ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪੀੜ ਦੀ ਪੀੜਾ ਅਤੇ ਇਸ ਦੀਆਂ ਪਰਤਾਂ ਫਰੋਲੀਆਂ ਸਨ ਕਿ ਸਰੀਰਕ ਪੀੜਾ ਤਾਂ ਜਲਦੀ ਭੁੱਲ ਜਾਂਦੀ ਹੈ, ਪਰ ਮਨ ਦੀ ਪੀੜਾ ਜੁਗਾਂ ਤੱਕ ਨਾਲ ਨਿਭਦੀ।…
ਪੀੜ, ਜਦ ਪਰਾਏ ਦਿੰਦੇ ਤਾਂ ਬਹੁਤਾ ਦਰਦ ਨਾ ਹੁੰਦਾ ਕਿਉਂਕਿ ਪਰਾਇਆਂ ‘ਤੇ ਕਾਹਦਾ ਰੋਸਾ। ਪਰ ਜਦ ਆਪਣੇ ਹੀ ਪੀੜ ਬਣ ਜਾਣ ਤਾਂ ਇਕ ਗਿਲਾ ਖੁਦ ‘ਤੇ ਹੁੰਦਾ, ਦੂਸਰਾ ਰਿਸ਼ਤੇ ਦੀ ਨਕਾਬਪੋਸ਼ੀ ‘ਤੇ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਾਪਿਆਂ ਦੀ ਬੱਚਿਆਂ ਲਈ ਘਾਲਣਾ ਨੂੰ ਸਜ਼ਦਾ ਕੀਤਾ ਹੈ ਅਤੇ ਕਿਹਾ ਹੈ, “ਬੱਚੇ ਸਿਰਫ ਮਾਪਿਆਂ ਦੀ ਹੋਂਦ ਵਿਚ ਹੀ ਮੌਲਦੇ, ਵਰਨਾ ਬੇਮੌਸਮੀ ਪੱਤਝੜਾਂ ਉਨ੍ਹਾਂ ਦੀਆਂ ਬਚਪਨੀ ਬਹਾਰਾਂ ਨੂੰ ਬੇਰੌਣਕੀ, ਬੇਗਾਨਗੀ ਅਤੇ ਵੈਰਾਨਗੀ ਵਿਚ ਵਿਚਰਨ ਜੋਗਾ ਕਰ ਜਾਂਦੀਆਂ।” ਇਨ੍ਹਾਂ ਸ਼ਬਦਾਂ ਵਿਚ ਕਿੰਨਾ ਸੱਚ ਹੈ, “ਮਾਂਵਾਂ ਠੰਡੀਆਂ ਛਾਂਵਾਂ, ਬਿਨ ਮਾਂਵਾਂ ਛਾਂਵਾਂ ਕੌਣ ਕਰੇ।” ਡਾ. ਭੰਡਾਲ ਕਹਿੰਦੇ ਹਨ, “ਹਰ ਰਿਸ਼ਤਾ ਈਰਖਾ ਤੇ ਸਾੜਾ ਕਰ ਸਕਦਾ। ਪਰ ਮਾਪੇ ਹਮੇਸ਼ਾ ਬੱਚੇ ਦੀ ਪ੍ਰਗਤੀ ਤੇ ਪ੍ਰਾਪਤੀ ‘ਤੇ ਨਾਜ਼ ਕਰਦੇ, ਹੁਲਾਸ ਨਾਲ ਭਰਦੇ ਅਤੇ ਸ਼ੁਕਰ-ਗੁਜਾਰੀ ‘ਚ ਧਰਤ ਨਮਸਕਾਰਦੇ।” ਉਨ੍ਹਾਂ ਦੇ ਸ਼ਬਦਾਂ ਵੱਲ ਧਿਆਨ ਦਿਓ, ਕਿੱਡੀ ਠੋਸ ਗੱਲ ਹੈ, “ਕਦੇ ਮੌਤ ਨਾਲ ਜੂਝਦੇ ਬੱਚਿਆਂ ਲਈ ਮਾਪਿਆਂ ਦੀ ਅਰਜੋਈ ਨੂੰ ਸੁਣਨਾ ਜੋ ਖੁਦ ਦੀ ਮੌਤ ਵਿਚੋਂ ਬੱਚੇ ਲਈ ਜਿੰਦਗੀ ਦਾ ਦਾਨ ਮੰਗਦੇ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਮਾਪੇ, ਸਾਡੇ ਬੀਜ ਤੇ ਬੀਜ-ਧਰਾਤਲ। ਮੁੱਢ ਦਾ ਸਬੱਬ। ਹੋਂਦ ਦਾ ਕੇਂਦਰ ਬਿੰਦੂ, ਹੋਣ ਦੇ ਜਾਮਨ, ਹਸਤੀ ਦੇ ਹਸਤਾਖਰ, ਅੰਤਰੀਵੀ ਗੁਣ-ਵਿਲੱਖਣਤਾ ਅਤੇ ਸ਼ਖਸੀ ਬਿੰਬ ਦੇ ਪ੍ਰਤੀਬਿੰਬ।
