ਖਹਿਰੇ ਦੀ ਖੜ-ਖੜ ਠੱਕ-ਠੱਕ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

ਆਲੇ-ਦੁਆਲੇ ਦੀਆਂ ਘਟਨਾਵਾਂ ਬਾਰੇ ਸੁਣਦਿਆਂ-ਪੜ੍ਹਦਿਆਂ ਉਨ੍ਹਾਂ ਦੇ ਨਕਸ਼-ਅਕਸ, ਕਦੀ-ਕਦੀ ਆਪਣੇ ਮਨ-ਮਸਤਕ ਦੀ ਪਟਾਰੀ ਵਿਚ ਪਈਆਂ ਯਾਦਾਂ ਨਾਲ ਜਾ ਟਕਰਾਉਂਦੇ ਹਨ। ਵਰਤਮਾਨ ਦੇ ਕਈ ਵਾਕਿਆਤ ਯਾਦਾਂ ਵਿਚਲੇ ਦ੍ਰਿਸ਼ਾਂ ਨਾਲ ਕਈ ਵਾਰ ਇੰਨ-ਬਿੰਨ ਅਤੇ ਕਦੇ ਅੱਧ-ਪਚੱਧੇ ਰੂਪ ਵਿਚ ਮੇਲ ਖਾ ਜਾਂਦੇ ਹਨ। ਦਿਲ ਹੀ ਦਿਲ ਇਨ੍ਹਾਂ ਦਾ ਮੇਲ-ਮੁਕਾਬਲਾ ਕਰਦਿਆਂ ਜੀਅ ਕਰਨ ਲਗਦੈ ਕਿ ਕਿਉਂ ਨਾ ਇਨ੍ਹਾਂ ਨੂੰ ਹੋਰਾਂ ਨਾਲ ਵੀ ਸਾਂਝਾ ਕਰੀਏ? ਪੜ੍ਹਨ-ਸੁਣਨ ਵਾਲੇ ਹੋਰ ਪਾਠਕ ਵੀ ਇਨ੍ਹਾਂ ਦਾ ਲੁਤਫ ਉਠਾਉਣ।
ਦੋ ਅਗਸਤ ਨੂੰ ਬਠਿੰਡੇ ਆਮ ਆਦਮੀ ਪਾਰਟੀ

(ਆਪ) ਦੇ ਕੁਝ ਵਿਧਾਇਕਾਂ ਦੀ ਕਨਵੈਨਸ਼ਨ, ਉਨ੍ਹਾਂ ਦੀ ਆਸ ਨਾਲੋਂ ਵੀ ਕਿਤੇ ਵਧ ਕਾਮਯਾਬ ਰਹੀ। ਇਸ ਇਕੱਠ ਦੇ ਮੁੱਖ ਸੂਤਰਧਾਰ ਸੁਖਪਾਲ ਸਿੰਘ ਖਹਿਰਾ ਜਦੋਂ ਅਖੀਰ ਵਿਚ ਜੇਤੂ ਅੰਦਾਜ਼ ਨਾਲ ਦਿੱਲੀ ਬੈਠੀ ‘ਆਪ’ ਦੀ ਹਾਈ ਕਮਾਂਡ ਵਿਰੁਧ ਠੁੱਕਦਾਰ ਸ਼ਬਦਾਵਲੀ ਰਾਹੀਂ ਰੋਸ ਪ੍ਰਗਟਾ ਰਹੇ ਸਨ ਤਾਂ ਅਮਰੀਕਾ ਬੈਠਿਆਂ ਉਹ ਭਾਸ਼ਣ ‘ਲਾਈਵ’ ਸੁਣਦਿਆਂ ਮੈਨੂੰ ਆਪਣੀ ਪਰਿਵਾਰਕ ਘਟਨਾ ਯਾਦ ਆ ਗਈ।
