ਦਰਸ਼ਨ ਸਿੰਘ ਖਟਕੜ ਦਾ ਸ਼ੁਮਾਰ ਜੁਝਾਰੂ ਸ਼ਾਇਰਾਂ ਅਤੇ ਸਿਆਸਤਦਾਨਾਂ ਵਿਚ ਹੁੰਦਾ ਹੈ। ਉਹ ਅੱਧੀ ਸਦੀ ਪਹਿਲਾਂ ਉਠੀ ਨਕਸਲਵਾਦੀ ਲਹਿਰ ਦੇ ਚੋਟੀ ਦੇ ਸ਼ਾਇਰ ਤੇ ਆਗੂ ਵਜੋਂ ਉਭਰੇ ਸਨ ਅਤੇ ਅੱਜ ਤਕ ਇਸੇ ਲਹਿਰ ਨਾਲ ਜੁੜ ਕੇ ਆਪਣਾ ਬਣਦਾ-ਸਰਦਾ ਯੋਗਦਾਨ ਪਾ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਗਾਹੇ-ਬਗਾਹੇ ਲਹਿਰ ਨਾਲ ਜੁੜੀਆਂ ਯਾਦਾਂ ਝਰੀਟਣ ਦਾ ਕਾਰਜ ਵੀ ਅਰੰਭਿਆ ਹੋਇਆ ਹੈ।
‘ਸਵਾਂ ਨਦੀ ਦੀ ਇਕ ਰਾਤ’ ਲੇਖ ਵਿਚ ਉਸ ਰਾਤ ਦਾ ਜ਼ਿਕਰ ਹੈ ਜੋ ਸਫਰ ਵਿਚ ਹੀ ਲੰਘੀ ਸੀ। ਇਸ ਵਿਚ ਇਨ੍ਹਾਂ ਜੁਝਾਰੂ ਆਗੂਆਂ ਦੇ ਸਿਰੜ ਦੀ ਕਨਸੋਅ ਪੈਂਦੀ ਹੈ ਅਤੇ ਪ੍ਰੇਰਨਾ ਦੀਆਂ ਛੱਲਾਂ ਪਾਠਕ ਨੂੰ ਸਰਸ਼ਾਰ ਕਰਦੀਆਂ ਜਾਂਦੀਆਂ ਹਨ। -ਸੰਪਾਦਕ
ਦਰਸ਼ਨ ਸਿੰਘ ਖਟਕੜ
ਫੋਨ: 91-98151-29130
ਜੈਪਾਲ ਨੂੰ ਮੇਰੇ ਨਾਲੋਂ ਅਲੱਗ ਹੋਇਆਂ 10 ਕੁ ਦਿਨ ਹੋ ਗਏ ਸਨ। ਉਸ ਨੇ ਇਕ ਸਥਾਨਕ ਸਾਥੀ ਜੁਲਫੀ ਰਾਮ ਨੂੰ ਨਾਲ ਲੈ ਕੇ ਸੰਪਰਕਾਂ ਨੂੰ ਮਿਲ ਕੇ, ਇਜਲਾਸ ਲਈ ਰਿਪੋਰਟ ਦੀ ਸਮੱਗਰੀ ਇਕੱਤਰ ਕਰਨੀ ਸੀ ਅਤੇ ਮਿਥੀ ਤਰੀਕ ‘ਤੇ ਮਿਥੇ ਟਿਕਾਣੇ ‘ਤੇ ਪਹੁੰਚ ਜਾਣਾ ਸੀ।
ਦੋ ਤਿੰਨ ਦਿਨ ਮਗਰੋਂ ਤੈਅ ਕੀਤੇ ਟਿਕਾਣੇ ਅਤੇ ਤਰੀਕੇ ‘ਤੇ ਮੈਨੂੰ ਸਾਥੀ ਹਾਕਮ ਸਿੰਘ ਸਮਾਉਂ ਮਿਲ ਗਿਆ ਤੇ ਅਸੀਂ ਵੀ, ਹਫਤੇ ਤੱਕ ਅਲੱਗ ਇਲਾਕੇ ਦੇ ਹਮਦਰਦਾਂ ਤੇ ਸਰਗਰਮ ਸਾਥੀਆਂ ਨੂੰ ਮਿਲ ਕੇ, ਜੈਪਾਲ ਨੂੰ ਮਿਲਣ ਜਾਣਾ ਸੀ। ਸਮਾਂ 1970 ਦੇ ਅਗਸਤ ਦਾ ਪਹਿਲਾ ਅੱਧ ਸੀ।
ਮੈਂ ਤੇ ਸਾਥੀ ਹਾਕਮ ਸ਼ਾਮ ਦੇ 5:30 ਕੁ ਵਜੇ ਸਾਥੀ ਦਰਸ਼ਨ ਲਾਲ ਤੇ ਬਰਤੂ ਰਾਮ ਕੋਲੋਂ ਵਿਦਾ ਹੋਏ। ਦਰਸ਼ਨ ਲਾਲ ਦਾ ਘਰ ਗੋਬਿੰਦ ਸਾਗਰ ਝੀਲ ਦੀ ਇਕ ਬਾਹੀ ‘ਤੇ ਪਹਾੜ ਦੇ ਬਿਲਕੁਲ ਪੈਰਾਂ ‘ਚ ਸੀ। ਸਾਹਮਣੀ ਚੜ੍ਹਾਈ ਕਰੀਬ ਡੇਢ ਘੰਟੇ ‘ਚ ਚੜ੍ਹਨੀ ਸੀ ਤਾਂ ਕਿ ਸਿਖਰ ‘ਤੇ ਪਹੁੰਚਣ ਤੱਕ ਸੂਰਜ ਮਿਟ ਜਾਵੇ ਅਤੇ ਘੁਸਮੁਸਾ ਹੋ ਜਾਵੇ। ਅਗਲਾ ਸਫਰ ਰਾਤ ਪਈ ਹੀ ਪੂਰਾ ਕਰਨਾ ਸੀ।
ਅਸੀਂ ਪਹਿਲੇ ਅੱਧੇ ਘੰਟੇ ਦੀ ਚੜ੍ਹਾਈ ਚੜ੍ਹ ਕੇ ਦਮ ਲੈਣ ਅਤੇ ਨੇਰ੍ਹੇ ਨੂੰ ਨੇੜੇ ਕਰਨ ਲਈ ਰੁਕ ਗਏ। ਟਰਾਂਜ਼ਿਸਟਰ ਚਾਲੂ ਕੀਤਾ ਤੇ 6:00 ਵਜੇ ਦਾ ਹਿੰਦੀ ਬੁਲਿਟਨ ਸੁਣਨ ਲੱਗੇ। ਖੈਰ ਨਹੀਂ ਸੀ। ਵੱਡਾ ਨੁਕਸਾਨ ਸੀ। ਖਬਰ ਸੀ, ਆਂਧਰਾ ਪ੍ਰਦੇਸ਼ ਦੇ ਸਿਰੀਕਾਕੂਲਮ ਜ਼ਿਲ੍ਹੇ ਦਾ ਮਸ਼ਹੂਰ ਆਦਿਵਾਸੀ ਆਗੂ ਵੀ. ਸੱਤਿਆ ਨਰਾਇਣਨ ਮਾਰਿਆ ਗਿਆ। ਸਪਸ਼ਟ ਹੀ ਸੀ ਕਿ ਅਖੌਤੀ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ। ਖੜ੍ਹੇ ਹੋ ਕੇ ਮੌਨ ਸ਼ਰਧਾਂਜਲੀ ਦੇ ਕੇ ਸਲੂਟ ਕੀਤਾ ਤੇ ਮੋਹਰਲੀ ਚੜ੍ਹਾਈ ਚੜ੍ਹਨ ਲੱਗ ਪਏ। ਪਹਾੜ ਦੀ ਚੋਟੀ ਉਪਰ ਹਾਲਾਂ ਵੀ ਲੋਅ ਸੀ ਪਰ ਢਲਾਣਾਂ ਉਪਰ ਗੂੜ੍ਹੇ ਸਲੇਟੀ ਪਰਛਾਵੇਂ ਉਤਰ ਆਏ ਸਨ। ਪਹਾੜਾਂ ‘ਚ ਅਕਸਰ ਇਉਂ ਹੀ ਹੁੰਦਾ ਹੈ। ਪਹਾੜ ਉਪਰ ਸਿਖਰਲੀ ਸੜਕ ‘ਤੇ ਪਹੁੰਚੇ ਤਾਂ ਇਥੇ ਵੀ ਪਰਛਾਵੇਂ ਗੂਹੜੇ ਹੋ ਗਏ ਸਨ। ਸਾਹਮਣੇ ਇਕ ਧੁਆਂਖੀ ਜਿਹੀ ਦੁਕਾਨ ਸੀ ਜਿਥੋਂ ਅਸੀਂ ਰਾਤ ਨੂੰ ਭੁੱਖ ਮਿਟਾਉਣ ਲਈ ਇਕ ਕਿਲੋ ਵੇਸਣ ਤੇ ਅੱਧਾ ਕਿਲੋ ਸ਼ੱਕਰਪਾਰੇ ਲੈ ਲਏ। ਬਿਨਾ ਦੁੱਧ ਦੇ ਚਾਹ ਦਾ ਕੱਪ ਅੰਦਰ ਸਿੱਟ ਅਸੀਂ ਊਨੇ ਨੂੰ ਜਾਂਦੀ ਇਸ ਸੜਕੇ ਚੜ੍ਹ ਗਏ।
ਊਨਾ ਇਥੋਂ 12 ਕੁ ਕਿਲੋਮੀਟਰ ਸੀ। ਸੜਕ ਬਹੁਤੀ ਨਹੀਂ ਸੀ ਚੱਲਦੀ, ਰਾਤ ਨੂੰ ਤਾਂ ਖਾਸ ਕਰਕੇ। ਸੜਕ ਦੇ ਦੋਨੋਂ ਪਾਸੇ ਰੋਡੀਆਂ ਪਹਾੜੀ ਠੇਰੀਆਂ ਸਨ। ਇਧਰਲੇ ਪਾਸੇ ਸੁੱਕਾ ਪਹਾੜ ਸੀ ਪਰ ਕਿਤੇ ਕਿਤੇ ਪਾਣੀ ਦੇ ਕੁਦਰਤੀ ਚਸ਼ਮਿਆਂ ਉਪਰ ਬੌਲੀਆਂ ਬਣਾਈਆਂ ਹੋਈਆਂ ਸਨ। ਹਾਕਮ ਇਧਰ ਗੇੜੇ ਮਾਰ ਗਿਆ ਸੀ ਜਿਸ ਕਰਕੇ ਉਸ ਨੂੰ ਬੌਲੀਆਂ ਵਾਲੀਆਂ ਥਾਂਵਾਂ ਦਾ ਮੋਟਾ ਮੋਟਾ ਅਨੁਮਾਨ ਸੀ। ਪਿਆਸ ਬੁਝਾਉਣ ਦਾ ਇਹੋ ਹੀ ਇਕ ਸਾਧਨ ਸੀ। ਸੜਕ ਚੜ੍ਹਾਈਆਂ ਉਤਰਾਈਆਂ ਨਾਲ ਨੱਥੀ ਪਈ ਸੀ। ਉਸ ਰਾਤ ਸ਼ਾਇਦ ਪੂਰਨਮਾਸ਼ੀ ਸੀ। ਚੰਦ ਚਾਨਣੀ ਦੂਰ ਦੂਰ ਤਕ ਰੋਡੇ ਪਹਾੜ ਉਪਰ ਵਿਛੀ ਪਈ ਸੀ। ਚੰਨ ਤੇ ਤਾਰੇ ਨਿੱਖਰੇ ਪਏ ਸਨ। ਬਰਸਾਤੀ ਮੌਸਮ ਕਾਰਨ ਅਸਮਾਨ ਦੀ ਨੀਲੱਤਣ ਉਪਰੋਂ ਧੂੜ-ਕਣ ਝੜ ਗਏ ਸਨ ਅਤੇ ਉਹ ਹੋਰ ਵੀ ਗੂੜ੍ਹੀ ਹੋ ਕੇ ਰੂਪਮਤੀ ਹੋਈ ਬੈਠੀ ਸੀ। ਚਾਰੇ ਪਾਸੇ ਸੰਨਾਟਾ ਸੀ। ਕੁਦਰਤ ਦੇ ਸਾਜਿੰਦਿਆਂ ਤੇ ਗੀਤਕਾਰਾਂ ਦੀ ਕਮੀ ਨਹੀਂ ਸੀ। ਬੀਂਡੇ, ਟਿੱਡੇ, ਡੱਡੂ ਆਦਿ ਆਪੋ-ਆਪਣੇ ਸੁਰਾਂ ਵਿਚ ਮਗਨ ਸਨ। ਟਟਹਿਣਿਆਂ ਦੇ ਜੋਬਨ ਦੀ ਦਹਿਕ ਚਾਨਣੀ ਨੇ ਮਾਤ ਪਾ ਰੱਖੀ ਸੀ ਪਰ ਕਿਤੇ ਕਿਤੇ ਪਰਛਾਵਿਆਂ ਹੇਠਲੀਆਂ ਝਾੜੀਆਂ ਉਪਰ ਉਨ੍ਹਾਂ ਦੇ ਝੁੰਡ ਆਪਣੇ ਚੌਗਿਰਦੇ ਨੂੰ ਝਿਲਮਿਲਾਉਂਦੇ ਸਨ। ਕੁਦਰਤ ਦਾ ਜਲੌਅ ਦੇਖਣ ਤੇ ਮਾਣਨਯੋਗ ਸੀ ਪਰ ਇਸ ਖਾਤਰ ਬੇਫਿਕਰੀ ਤੇ ਫੁਰਸਤ ਚਾਹੀਦੀ ਸੀ ਜੋ ਗੈਰ-ਹਾਜ਼ਰਾਂ ਵਾਂਗ ਰਹਿੰਦੀ ਸੀ।
ਸੜਕ ਮੋੜਾਂ ਨਾਲ ਵੀ ਭਰੀ ਪਈ ਸੀ। ਸੰਸਾ ਇਹ ਸੀ ਕਿ ਕਿਤੇ ਪੁਲਿਸ ਦੀ ਗਸ਼ਤੀ ਟੋਲੀ ਨਾਲ ਵਾਹ ਨਾ ਪੈ ਜਾਵੇ। ਪਹਿਰਾਵੇ ਪੱਖੋਂ ਤਾਂ ਅਸੀਂ ਪਛਾਣ ਨਹੀਂ ਸੀ ਹੋਣਾ, ਪਰ ਬੋਲੀ ਨੇ ਭੇਤ ਖੋਲ੍ਹ ਦੇਣਾ ਸੀ। ਇਸ ਕਰਕੇ ਇਕ ਮੋੜ ਤੋਂ ਦੂਸਰੇ ਮੋੜ ਤੱਕ ਦਾ ਫਾਸਲਾ ਤੇਜ਼ੀ ਨਾਲ ਤੈਅ ਕਰਨਾ ਹੁੰਦਾ ਸੀ। ਮੋਹਰਲੇ ਪਾਸੇ ਦੀ ਬਿੜਕ ਵੀ ਰੱਖਣੀ ਸੀ, ਇਸ ਕਰਕੇ ਖੁੱਲ੍ਹ ਕੇ ਗੱਲਬਾਤ ਵਿਚ ਵੀ ਪਿਆ ਨਹੀਂ ਸੀ ਜਾ ਸਕਦਾ। ਫਿਰ ਵੀ ਟੋਟਕਿਆਂ ਦਾ ਨਿਰੰਤਰ ਹੁੰਗਾਰਾ ਜਾਰੀ ਸੀ।
ਹਾਲਾਂ ਪਹਿਲੀ ਉਤਰਾਈ ਤੋਂ ਪਿੱਛੇ, ਪਹਾੜ ਦੀ ਚੋਟੀ ‘ਤੇ ਹੀ ਸਾਂ ਕਿ ਮੋਹਰਿਉਂ ਤੇਜ਼ ਰਫਤਾਰ ਵਾਹਨ ਦੀ ਆਵਾਜ਼ ਆ ਕੰਨੀ ਪਈ। ਅਸੀਂ ਦੋਵੇਂ ਖੱਬੇ ਪਾਸੇ ਖੜ੍ਹੀ ਮੱਕੀ ਦੀ ਫਸਲ ਦੀ ਓਟ ਵਲ ਵਧੇ ਪਰ ਬੰਨਾ ਟੱਪਣ ਲੱਗੇ ਕੰਡੇਦਾਰ ਤਾਰ ‘ਚ ਫਸ ਗਏ। ਕਪੜੇ ਛੁੜਾ ਕੇ ਮੱਕੀ ‘ਚ ਜਾ ਟੇਢੇ ਹੋਏ। ਟਰੱਕ ਲੰਘਿਆ ਤਾਂ ਮੁੜ ਕੇ ਸੜਕੇ ਆ ਪਏ। ਇਹ ਪੁਲਿਸ ਦਲ ਦੀ ਗਸ਼ਤ ਨਹੀਂ ਸੀ।
ਦੋ ਬੌਲੀਆਂ ਕੋਲ ਅਸੀਂ ਵੀਹ-ਵੀਹ ਮਿੰਟ ਰੁਕੇ। ਥਕਾਵਟ ਝਾੜੀ ਤੇ ਪਿਆਸ ਬੁਝਾਈ। ਦੋਹੀਂ ਥਾਂਈਂ ਆਂਧਰਾ ਅਤੇ ਸਿਰੀਕਾਕੂਲਮ ਦੀ ਨਕਸਲੀ ਲਹਿਰ, ਉਸ ਦਾ ਜਨਤਕ ਆਧਾਰ, ਇਕ ਤੋਂ ਬਾਅਦ ਦੂਸਰੇ ਆਗੂ ਦੀ ਸ਼ਹੀਦੀ ਜਾਂ ਗ੍ਰਿਫਤਾਰੀ, ਸਾਡੀ ਗੱਲਬਾਤ ‘ਤੇ ਛਾਈ ਰਹੀ। ਆਦਿਵਾਸੀ ਅਤੇ ਜੰਗਲੀ ਖੇਤਰ ਵਿਚ ਵੀ ਇੰਨਾ ਨੁਕਸਾਨ ਕਿਵੇਂ ਹੋਈ ਜਾ ਰਿਹਾ? ਜਵਾਬੀ ਕਾਰਵਾਈ ਕੀਤੀ ਤਾਂ ਜਾਂਦੀ ਸੀ ਪਰ ਲੋਂੜੀਦੇ ਪੱਧਰ ਦੀ ਨਹੀਂ ਸੀ। ਆਖਰ ਆਗੂ ਸਾਥੀ ਕਿਵੇਂ ਸੋਚਦੇ ਹਨ? ਇਹ ਵਿਚਾਰਾਂ ਕਰਦੇ ਅਤੇ ਉਤਰੀ ਭਾਰਤ ਦੇ ਵਿਸ਼ਾਲ ਤੇ ਵਿਰਾਟ ਪਹਾੜਾਂ ਤੇ ਜੰਗਲਾਂ ਵਿਚ ਆਧਾਰ ਇਲਾਕੇ ਦੀ ਕਾਇਮੀ ਦਾ ਸਾਡਾ ਫੈਸਲਾ ਸਾਨੂੰ ਤਸੱਲੀ ਦੇ ਰਿਹਾ ਸੀ। ਇਹ ਇਕ ਐਸਾ ਹੁਲਾਰਾ ਸੀ ਜੋ ਕਿਸੇ ਵੀ ਔਖਿਆਈ ਨਾਲ ਟਕਰਾਉਣ ਦੀ ਪ੍ਰੇਰਨਾ ਦਿੰਦਾ ਸੀ।
ਅਸੀਂ ਤੋਰ ਦੀ ਰਫਤਾਰ ਜਾਣ-ਬੁੱਝ ਕੇ ਮੱਧਮ ਰੱਖੀ ਕਿਉਂਕਿ ਊਨੇ ਨੂੰ ਸੁੱਤੇ ਪਏ ਨੂੰ ਪਾਰ ਕਰਨਾ ਚਾਹੁੰਦੇ ਸਾਂ। ਮੈਂ ਊਨੇ ਸ਼ਹਿਰ ‘ਚ ਬਹੁਤ ਘੱਟ ਪੈਰ ਪਾਇਆ ਸੀ। ਕਾਮਰੇਡ ਹਾਕਮ ਕਈ ਵਾਰੀ ਦਿਨੇ ਵੀ ਸ਼ਹਿਰ ‘ਚ ਵਿਚਰਿਆ ਸੀ। ਦਿਨ ਵੇਲੇ ਤਾਂ ਇਧਰੋਂ ਲੰਘਣਾ ਅਸੀਂ ਕਦੇ ਵੀ ਨਾ ਚੁਣਦੇ। ਰਾਤ ਇਸੇ ਕਰਕੇ ਪੁਆਈ ਸੀ ਕਿ ਸੁੱਤੇ ਪਏ ਸ਼ਹਿਰ ਦੀ ਵੱਖੀ ‘ਚੋਂ ਲੰਘਣ ਲਈ ਅੱਧੀ ਰਾਤ ਦਾ ਸਮਾਂ ਹੀ ਢੁੱਕਵਾਂ ਰਹੇਗਾ।