ਮਾਪੇ, ਸੋਚ-ਪੁੰਗਾਰੇ ਦੀ ਪਹਿਲ, ਤੁਰਨ ਦਾ ਜਾਚ-ਜਾਦੂ, ਮੂਕ ਹੁੰਗਾਰੇ ਦਾ ਅੰਦਾਜ਼, ਤੋਤਲੇ ਬੋਲਾਂ ਦੀ ਮਾਸੂਮੀਅਤ, ਰਿਹਾੜ ਦਾ ਰਿਆਜ਼ ਅਤੇ ਅੜੀ ਦੀ ਅਧੀਨਗੀ।
ਮਾਪੇ, ਸੁਪਨ-ਉਡਾਣ ਦਾ ਪ੍ਰਛਾਵਾਂ, ਸੁਖਨ-ਨਗਰੀ ਦਾ ਸਿਰਨਾਵਾਂ ਅਤੇ ਸੁਪਨ-ਪੈਂਡਿਆਂ ਨੂੰ ਜਾਂਦੀਆਂ ਰਾਹਾਂ ਜਿਨ੍ਹਾਂ ਨੂੰ ਮਾਪਿਆਂ ਦੀ ਰਹਿਮਤ ਸਦਕਾ ਮਿਲੀਆਂ ਯੁੱਗ-ਜਿਉਣ ਦੀਆਂ ਦੁਆਵਾਂ।
ਮਾਪੇ ਨੇ ਤਾਂ ਸਾਡੀ ਹੋਂਦ ਏ, ਸਾਡੀ ਸੁਪਨ-ਗੀਰੀ ਤੇ ਸੁਪਨਸਾਜ਼ੀ ਸਲਾਮਤ, ਸੁਪਨ-ਸੰਸਾਰ ਦੀ ਸਫਲਤਾ ਅਤੇ ਸੁਪਨ-ਸਰਦਲ ‘ਤੇ ਨਤਮਸਤਕਤਾ।
ਮਾਪੇ ਅਜਿਹੀ ਨਿਆਮਤ ਜੋ ਨਿਆਮਤਾਂ ਦੇ ਕਰਮਦਾਤੇ। ਮਾਪਿਆਂ ਤੋਂ ਮਿਲਦੀਆਂ ਅਸੀਮ ਨਿਆਮਤਾਂ, ਬਖਸ਼ਿਸ਼ਾਂ, ਵਰਦਾਨ ਅਤੇ ਸੁਹ-ਸਮਾਨ।
ਮਾਪਿਆਂ ਦੀ ਮੋਹ ਭਿੱਜੀ ਘੂਰੀ, ਕੂਨੈਨ ਲਪੇਟੀ ਘਿਓ ਦੀ ਚੂਰੀ। ਮਾਪੇ ਹੁੰਦੇ ਮੱਥੇ ਦਾ ਸੂਰਜ, ਤੇ ਸਾਹਾਂ ‘ਚ ਵੱਸਦੀ ਕਸਤੂਰੀ। ਮੱਥੇ ‘ਤੇ ਜਦ ਤਿਉੜੀ ਉਗਦੀ, ਹੋਣੀ ਮਾਪਿਆਂ ਦੀ ਮਜਬੂਰੀ। ਫੁੱਲ ਬਣ ਕੇ ਖਿੜਦੇ ਬੱਚੇ, ਮਾਪਿਆਂ ਦੀ ਮਾਣ-ਮਗਰੂਰੀ। ਬੱਚੇ ਦੇ ਮੁੱਖ ‘ਤੇ ਵੱਸਦਾ ਖੇੜਾ, ਮਾਪਿਆਂ ਦੀ ਸ਼ੁਕਰ-ਸਰੂਰੀ। ਮਾਪੇ ਪਾਉਂਦੇ ਮੰਜ਼ਲ ਰਾਹੇ, ਤਾਂ ਕਦਮਾਂ ਦੀ ਮਿਟਦੀ ਦੂਰੀ। ਮਾਪਿਆਂ ਦੇ ਆਗੋਸ਼ ‘ਚ ਬਹਿ, ਹਰ ਆਸ ਹੀ ਹੋਵੇ ਪੂਰੀ। ਉਨ੍ਹਾਂ ਦੀ ਛਾਂ ‘ਚ ਮੌਲੇ, ਤਿੱਖੜ-ਦੁਪਹਿਰੀਂ ਠੰਢ-ਹਲੂਰੀ, ਮਾਪਿਆਂ ਦੀ ਮੋਹਵੰਤੀ ਆਭਾ, ਜਿਉਣ-ਪੈੜ ‘ਚ ਹਾਜ਼ਰ-ਹਜੂਰੀ, ਮਾਪਿਆਂ ਦੀ ਉਮਰ ਵਧਾਵੇ, ਬੱਚਿਆਂ ਵਿਹੜੇ ਫੁੱਲ-ਕਸੂਰੀ।
