ਅਤਿੰਦਰ ਪਾਲ ਸਿੰਘ ਸਾਬਕਾ ਐਮ. ਪੀ.
ਅਜੋਕੇ ਬੁੱਧੀਜੀਵੀਆਂ ਨੇ ਲੋਕਾਈ ਨੂੰ ਪੰਜਾਬ ਦੇ ਖਾੜਕੂ ਸਿੱਖ ਸੰਘਰਸ਼ ਦੇ ਖਿਲਾਫ ਖੜ੍ਹਾ ਕਰਨ ਲਈ ‘ਸਬਨਿਮਲ ਮੈਸੇਜ’ ਅਵਚੇਤਨ ਮਨ ਵਿਚ ਭੇਜ-ਭੇਜ ਕੇ ਖਾਲਿਸਤਾਨ ਦਾ ਨਸਲਘਾਤ ਅਤੇ ਨਫਰਤ ਦਾ ਮਾਹੌਲ ਸਿਰਜਣ ਦੀ ਹੀ ਭੂਮਿਕਾ ਨਿਭਾਈ ਹੈ। ਤ੍ਰਾਸਦੀ ਇਹ ਹੈ ਕਿ ਅਦਿਖ ਤਾਕਤਾਂ ਦੇ ਤੋਰੇ ਅਜੋਕੇ ਬੰਦੇ ਹੀ ਖਾੜਕੂ ਧੜਿਆਂ ਦੇ ‘ਰੌਸ਼ਨ ਦਿਮਾਗ’, ‘ਪਥ ਪ੍ਰਦਰਸ਼ਕ’, ‘ਸਲਾਹਕਾਰ’ ਬਣਵਾਏ ਜਾਂਦੇ ਹਨ। ਲੋਕਾਈ ਵਿਚ ਜਜ਼ਬਾਤੀ ਤੇ ਇਤਿਹਾਸਕ-ਧਾਰਮਿਕ ਪੁੱਠ ਦੇ ਕੇ ਅਜਿਹੇ ਲੋਕਾਂ ਤੋਂ ਹੀ ਲੇਖ ਲਿਖਵਾ ਕੇ ਪ੍ਰਚਾਰੇ, ਪ੍ਰਸਾਰੇ ਜਾਂਦੇ ਹਨ। ਕੋਈ ਨਹੀਂ ਸੋਚਦਾ ਕਿ ਸੱਚ ਨੂੰ ਪ੍ਰਤੱਖ ਕਰਨ ਵਾਲੇ ਅਤੇ ਪ੍ਰਮਾਣ ਦੇਣ ਵਾਲੇ ਬੰਦੇ ਦੇ ਤਾਂ ਬਿਆਨ ਵੀ ਨਹੀਂ ਛਪਣ ਦਿੱਤੇ ਜਾਂਦੇ ਅਤੇ ਹੋਰਾਂ ਦਾ ਪ੍ਰਚਾਰ ਸਰਕਾਰੀ ਪੱਧਰ ‘ਤੇ ਸੰਸਾਰ ਮੀਡੀਆ ਵਿਚ ਕਿਵੇਂ ਤੇ ਕਿਉਂ ਹੋ ਜਾਂਦਾ ਹੈ?
ਜਦੋਂ 16 ਜੁਲਾਈ 1984 ਨੂੰ ਦਾਸ ਨੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਅਗਵਾਈ ਵਾਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚੁਣੇ ਹੋਏ ਸੀਨੀਅਰ ਮੀਤ ਪ੍ਰਧਾਨ ਦੀ ਹੈਸੀਅਤ ਵਿਚ ਲਿਖਤਬੱਧ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਬਾਬਾ ਥਾਰਾ ਸਿੰਘ ਸ਼ਹੀਦ ਹੋ ਚੁੱਕੇ ਹਨ ਤਾਂ ਅਜੋਕੇ ਰੌਸ਼ਨ ਦਿਮਾਗ ਪਥ ਪ੍ਰਦਰਸ਼ਕਾਂ ਨੇ ਹੀ ਕੌਮ ਨੂੰ ਇਸ ਉਮੀਦ ਦੇ ਲੜ ਲਾਇਆ ਸੀ ਕਿ ਨਹੀਂ, ਇਹ ਝੂਠ ਬੋਲਦਾ ਹੈ ਤੇ ਸਰਕਾਰ ਦੇ ਢਹੇ ਚੜ੍ਹ ਕੇ ਕੌਮ ਨੂੰ ਗੁੰਮਰਾਹ ਕਰ ਰਿਹਾ ਹੈ; ਭਿੰਡਰਾਂਵਾਲਾ ਤੇ ਸਾਥੀ ਜਿਉਂਦੇ ਹਨ ਤੇ ਉਹ ਸੰਘਰਸ਼ ਦੀ ਕਮਾਨ ਆਣ ਕੇ ਸੰਭਾਲਣਗੇ! ਅਜਿਹੇ ਰੌਸ਼ਨ ਦਿਮਾਗਾਂ ਨੇ ਹੀ 25 ਸਾਲ ਪਿਛੋਂ ਆਪਣੀਆਂ ਪਹਿਲੀਆਂ ਝੂਠੀਆਂ ਗੱਲਾਂ ਦੀ ਮੁਆਫੀ ਮੰਗੇ ਬਿਨਾਂ ਅਤੇ ਕੋਈ ਨਵੇਂ ਤੱਥ ਪ੍ਰਗਟ ਕੀਤੇ ਬਿਨਾਂ ਉਨ੍ਹਾਂ ਨੂੰ ਸਦੀ ਦਾ ਮਹਾਨ ਸਿੱਖ ਗਰਦਾਨ ਦਿੱਤਾ। ਜੇ ਸਿੱਖ ਚੇਤਨਾ ਦੀ ਵਰਤਮਾਨ ਵਿਚ ਜਿਉਂਦੇ ਹੁੰਦੇ ਤਾਂ ਉਹ ਇਨ੍ਹਾਂ ਦਾ ਗਿਰੇਬਾਨ ਅਵੱਸ਼ ਫੜਦੇ ਪਰ ਕਿਉਂਕਿ ਇਨ੍ਹਾਂ ਲੋਕਾਂ ਨੇ ਸਿੱਖਾਂ ਨੂੰ ਜ਼ਮੀਰ ਵਿਚ ਮੁਰਦੇ ਬਣਾ ਕੇ ਮੁਰਦਾਰ ਅਵਚੇਤਨਾ ਵਿਚ 25 ਸਾਲ ਪਹਿਲਾਂ ਪਹੁੰਚਾ ਦਿੱਤਾ ਸੀ, ਇਸ ਲਈ ਮੁਰਦਾਰ ਅਵਚੇਤਨਾ ਦੋਹੇਂ ਹੱਥ ਖੜ੍ਹੇ ਕਰ ਕੇ ਬਿਨਾਂ ਕਿਸੇ ਲਿਖਤ ਨੂੰ ਪੜ੍ਹੇ-ਜਾਣੇ, ਜੈਕਾਰੇ ਛੱਡ ਸਮਰਥਨ ਦਿੰਦੀ ‘ਅੰਨ੍ਹੀ ਭਗਤੀ’ ਵਾਲੀ ਬਣਾ ਦਿੱਤੀ ਸੀ। ਇਹ ਰੀਤ ਪੈਦਾ ਕਰਨ ਵਾਲੇ ਹਨ ਇਹ ਅਜੋਕੇ ਵਿਦਵਾਨ, ਲਿਖਾਰੀ, ਬੁੱਧੀਜੀਵੀ ਅਤੇ ਲੀਡਰ।
26 ਜਨਵਰੀ 1986 ਦੇ ਸਰਬੱਤ ਖਾਲਸਾ ਤੋਂ ਲੈ ਕੇ ਅਜ ਤਕ ਅਨੇਕਾਂ ਮਿਸਾਲਾਂ ਦੀਆਂ ਕਈ ਪੋਥੀਆਂ ਤਿਆਰ ਹੋ ਸਕਦੀਆਂ ਹਨ; ਪਰ ਅਕਲ, ਬੁੱਧੀ, ਚੇਤਨਾ, ਬਿਬੇਕ ਅਤੇ ਜ਼ਮੀਰ ਨੂੰ ਮਾਰ ਚੁੱਕੀ ਬਹੁ ਗਿਣਤੀ ਜਮਾਤ ਨੇ ਇਨ੍ਹਾਂ ਦਾ ਕੀ ਕਰਨਾ ਹੈ? ਉਨ੍ਹਾਂ ਵਾਸਤੇ ਦਿਮਾਗ ਨੂੰ ਖੋਲ੍ਹਣ ਵਾਲੇ ਅਜਿਹੇ ਗ੍ਰੰਥ ਤਾਂ ‘ਹਲਵਾ’ ਬਣਾਉਣ ਲਈ ਬਾਲਣ ਹੁੰਦੇ ਹਨ!