ਬਹਿੰਦੇ-ਉਠਦੇ, ਲੜ ਬੰਨ੍ਹੀ ਮਠਿਆਈ ਨੂੰ ਡੁੰਗਦੇ ਡੁੰਗਦੇ ਤੇ ਪਿਆਸ ਬੁਝਾਉਂਦੇ ਅਸੀਂ ਊਨੇ ਦੀ ਫਿਰਨੀ ‘ਤੇ ਆ ਚੜ੍ਹੇ ਸਾਂ। ਘੜੀ ਦੇਖੀ ਤਾਂ ਰਾਤ ਦੇ 12 ਵਜ ਚੁੱਕੇ ਸਨ।
ਸਿੱਧੇ ਜਾ ਕੇ ਸਵਾਂ ਨਦੀ ਦੇ ਪੁਲ ਤੋਂ ਲੰਘ ਕੇ ਜਾਣਾ ਹੁੰਦਾ, ਤਾਂ ਪੈਂਡਾ ਤਿੰਨ ਕੁ ਮੀਲ ਤੋਂ ਵੱਧ ਨਹੀਂ ਸੀ ਪਰ ਪੁਲ ਉਪਰ ਪੁਲਿਸ ਚੌਕੀ ਸੀ। ਪੈਂਡਾ ਭਾਵੇਂ ਛੋਟਾ ਸੀ ਪਰ ਗ੍ਰਿਫਤਾਰੀ ਜਾਂ ਟੱਕਰ ਨੂੰ ਸੱਦਾ ਦੇਣ ਵਾਲਾ ਸੀ। ਇਸ ਕਰਕੇ ਲੰਬਾ, ਔਖਾ ਤੇ ਖਤਰੇ ਭਰਪੂਰ ਦੂਜਾ ਰਾਹ ਹੀ ਸਾਡੇ ਰਾਸ ਸੀ।
ਕਾਮਰੇਡ ਹਾਕਮ ਪਹਿਲਾਂ ਇਸ ਰਾਹੋਂ ਦਿਨ ਵੇਲੇ ਲੰਘ ਚੁੱਕਾ ਸੀ। ਇਸ ਕਰਕੇ ਉਹ ਅੱਗੇ ਤੇ ਮੈਂ ਉਸ ਦੇ ਪਿੱਛੇ ਹੋ ਤੁਰਿਆ। ਉਸ ਨੇ ਆਖਰ ਉਹ ਪੈਰ-ਡੰਡੀ ਵਰਗਾ ਰਾਹ ਟੋਹ ਲਿਆ ਜਿਸ ‘ਤੇ ਅਸੀਂ ਚੱਲਣਾ ਸੀ। ਝਾੜੀਆਂ, ਸਰਵਾੜ ਤੇ ਘਾਹ ਨਾਲ ਲੱਦੇ ਇਸ ਰਾਹ ਉਪਰ ਦੋ ਕੁ ਮੀਲ ਦਾ ਸਫਰ ਕਰਕੇ ਕਾਮਰੇਡ ਹਾਕਮ ਨੇ ਸੱਜੇ ਹੱਥ ਮੁੜਨ ਦਾ ਫੈਸਲਾ ਸੁਣਾਇਆ। ਸਾਹਮਣੇ ਚਰ੍ਹੀ ਤੇ ਮੱਕੀ ਦੀ ਫਸਲ ਜੰਗਲ ਵਾਂਗ ਚੁਣੌਤੀ ਦੇ ਰਹੀ ਸੀ। ਚਾਨਣੀ ਨਾਲ ਸੀ, ਇਸ ਕਰਕੇ ਇਕ ਬੰਨਾ ਜਾ ਫੜਿਆ। ਇਹ ਘਾਹ ਨਾਲ ਲੱਦਿਆ ਪਿਆ ਸੀ।
ਮੱਕੀ ਦੇ ਖੇਤਾਂ ਵਿਚ ਅਸੀਂ ਵੜਨਾ ਨਹੀਂ ਸੀ ਚਾਹੁੰਦੇ ਕਿਉਂਕਿ ਰਾਤ ਨੂੰ ਲੋਕ ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਕਰਨ ਲਈ ਮਣਿਆਂ ਉਪਰ ਜਾਗ ਕੇ ਪਹਿਰੇਦਾਰੀ ਕਰਦੇ ਸਨ। ਪਟਾਕਿਆਂ ਨਾਲ ਠਾਹ-ਠੂਹ ਵੀ ਕਰਦੇ। ਗੁਲੇਲੇ ਚਲਾਉਂਦੇ ਤੇ ਕੁਝ ਖਾਂਦੇ-ਪੀਂਦੇ ਲੋਕ ਇਕ ਨਾਲੀ ਬੰਦੂਕ ਵੀ ਰੱਖਦੇ ਅਤੇ ਖੜਕੇ ਦਾ ਅਨੁਮਾਨ ਲਾ ਕੇ ਗੋਲੀ ਵੀ ਚਲਾ ਦਿੰਦੇ। ਇਸ ਕਰਕੇ ਮੱਕੀ ਦੇ ਖੇਤ ਤੋਂ ਦੂਰ ਰਹਿ ਕੇ ਜਾਣਾ ਪੈਣਾ ਸੀ। ਇਸ ਖਦਸ਼ੇ ਨੇ ਸਾਡੀ ਮੁਸ਼ਕਿਲ ਵਧਾ ਦਿੱਤੀ। ਕਈ ਬੰਨੇ ਛੱਡ ਕੇ, ਦੂਸਰੇ ਫੜਨੇ ਪਏ। ਕਿਤੇ ਕਿਤੇ ਚਰ੍ਹੀ ਦੇ ਖੇਤ ਵਿਚੋਂ ਹੀ ਗੁਜ਼ਰਨਾ ਪਿਆ। ਬਰਸਾਤੀ ਮੌਸਮ ਕਰਕੇ ਸੱਪ-ਸਪੂਲੀ ਦਾ ਖਤਰਾ ਵੀ ਮੌਜੂਦ ਸੀ। ਇਸ ਖਤਰੇ ਤੋਂ ਬਚਣ ਲਈ ਅਸੀਂ ਖੇਤੀਂ ਵੜਨ ਤੋਂ ਪਹਿਲਾਂ ਹੀ ਜਰਾਬਾਂ ਪਾ ਕੇ ਆਪਣੇ ਪਜਾਮੇ ਜਰਾਬਾਂ ‘ਚ ਦੇ ਲਏ ਤੇ ਕੱਪੜੇ ਦੇ ਬੂਟਾਂ ਨਾਲ ਅੱਗੇ ਵਧਣ ਲੱਗੇ ਸਾਂ। ਕਿਤੇ ਕਿਤੇ ਕੰਡੇਦਾਰ ਵਾੜਾਂ ਨਾਲ ਵੀ ਫਸ-ਫਸਾਈ ਹੋ ਗਈ ਅਤੇ ਇਕ ਝਾੜੀ ਦੇ ਕੰਡਿਆਂ ਵਰਗੇ ਪੱਤੇ ਕੱਪੜਿਆਂ ਨਾਲ ਆ ਚਿੰਬੜੇ ਤੇ ਹੱਥਾਂ ‘ਤੇ ਲੜਨ ਲੱਗੇ। ਟਿਕੀ ਰਾਤ ‘ਚ ਫਸਲਾਂ ‘ਚ ਵੱਜਣ ਤੇ ਚਰ੍ਹੀ ਦੇ ਟਾਂਡਿਆਂ ਨੂੰ ਇਧਰ ਉਧਰ ਕਰਨ ਦਾ ਖੜਾਕ ਆਪਣੇ ਕੰਨਾਂ ਨੂੰ ਪਰੇਸ਼ਾਨ ਕਰੀ ਜਾਂਦਾ ਸੀ। ਮੋਹਰੇ ਕੋਈ ਰਾਹ ਨਹੀਂ ਸੀ ਲੱਭਦਾ।
