ਆਮ ਆਦਮੀ ਪਾਰਟੀ ਦੀ ਖਾਸੀਅਤ

ਆਮ ਆਦਮੀ ਪਾਰਟੀ ਇਕ ਵਾਰ ਫਿਰ ਸੰਕਟ ਵਿਚ ਹੈ ਅਤੇ ਪਹਿਲਾਂ ਵਾਂਗ ਹੀ, ਇਕ ਵਾਰ ਫਿਰ ਇਸ ਦੀ ਹੋਂਦ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਦਿੱਲੀ ਤੋਂ ਬਾਅਦ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿਥੇ ਇਸ ਪਾਰਟੀ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਹੁੰਗਾਰੇ ਵਿਚ ਅੱਛਾ-ਖਾਸਾ ਯੋਗਦਾਨ ਪਰਵਾਸੀਆਂ ਦਾ ਹੈ ਜੋ ਹਰ ਹੀਲੇ ਕਾਂਗਰਸ ਅਤੇ ਅਕਾਲੀ ਦਲ ਦੀ ਰਵਾਇਤੀ ਲੀਡਰਸ਼ਿਪ ਦੇ ਬਰਾਬਰ ਇਸ ਪਾਰਟੀ ਦੇ ਦਮਖਮ ਲਈ ਹਰ ਤਰ੍ਹਾਂ ਦੀ ਇਮਦਾਦ ਕਰਦੇ ਰਹੇ ਹਨ। ਹੁਣ ਜਦੋਂ ਪਾਰਟੀ ਅੰਦਰ ਇਕੋ ਤਰ੍ਹਾਂ ਦਾ ਸੰਕਟ ਵਾਰ-ਵਾਰ ਉਠ ਰਿਹਾ ਹੈ ਤਾਂ ਲੋਕ ਇਸ ਪਾਰਟੀ ਦੀਆਂ ਜੜ੍ਹਾਂ ਬਾਰੇ ਛਾਣਬੀਣ ਕਰਨ ਲੱਗੇ ਹਨ।

ਇਸ ਪਾਰਟੀ ਨੂੰ ਹੋਂਦ ਵਿਚ ਆਇਆਂ ਅਜੇ ਛੇ ਸਾਲ 26 ਨਵੰਬਰ ਨੂੰ ਹੋਣੇ ਹਨ। ਇਹ ਪਾਰਟੀ ਹੋਂਦ ਵਿਚ ਆਉਣ ਤੋਂ ਪਹਿਲਾਂ ਇਸ ਪਾਰਟੀ ਦਾ ਕਰਤਾ-ਧਰਤਾ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਅੰਨਾ ਹਜ਼ਾਰੇ ਅਤੇ ਸਾਥੀਆਂ ਵਾਲੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾ ਚੁਕਾ ਹੈ। ਇਸ ਤੋਂ ਵੀ ਪਹਿਲਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰਾਂ ਨੇ ਰਲ ਕੇ 2000 ਦੇ ਨੇੜੇ-ਤੇੜੇ ‘ਪਰਿਵਰਤਨ’ ਨਾਂ ਦੀ ਗੈਰ ਸਰਕਾਰੀ ਸੰਸਥਾ (ਐਨæਜੀæਓæ) ਬਣਾਈ ਸੀ। ਇਸ ਸੰਸਥਾ ਦੇ ਕੰਮਕਾਰ ਕਰਕੇ ਹੀ ਅਰਵਿੰਦ ਕੇਜਰੀਵਾਲ ਨੂੰ ਸਾਲ 2006 ਦਾ ਵੱਕਾਰੀ ਮੈਗਾਸਾਸੇ ਇਨਾਮ ਮਿਲਿਆ। ਜਿਹੜੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ‘ਪਰਿਵਰਤਨ’ ਵਿਚ ਕੰਮ ਕਰਦਿਆਂ ਦੇਖਿਆ-ਸੁਣਿਆ ਹੈ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਅਵੱਲੇ ਫੈਸਲਿਆਂ ‘ਤੇ ਕੋਈ ਹੈਰਾਨੀ ਨਹੀਂ ਹੁੰਦੀ। ਅਸਲ ਵਿਚ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ ਮੁੱਢ ਤੋਂ ਐਨæਜੀæਓæ ਵਾਂਗ ਹੀ ਚਲਾਉਂਦੇ ਆਏ ਹਨ। ਇਸ ਨੁਕਤੇ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਦੋਂ 2012 ਵਿਚ ਆਮ ਆਦਮੀ ਪਾਰਟੀ ਦਾ ਆਗਾਜ਼ ਹੋਇਆ ਸੀ ਤਾਂ ਉਦੋਂ ਤੱਕ ‘ਪਰਿਵਰਤਨ’ ਦੀਆਂ ਸਰਗਰਮੀਆਂ ਪੂਰੀ ਤਰ੍ਹਾਂ ਮੱਠੀਆਂ ਪੈ ਚੁਕੀਆਂ ਸਨ। ਅਸਲ ਵਿਚ ਇਸ ਗੈਰ ਸਰਕਾਰੀ ਸੰਸਥਾ ਨੇ ਉਸ ਵਕਤ ਜਿਹੜਾ ਵੀ ਮੁੱਦਾ ਛੋਹਿਆ, ਉਹ ਲੋਕਾਂ ਉਤੇ ਚਿਰ-ਸਥਾਈ ਅਸਰ ਨਹੀਂ ਪਾ ਸਕਿਆ। ਇਸ ਸੰਸਥਾ ਦਾ ਮੁੱਖ ਕੰਮ ਸਭ ਤੋਂ ਪਹਿਲਾਂ ਸੁੰਦਰ ਨਗਰੀ ਵਿਚ ਸੀ ਅਤੇ ਉਥੇ ਇਕ ਵਾਰ ਤਾਂ ਇਸ ਸੰਸਥਾ ਅਤੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਬੱਲੇ-ਬੱਲੇ ਹੋ ਗਈ ਸੀ ਪਰ ਅੱਜ ਇਸ ਨਗਰੀ ਦੇ ਇਨ੍ਹਾਂ ਹੀ ਮਸਲਿਆਂ ਕਾਰਨ ਪਹਿਲਾਂ ਨਾਲੋਂ ਵੱਧ ਮੰਦੜੇ ਹਾਲ ਹਨ। ਇਹੀ ਅਸਲ ਵਿਚ ਆਮ ਆਦਮੀ ਪਾਰਟੀ ਦੀ ਹੋਣੀ ਹੈ। ਖੁਦ ਕੇਜਰੀਵਾਲ ਨੇ ਵੀ ਮੰਨਿਆ ਸੀ ਕਿ ਜਦੋਂ ਵੀ ਸੰਸਥਾ ਇਕ ਮਸਲਾ ਛੋਹ ਕੇ ਦੂਜੇ ਨੂੰ ਹੱਥ ਪਾਉਂਦੀ ਸੀ ਤਾਂ ਪਹਿਲਾ ਮਸਲਾ ਫਿਰ ਪਹਿਲਾਂ ਵਾਲੀ ਥਾਂਵੇਂ ਪੁੱਜ ਜਾਂਦਾ ਸੀ। ਇਉਂ ਪਾਰਟੀ ਆਪਣੇ ਕਾਰਜ ਨੂੰ ਸਿਆਸੀ ਜਾਮਾ ਪਹਿਨਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਜਾਹਰ ਹੈ ਕਿ ਕੋਈ ਸੰਸਥਾ ਚਲਾਉਣੀ ਅਤੇ ਸਿਆਸਤ ਕਰਨੀ ਦੋ ਵੱਖਰੀਆਂ-ਵੱਖਰੀਆਂ ਗੱਲਾਂ ਹਨ ਪਰ ਕੇਜਰੀਵਾਲ ਨੇ ਸੰਸਥਾ ਅਤੇ ਸਿਆਸਤ ਨੂੰ ਇਕੋ ਰੱਸੇ ਬੰਨ੍ਹਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ 434 ਹਲਕਿਆਂ ਵਿਚ ਉਮੀਦਵਾਰ ਉਤਾਰੇ, ਪਰ ਇਨ੍ਹਾਂ ਵਿਚੋਂ 414 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸ ਦੇ ਬਾਵਜੂਦ ਪੰਜਾਬ ਵਿਚ ਚਾਰ ਉਮੀਦਵਾਰ ਜਿੱਤ ਗਏ ਅਤੇ ਦਿੱਲੀ ਵਿਚ ਪਾਰਟੀ ਨੂੰ ਕਰੀਬ 33 ਫੀਸਦੀ ਵੋਟਾਂ ਮਿਲੀਆਂ। ਅਗਲੇ ਹੀ ਸਾਲ 2015 ਵਿਚ ਜਦੋਂ ਦਿੱਲੀ ਵਿਧਾਨ ਸਭਾ ਲਈ ਵੋਟਾਂ ਪਈਆਂ ਤਾਂ ਇਸ ਪਾਰਟੀ ਨੇ ਕੁੱਲ 70 ਵਿਚੋਂ 67 ਸੀਟਾਂ ਉਤੇ ਜਿੱਤ ਹਾਸਲ ਕਰਕੇ ਸਮੁੱਚੇ ਸਿਆਸੀ ਮਾਹੌਲ ਵਿਚ ਹਲਚਲ ਮਚਾ ਦਿੱਤੀ। ਉਂਜ, ਇਸ ਦੇ ਨਾਲ ਹੀ ਪਾਰਟੀ ਨੂੰ ਕਿਸੇ ਐਨæਜੀæਓæ ਵਾਂਗ ਚਲਾਉਣ ਦੀਆਂ ਗੱਲਾਂ ਵੀ ਬਾਹਰ ਆਉਣ ਲੱਗ ਪਈਆਂ। ਸ਼ਾਇਦ ਇਸੇ ਕਰਕੇ ਹੀ 2017 ਵਿਚ ਪੰਜਾਬ ਵਿਧਾਨ ਸਭਾ ਵਿਚ ਇਹ ਪਾਰਟੀ ਜਿੱਤਦੀ-ਜਿੱਤਦੀ ਹਾਰ ਗਈ ਅਤੇ ਇਸ ਨੂੰ ਸਿਰਫ 20 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਪਰਵਾਸੀ ਪੰਜਾਬੀ, ਜਿਨ੍ਹਾਂ ਨੂੰ ਇਸ ਪਾਰਟੀ ਦਾ ਉਭਾਰ ਪਿਛਲੀ ਸਦੀ ਦੇ ਦੂਜੇ ਦਹਾਕੇ ਦੌਰਾਨ ਅੰਗਰੇਜ਼ਾਂ ਖਿਲਾਫ ਉਠੇ ‘ਗਦਰ’ ਦੀ ਤਰਜ਼ ਉਤੇ ਇਕ ਵਾਰ ਫਿਰ ਉਠਿਆ ‘ਮਿੰਨੀ ਗਦਰ’ ਜਾਪਿਆ ਸੀ, ਨਿਰਾਸ਼ ਹੋ ਗਏ। ਅਸਲ ਵਿਚ ਪਾਰਟੀ ਨੇ, ਖਾਸ ਕਰਕੇ ਪੰਜਾਬ ਵਿਚ, ਜਥੇਬੰਦਕ ਤਾਣੇ-ਬਾਣੇ ਅਤੇ ਲੀਡਰਸ਼ਿਪ ਦੀ ਉਸਾਰੀ ਵੱਲ ਧਿਆਨ ਨਹੀਂ ਦਿੱਤਾ। ਇਹ ਵੀ ਬਹਿਸ ਗੋਚਰਾ ਵਿਸ਼ਾ ਹੈ ਕਿ ਪਾਰਟੀ ਨੇ ਪੰਜਾਬ ਅੰਦਰ ਲੀਡਰਸ਼ਿਪ ਉਸਾਰਨ ਵੱਲ ਧਿਆਨ ਕਿਨ੍ਹਾਂ ਕਾਰਨਾਂ ਕਰਕੇ ਨਹੀਂ ਦਿੱਤਾ। ਸ਼ਾਇਦ ਇਸ ਦੀਆਂ ਜੜ੍ਹਾਂ ਵੀ ਐਨæਜੀæਓæ ਵਾਲੇ ਕਾਰ-ਵਿਹਾਰ ਵਿਚ ਹੀ ਪਈਆਂ ਸਨ। ਸਿੱਟੇ ਵਜੋਂ ਹੋਰ ਪਾਰਟੀਆਂ ਦੇ ਕਹਿੰਦੇ-ਕਹਾਉਂਦੇ ਲੀਡਰ ਪਾਰਟੀ ਅੰਦਰ ਆਏ ਜ਼ਰੂਰ, ਪਰ ਸਭ ਦੇ ਆਪੋ-ਆਪਣੇ ਏਜੰਡੇ ਸਨ। ਇਸੇ ਕਰਕੇ ਪਾਰਟੀ ਅੰਦਰ ਆਪੋ-ਧਾਪੀ ਵਧਣੀ ਸ਼ੁਰੂ ਹੋ ਗਈ। ਅਕਾਲੀ ਦਲ ਅਤੇ ਕਾਂਗਰਸ ਦੀ ਰਵਾਇਤੀ ਸਿਆਸਤ ਤੋਂ ਅੱਕੇ ਲੋਕਾਂ ਨੇ ਹਰ ਮੋੜ ਉਤੇ ਇਸ ਪਾਰਟੀ ਅਤੇ ਇਸ ਦੇ ਲੀਡਰਾਂ ਨੂੰ ਹੁਲਾਰਾ ਦਿੱਤਾ, ਪਰ ਜਥੇਬੰਦੀ ਅਤੇ ਲੀਡਰਸ਼ਿਪ ਵਾਲੀ ਕੰਨੀ ਸਦਾ ਹੀ ਸੁੱਕੀ ਰਹਿ ਜਾਂਦੀ ਲੱਗੀ ਅਤੇ ਦਿੱਲੀ ਤੋਂ ਆਉਂਦੀਆਂ ਹਦਾਇਤਾਂ ਨੇ ਪਾਰਟੀ ਨੂੰ ਰਵਾਇਤੀ ਪਾਰਟੀਆਂ ਵਾਲੀ ਹੋਣੀ ਦੇ ਰਾਹ ਪਾ ਦਿੱਤਾ। ਲੀਡਰਸ਼ਿਪ ਦੀ ਅਦਲਾ-ਬਦਲੀ ਤਾਂ ਹੋਰ ਪਾਰਟੀਆਂ ਵਿਚ ਵੀ ਬਥੇਰੀ ਚੱਲਦੀ ਹੈ, ਪਰ ਪੰਜਾਬ ਦੇ ਮਾਮਲੇ ਵਿਚ ਲੀਡਰਸ਼ਿਪ ਬਦਲੀ ਬਾਰੇ ਜੋ ਪਹੁੰਚ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਅਪਨਾਈ, ਉਹ ਇਸ ਦੇ ਹੀ ਰਾਹ ਦਾ ਰੋੜਾ ਬਣ ਗਈ। ਜਿੰਨੀ ਵਾਰ ਵੀ ਲੀਡਰਸ਼ਿਪ ਬਦਲੀ ਦੀ ਨੌਬਤ ਆਈ, ਕਿਸੇ ਨੂੰ ਵੀ ਭਰੋਸੇ ਵਿਚ ਲੈਣ ਦੀ ਥਾਂ ਆਪ-ਹੁਦਰਾਪਣ ਹੀ ਦਿਖਾਇਆ ਗਿਆ। ਪੰਜਾਬ ਵਿਚ ਇਹ ਪਾਰਟੀ ਸ਼ਾਇਦ ਇਤਿਹਾਸ ਵਿਚ ਅਜਿਹੀ ਪਹਿਲੀ ਪਾਰਟੀ ਹੋਵੇਗੀ ਜਿਸ ਅੰਦਰ ਆਵਾਮ ਦਾ ਦਰਿਆ ਵਗਦਾ ਰਿਹਾ ਅਤੇ ਇਸ ਦੀ ਕਾਣੀ-ਮੀਣੀ ਲੀਡਰਸ਼ਿਪ ਇਸ ਦਰਿਆ ਦੇ ਪਾਣੀ ਨਾਲ ਲੋਕ ਹਿਤਾਂ ਵਾਲੀ ਸਿਆਸਤ ਦੇ ਕਿਆਰੇ ਸਿੰਜ ਨਾ ਸਕੀ। ਇਹ ਪੰਜਾਬ ਦੇ ਜਾਇਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੋ ਨਿਬੜੀ ਹੈ। ਸਭ ਕੁਝ ਹੁੰਦਿਆਂ-ਸੁੰਦਿਆਂ ਇਨ੍ਹਾਂ ਦੇ ਹੱਥ ਫਿਲਹਾਲ ਖਾਲੀ ਦੇ ਖਾਲੀ ਹਨ।