ਹਥਲੇ ਲੇਖ ਵਾਂਗ ਹੀ ਬਹੁਤ ਸਾਰੇ ਲੇਖ ਅਤੇ ਬਿਨਾਂ ਪੜ੍ਹੇ-ਗੁੜ੍ਹੇ ਸੋਸ਼ਲ ਮੀਡੀਆ ਦੇ ਬਣੇ ਹੋਏ ਪ੍ਰਕਾਂਡ ਵਿਦਵਾਨ ਤੇ ‘ਡਾਕਟਰ’ ਅਜੇ ਇੰਜ ਦੇ ਹੀ ਵੱਡੇ-ਵੱਡੇ ‘ਸ਼ਗੂਫੇ’ ਤੇ ‘ਚਿੰਤਕ ਅਫਸਾਨੇ’ ਬਿਆਨ ਕਰਨਗੇ। ਕਾਰਨ ਇਹ ਕਿ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਜਿਧਰ ਤੋਰਿਆ ਜਾਂਦਾ ਹੈ, ਉਧਰ ਹੀ ਸਭ ਤੁਰ ਪੈਂਦੇ ਹਨ। ਇਹ ਭੇਡ ਚਾਲ ਦੀ ਆਧੁਨਿਕ ਮਿਸਾਲ ਹੈ। ਅਸਲ ਪ੍ਰਸ਼ਨਾਂ ਦੇ ਪ੍ਰਮਾਣਿਤ ਉਤਰ ਦੇਣ ਦੀ ਥਾਂ ਖੋਖਲੀ ਜਜ਼ਬਾਤੀ-ਦਲਦਲੀ ਤੇ ਜ਼ਹਿਰ, ਬੁਝੇ ਕਲਮੀ ਸ਼ਬਦਾਂ ਦੇ ਅਡੰਬਰ ਦੀ ਧੁੰਦ ਵਿਚ ਫਸਾ ਕੇ; ਭੋਲੇ-ਭਾਲੇ ਲੋਕਾਂ ਦੀ ਰਾਇਸ਼ੁਮਾਰੀ ਦਾ ਵਹਿਮ ਪੈਦਾ ਕਰਨ ਦੀ ਮੁਹਾਰਤ ਰੱਖਦੀ ਤਾਕਤ; ਆਪਣਾ ਕਰਤਬ ਦਿਖਾ ਜਾਂਦੀ ਹੈ। ਸਿੱਖਾਂ ਵਿਚ ਹੁਣ ਉਸ ਨੂੰ ਫਿਰ ਸਰਗਰਮ ਕਰ ਦਿੱਤਾ ਗਿਆ ਹੈ। ਪੂਰੇ ਸੰਸਾਰ ਵਿਚੋਂ ਦਾਸ ਨੇ ਹੀ ਠੋਸ, ਤੱਥ ਆਧਾਰਤ, ਪ੍ਰਮਾਣਿਤ ਅਤੇ ਵਿਧਾਨਿਕ ਸਵਾਲ ਕੀਤੇ ਸਨ। ਇਨ੍ਹਾਂ ਲੋਕਾਂ ਵੱਲੋਂ ਹੀ ਇਹ ਆਮ ਕਰ ਕੇ ਮੰਨਿਆਂ ਤੇ ਪ੍ਰਚਾਰਿਆ ਜਾਂਦਾ ਹੈ ਕਿ “ਅਤਿੰਦਰ ਪਾਲ ਨਾਲ ਤਾਂ ਕੋਈ ਵੀ ਨਹੀਂ ਹੈ”, ਤਾਂ ਸਿੱਖਸ ਫਾਰ ਜਸਟਿਸ ਨੂੰ ਤੋਰਨ ਵਾਲੀਆਂ ਤਾਕਤਾਂ ਇੰਨਾ ਕਿਉਂ ਘਬਰਾ ਗਈਆਂ ਕਿ ਉਨ੍ਹਾਂ ਆਪਣੀ ਸਾਰੀ ਤਾਕਤ, ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਸਾਰੇ ਮਸਲੇ ਨੂੰ ਜਜ਼ਬਾਤੀ ਰੰਗਤ ਦੇ ਕੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਇਸ ਨਾਲ ਜੇ ਲਾਭ ਕੋਈ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ। ਕਿਆ ਬਾਤ ਹੈ! ਮੰਨ ਤਾਂ ਗਏ ਕਿ ਲਾਭ ਕੋਈ ਨਹੀਂ। ਅਸਲ ਵਿਚ, ਇਹੋ ਤਾਂ ਸਭ ਤੋਂ ਵੱਡਾ ਨੁਕਸਾਨ ਹੈ ਕਿ ਸਮੁੱਚੀ ਸਿੱਖ ਕੌਮ ਨੂੰ ਜਜ਼ਬਾਤੀ ਬਣਾ ਕੇ ਉਸ ਦੀ ਸ਼ਕਤੀ, ਧਨ, ਜਥੇਬੰਦਕ ਤਾਕਤ ਦੀ ਨਿਸ਼ਾਨਦੇਹੀ ਕਰਕੇ, ਆਜ਼ਾਦੀ ਨਾਲ ਖੜ੍ਹਨ ਵਾਲੇ ਸੰਸਾਰ ਭਰ ਦੇ ਸਿੱਖਾਂ ਦੀ ਸ਼ਨਾਖਤ ਕਰ ਲੈਣ ਲਈ ਸਿੱਖਾਂ ਦੇ ਹੀ ਧਨ, ਤਾਕਤ ਅਤੇ ਮੈਨ ਪਾਵਰ ਨਾਲ ਭਾਰਤੀ ਦੁਸ਼ਮਣ ਤੰਤਰ ਸਰਵੇਖਣ ਕਰਾ ਕੇ “ਰਿਫਰੈਂਡਮ (ਰਾਇਸ਼ੁਮਾਰੀ) 2020” ਦੀ ਆੜ ਵਿਚ ਇਕੱਲੇ-ਇਕੱਲੇ ਸਿੱਖ ਵਿਚਲੀ ਚਿਣਗ ਨੂੰ ਜੋਖਦਾ ਤੇ ਤੋਲਦਾ ਪਿਆ ਹੈ, ਇਸੇ ‘ਜ਼ਮੀਰ ਦੇ ਸਨਮੁੱਖ’ ਕਰਨ ਦੀ ਇਹ ਅਸਲ ਕਹਾਣੀ ਹੈ ਤਾਂ ਜੋ ਬਾਅਦ ਵਿਚ ਇਸ ਜ਼ਮੀਰ ਨੂੰ ਕਿਵੇਂ ਆਪਣੇ ਪੱਖੀ ਬਣਾਉਣਾ ਜਾਂ ‘ਮੁਕਾਉਣਾ’ ਹੈ, ਉਸ ਦਾ ਪ੍ਰਬੰਧ ਕਰ ਲਿਆ ਜਾਵੇ। ਜਿਹੜਾ ਪੰਜਾਬ ਵਿਚ ਅਜਿਹੇ ਹੀ ਚਿੰਤਕਾਂ ਤੇ ਇਨ੍ਹਾਂ ਦੇ ਧੜਿਆਂ ਰਾਹੀਂ ਮਾਹੌਲ ਸਿਰਜ ਕੇ ਇਨ੍ਹਾਂ ਦੇ ਹੀ ‘ਖਾਲਿਸਤਾਨੀ’ ਪ੍ਰੋਗਰਾਮ ਪ੍ਰਤੀ ਨਫਰਤ ਦਾ ਮਾਹੌਲ ਪੈਦਾ ਕਰਵਾਉਣ ਵਾਲੀ, ਇਨ੍ਹਾਂ ਦੀ ਅਜਿਹੀ ਮੁਹਾਰਤ ਸਦਕਾ ਹੀ ਫਿਰ ਇਹ ਉਵੇਂ ਹੀ ਸਰਗਰਮ ਹਨ, ਜਿਵੇਂ ਕੇ.ਪੀ.ਐਸ਼ ਗਿੱਲ ਨੂੰ ਅਸਾਮ ਤੋਂ ਉਸ ਦੀ ਮੁਹਾਰਤ ਕਰ ਕੇ ਪੰਜਾਬ ਲਿਆਂਦਾ ਗਿਆ ਸੀ। ਇਹ ਸਾਰੇ ਧੜੇ ਇਸੇ ਲਈ ਜਿਉਂਦੇ ਹਨ ਕਿ ਇਨ੍ਹਾਂ ਸਿੱਖਾਂ ਵਿਚਲੀ ‘ਖਾਲਿਸਤਾਨੀ’ ਚਿਣਗ ਦੀ ਨਿਸ਼ਾਨਦੇਹੀ ਕਰ ਕੇ ਉਸ ਨੂੰ ਬੁਝਾਉਣ ਲਈ ਕੀ, ਕਿਵੇਂ, ਕਰਨਾ ਤੇ ਕਰਵਾਉਣਾ ਹੈ?