ਮਾਪੇ ਨਾ ਹੁੰਦੇ ਤਾਂ ਮਾਂ ਤੇ ਪਿਉ ਅੱਖਰ ਖੁਦਕੁਸ਼ੀ ਕਰਦੇ। ਇਨ੍ਹਾਂ ਹਰਫਾਂ ‘ਚ ਘੁੱਲੀ ਮਿਠਾਸ ਦਮ ਤੋੜਦੀ। ਅਰਥਾਂ ਵਿਚ ਸਿੰਮਦਾ ਮਾਯੂਸੀ ਦਾ ਆਲਮ ਤੇ ਉਦਾਸੀ ਦੀ ਡੂੰਘੀ ਪਰਤ। ਧੁਆਂਖੇ ਜਾਂਦੇ ਖੇੜੇ। ਜਦ ਕਦੇ ਮੈਂ ਮਾਪਿਉਂ ਵਾਹਰੇ ਅਤਿ-ਕਰੀਬੀ ਮਿੱਤਰ ਦੇ ਮੁਖੜੇ ‘ਤੇ ਦਰਦ ਦੀ ਅਸੀਮਤਾ, ਖਾਲੀਪਣ ਦੀ ਖੁਨਾਮੀ ਅਤੇ ਗਮ ਦੀ ਗਰਦਿਸ਼ ਦੇਖਦਾ ਤਾਂ ਮਾਪਿਆਂ ਦੀ ਸਲਾਮਤੀ ਦੀ ਦੁਆ ਸੋਚ-ਦਰ ਮੱਲਦੀ। ਬੱਚੇ ਸਿਰਫ ਮਾਪਿਆਂ ਦੀ ਹੋਂਦ ਵਿਚ ਹੀ ਮੌਲਦੇ, ਵਰਨਾ ਬੇਮੌਸਮੀ ਪੱਤਝੜਾਂ ਉਨ੍ਹਾਂ ਦੀਆਂ ਬਚਪਨੀ ਬਹਾਰਾਂ ਨੂੰ ਬੇਰੌਣਕੀ, ਬੇਗਾਨਗੀ ਅਤੇ ਵੈਰਾਨਗੀ ਵਿਚ ਵਿਚਰਨ ਜੋਗਾ ਕਰ ਜਾਂਦੀਆਂ। ਉਹ ਬਣ ਜਾਂਦੇ ਤਾਅ ਉਮਰ ਲਈ ਧੁਖਦਾ ਗੋਹੜਾ।
ਮਾਪੇ, ਦਾਈਏ ਦਾ ਦਰਿਆ, ਮੋਹ ਦਾ ਮਾਣ, ਮੁਹੱਬਤੀ-ਆਬਸ਼ਾਰ, ਕੋਮਲਤਾ ਦੀ ਕਲ ਕਲ ਕਰਦੀ ਕੂਲ ਅਤੇ ਅਪਣੱਤ ਦੀ ਵੇਗਮਈ ਨਦੀ।
ਮਾਪੇ, ਹਰ ਆਸ ਦੀ ਪੂਰਤੀ, ਮੰਗ ਦੀ ਸੰਪੂਰਨਤਾ, ਅੜੀ ਦਾ ਪੁਗਾਅ, ਰੋਸਿਆਂ ਦਾ ਸਹਿਲਾ ਅਤੇ ਹਰ ਮਰਜ਼ ਦੀ ਦੁਆ।
ਮਾਪੇ, ਮੰਨਤ-ਆਧਾਰ। ਮਾਪਿਆਂ ਦੀ ਦਰਗਾਹੋਂ, ਹਰ ਮੰਨਤ ਪੂਰੀ। ਬੱਚੇ ਕੀ ਸੋਚਦੇ, ਸਿਰਫ ਮਾਪੇ ਜਾਣੀ-ਜਾਣ ਤੇ ਪੂਰਤੀ ਦਾ ਸੱਚ। ਮਾਪਿਆਂ ਦੇ ਰੂਪ ਵਿਚ ਕੁਦਰਤ ਮਿਹਰਬਾਨ। ਅਸੀਮਤਾ ਦਾ ਸਿਖਰ। ਸੱਭੇ ਦਾਤਾਂ ਬੱਚਿਆਂ ਦੀ ਝੋਲੀ। ਭੁੱਖੇ ਰਹਿ ਕੇ ਬੱਚਿਆਂ ਦੇ ਰੱਜ ਵਿਚੋਂ ਖੁਦ ਦੀ ਸੰਤੁਸ਼ਟੀ। ਬੱਚਿਆਂ ਵਿਚੋਂ ਖੁਦ ਦਾ ਆਧਾਰ ਅਤੇ ਵਿਸਥਾਰ।
ਮਾਪੇ, ਬੱਚਿਆਂ ਦੀ ਖੁਸ਼ੀ ਦਾ ਜਸ਼ਨ। ਉਨ੍ਹਾਂ ਦੀ ਬੁਲੰਦੀ ਦਾ ਸ਼ਗਨ। ਨਵੇਂ ਕੀਰਤੀਮਾਨਾਂ ਲਈ ਕਾਮਨਾ। ਬੱਚਿਆਂ ਦੇ ਸੁਪਨਿਆਂ ਦੇ ਸੱਚ ਵਿਚੋਂ ਮਾਪਿਆਂ ਦਾ ਝਲਕਾਰਾ ਅਤੇ ਅਸੀਸਾਂ ਦਾ ਬੇਪਨਾਹ ਪਸਾਰਾ।
ਮਾਪਿਆਂ ਲਈ ਬੱਚੇ ਦੀ ਸਿਸਕੀ, ਸੋਗ-ਸੰਦੇਸ਼। ਭਰਦੇ ਡੂੰਘੀ ਆਹ। ਉਠਦਾ ਦਰਦ-ਗੋਲਾ। ਸੁਪਨਿਆਂ ਦੀ ਅੱਖ ‘ਚ ਰੜਕ ਤੇ ਨੈਣਾਂ ‘ਚ ਧੁੰਦਲਕਾ। ਪੈੜ ਨੂੰ ਆਈ ਮੋਚ। ਚੀਸ-ਆਹਟ। ਭਰਿਆ ਹਉਕਾ। ਸਾਹਾਂ ਦਾ ਭੁਰਨਾ। ਬੱਚੇ ਦਾ ਨਿੱਕਾ ਜਿਹਾ ਦੁੱਖ ਵੀ ਅਸਹਿ। ਬੱਚੇ ਦੀ ਤਾਮੀਰਦਾਰੀ ‘ਚ ਬਿਤਾਈ ਰਾਤ ਦੀ ਜੂਹ ਵਿਚ ਸੂਹਾ ਸੂਰਜ ਦਸਤਕ ਬਣਦਾ ਜਦ ਬੱਚਾ-ਚਹਿਕਣੀ, ਘਰ ਦਾ ਧੰਨਭਾਗ ਬਣਦੀ।
ਮਾਪੇ ਕੁਝ ਨਾ ਹੋ, ਬਹੁਤ ਕੁਝ ਹੁੰਦੇ। ਜਦ ਕਿ ਬੱਚੇ ਬਹੁਤ ਕੁਝ ਹੋ ਕੇ ਕੁਝ ਨਹੀਂ ਹੁੰਦੇ। ਮਾਪਿਆਂ ਕਰਕੇ ਹੀ ਬੱਚੇ ਹੁੰਦੇ। ਬੱਚਿਆਂ ਕਰਕੇ ਮਰਦ ਤੇ ਔਰਤ ਇਕ ਰਿਸ਼ਤੇ ‘ਚ ਬੱਝ, ਮਾਂ ਤੇ ਪਿਓ ਬਣਦੇ।
ਮਾਪੇ, ਬੱਚਿਆਂ ਦੀ ਪਹਿਲੀ ਪਛਾਣ। ਪਰ ਜਦ ਜੀਵਨ-ਪਗਡੰਡੀ ‘ਤੇ ਬੱਚੇ ਮਾਪਿਆਂ ਦੀ ਪਛਾਣ ਬਣਦੇ ਤਾਂ ਮਾਪਿਆਂ ਦਾ ਸਿਰ ਮਾਣ ਨਾਲ ਉਚਾ ਹੋ ਜਾਂਦਾ। ਹਰ ਰਿਸ਼ਤਾ ਈਰਖਾ ਤੇ ਸਾੜਾ ਕਰ ਸਕਦਾ। ਪਰ ਮਾਪੇ ਹਮੇਸ਼ਾ ਬੱਚੇ ਦੀ ਪ੍ਰਗਤੀ ਤੇ ਪ੍ਰਾਪਤੀ ‘ਤੇ ਨਾਜ਼ ਕਰਦੇ, ਹੁਲਾਸ ਨਾਲ ਭਰਦੇ ਅਤੇ ਸ਼ੁਕਰ-ਗੁਜਾਰੀ ‘ਚ ਧਰਤ ਨਮਸਕਾਰਦੇ।
ਮਾਪੇ, ਬੱਚਿਆਂ ਦਾ ਪਹਿਲਾ ਰੋਲ ਮਾਡਲ। ਉਨ੍ਹਾਂ ਦੇ ਵਿਅਕਤੀਤਵ, ਸੋਚ, ਵਿਹਾਰ, ਕਿਰਦਾਰ, ਅਚਾਰ ਤੇ ਗੁਫਤਾਰ ਵਿਚੋਂ ਮਾਪਿਆਂ ਦੀ ਸ਼ਖਸੀ ਮਿਕਨਾਤੀਸੀ ਪ੍ਰਗਟਦੀ। ਵਿਅਕਤੀਤਵ ਵਿਕਾਸ ਦੀ ਪੌੜੀ ਦਾ ਪਹਿਲਾ ਡੰਡਾ। ਆਖਰੀ ਸਾਹ ਤੱਕ ਬੱਚੇ ਦੀ ਸਰਬਮੁਖੀ ਸਲਾਮਤੀ ਪ੍ਰਤੀ ਸਮਰਪਣ।
ਮਾਪਿਆਂ ਦਾ ਕਿਰਦਾਰ ਸਭ ਤੋਂ ਸਹਿਲ ਵੀ ਤੇ ਔਖਾ ਵੀ। ਔਲਾਦ ਪ੍ਰਾਪਤੀ ਅਤੇ ਇਸ ਨਾਲ ਸਬੰਧਤ ਖਲਜਗਣਾਂ, ਜਿੰਮੇਵਾਰੀਆਂ ਅਤੇ ਫਰਜ਼ਾਂ ਤੋਂ ਤ੍ਰਹਿੰਦੀ ਅਜੋਕੀ ਪੀੜੀ, ਔਲਾਦ ਪੈਦਾ ਨਾ ਕਰ, ਆਪਣੇ ਨਿਕੰਮੇਪਣ, ਅਯੋਗਤਾ, ਫਰਜ਼-ਕੁਤਾਹੀ ਅਤੇ ਸਮਾਜਕ ਦੇਣਦਾਰੀਆਂ ਤੋਂ ਬੇਮੁੱਖਤਾ ਦਾ ਪ੍ਰਗਟਾਵਾ। ਵਿਕਾਸਸ਼ੀਲ ਦੇਸ਼ਾਂ ਵਿਚ ਘੱਟ ਰਹੀ ਅਬਾਦੀ ਅਜਿਹੇ ਰੁਝਾਨ ਦਾ ਪ੍ਰਤੀਕ ਏ ਜੋ ਸਮਾਜਕ, ਆਰਥਕ, ਧਾਰਮਿਕ ਅਤੇ ਖੇਤਰੀ ਅਸਾਵੇਂਪਣ ਦਾ ਪ੍ਰਮੁੱਖ ਕਾਰਨ।
