ਨਾਅਰਾ ਲੁਆਉਣਾ ਆਦਿ ਤੋਂ ਸਪਸ਼ਟ ਹੈ ਕਿ ਇਹ ਧੜਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਕਿਸ ਸਿਆਸੀ ਧਾਰਾ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ, ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨਾਲ ਗੱਠਜੋੜ ਦੀਆਂ ਕਨਸੋਆਂ ਪਾਰਟੀ ਅੰਦਰਲੀ ਕੌਮੀ ਧਾਰਾ ਅਤੇ ਖੱਬੀ ਧਾਰਾ ਦੀ ਸਾਂਝੀ ਸਿਆਸੀ ਦਿਸ਼ਾ ਅਤੇ ਸੋਚ ਨੂੰ ਪ੍ਰਗਟ ਕਰ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਅੰਦਰਲਾ ਇਹ ਸੰਘਰਸ਼ ਚਲਦਾ ਰਹੇਗਾ ਜਿਸ ਦਾ ਨਿਬੇੜਾ ਇਕ ਧਿਰ ਦੇ ਪਾਰਟੀ ਵਿਚੋਂ ਬਾਹਰ ਹੋਣ ਨਾਲ ਹੀ ਹੋਵੇਗਾ। ਇਸ ਤਰ੍ਹਾਂ ਹੀ ਪਾਰਟੀ ਦੀ ਸਿਆਸੀ ਸੇਧ ਸਪਸ਼ਟ ਹੋ ਸਕੇਗੀ ਅਤੇ ਜਥੇਬੰਦਕ ਤੌਰ ‘ਤੇ ਪਾਰਟੀ ਵਿਚ ਅਨੁਸ਼ਾਸਨ ਬਹਾਲ ਹੋ ਸਕੇਗਾ। ਉਂਜ, ਮੌਜੂਦਾ ਵਰਤਾਰੇ ਦਾ ਨੁਕਸਦਾਰ ਪੱਖ ਇਹ ਹੈ ਕਿ ਪਾਰਟੀ ਦੇ ਵਲੰਟੀਅਰ ਵਿਚਾਰਧਾਰਕ ਵਖਰੇਵਿਆਂ ਨੂੰ ਸਮਝ ਕੇ ਸਾਥ ਦੇਣ ਦੀ ਬਜਾਏ ਵੱਖ ਵੱਖ ਆਗੂਆਂ ਨਾਲ ਸ਼ਖ਼ਸੀ ਤੌਰ ‘ਤੇ ਜੁੜ ਕੇ ਫੈਸਲੇ ਕਰ ਰਹੇ ਹਨ।