‘ਨਾਨ ਬਾਇੰਡਿੰਗ ਰਿਫਰੈਂਡਮ’ ਦਾ ਅਰਥ ਹੈ ਕਿ ਇਸ ਦਾ ਫੈਸਲਾ ਜੇ ਹਾਂ-ਪੱਖੀ ਵੀ ਹੈ ਤਾਂ ਕਿਸੇ ਵੀ ਸਰਕਾਰ ਲਈ ਉਸ ਨੂੰ ਮੰਨਣਾ ਜਾਂ ਉਸ ਦਾ ਸਮਰਥਨ ਕਰਨਾ ਕੋਈ ਜ਼ਰੂਰੀ ਨਹੀਂ ਹੈ। ਇਸ ਦਾ ਦੂਸਰਾ ਪੱਖ ਇਹ ਹੈ ਕਿ ਜਿਸ ਕੌਮ ਨੇ ਖੁਦ ਜਿਸ ਖਿੱਤੇ ਲਈ ‘ਨਾਨ ਬਾਇੰਡਿੰਗ ਰਿਫਰੈਂਡਮ’ ਕਰਵਾਇਆ ਹੈ, ਤੇ ਖੁਦ ਹੀ ਉਸ ਵਿਚ ਹਾਰ ਗਈ ਹੈ ਤਾਂ ਫਿਰ ਉਹ ‘ਬਾਇੰਡਿੰਗ ਰਿਫਰੈਂਡਮ’ ਲਈ ਕਿਸੇ ਵੀ ਦੇਸ਼ ਨੂੰ ਯੂ.ਐਨ.ਓ. ਨੂੰ ਅਪੀਲ ਕਰਨ ਲਈ ਆਪ ਕਹਿ ਨਹੀਂ ਸਕਦੀ; ਹਮੇਸ਼ਾ ਲਈ ਗੱਲ ਮੁੱਕ ਗਈ। ਰਿਫਰੈਂਡਮ 2020 ਦਾ ਮੁਹਰੈਲ ਗੁਰਪਤਵੰਤ ਸਿੰਘ ਪੰਨੂ ਇਸੇ ਲਈ ਕਹਿੰਦਾ ਹੈ ਕਿ ਅਸੀਂ ਐਸੇ ਹਾਲਾਤ ਬਣਾ ਦੇਣੇ ਹਨ ਕਿ ਸੰਸਾਰ ਦੇ ਦੇਸ਼ਾਂ ਨੂੰ ਕਹਿਣਾ ਹੈ, ਉਹ ਪਾਸੇ ਹਟ ਜਾਣ ਤੇ ਅਸੀਂ ਸਿੱਧੀ ਜੰਗ ਭਾਰਤ ਨਾਲ ਲੜ ਲੈਣੀ ਹੈ! ਜ਼ਰਾ ਸੋਚੋ, ਭਵਿੱਖ ਦਾ ਏਜੰਡਾ ਕੀ ਬਣਾਇਆ ਹੈ? ਜੇ ਜੂਨ 84 ਵਿਚ ਸੰਸਾਰ, ਸਿੱਖਾਂ ਲਈ ਹਾਅ ਦਾ ਨਾਅਰਾ ਨਾ ਮਾਰਦਾ ਤਾਂ ਭਾਰਤ ਅਤੇ ਪੰਜਾਬ ਵਿਚ ਸਿੱਖਾਂ ਦਾ ਹੋਰ ਕੀ ਹਾਲ ਹੁੰਦਾ? ਤੇ ਪੰਨੂ ਬਤੌਰ ਸਿੱਖ ਆਗੂ ਸੰਸਾਰ ਨੂੰ ਕਹਿ ਰਿਹਾ ਹੈ ਕਿ ਸਿੱਖਾਂ ਨੂੰ ਹੁਣ ਸੰਸਾਰ ਦੀ ਹਮਾਇਤ ਦੀ ਲੋੜ ਨਹੀਂ! ਭਾਈ ਜੇ ਇੰਨੇ ਹੀ ਤਾਕਤਵਰ ਹੋ ਗਏ ਹੋ ਤਾਂ ਫਿਰ ਯੂ.ਐਨ.ਓ. ਦਾ ਨਾਂ ਕਿਉਂ ਅਵਿਧਾਨਿਕ ਤੌਰ ‘ਤੇ ਅਤੇ ਝੂਠ ਦਾ ਸਹਾਰਾ ਲੈ ਕੇ ਵਰਤ ਰਹੇ ਹੋ? ਉਸ ਤੋਂ ਤਾਂ ਤੁਸੀਂ ਇਸ ਦੀ ਹਰੀ ਝੰਡੀ ਤਾਂ ਕੀ ਲੈਣੀ ਸੀ, ਉਸ ਨੂੰ ਸੂਚਿਤ ਤੱਕ ਨਹੀਂ ਕੀਤਾ ਗਿਆ! ਸੰਸਾਰ ਸਭਾ ਨਾਲ ਕੀਤਾ ਗਿਆ ਇਹ ਅਨਿਆਂ ਕੀ ਕਿਸੇ ਵੀ ਕੌਮ ਦੇ ਭਵਿਖ ਲਈ ਚੰਗੀ ਸ਼ੁਰੂਆਤ ਹੈ? ਇਹ ਨੁਕਸਾਨ ਕੀ ਛੋਟੇ ਨੁਕਸਾਨ ਹਨ? ਤੇ ਕੀ ਇਨ੍ਹਾਂ ਨੂੰ ਹੁਣ ਪੰਜਾਬ ਤੋਂ ਬਾਅਦ ਸੰਸਾਰ ਭਰ ਵਿਚ ਸਿੱਖ ਸਹਾਰਨ ਨੂੰ ਤਿਆਰ ਹਨ? “ਰਿਫਰੈਂਡਮ 2020” ਵਿਚੋਂ ਇਹੋ ਸਵਾਲ ਪੈਦਾ ਹੋ ਚੁੱਕਾ ਹੈ। ਸਮਝੋ, ਚਾਹੇ ਨਾ ਸਮਝੋ। ਬੁੱਧੀਜੀਵੀ ਇਸ ਨੂੰ ਸ਼ੁਭ ਤੇ ਚੰਗੀ ਸ਼ੁਰੂਆਤ ਦੱਸ ਰਹੇ ਹਨ।
ਝੂਠ ਦੇ ਅਡੰਬਰ ਦੇ ਚਮਕੀਲੇ ਗਲੈਮਰ ਦੇ ਕੰਡੇ ਵਿਚ ਫਸਾਈ ਜਾ ਚੁੱਕੀ ਕੌਮ ਨੂੰ ਪੰਨੂ ਦੀਆਂ ਇਹ ਗੱਲਾਂ ਕਿਉਂ ਨਹੀਂ ਸਮਝ ਆਉਂਦੀਆਂ ਤੇ ਕਿਉਂ ਨਹੀਂ ਅਜੋਕੇ ਲੇਖਕ ਸਮਝਾਉਂਦੇ, ਜਦ ਉਹ ਖੁਦ ਕਹਿੰਦਾ ਹੈ ਕਿ “ਯੂ.ਐਨ.ਓ. ਦਾ ਇਸ ਰਿਫਰੈਂਡਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਪ੍ਰਾਈਵੇਟ ਰਿਫਰੈਂਡਮ ਹੈ ਜੋ ਸਿੱਖ ਆਪ ਆਪਣੇ ਲਈ ਕਰਵਾਉਣਗੇ।” ਵਾਹ! ਉਹ ਪਹਿਲਾਂ “ਯੂ.ਐਨ.ਓ. ਦੇ ਕਾਨੂੰਨ ਦੇ ਤਹਿਤ ਰਿਫਰੈਂਡਮ ਹੋਵੇਗਾ ਤੇ ਪੰਜਾਬ ਆਜ਼ਾਦ ਹੋ ਜਾਵੇਗਾ” ਦੇ ਫਰੇਬੀ ਝੂਠ ਦਾ ਵੱਡਾ ਗਲੈਮਰ ਅਤੇ ਚਕਾਚੌਂਧ ਵਾਲਾ ਮਾਹੌਲ ਉਸਾਰ ਕੇ ਆਪ ਸੁਰਖਰੂ ਹੋ ਚੁੱਕਾ ਹੈ। ਅਕਲ ਦੇ ਅੰਨ੍ਹੇ ਲੋਕ, ਇਸ ਫਰੇਬ ਨੂੰ ਕੌਮ ਦਾ ਭਵਿਖ ਦੱਸ ਰਹੇ ਹਨ! ਉਹ ਆਪ ਕਹਿ ਰਿਹਾ ਹੈ ਕਿ ਸਿੱਖਸ ਫਾਰ ਜਸਟਿਸ ‘ਸਿਗਨੇਚਰ ਮੁਹਿੰਮ’ ਸ਼ੁਰੂ ਕਰੇਗੀ ਤੇ ਜੇ ਸਾਨੂੰ ਵਾਧੂ ਸਿਗਨੇਚਰ ਮਿਲ ਗਏ ਤਾਂ ਅਸੀਂ ਯੂ.ਐਨ.ਓ. ਵਿਚ ਕੇਸ ਕਰਾਂਗੇ; ਤੇ ਨਾਲ ਹੀ ਕਹਿੰਦਾ ਹੈ ਕਿ “ਯੂ.ਐਨ.ਓ. ਦੇ 148 ਦੇਸ਼ਾਂ ਦੇ ਪ੍ਰਤੀਨਿਧਾਂ ਦੀ ਰੇਖ-ਰੇਖ ਵਿਚ ਰਿਫਰੈਂਡਮ ਹੋਵੇਗਾ, ਭਾਰਤ ਇਸ ਵਿਚ ਦਖਲ ਨਹੀਂ ਦੇ ਸਕੇਗਾ।”
ਕਿਉਂ ਦਖਲ ਨਹੀਂ ਦੇ ਸਕੇਗਾ? ਤੇ ਭਾਰਤ ਦੀ ਸਹਿਮਤੀ ਤੋਂ ਬਿਨਾਂ ਉਸ ਦੀ ਧਰਤੀ ‘ਤੇ ਬਾਕੀ ਦੇਸ਼ਾਂ ਦੇ ਪ੍ਰਤੀਨਿਧ ਕਿਵੇਂ ਆਉਣਗੇ? ਇਸ ਯਬਲੀ ਦਾ ਉਤਰ ਤਾਂ ਆਉਣਾ ਚਾਹੀਦਾ ਹੈ। ਪੰਜਾਬ ਵਿਚ ਇਹ ਸਭ ਕੌਣ, ਕਿਵੇਂ ਕਰਵਾਏਗਾ, ਇਸ ਬਾਰੇ ਪੰਨੂ ਕੁਝ ਬੋਲਣ ਦੀ ਥਾਂ ਕਹਿੰਦਾ ਹੈ ਕਿ “ਇਸ ਨਾਨ ਬਾਇੰਡਿੰਗ ਰਿਫਰੈਂਡਮ ਨੂੰ ਸਿੱਖ ਆਪ ਕਰਵਾਉਣਗੇ।”
ਇਹ ਜਜ਼ਬਾਤੀ ਅੱਖਰਾਂ ਦੀ ਚਤੁਰਾਈ ਨਾਲ ਕੌਮ ਨੂੰ ਗੁੰਮਰਾਹ ਕਰਨ ਦੀ ਸਿਖਰਲੀ ਕਾਰਵਾਈ ਹੈ। ਹਮੇਸ਼ਾ ਇਸੇ ਦੇ ਪਾਂਧੀ ਲੋਕਾਂ ਨੇ ਆਪੋ-ਆਪਣੇ ਧੜਿਆਂ ਦੀਆਂ ‘ਹੱਟੀਆਂ’ ਦੇ ‘ਬ੍ਰਾਂਡ’ ਨੂੰ ਹੀ ਹਮੇਸ਼ਾ ਕਮਾਊ ‘ਬ੍ਰਾਂਡ ਅੰਬੈਸਡਰ’ ਬਣ ਕੇ ਸਲਾਹਿਆ ਹੈ ਕਿਉਂਕਿ ਉਸ ਦਾ ਕੰਮ ਹੀ ਇਹੋ ਹੈ ਕਿ ਜਿਸ ਦਾ ਉਹ ਬ੍ਰਾਂਡ ਅੰਬੈਸਡਰ ਹੈ, ਉਸੇ ਦੇ ਇਸ਼ਾਰੇ ‘ਤੇ ਹੀ ਅਦਾ ਕਰਦਾ ਹੈ। ਫਿਰ ਚਾਹੇ ਉਹ ‘ਨਿਊਡ’ ਹੀ ਕਿਉਂ ਨਾ ਹੋਵੇ। ਉਸ ਦਾ ਤਾਅਲੁਕ ਅਣਖ, ਇੱਜ਼ਤ, ਗ਼ੈਰਤ ਨਾਲ ਤਾਂ ਉਕਾ ਹੀ ਨਹੀਂ ਹੁੰਦਾ, ਉਹ ਤਾਂ ਧਨ ਅਤੇ ਪਹੁੰਚ ਲਈ ਅਜਿਹਾ ਕਰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੱਚ ਪ੍ਰਗਟਾਉਣ, ਝੂਠ ਦੀ ਧੁੰਦ ਮੁਕਾਉਣ, ਧਰਮ-ਪਾਖੰਡ ਨੂੰ ਸਾਹਮਣੇ ਲਿਆਉਣ, ਧੜੇ-ਰਾਜੇ-ਅਹਿਲਕਾਰਾਂ ਦੀ ਚਾਟੁਕਾਰੀ ਨਿਜ਼ਾਮ ਦੀ ਜੜ੍ਹ ਪੁੱਟਣ ਦਾ ਸੰਕਲਪ, ਮਾਰਗ ਤੇ ਕਿਰਦਾਰ ਪੈਦਾ ਕਰਨ ਵਾਲੇ ਸ਼ਬਦ ਗੁਰੂ ਦੇ ਮਾਰਗ ‘ਤੇ ਤੁਰਨ ਵਾਲਿਆਂ ਨੂੰ ‘ਖੜੋਤ ਦੇ ਆਗੂ ਤੇ ਪਹਿਰੇਦਾਰ’ ਦੱਸਣ ਦੀ ਹਿਮਾਕਤ ਕਰਨ ਵਾਲੇ ਲੋਕ ਹੀ ਹਨ ਜੋ ਸੱਚ ਦਾ ਗਿਆਨ ਪ੍ਰਤੱਖ ਹੋਣ ਦੇ ਬਾਵਜੂਦ ਦਿਲ-ਦਿਮਾਗ਼ ਤੇ ਢਿੱਡ ਵਿਚਲੇ ‘ਅਵਚੇਤਨ ਬ੍ਰਾਹਮਣ’ ਦੀ ਹੱਟੀ ਨੂੰ ਸਜਾ-ਸੰਵਾਰ ਕੇ ਉਸ ਲਈ ਬ੍ਰਾਂਡ ਅੰਬੈਸਡਰ ਦਾ ਕੰਮ ਕਰਦੇ ਰਹਿੰਦੇ ਹਨ। ਇਸੇ ਰਸਾਤਲੀ ਕਿਰਦਾਰ ਰਾਹੀਂ ਸ਼ਬਦ ਜਾਲ ਦੀ ਬੌਧਿਕਤਾ ਵਾਲੀ ਅਗਵਾਈ ਅਤੇ ਚੇਤਨਾ ਨੇ ਹੀ ਪੰਜਾਬ ਵਿਚਲੇ ਸੰਘਰਸ਼ ਤੇ ਕੁਰਬਾਨੀ ਕਰਨ ਵਾਲੇ ਆਮ ਸਿੱਖਾਂ ਦੇ ਮਨਾਂ ਵਿਚ ਆਗੂਆਂ ਤੇ ਉਨ੍ਹਾਂ ਦੇ ਪ੍ਰਚਾਰਕਾਂ ਪ੍ਰਤੀ ਨਫਰਤ ਪੈਦਾ ਕੀਤੀ ਹੈ ਜੋ ਹੁਣ 80% ਤੋਂ ਵੱਧ ‘ਖਾਲਿਸਤਾਨ’ ਤੋਂ ਆਕੀ ਅਤੇ ਬਹੁਤ ਹੱਦ ਤੱਕ ਨਫਰਤ ਕਰਨ ਲਾ ਦਿੱਤੇ ਹਨ। ਜਿਹੜੇ 20% ਤੁਰਦੇ ਹਨ, ਉਨ੍ਹਾਂ ਵਿਚੋਂ 18% ਕਮਾਊ ਵਪਾਰ ਬਣਾ ਕੇ ਤੁਰੇ ਹੋਏ ਹਨ ਤੇ ਸਿਰਫ 2% ਸਾਫ ਸੁਥਰੇ ਤੇ ਜ਼ਮੀਰ ਤੋਂ ਸੱਚੇ ਲੋਕਾਂ ਦੀ ਸੱਚਾਈ ਤੇ ਤਾਂਘ ਦਾ ਸ਼ੋਸ਼ਣ ਕਰਵਾਉਂਦੇ ਹਨ। ਇਨ੍ਹਾਂ ਹੀ 2% ਲੋਕਾਂ ਦੀ ਬਦੌਲਤ 98% ਗ਼ਲਤ ਅਨਸਰ ਆਪਣੀ ਦੁਕਾਨਦਾਰੀ ਤੇ ਕਾਰਪੋਰੇਟ ਬ੍ਰਾਂਡ ਨੂੰ ਵੇਚ ਕੇ ਕੰਪਨੀ ਚਲਾ ਰਿਹਾ ਹੈ। “2020” ਅਜਿਹੇ ਕਾਰਪੋਰੇਟ ਬ੍ਰਾਂਡਾਂ ਵਿਚਲੀ ਪਹੁੰਚ ਅਤੇ ਹੱਟੀ ਦੀ ਕਮਾਈ ਰਾਹੀਂ, ਅਦਿਖ ਤਾਕਤਾਂ ਦੇ ਨਿਸ਼ਾਨਿਆਂ ਨੂੰ ਫੁੰਡਣ ਵਾਸਤੇ ਅਤੇ ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਬਹੁਤ ਵੱਡੀ ਸਾਜ਼ਿਸ਼ੀ ਕਾਰਵਾਈ ਹੈ। 2% ਖਾਲਿਸਤਾਨ ਲਈ ਸਮਰਪਿਤ ਅਤੇ ਜਜ਼ਬਾਤੀ ਲੋਕ ਇਨ੍ਹਾਂ 98% ਦਗ਼ਾਬਾਜ਼ ਲੋਕਾਂ ਦੇ ਸ਼ਿਕਾਰ ਬਣ ਕੇ 100% ਕੌਮ ਨਾਲ ਧੋਖਾ ਕਰਵਾਉਣ ਜਾ ਰਹੇ ਹਨ। ਜੇ ਇਨ੍ਹਾਂ ‘2020’ ਵਾਲੇ ਲੋਕਾਂ ਪਾਸ 98% ਤਾਕਤ ਹੈ ਤਾਂ ਮੇਰੀ 2% ਖਾਲਿਸਤਾਨੀਆਂ ਨੂੰ ਬੇਨਤੀ ਹੈ ਕਿ ਉਹ ਚੁੱਪ ਹੋ ਜਾਣ ਅਤੇ ਸਾਈਡ ‘ਤੇ ਹੋ ਕੇ ਇਨ੍ਹਾਂ ਦੀ ਤਾਕਤ ਤੇ ਅੰਜਾਮ ਦੇਖਣ ਦੀ ਜੁਰਅਤ ਕਰ ਲੈਣ। ਸਾਰੇ ਤਮਾਸ਼ੇ ਦੀ ਅਸਲ ਫਿਲਮ ਆਪਣੇ ਆਪ ‘ਲੰਡਨ ਐਲਾਨਨਾਮੇ’ ਵਿਚ ਚੱਲ ਜਾਵੇਗੀ। ਜ਼ਰਾ ਗੌਰ ਨਾਲ ਕੌਮ ਨੂੰ ਬਚਾਉਣ ਵਾਸਤੇ ਚੇਤਨ ਦਿਮਾਗ ਨਾਲ ਫੈਸਲਾ ਕਰਨਾ ਕਿ ਜੇ 2% ਸੱਚੇ-ਸੁੱਚੇ ਜ਼ਮੀਰੋਂ ਖਾਲਿਸਤਾਨੀ ਬੰਦੇ ਆਪਣੇ ਆਪ ਨੂੰ ਕੌਮੀ ਭਵਿਖ ਲਈ ਬਚਾਉਣ ਲਈ ਪਾਸੇ ਹੋ ਜਾਣ ਤਾਂ ਇਨ੍ਹਾਂ ਨੂੰ ਕੀ ਫਰਕ ਪੈਣਾ ਹੈ? ਇਨ੍ਹਾਂ ਪਾਸ ਤਾਂ 98% ਤਾਕਤ ਇਨ੍ਹਾਂ ਦੇ ਆਪਣੇ ਦਾਅਵਿਆਂ ਅਨੁਸਾਰ ਹੈ ਹੀ। ਇਨ੍ਹਾਂ ਨੂੰ ਆਪਣੀ ਕੰਧ ‘ਤੇ ਇਬਾਰਤ ਲਿਖ ਲੈਣ ਦਿਓ; ਆਪਣੀ ਜ਼ਮੀਰ ‘ਤੇ ਇਬਾਰਤ ਲਿਖਣ ਦੀ ਆਗਿਆ ਨਾ ਦਿਓ। ਜਿਹੜੇ ਕਹਿੰਦੇ ਹਨ, ਨੁਕਸਾਨ ਤਾਂ ਕੋਈ ਨਹੀਂ ਹੈ, ਮੈਂ ਉਨ੍ਹਾਂ ਨੂੰ ਹੀ ਸਪਸ਼ਟ ਕਰ ਰਿਹਾ ਹਾਂ ਕਿ ਅਸਲ ਨੁਕਸਾਨ ਹੀ ਇਹੋ 2% ਜਿਉਂਦੀ ਜ਼ਮੀਰ ਵਾਲਿਆਂ ਦੀ ਨਿਸ਼ਾਨਦੇਹੀ ਕਰ ਕੇ ਇਨ੍ਹਾਂ ਦਾ ਵੀ ਚੁੱਪ-ਚੁਪੀਤੇ ਨਸਲਘਾਤ ਕਰਵਾ ਛੱਡਣ ਦਾ ਹੈ। ਸੰਭਲੋ ਤੇ ਬਚੋ। 98% ਨੂੰ ਕੋਈ ਫਰਕ ਨਹੀਂ ਜੇ ਪੈਣਾ, ਉਹ ਬਹੁ ਗਿਣਤੀ ਹਨ ਤਾਂ ਉਨ੍ਹਾਂ ਨੂੰ ਰਾਇਸ਼ੁਮਾਰੀ ਵਿਚ ਕੁੱਦਣ ਦਿਓ, ਤੁਸੀਂ ਪਾਸੇ ਹੋ ਜਾਓ ਤੇ ਫੇਰ ਤਮਾਸ਼ਾ ਦੇਖੋ।