ਕਾਮਰੇਡ ਹਾਕਮ ਤਾਰੇ ਦੇਖ ਕੇ ਦਿਸ਼ਾ ਅਤੇ ਰਾਹ ਲੱਭਣ ‘ਚ ਕਾਫੀ ਮਾਹਰ ਸੀ, ਫੇਰ ਵੀ ਫਸਲਾਂ ਦੇ ਜੰਗਲ ਨੇ ਸਾਨੂੰ ਉਲਝਾ ਲਿਆ। ਤੀਰ ਤੁੱਕਾ ਲਾ ਕੇ ਪਾਰ ਲੰਘਣ ਵਾਲੀ ਹਾਲਤ ਹੋ ਗਈ। ਧਰੂ ਤਾਰੇ ਨੂੰ ਦੇਖ ਕੇ, ਅਸੀਂ ਊਨੇ ਨੂੰ ਹਰ ਹਾਲਾਤ ਵਿਚ ਆਪਣੇ ਸੱਜੇ ਹੱਥ ਹੀ ਰੱਖ ਰਹੇ ਸਾਂ ਤੇ ਘੁੰਮ ਘੁੰਮਾ ਕੇ ਵੀ ਆਪਣੀ ਸੇਧ ਪੱਛਮ ਵਲ ਰੱਖਦੇ ਹੋਏ ਖੱਬੇ ਪਾਸੇ ਦੇ ਤਿਰਛੇ ਰੁਖ ਨੂੰ ਪਹਿਲ ਦੇ ਰਹੇ ਸਾਂ। ਇਸ ਪਹੁੰਚ ਨੇ ਸਾਨੂੰ ਊਨੇ ਵਲੋਂ ਤਾਂ ਸੁਰੱਖਿਅਤ ਰੱਖਿਆ ਪਰ ਘੁੰਮਣ ਘੇਰੀ ਵਿਚ ਫਸਣੋਂ ਨਹੀਂ ਬਚਾਇਆ। ਫਸਲਾਂ ਵਿਚ ਬੈਠ ਕੇ ਦਮ ਵੀ ਨਹੀਂ ਸੀ ਲੈ ਹੁੰਦਾ। ਹਵਾ ਰੁਕੀ ਹੋਈ ਸੀ। ਮੁੜ੍ਹਕਾ ਰੁਕਣ ਦਾ ਨਾਂ ਨਹੀਂ ਸੀ ਲੈਂਦਾ। ਪਾਣੀ ਦਾ ਘੁੱਟ ਵੀ ਕੋਲ ਨਹੀਂ ਸੀ। ਸਾਡੇ ਗਲ ਤੇ ਬੁੱਲ੍ਹ ਖੁਸ਼ਕ ਹੋਣ ਲੱਗ ਪਏ। ਕਿੰਨਾ ਹੀ ਚਿਰ ਅਸੀਂ ਘੌਚਲਦੇ ਰਹੇ। ਅਖੀਰ ਸਾਡੀ ਸਹਿਜਤਾ ਤੇ ਮਨ-ਇਕਾਗਰਤਾ ਕੰਮ ਆ ਗਈ। ਇਕ ਬੰਨੇ ‘ਤੇ ਚਲਦੇ ਸਮੇਂ ਸਾਨੂੰ ਸਾਹਮਣੇ ਖਾਲੀ ਜਗ੍ਹਾ ਨਜ਼ਰ ਪਈ। ਆਖਰ ਅਸੀਂ ਫਸਲਾਂ ਲੰਘ ਕੇ, ਸਵਾਂ ਨਦੀ ਦੇ ਰੇਤਲੇ ਮੰਡ ਵਿਚ ਆ ਵੜੇ ਸਾਂ।
ਫਸਲਾਂ ਦੇ ਹਾਰ ‘ਚੋਂ ਨਿਕਲਦੇ ਹੀ ਅਸੀਂ ਥੱਪ ਥੱਪ ਕਰਕੇ ਪੈਰ ਧਰਤੀ ‘ਤੇ ਮਾਰੇ ਤੇ ਲੱਗੀ ਰੇਤ ਨੂੰ ਝਾੜਦਿਆਂ ਪਤਾ ਨਹੀਂ ਦੋਵੇਂ ਕਿਉਂ ਹੱਸ ਪਏ। “ਮਸੀਂ ਯੱਭ ‘ਚੋਂ ਨਿਕਲੇ ਆਂ ਬਾਈ।” ਹਾਕਮ ਨੇ ਕਿਹਾ। ਅਸੀਂ ਤਸੱਲੀ ਨਾਲ ਅੱਗੇ ਵਧੇ।
ਥੱਕ ਕੇ ਚੂਰ ਹੋ ਗਏ ਸਾਂ! ਨਦੀ ਦਾ ਇਹ ਪਾਸਾ ਉਚਾ ਸੀ ਤੇ ਇਧਰ ਛੰਭ ਨਹੀਂ ਸੀ। ਦੂਰ ਤੱਕ ਚਿੱਟੀ ਰੇਤ ਚਮਕ ਰਹੀ ਸੀ। ਵਿਚ ਵਿਚ ਕਾਹੀ ਦੇ ਬੂਟੇ ਸਨ। ਕਈ ਸਿੱਲ੍ਹਾਂ ਵਰਗੇ ਵੱਡੇ ਤੇ ਬਹੁ-ਨੁੱਕਰੀ ਪੱਥਰ ਪਏ ਸਨ। ਅਸੀਂ ਜਾਂਦੇ ਹੀ ਇਕ ਪੱਥਰ ਦੀ ਢੋਹ ਲਾ ਕੇ ਲੱਤਾਂ ਪਸਾਰ ਕੇ ਠੰਢੀ ਰੇਤ ‘ਤੇ ਬੈਠ ਗਏ। ਪਹਿਲੀ ਲੋੜ ਪਾਣੀ ਸੀ। ਇਧਰ ਉਧਰ ਲੱਭਿਆ, ਨਾ ਕੋਈ ਚੁਆਟ, ਨਾ ਕੋਈ ਸੀਰ ਤੇ ਨਾ ਕੋਈ ਟੋਆ ਨਜ਼ਰੀ ਪਿਆ। ਹੱਥਾਂ ਨਾਲ ਰੇਤ ਪੁਟ ਕੇ ਪਾਣੀ ਦੀ ਚੁਆਟ ਲੱਭਣ ਦੀ ਕੋਸ਼ਿਸ਼ ਵੀ ਬੇਕਾਰ ਗਈ। ਹੁਣ ਆਪਣੇ ਲਬ ਤੋਂ ਬਿਨਾ ਬੁੱਲ੍ਹ ਤੇ ਗਲਾ ਤਰ ਕਰਨ ਤੋਂ ਬਿਨਾ ਕੁਝ ਵੀ ਨਹੀਂ ਸੀ। ਨਦੀ ਵਿਚ ਤਿਲਕਣ ਦਾ ਡਰ ਸੀ। ਅੱਕ ਕੇ ਫਿਰ ਢੋਹ ਲਾ ਕੇ ਬੈਠ ਗਏ ਅਤੇ ਆਪਣੀ ਪੋਟਲੀ ਖੋਲ੍ਹ ਲਈ। ਵੇਸਣ ਤੇ ਸ਼ੱਕਰਪਾਰੇ ਮੁਕਾ ਕੇ ਢਿੱਡ ਨੂੰ ਝੁਲਕਾ ਦਿੱਤਾ ਪਰ ਪਾਣੀ ਪਹੁੰਚੋਂ ਬਾਹਰ ਹੀ ਰਿਹਾ। ਸਿਗਰਟ ਕੱਢੀ ਤੇ ਕਸ਼ ਮਾਰਨੇ ਸ਼ੁਰੂ ਕੀਤੇ। ਫਿਰ ਸਿੱਧੇ ਸਪਾਟ ਰੇਤੇ ‘ਤੇ ਲਿਟ ਗਏ। ਇਕ ਜੀਅ ਕਰੇ ਕਿ ਇਥੇ ਹੀ ਸੌਂ ਜਾਈਏ। ਸਵੇਰੇ ਮੂੰਹ ਨੇਰ੍ਹੇ ਤੁਰ ਪਵਾਂਗੇ। ਘੜੀ ਤੜਕੇ ਦੇ ਸਾਢੇ ਤਿੰਨ ਵਜਾ ਰਹੀ ਸੀ। ਜੇ ਅੱਖ ਲੱਗ ਗਈ ਤਾਂ ਪਤਾ ਨਹੀਂ ਸਵੇਰੇ ਸੂਰਜ ਚੜ੍ਹਨ ਤੱਕ ਜਾਗ ਹੀ ਨਾ ਆਵੇ। ਉਦੋਂ ਤੱਕ ਆਵਾਜਾਈ ਸ਼ੁਰੂ ਹੋ ਜਾਵੇਗੀ। ਨਦੀ ਦੇ ਘਾਟਾਂ/ਪੱਤਣਾਂ ‘ਤੇ ਪੁਲਿਸ ਗਸ਼ਤ ਦੀਆਂ ਖਬਰਾਂ ਵੀ ਸਨ। ਆਖਰ ਫੈਸਲਾ ਕੀਤਾ ਕਿ ‘ਉਠਿਆ ਜਾਵੇ ਤੇ ਚੱਲਿਆ ਜਾਵੇ।’
ਚੰਨ ਚਾਨਣੀ ਮਾਰਗ ਦਰਸ਼ਕ ਬਣ ਰਹੀ ਸੀ। ਸਾਨੂੰ ਨਦੀ ਦੇ ਘਾਟ/ਪੱਤਣ ਦੀ ਤਲਾਸ਼ ਸੀ। ਘੋਖਿਆ ਤਾਂ ਨਦੀ ਵਲ ਪੈਰਾਂ ਦੇ ਕੁੱਝ ਨਿਸ਼ਾਨ ਅਤੇ ਸਾਈਕਲ ਦੇ ਟਾਇਰ ਦੇ ਨਿਸ਼ਾਨ ਮਿਲੇ। ਉਨ੍ਹਾਂ ਦਾ ਪਿੱਛਾ ਕਰਕੇ ਅਸੀਂ ਨਦੀ ਦੇ ਕਿਨਾਰੇ ਪਹੁੰਚ ਗਏ। ਕੰਢੇ ਤੋਂ ਪਹਿਲਾਂ ਹੀ ਇਹ ਨਿਸ਼ਾਨ ਮਿਟ ਗਏ ਪਰ ਇਹ ਦੱਸ ਗਏ ਕਿ ਪੱਤਣ ਇਥੇ ਹੀ ਹੈ।
ਅਗਲੀ ਸਮੱਸਿਆ ਪਾਣੀ ਦੀ ਡੂੰਘਾਈ ਦਾ ਪਤਾ ਲਾਉਣਾ ਸੀ। ਨਦੀ ਨੱਕੋ ਨੱਕ ਭਰੀ ਪਈ ਸੀ। ਸਾਡੇ ਕੋਲ ਲਾ ਕੋਈ ਰੱਸਾ, ਨਾ ਕੋਈ ਸੋਟਾ। ਪੱਥਰ ਲੱਭਣ ਲੱਗੇ ਤਾਂ ਛੋਟੇ ਪੱਥਰ ਨਾ ਮਿਲਣ। ਦੋ ਤਿੰਨ ਕਿਲੋ ਦੇ ਪੱਥਰ ਬਹੁਤ ਦੂਰ ਨਾ ਡਿੱਗੇ, ਜਿਥੇ ਡਿਗੇ ਉਥੋਂ ਗੜੂੰਦ ਦੀ ਗਹਿਰੀ ਆਵਾਜ਼ ਆਈ ਜੋ ਦੱਸ ਗਈ ਕਿ ਇਥੇ ਡੁੰਭ ਹੈ, ਪਾਣੀ ਡੂੰਘਾ ਹੈ। ਫਿਰ ਕਾਹੀ ਦੇ ਬੂਟੇ ਜੁੰਡਿਆਂ ਸਮੇਤ ਪੁੱਟ ਲਏ। ਜੁੰਡਾਂ ਨਾਲ ਕਿੰਨਾ ਸਾਰਾ ਰੇਤਾ ਵੀ ਚਿੰਬੜਿਆ ਪਿਆ ਸੀ। ਹੈਮਰਥਰੋ ਵਾਂਗ ਘੁਮਾ ਕੇ ਨਦੀ ਵਿਚ ਸੁੱਟੇ ਤਾਂ ਉਹ ਬਹੁਤੀ ਦੂਰ ਗਏ ਹੀ ਨਾ ਅਤੇ ਨਾ ਹੀ ਕੋਈ ਸਾਫ ਆਵਾਜ਼ ਸੁਣੀ।
ਡੂੰਘਾਈ ਦੇ ਨਾਲ ਨਾਲ ਦੂਜੀ ਚੁਣੌਤੀ ਨਦੀ ਦੀ ਛੱਲ ਸੀ। ਸਵਾਂ ਨਦੀ ਦੀ ਛੱਲ ਬੜੀ ਬਦਨਾਮ ਹੈ। ਨਦੀ ਦੂਰ ਪਹਾੜਾਂ ‘ਚੋਂ ਨਿਕਲਦੀ ਹੈ। ਪਹਾੜਾਂ ‘ਚ ਪਾੜਾ ਛੋਟਾ ਪਰ ਪਾਣੀ ਦੀ ਰਫਤਾਰ ਤੇਜ਼ ਹੁੰਦੀ ਹੈ। ਵਾਦੀ ਵਿਚ ਆ ਕੇ ਰਫਤਾਰ ਤੇ ਡੂੰਘਾਈ ਘਟ ਜਾਂਦੀ ਹੈ। ਜੇ ਦੂਰ ਪਹਾੜਾਂ ‘ਚ ਮੀਂਹ ਪੈ ਜਾਵੇ ਤਾਂ ਹੇਠਾਂ ਪਤਾ ਨਹੀਂ ਲੱਗਦਾ। ਫਿਰ ਅਚਾਨਕ 5-6 