ਚੰਡੀਗੜ੍ਹ: ਫ਼ਿਲਪਾਇਨ ਦੀ ਰਾਜਧਾਨੀ ਮਨੀਲਾ ਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਪੰਜ ਸਾਲਾਂ ਦੌਰਾਨ ਲੁਟੇਰਿਆਂ ਵੱਲੋਂ ਤਕਰੀਬਨ ਦੋ ਦਰਜਨ ਪੰਜਾਬੀ ਨੌਜਵਾਨਾਂ ਦੀ ਹੱਤਿਆ ਕੀਤੀ ਗਈ ਤੇ ਦਰਜਨਾਂ ਹੋਰਾਂ ਨੂੰ ਫ਼ਿਰੌਤੀ ਲਈ ਅਗਵਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਪੰਜਾਬ ਵਿਚੋਂ ਉਥੇ ਗਏ ਅਪਰਾਧੀ ਬਿਰਤੀ ਵਾਲੇ ਵਿਅਕਤੀਆਂ ਦਾ ਹੱਥ ਹੈ ਜਿਸ ਦਾ ਖੁਲਾਸਾ ਪਿਛਲੇ ਦਿਨੀਂ ਹੋਇਆ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਥਰੋਡ ਦੇ ਵਸਨੀਕ ਜਗਸੀਰ ਸਿੰਘ ਉਰਫ਼ ਰਾਜਾ ਜੋ ਫ਼ਿਲਪਾਈਨ ਮਨੀਲਾ ਵਿਚ ਫਾਇਨਾਂਸ ਕੰਪਨੀ ਚਲਾਉਂਦਾ ਹੈ, ਦੇ ਭਰਾ ਸੁਖਦੇਵ ਸਿੰਘ ਨੇ ਪੰਜਾਬ ਦੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਜ਼ੋਨ ਨੂੰ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਫਿਰੌਤੀ ਲਈ ਉਸ ਦੇ ਭਰਾ ਜਗਸੀਰ ਸਿੰਘ ਵਸਨੀਕ ਬੁਰਜ ਥਰੋਡ ਜ਼ਿਲ੍ਹਾ ਬਠਿੰਡਾ ਨੂੰ 3 ਜੂਨ, 2012 ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਵਿਚੋਂ ਇਕ ਜਗਸੀਰ ਸਿੰਘ ਪੁੱਤਰ ਜਗਤਾਰ ਸਿੰਘ ਵਸਨੀਕ ਸਿੰਘਪੁਰਾ (ਮੁੜੈਲੀ) ਜ਼ਿਲ੍ਹਾ ਮੋਗਾ ਮਨੀਲਾ ਪੁਲਿਸ ਨੂੰ ਚਕਮਾ ਦੇ ਕੇ ਪੰਜਾਬ ਪਹੁੰਚਿਆ ਹੋਇਆ ਹੈ ਜਦੋਂਕਿ ਇਸ ਗਰੋਹ ਦੇ ਸਾਹਿਬ ਸਿੰਘ ਉਰਫ਼ ਰਿਕੀ ਸਿੰਘ ਵਸਨੀਕ ਨੂਰਪੁਰਾ ਜੱਟਾਂ ਜ਼ਿਲ੍ਹਾ ਕਪੂਰਥਲਾ ਨੂੰ ਮਨੀਲਾ ਪੁਲਿਸ ਉਸਦੇ ਭਰਾ ਦੇ ਅਗਵਾ ਕਾਂਡ ਵਿਚ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਮਨੀਲਾ ਪੁਲਿਸ ਇੰਦਰਜੀਤ ਸਿੰਘ ਉਰਫ਼ ਗੋਲਡੀ ਉਰਫ਼ ਮਨਜੀਤ ਸਿੰਘ ਉਰਫ਼ ਮਾਨ ਵਸਨੀਕ ਜਮਸ਼ੇਰ ਖਾਦੇਨ ਜ਼ਿਲ੍ਹਾ ਜਲੰਧਰ, ਦਿਲਬਾਗ ਸਿੰਘ ਉਰਫ਼ ਬੱਗਾ ਵਸਨੀਕ ਸੁਲਤਾਨਪੁਰ ਲੋਧੀ, ਸੰਤੋਸ਼ ਸ਼ਰਮਾ ਵਸਨੀਕ ਜਲੰਧਰ, ਜਗਸੀਰ ਸਿੰਘ ਜੱਗਾ ਉਰਫ਼ ਮੁੰਨਣ ਵਸਨੀਕ ਕੋਟ ਈਸੇ ਖਾਂ, ਜੁਗਲ ਕਿਸ਼ੋਰ, ਗੁਰਨਾਮ ਸਿੰਘ ਉਰਫ਼ ਰੋਬਿਟ ਸਿੰਘ ਵਿਰੁੱਧ ਕੇਸ ਦਰਜ ਕਰ ਚੁੱਕੀ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਦਾਲਤ ਤੋਂ ਵਾਰੰਟ ਹਾਸਲ ਕੀਤੇ ਹੋਏ ਹਨ। ਉਸ ਨੇ ਦੱਸਿਆ ਕਿ ਉਸ ਦਾ ਭਰਾ ਜਗਸੀਰ ਸਿੰਘ ਉਰਫ਼ ਰਾਜਾ ਇਨ੍ਹਾਂ ਅਗਵਾਕਾਰਾਂ ਦੇ ਚੁੰਗਲ ਵਿਚੋਂ 12 ਜੂਨ, 2012 ਨੂੰ ਬਚ ਕੇ ਨਿਕਲ ਆਇਆ ਸੀ ਤੇ ਉਸ ਨੇ ਮਨੀਲਾ ਪੁਲਿਸ ਕੋਲ ਇਸ ਬਾਰੇ ਕੇਸ ਦਰਜ ਕਰਵਾਇਆ ਸੀ।
ਬਠਿੰਡਾ ਜ਼ੋਨ ਦੇ ਆਈਜੀ ਨਿਰਮਲ ਸਿੰਘ ਢਿੱਲੋਂ ਨੇ ਧਰਮਕੋਟ ਪੁਲਿਸ ਦੇ ਡੀਐਸਪੀ ਨੂੰ ਇਸ ਮਾਮਲੇ ਦੀ ਜਾਂਚ ਸੌਂਪ ਦਿੱਤੀ ਹੈ। ਇਸ ਦੌਰਾਨ ਜਗਸੀਰ ਸਿੰਘ ਉਰਫ਼ ਰਾਜਾ ਵਸਨੀਕ ਪਿੰਡ ਬੁਰਜ ਥਰੋੜ ਜ਼ਿਲ੍ਹਾ ਬਠਿੰਡਾ ਜਿਸ ਨੂੰ ਦੋਸ਼ੀਆਂ ਨੇ ਫਿਰੌਤੀ ਲਈ ਅਗਵਾ ਕੀਤਾ ਸੀ, ਵੀ ਫ਼ਿਲਪਾਇਨ ਤੋਂ ਕੁਝ ਦਿਨ ਪਹਿਲਾਂ ਆਪਣੇ ਪਿੰਡ ਬੁਰਜ ਥਰੋੜ ਪਹੁੰਚ ਗਿਆ। ਉਸ ਨੇ ਵੀ ਜਗਸੀਰ ਸਿੰਘ ਪੁੱਤਰ ਜਗਤਾਰ ਸਿੰਘ ਵਸਨੀਕ ਸਿੰਘਪੁਰਾ (ਮੁੜੈਲੀ) ਦਾ ਵੀ ਨਾਂ ਲਿਆ। ਬਾਅਦ ਵਿਚ ਧਰਮਕੋਟ ਪੁਲਿਸ ਨੇ ਡੀਐਸਪੀ ਨੇ ਜਗਸੀਰ ਸਿੰਘ ਨੂੰ ਸੰਮਨ ਜਾਰੀ ਕਰਕੇ ਬੁਲਾਇਆ ਤੇ ਉਸ ਦੇ ਬਿਆਨ ਕਲਮਬੰਦ ਕੀਤੇ। ਜਗਸੀਰ ਸਿੰਘ ਨੂੰ ਮਨੀਲਾ ਵਿਚ ਅਗਵਾ ਕਰਾਉਣ ਦੇ ਦੋਸ਼ਾਂ ਬਾਰੇ ਉਸ ਨੇ ਮੰਨਿਆ ਕਿ ਸਾਲ 2011 ਦੇ ਅਖ਼ੀਰ ਵਿਚ ਗੁਰਦੇਵ ਸਿੰਘ ਪੁੱਤਰ ਚੜ੍ਹਤ ਸਿੰਘ ਪਿੰਡ ਬੋਡੇ ਜ਼ਿਲ੍ਹਾ ਮੋਗਾ, ਉਸ ਦੇ ਸਾਥੀ ਮਨਜੀਤ ਸਿੰਘ, ਦਿਲਬਾਗ ਸਿੰਘ ਉਰਫ਼ ਬਾਘਾ, ਸਾਹਿਬ ਸਿੰਘ ਉਰਫ਼ ਰਿੰਕੀ, ਬਹਾਦਰ ਸਿੰਘ, ਸੰਤੋਸ਼ ਸ਼ਰਮਾ ਉਸ ਕੋਲ ਮਨੀਲਾ ਆਏ ਸਨ ਤੇ ਉਸ ਨੂੰ ਜਗਸੀਰ ਸਿੰਘ ਉਰਫ਼ ਰਾਜਾ ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ, ਨੂੰ ਵਿਖਾਉਣ ਲਈ ਕਿਹਾ ਕਿਉਂਕਿ ਕਿਸੇ ਜ਼ਰੂਰੀ ਕੰਮ ਲਈ ਉਨ੍ਹਾਂ ਨੇ ਉਸ ਨੂੰ ਮਿਲਣਾ ਸੀ। ਉਸ ਤੋਂ ਬਾਅਦ ਉਹ ਭਾਰਤ ਆ ਗਿਆ ਤੇ ਉਸ ਨੂੰ ਪਿੱਛੋਂ ਪਤਾ ਲੱਗਾ ਕਿ ਗੁਰਦੇਵ ਸਿੰਘ ਬੋਡੇ ਗਰੁੱਪ ਨਾਲ ਉਕਤ ਦੱਸੇ ਵਿਅਕਤੀਆਂ ਨੇ ਫਿਰੌਤੀ ਲਈ ਜਗਸੀਰ ਸਿੰਘ ਉਰਫ਼ ਰਾਜਾ ਨੂੰ ਅਗਵਾ ਕਰ ਲਿਆ ਹੈ। ਉਸ ਨੇ ਕਿਹਾ ਕਿ ਉਕਤ ਦੋਸ਼ੀਆਂ ਨੂੰ ਅਗਵਾ ਕੀਤਾ ਜਗਸੀਰ ਸਿੰਘ ਉਰਫ਼ ਰਾਜਾ ਉਸ ਨੂੰ ਦਿਖਾਇਆ ਜ਼ਰੂਰ ਸੀ ਪਰ ਅਗਵਾ ਦੀ ਘਟਨਾ ਵਿਚ ਉਸ ਦਾ ਆਪਣਾ ਹੱਥ ਨਹੀਂ ਹੈ। ਪੰਜਾਬ ਪੁਲਿਸ ਇਨ੍ਹਾਂ ਦੋਸ਼ੀਆਂ ਬਾਰੇ ਮਨੀਲਾ ਪੁਲਿਸ ਨੂੰ ਰਿਪੋਰਟ ਭੇਜ ਰਹੀ ਹੈ। ਮਨੀਲਾ ਪੁਲਿਸ ਨੇ ਫ਼ਿਲਹਾਲ ਪੰਜਾਬ ਪੁਲਿਸ ਤੱਕ ਉਥੋਂ ਭੱਜ ਕੇ ਪੰਜਾਬ ਪਹੁੰਚੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਤੋਂ ਕੋਈ ਮਦਦ ਨਹੀਂ ਮੰਗੀ।
Leave a Reply