ਆਪਣੀ ਹੱਟੀ ਦੇ ਫਾਇਦੇ ਲਈ ਬਣਾਏ ਹਰ ਨਵੇਂ ਵਿਕਾਊ ਤੇ ਕਮਾਊ ਪ੍ਰਾਡੈਕਟ ਨੂੰ ‘ਚਲਾਏ ਮਾਨਤਾ’ ਪ੍ਰਚਾਰ ਕੇ ਆਪੋ-ਆਪਣੇ ‘ਕਾਰਪੋਰੇਟ ਘਰਾਣੇ (ਧੜੇ)’ ਦੀ ਸਰਦਾਰੀ ‘ਪੰਥ ਮਰੇ ਧੜਾ ਜੀਵੇ’ ਦੀ ਪਾਲਿਸੀ ਤਹਿਤ ਹਮੇਸ਼ਾ ਗੁੰਮਰਾਹ ਕਰ ਕੇ, ਪਾਸੇ ਬਦਲਦੇ ਤੇ ਪਾਉਂਦੇ ਰਹਿੰਦੇ ਇਨ੍ਹਾਂ ਜੁਆਰੀਆਂ ਤੋਂ ਹੀ ਕੌਮ ਤੇ ਪੰਥ ਨੂੰ ਬਚਾਉਣ ਦੀ ਅਸਲ ਲੋੜ ਆਣ ਪਈ ਹੈ। ਇਸੇ ਏਜੰਡੇ ਨੇ ਹੀ ਕੌਮ ਖਾ ਲਈ ਹੈ, ਪੰਥ ਮਾਰ ਦਿੱਤਾ ਹੈ, ਸੰਘਰਸ਼ ਤਬਾਹ ਕਰ ਦਿੱਤਾ ਹੈ। ਇਹੋ ਖੜੋਤ ਹੈ ਤੇ ਇਸੇ ਖੜੋਤ ਦੇ ਅਜੋਕੇ ਵਿਦਵਾਨ ਸਮਰਥਕ ਤੇ 2020 ਵਾਲੇ ਆਗੂ ਬਣੇ ਹੋਏ ਹਨ। 2% ਅਸਲ ਤਾਕਤ ਨੂੰ ਗੁੰਮਰਾਹ ਕਰਨ ਲਈ ਜਿਸ ਨੂੰ ਅਜੋਕੇ ਲੇਖਕ ਖੜੋਤ ਦੱਸ ਕੇ ਆਪਣੇ ਪੱਖੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ; ਉਹੀ ਅਸਲ ਜ਼ਮੀਰ ਦੀ ਚੇਤਨਾ ਵਿਚੋਂ ਨਿਕਲਦੀ ਪੰਥਕ ਸੰਘਰਸ਼ ਦੀ ਚਲਾਏ ਮਾਨਤਾ ਹੈ ਜੋ ਸਿਰਫ ਸੁਤੰਤਰ ਤੇ ਪ੍ਰਭੁਤਾਧਾਰੀ ਖਾਲਸੇ ਦੀ ਜ਼ਮੀਰ ਵਿਚੋਂ ਹੀ ਫੁੱਟਦੀ ਤੇ ਵੇਗ ਬਣ ਕੇ ਤੁਰਦੀ ਹੈ। ਵਿਕਾਊ ਤੇ ਧੜੇਬਾਜ਼ੀ ਦੀ ਕਾਰਪੋਰੇਟ ਕੰਪਨੀ ਦੇ ਬ੍ਰਾਂਡ ਵਿਚੋਂ ਇਹ ਨਹੀਂ ਤੁਰਦੀ। ਮੇਰਾ ਚੈਲੰਜ ਹੈ ਕਿ ਉਹ ਅਤੇ ਉਨ੍ਹਾਂ ਵਿਚੋਂ ਵੀ ਜਿਹੜੇ ਆਪ ਸੁਤੰਤਰ ਚੇਤਨਾ ਦੇ ਪਾਂਧੀ ਹਨ, ਉਹ ਆਪਣੇ ਆਪ ਨੂੰ ਪਾਸੇ ਕਰ ਲੈਣ ਤੇ ਫਿਰ ਇਸ ਬ੍ਰਾਂਡ ਨੂੰ ਆਪਣੀ 98% ਤਾਕਤ ਨਾਲ ਕਰਾਮਾਤ ਕਰ ਕੇ ਦਿਖਾਉਣ ਦਾ ਚੈਲੰਜ ਪੂਰਾ ਕਰ ਦਿਖਾਉਣ ਦਿਓ। ਜਦ ਇਸ ‘ਰਿਫਰੈਂਡਮ 2020’ ਤੋਂ ਨਾ ਕੋਈ ਫਾਇਦਾ ਹੈ ਤੇ ਨਾ ਕੋਈ ਨੁਕਸਾਨ, ਤਾਂ ਮੇਰੇ ਇਸ ਪ੍ਰਸਤਾਵ ਦਾ ਇਕ ਪੱਕਾ ਫਾਇਦਾ ਇਹ ਤਾਂ ਹੋਵੇਗਾ ਕਿ ਡਿੱਠੀਆਂ ਮੰਜੀਆਂ ਵਿਚੋਂ ਫਿਰ ‘ਅਸਲ ਆਗੂ ਲਾਧੋ ਰੇ’ ਦਾ ਕੰਮ ਤਾਂ ਸਿੱਖਾਂ ਵਿਚ ਪੂਰਾ ਹੋ ਜਾਵੇਗਾ ਜੋ ਭਵਿਖ ਲਈ ਬਹੁਤ ਜ਼ਰੂਰੀ ਹੈ। ਕੀ ‘2020 ਵਾਲੇ’ ਸਹਿਮਤ ਹਨ? ਜਦ ਆਪ ਹੀ ਇਹ ਲੋਕ ਮੰਨ ਰਹੇ ਹਨ ਕਿ ਇਸ ਰਿਫਰੈਂਡਮ ਤੋਂ ਕੁਝ ਵੀ ਹਾਸਲ ਨਹੀਂ ਹੋਣਾ ਹੈ ਤਾਂ ਧੜਾ ਕਾਰਪੋਰੇਟ ਇਜਾਰੇਦਾਰੀ ਦੀ ਹਿਤਕਾਰੀ ਤੇ ਸ਼ੋਸ਼ਣਕਾਰੀ ਤਾਕਤਾਂ ਦੇ ਸ਼ਬਦ ਜਾਲ ਦੀ ਤਾਂਤਰਿਕ ਵਿੱਦਿਆਧਾਰੀ ਉਪਦੇਸ਼ਾਂ ਦੇ ਅਡੰਬਰੀ ਤਾਂਡਵ ਮਚਾਉਣ ਨਾਲੋਂ, ਇਹ ਮੇਰੀ ਪ੍ਰਸਤਾਵਿਤ ਕਵਾਇਦ ਕਰ ਲੈਣੀ ਠੀਕ ਨਹੀਂ ਹੈ? ‘2020’ ਤਾਂ ਬਾਅਦ ਵਿਚ, ਉਹ ਖੁਦ ਸਵੀਕਾਰਦੇ ਹਨ ਕਿ ਸਿਰਫ ਖਾਲੀ ਮੈਦਾਨ ਵਿਚ ਧੂੜ ਦਾ ਗੁਬਾਰ ਹੀ ਪੈਦਾ ਕਰ ਕੇ ਸੁਆਹ ਉਡਾਏਗੀ; ਤੇ ਫਿਰ ਚੰਗਾ ਨਹੀਂ ਕਿ ਲੀਡਰਹੀਣ ਬਣਾ ਦਿੱਤੀ ਗਈ ਕੌਮ ਨੂੰ ‘ਆਗੂ ਲਾਧੋ ਰੇ’ ਦੀ ਅਤਿ ਲੋੜੀਂਦੀ ਕਾਰਵਾਈ ਵੱਲ ਲਿਜਾਇਆ ਜਾਵੇ? ਜਦ ਉਹ ਮੰਨਦੇ ਹਨ ਕਿ ਹੁਣ ਸਭ ਪੰਨੂ ਨਾਲ ਹੀ ਖੜ੍ਹੇ ਹਨ ਤਾਂ ਫਿਰ ਇਸ ਤੋਂ ਵਧੀਆ ਤੇ ਢੁਕਵਾਂ ਮੌਕਾ ਪੰਨੂ ਕਾਰਪੋਰੇਟ ਬ੍ਰਾਂਡ ਲਈ ਹੋਰ ਕਿਹੜਾ ਹੋਵੇਗਾ? ਪਰ ਉਹ ਇੰਜ ਕਰਨਗੇ ਨਹੀਂ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਸਲੋਂ ਤਾਂ ਸਾਰੀ ਗੇਮ ਉਹ 2% ਜਾਗਦੀਆਂ ਰੂਹਾਂ ਦੇ ਨਸਲਘਾਤ ਲਈ ਹੀ ਕਰ ਰਹੇ ਹਨ ਤੇ ਜੇ ਉਹ ਪਾਸੇ ਹੋ ਗਏ ਤਾਂ ਅਦਿਖ ਤਾਕਤਾਂ ਲਈ ਇਹ ਬ੍ਰਾਂਡ ‘ਯੂਜਲੈਸ’ ਹੋ ਜਾਂਦਾ ਹੈ; ਤੇ ਇਹੋ ਅਸਲ ਸੱਚ ਹੈ। ਅਜਿਹੀਆਂ ਤਾਕਤਾਂ ਸਿੱਖੀ ਅਤੇ ਖਾਲਸੇ ਨੂੰ ਬਲੈਕ ਹੋਲ ਵਿਚ ਧੱਕਣ ਤਕ ਨਿੱਤ ਨਵੇਂ ਸਲੋਗਨਾਂ ਨਾਲ ਤਤਪਰ ਤੇ ਸਰਗਰਮ ਰਹਿਣਗੀਆਂ। ‘2020’ ਵਾਲੇ ਇਸੇ ਦੀ ਕੰਧ ‘ਤੇ ਲਿਖੀ ਇਬਾਰਤ ਹਨ। ਇਸ ਦੇ ਸਮਰਥਕ ਨੀਰੋ ਦੀ ਵੰਝਲੀ ਵਜਾਉਣ ਦੇ ਇੰਤਜ਼ਾਰ ਵਿਚ ਹਨ ਜਿਸ ਦੀ ਕੋਈ ਇਬਾਰਤ ਨਹੀਂ ਤੇ ਸਮਰਥਨ ਸਿਰ ਚੜ੍ਹ ਬੋਲ ਰਿਹਾ ਹੈ, ਉਸ ‘ਲੰਡਨ ਐਲਾਨਨਾਮੇ’ ਨੂੰ ਕੌਮ ਦੀ ਮੰਜ਼ਿਲ ਮੰਨਣ ਵਾਲਿਆਂ ਦੀ ਇਸੇ ‘ਬਿਨਾਂ ਇਬਾਰਤ ਦੇ ਐਲਾਨਨਾਮੇ’ ਨੂੰ ਹੀ ਅਵਚੇਤਨਾ ਦੀ ਸ਼ਕਤੀ ਤੇ ਜ਼ਮੀਰ ਦੀ ਆਵਾਜ਼ ਦੱਸਣ ਵਾਲੇ ਕੌਮ ਨੂੰ ਦਰੋਪਤੀ ਦੇ ਚੀਰ-ਹਰਨ ਤੋਂ ਬਾਅਦ ਕਿਸ ਦੇ ਲੜ ਲਾਉਣ ਵਾਲੇ ਹਨ; ਕੀ ਸਪਸ਼ਟ ਨਹੀਂ ਹੈ? ਅਜਿਹੇ ਜ਼ਮੀਰੋਂ ਮਰੇ ਲੋਕ ਕੌਮ ਨੂੰ ਜਗਾਉਣ ਤੇ ਜ਼ਮੀਰ ਦੇ ਸਾਹਮਣੇ ਖੜ੍ਹਾ ਕਰ ਦੇਣ ਦੀ ‘ਪਵਿਤਰ ਚੁਣੌਤੀ’ ਦੀ ਗੱਲ ਕਰ ਰਹੇ ਹਨ। ਡਾ. ਹਰਮਿੰਦਰ ਮੀਤ ਦੀ ‘ਵਾਲ’ ਤੋਂ ਇਹ ਸ਼ਬਦ ਲਿਖ ਕੇ ਮੈਂ ਆਪਣੀ ਗੱਲ ਖਤਮ ਕਰਦਾ ਹਾਂ, “ਅਕਲ ਦੇ ਅੰਨ੍ਹਿਆਂ ਦੀ ਪਹਿਲੀ ਵੱਡੀ ਸਿਫਤ ਇਹ ਹੁੰਦੀ ਹੈ ਕਿ ਉਹ ਸਿਰਫ ਉਸ ਗੱਲ ਨੂੰ ਹੀ ਸਹੀ ਮੰਨਦੇ ਹਨ ਜੋ ਯਥਾਰਥ ਵਿਚ ਹੋਣ ਦੀ ਬਜਾਏ ਉਨ੍ਹਾਂ ਦੀ ਕਲਪਨਾ ਵਿਚ ਹੁੰਦੀ ਹੈ।… ਇਨ੍ਹਾਂ ਦੀ ਦੂਜੀ ਵੱਡੀ ਸਿਫਤ ਇਹ ਹੁੰਦੀ ਹੈ ਕਿ ਉਹ ਦੂਜਿਆਂ ਨੂੰ ਆਪਣੇ ਵਰਗੇ ਬਣਾਉਣ ਲਈ ਹਰ ਹਥਿਆਰ ਵਰਤਦੇ ਹਨ।… ਅਕਲ ਦੇ ਅੰਨ੍ਹਿਆਂ ਦੀ ਸੁਸਾਇਟੀ ਵਿਚ ਆਪਣੇ ਆਪ ਨੂੰ ਬਚਾਈ ਰੱਖਣ ਲਈ ਨਿਰੰਤਰ ਸੰਘਰਸ਼ ਕਰਨਾ ਪੈਂਦਾ ਹੈ।”