ਫੁੱਟ ਉਚੀ ਤੇਜ਼ ਰਫਤਾਰ ਛੱਲ ਆਉਂਦੀ ਹੈ ਜੋ ਗੱਡੇ, ਬਲਦ ਤੇ ਊਠ ਜਿੱਡੇ ਜਾਨਵਰ ਨੂੰ ਵੀ ਰੋੜ੍ਹ ਲਿਜਾਂਦੀ ਹੈ। ਸਵਾਂ ਨਦੀ ਨੂੰ ਜੇ ਪਾਰ ਕਰਨਾ ਹੋਵੇ ਤਾਂ ਤੇਜ਼ੀ ਨਾਲ ਪਾਰ ਕਰਨਾ ਪੈਂਦਾ ਹੈ। ਅੱਜ ਬੱਦਲ ਨਹੀਂ ਸਨ ਦਿਸੇ। ਪੂਰੀ ਰਾਤ ਚਾਨਣੀ ਦਾ ਰਾਜ ਰਿਹਾ ਸੀ। ਇਸ ਕਰਕੇ ਛੱਲ ਦੀ ਸੰਭਾਵਨਾ ਘੱਟ ਸੀ ਪਰ ਪਾਣੀ ਦੀ ਡੂੰਘਾਈ ਸਮੱਸਿਆ ਬਣ ਕੇ ਖੜ੍ਹੀ ਸੀ।
ਫਿਰ ਸੋਚਿਆ ਕਿ ਦੇਖੀ ਜਾਊ, ਪੁਲ ਵਲ ਨੂੰ ਹੋ ਤੁਰਦੇ ਹਾਂ ਜੋ ਇਸ ਪੱਤਣ ਤੋਂ ਡੇਢ ਕੁ ਮੀਲ ਸੀ ਤੇ ਜਿੱਥੇ ਜਗਦੇ ਬਿਜਲੀ ਲਾਟੂ ਦੂਰੋਂ ਦਿਸਦੇ ਸਨ। ਕੁਝ ਦੂਰੀ ਤੱਕ ਉਪਰ ਨੂੰ ਤੁਰੇ, ਪਰ ਪੁਲਿਸ ਚੌਕੀ ਦੀ ਹੋਂਦ ਨੇ ਵਾਪਸ ਭੇਜ ਦਿੱਤਾ।
ਹੁਣ ਅੰਤਮ ਫੈਸਲਾ ਸੀ-ਸਵਾਂ ਪਾਰ ਕੀਤੀ ਜਾਵੇ। ਅਸੀਂ ਆਪਣੇ ਛੋਟੇ ਹਥਿਆਰ ਤੇ ਗੋਲੀ ਸਿੱਕਾ ਆਪੋ-ਆਪਣੀ ਪੋਟਲੀ ਵਿਚ ਬੰਨ੍ਹ ਪਰਨਿਆਂ ਵਿਚ ਅੜਾ ਕੇ ਸਿਰ ‘ਤੇ ਬੰਨ੍ਹ ਲਏ। ਹਾਕਮ ਮੋਹਰੇ, ਮੈਂ ਮਗਰ। ਉਹਦੇ ਖੱਬੇ ਤੇ ਮੇਰੇ ਸੱਜੇ ਦੀ ਕਰੰਘੜੀ ਬਣ ਗਈ। ਤੈਅ ਸੀ ਕਿ ਤੇਜ਼ ਵਹਾਅ ਕਾਰਨ ਪੈਰ ਚੁੱਕ ਕੇ ਅੱਗੇ ਨਹੀਂ ਧਰਨਾ, ਸਗੋਂ ਦੱਬ ਕੇ ਘਿਸਰਾ ਘਿਸਰਾ ਕੇ ਅੱਗੇ ਤੁਰਨਾ ਹੈ। ਨਦੀ ਦੇ ਡੂੰਘੇ ਵਗਦੇ ਵਹਿਣ ਦਾ ਪਾੜ ਕਰੀਬ ਵੀਹ ਕੁ ਗਜ਼ ਹੀ ਸੀ ਤੇ ਬਾਕੀ ਪਾੜ ‘ਚ ਪਾਣੀ ਥੋੜ੍ਹਾ ਸੀ। ਵੜਦੇ ਸਾਰ ਪਾਣੀ ਛਾਤੀ ਤੱਕ ਆ ਚੜ੍ਹਿਆ। ਆਉਂਦੇ ਪਾਣੀ ਵਲ ਤਿਰਛਾ ਰੁਖ ਕਰਕੇ ਅਸੀਂ ਪੈਰ ਘਿਸਰਾ ਕੇ ਰੱਖਣ ਲੱਗੇ। ਪੈਰ ਚੁੱਕ ਹੋਣ ਦਾ ਖਤਰਾ ਨੰਗਾ ਚਿੱਟਾ ਸੱਚ ਸੀ। ਪੰਜ ਕੁ ਗਜ਼ ਅੱਗੇ ਗਏ ਤਾਂ ਪਾਣੀ ਗਰਦਨ ਤਕ ਆ ਚੜ੍ਹਿਆ। ਇਹ ਖਤਰੇ ਵਾਲੀ ਗੱਲ ਲੱਗੀ। ਅੱਗੇ ਕਿਤੇ ਪਤਾ ਨਹੀਂ ਕਿਹੜੇ ਪਾਸੇ ਡੁੰਭ ਹੋਵੇ। ਫਿਰ ਪੈਰ ਘਿਸਰਾਏ ਤੇ ਅੱਗੇ ਵਧੇ। ਪਾਣੀ ਠੋਡੀਆਂ ਛੋਹਣ ਲੱਗਾ। ਕਰੰਘੜੀ ਮਜ਼ਬੂਤ ਕੀਤੀ। ਪੈਰਾਂ ਨੂੰ ਉਧਰ ਮੋੜਨਾ ਸ਼ੁਰੂ ਕੀਤਾ ਜਿਧਰ ਕੁਝ ਉਚਾ ਤਲ ਮਹਿਸੂਸ ਹੁੰਦਾ ਹੋਵੇ। ਤਿੰਨ ਚਾਰ ਗਜ ਘਿਸਰੇ ਤਾਂ ਪਾਣੀ ਠੋਡੀਆਂ ਤੱਕ ਹੀ ਰਿਹਾ। ਫਿਰ ਅਚਾਨਕ ਪਾਣੀ ਦਾ ਪੱਧਰ ਹੇਠਾਂ ਡਿੱਗ ਕੇ ਛਾਤੀ ਤਕ ਆ ਗਿਆ ਤੇ ਮੋਹਰੇ ਦਾ ਫਾਸਲਾ ਵੀ 3 ਕੁ ਗਜ ਦਾ ਹੀ ਸੀ। ਪਹਿਲੀ ਸ਼ੈਲੀ ਵਿਚ ਹੀ ਅਸੀਂ ਉਹ ਤਿੰਨ-ਚਾਰ ਗਜ ਵੀ ਸਰ ਕਰ ਲਏ। ਅਸੀਂ ਡੁੱਬਦੇ ਡੁੱਬਦੇ ਤਰ ਨਿਕਲੇ ਸਾਂ। ਇਸ ਪਾਰ-ਪਰਾਈ ਵਿਚ ਕਰੀਬ ਅੱਧਾ ਘੰਟਾ ਲੱਗ ਗਿਆ। ਸਵੇਰ ਦੇ ਪੰਜ ਵੱਜ ਚੁੱਕੇ ਸਨ। ਰਾਤ ਪਿੱਛੇ ਰਹਿ ਗਈ ਸੀ ਪਰ ਨਾਲ ਹੀ ਵੱਡਾ ਗੰਦਾ ਛੰਭ ਸੀ ਜੋ ਅਸੀਂ ਛੇਤੀ ਤੋਂ ਛੇਤੀ ਪਾਰ ਕਰਨਾ ਚਾਹੁੰਦੇ ਸਾਂ।