ਸੰਨ 1983-84 ਵਿਚ ਸਾਡਾ ਸਾਰਾ ਪਰਿਵਾਰ ਆਪਣੇ ਪਿੰਡ ਰਹਿੰਦਾ ਸੀ। ਮੇਰੇ ਵੱਡੇ ਬੇਟੇ ਦੇ ਜਨਮ ਤੋਂ ਡੇਢ ਕੁ ਸਾਲ ਬਾਅਦ ਦੂਜੇ ਬੇਟੇ ਦਾ ਜਨਮ ਹੋਇਆ। ਵੱਡਾ ਕਾਕਾ ਭਰੇ-ਭੁਕੰਨੇ ਪਰਿਵਾਰ ਦਾ ਜੇਠਾ ਪੋਤਰਾ ਹੋਣ ਕਰਕੇ ਸਾਰੇ ਉਸ ਨੂੰ ਖੂਬ ਲਾਡ ਲਡਾਉਂਦੇ। ਸੋਹਣਾ ਸੁਨੱਖਾ ਤੇ ਤੇਜ਼ ਸੁਭਾਅ ਹੋਣ ਕਰਕੇ ਉਹ ਸਭ ਤੋਂ ਬਹੁਤ ਮੋਹ ਲੈਂਦਾ।
ਉਦੋਂ ਉਹ ਤੋਤਲੀ ਜ਼ੁਬਾਨ ‘ਚ ਗੱਲਾਂ ਮਾਰਨ ਲੱਗ ਪਿਆ ਸੀ ਤੇ ਟੌਹਰ ਜਿਹੀ ‘ਚ ਛੋਟੇ ਕਾਕੇ ‘ਤੇ ਰੋਹਬ ਜਿਹਾ ਪਾਈ ਰੱਖਦਾ। ਇਕ ਵਾਰ ਮੈਂ ਸਾਰਾ ਦਿਨ ਨੋਟ ਕਰਦਾ ਰਿਹਾ ਕਿ ਉਹ ਬਾਹਲਾ ਹੀ ‘ਸਮਾਰਟ’ ਬਣਦਾ ਹੋਇਆ ਕਈ ਪੁੱਠੀਆਂ ਸਿੱਧੀਆਂ ਸ਼ਰਾਰਤਾਂ ਕਰੀ ਜਾ ਰਿਹਾ ਸੀ।
ਰਾਤ ਦੇ ਰੋਟੀ-ਟੁੱਕ ਵੇਲੇ ਉਸ ਨੇ ਕੋਈ ਐਸੀ ਇਲਤ ਕੀਤੀ ਕਿ ਮੈਥੋਂ ਉਸ ਨੂੰ ਝਿੜਕ ਹੋ ਗਿਆ। ਨਾਲੇ ਮੈਂ ਉਸ ਨੂੰ ਬਾਹੋਂ ਫੜ੍ਹ ਕੇ ਤਾੜਦਿਆਂ ਝੰਜੋੜ ਦਿੱਤਾ। ਮੂੰਹ ਮਸੂਦਰ ਜਿਹਾ ਕਰਕੇ ਉਹ ਉਰੇ-ਪਰੇ ਹੋ ਗਿਆ। ਗੱਲ ਆਈ-ਗਈ ਹੋ ਗਈ ਤੇ ਅਸੀਂ ਟੱਬਰ ਦੇ ਸਾਰੇ ਜੀਅ ਰੋਟੀ ਖਾਣ ਬਹਿ ਗਏ। ਉਸ ਰਾਤ ਸਾਡੇ ਘਰ ਖੀਰ ਬਣੀ ਸੀ। ਸਭ ਆਪੋ-ਆਪਣੀਆਂ ਥਾਲੀਆਂ, ਬਾਟੀਆਂ ਜਾਂ ਛੰਨਿਆਂ ਵਿਚ ਖੀਰ ਛਕਣ ਲੱਗ ਪਏ।