ਜੂਨ 84 ਤੋਂ ਬਾਅਦ ਜਜ਼ਬਾਤੀ ਖਾਲਸਾ ਜੀ ਨੇ ਇਹ ਜੱਦੋਜਹਿਦ ਕਦੇ ਸ਼ੁਰੂ ਹੀ ਨਹੀਂ ਕੀਤੀ ਤੇ ਅਕਲ ਦੇ ਅੰਨ੍ਹਿਆਂ ਮਗਰ ਹੀ ਤੁਰੇ ਰਹਿਣ ਨੂੰ ਚਲਾਏ ਮਾਨਤਾ ਬਣਾਈ ਤੇ ਸਥਾਪਿਤ ਕਰਵਾਈ ਰੱਖੀ ਹੈ। ਇਸ ਦੀ ਮਿਸਾਲ ਹੈ: ਇਹ ਜੋ ਪੰਥਕ ਆਗੂ ਬਣੇ ਫਿਰਦੇ ਹਨ, ਇਨ੍ਹਾਂ ਨੇ ਕਦੇ ਬਤੌਰ ਆਗੂ ਤਾਂ ਪੰਥ ਦੀ ਅਗਵਾਈ ਕਰਨ ਦੀ ਜੁਰਅਤ ਹੀ ਨਹੀਂ ਕੀਤੀ। ਹਮੇਸ਼ਾ ਇਸੇ ਏਜੰਡੇ ਨੂੰ ਹੀ ਆਪਣਾ ਮੈਨੀਫੈਸਟੋ ਬਣਾਇਆ ਹੈ ਕਿ ਜਿਧਰ ਨੂੰ ਲੋਕਾਈ ਦਾ ਵਹਾਅ ਸੈਲਾਬ ਬਣ ਤੁਰ ਪਿਆ, ਉਸੇ ਵਿਚ ਹੀ ਆਪਣੇ ਆਪ ਨੂੰ ਲੀਡਰ ਬਣਾ ਕੇ ਆਪਣੀ ਕਾਗ਼ਜ਼ ਦੀ ਬੇੜੀ ਠੱਲ੍ਹ ਦਿਓ; ਵਹਾਅ ਆਪੇ ਹੀ ਤੋਰ ਕੇ ਅਗਾਂਹ ਲੈ ਜਾਵੇਗਾ। ਜਦ ਕਿ ਉਸ ਕਾਗ਼ਜ਼ ਦੀ ਕਿਸ਼ਤੀ ਦਾ ਡੁੱਬਣਾ ਤੈਅ ਹੁੰਦਾ ਹੈ (ਜਿਵੇਂ ਰਿਫਰੈਂਡਮ ਦੇ ਨਤੀਜੇ ਆਪੇ ਹੀ ਇਸ ਦੇ ਸਮਰਥਕਾਂ ਨੇ ਤੈਅ ਕਰ ਦਿੱਤੇ ਹਨ ਕਿ ਕੋਈ ਲਾਭ ਨਹੀਂ ਹੋਣਾ)। ਪਰ ਨਿੱਜ-ਗਰਜ਼ੀ ਸਮਰਥਕ ਲੋਕਾਂ ਤੇ ਆਗੂਆਂ ਨੂੰ ਡੁੱਬਣ ਤੋਂ ਪਹਿਲਾਂ ਛਾਲਾਂ ਮਾਰਨੀਆਂ ਆਉਂਦੀਆਂ ਹਨ। ਉਹ ਹਮੇਸ਼ਾ ਬਚ ਜਾਂਦੇ ਹਨ ਤੇ ਆਪਣੇ ਸਵਾਰਥ ਲਈ ਅਗਲੇ ਲੋਕ ਵਹਾਅ ਦੇ ਸੈਲਾਬ ਦਾ ਇੰਤਜ਼ਾਰ ਕਰਦੇ ਹਨ… ਸਿੱਖ ਕੌਮ ਦੀ ਤ੍ਰਾਸਦੀ ਭਰੀ ਇਹੋ ਸੱਚਾਈ ਹੈ। ਰਿਫਰੈਂਡਮ 2020 ਦੇ ਸਮਰਥਕ ਤੇ ਆਗੂ ਲੰਡਨ ਐਲਾਨਨਾਮੇ ਤੋਂ ਬਾਅਦ ਇਸ ਸੈਲਾਬ ਨੂੰ ਬਲੈਕ ਹੋਲ ਵਿਚ ਡੇਗਣ ਤੋਂ ਪਹਿਲਾਂ ਛਾਲ ਮਾਰਨ ਦਾ ਆਪਣਾ ਪ੍ਰਬੰਧ ਕਰ ਚੁੱਕੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਅਗਲੇ ਸੈਲਾਬ ਵਿਚ ਜਿਹੜੇ ਨਵੇਂ ਚੇਤਨ ਖਾਲਸੇ ਬਣਨਗੇ, ਉਨ੍ਹਾਂ ਨੂੰ ਡੋਬਣ ਲਈ ਫਿਰ ਉਸ ਵਿਚ ਆਪਣੀ ਕਿਸ਼ਤੀ ਠੇਲ੍ਹਣਗੇ; ਤੇ ਇਹ ਸਿਲਸਿਲਾ ਚਲਦਾ ਰਹੇਗਾ ਓਦੋਂ ਤੱਕ। ਜਿਵੇਂ ਪੰਨੂ ਨੇ ਖੁਦ ਕਿਹਾ ਕਿ ਅਸੀਂ ਅਜਿਹੇ ਹਾਲਾਤ ‘ਤੇ ਦੁਨੀਆਂ ਨੂੰ ਲਿਆ ਕੇ ਖੜ੍ਹਾ ਕਰ ਦੇਣਾ ਹੈ, ਜਿਥੇ ਅਸੀਂ ਕਹਾਂਗੇ ਕਿ “ਹੁਣ ਸਿੱਖਾਂ ਤੇ ਭਾਰਤ ਦੀ ਸਿੱਧੀ ਜੰਗ ਹੋਣ ਲੱਗੀ ਹੈ ਤੇ ਸਾਰੀ ਦੁਨੀਆਂ ਦੇ ਦੇਸ਼ ਪਾਸੇ ਹੋ ਜਾਣ, ਅਸੀਂ ਆਪੇ ਭਾਰਤ ਨਾਲ ਨਜਿੱਠ ਲਵਾਂਗੇ।” ਖਾਲਸਾ ਕੌਮ ਨੂੰ ਖੜੋਤ ਅਤੇ ਇਸ ਹਿਤ ਸੁਹਿਰਦ ਬੇਦਾਗ ਸਵਾਰਥਹੀਣ ਆਗੂਆਂ ਨੂੰ ਖੜੋਤ ਦੇ ਲੀਡਰ ਦੱਸਣ ਵਾਲਿਓ, ਇਸ ਤਬਾਹਕੁਨ ਅਤੇ ਸਿੱਧੀ ਨਸਲਘਾਤ ਦੀ ਇਬਾਰਤ ਕੰਧ ‘ਤੇ ਲਿਖਣ ਵਾਲੇ ਪ੍ਰੋਗਰਾਮ ਦੀ ਗੁੱਝੀ ਰਮਜ਼ ‘ਤੇ ਲੇਖ ਲਿਖਣ ਦੀ ਲੋੜ ਸੀ। ਨਹੀਂ ਲਿਖਿਆ, ਜਿਸ ਦਾ ਸਪਸ਼ਟ ਅਰਥ ਹੈ ਕਿ ਸੰਸਾਰ ਨੂੰ ਪਾਸੇ ਹੋ ਜਾਣ ਲਈ ਤੇ ਭਾਰਤ ਨੂੰ ਖਾਲਸਾ ਕੌਮ ਦਾ ਨਸਲਘਾਤ ਕਰ ਦੇਣ ਲਈ ਤੁਸੀਂ ਸਪਸ਼ਟ ਇਰਾਦਾ ਪ੍ਰਗਟਾ ਦਿੱਤਾ ਹੈ। ਰੱਬ ਰਾਖਾ।