ਛੰਭ ਦਾ ਪਾਣੀ ਕਾਲਾ ਤੇ ਭੂਰਾ ਹੋਇਆ ਪਿਆ ਸੀ। ਹੇਠਾਂ ਚਿੱਕੜ ਹੀ ਚਿੱਕੜ। ਇਸ ਮੁਸ਼ਕੀਲੇ ਤੇ ਬਦਰੰਗ ਪਾਣੀ ਵਿਚ ਸੱਪ-ਸਪੂਲੀ ਤੇ ਜੋਕਾਂ ਦਾ ਵਾਹਵਾ ਡਰ ਸੀ। ਕਰੀਬ ਇਕ ਕਿਲੋਮੀਟਰ ਦੇ ਇਸ ਛੱਪੜ ਨੂੰ ਅਸੀਂ ਕੀ ਮੰਨਦੇ ਸਾਂ। ਸਾਢੇ ਪੰਜ ਵਜੇ ਅਸੀਂ ਛੰਭ ਲੰਘ ਕੇ ਟੁੱਟੀ ਭੱਜੀ ਸੜਕ ਜਾ ਚੜ੍ਹੇ ਜੋ ਅੰਬਾਂ ਦੇ ਝੁੰਡਾਂ ਵਿਚੋਂ ਦੀ ਲਾਗਲੇ ਪਿੰਡ ਜਾ ਵੜਦੀ ਸੀ।
ਸੜਕ ਚੜ੍ਹਦੇ ਹੀ ਪਹਿਲਾਂ ਪਜਾਮਿਆਂ ਤੇ ਬੂਟਾਂ ਤੋਂ ਜੋਕਾਂ ਝਾੜੀਆਂ, ਕੁੱਝ ਚਿੱਕੜ ਛੰਡਿਆ। ਕਿਲੋਮੀਟਰ ਕੁ ਭਰ ਦੇ ਫਾਸਲੇ ‘ਤੇ ਛੰਨ (ਝੁੱਗੀ) ਦਾ ਰੁਖ ਕੀਤਾ। ਇਹ ਸਾਡੇ ਇਕ ਸੰਪਰਕ ਦੀ ਛੰਨ ਸੀ। ਨਾਲ ਹੀ ਸਾਂਝਾ ਖੂਹ ਸੀ। ਸਾਡਾ ਸਾਥੀ ਦਾਤਣ ਕੁਰਲਾ ਕਰਦਾ ਹੀ ਮਿਲ ਗਿਆ।
ਸਮਾਨ ਛੰਨ ‘ਚ ਰੱਖ ਕੇ ਚਾਹ ਆਉਣ ਤੋਂ ਪਹਿਲਾਂ ਹੀ ਅਸੀਂ ਪਾਣੀ ਕੱਢ ਕੇ ਕੱਪੜਿਆਂ ਸਣੇ ਇਸ਼ਨਾਨ ਅਰੰਭ ਦਿੱਤੇ। ਨਹਾ ਕੇ ਕੁਝ ਰਾਹਤ ਮਿਲੀ। ਭੁੱਖ ਬਸ ਕਰਾ ਰਹੀ ਸੀ, ਅੱਖਾਂ ਉਨੀਂਦਰੇ ਨਾਲ ਲੱਦੀਆਂ ਪਈਆਂ ਸਨ। ਜੀਅ ਕਰਦਾ ਸੀ ਕਿ ਇਉਂ ਹੀ ਮੰਜਿਆਂ ‘ਤੇ ਡਿੱਗ ਪਈਏ ਪਰ ਇਕ ਵਾਰ ਸੁੱਤੇ ਫਿਰ ਚਾਰ-ਪੰਜ ਘੰਟੇ ਤੋਂ ਪਹਿਲਾਂ ਉਠ ਨਹੀਂ ਹੋਣਾ। ਮੋਹਰੇ 10 ਵਜੇ ਦਾ ਸਮਾਂ ਦਿੱਤਾ ਹੋਇਆ ਹੈ।
ਕੁੱਝ ਸਮੇਂ ਮਗਰੋਂ ਸਾਡਾ ਸਾਥੀ ਲੱਸੀ ਨਾਲ ਮੱਕੀ ਦੀਆਂ ਦੋ ਰੋਟੀਆਂ ਵੀ ਲੈ ਆਇਆ। 14 ਘੰਟੇ ਦੇ ਲਗਾਤਾਰ ਸਫਰ ਤੇ ਚੁਣੌਤੀਆਂ ਦੇ ਬਾਵਜੂਦ ਅੱਗੇ ਸਮੇਂ ਸਿਰ ਪਹੁੰਚਣਾ ਜ਼ਰੂਰੀ ਸੀ।
ਗਿੱਲੇ ਬਸਤਰ ਪਾ ਅਸੀਂ ਅਗਲੇ ਪਹਾੜ ਦੀ ਚੜ੍ਹਾਈ ਅਰੰਭ ਕਰ ਦਿੱਤੀ। ਪਗਡੰਡੀਆਂ, ਖੱਡਾਂ ਦੇ ਵੱਟਿਆਂ ਤੇ ਝੀਡੇ ਝਾੜੀਆਂ ਗਾਹੁੰਦੇ ਅਸੀਂ ਦੋ ਘੰਟੇ ਦੇ ਸਫਰ ਮਗਰੋਂ ਜੇਜੋਂ ਨੇੜੇ ਨਿਹੰਗ ਅਮਰ ਸਿੰਘ ਦੇ ਡੇਰੇ ਪਹੁੰਚੇ। ਉਥੇ ਕਾਮਰੇਡ ਕਰਤਾਰ ਸਿੰਘ ਕੁੱਲੇਵਾਲ ਜੈਪਾਲ ਨੂੰ ਨਾਲ ਲੈ ਕੇ ਇਸ ਟਿਕਾਣੇ ‘ਤੇ ਪਹੁੰਚਿਆ ਹੋਇਆ ਸੀ। ਜਾਂਦਿਆਂ ਹੀ ਜੈਪਾਲ ਦਾ ਕਮਜ਼ੋਰ ਤੇ ਉਦਾਸ ਚਿਹਰਾ ਦੇਖਣ ਨੂੰ ਮਿਲਿਆ। ਫਿਰ ਉਸ ਦੇ ਸਰੀਰ ਦੇ ਕੰਡਿਆਂ ਨਾਲ ਝਰੀਟੇ ਤੇ ਵਲੂੰਧਰੇ ਜਾਣ ਅਤੇ ਸਾਥੀ ਜੁਲਫੀ ਉਪਰ ਭੂਮੀਪਤੀਆਂ ਤੇ ਪੁਲਿਸ ਦੇ ਬੇਰਹਿਮ ਤਸ਼ੱਦਦ ਦੀ ਦਰਦਨਾਕ ਦਾਸਤਾਂ ਇਥੇ ਹੀ ਸਾਨੂੰ ਟੱਕਰੀ ਸੀ।