ਮਾਪੇ ਸਿਸਕੀ ਬਣਦੇ ਜਦ ਜਵਾਨ ਪੁੱਤ ਨੂੰ ਮੋਢਾ ਦੇਣ ਦੀ ਨੌਬਤ ਆਉਂਦੀ, ਜਵਾਨ ਧੀ ਦੇ ਕਲੀਰਿਆਂ ‘ਚ ਰੁਦਨ ਸਿੰਮਦਾ ਅਤੇ ਚਾਵਾਂ ਲੱਧੀ ਧੀ ਰਾਣੀ, ਬੇਰਹਿਮ ਸਮਾਜ ਦੀ ਸਤਾਈ, ਰਾਖ ਦੀ ਢੇਰੀ ਬਣਦੀ। ਮਾਪਿਆਂ ਨੂੰ ਕਬਰ ‘ਚ ਵੀ ਥਾਂ ਨਾ ਮਿਲਦੀ। ਉਹ ਹੌਲੀ ਹੌਲੀ ਖੁਦ ਹੀ ਕਬਰ ਬਣ ਜਾਂਦੇ। ਮਾਪਿਆਂ ਲਈ ਅਸਹਿ ਹੁੰਦਾ ਲੋਰੀਆਂ ਦੀ ਰੁੱਤੇ ਵੈਣ ਸੁਣਨਾ ਅਤੇ ਧੜਕਦੇ ਘਰ ਵਿਚ ਪਸਰੀ ਮਾਤਮੀ ਖਾਮੋਸ਼ੀ ਨੂੰ ਮੁਖਾਤਬ ਹੋਣਾ।
ਮਾਪੇ ਉਹ ਬਿਰਖ ਜਿਸ ਦੇ ਆਲ੍ਹਣਿਆਂ ਵਿਚ ਬੋਟਾਂ ਨੂੰ ਚੋਗ, ਪਰਵਾਜ਼ ਦਾ ਪਲੇਠਾ ਸਬਕ ਅਤੇ ਅੰਬਰ ਨੂੰ ਕਲਾਵੇ ਵਿਚ ਲੈਣ ਦਾ ਦਾਈਆ ਨਸੀਬ ਹੋਇਆ। ਉਸ ਦੇ ਚੌਗਿਰਦੇ ਵਿਚ ਬਚਪਨੀ ਸ਼ਰਾਰਤਾਂ ਦਾ ਰੌਲਾ-ਰੱਪਾ, ਹੁਲਾਰੇ, ਹਾਸੇ, ਰੋਸੇ ਅਤੇ ਫਿਰ ਸ਼ਾਮ ਨੂੰ ਮਿਲ ਬੈਠਣ ਦਾ ਜ਼ਰੀਆ। ਕਦੇ ਕਦਾਈਂ ਬਿਰਖ ਉਦਾਸ ਹੋ ਜਾਂਦਾ ਜਦ ਪਰਵਾਜ਼ ਭਰਨ ਤੋਂ ਬਾਅਦ ਪਰਿੰਦਿਆਂ ਨੂੰ ਆਲ੍ਹਣਿਆਂ ‘ਚ ਪਰਤਣਾ ਯਾਦ ਨਾ ਰਹਿੰਦਾ ਅਤੇ ਉਹ ਜਨਮ-ਧਰਾਤਲ ਨੂੰ ਨਤਮਸਤਕ ਹੋਣ ਤੋਂ ਹੀ ਮੁਨਕਰ ਹੋ ਜਾਂਦੇ।
ਮਾਪਿਆਂ ਲਈ ਘਰ ਕੰਧਾਂ ਹੋ ਜਾਂਦਾ ਜਦ ਕੌਲੇ ਲੱਗੇ ਦੀਦਿਆਂ ‘ਚ ਪ੍ਰਛਾਵੇਂ ਨਜ਼ਰ ਨਾ ਆਉਂਦੇ ਅਤੇ ਪੈੜਾਂ ਦੇ ਧੁੰਦਲਕੇ ਵੀ ਅਲੋਪ ਹੋ ਜਾਂਦੇ। ਬੂਹਿਆਂ ‘ਤੇ ਲੱਗੇ ਜੰਦਰਿਆਂ ਵਰਗੇ ਬਜੁਰਗਾਂ ਦੀ ਬਹੁੜੀ ਵੀ ਬੈਠਕ ਵਿਚ ਬੇਬੱਸ ਹੋ, ਬੇਰਹਿਮ ਪਲਾਂ ਦੀ ਧੂਣੀ ਬਣਦੀ। ਤੇ ਆਖਰ ਨੂੰ ਇਹ ਧੂਣੀ ਸੇਕਦੇ ਸੇਕਦੇ ਮਾਪੇ ਬਣ ਜਾਂਦੇ ਧੂੰਆਂ।
ਮਾਪੇ, ਸੰਘਣੀ ਛਾਂ ਜੋ ਜੇਠ-ਹਾੜ ਦੀਆਂ ਲੋਆਂ ‘ਚ ਠੰਢੀ ਫੁਹਾਰ। ਨਿੱਘੀ ਆਗੋਸ਼ ਜੋ ਯੱਖ ਪਲਾਂ ਲਈ ਨਿੱਘ। ਰੁਮਕਦੀ ‘ਵਾ ਜੋ ਚੌਮਾਸਿਆਂ ਲਈ ਰਾਹਤ। ਦੀਵਾਰੀਂ ਧਰਿਆ ਦੀਵਾ ਜੋ ਹਨੇਰੀਆਂ ਰਾਹਾਂ ਲਈ ਚਾਨਣ ਦਾ ਟਿੱਕਾ। ਸੁੱਚੀ ਸੋਚ ਜੋ ਸੁਪਨਹੀਣ ਅੱਖਾਂ ਲਈ ਸੁਪਨ-ਸਾਜ਼ੀ। ਕੋਸੀ ਟਕੋਰ ਜੋ ਆਪਣਿਆਂ ਵਲੋਂ ਦਿਤੇ ਜ਼ਖਮਾਂ ਲਈ ਸਕੂਨ ਤੇ ਸਹਿਲਾਅ। ਸੰਕਲਪ-ਸਾਧਨਾ ਜੋ ਬਣਦੀ ਦ੍ਰਿੜਤਾ ਦਾ ਪਾਠ। ਹੌਂਸਲਾ ਅਫਜ਼ਾਈ ਜਿਹੜੀ ਡਗਮਗਾਉਂਦੇ ਕਦਮਾਂ ਲਈ ਬਣਦੀ ਸਥਿਰਤਾ। ਜੀਵਨ-ਯੋਗ ਜੋ ਜਿਉਣਾ ਸਿਖਾਉਂਦੀ।
ਮਾਪੇ, ਮਾਂ ਤੇ ਪਿਓ ਹਰਫਾਂ ਦਾ ਜੋੜ ਹੀ ਨਹੀਂ ਸਗੋਂ ਦੋ ਰੂਪਾਂ ਦਾ ਸੰਯੋਗ, ਦੋ ਸੋਚਾਂ ਦਾ ਮਿਲਾਪ, ਦੋ ਜਿਸਮਾਂ ਦੀ ਪ੍ਰਕ੍ਰਿਤਕ ਕਿਰਿਆ ‘ਚੋਂ ਉਭਰ ਕੇ ਬਣੀ ਹੋਂਦ ਦਾ ਬੀਜ। ਬੱਚਿਆਂ ਲਈ ਮਾਪਿਆਂ-ਰੂਪੀ ਦੋ ਜਣਨ ਰੂਹਾਂ ਦਾ ਸਾਥ। ਦੋ ਰੂਹਾਂ ਦੀ ਇਕਮਿਕਤਾ ਵਿਚੋਂ ਪਨਪਿਆ ਸਰੂਪ। ਨਵੀਂ ਸਰੀਰਕ ਧਰਾਤਲ ਦਾ ਸਾਜ਼ਗਾਰ ਸਰੂਪ।
ਮਾਪਿਆਂ ਦੀ ਮਹਿਮਾ, ਬੱਚਿਆਂ ਲਈ ਬੇਫਿਕਰੀ ਦਾ ਬਿਗਲ। ਅਲਮਸਤੀ ਦਾ ਆਲਮ। ਸਮਾਜਕ ਜਿੰਮੇਵਾਰੀਆਂ ਤੋਂ ਸੁਰਖਰੀ। ਪਰਿਵਾਰਕ ਫਰਜ਼-ਪਗਡੰਡੀਆਂ ਦੀ ਪਛਾਣ। ਕੁਝ ਸਿੱਖਣ, ਗਲਤੀਆਂ ਕਰਨ, ਖੁਦ ਨੂੰ ਸੁਧਾਰਨ ਤੇ ਸੰਪੂਰਨਤਾ ਦੀ ਲਗਨ ਦਾ ਗਿਆਨ। ਅਦਬ, ਸਲੀਕਾ, ਸਹਿਜ, ਸਾਦਗੀ, ਨਿਰਮਾਣਤਾ, ਨਰਮਦਿਲੀ ਤੇ ਸੱਚੀ ਸੰਵੇਦਨਾ ਦਾ ਧਰਮੀ ਗਿਆਨ।
ਮਾਪੇ ਬਣਨਾ, ਇਕ ਬੰਦਗੀ ਜੋ ਜੀਵਨ ਸੰਪੂਰਨਤਾ ਦਾ ਆਧਾਰ। ਇਲਹਾਮੀ ਅਰਾਧਨਾ ਜੋ ਸਰਬ-ਦੁਆਵਾਂ ਦਾ ਪ੍ਰਵਾਹ। ਅਰਥ-ਅਰਾਧਨਾ ਜੋ ਸ਼ਬਦੀਂ ਮੌਲਦੀ। ਮਿਹਨਤਕਸ਼ ਕਸੀਦਾ ਜਿਸ ਦੇ ਧਾਗਿਆਂ ਤੇ ਰੰਗਾਂ ‘ਚ ਜਿੰ.ਦਗੀ ਦੀ ਸੁੰਦਰਤਾ ਉਣੀ ਜਾਂਦੀ।
ਮਾਪੇ ਹੁੰਦੇ ਤਾਂ ਬੁੱਢਾ ਘਰ ਸਾਨੂੰ ਉਡੀਕਦਾ। ਦਰੀਂ ਉਕਰੀ ਉਡੀਕ ਸਾਨੂੰ ਖੁਸ਼-ਆਮਦੀਦ ਕਹਿੰਦੀ। ਨਿੰਮ ਦੇ ਪੱਤੇ ਦਰਾਂ ਦੇ ਮੱਥੇ ‘ਤੇ ਲਟਕਦੇ। ਥੰਧਾ-ਹੀਣ ਦਰਾਂ ‘ਤੇ ਤੇਲ ਚੋਇਆ ਜਾਂਦਾ ਤੇ ਪਾਣੀ ਡੋਲ੍ਹਿਆ ਜਾਂਦਾ।