ਜਿਉਂ ਹੀ ਸਾਡੇ ਚਮਚੇ ਖੜਕਣ ਲੱਗੇ, ਸਾਡੇ ਦਰਵਾਜੇ ‘ਤੇ ਖੜ-ਖੜ, ਠੱਕ-ਠੱਕ ਦੀ ਆਵਾਜ਼ ਆਈ। ਅਸੀਂ ਸਭ ਹੈਰਾਨ ਕਿ ਸਾਡਾ ਦਰਵਾਜਾ ਤਾਂ ਖੁੱਲ੍ਹਾ ਹੀ ਹੈ? ਫਿਰ ਉਹਦੇ ਨਾਲ ਲਟਕਦੇ ਗੋਲ-ਗੋਲ ਕੁੰਡਿਆਂ ਨੂੰ ਕੌਣ ਖੜਕਾ ਰਿਹਾ ਹੋਵੇਗਾ? ਜਦ ਸਾਡੇ ਵਿਚੋਂ ਕਿਸੇ ਨੇ ਕਿਹਾ, ‘ਕੌਣ ਐ?’ ਤਾਂ ਦਰਵਾਜੇ ਪਿਛਿਓਂ ਵੱਡੇ ਕਾਕੇ ਦੀ ਆਵਾਜ਼ ਆਈ, “ਮੈਂ…ਐਥੇ…ਨੁੱਛਿਆ (ਰੁੱਸਿਆ) ਖਲ੍ਹਾਂ (ਖੜ੍ਹਾ) ਆਂ।”
ਉਸ ਦੀ ਇਹ ਤੋਤਲੀ ਜਿਹੀ ਗੱਲ ਸੁਣ ਕੇ ਸਾਡੀ ਸਭ ਦੀ ਮਮਤਾ ਛਲਕ ਪਈ। ਮੈਂ ਤੇ ਮੇਰੀ ਪਤਨੀ ਖੀਰ-ਖੂਰ ਛੱਡ ਕੇ ਦਰਵਾਜੇ ਵੱਲ ਭੱਜੇ। ਦਰਵਾਜੇ ਪਿੱਛੇ ਲੁਕ ਕੇ ਰੁੱਸੇ ਖੜ੍ਹੇ ਨੂੰ ਸੀਨੇ ਨਾਲ ਲਾਇਆ, ਲਾਡ ਨਾਲ ਮੱਥਾ ਚੁੰਮਿਆ ਤੇ ‘ਪੁਚ ਪੁਚ’ ਕਰਕੇ ਪਤਿਆਇਆ। ਪਿਆਰ ਨਾਲ ਉਹਦਾ ਰੋਸ ਦੂਰ ਕਰਿਆ ਤਾਂ ਉਹ ਆਪਣੇ ‘ਅਸਲੀ ਰੰਗ’ ਵਿਚ ਆ ਕੇ ਮਚਾਕੇ ਲਾ-ਲਾ ਖੀਰ ਖਾਣ ਲੱਗ ਪਿਆ, ਸਾਡੇ ਨਾਲ ਬਹਿ ਕੇ।
ਵੈਸੇ ਤਾਂ ‘ਆਪ’ ਵਿਚ ਮਚੀ ਆਪਾ-ਧਾਪੀ ਅਤੇ ਪਈ ਫੁੱਟ ਦੇ ਅਸਲ ਕਾਰਨਾਂ ਬਾਰੇ ਪਾਰਟੀ ਵਾਲੇ ਹੀ ਜਾਣਦੇ ਹੋਣਗੇ ਪਰ ਮੌਜੂਦਾ ਭੁਚਾਲ ਬਾਰੇ ਮੀਡੀਆ ਵਿਚ ਛਪਦੀਆਂ ਖਬਰਾਂ ਤੋਂ ਇਹੀ ਅੰਦਾਜ਼ਾ ਲਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਦਾ ਤੇਜ਼ ਤਰਾਰ ਹੋਣਾ ਅਤੇ ਉਸ ਦਾ ਸਿਰ ਕੱਢਵਾਂ ਸਿਆਸੀ ਕਦ-ਬੁੱਤ ‘ਆਪ’ ਦੀ ਹਾਈ ਕਮਾਂਡ ਨੂੰ ਬਹੁਤਾ ਹਜ਼ਮ ਨਹੀਂ ਹੋ ਰਿਹਾ। ਬਾਕੀ ਵਿਧਾਇਕਾਂ ਨਾਲੋਂ ਉਸ ਦੇ ਵੱਧ ਤਜਰਬੇ ਅਤੇ ਸਰਗਰਮ ਰੋਲ ਨੂੰ ‘ਆਪ’ ਦੀ ਚੜ੍ਹਤ ਲਈ ਵਰਤਣ ਦੀ ਥਾਂ ਹਾਈ ਕਮਾਂਡ ਨੇ ਉਸ ਕੋਲੋਂ ਵਿਰੋਧੀ ਧਿਰ ਦੇ ਆਗੂ ਵਾਲਾ ਅਹੁਦਾ ਖੋਹ ਕੇ ਉਸ ਦੀ ਬਾਂਹ ਫੜ੍ਹ ਕੇ ਝੰਜੋੜ ਦਿੱਤਾ ਹੈ, ਉਸ ਨੂੰ।
ਇਸੇ ਰੋਸ ਵਿਚ ਆ ਕੇ ਉਸ ਨੇ ਆਪਣੇ ਸਾਥੀਆਂ ਨਾਲ ਬਠਿੰਡੇ ਵਾਲੀ ਕਨਵੈਸ਼ਨ ਕੀਤੀ ਹੈ; ਮਾਨੋ, ਸਾਡੇ ਬੇਟੇ ਵਾਂਗ ਦਰਵਾਜੇ ਓਹਲੇ ਖੜ੍ਹ ਕੇ ਉਸ ਨੇ ਪੂਰੇ ਜ਼ੋਰ ਨਾਲ ‘ਖੜ-ਖੜ, ਠੱਕ-ਠੱਕ’ ਕੀਤੀ ਹੈ। ਉਹਦੇ ਵੱਲੋਂ ਬਠਿੰਡੇ ਵਿਚ ਕੀਤਾ ਗਿਆ ਇਹ ‘ਖੜਕਾ’ ਜੇ ਸੱਤ ਸਮੁੰਦਰੋਂ ਪਾਰ ਵੀ ‘ਧਮਕ’ ਪਾ ਗਿਆ ਹੈ, ਤਾਂ ਬਿਨਾ ਸ਼ੱਕ ਇਹ ‘ਦਿੱਲੀ’ ਨੂੰ ਵੀ ਜ਼ਰੂਰ ਸੁਣ ਗਿਆ ਹੋਵੇਗਾ।
ਹੁਣ ਦੇਖਣਾ ਇਹ ਹੈ ਕਿ ਦਿੱਲੀ ਹਾਈ ਕਮਾਂਡ ਵਾਲੇ ‘ਨੁੱਛੇ ਖਲ੍ਹੇ’ ਖਹਿਰੇ ਦੀ ‘ਖਟ-ਖਟ’ ਸੁਣ ਕੇ ਉਸ ਨੂੰ ਆਪਣੇ ਪਾਰਟੀ ਪਰਿਵਾਰ ਦਾ ‘ਸਮਾਰਟ ਅੰਗ’ ਸਮਝਦਿਆਂ ਗਲ ਲਾਉਂਦੇ ਹਨ ਜਾਂ ਉਸ ਦੇ ਤਜਰਬੇ ਅਤੇ ਤੇਜ਼ ਤਰਾਰੀ ਨੂੰ ਕੋਈ ਨਵੇਂ ਰਾਹ ਖੋਜਣ ਲਈ ਆਪਣੇ ਹਾਲ ‘ਤੇ ਹੀ ਛੱਡ ਦੇਣਗੇ?
ਫਿਲਹਾਲ ਪੰਜਾਬੀ ਵਾਸੀ ਇਉਂ ਕਹਿੰਦੇ ਪ੍ਰਤੀਤ ਹੁੰਦੇ ਨੇ:
ਬਚ ਕੇ ਹਮ ਕਿਧਰ ਜਾਏਂ
ਇਸ ਸਿਆਸੀ ਜੰਗਲ ਮੇ,
ਇਕ ਤਰਫ ਦਰਿੰਦਾ ਹੈ
ਇਕ ਤਰਫ ਸ਼ਿਕਾਰੀ ਹੈ।
ਇਸ ਕਰਕੇ ‘ਆਪ’ ਵਾਲਿਓ:
ਕਦਮ ਕਦਮ ਪੇ ਯਹਾਂ
ਰਾਹਜ਼ਨੋ ਨਾ ਖਤਰਾ ਹੈ,
ਜੁਦਾ ਜੁਦਾ ਨਾ ਚਲੋ
ਕਾਰਵਾਂ ਬਨਾ ਕੇ ਚਲੋ।