ਮਾਪਿਆਂ ਤੋਂ ਬਗੈਰ ਘਰ ਹੋ ਜਾਂਦਾ ਬੇਪਛਾਣ। ਬੁੱਢੀਆਂ ਕੰਧਾਂ ਤੋਂ ਲੱਥਦੇ ਲਿਓੜ, ਘਰ ਦੀ ਤ੍ਰਾਸਦੀ। ਕਮਰਿਆਂ ਦੀ ਕਮਨਾ, ਸਾਹ ਵਰੋਲਦੀ। ਘਰ ਦੀ ਸੁੰਨ ਵਿਚ ਉਗੀ ਹਟਕੋਰਿਆਂ ਦੀ ਹੂਕ-ਮਾਲਾ, ਜਿਉਣ ਦਾ ਭਰਮ ਤੋੜਦੀ ਅਤੇ ਬੇਮੁਖਤਾ ਦਾ ਡੰਗਿਆ ਘਰ, ਖੰਡਰ-ਜੂਹ ਨੂੰ ਤੁਰ ਪੈਂਦਾ। ਘਰ ਨਾਲੋਂ ਵੀ ਵੱਡੇ ਘਰ ਵਰਗੇ ਮਾਪਿਆਂ ਦਾ ਵਿਛੋੜਾ, ਹੱਥੀਂ ਸਿਰਜਿਆ ਘਰ ਕਿੰਜ ਸਹੇ।
ਮਾਪੇ, ਦਿਲ-ਦਰਿਆ। ਨਿੱਕੇ ਜਿਹੇ ਘਰ ਵਿਚ ਬੱਚਿਆਂ ਲਈ ਵੱਡੇ ਵੱਡੇ ਰੈਣ ਬਸੇਰੇ। ਕੇਹੀ ਤ੍ਰਾਸਦੀ ਕਿ ਬੱਚਿਆਂ ਦੇ ਮਹਿਲਨੁਮਾ ਘਰਾਂ ਵਿਚ ਮਾਪਿਆਂ ਲਈ ਘਰ ਦੇ ਪਿਛਵਾੜੇ ‘ਚ ਨੌਕਰਾਂ ਵਾਲੀ ਕੁਟੀਰ ਹੁੰਦੀ।
ਮਾਪੇ ਵਸੀਹ ਹੁੰਦਿਆਂ ਵੀ ਨਿਰਮਾਣਤਾ ਦੀ ਮੂਰਤ। ਸਾਦਗੀ ਦਾ ਸੁਹੱਪਣ। ਸੰਜਮੀ ਸੁਭਾ ਅਤੇ ਸਮਦਰਸ਼ੀ ਸਮਰਪਣ। ਪਰ ਅਜੋਕੀ ਪੀੜ੍ਹੀ ਫੋਕੀ ਸ਼ੁਹਰਤ, ਸ਼ਾਨੋ-ਸ਼ੌਕਤ ਅਤੇ ਅਮੀਰੀ-ਅਡੰਬਰ ਦੀ ਗੁਲਾਮ। ਕਦੇ ਮਾਪਿਆਂ ਵਰਗੇ ਬਣਨ ਦੀ ਲੋਚਾ ਮਨ ‘ਚ ਪਾਲਣਾ, ਜੀਵਨ-ਸ਼ੀਸ਼ੇ ਵਿਚੋਂ ਖੁਦ ਨੂੰ ਨਿਹਾਰਦਿਆਂ ਮਾਪਿਆਂ ਦੀ ਮਹਾਨਤਾ ਦਾ ਅੰਦਾਜ਼ਾ ਹੋ ਜਾਵੇਗਾ।
ਮਾਪਿਆਂ ਦਾ ਮਿਹਨਤਾਨਾ ਕੋਈ ਨਾ ਸਕਦਾ ਤਾਰ। ਉਨ੍ਹਾਂ ਦੀ ਬੰਦਗੀ ਸਾਹਵੇਂ ਊਣੇ ਦੰਭ-ਵਿਚਾਰ। ਮਾਪਿਆਂ ਦੇ ਮੁਖਾਰਬਿੰਦ ਤੋਂ ਕਿਰਦੇ ਅੰਮ੍ਰਿਤ-ਬੋਲ। ਉਨ੍ਹਾਂ ਦੀਆਂ ਨਿਆਮਤਾਂ ਸਦਕਾ ਭਰਦੀ ਸੱਖਣੀ ਝੋਲ।
ਮਾਪਿਆਂ ਦੀ ਤਾੜਨਾ, ਰਾਹ-ਦਸੇਰਾ। ਘੂਰ-ਤੱਕਣੀ, ਸੰਭਲਣ ਦਾ ਮੌਕਾ। ਮਾਰੀ ਚੁਪੇੜ ਦੇ ਨਿਸ਼ਾਨ, ਦੂਰ-ਦਿਸਹੱਦਿਆਂ ਦਾ ਸਿਰਨਾਵਾਂ। ਮਾਪਿਆਂ ਦੀ ਝਿੜਕਣੀ ‘ਚ ਮਿਠਾਸ। ਉਨ੍ਹਾਂ ਦਾ ਰੋਸਾ, ਬੱਚਿਆਂ ਪ੍ਰਤੀ ਭਲੀ ਭਾਵਨਾ। ਹਿਰਖ ਬੋਲ, ਅਬੋਲ ਰੋਹ ਦਾ ਪ੍ਰਗਟਾਵਾ। ਬੁੱਕਲ ‘ਚ ਲੈ ਸਮਝਾਉਣਾ, ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੀ ਅਦਾ।
ਮਾਪੇ ਬਣਨ ਤੋਂ ਬਗੈਰ, ਮਾਪਿਆਂ ਦੀ ਅਹਿਮੀਅਤ, ਉਨ੍ਹਾਂ ਦੀ ਸਿਦਕ-ਸਾਧਨਾ ਤੇ ਦੇਣ ਨੂੰ ਕਿਵੇਂ ਸਮਝੋਗੇ? ਬਿਗਾਨੀ ਖੁਸ਼ੀ ਲਈ, ਮਾਪਿਆਂ ਦੀ ਮੁੱਲ ਲਈ ਨਾਰਾਜ਼ਗੀ, ਤੁਹਾਡੀਆਂ ਅਸੀਸਾਂ ਲਈ ਬੇਦਾਵਾ।
ਮਾਪੇ ਕਦੀ ਗਲਤੀਆਂ ਨਹੀਂ ਕਰਦੇ ਕਿਉਂਕਿ ਉਹ ਬੱਚਿਆਂ ਨੂੰ ਪਾਲਦੇ ਹੀ ਨਹੀਂ ਸਗੋਂ ਉਨ੍ਹਾਂ ਨੂੰ ਇਨਸਾਨੀਅਤ ਦੇ ਮਾਰਗ ‘ਤੇ ਤੋਰ ਪੂਰਨ-ਮਨੁੱਖੀ ਮਾਰਗ ਦਾ ਪਾਂਧੀ ਬਣਾਉਂਦੇ।
ਮਾਪੇ, ਬੱਚਿਆਂ ਦੇ ਆਤਮ-ਵਿਸ਼ਵਾਸ, ਦ੍ਰਿੜਤਾ, ਬਹਾਦਰੀ ਅਤੇ ਸਿਰੜ-ਸਾਧਨਾ ਦਾ ਸਰੋਤ ਅਤੇ ਜੀਵਨੀ ਕਦਰਾਂ-ਕੀਮਤਾਂ ਨੂੰ ਨਵੀਨਤਮ ਉਚਾਈਆਂ ਤੀਕ ਪਹੁੰਚਾਣ ਲਈ ਤਤਪਰਤਾ।
ਮਾਪਿਆਂ ਦੇ ਨੈਣਾਂ ਵਿਚ ਤਰਦਾ ਸੁੱਚਾ ਪਿਆਰ। ਉਨ੍ਹਾਂ ਦੇ ਬੋਲਾਂ ‘ਚ ਰੂਹਾਨੀਅਤ ਦਾ ਪਸਾਰ। ਕਰਮਯੋਗਤਾ ਵਿਚ ਵੱਸਦਾ ਸਮੁੱਚਾ ਸੰਸਾਰ ਅਤੇ ਹਰ ਉਦਮ ਸਿਰਜਦਾ ਸੁੱਚਾ ਸਰੋਕਾਰ।
ਮਾਪਿਆਂ ਦੀ ਫਕੀਰੀ ਅਭਿੱਜ, ਅਮੁੱਲ, ਅਤੋਲਵੀਂ ਤੇ ਅਸੀਮਤ। ਬੱਚਿਆਂ ਦੀ ਬਿਹਤਰੀ ਲਈ ਪਦਾਰਥਕ ਵਸਤਾਂ ਦੀ ਨਿਲਾਮੀ ਤੋਂ ਇਲਾਵਾ ਖੁਦ ਦੀ ਬੋਲੀ ਲਾਉਣ ਤੋਂ ਵੀ ਨਹੀਂ ਕਰਦੇ ਗੁਰੇਜ਼। ਕਦੇ ਮੌਤ ਨਾਲ ਜੂਝਦੇ ਬੱਚਿਆਂ ਲਈ ਮਾਪਿਆਂ ਦੀ ਅਰਜੋਈ ਨੂੰ ਸੁਣਨਾ ਜੋ ਖੁਦ ਦੀ ਮੌਤ ਵਿਚੋਂ ਬੱਚੇ ਲਈ ਜਿੰਦਗੀ ਦਾ ਦਾਨ ਮੰਗਦੇ।
ਮਾਪਿਆਂ ਦੀ ਮਹਾਨਤਾ ਦਾ ਕੌਣ ਲਾਵੇਗਾ ਅੰਦਾਜ਼ਾ? ਊਣੇ ਨੇ ਸ਼ਬਦ, ਬੌਣੇ ਨੇ ਬੋਲ, ਇਕਹਿਰੀ ਹੈ ਇਬਾਦਤ ਅਤੇ ਸੀਮਤ ਹੈ ਸਫਿਆਂ ਦੀ ਸਮਰੱਥਾ।
ਮਾਪੇ ਹਰਫ ਵਿਚੋਂ ਕਿਰਦੇ ਸੁੱਚਮ, ਸੁਹਜ, ਸਮਲੋਚਾ, ਸਾਦਗੀ, ਸੂਝ, ਸਮਝਦਾਰੀ ਅਤੇ ਸਹਿ-ਸੰਵੇਦਨਾ ਨਾਲ, ਰੂਹ-ਰੰਗਰੇਜ਼ਤਾ ਦੀ ਕਲਾ-ਨਕਾਸ਼ੀ ਕਰਨਾ, ਤੁਹਾਨੂੰ ਇਨ੍ਹਾਂ ਸ਼ਬਦਾਂ ਵਿਚ ਸਮੋਈ ਅਰਥ-ਅਰਦਾਸ, ਅਨੰਦ-ਅਰਾਧਨਾ, ਅਸੀਮ-ਅਸੀਸ ਅਤੇ ਇਲਹਾਮੀ-ਅੰਤਰੀਵਤਾ ਦੇ ਦੈਵੀ ਦਰਸ਼ਨ ਹੋਣਗੇ। ਇਹ ਦਿੱਭਤਾ ਹੀ ਜਿੰ.ਦਗੀ ਦੀ ਸੁਹਜਾਤਮਕਤਾ ਲਈ ਸ਼ੁਭ ਸ਼ਗਨ ਹੋਵੇਗਾ।